ਭਗਤ ਸਿੰਘ ਦਾ ਬਿਰਤਾਂਤ ਬਨਾਮ ਸਿਮਰਨਜੀਤ ਸਿੰਘ ਮਾਨ ਦਾ ਬਿਆਨ

ਕਰਮਜੀਤ ਸਿੰਘ ਚੰਡੀਗੜ੍ਹ
ਫੋਨ: +91-99150-91063
ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਸਿੱਖ ਮਸਲਿਆਂ ਬਾਰੇ ਅਕਸਰ ਟਿੱਪਣੀਆਂ ਕਰਦੇ ਰਹਿੰਦੇ ਹਨ। ਇਸ ਵਾਰ ਜਦੋਂ ਸ਼ਹੀਦ ਭਗਤ ਸਿੰਘ ਬਾਰੇ ਚਰਚਾ ਚੱਲੀ ਹੈ ਤਾਂ ਉਨ੍ਹਾਂ ਇਕ ਖਾਸ ਨਜ਼ਰੀਏ ਤੋਂ ਇਸ ਮਸਲੇ ਦੀ ਪੁਣ-ਛਾਣ ਵੀ ਕੀਤੀ ਹੈ ਅਤੇ ਉਨ੍ਹਾਂ ਸਮਿਆਂ ਤੇ ਅੱਜ ਦੇ ਸਮਿਆਂ ਦੇ ਹਵਾਲੇ ਨਾਲ ਇਹ ਟੀਕਾ-ਟਿੱਪਣੀ ਕੀਤੀ ਹੈ।

ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਦਿੱਤੇ ਬਿਆਨ ਨੂੰ ਬੜੀ ਗੰਭੀਰਤਾ ਅਤੇ ਧੀਰਜ ਨਾਲ ਲੈਣਾ ਚਾਹੀਦਾ ਹੈ ਪਰ ਅਜੇ ਅਸੀਂ ਇਸ ਪਾਸੇ ਵੱਲ ਵਿਹਲ ਨਹੀਂ ਕੱਢ ਸਕੇ। ਇਹ ਬਿਆਨ ਹੁਣ ਅਕਾਦਮਿਕ ਖੇਤਰ ਦੇ ਵਿਦਵਾਨਾਂ ਦੀਆਂ ਮਹਿਫਲਾਂ ਵਿਚ ਵਿਚਾਰਿਆ ਜਾਣਾ ਬਣਦਾ ਹੈ; ਹਾਲਾਂਕਿ ਚਲੰਤ ਮਾਹੌਲ ਮੁਤਾਬਕ ਉਨ੍ਹਾਂ ਮਹਿਫਲਾਂ ਵਿਚ ਵੀ ਅਜੇ ਇਕ ਪਾਸੜ ਵਿਦਵਤਾ ਦੇ ਦ੍ਰਿਸ਼ ਹੀ ਵੇਖਣ ਨੂੰ ਮਿਲਣਗੇ। ਆਮ ਆਦਮੀ ਪਾਰਟੀ ਦੇ ਆਗੂ, ਸਿਮਰਨਜੀਤ ਸਿੰਘ ਮਾਨ ਦੀ ਟਿੱਪਣੀ ਬਾਰੇ ਜੁਆਕਾਂ ਵਾਂਗ ਅਨਾੜੀ ਕਿਸਮ ਦੇ ਕੱਚੇ ਪਿੱਲੇ ਬਿਆਨ ਜਾਰੀ ਕਰ ਰਹੇ ਹਨ। ਇਹੋ ਹਾਲ ਕਾਂਗਰਸੀ ਆਗੂਆਂ ਦਾ ਹੈ ਅਤੇ ਦਿਲਚਸਪ ਹਕੀਕਤ ਇਹ ਹੈ ਕਿ ਕਿਤਾਬਾਂ ਦੀ ਦੁਨੀਆ ਤੋਂ ਦੂਰ ਰਹਿਣ ਵਾਲਾ ਬਾਦਲ-ਕਲਚਰ ਅਤੇ ਅਕਾਲੀ-ਕਲਚਰ ਵੀ ਹੁਣ ਇਨ੍ਹਾਂ ਤੋਂ ਵੱਖਰਾ ਨਹੀਂ।
ਜਦੋਂ ਇਨ੍ਹਾਂ ਆਗੂਆਂ ਦੇ ਬਿਆਨ ਪੜ੍ਹਦੇ ਹਾਂ ਤਾਂ ਹਾਸਾ ਅਤੇ ਰੋਣ ਇੱਕੋ ਸਮੇਂ ਆਉਂਦੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਨਸੀਹਤ ਇਹ ਕਹਿੰਦੀ ਹੈ ਕਿ ‘ਰਖਿ ਰਖਿ ਚਰਨਿ ਧਰੇ ਵਿਚਾਰੀ’ (ਅੰਗ 685), ਅਰਥਾਤ ਵਿਦਵਾਨ ਮਨੁੱਖ ਬੜੀ ਸੋਚ ਸਮਝ ਕੇ ਆਪਣੇ ਕਦਮ ਪੁੱਟਦਾ ਹੈ ਪਰ ਸੋਚ ਵਿਚਾਰ ਦਾ ਅੰਮ੍ਰਿਤ ਵੇਲਾ ਅਜੇ ਸਾਡੀ ਕੌਮ ਉੱਤੇ ਚੜ੍ਹਨਾ ਹੈ।
ਪੰਜਾਬੀ ਦੇ ਚੈਨਲਾਂ ਵਿਚ ਚਲਦੀ ਬਹਿਸ ਅਤੇ ਐਂਕਰ ਵੀ ਗਿੱਟੇ-ਗਿੱਟੇ ਪਾਣੀਆਂ ਵਿਚ ਤਰਨ ਦੀ ਜਾਚ ਸਿਖ ਰਹੇ ਹਨ। ਨੈਸ਼ਨਲ ਆਖੇ ਜਾਂਦੇ ਚੈਨਲਾਂ ਅਤੇ ਗੋਦੀ ਮੀਡੀਆ ਵੀ ਹਲਕੀ ਕਿਸਮ ਦੇ ਮਨੋਰੰਜਨ ਕਰਨ ਦੀਆਂ ਤਿਆਰੀਆਂ ਕੱਸ ਰਹੇ ਜਾਪਦੇ ਹਨ ਅਤੇ ਬਹਿਸ ਦੌਰਾਨ ਮਾਨ ਸਾਹਿਬ ਨੂੰ ਮਜ਼ਾਕ ਦਾ ਕੇਂਦਰ ਬਣਾ ਸਕਦੇ ਹਨ ਪਰ ਅਸੀਂ ਢੁੱਕਵਾਂ ਜਵਾਬ ਦੇਣ ਲਈ ਗੰਭੀਰ ਨਹੀਂ।
ਦੋਸਤੋ, ਸਿਮਰਨਜੀਤ ਸਿੰਘ ਮਾਨ ਦੇ ਬਿਆਨ ਮਗਰੋਂ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਇਤਿਹਾਸ ਨੂੰ ਅਸੀਂ ਵੇਖਣਾ ਕਿਵੇਂ ਹੈ? ਖਾਸ ਕਰਕੇ ਸਿੱਖ ਵਿਦਵਾਨਾਂ ਅਤੇ ਸਿੱਖ ਇਤਿਹਾਸਕਾਰਾਂ ਨੇ ਇਸ ਸਵਾਲ ਦੇ ਜਵਾਬ ਤਲਾਸ਼ ਕਰਨੇ ਹਨ। ਸਾਨੂੰ ਇਹ ਵੀ ਵੇਖਣਾ ਪੈਣਾ ਹੈ ਕਿ ਇਤਿਹਾਸ ਬਾਰੇ ਸਾਡੀ ਆਪਣੀ, ਹਾਂ ਆਪਣੀ, ਮੌਲਿਕ ਸਮਝ ਨੇ ਕਿੰਨੀ ਕੁ ਤਰੱਕੀ ਕੀਤੀ ਹੈ। ਉਸ ਸਮਝ ਦਾ ਪੱਧਰ ਕੀ ਹੈ। ਇਹ ਵੀ ਵੇਖਣਾ ਪੈਣਾ ਹੈ ਕਿ ਸਾਡੀ ਸਮਝ ‘ਕਿਸੇ ਹੋਰ’ ਦੀ ਸਮਝ ਦੇ ਅਧੀਨ ਤਾਂ ਨਹੀਂ ਚੱਲ ਰਹੀ?
ਸਾਨੂੰ ਉਸ ਦੌਰ ਵਿਚ ਜਾਣਾ ਪੈਣਾ ਹੈ ਜਦੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਕਥਿਤ ਆਜ਼ਾਦੀ ਦੀ ਜੰਗ ਲੜ ਰਹੇ ਸਨ- ਇਕ ਅਜਿਹੀ ਲੜਾਈ ਜਿਸ ਬਾਰੇ ਤੀਜੇ ਘੱਲੂਘਾਰੇ ਤੋਂ ਪਿੱਛੋਂ ਹੁਣ ਸੋਝੀ ਆ ਰਹੀ ਹੈ, ਅੱਖਾਂ ਖੁੱਲ੍ਹ ਰਹੀਆਂ ਹਨ ਕਿ ਉਹ ਲੜਾਈ ਸਾਡੀ ਆਪਣੀ ਨਹੀਂ ਸੀ। ਉਹ ਅਸਲ ਵਿਚ ਹਿੰਦੂ ਰਾਸ਼ਟਰਵਾਦ ਦੀ ਆਜ਼ਾਦੀ ਦੀ ਜੰਗ ਸੀ ਜਿਸ ਵਿਚ ਅਸੀਂ ਚਾਹੇ-ਅਣਚਾਹੇ ਝੋਕ ਦਿੱਤੇ ਗਏ ਸੀ। ਸੱਚ ਤਾਂ ਇਹ ਹੈ ਕਿ ਸ਼ਹੀਦ ਭਗਤ ਸਿੰਘ ਵੀ ਉਸੇ ਲੜਾਈ ਵਿਚ ਸਰਗਰਮ ਰੋਲ ਨਿਭਾ ਰਹੇ ਸਨ।
ਸਾਨੂੰ ਉਸ ਦੌਰ ਦਾ ਵੀ ਗੰਭੀਰ ਮੁਤਾਲਿਆ ਕਰਨਾ ਚਾਹੀਦਾ ਹੈ, ਜਦੋਂ ਗਦਰ ਪਾਰਟੀ ਦੇ ਸੂਰਬੀਰ ਸਿੱਖ ਯੋਧੇ ਫਾਂਸੀਆਂ ਦੇ ਰੱਸੇ ਚੁੰਮ ਰਹੇ ਸਨ, ਜਦੋਂ ਅਕਾਲੀ ਲਹਿਰ ਭਰ ਜੋਬਨ ਤੇ ਸਮੁੱਚੇ ਖਾਲਸਾ ਪੰਥ ਦੇ ਜਜ਼ਬਿਆਂ ਦੀ ਹਾਣੀ ਬਣ ਰਹੀ ਸੀ, ਜਦੋਂ ਬੱਬਰ ਅਕਾਲੀ ਦਲ ਦੇ ਯੋਧਿਆਂ ਨੂੰ ਹਥਿਆਰਬੰਦ ਜੰਗ ਦਾ ਰਾਹ ਚੁਣਨਾ ਪੈ ਗਿਆ ਸੀ।
ਸਾਨੂੰ ਉਸ ਤੋਂ ਵੀ ਪਿਛਾਂਹ ਵੱਲ ਪਰਤਣਾ ਪਵੇਗਾ ਜਦੋਂ ਭਾਈ ਮਹਾਰਾਜ ਸਿੰਘ ਅੰਗਰੇਜ਼ਾਂ ਨੂੰ ਕੱਢਣ ਲਈ ਗੁਪਤ ਸਰਗਰਮੀਆਂ ਰਾਹੀਂ ਖਾਲਸਾ ਪੰਥ ਦੇ ਖੁੱਸ ਚੁੱਕੇ ਰਾਜ ਨੂੰ ਫਿਰ ਬਹਾਲ ਕਰਨਾ ਚਾਹੁੰਦੇ ਸਨ। ਇੱਕ ਤਰ੍ਹਾਂ ਨਾਲ ਨਾਮਧਾਰੀ ਲਹਿਰ ਵੀ ਇਹੋ ਕੰਮ ਕਰ ਰਹੀ ਸੀ; ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਉਹ ਲਹਿਰ ਵੀ ਓੜਕ ਨੂੰ ਹਿੰਦੂ ਰਾਸ਼ਟਰਵਾਦ ਨੇ ਆਪਣੇ ਅੰਦਰ ਜਜ਼ਬ ਕਰ ਲਈ।
ਜਦੋਂ ਜਦੋਂ ਵੀ ਸ਼ਹੀਦ ਭਗਤ ਸਿੰਘ ਵਰਤਾਰੇ ਬਾਰੇ ਗੱਲ ਤੁਰਦੀ ਹੈ ਜਾਂ ਸਾਡੇ ਕੁਝ ਵਿਦਵਾਨ ਸ਼ਹੀਦ ਭਗਤ ਸਿੰਘ ਬਾਰੇ ਆਪਣੀ ਆਜ਼ਾਦ ਟਿੱਪਣੀ ਕਰਦੇ ਹਨ ਜੋ ਖੱਬੇ ਅਤੇ ਸੱਜੇ ਪੱਖੀ ਭਰਾਵਾਂ ਵਲੋਂ ਸਿਰਜੇ ਬਿਰਤਾਂਤ ਨਾਲ ਮੇਲ ਨਹੀਂ ਖਾਂਦੀ ਤਾਂ ਬੇਸਮਝ ਰੌਲਾ ਮਹਿਫਲ ‘ਤੇ ਕਬਜ਼ਾ ਕਰ ਲੈਂਦਾ ਹੈ, ਜਿਵੇਂ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਤੇ ਸਭ ਅੱਡੀਆਂ ਚੁੱਕ ਕੇ ਰੌਲਾ ਪਾ ਰਹੇ ਹਨ।
ਵੈਸੇ ਇਹ ਬੁੱਝਣਾ ਵੀ ਔਖਾ ਨਹੀਂ ਹੈ ਕਿ ਸਾਡੀ ਆਪਣੀ ਸਮਝ ਵਿਚ ਵੀ ਬਿਗਾਨੀ ਸਮਝ ਦਾ ਵੱਡਾ ਰਲਾ ਪੈ ਚੁੱਕਾ ਹੈ।
ਸਾਨੂੰ ਇਹ ਵੇਖਣਾ ਪੈਣਾ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀ ਉਸ ਇਤਿਹਾਸਕ ਦੌਰ ਵਿਚ ਕੀ ਕਰ ਰਹੇ ਸਨ। ਅਕਾਲੀ ਲਹਿਰ ਬਾਰੇ ਉਨ੍ਹਾਂ ਦੀ ਸਮਝ ਵਿਚ ਕਿੰਨੀ ਕੁ ਸੰਜੀਦਗੀ ਅਤੇ ਇਮਾਨਦਾਰੀ ਸੀ? ਮਾਂ-ਬੋਲੀ ਦੀ ਮਹਾਨਤਾ ਅਤੇ ਮਹੱਤਤਾ ਉਨ੍ਹਾਂ ਦੇ ਜਜ਼ਬਿਆਂ ਵਿਚੋਂ ਗੁੰਮ ਕਿਉਂ ਸੀ? ਕਿਉਂ ਉਹ ਸਾਰੇ ਭਾਰਤ ਵਿਚ ਹਿੰਦੀ ਲਾਗੂ ਕਰਨ ਦੀ ਵਕਾਲਤ ਕਰ ਰਹੇ ਸਨ ਜਦਕਿ ਦਰਾਵੜ-ਕਲਚਰ ਵਾਲੇ ਆਪਣੀ ਬੋਲੀ ਦੀ ਰਾਖੀ ਲਈ ਜਾਨਾਂ ਵਾਰ ਦਿੰਦੇ ਹਨ? ਆਰੀਆ ਸਮਾਜ ਨਾਲ ਉਨ੍ਹਾਂ ਦੀ ਨੇੜਤਾ ਕਿਸ ਤਰ੍ਹਾਂ ਦੀ ਸੀ? ਖਾਲਸਾ ਪੰਥ ਦਾ ਖੁੱਸ ਚੁੱਕਾ ਰਾਜ ਉਨ੍ਹਾਂ ਅੰਦਰ ਕੋਈ ਵੱਡੀ ਹਿਲਜੁਲ ਅਤੇ ਹਲਚਲ ਕਿਉਂ ਨਹੀਂ ਸੀ ਮਚਾਉਂਦਾ? ਜਦੋਂ ਫਾਂਸੀ ਦੇ ਰੱਸੇ ਚੁੰਮਣ ਵਾਲੇ ਗਦਰ ਪਾਰਟੀ ਦੇ ਯੋਧੇ ਥੋਕ ਵਿਚ ਸਿੰਘ ਹੀ ਸਨ ਤਾਂ ਇਹ ਸਿੰਘ-ਆਦਰਸ਼ ਅਤੇ ਇਸ ਆਦਰਸ਼ ਦੇ ਪਵਿੱਤਰ ਸੋਮੇ ਉਨ੍ਹਾਂ ਦੀਆਂ ਲਿਖਤਾਂ ਵਿਚ ਵੱਡੀ ਥਾਂ ਕਿਉਂ ਨਹੀਂ ਸੀ ਬਣਾ ਸਕੇ? ਫਾਂਸੀ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੀ ਆਖਰੀ ਚਿੱਠੀ (ਜੇ ਇਹ ਉਨ੍ਹਾਂ ਦੀ ਹੀ ਸੀ) ਵਿਚ ਸਿੱਖ-ਯਾਦ ਗੁਰੂ-ਪਿਆਰ ਦੀਆਂ ਧੁੰਦਲੀਆਂ ਜਿਹੀਆਂ ਝਲਕਾਂ ਵੀ ਸ਼਼ਾਮਲ ਕਿਉਂ ਨਾ ਹੋ ਸਕੀਆਂ; ਹਾਲਾਂਕਿ ‘ਬੰਦੀ ਜੀਵਨ’ ਦੇ ਮਹਾਨ ਲੇਖਕ ਸਚਿੰਦਰ ਨਾਥ ਸਨਿਆਲ ਜੀ ਸਿੱਖਾਂ ਦੀਆਂ ਕੁਰਬਾਨੀਆਂ ਦੀ ਕਿੰਨੀ ਵਾਹ ਵਾਹ ਕਰਦੇ ਹਨ। ਕੀ ਕਾਰਨ ਹੈ ਕਿ ਸ਼ਹੀਦ ਭਗਤ ਸਿੰਘ ਦੀ ਜਥੇਬੰਦੀ ਉਸ ਦੌਰ ਵਿਚ ਕਿਸੇ ਵੱਡੇ ਸਿੱਖ ਸੁਲਝੇ ਨੌਜਵਾਨ ਨੂੰ ਆਪਣੇ ਅੰਦਰ ਵੱਲ ਨਹੀਂ ਖਿੱਚ ਸਕੀ?
ਦੋਸਤੋ, ਉਸ ਦੌਰ ਦੀ ਸੋਝੀ ਅਤੇ ਵਿਸ਼ੇਸ਼ ਕਰਕੇ ਪੰਥਕ ਸੋਝੀ ਹੋਣੀ ਬਹੁਤ ਜ਼ਰੂਰੀ ਹੈ। ਸਿਮਰਨਜੀਤ ਸਿੰਘ ਮਾਨ ਇਸੇ ਇਤਿਹਾਸ ਵਿਚੋਂ ਬੋਲ ਰਹੇ ਹਨ। ਉਹ ਪੰਥਕ ਸੋਝੀ ਨੂੰ ਸੰਨ੍ਹ ਲਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਵਰਤਮਾਨ ਨੂੰ ਇਤਿਹਾਸ ਦੀ ਰੌਸ਼ਨੀ ਵਿਚ ਉਹ ਵੇਖ ਰਹੇ ਹਨ। ਅਤੀਤ ਨਾਲ ਜੋੜ ਕੇ ਸ਼ਹੀਦ ਭਗਤ ਸਿੰਘ ਬਾਰੇ ਜ਼ਿੰਮੇਵਾਰਾਨਾ ਬਿਆਨ ਦਿੰਦੇ ਹਨ। ਇਹ ਹੀ ਇਤਿਹਾਸਕ ਯਥਾਰਥ ਹੈ। ਉਨ੍ਹਾਂ ਦੇ ਬਿਆਨ ਉੱਤੇ ਪਹਿਰਾ ਦੇਣ ਲਈ ਚਿੰਤਨਸ਼ੀਲ ਨੌਜਵਾਨਾਂ ਦਾ ਸੋਸ਼ਲ ਮੀਡੀਆ ਉੱਤੇ ਹੜ੍ਹ ਆ ਗਿਆ ਹੈ ਜਦਕਿ ਸਾਡੀਆਂ ਯੂਨੀਵਰਸਿਟੀਆਂ ਦੇ ਇਤਿਹਾਸਕਾਰ ਖਾਮੋਸ਼ ਹਨ। ਕੀ ਇਉਂ ਨਹੀਂ ਲੱਗਦਾ ਕਿ ਸਾਡੀ ਸਮਝ ਇੱਕ ਤਰ੍ਹਾਂ ਨਾਲ ਹਿੰਦੋਸਤਾਨ ਦੀ ਬਹੁਗਿਣਤੀ ਦੀ ਸਮਝ ਦੀ ਵਿਰਾਸਤ ਹੀ ਬਣ ਗਈ ਹੈ। ਫਿਰ ਇਸ ਹਾਲਤ ਵਿਚ ਸਿਮਰਨਜੀਤ ਸਿੰਘ ਮਾਨ ਦੀ ਸ਼ਹੀਦ ਭਗਤ ਸਿੰਘ ਬਾਰੇ ਸਮਝ ਨਾਲ ਸਾਡੀ ਸਾਂਝ ਬਣ ਹੀ ਨਹੀਂ ਸਕਦੀ। ਇਹ ਸਾਡਾ ਦੁਖਾਂਤ ਹੈ।
ਜਦੋਂ ਮੈਂ ਚਿੰਤਨਸ਼ੀਲ ਨੌਜਵਾਨਾਂ ਬਾਰੇ ਗੱਲ ਕਰਦਾ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਉਸ ਇਤਿਹਾਸਕ ਦੌਰ ਬਾਰੇ ਕਾਫੀ ਕੁਝ ਪੜ੍ਹਿਆ ਹੈ ਅਤੇ ਆਪਣੀ ਇੱਕ ਸੁਤੰਤਰ ਰਾਇ ਬਣਾਈ ਹੈ। ਉਹ ਸੁਲਝੀਆਂ ਹੋਈਆਂ ਪੋਸਟਾਂ ਪਾ ਰਹੇ ਹਨ, ਜਦਕਿ ਇਨ੍ਹਾਂ ਪੋਸਟਾਂ ਦੇ ਹੇਠਾਂ ਕਈ ਨੌਜਵਾਨ ਇਹੋ ਜਿਹੀਆਂ ਟਿੱਪਣੀਆਂ ਕਰ ਰਹੇ ਹਨ ਜਿਸ ਤੋਂ ਨਵੇਂ ਚਿੰਤਨ ਦੀ ਇੱਕ ਨਿੱਕੀ ਜਿਹੀ ਸਿਧਾਂਤਕ ਲਹਿਰ ਤਾਂ ਸ਼ੁਰੂ ਹੋ ਹੀ ਗਈ ਹੈ। ਇਹ ਟਿੱਪਣੀਆਂ ਪੜ੍ਹ ਕੇ ਹੈਰਾਨੀ ਵੀ ਹੁੰਦੀ ਅਤੇ ਖੁਸ਼ੀ ਵੀ ਕਿਉਂਕਿ ਆਜ਼ਾਦ ਸੋਝੀ ਸਥਾਪਤ ਕਰਨ ਦੀ ਨਵੀਂ ਪ੍ਰਭਾਤ, ਨਵੀਂ ਸਮਝ ਸਿੱਖ ਪੰਥ ਦੇ ਆਕਾਸ਼ ਉੱਤੇ ਚੜ੍ਹੀ ਹੈ। ਇਹ ਆਜ਼ਾਦ ਰਾਇ ਚਲੰਤ ਮਾਹੌਲ ਵਿਚ ਚੱਲ ਰਹੇ ਬੇਬੁਨਿਆਦ ਰੌਲੇ ਦਾ ਹਿੱਸਾ ਨਹੀਂ ਬਣ ਰਹੀ
ਅਸੀਂ ਜਾਣਦੇ ਹਾਂ ਕਿ ਖੱਬੇ ਪੱਖੀ ਵੀਰਾਂ ਅਤੇ ਵਿਦਵਾਨਾਂ ਨੂੰ ਆਪਣੀ ਜੱਦੋ-ਜਹਿਦ ਨੂੰ ਅੱਗੇ ਵੱਲ ਲਿਜਾਣ ਲਈ ਕੋਈ ਆਈਕੋਨ ਨਹੀਂ ਸੀ ਮਿਲ ਰਿਹਾ ਅਤੇ ਉਨ੍ਹਾਂ ਨੇ ਆਪਣੀ ਸਮਝ ਮੁਤਾਬਕ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਈਕੋਨ ਮੰਨ ਲਿਆ ਪਰ ਸਿੱਖ ਨੌਜਵਾਨ ਨੇ ਸੋਸ਼ਲ ਮੀਡੀਆ ਉੱਤੇ ਬੜੀ ਦਿਲਚਸਪ ਟਿੱਪਣੀ ਕੀਤੀ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਇੱਕੋ ਝਟਕੇ ਨਾਲ ਭਗਤ ਸਿੰਘ ਨੂੰ ਡੀ-ਆਈਕੋਨਾਈਜ਼ ਕਰ ਦਿੱਤਾ ਅਤੇ ਹੁਣ ਖੱਬੇ-ਸੱਜੇ ਪੱਖੀਆਂ ਦਾ ਚੀਕ ਚਿਹਾੜਾ ਪੈ ਰਿਹਾ ਹੈ।
ਸਿੱਖ ਪੰਥ ਵਿਚ ਨਵੇਂ ਚਿੰਤਨ ਦੀ ਸਿਧਾਂਤਕ ਲਹਿਰ ਤਾਂ ਸ਼ੁਰੂ ਹੋ ਹੀ ਗਈ ਹੈ ਪਰ ਸਾਡੇ ਇਨ੍ਹਾਂ ਤਮਾਮ ਸਿੱਖ ਆਗੂਆਂ ਨੂੰ ਇਹ ਟਿੱਪਣੀਆਂ ਅਤੇ ਇਹ ਪੋਸਟਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਆਪਣੇ ਬਿਆਨਾਂ ਦੀ ਪੱਧਰ ਅਤੇ ਸਤਹ ਪਧਰ ਦੀ ਜਾਣਕਾਰੀ ਉੱਤੇ ਥੋੜ੍ਹੀ ਬਹੁਤੀ ਸੰਗ ਸ਼ਰਮ ਆ ਸਕੇ। ਅਹਿਮ ਕਿਤਾਬਾਂ ਵੀ ਪੜ੍ਹਨ ਦੀ ਲੋੜ ਹੈ ਤਾਂ ਜੋ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਅਤੇ ਉਸ ਦੌਰ ਵਿਚ ਚੱਲ ਰਹੀਆਂ ਰਾਜਨੀਤਕ ਲਹਿਰਾਂ ਅਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਬਾਰੇ ਉਹ ਆਪਣੀ ਸੁਤੰਤਰ ਰਾਇ ਬਣਾ ਸਕਣ ਪਰ ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ, ਸਮਝ ਕੇ ਅਤੇ ਮਹਿਸੂਸ ਕਰਕੇ ਜਦੋਂ ਉਹ ਕੋਈ ਬਿਆਨ ਵੀ ਦੇਣਗੇ ਅਤੇ ਉਹ ਬਿਆਨ ਭਾਵੇਂ ਸਿਮਰਨਜੀਤ ਸਿੰਘ ਮਾਨ ਦੇ ਬਿਰਤਾਂਤ ਨਾਲ ਇੱਕਸੁਰ ਨਾ ਵੀ ਹੋਵੇ ਤਾਂ ਵੀ ਇਕ ਇਕ ਉੱਚੀ ਪੱਧਰ ਦੀ ਅਸਹਿਮਤੀ ਦੇ ਜਸ਼ਨ ਨੂੰ ਸਾਂਝੀ ਥਾਂ ਅਤੇ ਮਨਾਉਣ ਦਾ ਇਕ ਮਾਹੌਲ ਤਾਂ ਤਿਆਰ ਹੋ ਹੀ ਜਾਵੇਗਾ ਪਰ ਹੁਣ ਕੀ ਹੋ ਰਿਹਾ ਹੈ? ਸਾਡੇ ਬਹੁਤੇ ਆਗੂ ਅਤੇ ਚੈਨਲ ਬੇਬੁਨਿਆਦ ਰੌਲੇ ਵਿਚ ਹੁੰਮ-ਹੁਮਾ ਕੇ ਸ਼ਾਮਲ ਹੋ ਰਹੇ ਹਨ।
ਦਿਲਚਸਪ ਸੱਚਾਈ ਇਹ ਹੈ ਕਿ ਵਿਚਾਰਾਂ ਦੀ ਗਰਾਊਂਡ ਦੇ ਬਾਹਰ ਤਾਂ ਰੌਲਾ ਪੈ ਹੀ ਰਿਹਾ ਹੈ ਪਰ ਗਰਾਊਂਡ ਦੇ ਅੰਦਰਲੇ ਖਿਡਾਰੀ ਵੀ ਰੌਲਾ ਪਾ ਰਹੇ ਹਨ।
ਮੁੱਕਦੀ ਗੱਲ ਇਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀ ਸ਼ਹੀਦ ਹਨ ਪਰ ਬਦਕਿਸਮਤੀ ਨਾਲ ਹਿੰਦੂ ਰਾਸ਼ਟਰਵਾਦ ਦੇ ਸ਼ਹੀਦ ਹਨ। ਸਿੱਖ ਕੌਮ ਦੇ ਅੰਦਰ ਉਨ੍ਹਾਂ ਨੂੰ ਸ਼ਹਾਦਤ ਦਾ ਰੁਤਬਾ ਨਹੀਂ ਦਿੱਤਾ ਜਾਵੇਗਾ। ਗਦਰ ਪਾਰਟੀ ਦੇ ਸਿੰਘ ਸਾਡੇ ਸ਼ਹੀਦ ਹਨ। ਅਕਾਲੀ ਲਹਿਰ ਦੇ ਸਾਡੇ ਸ਼ਹੀਦ ਹਨ। ਵਰਤਮਾਨ ਇਤਿਹਾਸ ਦੇ ਨਾਇਕ ਸਾਡੇ ਸ਼ਹੀਦ ਹਨ। ਦਰਬਾਰ ਸਾਹਿਬ ਵਿਚ ਭਾਰਤੀ ਫੌਜ ਦਾ ਮੁਕਾਬਲਾ ਕਰਨ ਵਾਲੇ ਸਾਡੇ ਸ਼ਹੀਦ ਹਨ। ਇੱਥੋਂ ਤਕ ਕਿ ਸਾਰਾਗੜ੍ਹੀ ਦੇ ਸ਼ਹੀਦ ਵੀ ਸਾਡੇ ਸ਼ਹੀਦਾਂ ਨੇ ਕਿਉਂਕਿ ਉਹ ਸਾਰੇ ਸਿੱਖ ਜਜ਼ਬੇ ਨੂੰ ਆਪਣੇ ਸੀਨੇ ਵਿਚ ਰੱਖ ਕੇ ਸ਼ਹੀਦ ਹੋਏ।
ਇਸੇ ਜਜ਼ਬੇ ਨੂੰ ਹੀ ਆਪਣੇ ਦਿਲ ਵਿਚ ਰੱਖ ਕੇ ਇਤਿਹਾਸ ਨੂੰ ਵੇਖਣਾ ਚਾਹੀਦਾ ਹੈ ਅਤੇ ਇਤਿਹਾਸ ਬਾਰੇ ਆਪਣਾ ਮੌਲਿਕ ਨਜ਼ਰੀਆ ਬਣਾਉਣਾ ਚਾਹੀਦਾ ਹੈ। ਖੋਜ, ਇਤਿਹਾਸ ਤੇ ਜਜ਼ਬੇ ਨਾਲ ਡੂੰਘੀ ਅਤੇ ਸਹਿਜ-ਸਾਂਝ ਪਾ ਕੇ ਹੀ ਸਿਮਰਜੀਤ ਸਿੰਘ ਮਾਨ ਦੇ ਬਿਆਨ ਨੂੰ ਸਮਝਿਆ ਜਾ ਸਕਦਾ ਹੈ। ‘ਰਖਿ ਰਖੀ ਚਰਿਨ ਧਰੇ ਵੀਚਾਰੀ’ ਦਾ ਗੁਰੂ-ਸੰਦੇਸ਼ ਸਮੁੱਚੀ ਮਾਨਵਤਾ ਲਈ ਸਾਂਝਾ ਹੈ।
ਸਿਮਰਨਜੀਤ ਸਿੰਘ ਮਾਨ ਦੀ ਸ਼ਹੀਦ ਭਗਤ ਸਿੰਘ ਬਾਰੇ ਸਿਰਜੇ ਬਿਰਤਾਂਤ ਦੀ ਆਖਿਰਕਾਰ ਵੱਡੀ ਅਤੇ ਅਕਾਦਮਿਕ ਪ੍ਰਾਪਤੀ ਕੀ ਹੈ? ਮਾਨ ਸਾਹਿਬ ਨੇ ਸ਼ਹੀਦ ਭਗਤ ਸਿੰਘ ਬਾਰੇ ਖੱਬੇ ਪੱਖੀਆਂ ਵੱਲੋਂ ਦਹਾਕਿਆਂ ਤੋਂ ਸਿਰਜੇ ਬਿਰਤਾਂਤ ਵਿਚ ਵੱਡੀ ਤਰੇੜ ਪਾ ਦਿੱਤੀ ਹੈ ਜਾਂ ਇਉਂ ਕਹਿ ਲਵੋ ਕਿ ‘ਸਥਾਪਤ ਸਮਝ’ ਨੂੰ ‘ਇਕ ਸਥਿਤੀ’ ਨੂੰ, ‘ਬਣਾਏ ਹਾਲਾਤ’ ਨੂੰ ਡੀ-ਆਈਕੋਨਾਈਜ਼ ਅਤੇ ਡਿਸਮੈਂਟਲ ਕਰ ਦਿੱਤਾ ਅਤੇ ‘ਫਾਰ ਰਾਈਟ ਅਤੇ ਫਾਰ ਲੈਫਟ’ ਦੇ ਹਲਕਿਆਂ ਨੂੰ ਬਹਿਸ ਲਈ ਸੱਦਾ ਦਿੱਤਾ ਹੈ। ਹੁਣ ਜੇ ਇੱਕ ਧਿਰ ਦੇ ਆਰਟੀਕਲਾਂ ਦੀ ਭਰਮਾਰ ਹੋਵੇਗੀ ਤਾਂ ਦੂਜੀ ਧਿਰ ਕੋਲ ਵੀ ਜਵਾਬ ਦੇਣ ਲਈ ਵੱਡੇ ਤਰਕ ਅਤੇ ਸਵਾਲ ਹੋਣਗੇ। ਇਸ ਨਾਲ ਡਾਇਸਪੋਰਾ ਵਿਚ ਵੀ ਬਹਿਸ ਛਿੜ ਸਕਦੀ ਹੈ। ਇਹੋ ਬਹਿਸ ਇਹ ਨਿਬੇੜਾ ਵੀ ਕਰੇਗੀ ਕਿ ਕਿਹੜੇ ਹੁੰਦੇ ਹਨ ਡੂੰਘੀਆਂ ਜੜ੍ਹਾਂ ਵਾਲੇ ਦਰੱਖਤ ਅਤੇ ਉਨ੍ਹਾਂ ਦਰਖਤਾਂ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ?