ਸਿਮਰਨਜੀਤ ਸਿੰਘ ਮਾਨ ਨੇ ਵਿਵਾਦ ਸਹੇੜਿਆ

ਅੰਮ੍ਰਿਤਸਰ: ਸੰਗਰੂਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਆਖ ਕੇ ਨਵਾਂ ਵਿਵਾਦ ਖੜ੍ਹਾ ਕਰ ਲਿਆ ਹੈ। ਇਸ ਬਿਆਨ ਪਿੱਛੋਂ ਪੰਜਾਬ ਦੀਆਂ ਸਿਆਸੀ ਧਿਰਾਂ ਤੋਂ ਇਲਾਵਾ ਸਮਾਜਿਕ ਜਥੇਬੰਦੀਆਂ ਨੇ ਵੀ ਉਨ੍ਹਾਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਦੇ ਸੰਕੇਤ ਦਿੱਤੇ ਹਨ।

ਉਧਰ, ਇਸ ਵਿਵਾਦ ਦੌਰਾਨ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਅਰੂੜ ਸਿੰਘ ਵੱਲੋਂ ਅਕਾਲ ਤਖਤ ‘ਤੇ ਉਸ ਸਮੇਂ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਨ ਉਤੇ ਵੀ ਸਵਾਲਾਂ ਦੀ ਝੜੀ ਲੱਗ ਗਈ ਹੈ ਹਾਲਾਂਕਿ ਮਾਨ ਨੇ ਹੁਣ ਵੀ ਆਪਣੇ ਨਾਨਾ ਵੱਲੋਂ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਨੂੰ ਸਹੀ ਠਹਿਰਾਉਂਦੇ ਹੋਏ ਤਰਕ ਦਿੱਤਾ ਹੈ ਕਿ ਉਨ੍ਹਾਂ ਦੇ ਨਾਨਾ ਨੇ ਜਨਰਲ ਡਾਇਰ ਨੂੰ ਸਨਮਾਨਿਤ ਉਸ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਕੀਤਾ ਕਿਉਂਕਿ ਬ੍ਰਿਟਿਸ਼ ਸਰਕਾਰ ਅੰਮ੍ਰਿਤਸਰ ‘ਚ ਬੰਬਾਰੀ ਕਰਵਾਉਣਾ ਚਾਹੁੰਦੀ ਸੀ।
ਸ. ਮਾਨ ਨੇ ਭਗਤ ਸਿੰਘ ਨੂੰ ਅਤਿਵਾਦੀ ਆਖਣ ਵਾਲੇ ਆਪਣੇ ਬਿਆਨ ਉਤੇ ਕਾਇਮ ਰਹਿੰਦੇ ਹੋਏ ਤਰਕ ਦੇ ਦਿੱਤਾ ਹੈ ਕਿ ਅਸੈਂਬਲੀ ਵਿਚ ਬੰਬ ਸੁੱਟਣ ਅਤੇ ਲਾਹੌਰ ਵਿਚ ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਨੂੰ ਮਾਰਨ ਵਾਲੇ ਨੂੰ ਤੁਸੀਂ ਕੀ ਆਖੋਗੇ? ਜਦੋਂ ਇਸ ਪ੍ਰਸੰਗ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦੇ ਕੁਝ ਹਮਾਇਤੀਆਂ ਵੱਲੋਂ ਬਚਾਅ ਦੀ ਕੋਸ਼ਿਸ਼ ਕਰਦੇ ਹੋਏ ਆਖਿਆ ਜਾ ਰਿਹਾ ਹੈ ਕਿ ਭਗਤ ਸਿੰਘ ਸਿੱਖਾਂ ਦੇ ਸ਼ਹੀਦ ਨਹੀਂ ਹਨ।
ਯਾਦ ਰਹੇ ਕਿ ਸ. ਮਾਨ ਨੇ ਇਸ ਵਾਰ ਸੰਗਰੂਰ ਸੰਸਦੀ ਸੀਟ ਤੋਂ ਇਤਿਹਾਸਕ ਜਿੱਤ ਦਰਜ ਕੀਤੀ ਹੈ। ਸਿਆਸੀ ਮਾਹਰ ਇਹ ਗੱਲ ਖੁੱਲ੍ਹ ਕੇ ਆਖ ਰਹੇ ਹਨ ਕਿ ਇਸ ਵਾਰ ਮਾਨ ਦੀ ਜਿੱਤ ਸਿਰਫ ਪੰਥਕ ਨਹੀਂ ਸੀ। ਇਸ ਵਾਰ ਨੌਜਵਾਨ ਪੀੜ੍ਹੀ ਨੇ ਉਨ੍ਹਾਂ ਦਾ ਖੁੱਲ੍ਹ ਕੇ ਸਾਥ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਰੋਹ ਵੀ ਉਨ੍ਹਾਂ ਦੇ ਹੱਕ ਵਿਚ ਭੁਗਤਿਆ। ਜਿੱਤ ਤੋਂ ਬਾਅਦ ਸ. ਮਾਨ ਦੇ ਇਸ ਬਿਆਨ ਤੋਂ ਨੌਜਵਾਨਾਂ ਦਾ ਵੱਡਾ ਹਿੱਸਾ ਨਾਰਾਜ਼ ਹੈ ਅਤੇ ਹੈਰਾਨ ਵੀ ਹੈ। ਉਨ੍ਹਾਂ ਇਸ ਤੋਂ ਪਹਿਲਾਂ ਵੀ ਭਗਤ ਸਿੰਘ ਬਾਰੇ ਅਜਿਹਾ ਬਿਆਨ ਦਿੱਤਾ ਸੀ ਪਰ ਉਸ ਸਮੇਂ ਇਸ ਗੱਲ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਹੈ। ਹੁਣ ਉਹ (ਮਾਨ) ਸੰਸਦੀ ਚੋਣ ਜਿੱਤੇ ਹਨ ਤੇ ਪੰਥਕ ਸਿਆਸਤ ਵਿਚ ਨਵੇਂ ਮੋੜੇ ਦੇ ਸੰਕੇਤ ਮਿਲੇ ਹਨ; ਇਸ ਲਈ ਹੁਣ ਤੱਕ ਪੰਥਕ ਵੋਟ ਆਸਰੇ ਆਪਣੀ ਸਿਆਸਤ ਚਮਕਾ ਰਹੀਆਂ ਸਿਆਸੀ ਧਿਰਾਂ ਨੇ ਇਸ ਬਿਆਨ ਨੂੰ ਇਕ ਮੌਕੇ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ। ਖਾਲਿਸਤਾਨ ਪੱਖੀ ਮਾਨ ਦੀ ਜਿੱਤ ਤੋਂ ਔਖੀਆਂ ਪੰਜਾਬ ਦੀਆਂ ਰਵਾਇਤੀ ਧਿਰਾਂ ਵੀ ਇਸ ਮੁੱਦੇ ਨੂੰ ਠੰਢਾ ਹੋਣ ਦੇਣ ਦੇ ਮੂਡ ਵਿਚ ਨਹੀਂ ਹਨ।
‘ਆਪ’ ਨੇ ਉਨ੍ਹਾਂ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਕਹਿਣ ਤੋਂ ਬਾਅਦ ਹੁਣ ਜਲ੍ਹਿਆਂਵਾਲਾ ਬਾਗ ਵਿਚ ਆਪਣੀਆਂ ਜਾਨਾਂ ਗਵਾਉਣ ਵਾਲੇ ਸੈਂਕੜੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ‘ਆਪ’ ਦੇ ਮੁੱਖ ਤਰਜਮਾਨ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਕਹਿਣ ਲਈ ਮੁਆਫੀ ਮੰਗਣ ਦੀ ਬਜਾਇ ਆਪਣੇ ਨਾਨਾ ਅਰੂੜ ਸਿੰਘ ਨੂੰ ਸਾਫ-ਸੁਥਰਾ ਦੱਸ ਕੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮਾਨ ਵੱਲੋਂ ਜਾਣ-ਬੁੱਝ ਕੇ ਆਪਣੇ ਭੜਕਾਊ ਬਿਆਨਾਂ ਨਾਲ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਯੁਵਾ ਮੋਰਚਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਕਹਿਣ ਵਾਲੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਖਿਲਾਫ ਕੇਸ ਦਰਜ ਕੀਤਾ ਜਾਵੇ।