ਗੁਰਨਾਮ ਕੌਰ, ਕੈਨੇਡਾ
ਭਗਤ ਪਰਮਾਨੰਦ ਜੀ ਮਹਾਰਾਸ਼ਟਰ ਦੇ ਸੰਤ-ਕਵੀ ਸਨ, ਜਿਨ੍ਹਾਂ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਨ੍ਹਾਂ ਦਾ ਜਨਮ ਅੰਦਾਜ਼ਨ ਪੰਦਰ੍ਹਵੀਂ ਸਦੀ ਦੇ ਅੰਤ ਵਿਚ ਭਾਵ 1483 ਵਿਚ ਹੋਇਆ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਨੇ ਆਪਣੀ ਰਿਹਾਇਸ਼ ਮਹਾਰਾਸ਼ਟਰ ਦੇ ਮੌਜੂਦਾ ਸ਼ੋਲਾਪੁਰ ਜਿ਼ਲ੍ਹੇ ਦੇ ਪਿੰਡ ਬਾਰਸੀ ਵਿਚ ਕੀਤੀ ਜੋ ਪਾਂਧਰਪੁਰ ਦੇ ਉੱਤਰ ਵਿਚ ਸਥਿਤ ਹੈ। ਭਗਤ ਪਰਮਾਨੰਦ ਨੂੰ ਪਰਮਾਤਮਾ ਦੀ ਹਮੇਸ਼ਾ ਸਿੱਕ ਲੱਗੀ ਰਹਿੰਦੀ ਸੀ, ਜਿਸ ਲਈ ਉਹ ਵਿਸ਼ਨੂੰ ਦੇ ਅਵਤਾਰ ਦੇ ਰੂਪ ਵਿਚ ਸ੍ਰੀ ਕ੍ਰਿਸ਼ਨ ਦੀ ਪੂਜਾ ਕਰਿਆ ਕਰਦੇ ਸਨ।
ਕਿਹਾ ਜਾਂਦਾ ਹੈ ਕਿ ਉਹ ਆਪਣੇ ਨੰਗੇ ਗੋਡਿਆਂ ਪਰਨੇ ਪਰਮਾਤਮਾ ਅੱਗੇ ਹਰ ਰੋਜ਼ ਸੱਤ ਸੌ ਵਾਰ ਨਮਸਕਾਰ ਕਰਦੇ ਸਨ ਅਤੇ ਕਈ ਵਾਰ ਗੋਡਿਆਂ ਵਿਚੋਂ ਖੂਨ ਸਿੰਮਣ ਲੱਗ ਪੈਂਦਾ ਸੀ। ਬਹੁਤ ਲੰਬੇ ਸਮੇਂ ਤੱਕ ਉਹ ਇਹ ਵਿਸ਼ਵਾਸ ਕਰਦੇ ਰਹੇ ਕਿ ਪਰਮਾਤਮਾ ਦੀ ਪੂਜਾ ਕੇਵਲ ਇੱਕ ਮੂਰਤੀ ਦੇ ਰੂਪ ਵਿਚ ਹੀ ਕੀਤੀ ਜਾ ਸਕਦੀ ਹੈ; ਬਹੁਤ ਦੇਰ ਬਾਅਦ ਉਨ੍ਹਾਂ ਨੂੰ ਅਨੁਭਵ ਹੋਇਆ ਕਿ ਪਰਮਾਤਮਾ ਦੇ ਨਿਰਗੁਣ ਸਰੂਪ, ਜੋ ਸਭ ਤੋਂ ਪਰਮ ਹਸਤੀ ਅਤੇ ਅਪਰਗਟ ਹੈ, ਨੂੰ ਪ੍ਰੇਮ ਕੀਤਾ ਜਾ ਸਕਦਾ ਹੈ ਅਤੇ ਉਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ। ਇਹ ਧਾਰਨਾ ਉਨ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ, ਰਾਗੁ ਸਾਰੰਗ ਵਿਚ ਸ਼ਾਮਲ ਸ਼ਬਦ ਤੋਂ ਵੀ ਪ੍ਰਗਟ ਹੁੰਦੀ ਹੈ:
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥
ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਕੀਨਾ॥1॥ਰਹਾਉ॥
ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ॥
ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ॥1॥
ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ॥
ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ॥2॥
ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ॥
ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ॥3॥1॥6॥
(ਪੰ.1253)
ਇਸ ਸ਼ਬਦ ਵਿਚ ਭਗਤ ਪਰਮਾਨੰਦ ਜੀ ਮਨੁੱਖ ਨੂੰ ਅਗਾਹ ਕਰਦੇ ਹਨ ਕਿ ਪੁਰਾਣ ਆਦਿ ਧਾਰਮਿਕ ਪੁਸਤਕਾਂ ਸੁਣ ਕੇ ਤੂੰ ਕੁੱਝ ਵੀ ਨਹੀਂ ਖੱਟਿਆ ਕਿਉਂਕਿ ਤੇਰੇ ਅੰਦਰ ਪਰਮਾਤਮਾ ਦੀ ਅਟੱਲ ਭਗਤੀ ਤਾਂ ਪੈਦਾ ਨਹੀਂ ਹੋਈ ਅਤੇ ਨਾ ਹੀ ਤੂੰ ਕਿਸੇ ਜ਼ਰੂਰਤਮੰਦ ਵਿਅਕਤੀ ਦੀ ਕੋਈ ਸੇਵਾ ਕੀਤੀ ਹੈ। ਭਗਤ ਜੀ ਦੇ ਕਹਿਣ ਦਾ ਭਾਵ ਹੈ ਕਿ ਪੁਰਾਣ ਆਦਿ ਧਾਰਮਿਕ ਪੁਸਤਕਾਂ ਦੀਆਂ ਕਥਾ ਕਹਾਣੀਆਂ ਆਦਿ ਸੁਣਨ ਨਾਲ ਧਾਰਮਿਕ ਜ਼ਿੰਦਗੀ ਨਹੀਂ ਬਣਦੀ, ਜਦ ਤੱਕ ਦ੍ਰਿੜ ਭਰੋਸੇ ਵਾਲੀ ਭਗਤੀ ਨਾ ਕਰੀਏ ਅਤੇ ਪਾਪਾਂ ਵਾਲੀ ਰਹਿਣੀ ਛੱਡ ਕੇ ਦਇਆ ਵਾਲੀ ਰਹਿਣੀ ਨਾ ਬਣਾਈਏ। ਧਾਰਮਿਕ ਪੁਸਤਕਾਂ ਸੁਣ ਕੇ ਜਾਂ ਪੜ੍ਹ ਕੇ ਵੀ ਤੇਰੇ ਅੰਦਰੋਂ ਕਾਮ, ਕ੍ਰੋਧ, ਲੋਭ ਆਦਿ ਵਿਕਾਰ ਦੂਰ ਨਹੀਂ ਹੋਏ ਅਤੇ ਨਾ ਹੀ ਮੂੰਹ ਤੋਂ ਪਰਾਈ ਨਿੰਦਿਆ ਕਰਨ ਦੀ ਆਦਤ ਛੁੱਟੀ ਹੈ। ਕਹਿਣ ਤੋਂ ਭਾਵ ਹੈ ਕਿ ਪਰਮਾਤਮ-ਭਗਤੀ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਕਾਮ, ਕ੍ਰੋਧ, ਲੋਭ ਅਤੇ ਦੂਸਰਿਆਂ ਦੀ ਚੁਗਲੀ-ਨਿੰਦਿਆ ਕਰਨਾ ਆਦਿ ਵਿਕਾਰ ਪਾਉਂਦੇ ਹਨ; ਜੇਕਰ ਧਾਰਮਿਕ ਪੁਸਤਕਾਂ ਪੜ੍ਹ-ਸੁਣ ਕੇ ਵੀ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਛੁਟਕਾਰਾ ਨਹੀਂ ਪਾਉਂਦਾ ਫਿਰ ਤਾਂ ਧਾਰਮਿਕ ਪੁਸਤਕਾਂ ਪੜ੍ਹਨਾ ਜਾਂ ਸੁਣਨਾ ਵਿਅਰਥ ਹੈ। ਫਿਰ ਤਾਂ ਸਾਰੀ ਮਿਹਨਤ ਹੀ ਅਜਾਈਂ ਚਲੀ ਗਈ।
ਪੁਰਾਣ ਆਦਿ ਧਾਰਮਿਕ ਪੁਸਤਕਾਂ ਪੜ੍ਹ ਕੇ ਵੀ ਪਾਪੀ ਮਨੁੱਖ ਦੂਸਰਿਆਂ ਦੇ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ ਅਤੇ ਸਾਰੀ ਉਮਰ ਅਜਿਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਲੇ ਜਹਾਨ ਵਿਚ ਵੀ ਬਦਨਾਮੀ ਹੀ ਮਿਲੇ। ਕਹਿਣ ਤੋਂ ਭਾਵ ਹੈ ਕਿ ਧਾਰਮਿਕ ਪੁਸਤਕਾਂ ਪੜ੍ਹ ਪੜ੍ਹ ਕੇ ਵੀ ਦੂਸਰਿਆ ਦਾ ਸ਼ੋਸ਼ਣ ਕਰ ਕੇ ਕਮਾਈ ਕਰਨ ਦੀ ਆਦਤ ਨਹੀਂ ਛੱਡੀ, ਦੂਜਿਆ ਦਾ ਹੱਕ ਮਾਰ ਕੇ ਧਨ ਇਕੱਠਾ ਕਰਨ ਦੀ ਪ੍ਰਵਿਰਤੀ ਦਾ ਤਿਆਗ ਨਹੀਂ ਕੀਤਾ। ਭਗਤ ਪਰਮਾਨੰਦ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਹਨ ਕਿ ਧਾਰਮਿਕ ਪੁਸਤਕਾਂ ਪੜ੍ਹ-ਪੜ੍ਹ ਕੇ ਵੀ ਮਨ ਵਿਚੋਂ ਨਿਰਦਯਤਾ ਨਹੀਂ ਗਈ ਭਾਵ ਦੂਸਰਿਆਂ ਲਈ ਮਨ ਵਿਚ ਦਇਆ ਪੈਦਾ ਨਹੀਂ ਹੋਈ ਅਤੇ ਲੋਕਾਂ ਨਾਲ ਪਿਆਰ ਵਾਲਾ ਵਰਤਾਉ ਨਹੀਂ ਕੀਤਾ। ਸਾਧ ਸੰਗਤਿ ਵਿਚ ਜਾ ਕੇ ਮਨ ਨੂੰ ਨਿਰਮਲ ਕਰਨ ਵਾਲੀਆਂ, ਪਵਿੱਤਰ ਕਰਨ ਵਾਲੀਆਂ ਗੱਲਾਂ ਨਹੀਂ ਕੀਤੀਆਂ ਅਰਥਾਤ ਮਨ ਵਿਚ ਸਾਧ-ਸੰਗਤਿ ਵਿਚ ਜਾ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਨ ਦਾ ਸ਼ੌਕ ਨਹੀਂ ਜਾਗਿਆ। ਭਗਤ ਜੀ ਦੇ ਕਹਿਣ ਦਾ ਅਰਥ ਹੈ ਕਿ ਕਾਮ, ਕ੍ਰੋਧ, ਲੋਭ, ਨਿੰਦਿਆ ਆਦਿ ਵਿਕਾਰਾਂ ਤੋਂ ਛੁਟਕਾਰਾ ਪਾਉਣ ਅਤੇ ਆਪਣੇ ਮਨ ਵਿਚ ਦੂਸਰਿਆਂ ਲਈ ਦਇਆ ਅਤੇ ਪ੍ਰੇਮ ਆਦਿ ਗੁਣ ਪੈਦਾ ਕਰਨ ਲਈ ਸਾਧਸੰਗਤਿ ਵਿਚ ਜਾ ਕੇ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਇਹ ਰਹਿਣੀ ਸਾਧ ਸੰਗਤਿ ਵਿਚ ਜਾ ਕੇ ਪਰਮਾਤਮਾ ਦਾ ਜਸ ਕਰਨ ਨਾਲ ਬਣਦੀ ਹੈ। ਗੁਰੂ ਸਾਹਿਬਾਨ ਦੀ ਸਾਰੀ ਸਿੱਖਿਆ ਇਸੇ ਸਿਧਾਂਤ ਦੀ ਪ੍ਰੋੜਤਾ ਕਰਦੀ ਹੈ ਕਿ ਸਤਿਸੰਗਤ ਵਿਚ ਜਾ ਕੇ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ, ਗੁਰਭਾਈਆਂ, ਗੁਰਮੁਖਾਂ ਦੀ ਸੰਗਤਿ ਵਿਚ ਦਇਆ, ਹਲੀਮੀ, ਸੇਵਾ ਆਦਿ ਗੁਣ ਗ੍ਰਹਿਣ ਕਰਦਾ ਹੈ ਅਤੇ ਹਉਮੈ, ਕਾਮ, ਕ੍ਰੋਧ, ਲੋਭ, ਮੋਹ, ਨਿੰਦਿਆ-ਚੁਗਲੀ ਆਦਿ ਵਿਕਾਰਾਂ ਦਾ ਤਿਆਗ ਕਰਦਾ ਹੈ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ। ਗੁਰਮਤਿ ਰਹਿਣੀ ਦੀ ਸਾਰੀ ਜਾਚ ਸਤਿਸੰਗਤਿ ਵਿਚ ਜਾਇਆ ਆਉਂਦੀ ਹੈ। ਗੁਰੂ ਰਾਮਦਾਸ ਜੀ ਨੇ ਸਤਿਸੰਗਤਿ ਨੂੰ ਸਤਿਗੁਰੂ ਦਾ ਮਦਰੱਸਾ, ਸਤਿਗੁਰੂ ਦੀ ਪਾਠਸ਼ਾਲਾ ਕਿਹਾ ਹੈ ਜਿੱਥੇ ਜਾ ਕੇ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ, ਪਰਮਾਤਮ-ਗੁਣਾਂ ਨੂੰ ਗ੍ਰਹਿਣ ਕੀਤਾ ਜਾ ਸਕਦਾ ਹੈ:
ਸਤਿਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥
(ਪੰ.1316)
ਭਾਈ ਗੁਰਦਾਸ ਨੇ ਸਾਧਸੰਗਤਿ ਨੂੰ ਸਚਿਖੰਡ ਕਿਹਾ ਹੈ ਸਚ ਖੰਡੁ ਅਰਥਾਤ ਸੱਚ ਦਾ ਸਥਾਨ ਕਿਹਾ ਹੈ, ਜਿੱਥੇ ਗੁਰਮੁਖਿ ( ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲੇ) ਜਾਂਦੇ ਹਨ ਉਥੇ ਜਾ ਕੇ ਗੁਰਮੁਖਿ ਪਰਮਾਤਮਾ ਦੇ ਉੱਤਮ, ਸ਼ਕਤੀਸ਼ਾਲੀ ਨਾਮ ਦਾ ਸਿਮਰਨ ਕਰਦੇ ਹਨ। ਉਥੇ ਜਾ ਕੇ ਉਹ ਆਪਣੇ ਅੰਦਰ ਪੂਰੀ ਮੁਹਾਰਤ ਨਾਲ ਪਰਮ-ਗਿਆਨ ਦੀ ਜੋਤਿ ਜਗਾਉਂਦੇ ਹਨ। ਭਾਈ ਗੁਰਦਾਸ ਕਹਿੰਦੇ ਹਨ ਕਿ ਸਾਰਾ ਬ੍ਰਹਿਮੰਡ ਖੋਜ ਲਿਆ ਹੈ ਪ੍ਰੰਤੂ ਉਸ ਪਰਮਾਤਮਾ ਦੀ ਹਸਤੀ ਦੇ ਬਰਾਬਰ ਹੋਰ ਕੋਈ ਵੀ ਨਹੀਂ। ਜਿਹੜਾ ਸਾਧਸੰਗਤਿ ਦੀ ਸ਼ਰਨ ਆ ਜਾਂਦਾ ਹੈ ਉਸ ਨੂੰ ਮੌਤ ਦਾ ਭੈਅ ਨਹੀਂ ਸਤਾਉਂਦਾ। ਸਤਿਸੰਗਤਿ ਵਿਚ ਆਇਆਂ ਸਾਰੇ ਪਾਪ ਧੁਲ ਜਾਂਦੇ ਹਨ ਅਤੇ ਮਨੁੱਖ ਨਰਕ (ਮੰਦੇ ਕੰਮਾਂ ਦੇ ਫਲ਼) ਭੋਗਣ ਤੋਂ ਛੁੱਟ ਜਾਂਦਾ ਹੈ। ਜਿਵੇਂ ਚਾਵਲ ਨੂੰ ਧੋਣ ਨਾਲ ਵੰਡ ਪਾਣੀ ਵਿਚ ਉਭਰ ਕੇ ਉਤੇ ਆ ਜਾਂਦੇ ਹਨ; ਇਸੇ ਤਰ੍ਹਾਂ ਸਤਿਸੰਗਤਿ ਵਿਚ ਜਾਣ ਨਾਲ ਮਨੁੱਖ ਮੁਕਤਿ ਹੋ ਜਾਂਦਾ ਹੈ। ਫਿਰ ਸੱਚ ਹੀ ਸੱਚ ਹੁੰਦਾ ਹੈ, ਕੂੜ ਬਹੁਤ ਪਿੱਛੇ ਛੁੱਟ ਜਾਂਦਾ ਹੈ:
ਸਾਧਸੰਗਤਿ ਸਚ ਖੰਡੁ ਗੁਰਮੁਖਿ ਜਾਈਐ।
ਸਚੁ ਨਾਉ ਬਲਵੰਡੁ ਗੁਰਮੁਖਿ ਧਿਆਂਈਐ।
ਪਰਮ ਜੋਤਿ ਪਰਚੰਡੁ ਜੁਗਤਿ ਜਗਾਈਐ।
ਸੋਧਿ ਡਿਠਾ ਬ੍ਰਹਮੰਡੁ ਲਵੈ ਨ ਲਾਈਐ।
ਤਿਸੁ ਨਾਹੀ ਜਮ ਡੰਡੁ ਸਰਣਿ ਸਮਾਈਐ।
ਘੋਰ ਪਾਪ ਕਰਿ ਖਮਡੁ ਨਰਕਿ ਨ ਪਾਈਐ।
ਚਾਵਲ ਅੰਧਰਿ ਵੰਡੁ ਉਬਰਿ ਜਾਈਐ।
ਸਚਹੁ ਸਚੁ ਅਖੰਡੁ ਕੂੜੁ ਛੁਡਾਈਐ॥18॥(22)
ਅਸੀਂ ਕਹਿ ਸਕਦੇ ਹਾਂ ਕਿ ਵੈਸ਼ਨਵ ਭਗਤੀ ਨਾਲ ਜੁੜੇ ਹੋਏ ਬਹੁਤੇ ਭਗਤ ਪਹਿਲਾਂ ਵਿਸ਼ਨੂੰ ਦੇ ਸਰਗੁਣ ਸਰੂਪ ਅਤੇ ਉਸ ਦੇ ਅਵਤਾਰਾਂ ਜਿਵੇਂ ਰਾਮ ਅਤੇ ਕ੍ਰਿਸ਼ਨ ਦੀ ਭਗਤੀ ਕਰਦੇ ਸਨ ਪ੍ਰੰਤੂ ਹੌਲੀ ਹੌਲੀ ਉਨ੍ਹਾਂ ਨੂੰ ਪਰਮਾਤਮਾ ਦੇ ਨਿਰਗੁਣ ਸਰੂਪ ਦਾ ਅਨੁਭਵ ਹੋਇਆ ਅਤੇ ਮੂਰਤੀ ਪੂਜਾ ਵੱਲੋਂ ਉਹ ਨਿਰਗੁਣ ਭਗਤੀ ਵੱਲ ਆਏ। ਪ੍ਰੋਫੈਸਰ ਸਾਹਿਬ ਸਿੰਘ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿਚ ਭਗਤ ਪਰਮਾਨੰਦ ਜੀ ਦੇ ਇਕ ਆਲੋਚਕ ਵੱਲੋਂ ਇਸ ਸ਼ਬਦ ਦੀਆਂ ਦੋ ਪੰਕਤੀਆਂ ਲੈ ਕੇ ਕੀਤੀ ਟਿੱਪਣੀ ਦਾ ਹਵਾਲਾ ਦਿੱਤਾ ਹੈ ਜਿਸ ਨਾਲ ਆਲੋਚਕ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਜਾਪਦਾ ਹੈ ਕਿ ਭਗਤ ਪਰਮਾਨੰਦ ਜੀ ਦਾ ਇਹ ਸ਼ਬਦ ਗੁਰਮਤਿ ਦਾ ਅਨੁਸਾਰੀ ਨਹੀਂ:
“ਭਗਤ ਪਰਮਾਨੰਦ ਜੀ ਕਨੌਜੀਏ ਕੁਬਜ ਬ੍ਰਾਹਮਣਾਂ ਵਿਚੋਂ ਸਨ। ਆਪ ਸੁਆਮੀ ਬਲਭ ਚਾਰਯ ਦੇ ਚੇਲੇ ਬਣੇ। ਇਹਨਾਂ ਨੇ ਵੈਸ਼ਨਵ ਮਤ ਨੂੰ ਚੰਗੀ ਤਰੱਕੀ ਦਿੱਤੀ। ਆਪ ਕਵੀ ਵੀ ਚੰਗੇ ਸਨ, ਆਪ ਦਾ ਤਖ਼ੱਲਸ (ਕਵੀ-ਛਾਪ) ਸਾਰੰਗ ਸੀ। ਇਹਨਾਂ ਨੇ ਕ੍ਰਿਸ਼ਨ ਉਪਮਾ ਦੀ ਕਾਫ਼ੀ ਕਵਿਤਾ ਰਚੀ ਹੈ।’
“ਇਕ ਸ਼ਬਦ ਸਾਰੰਗ ਰਾਗ ਅੰਦਰ ਛਾਪੇ ਦੀ ਮੌਜੂਦਾ ਬੀੜ ਅੰਦਰ ਪੜ੍ਹਨ ਵਿਚ ਆਉਂਦਾ ਹੈ, ਜੋ ਵੈਸ਼ਨੋ ਮਤ ਦੇ ਬਿਲਕੁਲ ਅਨੁਕੂਲ ਹੈ; ਪਰ ਗੁਰਮਤਿ ਵੈਸ਼ਨੋ ਮਤ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕਰਦੀ ਹੈ। ਭਗਤ ਜੀ ਫ਼ਰਮਾਉਂਦੇ ਹਨ:-
ਹਿੰਸਾ ਤਉ ਮਨ ਤੇ ਨਹੀਂ ਛੂਟੀ ਜੀਅ ਦਇਆ ਨਹੀ ਪਾਲੀ॥
ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ॥”
ਆਲੋਚਕ ਅਨੁਸਾਰ “ਇਹ ਮਰਯਾਦਾ ਵੈਸ਼ਨਵ ਅਤੇ ਜੈਨ ਮਤ ਵਾਲਿਆਂ ਦੀ ਹੈ, ਗੁਰਮਤਿ ਇਸ ਸਿਧਾਂਤ ਦਾ ਖੰਡਨ ਕਰਦੀ ਹੈ। ਸਿੱਖ ਧਰਮ ਜੀਵ-ਹਿੰਸਾ ਜਾਂ ਅਹਿੰਸਾ ਦਾ ਪ੍ਰਚਾਰਕ ਨਹੀਂ ਹੈ, ਗੁਰੂ ਕਾ ਮਤ ਰਾਜ-ਜੋਗ ਹੈ, ਖੜਗਧਾਰੀ ਹੋਣਾ ਸਿੱਖ ਦਾ ਧਰਮ ਹੈ। ਜੀਵ-ਅਹਿੰਸਾ ਵੈਸ਼ਨਵਾਂ ਜੈਨੀਆਂ ਬੋਧੀਆਂ ਦੇ ਧਾਰਮਿਕ ਨੇਮ ਹਨ। ”
ਪ੍ਰੋਫੈਸਰ ਸਾਹਿਬ ਸਿੰਘ ਨੇ ਇਸ ‘ਤੇ ਟਿੱਪਣੀ ਕੀਤੀ ਹੈ, “ਵਿਰੋਧੀ ਵੀਰ ਨੇ ਸ਼ਬਦ ਵਿਚੋਂ ਸਿਰਫ਼ ਉਤਨਾ ਹੀ ਹਿੱਸਾ ਲਿਆ ਹੈ, ਜਿਸ ਨਾਲ ਕਿਸੇ ਪਾਠਕ ਨੂੰ ਭੁਲੇਖਾ ਪੈ ਸਕੇ। ਸਗੋਂ ਇਸ ਗੱਲੋਂ ਭੀ ਰਤਾ ਉਕਾਈ ਹੀ ਖਾ ਗਏ ਹਨ। ਸਿਰਫ਼ ਇਕੋ ਤੁਕ ਲੈਣੀ ਸੀ, ਦੂਜੀ ਤੁਕ ਤਾਂ ਉਹਨਾਂ ਦੀ ਮਦਦ ਨਹੀਂ ਕਰਦੀ। ਲਫ਼ਜ਼ ‘ਹਿੰਸਾ’ ਅਤੇ ‘ਜੀਅ ਦਇਆ’ ਦਾ ਅਰਥ ਕਰਨ ਵਿਚ ਕਾਹਲੀ ਤੋਂ ਕੰਮ ਲਿਆ ਹੈ। ਸਾਰੇ ਸ਼ਬਦ ਨੂੰ ਰਤਾ ਗਹੁ ਨਾਲ ਪੜ੍ਹੋ। ਭਗਤ ਜੀ ਆਖਦੇ ਹਨ ਜੇ ਪਰਮਾਤਮਾ ਅਤੇ ਪਰਮਾਤਮਾ ਦੇ ਪੈਦਾ ਕੀਤੇ ਬੰਦਿਆਂ ਨਾਲ ਪਿਆਰ ਨਹੀਂ ਬਣਿਾਂ ਤਾਂ ਧਰਮ-ਪੁਸਤਕ ਪੜ੍ਹਨ ਤੋਂ ਕੋਈ ਲਾਭ ਨਹੀਂ ਖੱਟਿਆ।” ਪ੍ਰੋਫੈਸਰ ਸਾਹਿਬ ਸਿੰਘ ਅਨੁਸਾਰ “ਅਗਾਂਹ ਭੀ ਸਾਰੇ ਸ਼ਬਦ ਵਿਚ ਇਸੇ ਖਿਆਲ ਦੀ ਵਿਆਖਿਆ ਹੈ। ਇਥੇ ਲਫ਼ਜ਼ ‘ਹਿੰਸਾ’ ਦਾ ਅਰਥ ਹੈ ‘ਨਿਰ-ਦਇਤਾ’, ਅਤੇ ‘ਜੀਅ ਦਇਆ’ ਦਾ ਅਰਥ ਹੈ ‘ਖ਼ਲਕਤਿ ਨਾਲ ਪਿਆਰ’। ਇਹੀ ਲਫ਼ਜ਼ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਸਾਹਿਬ ਨੇ ਭੀ ਵਰਤੇ ਹੋਏ ਹਨ।”
ਪ੍ਰੋਫੈਸਰ ਸਾਹਿਬ ਸਿੰਘ ਨੇ ‘ਮਾਝ ਕੀ ਵਾਰ, ਮ1’ ਵਿਚੋਂ ਉਦਾਹਰਣ ਦਿੱਤੀ ਹੈ:
(1) ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ॥
ਹੰਸੁ-ਹਿੰਸਾ, ਨਿਰਦਇਤਾ।
ਦੂਸਰੀ ਉਦਾਹਰਣ ‘ਥਿਤੀ ਗਉੜੀ, ਮ.5” ਵਿਚੋਂ ਦਿੱਤੀ ਹੈ:-
(2) ਮਨਿ ਸੰਤੋਖੁ ਸਰਬ ਜੀਅ ਦਇਆ॥
ਇਨ ਬਿਧਿ ਬਰਤੁ ਸੰਪੂਰਨ ਭਇਆ॥
ਜੀ ਦਇਆ -ਖ਼ਲਕਤਿ ਨਾਲ ਪਿਆਰ।
ਪ੍ਰੋਫੈਸਰ ਸਾਹਿਬ ਸਿੰਘ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਿਆਂ ਸਾਨੂੰ ਇਹ ਗੱਲ ਵੀ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਉਹ ਬਾਣੀ ਹੀ ਸ਼ਾਮਲ ਕੀਤੀ ਗਈ ਹੈ ਜੋ ਵਿਚਾਰਧਾਰਕ ਤੌਰ `ਤੇ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੀ ਸੀ ਅਤੇ ਇਸ ਦੇ ਨਾਲ ਹੀ ਜਿੱਥੇ ਕਿਧਰੇ ਲੋੜ ਜਾਪੀ ਤਾਂ ਗੁਰੂ ਸਾਹਿਬ ਨੇ ਸਪੱਸ਼ਟ ਕਰਨ ਲਈ ਆਪਣੀ ਬਾਣੀ ਵੀ ਦਿੱਤੀ ਹੈ ਜਿਸ ਦੀ ਉਦਾਹਰਣ ਬਾਬਾ ਫ਼ਰੀਦ ਦੇ ਸਲੋਕ ਹਨ। ਇੱਥੇ ‘ਵਾਰ ਆਸਾ’ ਵਿਚੋਂ ਗੁਰੂ ਨਾਨਕ ਸਾਹਿਬ ਦਾ ਸਲੋਕ ਦੇਖਿਆ ਜਾ ਸਕਦਾ ਹੈ ਜਿਸ ਵਿਚ ਉਪਰ ਦਿੱਤੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਨਾਲ ਮਿਲਦਾ ਜੁਲਦਾ ਵਿਚਾਰ ਪ੍ਰਾਪਤ ਹੈ:-
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ॥
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥
(ਪੰ.468)
ਦਇਆ ਜਾਣੈ ਜੀਅ ਕੀ-ਜੀਆਂ ਉੱਤੇ ਤਰਸ ਕਰਨਾ ਜਾਣਦਾ ਹੋਵੇ।