ਗੁਰਮੀਤ ਕੜਿਆਲਵੀ
ਫੋਨ: 98726-40994
ਅਸੀਂ ਬੜੀ ਅਜੀਬ ਮਾਨਸਿਕਤਾ ਵਾਲੇ ਜੀਵ ਹਾਂ। ਜਦੋਂ ਕੋਈ ਖਿਡਾਰੀ ਜਿੱਤ ਕੇ ਆਉਂਦਾ ਹੈ ਤਾਂ ਉਸ ਨੂੰ ਨਾਇਕਾਂ ਜਿਹਾ ਮਾਣ ਦਿੰਦਿਆਂ ਢੋਲ ਢਮੱਕਿਆਂ ਨਾਲ ਉਸਦਾ ਸਵਾਗਤ ਕਰਦੇ ਹਾਂ। ਥੋੜ੍ਹਾ ਜਿਹਾ ਸਮਾਂ ਲੰਘਦਾ ਹੈ ਤਾਂ ਉਹੀ ਨਾਇਕ ਸਾਡੇ ਲਈ ਬੇਪਛਾਣ ਚਿਹਰਾ ਬਣ ਜਾਂਦਾ ਹੈ। ਸਾਡੇ ਕੋਲ ਦੀ ਵੀ ਲੰਘ ਜਾਵੇ, ਅਸੀਂ ਗੌਲਦੇ ਤਕ ਨਹੀਂ। ਸਰਕਾਰਾਂ ਦਾ ਤਾਂ ਇਹ ਹਾਲ ਹੈ ਕਿ ਜਿਸ ਖਿਡਾਰੀ ਨੇ ਦੇਸ਼ ਲਈ ਤਮਗੇ ਜਿੱਤੇ ਹੁੰਦੇ ਨੇ, ਖੇਡ ਤੋਂ ਸੰਨਿਆਸ ਲੈਂਦਿਆਂ ਹੀ ਜਾਂ ਆਪਣੀ ਚੜ੍ਹਤ ਦੇ ਘਟਦਿਆਂ ਹੀ ਉਹ ਖਿਡਾਰੀ ਸਰਕਾਰ ਲਈ ਵਾਧੂ ਚੀਜ਼ ਬਣ ਕੇ ਰਹਿ ਜਾਂਦਾ ਹੈ।
ਪਿਛਲੇ ਸਮੇਂ ‘ਚ ਬੌਲੀਵੁੱਡ ਵਾਲਿਆਂ ਨੇ ਖਿਡਾਰੀਆਂ ਦੀ ਜਿ਼ੰਦਗੀ ਦੇ ਆਧਾਰ ‘ਤੇ ਫਿਲਮਾਂ ਬਣਾਈਆਂ ਹਨ। ‘ਚੱਕਦੇ ਇੰਡੀਆ’, ‘ਭਾਗ ਮਿਲਖਾ ਭਾਗ’, ‘ਐਮ ਐਸ ਧੋਨੀ’, ‘ਦੰਗਲ’, ‘ਮੈਰੀਕੌਮ’ ਆਦਿ ਫਿਲਮਾਂ ਨੇ ਦੇਸ਼ ਦੇ ਲੋਕਾਂ ਨੂੰ ਖੇਡਾਂ ਅਤੇ ਖਿਡਾਰੀਆਂ ਪ੍ਰਤੀ ਉਤਸ਼ਾਹਿਤ ਕੀਤਾ ਸੀ। ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਦਾ ਭਰਪੂਰ ਹੁਲਾਰਾ ਵੀ ਮਿਲਿਆ। ਬੌਲੀਵੁੱਡ ਵਾਂਗ ਪੌਲੀਵੁੱਡ ਨੇ ਵੀ ਖਿਡਾਰੀਆਂ ਦੀ ਜਿ਼ੰਦਗੀ `ਤੇ ਆਧਾਰਿਤ ਫਿਲਮਾਂ ਦਾ ਨਿਰਮਾਣ ਕੀਤਾ ਹੈ। ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੀ ਜਿ਼ੰਦਗੀ ‘ਤੇ ਬਣੀ ਬਾਇਓਪਿਕ ‘ਹਰਜੀਤਾ’ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ। ਫੇਰ ਵੀ ਜਿੰਨੀ ਵੱਡੀ ਪੰਜਾਬ ਦੀ ਖੇਡ ਵਿਰਾਸਤ ਹੈ, ਉਸ ਹਿਸਾਬ ਨਾਲ ਪੰਜਾਬੀ ਵਿਚ ਖਿਡਾਰੀਆਂ ‘ਤੇ ਫਿਲਮਾਂ ਦਾ ਨਿਰਮਾਣ ਨਹੀਂ ਹੋਇਆ।
ਹੁਣੇ ਹੁਣੇ ਦੇਸ਼ ਦੇ ਮਹਾਨ ਮੁੱਕੇਬਾਜ਼ ਪਦਮ ਸ੍ਰੀ ਕੌਰ ਸਿੰਘ ਦੀ ਜਿ਼ੰਦਗੀ ‘ਤੇ ਫਿਲਮ ਬਣੀ ਹੈ ‘ਪਦਮ ਸ੍ਰੀ ਕੌਰ ਸਿੰਘ’। ਇਹ ਪੰਜਾਬੀ ਫਿਲਮਕਾਰੀ ਦਾ ਇਕ ਸ਼ਾਨਦਾਰ ਪੜਾਅ ਹੈ। ਇਹ ਹਿੰਮਤ ਤੇ ਹੌਂਸਲਾ ਪਟਿਆਲੇ ਨਾਲ ਸਬੰਧਤ ਥੀਏਟਰ ਦੇ ਪੁਰਾਣੇ ਕਲਾਕਾਰ ਕਰਮ ਬਾਠ ਹੋਰਾਂ ਵੱਲੋਂ ਕੀਤਾ ਗਿਆ ਹੈ। ਉਸਦੇ ਇਸ ਕਾਰਜ ਦੀ ਦਾਦ ਦੇਣੀ ਬਣਦੀ ਹੈ। ਇਹੋ ਜਿਹੀਆਂ ਫਿਲਮਾਂ ਨੇ ਹੀ ਨਸ਼ਿਆਂ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਖੇਡਾਂ ਦੇ ਲੜ ਲੱਗਣ ਲਈ ਪ੍ਰੇਰਿਤ ਕਰਨਾ ਹੈ। ਫੂਹੜ ਕਿਸਮ ਦੇ ਗਾਇਕਾਂ ਅਤੇ ਗੈਂਗਸਟਰਾਂ ਦੀ ਥਾਂ ਅੰਤਰ-ਰਾਸ਼ਟਰੀ ਪੱਧਰ ਤਕ ਦੇਸ਼ ਦਾ ਝੰਡਾ ਲਹਿਰਾਉਣ ਵਾਲੇ ਖਿਡਾਰੀ ਜਦੋਂ ਅੱਜ ਦੀ ਨੌਜਵਾਨੀ ਦੇ ਨਾਇਕ ਬਣਨਗੇ ਤਾਂ ਕੁਦਰਤੀ ਮਾਹੌਲ ਬਦਲੇਗਾ। ਜੇਲ੍ਹਾਂ, ਠੇਕਿਆਂ ਤੇ ਥਾਣਿਆਂ ਦੀ ਥਾਂ ਖੇਡ ਮੈਦਾਨਾਂ ‘ਚ ਰੌਣਕਾਂ ਲੱਗਣਗੀਆਂ।
ਕੌਰ ਸਿੰਘ ਉਹ ਮਹਾਨ ਮੁੱਕੇਬਾਜ਼ ਹੈ, ਜਿਸਨੇ 1982 ਦੀਆਂ ਦਿੱਲੀ ਵਿਚ ਹੋਈਆਂ ਨੌਵੀਆਂ ਏਸ਼ਿਆਈ ਖੇਡਾਂ ‘ਚ ਸੋਨੇ ਦਾ ਤਮਗਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ। ਕੌਰ ਸਿੰਘ ਮੇਰਾ ਮਹਿਬੂਬ ਖਿਡਾਰੀ ਰਿਹਾ ਹੈ। ਉਦੋਂ ਕੌਰ ਸਿੰਘ ਦੀ ਫਾਈਨਲ ਵਾਲੀ ਬਾਈਟ ਟੀ ਵੀ ਅੱਗੇ ਬੈਠ ਕੇ ਵੇਖੀ ਸੀ। ਭਾਰਤ ਦੇ ਸਾਰੇ ਪ੍ਰਸਿੱਧ ਬੌਕਸਰ ਆਪਣੇ ਆਪਣੇ ਭਾਰ ਵਰਗ ਵਿਚ ਮੁਕਾਬਲੇ ਹਾਰ ਚੁੱਕੇ ਸਨ। ਕਿਸੇ ਦੇ ਹਿੱਸੇ ਸੁਨਹਿਰੀ ਤਮਗਾ ਨਾ ਆਉਣ ਕਾਰਨ ਮੁੱਕੇਬਾਜ਼ ਦਲ ਨਿਰਾਸ਼ ਦਿਖਾਈ ਦਿੰਦਾ ਸੀ। ਆਖਰੀ ਆਸ ਹੁਣ ਕੇਵਲ ਕੌਰ ਸਿੰਘ ‘ਤੇ ਹੀ ਸੀ।
ਉਹ ਦਿਨ ਦੇਸ਼ ਦੇ ਲੋਕਾਂ ਨੂੰ ਯਾਦ ਹੀ ਹੋਵੇਗਾ, ਜਿਸ ਦਿਨ ਕੌਰ ਸਿੰਘ ਨੇ ਆਪਣੇ ਤਾਕਤਵਰ ਵਿਰੋਧੀ ਨੂੰ ਧੂੜ ਚਟਾ ਕੇ ਕਰੋੜਾਂ ਭਾਰਤ ਵਾਸੀਆਂ ਦਾ ਮਾਣ ਰੱਖ ਲਿਆ ਸੀ। ਫਿਲਮ ਸਟਾਰ ਅਮਿਤਾਭ ਬੱਚਨ ਨੇ ਜੇਤੂ ਮੰਚ ‘ਤੇ ਖੜ੍ਹੇ ਸੋਨੇ, ਚਾਂਦੀ ਤੇ ਕਾਂਸੀ ਤਮਗਾ ਜੇਤੂ ਬੌਕਸਰਾਂ ਦੇ ਗਲਾਂ ‘ਚ ਹਾਰ ਪਾਏ ਸਨ। ਜਦੋਂ ਉਸ ਨੇ ਕੌਰ ਸਿੰਘ ਦੇ ਗਲ਼ ‘ਚ ਹਾਰ ਪਾਇਆ ਤਾਂ ਸਟੇਡੀਅਮ ਤਾੜੀਆਂ ਨਾਲ ਗੂੰਜਣ ਲੱਗਾ ਸੀ। ਬੱਚਨ ਨੇ ਫਿਲਮੀ ਸਟਾਈਲ ਦਾ ਮੁੱਕਾ ਵੀ ਕੌਰ ਸਿੰਘ ਦੇ ਮਾਰਨ ਦੀ ਐਕਟਿੰਗ ਕੀਤੀ ਸੀ। ਇਹ ਉਹੀ ਖੇਡਾਂ ਸਨ ਜਿਸ ਵਿਚ ਪਦਮ ਸ੍ਰੀ ਪਹਿਲਵਾਨ ਕਰਤਾਰ ਸਿੰਘ ਵੀ ਸੋਨੇ ਦੇ ਤਮਗੇ ਤੋਂ ਖੁੰਝ ਗਿਆ ਸੀ ਤੇ ਸਾਡੀ ਹਾਕੀ ਟੀਮ ਰਿਵਾਇਤੀ ਵਿਰੋਧੀ ਪਾਕਿਸਤਾਨ ਤੋਂ ਫਾਈਨਲ ਮੁਕਾਬਲਾ 7-1 ਨਾਲ ਹਾਰ ਗਈ ਸੀ। ਹਾਕੀ ਦੀ ਟੀਮ ਦਾ ਗੋਲਚੀ ਮੀਰ ਰੰਜਨ ਨੇਗੀ ਸੀ ਜਿਸਦੀ ਇਸ ਹਾਰ ਤੋਂ ਬਾਅਦ ਬੜੀ ਥੂਹ ਥੂਹ ਹੋਈ ਸੀ। ਇਸੇ ਨੇਗੀ ਦੇ ਜੀਵਨ ਉਪਰ ਹੀ ਫਿਲਮ ‘ਚੱਕਦੇ ਇੰਡੀਆ’ ਬਣੀ ਹੈ ਜਿਹੜੀ ਸਾਡੇ ਖਿਡਾਰੀਆਂ ਲਈ ਪ੍ਰੇਰਨਾ ਦਾ ਕਾਰਜ ਨਿਭਾਉਂਦੀ ਹੈ।
ਸਾਡਾ ਮਹਾਨ ਮੁੱਕੇਬਾਜ਼ ਕੌਰ ਸਿੰਘ ਸੰਗਰੂਰ ਜਿ਼ਲ੍ਹੇ ਦੇ ਪਿੰਡ ਖਨਾਲ ਖੁਰਦ ਦਾ ਰਹਿਣ ਵਾਲਾ ਹੈ। ਸੰਨ 1970 ‘ਚ ਫੌਜ ‘ਚ ਭਰਤੀ ਹੋ ਗਿਆ। ਪੜ੍ਹਾਈ-ਲਿਖਾਈ ਕੁਝ ਖਾਸ ਨਹੀਂ ਸੀ ਪਰ ਫੌਜ ਨੇ ਉਸ ਨੂੰ ਐਸੀ ਵਿਦਿਆ ਦੇ ਦਿੱਤੀ ਕਿ ਉਹਦੇ ਹੱਥ ਲੋਹੇ ਦੇ ਹੋ ਗਏ ਤੇ ਉਹ ਇਨ੍ਹਾਂ ਸਖਤ ਹੱਥਾਂ ਦੀ ਬਦੌਲਤ ਉਲੰਪੀਅਨ ਬਣ ਗਿਆ। ਫੌਜ ਨੇ ਹੀ ਉਸਨੂੰ ਮੁੱਕੇਬਾਜ਼ੀ ਦੇ ਮੈਦਾਨ ‘ਚ ਲਿਆਂਦਾ। ਉਸਨੇ ਪੰਚ ਨੈਸ਼ਨਲ ਪੱਧਰ ਦੇ ਮੁਕਾਬਲਿਆਂ ‘ਚ ਸੋਨਾ ਬਟੋਰਨ ਲੱਗੇ। ਉਸ ਨੇ ਦੁਨੀਆਂ ਦੇ ਮਹਾਨ ਬੌਕਸਰ ਮੁਹੰਮਦ ਅਲੀ ਨਾਲ ਵੀ ਮੁਕਾਬਲਾ ਲੜਿਆ।
ਕੌਰ ਸਿੰਘ 1984 ਦੀਆਂ ਲਾਸ ਏਂਜਲਸ ਉਲੰਪਿਕ ਖੇਡਾਂ ‘ਚ ਭਾਗ ਲੈ ਕੇ ਉਲੰਪੀਅਨ ਬਣ ਗਿਆ। ਇਹ ਉਹ ਦੌਰ ਸੀ ਜਦੋਂ ਸਾਡੇ ਖਿਡਾਰੀਆਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਨਹੀਂ ਸਨ ਮਿਲਦੀਆਂ। ਪੈਸਾ ਧੇਲਾ ਵੀ ਨਹੀਂ ਸੀ ਮਿਲਦਾ। ਹੁਣ ਤਾਂ ਦੇਸ਼ ਦੇ ਲੋਕਾਂ ਨੇ ਉਲੰਪਿਕ ‘ਚ ਕਾਂਸੀ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਕਰੋੜਾਂ ਦੇ ਚੈੱਕ ਮਿਲਦੇ ਵੇਖੇ ਹਨ। ਕੌਰ ਸਿੰਘ ਵੇਲੇ ਇਹ ਸਥਿਤੀ ਨਹੀਂ ਸੀ। ਉਦੋਂ ਫੋਕੀ ਸਾਬਾਸ਼ ਦੇ ਕੇ ਘਰ ਨੂੰ ਤੋਰ ਦੇਣ ਦਾ ਜ਼ਮਾਨਾ ਸੀ। ਕਈ ਵਾਰ ਤਾਂ ਸਾਡੇ ਅਧਿਕਾਰੀ ਇਹ ਵੀ ਨਹੀਂ ਸਨ ਦਿੰਦੇ। ਕੌਰ ਸਿੰਘ ਨਾਲ ਵੀ ਇਹੋ ਕੁਝ ਹੋਇਆ। 1982 ‘ਚ ਅਰਜਨ ਐਵਾਰਡ ਤੇ 1983 ‘ਚ ਪਦਮ ਸ੍ਰੀ ਪੁਰਸਕਾਰ ਜ਼ਰੂਰ ਦੇ ਦਿੱਤੇ ਪਰ ਖੇਲ ਰਤਨ ਐਵਾਰਡ ਤੋਂ ਵਾਂਝਿਆਂ ਰੱਖ ਕੇ ਇਸ ਖਿਡਾਰੀ ਨਾਲ ਬੇਇਨਸਾਫੀ ਕੀਤੀ।
ਕੌਰ ਸਿੰਘ ਨੇ ਸਾਰੀ ਜਿ਼ੰਦਗੀ ਖੇਡਾਂ ਲੇਖੇ ਲਾਈ ਹੈ। ਉਸਦੀ ਜਿ਼ੰਦਗੀ ਉਤਰਾਵਾਂ ਚੜ੍ਹਾਵਾਂ ਵਾਲੀ ਰਹੀ ਹੈ। ਅੜਬ ਤੇ ਅਣਖੀ ਸੁਭਾਅ ਵਾਲਾ ਇਹ ਨਾਇਕ ਨੱਕ ‘ਤੇ ਮੱਖੀ ਨਹੀਂ ਸੀ ਬਹਿਣ ਦਿੰਦਾ। ਅਜਿਹੇ ਬੰਦੇ ਅਫਸਰਸ਼ਾਹੀ ਨੂੰ ਚੰਗੇ ਨਹੀਂ ਲੱਗਦੇ ਹੁੰਦੇ। ਕੌਰ ਸਿੰਘ ਵੀ ਚੰਗਾ ਨਹੀਂ ਲੱਗਿਆ। ਇਸੇ ਕਰਕੇ ਉਸਦੀ ਉਹ ਕਦਰ ਨਹੀਂ ਪਈ ਜੋ ਪੈਣੀ ਚਾਹੀਦੀ ਸੀ। ਉਸਦੇ ਮੈਡਲ ਕਿੱਲੀ ‘ਤੇ ਟੰਗੇ ਤੰਗਦਸਤੀ ਹੰਢਾਉਂਦੇ ਹੰਝੂ ਕੇਰਦੇ ਰਹੇ। ਉਹ ਬਿਮਾਰੀ ਦੀ ਹਾਲਤ ‘ਚ ਸਰਕਾਰਾਂ ਤੇ ਰਾਜ ਦਰਬਾਰਾਂ ਦੇ ਮੂੰਹ ਵੱਲ ਵੇਖਦਾ ਰਿਹਾ। ਪਦਮ ਸ੍ਰੀ ਦਾ ਖਿਤਾਬ ਜਿਵਂੇ ਇਸ ਨਾਇਕ ਨੂੰ ਮਜ਼ਾਕ ਕਰਦਾ ਹੋਵੇ। ਇਹ ਹੋਣੀ ਕੌਰ ਸਿੰਘ ਦੀ ਹੀ ਨਹੀਂ ਸੀ, ਹਰ ਭਾਰਤੀ ਖਿਡਾਰੀ ਦੀ ਹੈ। ਕੋਈ ਵਿਰਲਾ ਟਾਵਾਂ ਹੀ ਸਰਕਾਰ ਦੀ ਕਿਰਪਾ ਦ੍ਰਿਸ਼ਟੀ ਦਾ ਭਾਗੀ ਬਣਦਾ ਹੈ।
ਪਦਮ ਸ੍ਰੀ ਕੌਰ ਸਿੰਘ ਦੀ ਜਿ਼ੰਦਗੀ ਦੁੱਖਾਂ-ਸੁੱਖਾਂ, ਹਾਰਾਂ ਜਿੱਤਾਂ, ਖੁਸ਼ੀਆਂ-ਉਦਾਸੀਆਂ, ਤੇ ਭੁੱਲ ਭੁਲੱਈਆਂ ਵਾਲੀ ਹੈ। ਬੜੇ ਵੰਨ ਸੁਵੰਨੇ ਰੰਗ ਨੇ। ਇਨ੍ਹਾਂ ਸਾਰੇ ਰੰਗਾਂ ਨੂੰ ਵਿਕਰਮ ਪ੍ਰਧਾਨ ਨੇ ਆਪਣੀ ਲੇਖਣੀ ‘ਚ ਲਿਆਂਦਾ ਹੋਵੇਗਾ। ਕੌਰ ਸਿੰਘ ਵਾਰ-ਵਾਰ ਅੰਦਰੋਂ ਟੁੱਟਿਆ ਹੋਵੇਗਾ। ਉਹ ਡਿੱਗਿਆ ਤੇ ਫੇਰ ਉਠਿਆ ਹੋਵੇਗਾ। ਉਸਨੇ ਚੀਕ ਮਾਰੀ ਹੋਵੇਗੀ, ਉਹ ਰਿੰਗ ਵਿਚ ਕਿਵੇਂ ਸ਼ੇਰ ਵਾਂਗ ਭਬਕਿਆ ਹੋਵੇਗਾ, ਜ਼ਰੂਰ ਇਹ ਸਾਰਾ ਕੁਝ ਫਿਲਮਕਾਰ ਨੇ ਪਰਦੇ ‘ਤੇ ਲੈ ਆਂਦਾ ਹੋਵੇਗਾ।
ਕਰਮ ਬਾਠ ਹੋਰਾਂ ਦੇ ਇਸ ਉੱਦਮ ਦੀ ਸ਼ਾਲਾਘਾ ਕਰਨੀ ਬਣਦੀ ਹੈ। ਗਹਿਰ ਗੰਭੀਰ ਅਦਾਕਾਰ ਮਲਕੀਤ ਰੌਣੀ, ਗੁਰਪ੍ਰੀਤ ਭੰਗੂ ਤੇ ਰਾਜ ਕਾਕੜਾ ਵਰਗੇ ਅਦਾਕਾਰਾਂ ਨਾਲ ਫਿਲਮ ਜ਼ਰੂਰ ਕੌਰ ਸਿੰਘ ਦੀ ਜਿ਼ੰਦਗੀ ਦੇ ਸੱਚ ਨੂੰ ਪੇਸ਼ ਕਰਨ ‘ਚ ਕਾਮਯਾਬ ਹੋਈ ਹੋਵੇਗੀ। ਫਿਲਮ 22 ਜੁਲਾਈ ਨੂੰ ਥੀਏਟਰਾਂ ‘ਚ ਲੱਗ ਰਹੀ ਹੈ। ਜਵਾਨੀ ਦਾ ਇਹ ਫਿਲਮ ਦੇਖਣ ਜਾਣਾ ਜ਼ਰੂਰੀ ਹੈ। ਫਿਲਹਾਲ ਕਰਮ ਬਾਠ ਦੀ ਟੀਮ ਲਈ ਸ਼ੁਭ ਇੱਛਾਵਾਂ!!