ਅਨੁ. ਹਰਪਾਲ ਸਿੰਘ ਪੰਨੂ
ਫੋਨ: 94642-51454
ਨੋਬੇਲ ਇਨਾਮ ਜੇਤੂ ਚੀਨੀ ਲਿਖਾਰੀ ਮੋ ਯਾਂ ਦੀਆਂ ਰਚਨਾਵਾਂ ਸੱਚ ਅਤੇ ਇਨਸਾਫ ਦੀ ਸਾਖੀ ਸੁਣਾਉਂਦੀਆਂ ਹਨ। ਇਹ ਲਿਖਤ ਨੋਬੇਲ ਇਨਾਮ ਮਿਲਣ ਮੌਕੇ ਉਸ ਦੀ ਕੀਤੀ ਤਕਰੀਰ ਹੈ ਜਿਸ ਦਾ ਅਨੁਵਾਦ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਪੋ੍ਰ. ਹਰਪਾਲ ਸਿੰਘ ਪੰਨੂ ਨੇ ਘੱਲਿਆ ਹੈ। ਮੋ ਯਾਂ 21 ਸਾਲ ਦੀ ਉਮਰ ਤੱਕ ਕਦੇ ਪਿੰਡੋਂ ਬਾਹਰ ਨਹੀਂ ਸੀ ਨਿਕਲਿਆ ਪਰ ਜਦੋਂ ਰੋਟੀ-ਰੋਜ਼ੀ ਲਈ ਸ਼ਹਿਰ ਗਿਆ ਤਾਂ ਉਥੇ ਆਰਾ ਮਿੱਲ ਦੀਆਂ ਲੱਕੜਾਂ ਵਿਚ ਹੀ ਗੁਆਚ ਗਿਆ। ਇਸ ਲੇਖ ਵਿਚ ਅਜਿਹੇ ਬਹੁਤ ਸਾਰੇ ਦਿਲਚਸਪ ਅਤੇ ਮਾਰਮਿਕ ਵੇਰਵੇ ਹਨ ਜੋ ਹਰ ਸਾਧਾਰਨ ਸ਼ਖਸ ਆਪਣੇ ਤਨ-ਮਨ ‘ਤੇ ਹੰਢਾਉਂਦਾ ਹੈ। ਇਸੇ ਕਰਕੇ ਮੋ ਯਾਂ ਦੀਆਂ ਗੱਲਾਂ ਸਭ ਨੂੰ ਆਪਣੀਆਂ ਲੱਗਦੀਆਂ ਹਨ।
ਚੀਨੀ ਲੇਖਕ ਮੋ ਯਾਂ ਨੂੰ ਉੱਤਮ ਕਹਾਣੀਕਾਰ ਮੰਨਦਿਆਂ ਸਵਿੱਸ ਅਕਾਦਮੀ ਨੇ ਨੋਬੇਲ ਇਨਾਮ ਨਾਲ ਸਨਮਾਨਿਆ। 7 ਦਸੰਬਰ, 2012 ਨੂੰ ਸਟਾਕਹਾਮ ਵਿਚ ਸ਼ੁਕਰਾਨੇ ਵਜੋਂ ਤਕਰੀਰ ਕਰਦਿਆਂ ਜੋ ਸਿੱਧੇ-ਸਾਦੇ ਲਫਜ਼ ਉਸ ਨੇ ਕਹੇ, ਮੇਰਾ ਦਿਲ ਕੀਤਾ ਪੰਜਾਬੀ ਪਾਠਕਾਂ ਤਕ ਪਹੁੰਚਾ ਦਿਆਂ। ਨੋਬੇਲ ਫਾਊਂਡੇਸ਼ਨ ਨੇ ਇਸ ਨੂੰ ਅਨੁਵਾਦ ਕਰਨ ਦੀ ਪ੍ਰਵਾਨਗੀ ਦਿੱਤੀ, ਸ਼ੁਕਰਾਨਾ।
‘ਸਵੀਡਿਸ਼ ਅਕਾਦਮੀ ਦੇ ਮਾਣਯੋਗ ਸੱਜਣ ਸੱਜਣੀਓ, ਇੰਟਰਨੈਟ ਨੇ ਕੰਮ ਏਨਾ ਸੁਖਾਲਾ ਕਰ ਦਿੱਤਾ, ਸ਼ਾਇਦ ਤੁਸੀਂ ਜਾਣ ਲਿਆ ਹੋਵੇਗਾ ਮੇਰਾ ਗੌਮੀ ਪਿੰਡ ਕਿੱਥੇ ਹੈ। ਤੁਸੀਂ ਮੇਰਾ 90 ਸਾਲ ਦਾ ਪਿਤਾ, ਭਰਾ, ਭੈਣ, ਪਤਨੀ, ਧੀ ਤੇ ਸਵਾ ਸਾਲ ਦੀ ਦੋਹਤੀ ਦੀਆਂ ਫੋਟੋਆਂ ਵੀ ਦੇਖੀਆਂ ਹੋਣਗੀਆਂ। ਇਕ ਜੀਅ ਜਿਹੜਾ ਗੈਰ-ਹਾਜ਼ਰ ਹੈ, ਮੇਰੀ ਮਾਂ ਹੈ। ਜਿਸਦੀ ਹਾਜ਼ਰੀ ਸਭ ਤੋਂ ਵਧੀਕ ਜ਼ਰੂਰੀ, ਉਹੀ ਗੈਰਹਾਜ਼ਰ। ਮੈਨੂੰ ਇਨਾਮ ਮਿਲਿਆ ਜਾਣ ਕੇ ਸਾਰੇ ਖੁਸ਼ ਹੋਏ। ਮਾਂ ਇਸ ਵੇਲੇ ਨਹੀਂ ਰਹੀ ਸੋ ਜਸ਼ਨ ਤੋਂ ਮਹਿਰੂਮ ਰਹੀ।
1922 ਵਿਚ ਜਨਮ ਅਤੇ 1994 ਵਿਚ ਮਾਂ ਦਾ ਦੇਹਾਂਤ ਹੋਇਆ। ਪਿੰਡ ਵਿਚ ਆੜੂਆਂ ਦੇ ਬਾਗ ਵਿਚ ਦਫਨਾ ਦਿੱਤੀ। ਪਿਛਲੇ ਸਾਲ ਐਲਾਨ ਹੋਇਆ ਇੱਥੋਂ ਦੀ ਰੇਲ ਲਾਈਨ ਲੰਘੇਗੀ, ਸੋ ਆਪੋ ਆਪਣੇ ਮੁਰਦਿਆਂ ਦਾ ਕਿਧਰੇ ਹੋਰ ਬੰਦੋਬਸਤ ਕਰੋ। ਅਸੀਂ ਕਬਰ ਪੁੱਟੀ, ਵਿਚ ਕੁਝ ਨਹੀਂ ਲੱਭਿਆ, ਮਿੱਟੀ ਨਾਲ ਮਿੱਟੀ ਹੋ ਗਈ। ਅਸੀਂ ਥੋੜੀ ਕੁ ਮਿੱਟੀ ਇੱਥੋਂ ਕੱਢ ਕੇ ਦੂਰ ਟੋਆ ਪੁੱਟ ਕੇ ਦੱਬ ਦਿੱਤੀ। ਕਹਾਣੀ ਸੁਣਾਉਂਦਿਆਂ ਲਿਖਤਾਂ ਵਿਚ ਜਦ ਮੈਨੂੰ ਧਰਤੀ ਨਾਲ ਗੱਲਾਂ ਕਰਦਾ ਦੇਖੋ, ਸਮਝ ਜਾਣਾ ਮਾਂ ਨਾਲ ਗੱਲਾਂ ਕੀਤੀਆਂ।
ਸਾਰਿਆਂ ਤੋਂ ਛੋਟਾ ਸਾਂ। ਸਭ ਤੋਂ ਪਹਿਲੀ ਘਟਨਾ ਜਿਹੜੀ ਮੈਨੂੰ ਯਾਦ ਹੈ, ਪਾਣੀ ਭਰਨ ਗਿਆ, ਮਟਕੀ ਟੁੱਟ ਗਈ। ਖਾਣਾ ਘੱਟ ਮਿਲਣ ਕਰਕੇ ਕਮਜ਼ੋਰੀ ਕਾਰਨ ਚੱਕਰ ਖਾ ਕੇ ਡਿੱਗ ਪਿਆ। ਮਾਂ ਮਾਰੇਗੀ, ਘੱਟੋ-ਘੱਟ ਝਿੜਕੇਗੀ ਜ਼ਰੂਰ, ਮੈਂ ਡਰ ਕੇ ਬਾਜਰੇ ਦੇ ਛੌਰ ਵਿਚ ਲੁਕ ਗਿਆ, ਸਾਰਾ ਦਿਨ ਨਾ ਨਿਕਲਿਆ। ਸ਼ਾਮ ਪਈ, ਮਾਂ ਨੇ ਮੇਰਾ ਛੋਟਾ ਨਾਮ ਲੈ ਕੇ ਵਾਜਾਂ ਮਾਰੀਆਂ, ਸਹਿਮਿਆ ਹੋਇਆ ਬਾਹਰ ਨਿਕਲਿਆ ਤੇ ਨੀਵੀਂ ਪਾ ਕੇ ਮਾਰ ਖਾਣ ਲਈ ਤਿਆਰ ਹੋ ਗਿਆ। ਨਾ ਮਾਰਿਆ, ਨਾ ਝਿੜਕਿਆ, ਮੇਰਾ ਸਿਰ ਪਲੋਸਿਆ, ਹਉਕਾ ਲਿਆ ਬਸ।
ਗਰੀਬ ਬੰਦੇ ਅਕਸਰ ਕਣਕ ਦੀਆਂ ਅਧਪੱਕੀਆਂ ਬੱਲੀਆਂ ਮਾਲਕ ਦੇ ਖੇਤ ਵਿਚੋਂ ਚੋਰੀ ਕਰ ਕੇ ਹੋਲ਼ਾਂ ਭੁੰਨ ਕੇ ਖਾਂਦੇ। ਬਾਕੀਆਂ ਨਾਲ ਮਾਂ ਵੀ ਸੀ। ਚੌਕੀਦਾਰ ਦੇਖ ਕੇ ਬਾਕੀ ਸਭ ਭੱਜ ਗਏ। ਡੁੱਡੇ ਪੈਰਾਂ ਕਾਰਨ ਮਾਂ ਦੌੜ ਨਾ ਸਕੀ। ਕਦਾਵਰ ਮੁਸ਼ਟੰਡੇ ਨੇ ਏਨਾ ਜ਼ੋਰ ਦੀ ਘਸੁੰਨ ਮਾਰਿਆ, ਬੁੱਲ੍ਹ ਫਟ ਗਿਆ, ਖੂਨ ਵਗਿਆ, ਮਾਂ ਦਾ ਲਾਚਾਰ ਮੂੰਹ ਦੇਖਿਆ।
ਮੁੱਦਤ ਬਾਅਦ ਮੈਂ ਅਤੇ ਮਾਂ ਬਾਜ਼ਾਰ ਗਏ, ਚੌਕੀਦਾਰ ਦਿਸਿਆ, ਵਾਲ ਸਫੈਦ ਹੋ ਗਏ ਸਨ। ਮੈਨੂੰ ਗੁੱਸਾ ਚੜ੍ਹ ਗਿਆ, ਮੈਂ ਉਸ ਵਲ ਜਾਣ ਲੱਗਾ ਤਾਂ ਮਾਂ ਨੇ ਮੇਰਾ ਹੱਥ ਫੜ ਲਿਆ, ਕਿਹਾ, ‘ਇਹ ਉਹ ਆਦਮੀ ਨਹੀਂ ਪੁੱਤਰ। ਜਿਸ ਨੇ ਮੇਰੇ ਥੱਪੜ ਮਾਰਿਆ ਉਹ ਕੋਈ ਹੋਰ ਸੀ। ਹੁਣ ਮੈਂ ਵੀ ਤਾਂ ਕੋਈ ਹੋਰ ਆਂ।’
ਪੂਰਨਮਾਸ਼ੀ ਦਾ ਤਿਉਹਾਰ ਮੇਰੀ ਯਾਦ ਵਿਚ ਮੌਜੂਦ ਹੈ। ਸਾਰਿਆਂ ਨੂੰ ਇਕ ਇਕ ਕਟੋਰਾ ਖੀਰ ਦਾ ਮਿਲਦਾ, ਆਮ ਦਿਨੀਂ ਉਬਲੇ ਆਲੂ ਖਾਂਦੇ। ਮੰਗਤਾ ਦਰਵਾਜ਼ੇ ਵਿਚ ਆ ਖਲੋਤਾ। ਮੈਂ ਆਲੂ ਦੇਣ ਗਿਆ ਤਾਂ ਗੁੱਸੇ ਨਾਲ ਬੋਲਿਆ, ‘ਆਪ ਖੀਰ ਖਾਉ ਤੇ ਮੈਨੂੰ ਆਲੂ’? ਮੈਂ ਕਿਹਾ- ‘ਲਿਜਾਣੇ ਨੇ ਲੈ ਜਾ ਨਹੀਂ ਦਫਾ ਹੋ। ਮਾਂ ਉਠੀ, ਜਿਹੜਾ ਆਪਣੇ ਖਾਣ ਲਈ ਰੱਖਿਆ ਸੀ ਉਸ ਕਟੋਰੇ ਵਿਚੋਂ ਅੱਧੀ ਖੀਰ ਮੰਗਤੇ ਦੇ ਕਟੋਰੇ ਵਿਚ ਪਾ ਦਿੱਤੀ।
ਭੁੱਖ, ਗਰੀਬੀ, ਫੇਫੜਿਆਂ ਦੀ ਬਿਮਾਰੀ ਕਾਰਨ ਕਮਜ਼ੋਰ ਹੋ ਗਈ ਸੀ। ਪੰਦਰਾਂ ਸੋਲਾਂ ਸਾਲ ਦਾ ਹੋ ਗਿਆ ਸਾਂ, ਮੈਂ ਜਦੋਂ ਘਰ ਆਉਂਦਾ, ਸਭ ਤੋਂ ਪਹਿਲਾਂ ਮਾਂ ਨੂੰ ਵਾਜ ਮਾਰਦਾ। ਡਰ ਲੱਗਿਆ ਰਹਿੰਦਾ ਕਿਤੇ ਮਰ ਤਾਂ ਨਹੀਂ ਗਈ। ਇਕ ਸ਼ਾਮ ਘਰ ਆਇਆ, ਵਾਜਾਂ ਮਾਰੀਆਂ, ਦੋ-ਤਿੰਨ ਥਾਂ ਦੌੜ ਕੇ ਗਿਆ, ਕਿਤੇ ਨਾ ਦਿਸੀ। ਉਚੀ ਉਚੀ ਰੋਣ ਲੱਗ ਗਿਆ। ਆਪਣੀ ਪਿੱਠ ਉਤੇ ਲੱਕੜਾਂ ਲੱਦੀ ਆਈ, ਲੱਕੜਾਂ ਸੁੱਟ ਕੇ ਮੈਨੂੰ ਜੱਫੀ ਵਿਚ ਲੈ ਕੇ ਕਿਹਾ- ‘ਮੈਂ ਨੀਂ ਕਿਤੇ ਜਾਂਦੀ ਤੈਨੂੰ ਛੱਡ ਕੇ’।
ਸਾਰੇ ਟੱਬਰ ਵਿਚੋਂ ਬਦਸ਼ਕਲ ਮੈਂ ਸਾਂ। ਸਾਰੇ ਜਣੇ ਮੇਰੇ `ਤੇ ਹੱਸਦੇ। ਮਾਂ ਕਿਹਾ ਕਰਦੀ- ਕਿਉਂ? ਤੇਰੇ ਨੱਕ, ਕੰਨ, ਅੱਖਾਂ, ਲੱਤਾਂ, ਬਾਹਾਂ ਸਭ ਠੀਕ ਤਾਂ ਹਨ। ਚੰਗੇ ਕੰਮ ਕਰੇਂਗਾ ਸਭ ਨੂੰ ਤੇਰੀ ਸ਼ਕਲ ਪਿਆਰੀ ਲੱਗੇਗੀ।
ਪੰਜਵੀ ਪਾਸ ਕਰ ਕੇ ਹਟ ਗਿਆ। ਅਗਲੇ ਡੰਗ ਖਾਣ ਨੂੰ ਕੁਝ ਮਿਲੇਗਾ ਪਤਾ ਨਹੀਂ, ਪਰ ਕਿਤਾਬ ਖਰੀਦਣ ਲਈ ਮਾਂ ਤੋਂ ਪੈਸੇ ਮੰਗਦਾ, ਨਾਂਹ ਨਾ ਕਰਦੀ। ਅਨਪੜ੍ਹ ਮਾਂ ਪੜ੍ਹੇ ਲਿਖਿਆਂ ਦਾ ਪੂਰਾ ਆਦਰ ਕਰਦੀ। ਜਦੋਂ ਮੈਂ ਕਿਤਾਬ ਵਿਚ ਸਿਰ ਘਸੋਇਆ ਹੁੰਦਾ, ਮੈਨੂੰ ਕੰਮ ਕਰਨ ਲਈ ਵਾਜ ਨਾ ਮਾਰਦੀ। ਇਕ ਵਾਰ ਇਕ ਕਥਾ-ਵਾਚਕ ਪਿੰਡ ਆਇਆ, ਅੱਖ ਬਚਾ ਕੇ ਮੈਂ ਵੀ ਚਲਾ ਗਿਆ। ਕਥਾ ਸੁਣ ਕੇ ਘਰ ਆਇਆ ਤਾਂ ਦੀਵੇ ਨੇੜੇ ਬੈਠੀ ਉਹ ਸਾਡੇ ਕੱਪੜਿਆਂ ਨੂੰ ਟਾਕੀਆਂ ਲਾ ਰਹੀ ਸੀ। ਜੋ ਸੁਣ ਕੇ ਆਇਆ, ਮਾਂ ਨੂੰ ਸਾਰਾ ਪਾਠ ਸੁਣਾ ਦਿੱਤਾ। ਜੋ ਸੁਣਦਾ, ਉਹ ਘਰ ਆ ਕੇ ਸੁਣਾਉਂਦਾ, ਮੈਨੂੰ ਕਹਾਣੀ ਸੁਣਾਉਣ ਦਾ ਤਰੀਕਾ ਆ ਗਿਆ। ਗੁਆਂਢੀ ਵੀ ਸੁਣਨ ਲੱਗ ਜਾਂਦੇ। ਮਾਂ ਖੁਸ਼ ਹੁੰਦੀ ਪਰ ਕਿਹਾ ਕਰਦੀ- ਕਹਾਣੀਆਂ ਰੋਟੀ ਨੀ ਦਿੰਦੀਆਂ।
ਅਖਾਣ ਹੈ- ਦਰਿਆ ਦਾ ਵਹਿਣ ਬਦਲਾਣਾ ਸੌਖਾ, ਬੰਦੇ ਦਾ ਸੁਭਾਅ ਬਦਲਣਾ ਔਖਾ। ਮੇਰੇ ਨਾਮ ਮੋ ਯਾਂ ਦਾ ਅਰਥ ਹੈ- ਚੁਪ ਰਹਿ। ਮੇਰਾ ਨਾਮ ਮੇਰੇ ਸੁਭਾਅ ਦੇ ਐਨ ਉਲਟ ਹੈ। ਪੜ੍ਹਨੋਂ ਹਟਿਆ ਤਾਂ ਪਸ਼ੂ ਚਾਰਨ ਲੱਗਾ। ਕਹਾਣੀਆਂ ਵਿਚ ਸੁਣਿਆ ਸੀ ਜੰਗਲ ਵਿਚ ਲੂੰਬੜਾਂ ਹੁੰਦੀਆਂ ਨੇ ਜੋ ਰੂਪ ਵਟਾ ਕੇ ਪਰੀਆਂ ਬਣ ਜਾਂਦੀਆਂ ਨੇ। ਪਰੀਆਂ ਮੁੰਡਿਆਂ ਦੀਆਂ ਸਹੇਲੀਆਂ ਬਣ ਕੇ ਨਾਲ ਪਸ਼ੂ ਚਾਰਦੀਆਂ ਨੇ ਨਾਲੇ ਗੀਤ ਗਾਉਂਦੀਆਂ ਨੇ। ਇਕ ਦਿਨ ਜੰਗਲ ਕਿਨਾਰੇ ਪਸ਼ੂ ਚਾਰ ਰਿਹਾ ਸਾਂ ਕਿ ਭੱਜੀ ਆਉਂਦੀ ਲਾਲ ਗੁਸੈਲੀ ਲੂੰਬੜ ਮੇਰੇ ਉਪਰ ਦੀ ਛਾਲ ਮਾਰ ਕੇ ਲੰਘ ਗਈ, ਮੈਂ ਦੇਰ ਤਕ ਕੰਬਦਾ ਰਿਹਾ।
ਪਸ਼ੂ ਚਰਦੇ ਰਹਿੰਦੇ, ਦੂਰ ਤੱਕ ਫੈਲੇ ਘਾਹ ਅਤੇ ਨੀਲੇ ਆਕਾਸ਼ ਵੱਲ ਦੇਰ ਤਕ ਦੇਖਦਾ ਰਹਿੰਦਾ। ਮਨੁੱਖਾਂ ਦੀਆਂ ਨਹੀਂ, ਪਸ਼ੂਆਂ ਪੰਛੀਆਂ ਦੀਆਂ ਆਵਾਜ਼ਾਂ ਸੁਣਦਾ, ਪੰਛੀਆਂ ਦੇ ਬੋਲਾਂ ਦੀ ਨਕਲ ਕਰਦਾ ਰਹਿੰਦਾ। ਪੰਛੀਆਂ ਅਤੇ ਰੁੱਖਾਂ ਨਾਲ ਗੱਲਾਂ ਕਰਦਾ। ਉਹ ਮੈਨੂੰ ਸੁਣਦੇ ਈ ਨਾ। ਜਦੋਂ ਮੇਰੇ ਨਾਵਲ ਛਪਣ ਲੱਗੇ ਤਾਂ ਪਾਠਕ, ਆਲੋਚਕ ਪੁੱਛਦੇ- ਅਜਿਹੇ ਵਚਿੱਤਰ ਨਜ਼ਾਰੇ ਤੈਨੂੰ ਕਿਵੇਂ ਸੁਝਦੇ ਨੇ? ਮੈਂ ਕੀ ਦੱਸਾਂ, ਹੱਸ ਪੈਨਾ।
ਸਕੂਲੋਂ ਹਟਿਆਂ ਜੀਵਨ ਦੀ ਕਿਤਾਬ ਪੜ੍ਹਨ ਲੱਗਾ। ਬਚਪਨ ਵਿਚ ਕਥਾਵਾਚਕ ਤੋਂ ਸੁਣੇ ਬੋਲ ਇਸ ਕਿਤਾਬ ਦਾ ਪਹਿਲਾ ਵਰਕਾ ਹੈ। ਕਹਾਣੀਆਂ ਸੁਣ ਕੇ ਸੁਣਾਉਣੀਆਂ ਮੇਰਾ ਨਿੱਤ ਦਿਨ ਦਾ ਕੰਮ ਸੀ, ਮੈਂ ਆਪਣੇ ਆਪ ਕਦੀ ਕਹਾਣੀਆਂ ਘੜ ਲਿਆ ਕਰਾਂਗਾ ਇਹ ਨਹੀਂ ਪਤਾ ਸੀ। ਮੰਨੋ, ਮੈਂ ਬਚਪਨ ਤੋਂ ਹੀ ਧਾਰਮਿਕ ਹਾਂ ਕਿਉਂਕਿ ਮੈਨੂੰ ਹਰੇਕ ਦਿਸਦੀ ਚੀਜ਼ ਵਿਚ ਰੂਹ ਦਿਸਦੀ ਤੇ ਮੈਨੂੰ ਲਗਦਾ ਚਮਤਕਾਰ ਹੋਇਆ ਕਰਦੇ ਹਨ। ਬਹੁਤ ਬੁੱਢੇ ਦਰਖ਼ਤ ਕੋਲੋਂ ਦੀ ਲੰਘਦਾ ਤਾਂ ਉਸ ਨੂੰ ਮੱਥਾ ਟੇਕ ਦਿੰਦਾ। ਪੰਛੀ ਨੂੰ ਦੇਖ ਕੇ ਸੋਚਦਾ- ਜਦੋਂ ਚਾਹੇ ਇਹ ਮਨੁੱਖ ਬਣ ਸਕਦੈ, ਅਜਨਬੀ ਨੂੰ ਦੇਖ ਕੇ ਸੋਚਦਾ- ਇਹ ਜਾਨਵਰ ਹੁਣੇ ਬੰਦਾ ਬਣਿਐਂ। ਰਾਤ ਦੇ ਹਨੇਰੇ ਵਿਚ ਮੇਰੀ ਕਲਪਨਾ ਮੈਨੂੰ ਡਰਾਉਣ ਲੱਗਦੀ ਤਾਂ ਮੈਂ ਉਚੀ ਉਚੀ ਗੀਤ ਗਾਉਣ ਲੱਗਦਾ। ਮੇਰੀ ਖਰ੍ਹਵੀ ਆਵਾਜ਼ ਲੋਕਾਂ ਨੂੰ ਬੁਰੀ ਲਗਦੀ।
21 ਸਾਲ ਦੀ ਉਮਰ ਤੱਕ ਪਿੰਡੋਂ ਬਾਹਰ ਨਹੀਂ ਗਿਆ। ਪਹਿਲੀ ਵਾਰ ਰੇਲ `ਤੇ ਸਵਾਰ ਹੋ ਕੇ ਕੰਮ ਦੀ ਤਲਾਸ਼ ਵਿਚ ਕਿੰਦੋ ਸ਼ਹਿਰ ਗਿਆ, ਆਰਾ ਮਿੱਲ ਦੀਆਂ ਲੱਕੜਾਂ ਵਿਚ ਮੈਂ ਗੁੰਮ ਹੀ ਹੋ ਗਿਆ। ਪਿੰਡ ਆਇਆ, ਮਾਂ ਨੇ ਪੁੱਛਿਆ- ਸ਼ਹਿਰ ਵਿਚ ਕੀ ਕੀ ਦੇਖਿਆ? ਮੈਂ ਕਿਹਾ- ਲੱਕੜਾਂ ਦੇ ਪਹਾੜ।
ਫਰਵਰੀ 1976 ਵਿਚ ਫੌਜ ਵਿਚ ਸਿਪਾਹੀ ਭਰਤੀ ਹੋ ਗਿਆ। ਪਤਾ ਲੱਗਾ, ਦੂਰ ਉੱਤਰ ਵੱਲ ਜਾਣਾ ਪਏਗਾ। ਮਾਂ ਨੂੰ ਕਿਹਾ- ਕਿਤਾਬਾਂ ਬਿਨਾ ਮੇਰਾ ਸਮਾਂ ਨੀਂ ਲੰਘਣਾ। ਮਾਂ ਨੇ ਆਪਣਾ ਆਖਰੀ ਗਹਿਣਾ ਵੇਚ ਕੇ ਪੈਸੇ ਦਿੱਤੇ ਤਾਂ ਚਾਰ ਜਿਲਦਾਂ ਵਿਚ ਚੀਨ ਦਾ ਇਤਿਹਾਸ ਖਰੀਦ ਗੱਡੀ `ਤੇ ਸਵਾਰ ਹੋ ਗਿਆ। ਜੇ ਕਿਤੇ ਚੀਨ ਆਪਣੇ ਦਰਵਾਜ਼ੇ ਬਾਹਰਲੇ ਦੇਸਾਂ ਵੱਲ ਨਾ ਖੋਲ੍ਹਦਾ, ਮੈਂ ਲੇਖਕ ਨਾ ਹੰੁਦਾ। ਮੈਂ ਵਿਦੇਸ਼ੀ ਲੇਖਕਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਾ ਮੈਂ ਪੰਜਵੀਂ ਪਾਸ ਅਵਾਰਾ ਛੋਕਰਾ ਅਨਪੜ੍ਹ ਨਹੀਂ। ਪਿੰਡ ਵਿਚ ਬਿਤਾਏ ਵੀਹ ਵਰ੍ਹੇ ਵੱਖਰੀ ਕਿਸਮ ਦੀ ਵਿੱਦਿਆ ਸੀ ਜਿਹੜੀ ਸਕੂਲੋਂ ਨਾ ਮਿਲਦੀ। ਮੈਂ ਸੋਚਿਆ ਕਰਦਾ ਜਿਹੜੇ ਲੋਕ ਮਹਾਨ ਹੁੰਦੇ ਨੇ, ਨੇਕ ਹੁੰਦੇ ਨੇ, ਬਸ ਉਨ੍ਹਾਂ ਦੀਆਂ ਕਹਾਣੀਆਂ ਹੋਇਆ ਕਰਦੀਆਂ ਨੇ। ਇਸੇ ਕਰਕੇ ਮੇਰੀਆਂ ਪਹਿਲੀਆਂ ਕਹਾਣੀਆਂ ਬੇਸੁਆਦੀਆਂ ਨੇ।
1984 ਵਿਚ ਮੈਨੂੰ ਸਾਹਿਤ ਮਹਿਕਮੇ ਨੇ ਮੈਂਬਰ ਬਣਾ ਲਿਆ ਜਿੱਥੇ ਪ੍ਰਸਿੱਧ ਲੇਖਕ ਜ਼ੂ ਹੂਜੋਂਗ ਨੇ ਮੇਰੀ ਨਿਗਰਾਨੀ ਸ਼ੁਰੂ ਕੀਤੀ। ਜਿਵੇਂ ਬੇਜ਼ਮੀਨਾ ਕਿਸਾਨ ਆਪਣੇ ਲਈ ਵਾਹੀ ਯੋਗ ਜ਼ਮੀਨ ਦਾ ਟੁਕੜਾ ਹਾਸਲ ਕਰਨਾ ਚਾਹੇ, ਮੈਂ ਸਾਹਿਤ ਦੀ ਜ਼ਮੀਨ ਵਿਚ ਆਪਣਾ ਰਕਬਾ ਲੱਭਣ ਲੱਗਾ ਜਿੱਥੇ ਬਸ ਮੇਰੀ ਮਾਲਕੀ ਹੋਵੇ। ਅਮਰੀਕਣ ਨਾਵਲਕਾਰ ਵਿਲੀਅਮ ਫਾਕਨਰ ਅਤੇ ਕੋਲੰਬੀਅਨ ਜਬਰੀਲ ਗਾਰਸ਼ੀਆ ਮੇਰੇ ਪ੍ਰੇਰਨਾ ਸਰੋਤ ਹੋ ਗਏ। ਸੁਖੀ ਜੀਵਨ ਬਿਤਾਉਣ ਲਈ ਨਿਮਰਤਾ ਹੋਣੀ ਅਤੇ ਸਮਝੌਤਾ ਕਰਨਾ ਜ਼ਰੂਰੀ ਹੈ ਪਰ ਸਿਰਜਣਾਤਮਕ ਸਾਹਿਤ ਵਿਚ ਆਤਮ ਵਿਸ਼ਵਾਸ ਨਾਲ ਆਪਣਾ ਰਸਤਾ ਤੈਅ ਕਰਨਾ ਹੁੰਦਾ ਹੈ। ਇਥੇ ਰਾਜ਼ੀਨਾਵਾਂ ਨਹੀਂ ਚੱਲਦਾ। ਦੋ ਸਾਲ ਮੈਂ ਇਨ੍ਹਾਂ ਲੇਖਕਾਂ ਦਾ ਪਿਛਲੱਗ ਬਣਿਆ ਰਿਹਾ। ਫਿਰ ਮੈਨੂੰ ਅਕਲ ਆਈ ਕਿ ਇਹ ਤਾਂ ਦੋ ਭੱਠੇ ਨੇ ਤੇ ਮੈਂ ਬਰਫ ਦੀ ਸੇਲੀ। ਇਨ੍ਹਾਂ ਤੋਂ ਪਰੇ ਨਾ ਹਟਿਆ ਤਾਂ ਭਾਫ ਬਣ ਕੇ ਉਡ ਜਾਵਾਂਗਾ।
ਮੇਰੀਆਂ ਮੁੱਢਲੀਆਂ ਕਹਾਣੀਆਂ ਉਸ ਤਰ੍ਹਾਂ ਦੀਆਂ ਹਨ ਜਿਸ ਤਰ੍ਹਾਂ ਮੈਂ ਆਪਣੇ ਪਰਿਵਾਰ ਅਤੇ ਗਵਾਂਢੀਆਂ ਨੂੰ ਸੁਣਾਇਆ ਕਰਦਾ ਸਾਂ। ‘ਸੁੱਕੀ ਨਦੀ’ ਅਤੇ ‘ਪਾਰਦਰਸ਼ੀ ਗਾਜਰ’ ਇਸੇ ਤਰ੍ਹਾਂ ਦੀਆਂ ਕਹਾਣੀਆਂ ਹਨ। ਫਿਰ ਮੈਂ ਜਾਣਿਆ ਕਿ ਹੱਡ-ਬੀਤੀ ਚਾਹੇ ਕਿੰਨੀ ਅਦਭੁਤ ਹੋਵੇ ਤਾਂ ਵੀ ਕਲਪਨਾ ਦੀ ਲੋੜ ਪਏਗੀ। ਫੋਟੋਗ੍ਰਾਫੀ ਨਹੀਂ ਕਰਨੀ, ਕਹਾਣੀ ਲਿਖਣੀ ਹੈ। ਲੇਖਕ ਜਿੰਨੇ ਮਰਜ਼ੀ ਪਾਤਰ ਘੜੇ, ਉਨ੍ਹਾਂ ਵਿਚੋਂ ਇਕ ਸਭ ਤੋਂ ਉਚੀ ਥਾਂ `ਤੇ ਰਹਿੰਦਾ ਹੈ। ਪਾਰਦਰਸ਼ੀ ਗਾਜਰ ਵਿਚਲਾ ਗੰੁਗਾ ਮੁੰਡਾ ਸਬਰ ਸ਼ੁਕਰ ਕਰ ਕੇ ਜੀਵਨ ਦੇ ਦੁੱਖ ਝੱਲਦਾ ਹੈ।
ਆਪਣੇ ਤਜਰਬੇ ਮੁੱਕ ਜਾਣ ਤਾਂ ਹੋਰਨਾਂ ਦੇ ਸਰੋਤੇ ਬਣੇ ਰਹੋ। ਦਾਦੀ-ਨਾਨੀ ਤੋਂ ਲੈ ਕੇ ਦੋਹਤੀ ਤਕ ਮੈਂ ਸਭ ਦੀਆਂ ਕਹਾਣੀਆਂ ਲਿਖੀਆਂ ਕਿਉਂਕਿ ਮੈਂ ਇਨ੍ਹਾਂ ਦਾ ਸਰੋਤਾ ਸਾਂ। ਮੇਰੇ ਆਖਰੀ ਨਾਵਲ ‘ਡੱਡੂ’ ਦੀ ਨਾਇਕਾ ਮੇਰੀ ਚਾਚੀ ਹੈ। ਜਦੋਂ ਨੋਬੇਲ ਇਨਾਮ ਦੀ ਖਬਰ ਪਿੰਡ ਵਿਚ ਪੁੱਜੀ, ਪੱਤਰਕਾਰ ਤੇ ਟੀਵੀ ਵਾਲੇ ਕੈਮਰੇ ਲੈ ਕੇ ਚਾਚੀ ਦੇ ਘਰ ਚਲੇ ਗਏ। ਉਹ ਅੱਖ ਬਚਾ ਕੇ ਭੱਜ ਗਈ ਤੇ ਗੱਡੀ ਚੜ੍ਹ ਕੇ ਸਾਹ ਲਿਆ। ਮੇਰੀ ਚਾਚੀ ਦਿਆਲੂ ਔਰਤ ਹੈ ਪਰ ਨਾਵਲ ਵਿਚ ਮੈਂ ਉਸ ਨੂੰ ਬੁਰੀ ਦਿਖਾ ਦਿੱਤਾ ਤਾਂ ਵੀ ਉਹ ਨਾਰਾਜ਼ ਨਹੀਂ ਹੋਈ। ਫਿਰ ਆਪਣੀ ਮ੍ਰਿਤਕ ਮਾਂ ਨੂੰ ਕੇਂਦਰ ਵਿਚ ਰੱਖ ਕੇ ਜਦੋਂ ਨਾਵਲ ਲਿਖਣ ਲੱਗਾ ਤਾਂ ਏਨਾ ਜਜ਼ਬਾਤੀ ਹੋ ਗਿਆ ਕਿ ਪੰਜ ਲੱਖ ਲਫਜ਼ 83 ਦਿਨਾਂ ਵਿਚ ਲਿਖ ਦਿੱਤੇ। ਇਸ ਨਾਵਲ ਵਿਚੋਂ ਤੁਸੀਂ ਚੀਨ ਦੀ ਨਹੀਂ, ਜਹਾਨ ਦੀ ਹਰੇਕ ਮਾਂ ਦੇਖੋਗੇ। ‘ਲਸਣ ਦੇ ਗੀਤ’ ਨਾਵਲ ਵਿਚ ਮੈਂ ਅਸਲ ਬੰਦੇ ਦਾ ਨਾਮ ਲਿਖ ਦਿੱਤਾ। ਕਈ ਕਹਾਣੀਆਂ ਦੇ ਪਾਤਰ ਅਸਲੀ ਨਾਮ ਦੇ ਹਨ। ਇਸ ਨਾਲ ਬੜੀਆਂ ਨਾਰਾਜ਼ਗੀਆ ਝੱਲੀਆਂ। ਅਸਲੀ ਨਾਮ ਵਰਤੇ ਬਿਨਾ ਮੈਨੂੰ ਕਹਾਣੀ ਨਕਲੀ ਲੱਗਦੀ ਤੇ ਸ਼ੁਰੂ ਵਿਚ ਸੋਚਦਾ ਕਿ ਮੁਕੰਮਲ ਹੋਣ `ਤੇ ਨਾਮ ਬਦਲ ਦਿਆਂਗਾ। ਜਦੋਂ ਨਾਮ ਬਦਲ ਦਿੰਦਾ, ਮੈਨੂੰ ਲੱਗਦਾ ਇਹ ਉਹ ਕਹਾਣੀ ਰਹੀ ਹੀ ਨਹੀਂ ਇਹ ਤਾਂ ਨਕਲੀ ਚੀਜ਼ ਹੋ ਗਈ, ਫਿਕੀ ਫਿਕੀ। ਬਦਨਾਮੀ ਮਹਿਸੂਸ ਕਰਦਿਆਂ ਇਹ ਲੋਕ ਸਾਡੇ ਘਰ ਲੜਨ ਲਈ ਆਉਂਦੇ ਤਾਂ ਅੱਬੂ ਕਿਤਾਬ ਚੁੱਕ ਕੇ ਇਕ ਵਾਕ ਦਿਖਾਉਂਦਾ- ਆਹ ਦੇਖੋ, ਮੇਰੇ ਬਾਰੇ ਲਿਖਿਆ ਹੈ ਮੈਂ ਬਦਮਾਸ਼ ਦਾ ਤੁਖਮ ਹਾਂ। ਛੱਡੋ, ਦਫਾ ਕਰੋ ਇਹਨੂੰ। ਮੈਂ ਗਾਲ੍ਹਾਂ ਬਰਦਾਸ਼ਤ ਕਰ ਲੈਨਾ, ਤੈਸ਼ ਵਿਚ ਨਾ ਆਓ।
ਸਰਕਾਰਾਂ ਚਾਹਿਆ ਕਰਦੀਆਂ ਹਨ ਲੇਖਕ ਨਾਵਲਾਂ ਵਿਚ ਸਮਕਾਲੀ ਸੰਕਟ ਦਾ ਵਰਣਨ ਕਰਨ ਦੀ ਥਾਂ ਸਿਆਸੀ ਰਿਪੋਟਾਂ ਲਿਖਿਆ ਕਰਨ। ਮੈਂ ਸਿਆਸਤ ਤੋਂ ਮੁਕਤ ਰਿਹਾ। ਜਿੰਨੀਆਂ ਮੁਸੀਬਤਾਂ ਵਿਚੋਂ ਲੰਘੋਗੇ, ਓਨਾ ਸੁਹਣਾ ਲਿਖੋਗੇ। ਤੁਸੀਂ ਅੱਕ ਗਏ ਹੋਣੇ ਕਿ ਮੈਂ ਆਪਣੀਆਂ ਗੱਲਾਂ ਕਰੀ ਜਾਨਾ। ਹੋਰ ਮੈਂ ਕੀ ਕਰਾਂ। ਮੇਰੀਆਂ ਲਿਖਤਾਂ ਮੇਰੀ ਜ਼ਿੰਦਗੀ ਦੇ ਵਾਕਿਆਤ ਹੀ ਤਾਂ ਹਨ।ਮੈਨੂੰ ਪਤੈ ਤੁਸੀਂ ਦਰਿਆ ਦਿਲ ਹੋ, ਮੈਨੂੰ ਖਿਮਾ ਕਰ ਦਿਓਗੇ।
ਮੁੱਢਲੀਆਂ ਲਿਖਤਾਂ ਵਿਚ ਮੈਂ ਆਪਣੀ ਕਹਾਣੀ ਆਪਣੇ ਆਪ ਨੂੰ ਸੁਣਾਈ। ‘ਸੰਦਲੀ ਮੌਤ’ ਅਜਿਹਾ ਨਾਵਲ ਹੈ ਜਿਹੜਾ ਮੈਂ ਭੀੜ ਵਿਚਕਾਰ ਖਲੋਤਾ ਸੁਣਾ ਰਿਹਾ ਹਾਂ। ਸ਼ੁਰੂ ਵਿਚ ਪੱਛਮੀ ਤਕਨੀਕਾਂ ਦੀ ਵਰਤੋਂ ਕੀਤੀ ਪਰ ਕਾਮਯਾਬੀ ਉਦੋਂ ਮਿਲੀ ਜਦੋਂ ਦੇਸੀ ਚੀਨੀ ਸੁਰ ਵਿਚ ਗੀਤ ਗਾਇਆ। ਬਾਂਦਰ ਟਪੂਸੀਆਂ ਨਾਲ ਗੱਲ ਨੀਂ ਬਣਦੀ।
‘ਜੀਵਨ ਮੌਤ ਲੋਪ ਹੋਏ’ ਨਾਵਲ ਦਾ ਸਿਰਲੇਖ ਬੋਧ ਗ੍ਰੰਥ ਵਿਚੋਂ ਲਿਆ ਹੈ। ਮੈਨੂੰ ਬੋਧ ਗ੍ਰੰਥਾਂ ਅਤੇ ਧਰਮ ਦੀ ਮਾਮੂਲੀ ਜਾਣਕਾਰੀ ਹੈ ਤਾਂ ਵੀ ਮੈਨੂੰ ਲੱਗਦਾ ਹੈ ਬੁੱਧ ਮੱਤ ਦੁਨੀਆ ਦੇ ਦਿਲ ਦੀ ਗੱਲ ਕਰਦਾ ਹੈ, ਬੁੱਧ ਮੱਤ ਸਾਹਮਣੇ ਸਭ ਸੰਕਟ ਫਜ਼ੂਲ ਹਨ। ਮੇਰੇ ਇਸ ਨਾਵਲ ਵਿਚ ਕਿਧਰੇ ਧਰਮ ਪ੍ਰਚਾਰ ਨਹੀਂ ਲੱਭੇਗਾ, ਮੈਂ ਤਾਂ ਆਦਮੀ ਦੀ ਸੀਮਾ, ਜਜ਼ਬੇ, ਦੁੱਖ, ਦਇਆ ਅਤੇ ਹੋਣੀ ਬਾਰੇ ਲਿਖਿਆ ਹੈ। ਇਸ ਨਾਵਲ ਦਾ ਹੀਰੋ ਮੇਰੇ ਪਿੰਡ ਦਾ ਕਿਸਾਨ ਲਾਂ ਲੀਆਂ ਹੈ। ਨਿਕਾ ਹੁੰਦਾ ਹਰ ਸਵੇਰ ਦੇਖਦਾ ਉਹ ਲੱਕੜ ਦੇ ਗੱਡੇ ਨੂੰ ਧੱਕਾ ਲਾਉਂਦਾ ਤੁਰਿਆ ਜਾਂਦਾ ਜਿਸ ਅੱਗੇ ਲੰਗੜਾ ਖੋਤਾ ਜੁੜਿਆ ਹੁੰਦਾ। ਉਸ ਦੀ ਡੁੁੱਡੇ ਪੈਰਾਂ ਵਾਲੀ ਔਰਤ ਨਾਲ ਤੁਰੀ ਜਾਂਦੀ। ਇਨ੍ਹਾਂ ਕਾਰਟੂਨਾਂ ਨੂੰ ਦੇਖ ਦੇਖ ਅਸੀਂ ਬੱਚੇ ਖੂਬ ਹਸਦੇ। ਇਹ ਗਰੀਬ ਕਿਸਾਨ ਵੱਡੇ ਵੱਡੇ ਖੱਬੀਖਾਨਾ ਨਾਲ ਆਢਾ ਲਾ ਲੈਂਦਾ। ਸਾਲ 2005, ਮੈਂ ਬੋਧ ਮੰਦਰ ਗਿਆ, ਉਥੇ ਇਕ ਤਸਵੀਰ ਦੇਖੀ- ਸੰਸਾਰ ਦੇ ਛੇ ਪੜਾਅ। ਦੇਖਣ ਸਾਰ ਮੈਨੂੰ ਸਮਝ ਆ ਗਈ ਕਿਸਾਨ ਨੂੰ ਕਿਵੇਂ ਚਿਤਰਨਾ ਹੈ।
ਨੋਬੇਲ ਇਨਾਮ ਮਿਲਣ ਪਿਛੋਂ ਵਾਦ-ਵਿਵਾਦ ਦੀਆਂ ਹਨੇਰੀਆਂ ਝੁੱਲੀਆਂ। ਥਿਏਟਰ ਵਿਚ ਬੈਠੇ ਦਰਸ਼ਕ ਵਾਂਗ ਮੈਂ ਇਹ ਹਨੇਰੀਆਂ ਦੇਖੀਆਂ। ਇਨਾਮ ਯਾਫਤਾ ਬੰਦੇ ਉਪਰ ਫੁੱਲਾਂ ਦੀ ਬਾਰਸ਼ ਦੇਖਦਾ, ਪਥਰਾਉ ਹੰੁਦਾ ਦੇਖਦਾ ਤੇ ਚਿੱਕੜ ਉਛਾਲਿਆ ਜਾਂਦਾ ਦੇਖਦਾ। ਕਦੀ ਕਦੀ ਮੈਂ ਡਰਿਆ ਵੀ, ਕਿਤੇ ਪੱਥਰਾਂ ਦੀ ਮਾਰ ਨਾਲ ਉਹ ਮਰ ਤਾਂ ਨਹੀਂ ਜਾਏਗਾ? ਪਰ ਭਾਈ, ਨਾ ਫੁੱਲਾਂ ਦੀ ਮਾਰ ਨਾਲ ਨਾ ਪੱਥਰਾਂ ਦੀ ਬੁਛਾੜ ਵਿਚ ਉਹ ਮਰਿਆ ਨਾ। ਚਿੱਕੜ ਅਤੇ ਫੁੱਲ ਝਾੜ-ਝੂੜ ਕੇ ਉਹ ਫਿਰ ਲਿਖਣ ਬੈਠ ਗਿਆ। ਮੈਂ ਭਾਸ਼ਣ ਨਹੀਂ ਕੀਤੇ। ਭਾਸ਼ਣ ਹਵਾ ਵਿਚ ਉਡ ਜਾਂਦੇ ਹਨ। ਅੱਖਰ ਨਹੀਂ ਖੁਰਦੇ। ਸ਼ਾਂਤ ਚਿਤ ਮੇਰੀਆਂ ਲਿਖਤਾਂ ਪੜ੍ਹੋ, ਉਨ੍ਹਾਂ ਬਾਰੇ ਰਾਵਾਂ ਨਾ ਦਿਓ, ਸਲਾਹਾਂ ਨਾ ਦਿਓ। ਮੈਂ ਉਸ ਮਿੱਟੀ ਦਾ ਨਹੀਂ ਬਣਿਆ ਜਿਹੜੀ ਢਲ ਜਾਵੇ।
ਤੁਸੀਂ ਮੰਨ ਲਿਆ ਮੈਂ ਕਹਾਣੀਕਾਰ ਹਾਂ, ਫਿਰ ਕਹਾਣੀ ਸੁਣਾਏ ਬਗੈਰ ਕਿਵੇਂ ਰਹਿ ਸਕਦਾ ਹਾਂ? ਲਓ ਜੀ ਸੁਣੋ:
ਸਾਲ 1960, ਤੀਜੀ ਜਮਾਤ ਵਿਚ ਸਾਂ, ਸਾਨੂੰ ਪਿੰਡ ਵਿਚ ਜਾ ਕੇ ਨਾਟਕ ਕਰਨ ਲਈ ਕਿਹਾ। ਇਕ ਦ੍ਰਿਸ਼ ਵਿਚ ਰੋ ਕੇ ਦਿਖਾਉਣਾ ਸੀ। ਕਈਆਂ ਦੇ ਹੰਝੂ ਨਿਕਲ ਵੀ ਆਏ ਪਰ ਬਹੁਤਿਆਂ ਨੇ ਥੁੱਕ ਲਾ ਲਿਆ। ਇਕ ਤਰੀਕਾ ਇਹ ਵੀ ਸੀ ਕਿ ਰੋਂਦੇ ਰੋਂਦੇ ਚਿਹਰਾ ਹੱਥਾਂ ਨਾਲ ਢੱਕ ਲਵੋ, ਜਿਵੇਂ ਹੱਥਾਂ ਹੇਠ ਹੰਝੂ ਵਹਿ ਰਹੇ ਹੋਣ। ਮੈਂ ਦੇਖਿਆ ਸਾਡੇ ਵਿਚ ਇਕ ਮੁੰਡਾ ਚੁੱਪਚਾਪ ਖਲੋਤਾ ਰਿਹਾ, ਨਾ ਚੀਕਿਆ, ਨਾ ਹੰਝੂ ਵਹਾਏ ਨਾ ਗੱਲ੍ਹਾਂ `ਤੇ ਥੁੱਕ ਲਾਇਆ। ਮੈਂ ਉਸ ਦੀ ਸ਼ਿਕਾਇਤ ਲਾ ਦਿੱਤੀ। ਮਾਸਟਰ ਨੇ ਝਿੜਕਿਆ। ਇਕ ਦਿਨ ਮਾਸਟਰ ਜੀ ਮਿਲੇ, ਮੈਂ ਉਨ੍ਹਾਂ ਨਾਲ ਪੁਰਾਣੀ ਯਾਦ ਸਾਂਝੀ ਕੀਤੀ। ਕਹਿੰਦੇ- ਹਾਂ, ਦਸ ਵਿਦਿਆਰਥੀ ਹੁਕਮ ਮੰਨ ਕੇ ਉਵੇਂ ਕਰਦੇ ਰਹੇ ਜਿਵੇਂ ਮੈਂ ਕਿਹਾ, ਕੇਵਲ ਇਕ ਸੀ ਜਿਸ ਨੇ ਹੁਕਮ ਅਦੂਲੀ ਕੀਤੀ। ਦਸ ਸਾਲ ਪਹਿਲਾਂ ਇਸ ਮੁੰਡੇ ਦੀ ਮੌਤ ਹੋ ਗਈ। ਇਸ ਜਮਾਤੀ ਨੂੰ ਮਿਲ ਕੇ ਮੈਂ ਕਹਿਣਾ ਸੀ ਜਦੋਂ ਆਲੇ-ਦੁਆਲੇ ਸਭ ਰੋ ਰਹੇ ਹੋਣ ਤਾਂ ਖਾਮੋਸ਼, ਸ਼ਾਂਤ ਖੜੇ੍ਹ ਰਹਿਣ ਦਾ ਤੇਰਾ ਹੱਕ ਹੈ। ਜਦੋਂ ਹੰਝੂ, ਚੀਕਾਂ ਦਿਖਾਵੇ ਮਾਤਰ ਹੋਣ, ਉਦੋਂ ਤਾਂ ਸ਼ਾਂਤ ਖੜ੍ਹੇ ਰਹਿਣ ਦਾ ਤੂੰ ਵਧੀਕ ਹੱਕਦਾਰ ਹੈਂ।
ਦੂਜੀ ਕਹਾਣੀ ਤੀਹ ਸਾਲ ਪਹਿਲਾਂ ਦੀ ਹੈ। ਮੈਂ ਫੌਜੀ ਸਾਂ ਤੇ ਆਪਣੀ ਬੈਰਕ ਵਿਚ ਬੈਠਾ ਕਿਤਾਬ ਪੜ੍ਹ ਰਿਹਾ ਸਾਂ। ਸਾਡਾ ਅਫਸਰ ਅੰਦਰ ਆਇਆ ਤੇ ਗੱਜ ਕੇ ਪੁੱਛਿਆ- ਇੱਥੇ ਕੋਈ ਨਹੀਂ? ਕਿਧਰ ਮਰ ਗਏ ਸਾਰੇ? ਸਤਿਕਾਰ ਵਜੋਂ ਮੈਨੂੰ ਖੜ੍ਹਾ ਤਾਂ ਹੋਣਾ ਪਿਆ ਪਰ ਗੁੱਸਾ ਮੈਨੂੰ ਵੀ ਆ ਗਿਆ, ਮੈਂ ਕਿਹਾ- ਤੈਨੂੰ ਮੈਂ ਦਿਸਦਾ ਨੀਂ? ਤੂੰ ਕਹਿਨੈ ਇੱਥੇ ਕੋਈ ਨੀਂ ਹੈ, ਮੈਂ ਕੋਈ ਨੀਂ ਆਂ? ਉਸ ਦਾ ਮੂੰਹ ਲਾਲ ਹੋ ਗਿਆ ਪਰ ਚਲਾ ਗਿਆ। ਮੈਨੂੰ ਆਪਣੀ ਨਿਡਰਤਾ ਉਪਰ ਫਖਰ ਹੋਇਆ। ਕਈ ਸਾਲ ਬਾਅਦ ਫਖਰ ਦਾ ਫਤੂਰ ਖਤਮ ਹੋਇਆ ਤੇ ਸ਼ਾਂਤ ਆਤਮਾ ਨਸੀਬ ਹੋਈ।
ਹੁਣ ਤਕ ਸੁਣਦੇ ਰਹੇ, ਕਿਰਪਾ ਕਰ ਕੇ ਮੇਰੀ ਆਖਰੀ ਕਹਾਣੀ ਵੀ ਬਰਦਾਸ਼ਤ ਕਰ ਲਵੋ। ਮੁੱਦਤ ਪਹਿਲਾਂ ਮੇਰੇ ਬਾਬੇ ਨੇ ਇਹ ਕਹਾਣੀ ਆਪਣੀ ਗੋਦ ਵਿਚ ਬਿਠਾ ਕੇ ਮੈਨੂੰ ਸੁਣਾਈ ਸੀ।
ਅੱਠ ਪਥੇਰੇ ਭੱਠੇ ਉਪਰ ਕੰਮ ਕਰ ਰਹੇ ਸਨ। ਹਨੇਰੀ ਆਈ, ਘਟਾ ਛਾਈ, ਪਹਿਲਾਂ ਮੀਂਹ ਫਿਰ ਗੜ੍ਹੇ ਪੈਣ ਲੱਗੇ। ਭੱਜ ਕੇ ਸਾਰੇ ਜਣੇ ਇਕ ਉਜੜੇ ਪੁਰਾਣੇ ਮੰਦਰ ਵਿਚ ਜਾ ਲੁਕੇ। ਬਿਜਲੀ ਇਉਂ ਕੜਕਣ ਲੱਗੀ ਜਿਵੇਂ ਮੰਦਰ ਉਪਰ ਡਿੱਗੀ ਕਿ ਡਿੱਗੀ। ਲੱਗਾ ਜਿਵੇਂ ਆਲੇ-ਦੁਆਲੇ ਪ੍ਰੇਤ ਚੰਘਾੜ ਰਹੇ ਹੋਣ। ਸਾਰੇ ਭੈਅਭੀਤ ਹੋ ਗਏ, ਚਿਹਰੇ ਪੀਲੇ ਪੈ ਗਏ। ਇਕ ਨੇ ਕਿਹਾ- ਸਾਡੇ ਵਿਚ ਕੋਈ ਹੈ ਜਿਸ ਨੇ ਪਾਪ ਕੀਤਾ ਹੈ, ਤਾਂ ਹੀ ਦੇਵਤੇ ਨਾਰਾਜ਼ ਹਨ। ਜਿਸ ਨੇ ਪਾਪ ਕੀਤਾ ਹੈ ਉਹ ਆਪੇ ਮੰਦਰੋਂ ਬਾਹਰ ਚਲਾ ਜਾਵੇ, ਬਾਕੀ ਨਿਰਦੋਸ਼ ਬਚ ਜਾਣ। ਕੋਈ ਬਾਹਰ ਜਾਣ ਲਈ ਤਿਆਰ ਨਾ ਹੋਇਆ। ਇਕ ਬੰਦਾ ਬੋਲਿਆ- ਇਉਂ ਕਰਦੇ ਹਾਂ, ਦੇਖੋ ਅਹੁ ਉਪਰ ਝਰੋਖਾ ਹੈ, ਆਪੋ ਆਪਣੀਆਂ ਟੋਪੀਆਂ ਉਸ ਵਿਚੋਂ ਬਾਹਰ ਵਗਾਹੋ, ਜਿਸ ਦੀ ਟੋਪੀ ਬਾਹਰ ਚਲੀ ਗਈ, ਉਹੀ ਪਾਪੀ। ਸੱਤ ਜਣਿਆਂ ਦੀਆਂ ਟੋਪੀਆਂ ਅੰਦਰ ਗਿਰੀਆਂ ਇਕ ਜਣੇ ਦੀ ਬਾਹਰ ਨਿਕਲ ਗਈ। ਜਿਸ ਦੀ ਟੋਪੀ ਬਾਹਰ ਡਿਗੀ ਸੱਤੇ ਉਸ ਨੂੰ ਬਾਹਰ ਨਿਕਲਣ ਲਈ ਕਹਿਣ। ਉਹ ਨਾ ਮੰਨਿਆ ਤਾਂ ਸੱਤਾਂ ਨੇ ਲੱਤਾਂ ਬਾਹਾਂ ਫੜ ਕੇ ਬਾਹਰ ਵਗਾਹ ਮਾਰਿਆ। ਗੜ੍ਹਿਆਂ ਤੋਂ ਬਚਣ ਲਈ ਭੱਜ ਕੇ ਉਹ ਵੱਡੇ ਦਰਖਤ ਹੇਠ ਜਾ ਖਲੋਤਾ।
ਮੇਰੇ ਨਾਲ ਸ਼ਰਤ ਲਾ ਲਓ ਬੇਸ਼ਕ, ਤੁਹਾਨੂੰ ਪਤੈ ਕਹਾਣੀ ਤਾ ਅੰਤ ਕੀ ਹੋਇਆ। ਜਦੋਂ ਸੱਤਾਂ ਨੇ ਮਾਸੂਮ ਨੂੰ ਬਾਹਰ ਸੁੱਟਿਆ, ਬਿਜਲੀ ਮੰਦਰ `ਤੇ ਡਿਗੀ, ਸੱਤੇ ਮਲਬੇ ਹੇਠ ਦੱਬ ਕੇ ਮਰ ਗਏ।
ਮੈਂ ਕਥਾਕਾਰ ਹਾਂ।
ਕਹਾਣੀਆਂ ਸੁਣ ਕੇ ਤੁਸੀਂ ਮੈਨੂੰ ਨੋਬੇਲ ਇਨਾਮ ਦੇ ਦਿੱਤਾ।
ਇਨਾਮ ਤੋਂ ਪਹਿਲਾਂ ਬੜੀਆਂ ਦਿਲਚਸਪ ਘਟਨਾਵਾਂ ਘਟੀਆਂ। ਮੈਂ ਜਾਣ ਗਿਆ ਕਿ ਸੱਚ ਅਤੇ ਇਨਸਾਫ ਜਿਉਂਦੇ ਰਹਿਣਗੇ। ਸੁਣਾਉਂਦਾ ਰਹਾਂਗਾ ਆਉਂਦੇ ਦਿਨੀਂ ਤੁਹਾਨੂੰ ਹੋਰ ਕਹਾਣੀਆਂ ਵੀ। ਸਾਰਿਆਂ ਦਾ ਸ਼ੁਕਰਾਨਾ।