ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਖੁੱੱਲ੍ਹ ਕੇ ਬਗਾਵਤ ਉਠਣ ਲੱਗੀ ਹੈ। ਪਹਿਲੀ ਵਾਰ ਕਿਸੇ ਸੀਨੀਅਰ ਆਗੂ ਨੇ ਪਾਰਟੀ ਦੇ ਫੈਸਲੇ ਉਤੇੇ ਉਂਗਲ ਚੁੱਕੀ ਹੈ। ਰਾਸ਼ਟਰਪਤੀ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਵੋਟਾਂ ਦਾ ਬਾਈਕਾਟ ਕਰਕੇ ਸਾਫ ਸੰਕੇਤ ਦਿੱਤੇ ਹਨ ਕਿ ਪਾਰਟੀ ਸੰਵਿਧਾਨ ਦੇ ਉਲਟ ਫੈਸਲੇ ਬਰਦਾਸ਼ਤ ਨਹੀਂ।
ਇਸ ਦੇ ਨਾਲ ਹੀ ਦਲ ਦੀ ਲੀਡਰਸ਼ਿਪ ਬਦਲਣ ਬਾਰੇ ਮੰਗ ਵੀ ਭਖਣ ਲੱਗ ਪਈ ਹੈ।
ਇਯਾਲੀ ਨੇ ਬਾਈਕਾਟ ਨਾਲ ਬਾਦਲਾਂ ਦੀ ਭਾਜਪਾ ਨਾਲ ਅੰਦਰੂਨੀ ਹਮਦਰਦੀ ਤੇ ਪਾਰਟੀ ਵਿਚ ਮਨਮਰਜ਼ੀ ਦੇ ਫੈਸਲੇ ਲੈਣ ਦਾ ਮੁੱਦੇ ਉਭਰਿਆ ਹੈ। ਇਯਾਲੀ ਲੁਧਿਆਣਾ ਜ਼ਿਲ੍ਹੇ ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਵਿਧਾਇਕ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਦਰਬਾਰ ਸਾਹਿਬ ਉਤੇ ਹਮਲੇ ਅਤੇ ਦਿੱਲੀ ਸਮੇਤ ਕਈ ਸ਼ਹਿਰਾਂ ਵਿਚ ਸਿੱਖਾਂ ਦੇ ਕਤਲੇਆਮ ਕਰਕੇ ਉਹ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਨਹੀਂ ਪਾ ਸਕਦੇ। ਉਸ ਨੇ ਭਾਜਪਾ ਦੇ ਉਮੀਦਵਾਰ ਨੂੰ ਵੀ ਵੋਟ ਪਾਉਣ ਤੋਂ ਇਨਕਾਰ ਕੀਤਾ ਕਿਉਂਕਿ ਉਸ ਦੇ ਅਨੁਸਾਰ, ਭਾਜਪਾ ਨੇ ਪੰਜਾਬ ਅਤੇ ਪੰਥ ਦੇ ਮੁੱਦੇ ਹੱਲ ਨਹੀਂ ਕਰਵਾਏ, ਭਾਵੇਂ ਅਕਾਲੀ ਦਲ ਬਹੁਤ ਦੇਰ ਤੱਕ ਭਾਜਪਾ ਦਾ ਸਮਰਥਨ ਕਰਦਾ ਰਿਹਾ ਹੈ।
ਸਿਆਸੀ ਹਲਕੇ ਮਨਪ੍ਰੀਤ ਇਯਾਲੀ ਦੇ ਇਸ ਫੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਬਗਾਵਤ ਦੇ ਮੁੱਢ ਵਜੋਂ ਦੇਖ ਰਹੇ ਹਨ। 2022 ਦੀਆਂ ਪੰਜਾਬ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹਾਰ ਮਗਰੋਂ ਪਾਰਟੀ ਨੇ ਇਸ ਦੀ ਸਮੀਖਿਆ ਲਈ ਝੂੰਦਾਂ ਕਮੇਟੀ ਬਣਾਈ ਸੀ। ਪਾਰਟੀ ਨੇ ਹਾਲਾਂਕਿ ਅਜੇ ਤੱਕ ਇਸ ਕਮੇਟੀ ਦੀ ਰਿਪੋਰਟ ‘ਤੇ ਕੋਈ ਚਰਚਾ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਈ ਵਿਧਾਇਕ ਇਯਾਲੀ ਦਾ ਇਹ ਪੈਂਤੜਾ ਇਕ ਨਵੀਂ ਚੁਣੌਤੀ ਬਣ ਗਿਆ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਸਿੱਧੇ ਸੁਆਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਐਨ.ਡੀ.ਏ. ਉਮੀਦਵਾਰ ਨੂੰ ਹਮਾਇਤ ਦੇਣ ਤੋਂ ਪਹਿਲਾਂ ਉਨ੍ਹਾਂ ਨਾਲ ਕੋਈ ਮਸ਼ਵਰਾ ਹੀ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੇ ਆਪਣਾ ਵਜੂਦ ਕਾਇਮ ਰੱਖਣਾ ਹੈ ਤਾਂ ਲੋਕਾਂ ਅਤੇ ਸਿੱਖ ਕੌਮ ਦੇ ਜਜ਼ਬਾਤ ਨੂੰ ਸਮਝਦੇ ਹੋਏ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਹੈ।
ਖੇਤੀ ਕਾਨੂੰਨਾਂ ਖਿਲਾਫ ਉਠੇ ਰੋਹ ਪਿੱਛੋਂ ਭਾਵੇਂ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਹੈ ਪਰ ਬਾਦਲਾਂ ਦੀ ਭਗਵਾ ਧਿਰ ਨਾਲ ਨੇੜਤਾ ਹਮੇਸ਼ਾ ਚਰਚਾ ਵਿਚ ਰਹੀ ਹੈ। ਚੰਡੀਗੜ੍ਹ, ਪਾਣੀਆਂ ਦੀ ਵੰਡ, ਪੰਜਾਬ ਯੂਨੀਵਰਸਿਟੀ ਦਾ ਮਾਮਲਾ, ਬੀ.ਬੀ.ਐਮ.ਬੀ. ਦੀ ਮੈਂਬਰੀ ਦੇ ਮੁੱੱਦਿਆਂ ਉਤੇ ਕੇਂਦਰ ਸਰਕਾਰ ਨੂੰ ਘੇਰਨ ਦੀ ਥਾਂ ਬਾਦਲ ਪਰਿਵਾਰ ਵੱਲੋਂ ਸੂਬਾ ਸਰਕਾਰ ਖਿਲਾਫ ਹੀ ਬਿਆਨ ਦਾਗੇ ਜਾਂਦੇ ਰਹੇ ਹਨ। ਅਕਾਲੀ ਦਲ ਦੇ ਸਿਆਸੀ ਨਿਘਾਰ ਦਾ ਮੁੱਦਾ ਜਦੋਂ ਵੀ ਉਠਿਆ ਹੈ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉਪਰ ਸਿੱਧੀ ਉਂਗਲ ਉਠੀ ਹੈ। ਲੋਕ ਸਭਾ, ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਵਾਰ ਹਾਰ ਪਿੱਛੋਂ ਸੰਗਰੂਰ ਜਿਮਨੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਦੇ ਭਾਜਪਾ ਨਾਲੋਂ ਵੀ ਪਿੱਛੇ ਰਹਿਣ ਮਗਰੋਂ ਇਸ ਮੁੱਦੇ ਨੂੰ ਹੋਰ ਹਵਾ ਮਿਲੀ ਹੈ ਪਰ ਪਾਰਟੀ ਦੇ ਅੰਦਰੂਨੀ ਸੂਤਰ ਦੱਸਦੇ ਹਨ ਕਿ ਸੁਖਬੀਰ ਕਿਸੇ ਵੀ ਕੀਮਤ ਉਤੇ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ। ਇਥੋਂ ਤੱਕ ਕਿ ਸਮੀਖਿਆ ਲਈ ਪਾਰਟੀ ਵੱਲੋਂ ਬਣਾਈ ਗਈ 13 ਮੈਂਬਰੀ ਕਮੇਟੀ ਨੇ ਵੀ ਸੁਖਬੀਰ ਦੀ ਬਾਦਲ ਦੀ ਅਗਵਾਈ ਉਤੇ ਉਂਗਲ ਚੁੱਕਦੇ ਹੋਏ ਪ੍ਰਧਾਨ ਬਦਲਣ ਦੀ ਸਿਫਾਰਸ਼ ਕੀਤੀ ਸੀ ਪਰ ਬਾਦਲਾਂ ਨੇ ਆਪਣੇ ਨੇੜਲੇ ਆਗੂਆਂ ਰਾਹੀਂ ਇਸ ਨੂੰ ਲੀਡਰਸ਼ਿਪ ਤਬਦੀਲੀ ਵੱਲ ਮੋੜ ਦਿੱਤਾ। ਇਯਾਲੀ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ‘ਚ ਬਣਾਈ 13 ਮੈਂਬਰੀ ਕਮੇਟੀ ਦਾ ਵੀ ਮੈਂਬਰ ਸੀ। ਕਮੇਟੀ ਦਾ ਕਹਿਣਾ ਹੈ ਕਿ ਪਾਰਟੀ ਨੇ ਵੱਡੀਆਂ ਗਲਤੀਆਂ ਕੀਤੀਆਂ ਹਨ ਜਿਨ੍ਹਾਂ ਦੀ ਭੁੱਲ ਬਖਸ਼ਾਉਣੀ ਜਰੂਰੀ ਹੈ। ਇਯਾਲੀ ਦਾ ਇਹ ਸੱਦਾ ਪਾਰਟੀ ਲਈ ਫੈਸਲਾਕੁਨ ਮੋੜ ਸਾਬਤ ਹੋ ਸਕਦਾ ਹੈ।