ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕੈਨੇਡਾ ਫੇਰੀ ਲਗਾਤਾਰ ਦੂਜੀ ਵਾਰ ਰੱਦ ਹੋ ਗਈ ਹੈ। ਇਹ ਦੌਰਾ ਰੱਦ ਹੋਣ ਦਾ ਕਾਰਨ ਬੇਸ਼ੱਕ ਕੈਨੇਡਾ ਸਰਕਾਰ ਵੱਲੋਂ ਸੁਰੱਖਿਆ ਮੁਹੱਈਆ ਨਾ ਕਰਾਉਣਾ ਦੱਸਿਆ ਜਾ ਰਿਹਾ ਹੈ, ਪਰ ਅਸਲ ਵਿਚ ਗਰਮਖਿਆਲੀ ਜਥੇਬੰਦੀਆਂ ਦੇ ਵਿਰੋਧ ਦੇ ਮੱਦੇਨਜ਼ਰ ਸ਼ ਬਾਦਲ ਵਿਦੇਸ਼ ਜਾਣ ਤੋਂ ਕੰਨੀ ਕਤਰਾ ਰਹੇ ਹਨ। ਪਿਛਲੇ ਸਾਲ ਵੀ ਸੁਖਬੀਰ ਬਾਦਲ ਨੇ ਕੈਨੇਡਾ ਜਾਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਗਰਮਖਿਆਲੀ ਜਥੇਬੰਦੀਆਂ ਦੇ ਵਿਰੋਧ ਨੂੰ ਦੇਖਦਿਆਂ ਐਨ ਮੌਕੇ ‘ਤੇ ਦੌਰਾ ਰੱਦ ਕਰ ਦਿੱਤਾ ਗਿਆ ਸੀ।
ਸਿਆਸੀ ਹਲਕਿਆਂ ਵਿਚ ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦਾ ਲਗਾਤਾਰ ਦੂਜੇ ਵਰ੍ਹੇ ਕੈਨੇਡਾ ਦਾ ਦੌਰਾ ਰੱਦ ਹੋਣ ਨਾਲ ਹਾਕਮ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਨਾਲ ਸ੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ‘ਤੇ ਵੀ ਸਵਾਲ ਉਠਿਆ ਹੈ ਜਿਨ੍ਹਾਂ ਤੋਂ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਖਫ਼ਾ ਹਨ। ਸੂਤਰਾਂ ਅਨੁਸਾਰ ਸੁਖਬੀਰ ਬਾਦਲ ਨੇ ਦੌਰੇ ਤੋਂ ਪਹਿਲਾਂ ਹਾਲਾਤ ਦਾ ਜਾਇਜ਼ਾ ਲੈਣ ਲਈ ਸੀਨੀਅਰ ਅਕਾਲੀ ਆਗੂਆਂ ਦੀ ਟੀਮ ਕੈਨੇਡਾ ਭੇਜੀ ਸੀ ਜਿਨ੍ਹਾਂ ਦੀ ਰਿਪੋਰਟ ਤੋਂ ਬਾਅਦ ਹੀ ਪਾਰਟੀ ਪ੍ਰਧਾਨ ਨੂੰ ਵਿਦੇਸ਼ ਨਾ ਜਾਣ ਦਾ ਫੈਸਲਾ ਕਰਨਾ ਪਿਆ।
ਉਂਜ, ਸੁਖਬੀਰ ਬਾਦਲ ਵੱਲੋਂ ਵਿਦੇਸ਼ ਦੌਰਾ ਰੱਦ ਕਰਨ ਦਾ ਕਾਰਨ ਵਿਦੇਸ਼ੀ ਸਰਕਾਰ ਵੱਲੋਂ ਸੁਰੱਖਿਆ ਦਾ ਪੁਖ਼ਤਾ ਪ੍ਰਬੰਧ ਨਾ ਕਰਨਾ ਦੱਸਿਆ ਜਾ ਰਿਹਾ ਹੈ ਪਰ ਸਿਆਸੀ ਮਾਹਿਰਾਂ ਦੀ ਰਾਏ ਹੈ ਕਿ ਹਾਕਮ ਧਿਰ ਵੱਲੋਂ ਆਲੋਚਨਾ ਤੋਂ ਬਚਣ ਲਈ ਇਹ ਬਹਾਨਾ ਬਣਾਇਆ ਜਾ ਰਿਹਾ ਹੈ। ਸੁਖਬੀਰ ਦੇ ਦਾਅਵੇ ਦੀ ਪੋਲ ਇਸ ਕਰ ਕੇ ਵੀ ਖੁੱਲ੍ਹਦੀ ਹੈ ਕਿ ਵਿਦੇਸ਼ੀ ਸਰਕਾਰਾਂ ਕੇਂਦਰ ਸਰਕਾਰ ਦੇ ਦਖ਼ਲ ਤੋਂ ਬਿਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਜਾਂ ਹੋਰ ਅਹਿਮ ਵਿਅਕਤੀਆਂ ਨੂੰ ਸੁਰੱਖਿਆ ਦਿੰਦੀਆਂ ਹੀ ਨਹੀਂ। ਇਸ ਦਾ ਸਬੂਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਮਰੀਕਾ ਜਾਣ ਵੇਲੇ ਰਾਜ ਸਰਕਾਰ ਵੱਲੋਂ ਆਪਣੀ ਕੀਮਤ ‘ਤੇ ਵਿਸ਼ੇਸ਼ ਸੁਰੱਖਿਆ ਛੱਤਰੀ ਮੁਹੱਈਆ ਕਰਾਉਣ ਤੋਂ ਮਿਲਦਾ ਹੈ। ਮੁੱਖ ਮੰਤਰੀ ਪਿਛਲੇ ਸਾਲਾਂ ਦੌਰਾਨ ਆਪਣੀ ਪਤਨੀ ਸੁਰਿੰਦਰ ਕੌਰ ਦੇ ਇਲਾਜ ਲਈ ਜਿੰਨੀ ਵਾਰੀ ਵੀ ਅਮਰੀਕਾ ਗਏ, ਉਨ੍ਹਾਂ ਲਈ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਸਰਕਾਰ ਨੇ ਅਮਰੀਕਾ ਦੀ ਪ੍ਰਾਈਵੇਟ ਕੰਪਨੀ ਨੂੰ 60 ਲੱਖ ਰੁਪਏ ਤੋਂ ਵੱਧ ਦੀ ਰਕਮ ਸੁਰੱਖਿਆ ਲਈ ਅਦਾ ਕੀਤੀ ਸੀ।
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਆਪਣਾ ਦੌਰਾ ਟੋਰਾਂਟੋ ਤੋਂ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਤੇ 19 ਸਤੰਬਰ ਨੂੰ ਟੋਰਾਂਟੋ ਵਿਚ ਪਹਿਲਾ ਵੱਡਾ ਜਨਤਕ ਸਮਾਗਮ ਕੀਤਾ ਜਾਣਾ ਸੀ। ਟੋਰਾਂਟੋ ਵਿਚ ਸਮਾਗਮ ਲਈ ਵੱਡਾ ਹਾਲ ਵੀ ਬੁੱਕ ਕਰ ਲਿਆ ਗਿਆ ਸੀ। ਉਧਰ, ਸੁਖਬੀਰ ਬਾਦਲ ਦੇ ਕੈਨੇਡਾ ਦੌਰੇ ਦੀ ਭਿਣਕ ਪੈਂਦਿਆਂ ਹੀ ਯੂਨਾਈਟਿਡ ਸਿੱਖਸ, ਸਿੱਖਸ ਫਾਰ ਜਸਟਿਸ ਤੇ ਹੋਰ ਸਿੱਖ ਸੰਸਥਾਵਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਸੋਸ਼ਲ ਮੀਡੀਆ ਉਪਰ ਪ੍ਰਚਾਰ ਮੁਹਿੰਮ ਅਰੰਭ ਕਰ ਦਿੱਤੀ। ਸੂਤਰਾਂ ਮੁਤਾਬਕ ਸੁਖਬੀਰ ਬਾਦਲ ਨੂੰ ਇਹ ਵੀ ਡਰ ਸੀ ਕਿ ਕੈਨੇਡਾ ਦੇ ਕਾਨੂੰਨ ਮੁਤਾਬਕ ਉਥੇ ਉਨ੍ਹਾਂ ਵਿਰੁਧ ਫੌਜਦਾਰੀ ਕੇਸ ਵੀ ਦਰਜ ਹੋ ਸਕਦਾ ਹੈ। ਜੇ ਫੌਜਦਾਰੀ ਕੇਸ ਦਰਜ ਹੋ ਜਾਵੇ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਕੋਈ ਨਹੀਂ ਰੋਕ ਸਕਦਾ। ਇਸੇ ਤਰ੍ਹਾਂ ਅਮਰੀਕਾ ਗਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁਧ ਵੀ ਕੇਸ ਦਰਜ ਹੋ ਗਿਆ ਸੀ ਭਾਵੇਂ ਉਹ ਸਿਵਲ ਦਾ ਮਾਮਲਾ ਸੀ। ਉਸ ਕੇਸ ਵਿਚ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਆਧਾਰ ਬਣਾਇਆ ਗਿਆ ਸੀ। ਅਮਰੀਕਨ ਨਾਗਰਿਕਾਂ ਨਾਲ ਉਸ ਮਾਮਲੇ ਦਾ ਕੋਈ ਸਿੱਧਾ ਸਬੰਧ ਨਹੀਂ ਸੀ।
ਚੇਤੇ ਰਹੇ ਕਿ ਸਿੱਖ ਸੰਗਠਨਾਂ ਨੇ ਅਜਿਹੇ ਕਈ ਮਾਮਲੇ ਸਾਹਮਣੇ ਲਿਆਉਣੇ ਸ਼ੁਰੂ ਕੀਤੇ ਹਨ ਜਿਨ੍ਹਾਂ ਵਿਚ ਪੰਜਾਬੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੇ ਪੰਜਾਬ ਵਿਚ ਆਉਣ ਸਮੇਂ ਉਨ੍ਹਾਂ ‘ਤੇ ਤਸ਼ੱਦਦ ਹੋਏ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕਾਨੂੰਨੀ ਸਲਾਹਕਾਰਾਂ, ਸੁਰੱਖਿਆ ਏਜੰਸੀਆਂ ਤੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਵੀ ਸੁਖਬੀਰ ਬਾਦਲ ਨੂੰ ਵਿਦੇਸ਼ ਨਾ ਜਾਣ ਦੀ ਸਲਾਹ ਦਿੱਤੀ।
ਪੰਜਾਬ ਵਿਚ ਮੁੜ ਤੋਂ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੈਨੇਡਾ ਜਾਣ ਲਈ ਪੂਰਾ ਤਾਣ ਲਾ ਰਹੇ ਹਨ। ਪਿਛਲੇ ਸਾਲ ਸਤੰਬਰ ਮਹੀਨੇ ਵਿਚ ਵੀ ਉਨ੍ਹਾਂ ਵੱਲੋਂ ਕੈਨੇਡਾ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਉਸ ਵੇਲੇ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਜਾਇਜ਼ਾ ਲੈਣ ਲਈ ਬਲਵੰਤ ਸਿੰਘ ਰਾਮੂਵਾਲੀਆ ਤੇ ਮਨਪ੍ਰੀਤ ਸਿੰਘ ਇਯਾਲੀ ਨੂੰ ਕੈਨੇਡਾ ਭੇਜਿਆ ਗਿਆ ਸੀ। ਇਨ੍ਹਾਂ ਅਕਾਲੀ ਆਗੂਆਂ ਦੀ ਰਿਪੋਰਟ ਤੋਂ ਬਾਅਦ ਸੁਖਬੀਰ ਬਾਦਲ ਨੇ 2012 ਦੌਰਾਨ ਕੈਨੇਡਾ ਦਾ ਦੌਰਾ ਰੱਦ ਕਰ ਦਿੱਤਾ ਸੀ।
ਇਸ ਦੇ ਉਲਟ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੁਝ ਵਰ੍ਹੇ ਪਹਿਲਾਂ ਕੈਨੇਡਾ ਵਿਚ ਗਰਮਖਿਆਲੀ ਜਥੇਬੰਦੀਆਂ ਸਮੇਤ ਪੰਜਾਬੀਆਂ ਨੇ ਭਰਵਾਂ ਸਵਾਗਤ ਕੀਤਾ ਸੀ। ਸਾਬਕਾ ਵਿੱਤ ਮੰਤਰੀ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਕੈਨੇਡਾ ਰਹਿੰਦੇ ਪੰਜਾਬੀਆਂ ਨੇ ਖੁੱਲ੍ਹੀ ਹਮਾਇਤ ਕੀਤੀ ਸੀ। ਅਹਿਮ ਤੱਥ ਇਹ ਵੀ ਹੈ ਕਿ ਕੈਨੇਡਾ ਨੇ ਪਿਛਲੇ ਸਾਲਾਂ ਦੌਰਾਨ ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ਨੂੰ ਵੀਜ਼ਾ ਦੇਣ ਤੋਂ ਵੀ ਨਾਂਹ ਕਰ ਦਿੱਤੀ ਸੀ। ਅਜਿਹੇ ਅਧਿਕਾਰੀਆਂ ਵਿਚ ਡੀæਜੀæਪੀæ ਰੈਂਕ ਦੇ ਪੁਲੀਸ ਅਧਿਕਾਰੀ ਰਾਜਨ ਗੁਪਤਾ ਸਮੇਤ ਹੋਰ ਕਈਆਂ ਦੇ ਨਾਂ ਸ਼ਾਮਲ ਹਨ।
ਅਕਾਲੀ ਦਲ ਦੇ ਹਲਕਿਆਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਪੰਜਾਬ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਪਰਵਾਸੀ ਪੰਜਾਬੀਆਂ ਨੂੰ ਨਿਵੇਸ਼ ਲਈ ਉਤਸ਼ਾਹਤ ਕਰਨਾ ਚਾਹੁੰਦੇ ਹਨ। ਉਨ੍ਹਾਂ ਵੱਲੋਂ ਕੈਨੇਡਾ ਨੂੰ ਇਸ ਕਰਕੇ ਚੁਣਿਆ ਜਾ ਰਿਹਾ ਹੈ ਕਿਉਂਕਿ ਇਸ ਮੁਲਕ ਵਿਚ ਸਭ ਤੋਂ ਵੱਧ ਪੰਜਾਬੀ ਰਹਿੰਦੇ ਹਨ। ਉਥੋਂ ਦੀ ਪਾਰਲੀਮੈਂਟ ਤੇ ਸੂਬਾਈ ਅਸੈਂਬਲੀਆਂ ਵਿਚ ਵੀ ਪੰਜਾਬੀਆਂ ਦੀ ਚੰਗੀ ਗਿਣਤੀ ਹੈ। ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਪਰਵਾਸੀ ਭਾਰਤੀਆਂ ਦੀ ਮਦਦ ਲੈਣ ਦੇ ਮਕਸਦ ਨਾਲ ਵੀ ਕੈਨੇਡਾ ਫੇਰੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
Leave a Reply