ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਾਰ-ਦਰ-ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਪੰਜਾਬ ਕਾਂਗਰਸ ਨੇ ਸਬਕ ਨਹੀਂ ਸਿੱਖਿਆ ਤੇ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿਚਲੀ ਖਾਨਾਜੰਗੀ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆ ਰਹੀਆਂ ਲੋਕ ਸਭਾ ਚੋਣਾਂ ਲਈ ਆਪਣੇ ਪੱਧਰ ‘ਤੇ ਪੰਜਾਬ ਦਾ ਦੌਰਾ ਕਰਨ ਤੇ ਮੌਜੂਦਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀਆਂ ਰੈਲੀਆਂ ਨਾਲ ਕੋਈ ਸਬੰਧ ਨਾ ਹੋਣ ਦਾ ਐਲਾਨ ਕਰ ਕੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਸ਼ ਬਾਜਵਾ ਦੀ ਕਮਾਂਡ ਹੇਠ ਪੰਜਾਬ ਵਿਚ ਕੰਮ ਕਰਨ ਦੇ ਰੌਂਅ ਵਿਚ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਤੇ ਵਿਧਾਨ ਸਭਾ ਸੀਟਾਂ ਦੇ ਉਮੀਦਵਾਰ ਐਲਾਨਣ ਸਬੰਧੀ ਸ਼ ਬਾਜਵਾ ਦੇ ਅਧਿਕਾਰ ‘ਤੇ ਸਵਾਲ ਖੜ੍ਹਾ ਕੀਤਾ ਸੀ।
ਉਧਰ, ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਵੀ ਪੰਜਾਬ ਕਾਂਗਰਸ ਦੇ ਅਹਿਮ ਸਮਾਗਮਾਂ ਤੋਂ ਦੂਰ ਰਹਿਣ ਤੇ ਆਪਣੀਆਂ ਸਰਗਰਮੀਆਂ ਵੱਖਰੇ ਤੌਰ ‘ਤੇ ਚਲਾਉਣ ਕਾਰਨ ਪਾਰਟੀ ਖੇਰੂੰ-ਖੇਰੂੰ ਹੋਈ ਨਜ਼ਰ ਆ ਰਹੀ ਹੈ। ਇਹੀ ਨਹੀਂ ਦੂਜੀ ਕਤਾਰ ਦੇ ਆਗੂਆਂ ਵਿਚਾਲੇ ਵੀ ਖਿੱਚੋਤਾਣ ਹੈ। ਬਾਬੇ ਬਕਾਲੇ ਦੀ ਕਾਨਫਰੰਸ ਦੌਰਾਨ ਸਾਬਕਾ ਵਿਧਾਇਕ ਜਸੀਬਰ ਡਿੰਪਾ ਤੇ ਰਣਜੀਤ ਸਿੰਘ ਛੱਜਲਵੱਡੀ ਦੇ ਧੜਿਆਂ ਵਿਚਕਾਰ ਤਕਰਾਰ ਕਾਂਗਰਸ ਲਈ ਸਿਰਦਰਦੀ ਬਣਿਆ ਰਿਹਾ ਸੀ।
ਇਸ ਧੜੇਬੰਦੀ ਕਾਰਨ ਸ਼ ਬਾਜਵਾ ਵੱਲੋਂ ਅਕਾਲੀ ਦਲ-ਭਾਜਪਾ ਸਰਕਾਰ ਵਿਰੁਧ ਵਿੱਢੀ ਸਿੱਧੀ ਲੜਾਈ ਵੀ ਰੁਲਦੀ ਜਾ ਰਹੀ ਹੈ। ਜਦੋਂ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਨੂੰ ਲਾਂਭੇ ਕਰ ਕੇ ਸ਼ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੌਂਪੀ ਸੀ ਤਾਂ ਉਸ ਵੇਲੇ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਮੌਕੇ ਸਮੂਹ ਆਗੂਆਂ ਦੇ ਇਕੋ ਸਟੇਜ ਉਪਰ ਇਕੱਠੇ ਹੋਣ ਤੋਂ ਸੰਕੇਤ ਮਿਲੇ ਸਨ ਪਰ ਕੁਝ ਚਿਰ ਬਾਅਦ ਹੀ ਇਹ ਭਰਮ ਟੁੱਟ ਗਿਆ ਸੀ।
ਅਸਲ ਵਿਚ ਜਦੋਂ ਪੰਜਾਬ ਵਿਧਾਨ ਸਭਾ ਵਿਚ ਕਾਂਗਰਸੀ ਵਿਧਾਇਕਾਂ ਦਾ ਸਰਕਾਰੀ ਧਿਰ ਨਾਲ ਟਕਰਾਅ ਪੈਦਾ ਹੋਇਆ ਸੀ ਤਾਂ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਵੱਲੋਂ ਵਿਧਾਨ ਸਭਾ ਦੇ ਬਾਹਰ ਸੜਕ ਉਪਰ ਬਰਾਬਰ ਸੈਸ਼ਨ ਚਲਾਉਣ ਤੇ ਦੂਜੇ ਪਾਸੇ ਸ਼ ਬਾਜਵਾ ਵੱਲੋਂ ਪੰਜਾਬ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਕਰਨ ਕਾਰਨ ਨਾਲ ਪਾਰਟੀ ਵਿਚਲੀ ਖਾਨਾਜੰਗੀ ਸਾਹਮਣੇ ਆ ਗਈ ਸੀ। ਇਸ ਧੜੇਬੰਦੀ ਨੂੰ ਠੱਲ੍ਹਣ ਲਈ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੀ ਪੰਜਾਬ ਦੇ ਕਈ ਗੇੜੇ ਲਾ ਚੁੱਕੇ ਹਨ ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ।
ਹੈਰਾਨੀ ਦੀ ਗੱਲ ਹੈ ਕਿ ਸ਼ ਬਾਜਵਾ ਵੱਲੋਂ ਪੰਜਾਬ ਸਰਕਾਰ ਨਾਲ ਲਈ ਜਾ ਰਹੀ ਟੱਕਰ ਦੌਰਾਨ ਕਾਂਗਰਸ ਹਾਈ ਕਮਾਂਡ ਵੀ ਉਨ੍ਹਾਂ ਦਾ ਖੁੱਲ੍ਹ ਕੇ ਸਾਥ ਨਹੀਂ ਦੇ ਰਹੀ। ਜਦੋਂ ਪਹਿਲਾਂ ਸ਼ ਬਾਜਵਾ ਨੇ ਆਪਣੇ ਪੱਧਰ ‘ਤੇ ਫਤਿਹਜੰਗ ਬਾਜਵਾ ਤੇ ਸੁਖਪਾਲ ਖਹਿਰਾ ਦੀਆਂ ਨਿਯੁਕਤੀਆਂ ਕੀਤੀਆਂ ਸਨ ਤਾਂ ਹਾਈ ਕਮਾਂਡ ਨੇ ਸ਼ ਬਾਜਵਾ ਨੂੰ ਇਹ ਨਿਯੁਕਤੀਆਂ ਰੱਦ ਕਰਨ ਲਈ ਮਜਬੂਰ ਕਰ ਕੇ ਉਨ੍ਹਾਂ ਦੀ ਹਾਲਤ ਹਾਸੋਹੀਣੀ ਬਣਾ ਦਿੱਤੀ ਸੀ। ਇਸ ਤੋਂ ਬਾਅਦ ਸ਼ ਬਾਜਵਾ ਨੇ ਪੰਜਾਬ ਕਾਂਗਰਸ ਦੀ ਨਵੀਂ ਟੀਮ ਦੇ ਗਠਨ ਲਈ ਅਹੁਦੇਦਾਰਾਂ ਦੀ ਸੂਚੀ ਦਿੱਲੀ ਭੇਜੀ ਸੀ ਜਦਕਿ ਹਾਈ ਕਮਾਂਡ ਵੱਲੋਂ ਇਸ ਨੂੰ ਪ੍ਰਵਾਨਗੀ ਦੇਣ ਦੀ ਥਾਂ ਉਲਟਾ ਮੀਤ ਪ੍ਰਧਾਨਾਂ ਤੇ ਵਿਧਾਇਕ ਦਲ ਦੇ ਆਗੂ ਕੋਲੋਂ ਵੱਖਰੀਆਂ ਸੂਚੀਆਂ ਮੰਗ ਲਈਆਂ। ਇਸ ਕਾਰਨ ਅੱਜ ਤੱਕ ਸ਼ ਬਾਜਵਾ ਨੂੰ ਆਪਣੀ ਮਰਜ਼ੀ ਦੀ ਟੀਮ ਵੀ ਨਸੀਬ ਨਹੀਂ ਹੋਈ।
ਉਧਰ, ਕਾਂਗਰਸ ਹਾਈ ਕਮਾਂਡ ਨੇ ਸ਼ ਬਾਜਵਾ ਤੇ ਕੈਪਟਨ ਅਮਰਿੰਦਰ ਵਿਚਾਲੇ ਜਨਤਕ ਤੌਰ ‘ਤੇ ਚੱਲ ਰਹੀ ਸਿਆਸੀ ਖਿੱਚੋਤਾਣ ਦਾ ਨੋਟਿਸ ਲੈਂਦਿਆਂ ਪਾਰਟੀ ਦੇ ਮੁੱਦਿਆਂ ਨੂੰ ਮੀਡੀਆ ਵਿਚ ਨਾ ਉਛਾਲਣ ਦੀ ਨਸੀਹਤ ਦਿੱਤੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਕਿਸੇ ਵੀ ਆਗੂ ਨੂੰ ਆਪਣੇ ਮਤਭੇਦ ਜਾਂ ਵਖਰੇਵੇਂ ਮੀਡੀਆ ਵਿਚ ਲਿਜਾਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦਾ ਬੜਾ ਸਪੱਸ਼ਟ ਸਿਧਾਂਤ ਹੈ ਕਿ ਕਿਸੇ ਵੀ ਸੂਬਾ ਇਕਾਈ ਦਾ ਕੋਈ ਵੀ ਵੱਡਾ ਜਾਂ ਛੋਟਾ ਆਗੂ ਪਾਰਟੀ ਦੇ ਅੰਦਰੂਨੀ ਮਾਮਲੇ ਨਾ ਤਾਂ ਜਨਤਕ ਤੌਰ ‘ਤੇ ਉਛਾਲ ਸਕਦਾ ਹੈ ਤੇ ਨਾ ਹੀ ਅੰਦਰੂਨੀ ਮਾਮਲੇ ਮੀਡੀਆ ਵਿਚ ਲਿਜਾਏ ਜਾ ਸਕਦੇ ਹਨ।
ਸੂਤਰਾਂ ਅਨੁਸਾਰ ਪਿਛਲੇ ਦਿਨਾਂ ਦੌਰਾਨ ਪੰਜਾਬ ਕਾਂਗਰਸ ਵਿਚ ਚੱਲ ਰਹੀ ਸਿਆਸੀ ਉਥਲ-ਪੁਥਲ ਨੂੰ ਹਾਈ ਕਮਾਂਡ ਸੰਸਦੀ ਚੋਣਾਂ ਨੇੜੇ ਹੋਣ ਕਾਰਨ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਕਿਉਂਕਿ ਕਾਂਗਰਸ ਦੀ ਕੌਮੀ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਫੁੱਟ ਦਾ ਪਾਰਟੀ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਿਆ ਹੈ।
Leave a Reply