ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਬੀਤੇ 8 ਸਾਲਾਂ ਵਿਚ ਕੇਂਦਰ ਤੇ ਰਾਜਾਂ ਦੀਆਂ ਸਰਕਾਰਾਂ, ਵਿਗਿਆਨੀਆਂ ਤੇ ਕਿਸਾਨ ਭਾਈਚਾਰੇ ਦੁਆਰਾ ਕੀਤੇ ਗਏ ਸਰਬਪੱਖੀ ਯਤਨਾਂ ਨਾਲ ਲੱਖਾਂ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਹੈ। ਇਸ ਮੌਕੇ ਤੋਮਰ ਨੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਵੱਲੋਂ ਤਿਆਰ ਕੀਤਾ ਇਕ ਈ-ਕਿਤਾਬਚਾ ਵੀ ਜਾਰੀ ਕੀਤਾ, ਜਿਸ ਵਿਚ 75 ਹਜ਼ਾਰ ਅਜਿਹੇ ਕਿਸਾਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਦਰਜ ਹਨ। ਜਿਨ੍ਹਾਂ ਦੀ ਆਮਦਨ ਬੀਤੇ ਅੱਠ ਸਾਲਾਂ ਵਿਚ ਦੁੱਗਣੀ ਜਾਂ ਦੁੱਗਣੀ ਤੋਂ ਵੱਧ ਹੋਈ ਹੈ। ਆਈ.ਸੀ.ਏ.ਆਰ. ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਵਿਚੋਂ ਜ਼ਿਆਦਾਤਰ ਰਾਜਾਂ ਵਿਚ ਬਾਗਬਾਨੀ ਤੇ ਖੇਤ ਦੀਆਂ ਫਸਲਾਂ ਜਰੀਏ ਆਮਦਨ ਵਿਚ ਕੁੱਲ ਵਾਧਾ 125.44 ਫੀਸਦੀ ਤੋਂ 271.69 ਫੀਸਦੀ ਤੱਕ ਰਿਹਾ।
ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਦੋ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਇਜਲਾਸ ਨੂੰ ਸੰਬੋਧਨ ਕਰਦਿਆਂ ਖੇਤੀ ਸੁਧਾਰਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਡਿਜੀਟਲ` ਖੇਤੀ ਨੂੰ ਹੁਲਾਰਾ ਦੇ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਮੰਡੀ ਵਿਚ ਨਾ ਜਾਣਾ ਪਵੇ ਅਤੇ ਕਿਸਾਨਾਂ ਦੀ ਵਿਚੋਲਿਆਂ `ਤੇ ਟੇਕ ਘਟਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਖੇਤੀ ਸੈਕਟਰ ‘ਚ ਸੁਧਾਰਾਂ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਵਪਾਰ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਖੇਤੀ ਉਤਪਾਦਾਂ ਲਈ ਆਨਲਾਈਨ ਟਰੇਡਿੰਗ ਪਲੇਟਫਾਰਮ ਖੜ੍ਹਾ ਕੀਤਾ ਜਾ ਰਿਹਾ ਹੈ ਜਿਸ ਲਈ ਈ-ਨਾਮ (ਨੈਸ਼ਨਲ ਐਗਰੀਕਲਚਰ ਮਾਰਕੀਟ) ਵਿਚ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਕ ਹਜ਼ਾਰ ਖੇਤੀ ਮੰਡੀਆਂ ਨੂੰ ਈ-ਨਾਮ ਪ੍ਰੋਜੈਕਟ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦ ਨੂੰ ਟਰੈਕ ਕਰਨ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਜੇ ਫਸਲਾਂ ਦਾ ਡੇਟਾ ਬੇਸ ਸਰਕਾਰ ਕੋਲ ਹੋਵੇਗਾ ਤਾਂ ਕੁਦਰਤੀ ਆਫਤਾਂ ਨਾਲ ਹੋਣ ਵਾਲੇ ਫਸਲੀ ਨੁਕਸਾਨ ਦਾ ਸਰਕਾਰ ਫੌਰੀ ਮੁਆਵਜ਼ਾ ਮੁਹੱਈਆ ਕਰਵਾ ਸਕਦੀ ਹੈ। ਉਨ੍ਹਾਂ ਛੋਟੀ ਕਿਸਾਨੀ ਦੇ ਜੀਵਨ ਪੱਧਰ ‘ਚ ਬਦਲਾਅ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੇ ਆਪਸੀ ਸਹਿਯੋਗ ਦੀ ਲੋੜ ‘ਤੇ ਜੋਰ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਖਾਦਾਂ ਵਿਚ ਵੀ ਦੇਸ ਨੂੰ ਆਤਮ-ਨਿਰਭਰ ਹੋਣਾ ਪਵੇਗਾ ਤਾਂ ਜੋ ਮੁਲਕ ਨੂੰ ਖਾਦਾਂ ਦੀ ਦਰਾਮਦ ‘ਤੇ ਟੇਕ ਨਾ ਰੱਖਣੀ ਪਏ। ਉਨ੍ਹਾਂ ਨੈਨੋ ਖਾਦ ਦੀ ਵਕਾਲਤ ਕਰਦਿਆਂ ਸੂਬਾ ਸਰਕਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ। ਤੋਮਰ ਨੇ ਖੇਤੀ ਮੰਤਰੀਆਂ ਨੂੰ ਕਿਹਾ ਕਿ ਉਹ ਖੇਤੀ ਵਿਕਾਸ ਲਈ ਵਧੀਆ ਕੰਮ ਕਰਨ। ਉਨ੍ਹਾਂ ਡਿਜੀਟਲ ਖੇਤੀ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਰਾਸ਼ਟਰੀ ਖੇਤੀ ਮੰਡੀ, ਕਿਸਾਨ ਉਤਪਾਦਕ ਸੰਗਠਨ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਆਦਿ ਮੁੱਦਿਆਂ ‘ਤੇ ਚਰਚਾ ਕੀਤੀ।