1965 ਦੀ ਜੰਗ ਵਿਚ ਬਿਆਸ ਪਾਰਲੇ ਇਲਾਕੇ ਪਾਕਿਸਤਾਨ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਸੀ
ਡਾ. (ਕਰਨਲ) ਦਲਵਿੰਦਰ ਸਿੰਘ ਗਰੇਵਾਲ
ਮੈਨੂੰ 1965 ਅਤੇ 1971 ਦੀਆਂ ਜੰਗਾਂ ਲੜਨ ਅਤੇ ਨਾਲ ਹੀ ਇਹ ਦੋਵੇਂ ਜੰਗਾਂ ਜਿੱਤਣ ਵਿਚ ਮੁੱਖ ਕਿਰਦਾਰ ਨਿਭਾਉਣ ਵਾਲੇ ਮਹਾਨ ਜਰਨੈਲਾਂ ਨੂੰ ਮਿਲਣ ਦਾ ਮੌਕਾ ਮਿਲਿਆ। ਇਨ੍ਹਾਂ ਜਰਨੈਲਾਂ ‘ਚੋਂ ਖਾਸ ਜਰਨੈਲ ਸਨ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ। ਉਹ ਲੰਮੀ ਤੇ ਮਜ਼ਬੂਤ ਕੱਦ-ਕਾਠੀ ਵਾਲੇ ਅਤੇ ਹੁਸ਼ਿਆਰ ਤੇ ਕ੍ਰਿਸ਼ਮਈ ਇਨਸਾਨ ਸਨ। 1965 ਦੀ ਜੰਗ ਵੇਲੇ ਉਹ ਥਲ ਸੈਨਾ ਦੀ ਪੱਛਮੀ ਕਮਾਂਡ ਦੇ ਜਨਰਲ ਕਮਾਂਡਿੰਗ ਅਫਸਰ ਸਨ ਅਤੇ ਇਸ ਅਧੀਨ ਪੈਂਦੇ ਇਲਾਕੇ ਸਮੁੱਚੇ ਪੱਛਮੀ ਪਾਕਿਸਤਾਨ ਨਾਲ ਲੱਗਵੇਂ ਸਨ।
ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਫੌਜੀਆਂ ਦੇ ਜਰਨੈਲ ਵਜੋਂ ਮਸ਼ਹੂਰ ਸਨ ਕਿਉਂਕਿ ਇਕ ਪਾਸੇ ਉਹ ਆਪਣੀ ਫੌਜ ਨਾਲ ਮੋਢਾ ਡਾਹ ਕੇ ਲੜਦੇ ਸਨ, ਦੂਜੇ ਪਾਸੇ ਆਪਣੇ ਫੌਜੀਆਂ ਅੰਦਰ ਐਨਾ ਉਤਸ਼ਾਹ ਭਰ ਦਿੰਦੇ ਸਨ ਕਿ ਔਖੇ ਤੋਂ ਔਖੇ ਹਾਲਾਤ ਵਿਚ ਵੀ ਉਨ੍ਹਾਂ ਦੀ ਜਿੱਤ ਯਕੀਨੀ ਹੋ ਜਾਂਦੀ ਸੀ। ਉਹ ਲੜਾਈਆਂ ਦਾ ਚੰਡਿਆ ਹੋਇਆ ਜਰਨੈਲ ਸੀ। ਉਨ੍ਹਾਂ ਉੱਤਰ ਪੱਛਮੀ ਸਰਹੱਦੀ ਸੂਬੇ ਅੰਦਰ ਲੜਾਈ ਲੜੀ; ਦੂਜੀ ਸੰਸਾਰ ਜੰਗ ਦੌਰਾਨ ਮਲਾਇਆ ਵਿਚ ਜਪਾਨੀ ਫੌਜ ਨਾਲ ਲੜਦਿਆਂ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ; ਸ਼ੇਲਟਾਂਗ ਦੀ ਜੰਗ ਲੜੀ; ਤੇ 1947 ਵਿਚ ਸ੍ਰੀਨਗਰ ਨੂੰ ਪਾਕਿਸਤਾਨੀ ਹਮਲਾਵਰਾਂ ਦੇ ਕਬਜ਼ੇ ਵਿਚ ਜਾਣ ਤੋਂ ਬਚਾਇਆ ਅਤੇ ਟਿਥਵਾਲ ਨੂੰ ਪਾਕਿਸਤਾਨੀ ਫੌਜ ਦੇ ਕਬਜ਼ੇ ਤੋਂ ਛੁਡਵਾਇਆ ਸੀ।
ਚੀਨ ਨਾਲ 1962 ਦੀ ਜੰਗ ਦੌਰਾਨ ਜਦੋਂ ਲੈਫਟੀਨੈਂਟ ਜਨਰਲ ਬੀ.ਐਮ. ਕੌਲ ਬਿਮਾਰ ਹੋ ਗਏ ਸਨ ਤੇ ਸ਼ੁਰੂਆਤੀ ਹਾਰਾਂ ਤੋਂ ਬਾਅਦ ਭਾਰਤੀ ਜਵਾਨਾਂ ਦੇ ਹੌਸਲੇ ਪਸਤ ਹੋ ਗਏ ਤਾਂ ਜਨਰਲ ਹਰਬਖਸ਼ ਸਿੰਘ ਨੂੰ ਚੌਥੀ ਕੋਰਪਸ ਦਾ ਚਾਰਜ ਸੰਭਾਲਣ ਲਈ ਤੇਜ਼ਪੁਰ ਭੇਜਿਆ ਗਿਆ। ਜਨਰਲ ਹਰਬਖਸ਼ ਸਿੰਘ ਨੇ ਜਵਾਨਾਂ ਤੇ ਕਮਾਂਡਰਾਂ ਨੂੰ ਹੱਲਾਸ਼ੇਰੀ ਦੇ ਕੇ ਉਨ੍ਹਾਂ ਦਾ ਹੌਸਲਾ ਮੁੜ ਜਗਾਇਆ। ਕੁਝ ਦੇਰ ਬਾਅਦ ਜਨਰਲ ਕੌਲ ਠੀਕ ਹੋ ਕੇ ਵਾਪਸ ਆ ਗਏ ਤੇ ਉਨ੍ਹਾਂ ਚੌਥੀ ਕੋਰਪਸ ਦਾ ਚਾਰਜ ਮੁੜ ਸੰਭਾਲ ਲਿਆ ਅਤੇ ਜਨਰਲ ਹਰਬਖਸ਼ ਸਿੰਘ ਨੂੰ 33 ਕੋਰਪਸ ਦਾ ਕਮਾਂਡਰ ਥਾਪ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤਰੱਕੀ ਦੇ ਕੇ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਨਿਯੁਕਤ ਕੀਤਾ ਗਿਆ।
ਤੁਸੀਂ ਕਸ਼ਮੀਰ ਦੇ ਮਸ਼ਹੂਰ ਉੜੀ ਸੈਕਟਰ ਵਿਚ ਖਿਚਵਾਈ ਜਨਰਲ ਹਰਬਖਸ਼ ਸਿੰਘ ਦੀ ਤਸਵੀਰ ਜ਼ਰੂਰ ਦੇਖੀ ਹੋਵੇਗੀ। ਉਸ ਸਮੇਂ ਸਮੁੱਚਾ ਜੰਮੂ ਕਸ਼ਮੀਰ ਪੱਛਮੀ ਕਮਾਂਡ ਦੇ ਅਧੀਨ ਆਉਂਦਾ ਸੀ। ਬਾਅਦ ਵਿਚ ਪੱਛਮੀ ਕਮਾਂਡ ਦੇ ਕਈ ਖੇਤਰ ਵੱਖ ਕਰ ਕੇ ਉੱਤਰੀ ਕਮਾਂਡ ਦਾ ਗਠਨ ਕੀਤਾ ਗਿਆ। ਜਨਰਲ ਹਰਬਖਸ਼ ਸਿੰਘ ਦੀ ਕਮਾਂਡ ਹੇਠਲੇ ਦਸਤਿਆਂ ਨੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਮਦਦ ਨਾਲ ਪਾਕਿਸਤਾਨ ਜਿਬਰਾਲਟਰ ਫੋਰਸ ਦੇ ਸਾਰੇ ਗੁਰੀਲੇ ਦਸਤਿਆਂ ਨੂੰ ਘੇਰ ਕੇ ਛੰਬ-ਅਖਨੂਰ ਸੈਕਟਰ ਵਿਚ ਪਾਕਿਸਤਾਨ ਦੇ ਓਪਰੇਸ਼ਨ ਗ੍ਰੈਂਡ ਸਲੈਮ ਨੂੰ ਠੁੱਸ ਕਰ ਦਿੱਤਾ ਸੀ। ਕੌਮਾਂਤਰੀ ਸਰਹੱਦ ਦੇ ਪਾਰੋਂ ਤਿੰਨ-ਤਰਫਾ ਹਮਲਾ ਸ਼ੁਰੂ ਹੋਣ ਤੋਂ ਕੁਝ ਘੰਟਿਆਂ ਦੇ ਅੰਦਰ ਹੀ ਭਾਰਤੀ ਫੌਜ ਦੀ ਇਕ ਡਿਵੀਜ਼ਨ ਲਾਹੌਰ ਦੇ ਦਰਾਂ ਤੱਕ ਜਾ ਪਹੁੰਚੀ ਸੀ ਜਿਸ ‘ਤੇ ਸ਼ਾਸਤਰੀ ਜੀ ਨੇ ਕਿਹਾ ਸੀ: “ਅਸੀਂ ਪੈਦਲ ਚੱਲ ਕੇ ਲਾਹੌਰ ਜਾ ਵੜਾਂਗੇ।”
ਇਸ ਲੜਾਈ ਦਾ ਸਭ ਤੋਂ ਅਹਿਮ ਪਹਿਲੂ ਇਹ ਸੀ ਕਿ ਜਦੋਂ ਪਾਕਿਸਤਾਨੀ ਪੈਟਨ ਟੈਂਕਾਂ ਦੀ ਡਿਵੀਜ਼ਨ ਨੇ ਖੇਮਕਰਨ ਸੈਕਟਰ ਵੱਲ ਵਧਣਾ ਸ਼ੁਰੂ ਕੀਤਾ ਤਾਂ ਇਸ ਗੱਲ ਦਾ ਖਤਰਾ ਸੀ ਕਿ ਭਾਰਤੀ ਸੈਂਚੂਰੀਅਨ ਟੈਂਕ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਪਾਉਣਗੇ ਤੇ ਭਾਰਤ ਲੜਾਈ ਹਾਰ ਜਾਵੇਗਾ। ਇਸ ਖਤਰੇ ਦੇ ਪੇਸ਼ੇ-ਨਜ਼ਰ ਫੌਜ ਦੇ ਮੁਖੀ ਜਨਰਲ ਜੇ.ਐਨ. ਚੌਧਰੀ ਨੇ ਜਨਰਲ ਹਰਬਖਸ਼ ਸਿੰਘ ਨੂੰ ਆਪਣੀ ਫੌਜ ਬਿਆਸ ਦਰਿਆ ਦੀ ਲਾਈਨ ਤੋਂ ਪਿਛਾਂਹ ਲਿਜਾਣ ਦਾ ਹੁਕਮ ਦਿੱਤਾ। ਇਸ ਦਾ ਮਤਲਬ ਸੀ ਕਿ ਖੇਮਕਰਨ, ਤਰਨ ਤਾਰਨ, ਗੋਇੰਦਵਾਲ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਇਲਾਕੇ ਬਿਨਾ ਲੜੇ ਹੀ ਪਾਕਿਸਤਾਨ ਨੂੰ ਸੌਂਪ ਦਿੱਤੇ ਜਾਣ।
ਆਪਣੀ ਕਿਤਾਬ ‘ਇਨ ਲਾਈਨ ਆਫ ਡਿਊਟੀ: ਏ ਸੋਲਜਰ ਰਿਮੈਂਬਰਜ਼’ ਵਿਚ ਜਨਰਲ ਹਰਬਖਸ਼ ਸਿੰਘ ਲਿਖਦੇ ਹਨ: ‘9 ਸਤੰਬਰ ਦੀ ਰਾਤ ਥਲ ਸੈਨਾ ਦੇ ਮੁਖੀ ਨੇ ਮੈਨੂੰ ਫੋਨ ਕੀਤਾ …‘ਡਿਵੀਜ਼ਨ ਦੀ ਪੂਰੀ ਫੌਜ ਨੂੰ ਬਚਾਉਣ ਲਈ ਮੈਨੂੰ ਬਿਆਸ ਦਰਿਆ ਦੀ ਲਾਈਨ ਤੱਕ ਪਿੱਛੇ ਹਟਣਾ ਪਵੇਗਾ।’ ਬਿਆਸ ਤੱਕ ਪਿੱਛੇ ਹਟਣ ਦਾ ਮਤਲਬ ਸੀ ਕਿ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਸਮੇਤ ਪੰਜਾਬ ਦੇ ਬਹੁਤ ਹੀ ਅਹਿਮ ਇਲਾਕੇ ਦੀ ਕੁਰਬਾਨੀ ਦੇਣੀ ਜੋ ਚੀਨ ਹੱਥੋਂ 1962 ਦੀ ਜੰਗ ਵਿਚ ਹੋਈ ਹਾਰ ਨਾਲੋਂ ਵੀ ਭੈੜੀ ਸੀ।’
ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਜੋ ਉਸ ਵੇਲੇ ਜਨਰਲ ਹਰਬਖਸ਼ ਸਿੰਘ ਦੇ ਏ.ਡੀ.ਸੀ. ਸਨ ਅਤੇ ਉਨ੍ਹਾਂ ਥਲ ਸੈਨਾ ਮੁਖੀ ਦੀ ਕਾਲ ਰਿਸੀਵ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਲਿਖਦੇ ਹਨ: “ਰਾਤੀਂ ਢਾਈ ਵਜੇ ਥਲ ਸੈਨਾ ਮੁਖੀ ਜਨਰਲ ਜੇ.ਐਨ. ਚੌਧਰੀ ਨੇ ਜਨਰਲ (ਹਰਬਖਸ਼ ਸਿੰਘ) ਨੂੰ ਫੋਨ ਕੀਤਾ- ‘11 ਕੋਰਪਸ ਨੂੰ ਬਿਆਸ ਦਰਿਆ ਲਾਈਨ ਤੱਕ ਵਾਪਸ ਲੈ ਜਾਓ।’ ਜਨਰਲ ਹਰਬਖਸ਼ ਸਿੰਘ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ।”
ਥਲ ਸੈਨਾ ਦੇ ਜ਼ਬਾਨੀ ਹੁਕਮ ਦੀ ਪਾਲਣਾ ਕਰਨ ਤੋਂ ਮਨ੍ਹਾ ਕਰਨਾ ਬੱਜਰ ਗੁਨਾਹ ਗਿਣਿਆ ਜਾਂਦਾ ਸੀ ਪਰ ਜਨਰਲ ਹਰਬਖਸ਼ ਸਿੰਘ ਨੇ ਆਪਣੀ ਪ੍ਰਵਾਹ ਨਹੀਂ ਕੀਤੀ ਸਗੋਂ ਦੇਸ਼ ਦੇ ਹਿੱਤ ਸਾਹਮਣੇ ਰੱਖੇ। ਇਸ ਦਾ ਜੋ ਨਤੀਜਾ ਨਿਕਲਿਆ, ਉਹ ਭਾਰਤ ਦੇ ਹਿੱਤ ਵਿਚ ਸੀ। ‘ਆਸਲ ਉਤਾੜ ਦੀ ਲੜਾਈ’ ਵਿਚ ਮਸ਼ਹੂਰ ਐਮ-47 ਪੈਟਨ ਟੈਂਕਾਂ ਦੀ ਪਾਕਿਸਤਾਨ ਆਰਮਰਡ ਡਿਵੀਜ਼ਨ ਨੂੰ ਸੈਂਚੂਰੀਅਨ ਟੈਂਕਾਂ ਦੀ ਇਕ-ਮਾਤਰ ਭਾਰਤੀ ਰੈਜੀਮੈਂਟ ਨੇ ਕੁਝ ਕੁ ਪੈਦਲ ਦਸਤਿਆਂ ਦੀ ਮਦਦ ਨਾਲ ਤਬਾਹ ਕਰ ਦਿੱਤਾ। ਖੇਮਕਰਨ ਸੈਕਟਰ ਵਿਚ ਅੱਜ ਵੀ ਅਮਰੀਕਾ ਦੇ ਪੈਟਨ ਟੈਂਕਾਂ ਦਾ ਕਬਰਿਸਤਾਨ ਮੌਜੂਦ ਹੈ।
1965 ਦੀ ਜੰਗ ਬਾਰੇ ਲਿਖਦਿਆਂ ਮੇਜਰ ਜਨਰਲ ਡੀ.ਕੇ. ਪਾਲਿਤ ਨੇ ਇਸ ਦੀ ਪੁਸ਼ਟੀ ਕੀਤੀ: “ਵਾਕਈ ਥਲ ਸੈਨਾ ਮੁਖੀ ਵਲੋਂ ਜ਼ਬਾਨੀ ਤੌਰ ‘ਤੇ ਇਹ ਹੁਕਮ ਦਿੱਤਾ ਗਿਆ ਸੀ ਪਰ ਹਰਬਖਸ਼ ਅੜ ਗਏ ਤੇ ਮੰਨਣ ਤੋਂ ਇਨਕਾਰੀ ਹੋ ਗਏ।” ਉਨ੍ਹਾਂ ਚੌਧਰੀ ਨੂੰ ਕਿਹਾ ਕਿ ਉਹ ਅਜਿਹੇ ਅਹਿਮ ਸਵਾਲ ‘ਤੇ ਕੋਈ ਜ਼ਬਾਨੀ ਹੁਕਮ ਨਹੀਂ ਮੰਨਣਗੇ। ਇਸ ਤੋਂ ਪਹਿਲਾਂ ਕਿ ਥਲ ਸੈਨਾ ਮੁਖੀ ਵਲੋਂ ਕੋਈ ਲਿਖਤੀ ਹੁਕਮ ਉਨ੍ਹਾਂ ਤੱਕ ਪਹੁੰਚਦਾ, ਉਦੋਂ ਤੱਕ ਉਹ ਲੜਾਈ ਜਿੱਤ ਚੁੱਕੇ ਸਨ। ਇਹ ਯੁੱਧਨੀਤਕ ਜੰਗ ਦੀ ਬੇਮਿਸਾਲ ਫਤਹਿ ਸੀ ਜਦੋਂ ਜਨਰਲ ਹਰਬਖਸ਼ ਸਿੰਘ ਦੀ ਅਗਵਾਈ ਹੇਠ ਸੈਂਚੂਰੀਅਨ ਟੈਂਕਾਂ ਤੇ 106 ਐਮ.ਐਮ. ਤੋਪਾਂ ਨੇ ਖੇਮਕਰਨ ਦੀ ਇਸ ਲੜਾਈ ਵਿਚ ਪਾਕਿਸਤਾਨੀ ਪੈਟਨ ਟੈਂਕਾਂ ਦੇ ਪਰਖਚੇ ਉਡਾ ਦਿੱਤੇ ਸਨ।
ਉੱਘੇ ਰੱਖਿਆ ਮਾਹਿਰ ਅਤੇ ਕਾਲਮ ਨਵੀਸ ਇੰਦਰ ਮਲਹੋਤਰਾ ਨੇ ਲਿਖਿਆ ਹੈ: “ਜਨਰਲ ਚੌਧਰੀ ਘਬਰਾ ਗਏ ਸਨ ਤੇ ਉਨ੍ਹਾਂ ਹਰਬਖਸ਼ ਨੂੰ ਆਪਣੇ ਦਸਤੇ ਬਿਆਸ ਤੋਂ ਪਿਛਾਂਹ ਲਿਜਾਣ ਦਾ ਹੁਕਮ ਦਿੱਤਾ ਸੀ ਜਿਸ ਨੂੰ ਹਰਬਖਸ਼ ਸਿੰਘ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।”
ਇਸ ਤਰ੍ਹਾਂ, ਜਨਰਲ ਹਰਬਖਸ਼ ਸਿੰਘ ਨੇ ਵੱਡੀ ਮੁਸੀਬਤ ਸਾਹਮਣੇ ਅਡੋਲ ਰਹਿ ਕੇ ਬੇਮਿਸਾਲ ਅਗਵਾਈ ਅਤੇ ਯੁੱਧ ਕੌਸ਼ਲ ਦਾ ਮੁਜ਼ਾਹਰਾ ਕੀਤਾ ਅਤੇ ਆਪਣੇ ਤੋਂ ਕਿਤੇ ਤਾਕਤਵਰ ਸੈਨਾ ਨੂੰ ਭਾਂਜ ਦੇ ਕੇ ਬਿਆਸ ਤੋਂ ਉੱਤਰ ਵੱਲ ਪੈਂਦਾ ਪੰਜਾਬ ਦਾ ਸਮੁੱਚਾ ਇਲਾਕੇ ਪਾਕਿਸਤਾਨ ਦੀ ਝੋਲੀ ਵਿਚ ਪੈਣ ਤੋਂ ਬਚਾ ਲਿਆ ਸੀ। ਉਹ ਸੱਚੇ ਕੌਮੀ ਨਾਇਕ ਸਨ ਅਤੇ ਰਾਸ਼ਟਰਪਤੀ ਵਲੋਂ ਉਨ੍ਹਾਂ ਨੂੰ ਪਦਮ ਵਿਭੂਸ਼ਨ ਨਾਲ ਨਿਵਾਜਿਆ ਗਿਆ ਜਿਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਹੋਰ ਬਹੁਤ ਸਾਰੇ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਿਆ ਸੀ।