ਨਵਕਿਰਨ ਸਿੰਘ ਪੱਤੀ
ਸ਼ਹੀਦ ਭਗਤ ਸਿੰਘ ਇਕ ਵਾਰ ਫਿਰ ਚਰਚਾ ਵਿਚ ਹੈ। ਨਵੇਂ ਬਣੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਉਸ ਨੂੰ ਅਤਿਵਾਦੀ ਆਖਿਆ ਹੈ। ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਸਿਆਸਤ ਅਤੇ ਸੰਘਰਸ਼ ਦੀ ਸਾਰਥਿਕਤਾ ਅਵਾਮ ਨੂੰ ਕੇਂਦਰ ਵਿਚ ਰੱਖ ਕੇ ਸਰਗਰਮੀ ਵਿੱਢਣ ਦੀ ਹੈ। ਇਸ ਸਰਗਰਮੀ ਰਾਹੀਂ ਹੀ ਉਨ੍ਹਾਂ ਨੇ ਭਾਰਤ ਦੇ ਉਸ ਵੇਲੇ ਦੇ ਆਗੂਆਂ ਦੀ ਸਿਆਸਤ ਅਤੇ ਅੰਗਰੇਜ਼ਾਂ ਦੀਆਂ ਜ਼ਿਆਦਤੀਆਂ ਨੂੰ ਵੰਗਾਰਿਆ। ਨਾਲ ਹੀ ਨਵਾਂ ਅਤੇ ਸਾਵਾਂ ਸਮਾਜ ਸਿਰਜਣ ਲਈ ਸਮਾਜਵਾਦ ਦੀ ਗੱਲ ਤੋਰੀ। ਨਵਕਿਰਨ ਸਿੰਘ ਪੱਤੀ ਨੇ ਇਸ ਲੇਖ ਵਿਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਇਸੇ ਸਿਆਸਤ ਬਾਰੇ ਚਰਚਾ ਕੀਤੀ ਹੈ।
ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ/ਦਹਿਸ਼ਤਗਰਦ ਕਹਿਣ ਨਾਲ ਸ਼ਹੀਦ ਭਗਤ ਸਿੰਘ ਬਾਰੇ ਇਕ ਵਾਰ ਬਹਿਸ ਛਿੜ ਗਈ ਹੈ। ਇਹ ਪਹਿਲੀ ਵਾਰ ਨਹੀਂ, ਜਦ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਬਾਰੇ ਇਸ ਤਰ੍ਹਾਂ ਦੀ ਸ਼ਬਦਾਬਲੀ ਵਰਤੀ ਹੋਵੇ; ਇਸ ਤੋਂ ਪਹਿਲਾਂ ਵੀ ਅਨੇਕ ਵਾਰ ਉਹ ਅਜਿਹਾ ਕਰ ਕੇ ਚਰਚਾ ਬਟੋਰ ਚੁੱਕੇ ਹਨ ਪਰ ਹੁਣ ਤਾਜ਼ਾ-ਤਾਜ਼ਾ ਲੋਕ ਸਭਾ ਮੈਂਬਰ ਬਣਨ ਕਾਰਨ ਉਸ ਦੇ ਬਿਆਨ ਕੁਝ ਜ਼ਿਆਦਾ ਚਰਚਾ ਵਿਚ ਆ ਗਏ। ਉਸ ਦੇ ਬਿਆਨ ਦੀ ਚਰਚਾ ਇਸ ਕਰਕੇ ਵੀ ਜ਼ਿਆਦਾ ਛਿੜੀ ਕਿਉਂਕਿ ਇਸ ਮਸਲੇ ‘ਤੇ ਹੋ ਰਹੀ ਚਰਚਾ ਕੇਂਦਰ ਅਤੇ ਪੰਜਾਬ ਦੀ ਸੱਤਾ ‘ਤੇ ਬਿਰਾਜਮਾਨ ਸਰਕਾਰਾਂ ਅਤੇ ਮੀਡੀਆ ਦੇ ਵੱਡੇ ਹਿੱਸੇ ਦੇ ਫਿੱਟ ਬੈਠਦੀ ਹੈ।
ਸ਼ਹੀਦ ਭਗਤ ਸਿੰਘ ਦੀ ਲੋਕਾਂ ਖਾਸਕਰ ਨੌਜਵਾਨਾਂ ਵਿਚ ਹਰਮਨ ਪਿਆਰਤਾ ਐਨੀ ਜ਼ਿਆਦਾ ਹੈ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਭਾਰਤ ਦੀ ਹਾਕਮ ਧਿਰ ਨੇ ਉਸ ਦੀ ਸ਼ਹਾਦਤ ਨੂੰ ਝੁਠਲਾਉਣ ਦਾ ਨਾਕਾਮ ਯਤਨ ਕੀਤਾ ਹੈ। ਹਾਕਮ ਧਿਰ ਨੇ ਭਗਤ ਸਿੰਘ ਦੇ ਬਿੰਬ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਮੰਤਵ ਨਾਲ ਕਿਸੇ ਨੂੰ ਉਸ ਨੂੰ ਆਰੀਆ ਸਮਾਜੀ, ਕਿਸੇ ਨੇ ਸੰਧੂ, ਕਿਸੇ ਨੇ ਸਿਰਫ ਬੰਬ-ਬੰਦੂਕਾਂ ਵਾਲਾ, ਕਿਸੇ ਨੇ ‘ਅੰਗਰੇਜ਼ ਖੰਘੇ ਸੀ ਤਾਂ ਟੰਗੇ ਸੀ’ ਨਾਲ ਸਿਰਫ ਅੰਗਰੇਜ਼ ਭਜਾਉਣ ਵਾਲਾ, ਕਿਸੇ ਨੇ ਰਾਸ਼ਟਰਵਾਦੀ ਆਦਿ ਦਿਖਾਉਣ ਦਾ ਯਤਨ ਕੀਤਾ। ਆਪਣੇ ਸੰਘਰਸ਼ ਦੌਰਾਨ ਭਗਤ ਸਿੰਘ ਨੇ ਜਾਤ-ਪਾਤ ਦਾ ਸਵਾਲ, ਸਮਾਜਵਾਦ, ਸਾਮਰਾਜਵਾਦ, ਮੈਂ ਨਾਸਤਿਕ ਕਿਉਂ ਹਾਂ ਸਮੇਤ ਹਰ ਵਿਸ਼ੇ ਨੂੰ ਛੂਹਿਆ। ਉਸ ਦੀ ਜੇਲ੍ਹ ਡਾਇਰੀ ਦੁਰਲੱਭ ਦਸਤਾਵੇਜ਼ ਹੈ। ਇਸੇ ਕਰਕੇ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਉਸ ਦੀ ਵਿਚਾਰਧਾਰਾ ਬਾਰੇ ਲੋਕਾਂ ‘ਚ ਭਰਮ ਪੈਦਾ ਨਹੀਂ ਕਰ ਸਕਿਆ।
ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਵਿਚ ਬੰਬ ਸੁੱਟਣ ਦੀ ਗੱਲ ਤਾਂ ਕਰ ਰਹੇ ਹਨ ਪਰ ਇਹ ਨਹੀਂ ਦੱਸ ਰਹੇ ਕਿ ਉਸ ਪਾਰਲੀਮੈਂਟ ਵਿਚ ਜਮਹੂਰੀ ਢੰਗ ਨਾਲ ਚੁਣੇ ਹੋਏ ਨੁਮਾਇੰਦੇ ਬੈਠੇ ਸਨ ਜਾਂ ਅੰਗਰੇਜ ਹਕੂਮਤ ਦੇ ਸ਼ੁੱਭਚਿੰਤਕ? ਦਰਅਸਲ, ਅੰਗਰੇਜ਼ ਹਕੂਮਤ ਉਸ ਪਾਰਲੀਮੈਂਟ ਵਿਚ ਦੋ ਲੋਕ ਵਿਰੋਧੀ ਬਿਲ ਪਾਸ ਕਰਕੇ ਦੁਨੀਆ ਸਾਹਮਣੇ ਇਹ ਰੱਖਣਾ ਚਾਹੁੰਦੀ ਸੀ ਕਿ ਇਹ ਦਮਨਕਾਰੀ ਕਾਨੂੰਨ ਭਾਰਤੀ ਲੋਕਾਂ ਦੇ ਨੁਮਾਇੰਦਿਆਂ ਨੇ ਬਣਾਏ ਹਨ; ਦੂਜੇ ਪਾਸੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀ ਪਾਰਲੀਮੈਂਟ ਦੀ ਗੈਲਰੀ ਵਿਚ ਬੰਬ ਸੁੱਟ ਕੇ ਇਹ ਦੱਸਣਾ ਚਾਹੁੰਦੇ ਸਨ ਕਿ ਭਾਰਤ ਦੇ ਲੋਕ ਇਨ੍ਹਾਂ ਬਿਲਾਂ (ਟਰੇਡ ਡਿਸਪਿਊਟ ਬਿਲ ਅਤੇ ਪਬਲਿਕ ਸੇਫਟੀ ਬਿਲ) ਦੇ ਸਖਤ ਵਿਰੋਧੀ ਹਨ।
ਬੰਬ ਸੁੱਟਣ ਬਾਰੇ ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਿਵ ਵਰਮਾ ਲਿਖਦੇ ਹਨ, “ਭਗਤ ਸਿੰਘ ਚਾਹੁੰਦਾ ਸੀ ਕਿ ਜਿਹੜੇ ਸਾਥੀ ਬੰਬ ਸੁੱਟਣ ਜਾਣ, ਉਹ ਉੱਥੇ ਹੀ ਆਤਮ-ਸਮਰਪਣ ਕਰ ਦੇਣ ਅਤੇ ਫੜੇ ਜਾਣ ਤੋਂ ਬਾਅਦ ਉਹ ਅਦਾਲਤ ਨੂੰ ਸਿਆਸੀ ਪ੍ਰਚਾਰ ਦੇ ਸਾਧਨ ਦੇ ਰੂਪ ਵਿਚ ਵਰਤਣਾ ਚਾਹੁੰਦਾ ਸੀ।” ਭਗਤ ਸਿੰਘ ਅਤੇ ਉਸ ਦੇ ਸਾਥੀ ਬੁਟਕੇਸ਼ਵਰ ਦੱਤ ਨੇ ਪਾਰਲੀਮੈਂਟ ਦੀ ਗੈਲਰੀ ਵਿਚ ਬੰਬ ਸੁੱਟਣ ਮਗਰੋਂ ਮਜ਼ਦੂਰ ਵਰਗ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਬੁਲੰਦ ਕਰਦਿਆਂ ਆਪਣਾ ਮੰਤਵ ਸਪਸ਼ਟ ਕਰਨ ਲਈ ਅਸੈਂਬਲੀ ਵਿਚ ‘ਨੋਟਿਸ` ਦੇ ਸਿਰਲੇਖ ਵਾਲੇ ਪਰਚੇ ਸੁੱਟੇ ਜਿਸ ਦੀ ਪਹਿਲੀ ਸਤਰ ਸੀ: ‘ਬੋਲਿਆਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਲੋੜ ਹੁੰਦੀ ਹੈ।` ਉਸ ਪਰਚੇ ਵਿਚ ਫਰਾਂਸ ਦੇ ਇਨਕਲਾਬ ਦੀਆਂ ਉਦਹਾਰਨਾਂ ਦਿੱਤੀਆਂ ਗਈਆਂ ਸਨ।
ਭਗਤ ਸਿੰਘ ਅਜਿਹਾ ਨੀਤੀਘਾੜਾ ਸੀ ਕਿ ਸਾਰਾ ਕੁਝ ਉਸ ਦੀ ਯੋਜਨਾ ਅਨੁਸਾਰ ਨੇਪਰੇ ਚੜ੍ਹਿਆ। ਉਸ ਨੇ ਅਦਾਲਤ ਨੂੰ ਬਕਾਇਦਾ ਸਿਆਸੀ ਮੰਚ ਵਜੋਂ ਇਸਤੇਮਾਲ ਕੀਤਾ ਅਤੇ ਪਾਰਲੀਮੈਂਟ ਧਮਾਕੇ ਕਾਰਨ ਅਸੈਂਬਲੀ ਦੀ ਇਹ ਜੁਅਰਤ ਨਹੀਂ ਪਈ ਕਿ ਉਹ ਪਬਲਿਕ ਸੇਫਟੀ ਬਿਲ ਪਾਸ ਕਰਦੀ। ਕੀ ਸਿਮਰਨਜੀਤ ਸਿੰਘ ਮਾਨ ਇਹ ਕਹਿਣਾ ਚਾਹੁੰਦੇ ਹਨ ਕਿ ਇਹ ਨੌਜਵਾਨ ਕਾਲੇ ਕਾਨੂੰਨਾਂ ਖਿਲਾਫ ਅਵਾਜ਼ ਬੁਲੰਦ ਨਾ ਕਰਦੇ?
ਜਿਸ ਸਾਂਡਰਸ ਨੂੰ ਮਾਨ ਨਿਰਦੋਸ਼ ਪੁਲਿਸ ਅਫਸਰ ਦੱਸ ਰਹੇ ਹਨ, ਉਸ ਦਾ ਕਿਰਦਾਰ ਲੋਕ ਵਿਰੋਧੀ ਰਿਹਾ ਹੈ ਅਤੇ ਜਦ 30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਦੀ ਲਾਹੌਰ ਫੇਰੀ ਦਾ ਵਿਰੋਧ ਕਰ ਰਹੇ ਲੋਕਾਂ ‘ਤੇ ਪੁਲਿਸ ਕਪਤਾਨ ਸਕਾਟ ਦੇ ਹੁਕਮਾਂ ਤਹਿਤ ਪੁਲਿਸ ਵੱਲੋਂ ਬੇਤਹਾਸ਼ਾ ਲਾਠੀਚਾਰਜ ਕੀਤਾ ਗਿਆ ਤਾਂ ਇਸ ਪੁਲਿਸ ਅਫਸਰ ਨੇ ਖੁਦ ਲੋਕਾਂ ‘ਤੇ ਬੇਕਿਰਕ ਡੰਡੇ ਵਰ੍ਹਾਏ ਸਨ ਜਿਸ ਕਾਰਨ ਅਨੇਕਾਂ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਤੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਕੁਝ ਦਿਨ ਬਾਅਦ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ।
ਉਸ ਦਿਨ ਲਾਠੀਚਾਰਜ ਕਰਨ ਵਾਲੀ ਸਕਾਟ ਅਤੇ ਸਾਂਡਰਸ ਦੀ ਜੋੜੀ ‘ਚੋਂ ਵੱਡਾ ਅਫਸਰ ਹੋਣ ਕਾਰਨ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਇਸ ਘਟਨਾਕ੍ਰਮ ਲਈ ਮੁੱਖ ਜ਼ਿੰਮੇਵਾਰ ਪੁਲਿਸ ਅਫਸਰ ਸਕਾਟ ਮੰਨਿਆ ਅਤੇ ਉਸ ਨੂੰ ਮਾਰਨ ਦਾ ਤਹੱਈਆ ਕੀਤਾ ਪਰ ਜਦ 17 ਦਸੰਬਰ ਨੂੰ ਪੁਲਿਸ ਅਫਸਰ ਸਕਾਟ ਨੂੰ ਮਾਰਨ ਲਈ ਭਗਤ ਸਿੰਘ ਅਤੇ ਰਾਜਗੁਰੂ ਉਸ ਦੀ ਉਡੀਕ ਕਰ ਰਹੇ ਸਨ ਤਾਂ ਸਕਾਟ ਦੀ ਥਾਂ ਮੋਟਰਸਾਈਕਲ ‘ਤੇ ਸਾਂਡਰਸ ਆ ਗਿਆ। ਸ਼ਹੀਦ ਸੁਖਦੇਵ ਇੱਕ ਥਾਂ ਜ਼ਿਕਰ ਕਰਦੇ ਹਨ ਕਿ ਰਾਜਗੁਰੂ ਨੂੰ ਸਕਾਟ ਦੀ ਪਛਾਣ ਨਹੀਂ ਸੀ ਤੇ ਉਸ ਨੇ ਸਾਂਡਰਸ ‘ਤੇ ਪਹਿਲੀ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਭਗਤ ਸਿੰਘ ਨੇ ਅੱਠ ਗੋਲੀਆਂ ਸਾਂਡਰਸ ਦੇ ਮਾਰੀਆਂ ਤੇ ਉਹ ਮੌਕੇ ‘ਤੇ ਹੀ ਢੇਰੀ ਹੋ ਗਿਆ।
ਸਾਂਡਰਸ ਦੇ ਕਤਲ ਤੋਂ ਬਾਅਦ ਭਗਤ ਸਿੰਘ ਤੇ ਰਾਜਗੁਰੂ ਡੀ.ਏ.ਵੀ. ਕਾਲਜ ਵੱਲ ਭੱਜੇ ਤਾਂ ਸਾਂਡਰਸ ਦਾ ਅਰਦਲੀ ਚੰਨਣ ਸਿੰਘ ਫੜਨ ਲਈ ਪਿੱਛੇ ਭੱਜਿਆ। ਭਗਤ ਸਿੰਘ ਦਾ ਮਕਸਦ ਉਸ ਨੂੰ ਮਾਰਨ ਦਾ ਨਹੀਂ ਸੀ ਪਰ ਜਦ ਉਹ ਸਮਝਾਉਣ ‘ਤੇ ਵੀ ਨਾ ਟਲਿਆ ਤਾਂ ਚੰਦਰ ਸ਼ੇਖਰ ਆਜ਼ਾਦ ਨੇ ਨਿਸ਼ਾਨਾ ਸਿੰਨ੍ਹ ਕੇ ਭਗਤ ਸਿੰਘ ਦੇ ਪਿੱਛੇ ਭੱਜ ਰਹੇ ਚੰਨਣ ਸਿੰਘ ਦੇ ਪੱਟ ਵਿਚ ਗੋਲੀ ਮਾਰੀ। ਜ਼ਖਮੀ ਹੋਇਆ ਚੰਨਣ ਸਿੰਘ ਬਚ ਸਕਦਾ ਸੀ ਪਰ ਅੰਗਰੇਜ਼ ਅਫਸਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਇ ਸਾਂਡਰਸ ਨੂੰ ਹਸਪਤਾਲ ਪਹੁੰਚਾਉਣ ਦੀ ਪਹਿਲ ਕੀਤੀ। ਚੰਨਣ ਸਿੰਘ ਨੂੰ ਤਾਂ ਬਾਅਦ ਵਿਚ ਕੁਝ ਵਿਦਿਆਰਥੀ ਟਾਂਗੇ ਵਿਚ ਪਾ ਕੇ ਨੇੜਲੀ ਡਿਸਪੈਂਸਰੀ ਲੈ ਕੇ ਗਏ ਜਿੱਥੋਂ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਤੱਥ ਇਹ ਹੈ ਕਿ ਚੰਨਣ ਸਿੰਘ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਸੀ ਕਿਉਂਕਿ ਉਸ ਨੂੰ ਪੁਲਿਸ ਨੇ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾਇਆ ਸੀ।
ਸਾਡੇ ਸਿਆਸੀ ਆਗੂ ਆਪਣੇ ਸਿਆਸੀ ਸਵਾਰਥਾਂ ਲਈ ਕਿਵੇਂ ਇਤਿਹਾਸ ਨੂੰ ਤੋੜ-ਮਰੋੜ ਕੇ ਸਾਡੇ ਸਾਹਮਣੇ ਪੇਸ਼ ਕਰਦੇ ਹਨ, ਇਸ ਦੀ ਉਦਹਾਰਨ ਸਿਮਰਨਜੀਤ ਸਿੰਘ ਮਾਨ ਤੋਂ ਲਈ ਜਾ ਸਕਦੀ ਹੈ ਜੋ ਅੰਗਰੇਜ਼ ਅਫਸਰ ਅਤੇ ਉਸ ਦੇ ਅਰਦਲੀ ਨੂੰ ਮਾਰਨ ਵਾਲੇ ਨੂੰ ਦਹਿਸ਼ਤਗਰਦ ਕਹਿ ਰਹੇ ਹਨ ਲੇਕਿਨ ਲੋਕ ਵਿਰੋਧੀ ਅੰਗਰੇਜ਼ ਅਫਸਰ ਦਾ ਸਨਮਾਨ ਕਰਨ ਵਾਲੇ ਦਾ ਬਚਾਅ ਕਰਦੇ ਹਨ।
ਸਿਮਰਨਜੀਤ ਸਿੰਘ ਮਾਨ ਭਗਤ ਸਿੰਘ ਲਈ ਦਹਿਸ਼ਤਗਰਦ ਜਾਂ ਅਤਿਵਾਦੀ ਵਰਗੇ ਲਕਬ ਵਰਤ ਰਹੇ ਹਨ ਤੇ ਇਸ ਤਰ੍ਹਾਂ ਦੇ ਸ਼ਬਦ ਆਮ ਤੌਰ ‘ਤੇ ਹਕੂਮਤ ਜਾਂ ਕੋਈ ਕੱਟੜ ਪੁਲਿਸ ਅਫਸਰ ਹੀ ਬਾਗੀ ਯੋਧਿਆਂ ਲਈ ਵਰਤਦਾ ਹੁੰਦਾ ਹੈ। ਜੇ ਭਗਤ ਸਿੰਘ ਲਈ ਇਹ ਸ਼ਬਦ ਹਨ ਤਾਂ ਮਾਨ ਸਾਹਿਬ ਲੱਗਦੇ ਹੱਥ ਇਹ ਵੀ ਦੱਸ ਦੇਣ ਕਿ ਉਨ੍ਹਾਂ ਦੀ ਨਜ਼ਰ ਵਿਚ ਕੋਈ ਦੇਸ਼ ਭਗਤ ਹੈ?
ਭਗਤ ਸਿੰਘ ਬਾਬਤ ਛੇੜੀ ਇਸ ਚਰਚਾ ਨਾਲ ਕਿਸਾਨ ਅੰਦੋਲਨ ਦੌਰਾਨ ਇਕਜੁੱਟ ਹੋਏ ਪੰਜਾਬੀ ਭਾਈਚਾਰੇ ਨੂੰ ਆਪਸੀ ਨਿਖੇੜੇ ਦੀ ਹਾਲਤ ਵਿਚ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਬੇਰੁਜ਼ਗਾਰਾਂ, ਕੱਚੇ ਕਾਮਿਆਂ, ਮਜ਼ਦੂਰਾਂ, ਕਿਸਾਨਾਂ ਦੇ ਮੰਗਾਂ ਮਸਲੇ ਹੱਲ ਕਰਨ ਤੋਂ ਭੱਜ ਰਹੀ ਪੰਜਾਬ ਸਰਕਾਰ ਨੂੰ ਚਰਚਾ ਹੋਰ ਪਾਸੇ ਤਿਲਕਾਉਣ ਦਾ ਮੌਕਾ ਮੁਹੱਈਆ ਕਰ ਦਿੱਤਾ ਗਿਆ ਹੈ।
ਸ਼ਹੀਦ ਭਗਤ ਸਿੰਘ ਦਾ ਮਕਸਦ ਸਿਰਫ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਦਫਾ ਕਰਨਾ ਹੀ ਨਹੀਂ ਸੀ ਬਲਕਿ ਲੁੱਟ ਰਹਿਤ ਅਜਿਹੇ ਸਮਾਜ ਦੀ ਸਿਰਜਣਾ ਸੀ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਹੋਵੇ। ਸ਼ਹੀਦ ਭਗਤ ਸਿੰਘ ਸਮਾਜਵਾਦ ਦੀ ਸਿਰਜਣਾ ਚਾਹੁੰਦਾ ਸੀ, ਇਸੇ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਆਮ ਆਦਮੀ ਪਾਰਟੀ (ਆਪ) ਦਾ ਵੀ ਕੋਈ ਵਾਹ-ਵਾਸਤਾ ਨਹੀਂ ਹੈ। ‘ਆਪ` ਆਗੂ ਇਸ ਤਰ੍ਹਾਂ ਸਿੱਧ ਕਰਨ ਲੱਗੇ ਹੋਏ ਹਨ ਜਿਵੇਂ ਭਗਤ ਸਿੰਘ ਦੇ ਅਸਲੀ ਵਾਰਸ ਉਹੀ ਹੋਣ; ਸਚਾਈ ਇਹ ਹੈ ਕਿ ਭਾਰਤ ਦੀਆਂ ਬਾਕੀ ਵੋਟ ਪਾਰਟੀਆਂ ਵਾਂਗ ਇਹ ਪਾਰਟੀ ਵੀ ਭਗਤ ਸਿੰਘ ਦੀ ਸੋਚ ਨਾਲ ਧ੍ਰੋਹ ਕਮਾ ਰਹੀ ਹੈ; ‘ਆਪ` ਨੇ ਪੰਜਾਬ ‘ਚ ਭਗਤ ਸਿੰਘ ਦੀ ਉਸਤਤ ਕਰਕੇ ਵੋਟਾਂ ਲਈਆਂ ਤੇ ਚਹੁੰ ਦਿਨਾਂ ਬਾਅਦ ਗੁਜਰਾਤ ‘ਚ ਉਸ ਦੇ ਵਿਚਾਰਧਾਰਕ ਵਿਰੋਧੀ ਮਹਾਤਮਾ ਗਾਂਧੀ ਦੀ ਉਸਤਤ ਕਰਨ ਜਾ ਲੱਗੇ। ਜੰਮੂ ਕਸ਼ਮੀਰ ਦੇ ਮਸਲੇ ‘ਚ ਸੰਸਦ ਵਿਚ ਭਾਜਪਾ ਦੀ ਪੈੜ ‘ਚ ਪੈੜ ਧਰਨ ਵਾਲੀ ਇਸ ਪਾਰਟੀ ਦੀ ਦਿੱਲੀ ਦੀ ਕਾਰਗੁਜ਼ਾਰੀ ਅਤੇ ਪਿਛਲੇ ਚਾਰ ਮਹੀਨਿਆਂ ਦੀ ਪੰਜਾਬ ਵਿਚਲੀ ਕਾਰਗੁਜਾਰੀ ਦੱਸਦੀ ਹੈ ਕਿ ਇਸ ਪਾਰਟੀ ਨੇ ਲੋਕਾਂ ਦਾ ਕੁਝ ਨਹੀਂ ਸੰਵਾਰਿਆ ਬਲਕਿ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰੇ ਹਨ।
ਹੁਣ ਜਦ ਭਗਤ ਸਿੰਘ ਨੂੰ ਅਤਿਵਾਦੀ/ਦਹਿਸ਼ਤਗਰਦ ਕਹਿਣ ਨਾਲ ਚਰਚਾ ਛਿੜ ਹੀ ਪਈ ਹੈ ਤਾਂ ਇਸ ਮੌਕੇ ਸਾਡੇ ਨੌਜਵਾਨਾਂ ਨੂੰ ਭਗਤ ਸਿੰਘ ਨਾਲ ਜਜ਼ਬਾਤੀ ਸਾਂਝ ਪਾ ਕੇ ਉਸ ਨੂੰ ਪੂਜਣ ਵਾਲੀ ਹਸਤੀ ਬਣਾਉਣ ਦੀ ਥਾਂ ਤਰਕ ਨਾਲ ਇਸ ਖੋਜ ਵਿਚ ਪੈਣਾ ਚਾਹੀਦਾ ਹੈ ਕਿ ਭਗਤ ਸਿੰਘ ਕੌਣ ਸੀ? ਉਸ ਦੀ ਵਿਚਾਰਧਾਰਾ ਕੀ ਸੀ। ਅੱਜ ਵੀ ਭਗਤ ਸਿੰਘ ਦੇ ਅਸਲੀ ਵਾਰਸ ਇਸ ਪਾਰਲੀਮੈਂਟਰੀ ਰਾਹ ਨੂੰ ਰੱਦ ਕਰਦਿਆਂ ਸੰਘਰਸ਼ਾਂ ਦੇ ਮੈਦਾਨ ਵਿਚ ਨਿੱਤਰੇ ਹੋਏ ਹਨ ਤੇ ਇਸ ਗੱਲ ਲਈ ਆਸਵੰਦ ਹਨ ਕਿ ਇੱਕ ਦਿਨ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾਵੇਗਾ।