ਪ੍ਰੋ. ਜਸਵੰਤ ਸਿੰਘ ਗੰਡਮ
ਫੋਨ: 98766-55055
ਜਦੋਂ ਤੋਂ ਭਾਰਤੀ ਲੋਕ ਸਭਾ ਦੇ ਸਕੱਤਰੇਤ ਵਲੋਂ ਤਾਜ਼ਾ ਜਾਰੀ ਕੀਤੇ ਗਏ ਕਿਤਾਬਚੇ ਵਿਚ ਗੈਰ-ਸੰਸਦੀ ਸ਼ਬਦਾਂ ਦੀ ਸੂਚੀ `ਚ ਸ਼ਾਮਲ ਕੀਤੇ ਗਏ ਸ਼ਬਦਾਂ ਵਿਚ ‘ਚਮਚਾ’ ਅਤੇ ‘ਚਮਚਾਗੀਰੀ’ ਵਰਗੇ ਮਨਮੋਹਕ ਸ਼ਬਦਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਉਦੋਂ ਤੋਂ ਚਮਚਿਆਂ ਦੇ ਸੱਤੀਂ ਕੱਪੜੀਂ ਅੱਗ ਲੱਗੀ ਹੋਈ ਹੈ। ਉਹ ਭੱਠੀ `ਚੋਂ ਭਵਕਦੀਆਂ ਲਾਟਾਂ ਵਾਂਗ ਮਚੇ ਪਏ ਹਨ। ਉਹ ਤਾਂ ‘ਚਮਚੇ ਬਚਾਉ ਦੇਸ਼ ਬਚਾਉ’ ਦਾ ਕੌਮੀ ਅੰਦੋਲਨ ਛੇੜਨ ਦਾ ਪ੍ਰੋਗਰਾਮ ਬਣਾਉਣ ਲੱਗੇ ਸਨ ਪਰ ਅਸੀਂ ਉਨ੍ਹਾਂ ਨੂੰ ਇਹ ਕਹਿ ਕੇ ਠੰਡੇ ਕੀਤਾ ਕਿ ਲੋਕ ਸਭਾ ਦੇ ਸਪੀਕਰ ਜਨਾਬ ਓਮ ਬਿਰਲਾ ਜੀ ਨੇ ਕਿਹਾ ਹੈ ਕਿ ਸ਼ਬਦਾਂ `ਤੇ ਪਾਬੰਦੀ ਨਹੀਂ ਲਗਾਈ ਗਈ ਪਰ ਇਕ ਸੂਚੀ ਜਾਰੀ ਕੀਤੀ ਗਈ ਹੈ ਕਿ ਇਹ ਸ਼ਬਦ ਬੋਲਣ `ਤੇ ਇਨ੍ਹਾਂ ਨੂੰ ਸਦਨ ਦੀ ਕਾਰਵਾਈ ਵਿਚੋਂ ਕੱਢ ਦਿੱਤਾ ਜਾਏਗਾ।
ਪਰ ਚਮਚਿਆਂ ਨੂੰ ਇਤਰਾਜ਼ ਤਾਂ ਇਸ ਗੱਲ ਦਾ ਹੈ ਕਿ ਆਖਿਰ ਵਧੇਰੇ ਚਮਚੇ ਤਾਂ ਲੀਡਰਾਂ ਦੇ ਹੀ ਹੁੰਦੇ ਹਨ ਤੇ ਉਹ ਵੀ ਸੱਤਾਧਾਰੀ ਪਾਰਟੀ ਦੇ ਲੀਡਰਾਂ ਦੇ, ਫਿਰ ਭਲਾ ਆਪਣਿਆਂ ਨੇ ਹੀ ਉਨ੍ਹਾਂ ਦੀ ਪਿੱਠ ਵਿਚ ਛੁਰਾ ਕਿਉਂ ਮਾਰਿਆ?
“ਦੁਸ਼ਮਨੋਂ ਕੀ ਦੁਸ਼ਮਨੀ ਕਾ ਕੋਈ ਗਿਲਾ ਨਾ ਥਾ, ਦਿਲ ਤੋ ਤੋੜ ਦੀਆ ਦੋਸਤੋਂ ਕੀ ਦੁਸ਼ਮਨੀ ਨੇ”।
ਭਲਾ ਚਮਚਿਆਂ ਜਾਂ ਚਮਚਾਗੀਰੀ ਤੋਂ ਬਿਨਾਂ ਸਾਡੇ ਮਹਾਨ ਦੇਸ਼ ਦੇ ਸਿਆਸਤਦਾਨਾਂ ਦਾ ਕੰਮ ਕਿਵੇਂ ਚੱਲੂ? ਉਨ੍ਹਾਂ ਦੀ ਹਵਾ ਕੌਣ ਬੰਨੂ? ਉਨ੍ਹਾਂ ਲਈ ਡੌਰੂ ਕੌਣ ਵਜਾਊ”? ਛਨ ਛਨਾ ਨਨ ਛਨ ਕਰਦਿਆਂ ਕਿਹੜਾ ਚਮਚਾ ਖੜਕੂ? ਸੋ, ਚਮਚਿਆਂ ਨੇ ਇਕ ਮਹਾਂ-ਸਭਾ ਕਰ ਕੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਉਹ ਤਾਂ ਖੂੁਬ ਖੜਨਗੇ, ਖੁਸ਼ੀ ਨਾਲ ਚਮਚਾਗੀਰੀ ਕਰਨਗੇ, ਕਾਰਵਾਈ ‘ਚੋਂ ਨਿਕਲਣ ਦਾ ਉਨ੍ਹਾਂ ਨੂੰ ਕੋਈ ਤੌਖਲਾ ਨਹੀਂ।
ਅਸੀਂ ਵੀ ਸੋਚਿਆ ਕਿ ਜੇ ਚਮਚੇ, ਚਮਚੇ ਹੋ ਕੇ ਵੀ ਐਨੀਂ ਚੂੰ-ਚੜਕ ਕਰਨ ਦੀ ਦਲੇਰੀ ਦਿਖਾ ਸਕਦੇ ਹਨ ਤਾਂ ਸਾਨੂੰ ਕਿਹੜਾ ਕਿਸੇ ਕੀੜੇ ਨੇ ਕੱਟਿਆ ਕਿ ਅਸੀਂ ਇਸ ਮਹਾਨ ਸ਼੍ਰੇਣੀ ਬਾਰੇ ਕੁਝ ਲਿਖ ਵੀ ਨਾ ਸਕੀਏ?
ਚਮਚਾਗੀਰੀ ਗੋਭੀ ਦੇ ਫੁੱਲ ਨੂੰ ਗੁਲਾਬ ਦਾ ਫੁੱਲ ਕਹਿਣ ਦੀ ਕਲਾ ਹੈ। ਨਿਰਾ ਕਹਿਣ ਦੀ ਹੀ ਨਹੀਂ ਬਲਕਿ ਅਗਲੇ ਨੂੰ ਅਜਿਹਾ ਮਨਵਾਉਣ ਦਾ ਗੁਰ ਹੈ। ਭਾਵੇਂ ਐਡਮੰਡ ਬਰਕ ਅਨੁਸਾਰ ‘ਚਮਚਾਗੀਰੀ ਜਾਂ ਚਾਪਲੂਸੀ ਕਰਨ ਅਤੇ ਕਰਵਾਉਣ ਵਾਲੇ ਦੋਵਾਂ ਨੂੰ ਖਰਾਬ ਕਰਦੀ ਹੈ’ ਪਰ ਇਹ ਕੀਤੀ ਅਤੇ ਕਰਵਾਈ ਬਹੁਤ ਜਾਂਦੀ ਹੈ।
ਚਮਚਾਗੀਰੀ ਪ੍ਰਸ਼ੰਸਾ ਨਹੀਂ ਹੁੰਦੀ। ਪ੍ਰਸ਼ੰਸਾ ਹੱਕਦਾਰ ਦੀ ਹੁੰਦੀ ਹੈ, ਚਾਪਲੂਸੀ ਨਾਹਕ ਦੀ। ਇਕ ਜਾਇਜ਼ ਹੈ, ਦੂਜੀ ਨਾਜਾਇਜ਼। ਚਮਚਾਗੀਰੀ ਵਿਚ ਚਮਚੇ ਅਤੇ ਚਮਚਾਗੀਰੀ ਕਰਵਾਉਣ ਵਾਲੇ ਦੋਨਾਂ ਦਾ ਲਾਭ ਹੁੰਦਾ ਹੈ। ਝੋਲੀ ਚੁੱਕ ਨੂੰ ਉਹ ਕੁਝ ਮਿਲ ਜਾਂਦਾ ਹੈ ਜਿਸ ਦਾ ਉਹ ਅਧਿਕਾਰੀ ਨਹੀਂ ਅਤੇ ਮੱਖਣ ਲਗਾਉਣ ਵਾਲੇ ਨੂੰ ਵੀ ਉਹ ਕੁਝ ਮਿਲ ਜਾਂਦਾ ਹੈ ਜਿਸ ਦਾ ਉਹ ਵੀ ਹੱਕਦਾਰ ਨਹੀਂ ਹੁੰਦਾ।
ਚਮਚਾਗੀਰੀ ਇਕ ਬਲਵਰਧਕ ਵਿਟਾਮਿਨ ਦੇ ਕੈਪਸੂਲ ਜਾਂ ਟੌਨਿਕ ਵਾਂਗ ਕੰਮ ਕਰਦੀ ਹੈ। ਆਪਾਂ ਇਸ ਨੂੰ ‘ਵਿਟਾਮਿਨ ਐਫ’(ਫਲੈਟਰੀ) ਕਹਿ ਲੈਂਦੇ ਹਾਂ। ਫਲੈਟਰੀ ਦਾ ਅਰਥ ਚਾਪਲੂਸੀ ਹੁੰਦਾ ਹੈ। ਇਸ ਦਾ ਸੇਵਨ ਕਰਵਾ ਕੇ ਤੁਸੀਂ ਉਹ ਕੁਝ ਹਾਸਲ ਕਰ ਸਕਦੇ ਹੋ ਜਿਸ ਦਾ ਤੁਸੀਂ ਸੁਪਨਾ ਵੀ ਨਹੀਂ ਲਿਆ ਹੁੰਦਾ। ਤੁਸੀਂ ਉਚੇ ਤੋਂ ਉਚਾ ਅਹੁਦਾ ਮੱਲ ਸਕਦੇ ਹੋ ਭਾਵੇਂ ਤੁਹਾਨੂੰ ਇੱਲ੍ਹ ਦਾ ਨਾਂ ਕੋਕੋ ਨਾ ਆਉਂਦਾ ਹੋਵੇ। ਤੁਸੀਂ ਰਾਤੋ-ਰਾਤ ਵਿਦਵਾਨ\ਦਾਨਿਸ਼ਵਰ ਬਣ ਸਕਦੇ ਹੋ, ਬੇਸ਼ੱਕ ਤੁਹਾਡੀ ਅਕਲ ਦਾ ਘੋੜਾ ਤੁਹਾਡੇ ਘਰ ਦੀ ਸਰਦਲ ਤਕ ਵੀ ਨਾ ਦੌੜ ਸਕਦਾ ਹੋਵੇ।
ਚਾਪਲੂਸ ਨੂੰ ਚਮਚਾਗੀਰੀ ਉਹ ਕੁਝ ਦੇ ਦਿੰਦੀ ਹੈ ਜੋ ਉਹ ਮਿਹਨਤ ਜਾਂ ਮੈਰਿਟ ਨਾਲ ਨਹੀਂ ਹਾਸਲ ਕਰ ਸਕਦਾ। ਹੱਕਦਾਰ ਹੱਕਾਂ ਲਈ ਹੱਥ ਹੀ ਮਲਦਾ ਰਹਿ ਜਾਂਦੈ ਪਰ ਚਮਚਾ ਹੱਥਾਂ ਉਪਰ ਸਰ੍ਹੋਂ ਜਮਾ ਹੱਕ ਹਥਿਆ ਆਪਣੇ ਰਾਹ ਪੈਂਦਾ ਹੈ। ਵਿਚਾਰਾ ਸ਼ੇਕਸਪੀਅਰ ਦੁਹੱਥੜੀਂ ਪਿੱਟਦਾ ਰਹਿ ਜਾਂਦਾ ਹੈ ਕਿ ‘ਕਾਸ਼! ਦੌਲਤਾਂ, ਸਨਦਾਂ ਅਤੇ ਅਹੁਦੇ ਭ੍ਰਿਸ਼ਟਾਚਾਰ ਰਾਹੀਂ ਨਾ ਪ੍ਰਾਪਤ ਕੀਤੇ ਹੁੰਦੇ’! ਸੋਲ੍ਹਵੀਂ ਤੋਂ ਇਕੀਵੀਂ ਸਦੀ ਆ ਗਈ ਹੈ ਪਰ ਇਸ ਸਤਰ ਦੇ ਅੱਖਰ ਉਵੇਂ ਦੇ ਉਵੇਂ ਤਰਲਾਹਾਰ ਹਨ।
ਚਮਚਿਆਂ ਦੀਆਂ ਚਾਰ ਕਿਸਮਾਂ ਹਨ। ਸਭ ਤੋਂ ਪਹਿਲਾਂ ‘ਪਰੋਸਵੇਂ-ਚਮਚੇ’ ਜਾਣੀ ‘ਸਰਵਿਸ ਸਪੂਨ’ ਹਨ। ਆਪਾਂ ਇਨ੍ਹਾਂ ਨੂੰ ‘ਕੜਛੇ’ ਵੀ ਕਹਿ ਸਕਦੇ ਹਾਂ। ਇਸ ਤੋਂ ਹੇਠਾਂ ਵੱਡੇ ਚਮਚੇ ਜਾਣੀ ‘ਟੇਬਲ ਸਪੂਨ’ ਆਉਂਦੇ ਹਨ। ਫਿਰ ਛੋਟੇ ਜਾਂ ਸਾਧਾਰਨ ਚਮਚੇ ਜਾਣੀ ‘ਟੀ-ਸਪੂਨ’ ਅਤੇ ਸਭ ਤੋਂ ਹੇਠਲੀ ਸ਼੍ਰੇਣੀ ਵਿਚ ਪਿੱਦੀ ਚਮਚੇ ਭਾਵ ‘ਟੌਇ ਸਪੂਨ’ ਆਉਂਦੇ ਹਨ।
ਚਮਚਿਆਂ ਦੀ ਇਸ ਵਰਣ-ਵੰਡ ਵਿਚ ਕੜਛਿਆਂ ਨੇ ਇਸ ਕੋਮਲ ਕਲਾ ਦੀ ਪੀ.ਐਚਡੀ. ਕੀਤੀ ਹੁੰਦੀ ਹੈ, ਵੱਡੇ ਚਮਚਿਆਂ ਨੇ ਐਮ.ਏ, ਛੋਟਿਆਂ ਨੇ ਬੀ.ਏ. ਅਤੇ ਪਿੱਦਿਆਂ ਨੇ ਦਸਵੀਂ ਕੀਤੀ ਹੁੰਦੀ ਹੈ। ਕੜਛੇ ਸਫੈਦਪੋਸ਼ ਚਮਚੇ ਹੁੰਦੇ ਹਨ, ਜੋ ਸਿਖਰਲੀ ਟੀਸੀ ਉਪਰ ਬਿਰਾਜਮਾਨ ਹੋਣ ਵਾਲਿਆਂ ਦੇ ਇਰਦ-ਗਿਰਦ ਇਸ ਤਰਾਂ੍ਹ ਭਿਣ-ਭਿਣਾਉਂਦੇ ਰਹਿੰਦੇ ਹਨ ਜਿਦਾਂ ਸ਼ਹਿਦ ਦੀ ਮੱਖੀ ਫੁੱਲਾਂ ਦੁਆਲੇ ਭਿਣ-ਭਿਣਾਉਂਦੀ ਹੈ! ਇਹ ‘ਸਟੈਂਡਰਡ’ ਦੀ ਚਮਚਾਗੀਰੀ ਕਰਦੇ ਹਨ। ਟੇਬਲ ਸਪੂਨ ਕੜਛਿਆਂ ਦੇ ਵਿਰੋਧੀ ਹੁੰਦੇ ਹਨ ਜੋ ਮੌਕਾ ਮਿਲਦਿਆਂ ਹੀ ਕੜਛੇ ਬਣਨਾ ਲੋਚਦੇ ਹਨ। ਇਹ ਵਿਰੋਧੀ ਪਾਰਟੀ ਦੇ ਬੈਂਚਾਂ ਉਪਰ ਰੂਲਿੰਗ ਪਾਰਟੀ ਦੇ ਬੈਂਚਾਂ ਨੂੰ ਮੱਲਣ ਦੀ ਤਾਕ ਵਿਚ ਬੈਠਦੇ ਹਨ। ਸਾਧਾਰਨ ਚਮਚੇ ਸਹਾਇਕ ਸ਼੍ਰੇਣੀ ਵਿਚ ਸ਼ਾਮਲ ਹਨ। ਸਭ ਤੋਂ ਹੇਠਲ਼ੀ ਸ਼੍ਰੇਣੀ ਦੇ ਚਮਚਿਆਂ ਉਪਰ ਅੰਗਰੇਜ਼ੀ ਕਵੀ ਮਿਲਟਨ ਦੀ ਲਾਈਨ ‘ਜੋ ਸੇਵਾ ਦੀ ਉਡੀਕ ਵਿਚ ਖੜ੍ਹੇ ਰਹਿੰਦੇ ਹਨ, ਉਹ ਵੀ ਸੇਵਕ ਹੀ ਹੁੰਦੇ ਹਨ’ ਪੂਰੀ ਢੁਕਦੀ ਹੈ। ਇਹ ਵਿਚਾਰੇ ਬੌਸ ਦੇ ਤਾਂ ਨੇੜੇ ਨਹੀਂ ਫਟਕ ਸਕਦੇ, ਇਸ ਲਈ ਤੇਰ-ਮੇਰ ਅੱਗੇ ਪੂਛ ਹਿਲਾ ਕੇ ਆਪਣਾ ਝੱਸ ਪੂਰਾ ਕਰਦੇ ਹਨ।
ਸਮੁੱਚੇ ਤੌਰ `ਤੇ ਚਾਪਲੂਸ ਇਕ ਬਹੁ-ਰੰਗੀ, ਅਦਭੁਤ ਜੀਵ ਹੁੰਦਾ ਹੈ। ਇਸ ਦਾ ਰੰਗ ਗਿਰਗਿਟ ਦਾ, ਸ਼ਕਲ ਲੇਲੇ ਦੀ, ਜੀਭ ਤੋਤੇ ਦੀ (ਭਾਵ ਜੀ-ਹਜ਼ੂਰੀ), ਗਰਦਨ ਖੋਤੇ ਦੀ (ਮਾਲਿਕ ਅੱਗੇ ਸਿਰ ਝੁਕਾਈ ਰੱਖਣਾ), ਅੱਖ ਬਾਜ਼ ਦੀ, ਚੁਸਤੀ ਕਾਂ ਦੀ, ਸ਼ਰਾਰਤ ਬਾਂਦਰ ਦੀ, ਮੱਕਾਰੀ ਲੂੰਬੜੀ ਦੀ, ਵਿਭਚਾਰੀ ਕੁੱਤੇ ਦੀ, ਭਗਤੀ ਬਗਲੇ ਦੀ, ਜ਼ਹਿਰ ਖੜੱਪੇ ਦੀ ਹੁੰਦੀ ਹੈ। ਮੱਖਣਬਾਜ਼ ਬੜ੍ਹਕ ਮਾਰਨ ਲੱਗਿਆਂ ਸਾਹਨ ਅਤੇ ਮੋਕ ਮਾਰਨ ਲੱਗਿਆਂ ਗਊ ਦਾ ਜਾਇਆ ਹੁੰਦਾ ਹੈ। ਲੋੜ ਪੈਣ `ਤੇ ਗਧੇ ਨੂੰ ਬਾਪ ਅਤੇ ਲੋੜ ਪੁੱਗਣ `ਤੇ ਬਾਪ ਨੂੰ ਗਧਾ ਕਹਿ ਸਕਦਾ ਹੈ। ਉਹ ਤੁਹਾਡੇ ਬੱਚੇ ਲਈ ਲੌਲੀਪਾਪ\ਚਾਕਲੇਟ ਲਿਆਏਗਾ ਪਰ ਅੱਖ ਤੁਹਾਡੀ ਪਤਨੀ ‘ਤੇ ਰੱਖੇਗਾ।
ਬੌਸ ਦੀ ਜੀ ਹਜ਼ੂਰੀ ਕਰਨਾ ਚਮਚਿਆਂ ਦਾ ਪਰਮ-ਧਰਮ ਹੁੰਦਾ ਹੈ। ਬੌਸ ਜੇ ਔਰਤ ਹੋਵੇ ਫਿਰ ਤਾਂ ਕਹਿਣੇ ਹੀ ਕੀ! ਊਠ ਦੇ ਲਿਬੜਾਂ ਵਰਗੇ ਬੁੱਲ੍ਹਾਂ ਨੂੰ ਸੰਤਰੇ ਦੀਆਂ ਫਾੜੀਆਂ, ਹਾਥੀ-ਦੰਦਾਂ ਵਾਂਗ ਬਾਹਰ ਦੀ ਹਵਾ ਫੱਕ ਰਹੇ ਦੰਦੌੜੇ ਨੂੰ ਚਿੱਟੇ ਮੋਤੀ ਸੱਦੇਗਾ।
ਹਰ ਚਮਚਾ ਇਸ ਸੁਨਹਿਰੀ ਸਿਧਾਂਤ ਦਾ ਧਾਰਨੀ ਹੁੰਦਾ ਹੈ ਕਿ ਜੇ ਲਿੱਦ ਹੀ ਚੁੱਕਣੀ ਹੈ ਤਾਂ ਹਾਥੀ ਦੀ ਚੁੱਕੋ, ਕਿਸੇ ਗਧੇ-ਘੋੜੇ ਦੀ ਕਿਉਂ ਚੁੱਕਣੀ। ਉਹ ਜਾਣਦੈ ਕਿ ਹਾਥੀ ਕੇ ਪਾਓਂ ਮੇਂ ਸਭੀ ਕਾ ਪਾਓਂ! ਬੌਸ\ਅਫਸਰ ਦੀਆਂ ਗਾਲ੍ਹਾਂ ਨੂੰ ਉਹ ਦੁੱਧ-ਘਿਓ ਦੀਆਂ ਨਾਲਾਂ ਸਮਝਦਾ ਹੈ। ‘ਕਿਤਨੇ ਸ਼ੀਰੀਂ ਹੈਂ ਤੇਰੇ ਲਬ ਕਿ ਰਕੀਬ ਗਾਲੀਆਂ ਖਾ ਕੇ ਭੀ ਬੇਮਜ਼ਾ ਨਾ ਹੂਆ’ (ਗਾਲਿਬ)। ਅਜਿਹੇ ਲੋਕਾਂ ਲਈ ਹੀ ਸ਼ਾਇਦ ਮਿਰਜ਼ਾ ਗਾਲਿਬ ਨੇ ਹੋਰ ਕਿਹਾ ਸੀ-‘ਹੂਆ ਹੈ ਸ਼ਾਹ ਕਾ ਮੁਸਾਹਿਬ ਫਿਰੇ ਹੈ ਇਤਰਾਤਾ,\ਵਰਨਾ ਸ਼ਹਿਰ ਮੇਂ ਗਾਲਿਬ ਕੀ ਆਬਰੂ ਕਿਆ ਹੈ”।
ਚਾਪਲੂਸ ਸਰਬ-ਸਥਾਨੀ ਜੀਵ ਹੈ। ਹਰ ਪਿੜ ਵਿਚ ਤੁਹਾਡੀ ਇਸ ਨਾਲ ਮੁਲਾਕਾਤ ਹੋ ਜਾਵੇਗੀ। ਸਿਆਸੀ ਆਗੂਆਂ, ਖਾਸ ਤੌਰ `ਤੇ ਸੱਤਾਧਾਰੀਆਂ, ਵੱਡੇ ਅਫਸਰਾਂ, ਮਾਲਦਾਰਾਂ ਆਦਿ ਕੋਲ ਖੁਸ਼ਾਮਦੀ ਟੱਟੂ ਬਹੁਤ ਹੁੰਦੇ ਹਨ। ਉਹ ਦਿਨ ਦੂਰ ਨਹੀਂ ਜਦ ਬਰਸਾਤੀ ਡੱਡੂਆਂ ਵਾਂਗ ਚਾਪਲੂਸਾਂ\ਚਮਚਿਆਂ\ਮੱਖਣਬਾਜ਼ਾਂ ਦੀ ਗਿਣਤੀ ਐਨੀ ਵਧ ਜਾਏਗੀ ਕਿ ਸਾਡੇ ਸੱਜੇ-ਖੱਬੇ, ਥੱਲੇ-ਉੱਤੇ ਅਤੇ ਆਸੇ-ਪਾਸੇ ਚਮਚੇ ਹੀ ਚਮਚੇ ਹੋਣਗੇ। ਅਸੀਂ ਇਨ੍ਹਾਂ ਦੀ ਛਨ ਛਨਾ ਨਨ ਛਨ ਸੁਣ ਕੇ ਪੁਕਾਰ ਉਠਾਂਗੇ-
‘ਬਰਬਾਦੀ-ਏ-ਗੁਲਸ਼ਨ ਕੇ ਲੀਏ ਏਕ ਹੀ ਉਲੂ (ਚਮਚਾ) ਕਾਫੀ ਥਾ,
ਹਰ ਸ਼ਾਖ ਪੇ ਉਲੂ (ਚਮਚਾ) ਬੈਠਾ ਹੈ, ਅੰਜਾਮ-ਏ-ਗੁਲਿਸਤਾਂ ਕਯਾ ਹੋਗਾ?