ਕਬੱਡੀ ਨੂੰ ਕਰੋੜਾਂ ਦਾ ਜੱਫਾ: ਪਾਵੇਲ ਕੁੱਸਾ

ਪ੍ਰਿੰ. ਸਰਵਣ ਸਿੰਘ
2006 ਵਿਚ ਮੈਂ ਲਿਖਿਆ ਸੀ: ਕਬੱਡੀ ਨੂੰ ਡਰੱਗ ਦਾ ਜੱਫਾ। ਫਿਰ 2021 ਵਿਚ ਲਿਖਿਆ: ਕਬੱਡੀ ਡਰੱਗ ਦੇ ਜੱਫੇ ਤੋਂ ਗੁੰਡਾਗਰਦੀ ਦੇ ਜੱਫੇ ਤਕ। ਪਾਵੇਲ ਨੇ ਹੁਣ ਲਿਖਿਆ ਹੈ: ਕਬੱਡੀ ਨੂੰ ਕਰੋੜਾਂ ਦਾ ਜੱਫਾ। ਕਬੱਡੀ ਨੂੰ ਡਰੱਗ ਤੇ ਗੁੰਡਾਗਰਦੀ ਦੇ ਜੱਫਿਆਂ ਪਿੱਛੇ ਅਸਲ ਵਿਚ ਲੋਟੂ ਕਾਰਪੋਰੇਟਾਂ ਦੇ ਬਹੁ-ਕਰੋੜੀ ਜੱਫੇ ਹਨ! ਖੇਡਾਂ ਮਨੁੱਖੀ ਸਰੀਰਕ ਸਮਰੱਥਾ ਦੇ ਪ੍ਰਗਟਾਵਿਆਂ ਰਾਹੀਂ ਸਾਡੀ ਸਰੀਰਕ ਤੇ ਮਾਨਸਿਕ ਤ੍ਰਿਪਤੀ ਦਾ ਸਾਧਨ ਹਨ। ਪਰ ਪੈਸੇ ਦੇ ਯੁੱਗ `ਚ ਮਨੁੱਖੀ ਸਰੀਰਕ ਸਮਰੱਥਾ ਦੀਆਂ ਬੁਲੰਦੀਆਂ ਸਿੱਕਿਆਂ ਦੇ ਅੰਬਾਰ ਮੂਹਰੇ ਬੌਣੀਆਂ ਬਣਾ ਦਿੱਤੀਆਂ ਗਈਆਂ ਹਨ। ਸੁਹਿਰਦ ਖੇਡ ਪ੍ਰੇਮੀ ਨਿਰਾਸ਼ ਹਨ ਜੋ ਸ਼ੌਕੀਆ ਖਿਡਾਰੀਆਂ ਦੀ ਤਲਾਸ਼ ਕਰਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਖਿਡਾਰੀਆਂ ਦੀਆਂ ਡੋਰਾਂ ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਥਾਂ `ਚ ਹਨ। ਖੇਡਾਂ ਨੂੰ ਬਹੁਕੌਮੀ ਕਾਰਪੋਰੇਸ਼ਨਾਂ ਦੇ ਚੁੰਗਲ `ਚੋਂ ਮੁਕਤ ਕਰਵਾ ਕੇ ਹੀ ਇਨ੍ਹਾਂ ਨੂੰ ਸਹੀ ਮਾਅਨਿਆਂ `ਚ ਮਾਣਿਆ ਜਾ ਸਕਦਾ ਹੈ। ਜੱਫਿਆਂ ਤੋਂ ਮੁਕਤੀ ਦੇਸੀ ਵਿਦੇਸ਼ੀ ਬਹੁਕੌਮੀ ਕੰਪਨੀਆਂ ਤੇ ਘਰਾਣਿਆਂ ਦੀ ਚੌਧਰ ਦੇ ਖ਼ਾਤਮੇ ਨਾਲ ਹੀ ਹੋਣੀ ਹੈ।

ਪਾਵੇਲ ਦਾ ਜਨਮ ਸਾਡੇ ਗੁਆਂਢੀ ਪਿੰਡ ਕੁੱਸੇ ਵਿਚ ਕ੍ਰਿਸ਼ਨ ਦਿਆਲ ਦੇ ਘਰ ਮਾਤਾ ਕੁਲਦੀਪ ਕੌਰ ਦੀ ਕੁੱਖੋਂ ਹੋਇਆ। ਪਵੇਲ ਦੀ ਪਤਨੀ ਦਾ ਨਾਂ ਸ਼ੀਰੀਂ ਹੈ ਤੇ ਪੁੱਤਰ ਦਾ ਸੁਕੀਰਤ। ਪਰਿਵਾਰਕ ਜੀਆਂ ਦੇ ਪੰਜੇ ਨਾਂ ਜਾਤਾਂ ਪਾਤਾਂ ਤੇ ਦੇਸ਼ਾਂ ਦੀਆਂ ਹੱਦਾਂ ਉਲੰਘਦੇ ਹਨ। ਪਾਵੇਲ ਕੁੱਸਾ ਅਠੱਤੀ ਸਾਲਾਂ ਦਾ ਇਨਕਲਾਬੀ ਨੌਜੁਆਨ ਹੈ। ਉਸ ਨੇ ਵਿਦਿਆਰਥੀਆਂ, ਕਿਰਤੀਆਂ, ਕਿਸਾਨਾਂ ਤੇ ਨੌਜੁਆਨਾਂ ਦੀਆਂ ਜਥੇਬੰਦਕ ਸਰਗਰਮੀਆਂ ਵਿਚ ਚੋਖਾ ਯੋਗਦਾਨ ਪਾਇਆ ਹੈ। ਨਾਲ ਪੰਜਾਬੀ ਤੇ ਅੰਗਰੇਜ਼ੀ ਦਾ ਸੂਝਵਾਨ ਪੱਤਰਕਾਰ ਹੈ। ਉਹ ਅਖ਼ਬਾਰਾਂ `ਚ ਛਪਦਾ ਹੋਇਆ ਆਪਣੇ ਮੈਗਜ਼ੀਨ ‘ਸੁਰਖ ਲੀਹ’ ਤੇ ‘ਸਲਾਮ’ ਵੀ ਚਲਾ ਰਿਹੈ। ਕਿਸਾਨ ਅੰਦੋਲਨ ਵਿਚ ਉਸ ਨੇ ਯਾਦਗਾਰੀ ਯੋਗਦਾਨ ਪਾਇਆ। ਉਸ ਦਾ ਤਾਇਆ ਓਮ ਪ੍ਰਕਾਸ਼ ਕੁੱਸਾ, 1967 ਵਿਚ ਸ਼ੁਰੂ ਹੋਏ ਲਾਜਪਤ ਰਾਏ ਕਾਲਜ ਢੁੱਡੀਕੇ ਦਾ ਸਾਡਾ ਮੁਢਲਾ ਵਿਦਿਆਰਥੀ ਸੀ। ਸਰੀਰੋਂ ਭਾਵੇਂ ਕਮਜ਼ੋਰ ਸੀ ਪਰ ਜਦੋਂ ਜੋਸ਼ੀਲੀ ਆਵਾਜ਼ `ਚ ਕਵਿਤਾ ਸੁਣਾਉਂਦਾ ਸੀ ਤਾਂ ਹੇਠਲੀ ਉਤੇ ਲਿਆ ਦਿੰਦਾ ਸੀ। ਭਾਸ਼ਨ ਰੋਹ ਨਾਲ ਦਿੰਦਾ ਤੇ ‘ਇਨਕਲਾਬ ਜਿ਼ੰਦਾਬਾਦ’ ਦੇ ਨਾਅਰਿਆਂ ਨਾਲ ਕਾਲਜ ਦੀਆਂ ਕੰਧਾਂ ਕੰਬਾਅ ਦਿੰਦਾ। ਉਸ ਨੇ ਆਪਣੀਆਂ ਇਨਕਲਾਬੀ ਕਵਿਤਾਵਾਂ ਦੀ ਪੁਸਤਕ ‘ਲੱਪ ਚਿਣਗਾਂ ਦੀ’ ਤੇ ‘ਜੰਗ ਅਜੇ ਮੁੱਕੀ ਨਹੀਂ’ ਛਪਵਾਈਆਂ। ਉਹ ਸਕੂਲਾਂ ਵਿਚ ਅਧਿਆਪਕ ਰਿਹਾ ਅਤੇ ਉਸ ਦੇ ਇਨਕਲਾਬੀ ਬਿਆਨ ਤੇ ਲੇਖ ਅਖ਼ਬਾਰਾਂ `ਚ ਛਪਦੇ ਰਹੇ। ਬਦਕਿਸਮਤੀ ਨਾਲ ਉਹ ਜੁਆਨ ਉਮਰੇ ਹੀ ਵਿਛੋੜਾ ਦੇ ਗਿਆ।
ਮੇਰੇ ਬਚਪਨ ਵੇਲੇ ‘ਕੁੱਸਾ’ ਜਿ਼ਲ੍ਹਾ ਫਿਰੋਜ਼ਪੁਰ ਦਾ ਨੁੱਕਰੇ ਛਿਪਿਆ ਪਿੰਡ ਸੀ। ਐਨ ਓਵੇਂ ਜਿਵੇਂ ਸਾਡਾ ਪਿੰਡ ‘ਚਕਰ’ ਜਿ਼ਲ੍ਹਾ ਲੁਧਿਆਣੇ ਦਾ ਅਖ਼ੀਰਲਾ ਪਿੰਡ ਸੀ। ਸਾਡੇ ਪਿੰਡੋਂ ਨਿਕਲੀ ਕੱਸੀ ਹੀ ਚਕਰ ਤੇ ਕੁੱਸੇ ਨੂੰ ਜੋੜਦੀ ਸੀ। ਕੁੱਸਾ ਉਦੋਂ ਗੁੰਮਨਾਮ ਜਿਹਾ ਪਿੰਡ ਸੀ ਜਿਸ ਨੂੰ ਬਾਅਦ ਵਿਚ ਓਮ ਪ੍ਰਕਾਸ਼ ਕੁੱਸਾ, ਨਾਵਲਕਾਰ ਕਰਮਜੀਤ ਕੁੱਸਾ, ਸਿ਼ਵਚਰਨ ਜੱਗੀ ਕੁੱਸਾ, ਇਨਕਲਾਬੀ ਪੱਤਰਕਾਰ ਤੇ ਬੁਲਾਰਾ ਪਾਵੇਲ ਕੁੱਸਾ ਅਤੇ ਕੁਝ ਕਬੱਡੀ ਖਿਡਾਰੀਆਂ ਨੇ ਨਾਮੀ ਪਿੰਡ ਬਣਾਇਆ। ਉਸ ਪਿੰਡ ਵਿਚ ਹਜ਼ਾਰਾਂ ਕਿਰਤੀ-ਕਿਸਾਨਾਂ ਤੇ ਮਜ਼ਦੂਰਾਂ ਦੇ ਜੋੜ ਮੇਲੇ ਵਿਚ ਗੁਰਸ਼ਰਨ ਭਾਅ ਜੀ ਦਾ ਮਿਸਾਲੀ ਮਾਣ-ਸਨਮਾਨ ਕੀਤਾ ਗਿਆ। ਪਾਵੇਲ ਨੇ ਆਪਣੇ ਬਾਰੇ ਲਿਖਿਆ:
ਇਨਕਲਾਬੀ ਲਹਿਰ `ਚ ਸਰਗਰਮੀ ਨਾਲ ਕੰਮ ਕਰਨ ਵਾਲੇ ਪਰਿਵਾਰ ਵਿਚ ਮੈਂ ਇਨਕਲਾਬ ਦੀ ਗੁੜ੍ਹਤੀ ਲੈ ਕੇ ਜਨਮਿਆ। ਦਾਦੇ ਦੇ ਆਜ਼ਾਦ ਹਿੰਦ ਫੌਜ ਅੰਦਰ ਕੰਮ ਕਰਨ ਦੀ ਵਿਰਾਸਤ ਤੋਂ ਲੈ ਕੇ ਤਾਏ ਓਮ ਪ੍ਰਕਾਸ਼ ਦੀ ਇਨਕਲਾਬੀ ਸਰਗਰਮੀ ਅਤੇ ਇਨਕਲਾਬੀ ਕਵਿਤਾ ਪਰਿਵਾਰਕ ਪਿਛੋਕੜ `ਚ ਸੀ ਕਿਉਂਕਿ ਉਹ ਮੇਰੇ ਜਨਮ ਤੋਂ ਪਹਿਲਾਂ ਗੁਜ਼ਰ ਗਏ ਸਨ। ਮਾਤਾ-ਪਿਤਾ ਦੀ ਲੋਕ ਸੰਘਰਸ਼ਾਂ `ਚ ਸਰਗਰਮੀ ਦੌਰਾਨ ਮੇਰੀ ਜ਼ਿੰਦਗੀ ਲੋਕਾਂ ਦੀ ਇਨਕਲਾਬੀ ਲਹਿਰ ਨਾਲ ਇੱਕ-ਮਿੱਕ ਹੋ ਗਈ। ਇਨਕਲਾਬ ਹੀ ਮੇਰਾ ਮਿਸ਼ਨ ਬਣ ਗਿਆ। 1980-90ਵਿਆਂ ਦੀ ਦਹਿਸ਼ਤਗਰਦੀ ਦੇ ਦੌਰ `ਚ ਮੇਰਾ ਬਚਪਨ ਗੁਜ਼ਰਿਆ। ਲੋਕ ਹੱਕਾਂ ਲਈ ਰੈਲੀਆਂ, ਮੁਜ਼ਾਹਰੇ, ਧਰਨੇ, ਨਾਟਕ, ਸੱਭਿਆਚਾਰਕ ਸਮਾਗਮ ਤੇ ਘਰ `ਚ ਕਾਮਰੇਡੀ ਮੀਟਿੰਗਾਂ ਨੇ ਅਫ਼ਸਰ ਬਣਨ ਤੇ ਪੈਸੇ ਕਮਾਉਣ ਵਰਗੀਆਂ ਲਾਲਸਾਵਾਂ ਨੂੰ ਬਚਪਨ ਵਿਚ ਹੀ ਦਫ਼ਨ ਕਰ ਦਿੱਤਾ। ਸਮਾਜ ਲਈ ਜ਼ਿੰਦਗੀ ਜਿਉਣ ਤੋਂ ਬਿਨਾਂ ਕੋਈ ਮਤਲਬ ਨਾ ਰਿਹਾ। ਬਚਪਨ `ਚ ਗੁਰਸ਼ਰਨ ਸਿੰਘ ਦੇ ਨਾਟਕ ਦੇਖਣ, ਗ਼ਦਰੀ ਬਾਬਿਆਂ ਦੇ ਮੇਲੇ ਜਾਣ ਤੇ ਜੁਝਾਰੂਆਂ ਦੀਆਂ ਤਕਰੀਰਾਂ ਸੁਣਨ ਨੇ ਮਨ `ਤੇ ਲਕੀਰਾਂ ਉੱਕਰ ਦਿੱਤੀਆਂ ਕਿ ਜ਼ਿੰਦਗੀ ਸਦੀਵੀ ਸੰਘਰਸ਼ ਹੁੰਦੀ ਹੈ। ਬੀ.ਐੱਸ.ਸੀ. ਨਾਨ ਮੈਡੀਕਲ, ਬੀ.ਐੱਡ, ਐਮ.ਏ. ਪੰਜਾਬੀ ਤੇ ਐਮ.ਏ. ਪੋਲੀਟੀਕਲ ਸਾਇੰਸ ਦੀਆਂ ਅਕੈਡਮਿਕ ਡਿਗਰੀਆਂ ਪਾਸ ਕੀਤੀਆਂ ਪਰ ਪਈਆਂ ਅਜੇ ਕਾਲਜਾਂ ਵਿਚ ਹੀ ਹਨ। ਲੋਕ ਸੰਘਰਸ਼ਾਂ ਦੇ ਕਾਲਜਾਂ `ਚ ਐਸਾ ਦਾਖਲਾ ਲਿਆ ਕਿ ਪਹਿਲਾਂ ਕਾਲਜਾਂ ਵਿਚ ਵਿਦਿਆਰਥੀ ਯੂਨੀਅਨਾਂ ਬਣਾਉਂਦਾ ਰਿਹਾ ਤੇ ਪਿੱਛੋਂ ਕਿਰਤੀ ਲੋਕਾਂ ਦੀਆਂ ਯੂਨੀਅਨਾਂ `ਚ ਕੰਮ ਕਰਨਾ ਹੀ ਮੇਰਾ ਮਿਸ਼ਨ ਹੋ ਗਿਆ। ਘਰਦਿਆਂ ਨੇ ਮੇਰਾ ਨਾਂ ਮੈਕਸਿਮ ਗੋਰਕੀ ਦੇ ਨਾਵਲ ‘ਮਾਂ’ ਦੇ ਪੁੱਤ ਵਾਲਾ ‘ਪਾਵੇਲ’ ਜੁ ਰੱਖਿਆ ਸੀ!
ਸਕੂਲੇ ਪੜ੍ਹਦਿਆਂ ਕਈ ਖੇਡਾਂ ਖੇਡਿਆ ਪਰ ਕਾਲਜ ਪਹੁੰਚਦਿਆਂ ਰਸਤਾ ਹੀ ਔਕੜਾਂ ਭਰਿਆ ਫੜ ਲਿਆ। ਉਂਜ ਖੇਡਾਂ ਦੇਖਣ ਤੇ ਖੇਡਾਂ ਖਿਡਾਰੀਆਂ ਬਾਰੇ ਪੜ੍ਹਨ ਦਾ ਸ਼ੌਕ ਬਰਕਰਾਰ ਰਿਹਾ। ਖੇਡਾਂ ਦੇ ਖੇਤਰ `ਚ ਚਲਦੀ ਸਿਆਸਤ ਤੇ ਵਪਾਰਕ ਮੁਕਾਬਲੇਬਾਜ਼ੀ ਦੀਆਂ ਪਰਤਾਂ ਫਰੋਲਣ ਲਈ ਕਲਮ ਅਹੁਲਦੀ ਤਾਂ ਹੈ ਪਰ ਹੋਰਨਾਂ ਖੇਤਰਾਂ `ਚ ਓਟੀਆਂ ਜ਼ਿੰਮੇਵਾਰੀਆਂ ਇਸ ਪਾਸੇ ਬਹੁਤਾ ਕੁਝ ਲਿਖਣ ਸੋਚਣ ਲਈ ਸਮਾਂ ਨਹੀਂ ਦਿੰਦੀਆਂ। ਅਸਲ ਵਿਚ ਮੈਨੂੰ ਸੁਰਤ ਹੀ ਲੋਕ ਸੰਘਰਸ਼ਾਂ `ਚ ਆਈ। ਵਿਦਿਆਰਥੀ ਹੁੰਦਿਆਂ ਵਿਦਿਆਰਥੀ ਜਥੇਬੰਦੀ ਬਣਾਉਣ ਦਾ ਹੰਭਲਾ ਮਾਰਿਆ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੂੰ ਮੁੜ ਜਥੇਬੰਦ ਕਰ ਕੇ ਉਸ ਦੇ ਸੂਬਾਈ ਪ੍ਰਧਾਨ ਦੀ ਜ਼ਿੰਮੇਵਾਰੀ ਚੁੱਕੀ। ਪੰਜਾਬ ਦੀ ਵਿਦਿਆਰਥੀ ਲਹਿਰ ਵੱਲੋਂ ਲੜੇ ਸੰਘਰਸ਼ਾਂ ਦੀਆਂ ਮੋਹਰਲੀਆਂ ਕਤਾਰਾਂ `ਚ ਰਹਿ ਕੇ ਹਿੱਸਾ ਪਾਇਆ। ਫਿਰ ਨੌਜਵਾਨ ਭਾਰਤ ਸਭਾ ਜਥੇਬੰਦ ਕਰਨ `ਚ ਮੋਢੀ ਵਜੋਂ ਕੰਮ ਕੀਤਾ ਅਤੇ ਨੌਜਵਾਨਾਂ `ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਇਨਕਲਾਬੀ ਵਿਚਾਰਾਂ ਦਾ ਚਾਨਣ ਫੈਲਾਉਣ ਦੇ ਯਤਨ ਕੀਤੇ। ਨੌਜਵਾਨਾਂ ਦੇ ਮਸਲਿਆਂ ਦੀਆਂ ਲਿਖਤਾਂ ਛਾਪਣ ਲਈ ‘ਨੌਜਵਾਨ’ ਪਰਚਾ ਪ੍ਰਕਾਸ਼ਿਤ ਕੀਤਾ। ਚਾਹੇ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਮਨਾਉਣ ਲਈ ਬਰਨਾਲੇ ਦਾ ਇਤਿਹਾਸਕ ਪ੍ਰੋਗਰਾਮ ਹੋਵੇ, ਚਾਹੇ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਕੁੱਸੇ `ਚ ਜਨਤਕ ਸਲਾਮ ਕਰਨ ਲਈ ਵੱਡਾ ਸਮਾਗਮ ਕੀਤਾ ਹੋਵੇ, ਅਜਮੇਰ ਔਲਖ ਨੂੰ ਬਰਨਾਲੇ `ਚ ਭਾਈ ਲਾਲੋ ਕਲਾ ਸਨਮਾਨ ਦੇਣ ਲਈ ਮਹਾਂ ਸਮਾਗਮ ਰਚਾਇਆ ਹੋਵੇ, ਚਾਹੇ ਨਾਵਲਕਾਰ ਗੁਰਦਿਆਲ ਸਿੰਘ ਦਾ ਜੈਤੋ ਮੰਡੀ `ਚ ਜਨਮ ਦਿਹਾੜਾ ਮਨਾਉਣਾ ਹੋਵੇ, ਇਨ੍ਹਾਂ ਸਭਨਾਂ ਮੇਲਿਆਂ ਤੇ ਦਿਹਾੜਿਆਂ ਨੂੰ ਮਨਾਉਣ, `ਕੱਠ ਕਰਨ ਤੇ ਲਿਖਣ ਲਿਖਾਉਣ ਦੇ ਹਰ ਤਰ੍ਹਾਂ ਦੇ ਕਾਰਜਾਂ `ਚ ਮੂਹਰੇ ਲੱਗ ਕੇ ਕੰਮ ਕੀਤਾ। ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਨਾਂ ਦੀ ਸੰਸਥਾ ਬਣਾਉਣ ਤੇ ਚਲਾਉਣ ਵਾਲੇ ਮੋਢੀਆਂ `ਚ ਸ਼ੁਮਾਰ ਰਿਹਾ। ਇਸ ਸੰਸਥਾ ਰਾਹੀਂ ਲੋਕ ਕਲਾਕਾਰਾਂ ਤੇ ਸਾਹਿਤਕਾਰਾਂ ਨੂੰ ਲੋਕਾਂ ਵੱਲੋਂ ਸਨਮਾਨਤ ਕਰਨ ਦਾ ਵਿਲੱਖਣ ਉੱਦਮ ਕੀਤਾ ਜਾਂਦਾ ਹੈ। ਦਿੱਲੀ ਦੀਆਂ ਬਰੂਹਾਂ `ਤੇ ਚੱਲੇ ਇਤਿਹਾਸਕ ਕਿਸਾਨ ਸੰਘਰਸ਼ ਵਿਚ ਵੀ ਖੁੱਭ ਕੇ ਯੋਗਦਾਨ ਪਾਇਆ। ਪੰਜਾਬ ਦੀ ਵੱਡੀ ਕਿਸਾਨ ਜਥੇਬੰਦੀ ਬੀਕੇਯੂ ਏਕਤਾ ਉਗਰਾਹਾਂ ਦੇ ਕੋਆਰਡੀਨੇਟਰ ਵਜੋਂ ਪ੍ਰੈੱਸ ਹਲਕਿਆਂ ਤੇ ਹੋਰਨਾਂ ਜਥੇਬੰਦੀਆਂ ਨਾਲ ਰਾਬਤੇ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ। ਰੋਜ਼ ਉੱਠਦੇ ਰਹੇ ਨਵੇਂ ਸਵਾਲਾਂ `ਤੇ ਲਗਾਤਾਰ ਕਲਮ ਚੱਲੀ, ਇੰਟਰਵਿਊਜ਼ ਤੇ ਵੀਡੀਓ ਕਲਿੱਪਾਂ ਰਾਹੀਂ ਸੰਘਰਸ਼ ਦੇ ਉਲਝਵੇਂ ਮੋੜਾਂ `ਤੇ ਆਪਣੇ ਵਿਚਾਰ ਰੱਖੇ।
ਅੱਜ-ਕੱਲ੍ਹ ਇਨਕਲਾਬੀ ਮੈਗਜ਼ੀਨ ‘ਸੁਰਖ ਲੀਹ’ ਦੇ ਸੰਪਾਦਕ ਦੀਆਂ ਜ਼ਿੰਮੇਵਾਰੀਆਂ ਓਟੀਆਂ ਹਨ। ਦੋ ਮਹੀਨਿਆਂ ਬਾਅਦ ਮੈਗਜ਼ੀਨ ਦੇ ਨਾਲ ਕਿਤਾਬਚੇ ਤੇ ਕਿਤਾਬਾਂ ਛਾਪਣ ਦਾ ਕੰਮ ਚੱਲਦਾ ਰਹਿੰਦਾ ਹੈ। ‘ਸਲਾਮ’ ਨਾਂ ਦਾ ਮੈਗਜ਼ੀਨ ਵੀ ਗਾਹੇ ਬਗਾਹੇ ਛਾਪਿਆ ਜਾ ਰਿਹੈ। ਰੋਜ਼ਮਰ੍ਹਾ ਦੇ ਮਸਲਿਆਂ `ਤੇ ਚਲੰਤ ਤੇ ਤਿੱਖੀਆਂ ਟਿੱਪਣੀਆਂ ਲਈ ਸੋਸ਼ਲ ਮੀਡੀਆ `ਤੇ ਕਲਮ ਚੱਲਦੀ ਰਹਿੰਦੀ ਹੈ। ਗੱਲ ਚਾਹੇ ਲਿਖ ਕੇ ਕਹਿਣੀ ਹੋਵੇ ਚਾਹੇ ਬੋਲ ਕੇ, ਦੋਵੇਂ ਤਰ੍ਹਾਂ ਕਹਿ ਲਈਦੀ ਹੈ। ਗੰਭੀਰ ਵਿਸ਼ਿਆਂ ਬਾਰੇ ਲੇਖਾਂ ਨਾਲ ਕਦੇ-ਕਦੇ ਕਲਮ `ਚੋਂ ਗੀਤ ਉਗਮਦੇ ਤੇ ਕਵਿਤਾਵਾਂ ਵੀ ਫੁੱਟ ਪੈਂਦੀਆਂ ਹਨ। ਸੰਘਰਸ਼ ਚਾਹੇ ਖੇਤ ਮਜ਼ਦੂਰਾਂ ਦਾ ਹੋਵੇ, ਚਾਹੇ ਅਧਿਆਪਕਾਂ ਦਾ, ਚਾਹੇ ਵਿਦਿਆਰਥੀਆਂ ਜਾਂ ਕਿਸਾਨਾਂ ਦਾ, ਉਹ ਆਪਣਾ ਹੀ ਹੁੰਦਾ ਹੈ। ਖੇਡਾਂ ਵਿਚ ਪੂੰਜੀਵਾਦੀ ਵਪਾਰਕ ਵਰਤਾਰੇ ਬਾਰੇ ਕ੍ਰਿਕਟ ਤੋਂ ਲੈ ਕੇ ਕਬੱਡੀ ਤਕ ਕਈ ਲੇਖ ਲਿਖੇ ਹਨ:
ਕਬੱਡੀ ਨੂੰ ਕਾਰਪੋਰੇਟਾਂ ਦਾ ਜੱਫਾ
ਕੁਝ ਵਰ੍ਹਿਆਂ ਤੋਂ ਕਬੱਡੀ ਦੀ ਖੇਡ ਡਰੱਗ, ਗੁੰਡਾਗਰਦੀ ਤੇ ਕਾਰਪੋਰੇਟੀ ਜੱਫਿਆਂ ਦੀ ਪਕੜ ਵਿਚ ਹੈ। ਉਸ ਨਾਲ ਕਬੱਡੀ ਦੇ ਕਈ ਨਾਮੀ ਖਿਡਾਰੀ ਅਪਾਹਜ ਤੇ ਨਿਪੁੰਸਕ ਹੋ ਚੁੱਕੇ ਹਨ, ਕਈ ਮਰ-ਮੁੱਕ ਗਏ ਹਨ ਤੇ ਕੁਝ ਇਕਨਾਂ ਦੇ ਕਤਲ ਹੋ ਰਹੇ ਹਨ। ਕਿਤੇ ਖੇਡਾਂ ਦੀ ਗੱਲ ਚੱਲੇ ਤਾਂ ਇਹ ਫ਼ਿਕਰ ਖੇਡ ਪ੍ਰੇਮੀਆਂ ਨੂੰ ਵੱਢ-ਵੱਢ ਖਾਂਦਾ ਹੈ ਕਿ ਪੰਜਾਬੀਆਂ ਦੀ ਮਕਬੂਲ ਖੇਡ ਕਬੱਡੀ ਹੁਣ ਰੁਲ਼ਦੀ ਜਾ ਰਹੀ ਹੈ। ਕਬੱਡੀ ਨੇ ਰੁਲ਼ਣਾ ਹੀ ਸੀ ਜਦੋਂ ਕਬੱਡੀ ਖੇਡਣ ਤੇ ਦੇਖਣ ਵਾਲੇ ਹੀ ਰੁਲ਼ੇ ਫਿਰਦੇ ਹੋਣ। ਜਿਹੜੇ ਆਪ ਹੀ ਰੁਲ਼ੇ ਫਿਰਦੇ ਹੋਣ ਉਨ੍ਹਾਂ ਦੀਆਂ ਖੇਡਾਂ ਵੀ ਰੁਲ਼ ਜਾਂਦੀਆਂ ਨੇ ਤੇ ਖੇਡਾਂ ਨਾਲ ਜੁੜੀਆਂ ਰਵਾਇਤਾਂ ਵੀ। ਪੰਜਾਬ ਦੇ ਕਬੱਡੀ ਪ੍ਰੇਮੀਆਂ ਦਾ ਇਹ ਦਰਦ ਸਾਂਝਾ ਹੈ ਕਿ ਹੁਣ ਭਲ਼ੇ ਵੇਲਿ਼ਆਂ ਵਾਲੀਆਂ ਗੱਲਾਂ ਨਹੀਂ ਰਹੀਆਂ। ਇਹ ਸਰੋਕਾਰ ਵੀ ਸਾਂਝੇ ਹਨ ਕਿ ਸਾਡੀ ਹਰਮਨ-ਪਿਆਰੀ ਖੇਡ ਕਬੱਡੀ ਦਾ ਮਾੜਾ ਹਾਲ ਕਿਉਂ ਹੋਇਆ ਪਿਐ? ਕਦੇ ਪੰਜਾਬ `ਤੇ ਰਾਜ ਕਰਦੇ ਸਿਆਸਤਦਾਨਾਂ ਨੇ ਕਬੱਡੀ ਨੂੰ ਓਲੰਪਿਕ ਖੇਡਾਂ `ਚ ਲੈ ਜਾਣ ਦੇ ਦਾਅਵੇ ਇਉਂ ਕੀਤੇ ਸਨ ਜਿਵੇਂ ਉਹ ਵੋਟਾਂ ਵੇਲੇ ਝੂਠੇ ਵਾਇਦੇ ਕਰਦੇ ਹਨ। ਇਹ ਦਾਅਵੇ ਕਬੱਡੀ ਪ੍ਰੇਮੀਆਂ ਨੂੰ ਸਤੱਈ ਪੱਧਰ `ਤੇ ਹੀ ਸਰੂਰ ਦੇਣ ਵਾਲੇ ਸਨ। ਹੋਇਆ ਇਹ ਕਿ ਉਨ੍ਹਾਂ ਨੇ ਕਬੱਡੀ ਪੰਜਾਬ `ਚੋਂ ਕਿਧਰੇ ਹੋਰ ਤੋਰ ਦਿੱਤੀ ਜੋ ਓਲੰਪਿਕ ਦਾ ਰਾਹ ਭੁੱਲ ਗਈ। ਹੁਣ ਪੰਜਾਬੀ ਆਪਣੀ ਮਾਂ-ਖੇਡ ਦੀ ਪੁਰਾਣੀ ਚੜ੍ਹਤ ਤਲਾਸ਼ ਰਹੇ ਹਨ। ਵੈਸੇ ਕਬੱਡੀ ਦੇ ਕਰੋੜਾਂ ਦੀ ਹੋ ਜਾਣ ਨਾਲ ਆਮ ਲੋਕਾਂ ਕੋਲ ਰਹਿਣਾ ਵੀ ਕਿੱਥੇ ਸੀ? ਆਖ਼ਰ ਕਰੋੜਪਤੀਆਂ ਕੋਲ ਹੀ ਜਾਣਾ ਸੀ ਨਾ!
ਪੰਜਾਬ ਦੀ ਇਸ ਮਕਬੂਲ ਖੇਡ ਦੇ ਅਜਿਹੇ ਹਸ਼ਰ ਲਈ ਕਈ ਵਾਰ ਸਾਡੀਆਂ ਹਕੂਮਤਾਂ ਦੀ ਖੇਡ ਨੀਤੀ ਦੀ ਨਾਕਾਮੀ, ਖੇਡ ਸੰਸਥਾਵਾਂ ਦੀ ਨਾਲਾਇਕੀ, ਖੇਡ ਖੇਤਰ `ਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਅਤੇ ਸਰਕਾਰਾਂ ਦੀ ਖੇਡ ਸਭਿਆਚਾਰ ਪ੍ਰਤੀ ਬੇਰੁਖ਼ੀ ਨੂੰ ਜ਼ਿੰਮੇਵਾਰ ਮੰਨ ਲਿਆ ਜਾਂਦਾ ਹੈ। ਜਾਂ ਫਿਰ ਸਮਾਜ ਅੰਦਰ ਨਸ਼ਿਆਂ ਦੀ ਮਾਰ, ਗੈਂਗਸਟਰ ਵਰਤਾਰੇ, ਮਾੜੀਆਂ ਖੁਰਾਕਾਂ ਤੇ ਨੌਜਵਾਨਾਂ `ਚ ਸਰੀਰਕ ਖੇਡਾਂ ਲਈ ਘਟਦੀ ਰੁਚੀ ਦਾ ਜ਼ਿਕਰ ਆ ਜਾਂਦਾ ਹੈ। ਬਿਨਾਂ ਸ਼ੱਕ ਇਹ ਤੇ ਇਨ੍ਹਾਂ ਵਰਗੇ ਹੋਰ ਕਿੰਨੇ ਹੀ ਕਾਰਨਾਂ ਨੇ ਨਾ ਸਿਰਫ ਕਬੱਡੀ ਦਾ ਬੇੜਾ ਡੋਬਣਾ ਸ਼ੁਰੂ ਕੀਤਾ ਹੋਇਐ ਸਗੋਂ ਹੋਰਨਾਂ ਖੇਡਾਂ ਦੇ ਸਿਹਤਮੰਦ ਮਾਹੌਲ ਦੀ ਵੀ ਪੱਟੀ ਮੇਸ ਕਰ ਰੱਖੀ ਹੈ।
ਪੰਜਾਬੀਆਂ ਦੀ ਮਾਂ ਖੇਡ ਕਹੀ ਜਾਂਦੀ ਕਬੱਡੀ ਦੀ ਇਸ ਹੋਣੀ ਨੂੰ ਪੰਜਾਬੀ ਸਮਾਜ ਦੇ ਸਮੁੱਚੇ ਸੰਕਟਾਂ ਤੋਂ ਅਲਹਿਦਾ ਕਰ ਕੇ ਨਹੀਂ ਦੇਖਿਆ ਜਾ ਸਕਦਾ। ਖੇਡਾਂ ਕਿਸੇ ਸਮਾਜ ਦੇ ਸਿਰਫ ਸਰੀਰਕ ਤੌਰ `ਤੇ ਸਿਹਤਮੰਦ ਹੋਣ ਦਾ ਪ੍ਰਤੀਕ ਹੀ ਨਹੀਂ ਹੁੰਦੀਆਂ ਸਗੋਂ ਉਹ ਲੋਕਾਂ ਦੀ ਸਮਾਜਿਕ ਸਭਿਆਚਾਰਕ ਜ਼ਿੰਦਗੀ ਦੀ ਟੋਹ ਵੀ ਦਿੰਦੀਆਂ ਹਨ ਕਿਉਂਕਿ ਉਹ ਉਸ ਸਭਿਆਚਾਰਕ ਜੀਵਨ ਦਾ ਅਨਿੱਖੜਵਾਂ ਅੰਗ ਹੁੰਦੀਆਂ ਹਨ। ਉਹ ਕਿਸੇ ਸਮਾਜ ਦੀ ਸਭਿਆਚਾਰਕ ਰਵਾਨਗੀ, ਸਮਾਜਿਕ ਰੁਚੀਆਂ ਤੇ ਕਦਰਾਂ-ਕੀਮਤਾਂ ਦਾ ਭੇਤ ਵੀ ਦਿੰਦੀਆਂ ਹਨ। ਖੇਡਾਂ ਤੇ ਹੋਰ ਸਮਾਜਿਕ ਸਭਿਆਚਾਰਕ ਰਵਾਇਤਾਂ, ਉਸੇ ਵਰਤਾਰੇ ਦਾ ਹੀ ਪਰਤੌਅ ਹੁੰਦੀਆਂ ਹਨ ਜੋ ਸਮਾਜ ਜਿਉਂ ਰਿਹਾ ਹੁੰਦਾ ਅਤੇ ਸਮੂਹਿਕ ਤੌਰ `ਤੇ ਹੰਢਾਅ ਰਿਹਾ ਹੁੰਦਾ ਹੈ। ਸੰਕਟ `ਚ ਘਿਰੇ ਸਮਾਜਾਂ ਅੰਦਰ ਫਿਰ ਇਨ੍ਹਾਂ ਸਮਾਜਿਕ ਸਭਿਆਚਾਰਕ ਗਤੀਵਿਧੀਆਂ ਦੀ ਹੋਣੀ ਨੂੰ ਸਰਾਪ ਲੱਗ ਜਾਂਦਾ ਹੈ।
ਪਿਛਲੇ ਦਹਾਕਿਆਂ `ਚ ਪੰਜਾਬੀ ਸਮਾਜ ਅੰਦਰ ਅਜਿਹੀਆਂ ਤਬਦੀਲੀਆਂ ਹੋਈਆਂ ਹਨ ਜਿਨ੍ਹਾਂ ਨੇ ਇਸ ਦੇ ਰਵਾਇਤੀ ਪੇਂਡੂ ਜੀਵਨ `ਚ ਬੜੀ ਵੱਡੀ ਉਥਲ-ਪੁਥਲ ਕੀਤੀ ਹੈ। ਕਬੱਡੀ ਦੀ ਖੇਡ ਦੇ ਝੰਬੇ ਜਾਣ ਦੇ ਪ੍ਰਸੰਗ `ਚ ਕਹਿਣਾ ਹੋਵੇ ਤਾਂ ਇਹ ਹੁਣ ਹਰੇ ਇਨਕਲਾਬ ਦੇ ਝੰਬੇ ਪੰਜਾਬ ਦਾ ਪਰਤੌਅ ਹੈ, ਜਿਸ ਦੀ ਕਬੱਡੀ ਵੀ ਝੰਬੀ ਪਈ ਹੈ। ਪੰਜਾਬ ਬੇਰੁਜ਼ਗਾਰੀ ਦਾ ਵੀ ਝੰਬਿਆ ਹੋਇਆ ਹੈ ਤੇ ਪਰਵਾਸ ਦਾ ਵੀ। ਹਰੇ ਇਨਕਲਾਬ ਦੇ ਇਸ ਮਾਡਲ ਨੇ ਪੰਜਾਬੀਆਂ ਕੋਲੋਂ ਉਹ ਸਿਹਤ ਹੀ ਖੋਹਣੀ ਸ਼ੁਰੂ ਕੀਤੀ ਹੋਈ ਹੈ ਜੀਹਦੇ ਜ਼ੋਰ `ਤੇ ਕਬੱਡੀ ਖੇਡੀ ਜਾਣੀ ਸੀ। ਡੂੰਘੇ ਹੋ ਰਹੇ ਆਰਥਿਕ ਸਮਾਜਿਕ ਸੰਕਟਾਂ ਨੇ ਉਹ ਮੌਜ ਤੇ ਬੇਪਰਵਾਹੀ ਵੀ ਖੋਹ ਲਈ ਹੈ, ਜੋ ਕਬੱਡੀ ਖੇਡਣ ਲਈ ਚਾਹੀਦੀ ਸੀ। ਉਸ ਪੇਂਡੂ ਭਾਈਚਾਰੇ `ਤੇ ਸੱਟ ਮਾਰ ਦਿੱਤੀ ਹੈ ਜਿੱਥੇ ਇਸ ਖੇਡ ਨੇ ਹੋਰ ਚੜ੍ਹਤ ਹਾਸਲ ਕਰਨੀ ਸੀ। ਸਮੁੱਚਾ ਪੰਜਾਬ ਤੇ ਦੇਸ਼ ਅਜਿਹੇ ਆਰਥਿਕ ਸਮਾਜਿਕ ਸੰਕਟਾਂ `ਚ ਘਿਰਿਆ ਹੋਇਆ ਹੈ ਜਿਹੜੇ ਆਏ ਦਿਨ ਹੋਰ ਡੂੰਘੇ ਹੋ ਰਹੇ ਹਨ। ਸਾਡਾ ਸਭਿਆਚਾਰ, ਆਰਥਿਕਤਾ, ਰਵਾਇਤਾਂ ਤੇ ਖੇਡਾਂ ਸਭ ਕੁਝ ਹੀ ਸਾਮਰਾਜੀ ਪੂੰਜੀ ਦੀ ਜਕੜ `ਚ ਆਇਆ ਹੋਇਆ ਹੈ। ਸੋ ਕਬੱਡੀ ਦਾ ਇਹ ਮੰਦੜਾ ਹਾਲ ਪੰਜਾਬੀ ਸਮਾਜ ਦਾ ਕੋਈ ਵਿਕੋਲਿਤਰਾ ਵਰਤਾਰਾ ਨਹੀਂ, ਸਗੋਂ ਸਮਾਜ `ਚ ਚੱਲ ਰਹੇ ਹੋਰਨਾਂ ਸੰਕਟਾਂ ਦੇ ਅਨੇਕਾਂ ਵਰਤਾਰਿਆਂ ਦਾ ਹੀ ਹਿੱਸਾ ਹੈ।
ਕੁਝ ਦਹਾਕੇ ਪਹਿਲਾਂ ਪੰਜਾਬ `ਚ ਕਬੱਡੀ ਤਾਂ ਬਹੁਤ ਨੌਜਵਾਨ ਖੇਡ ਲੈਂਦੇ ਸਨ ਪਰ ਖੇਡਣ ਦਾ ਚਾਅ ਉਹੀ ਪੂਰਾ ਕਰਦੇ ਸਨ, ਜਿਨ੍ਹਾਂ ਦੀਆਂ ਜ਼ਮੀਨੀ ਢੇਰੀਆਂ ਜਾਂ ਹੋਰ ਕਾਰੋਬਾਰ ਤੇ ਜਾਇਦਾਦਾਂ ਖੇਡਣ ਲਈ ਰੀਝ ਪੁਗਾਉਣ ਜੋਗੀ ਢੋਈ ਦਿੰਦੀਆਂ ਸਨ। ਵਿਹੜੇ ਵਾਲਿਆਂ ਦੇ ਜਾਇਦਾਦ ਹੀਣੇ ਮੁੰਡੇ ਪਹਿਲਾਂ ਹੀ ਹਾਰ ਜਾਂਦੇ ਸਨ ਤੇ ਦਿਹਾੜੀਆਂ ਹੀ ਉਨ੍ਹਾਂ ਤੋਂ ਪੁਆਇੰਟ ਲੈ ਜਾਂਦੀਆਂ ਸਨ। ਉਹ ਕਬੱਡੀ ਦੇ ਮੈਦਾਨ `ਚ ਪਹੁੰਚਣ ਤੋਂ ਪਹਿਲਾਂ ਹੀ ਰਿਜ਼ਕ ਦੇ ਫਿਕਰਾਂ ਹੱਥੋਂ ਚਿੱਤ ਹੋ ਜਾਂਦੇ ਸਨ। ਜਿਹੜੇ ਖੇਡਣ ਦਾ ਚਾਅ ਪੂਰਾ ਕਰਦੇ ਸਨ ਉਸ ਪਰਤ ਦੇ ਸੁਪਨਿਆਂ ਦੀ ਧਰਤੀ ਹੁਣ ਕੈਨੇਡਾ ਜਾਂ ਅਮਰੀਕਾ ਹੈ। ਜਦੋਂ ਕਬੱਡੀ ਦੇ ਖੰਭ ਲਾ ਕੇ ਕੈਨੇਡਾ ਪੁੱਜਿਆ ਜਾ ਸਕਦਾ ਸੀ ਉਦੋਂ ਕਿੰਨਿਆਂ ਹੀ ਨੌਜਵਾਨਾਂ ਨੇ ਕਬੱਡੀ ਵਿਦੇਸ਼ ਜਾਣ ਕਰਕੇ ਵੀ ਖੇਡੀ। ਮੇਰੇ ਆਪਣੇ ਪਿੰਡ ਦੇ ਮੁੰਡੇ ਜਿਨ੍ਹਾਂ ਨੂੰ ਮੈਂ ਬਚਪਨ `ਚ ਕਬੱਡੀ ਖੇਡਦਿਆਂ ਤੱਕਿਆ ਸੀ ਉਨ੍ਹਾਂ `ਚੋਂ ਕਈ ਕੈਨੇਡਾ ਜਾਂ ਹੋਰਨਾਂ ਵਿਕਸਿਤ ਮੁਲਕਾਂ `ਚ ਵਸ ਚੁੱਕੇ ਹਨ। ਪਰ ਹੁਣ ਤਾਂ ਕੈਨੇਡਾ ਨੂੰ ਉੱਡਣ ਲਈ ਕਬੱਡੀ ਦੇ ਪਰ ਵੀ ਕੁਤਰੇ ਜਾ ਰਹੇ ਹਨ।
ਜਿਹੜੀ ਧਰਤੀ `ਤੇ ਨੌਜਵਾਨਾਂ ਦਾ ਜੀਅ ਨਾ ਲੱਗਦਾ ਹੋਵੇ ਉਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਓਥੇ ਦੀਆਂ ਖੇਡਾਂ ਤੇ ਹੋਰਨਾਂ ਸਭਿਆਚਾਰਕ ਸਰਗਰਮੀਆਂ ਦੀਆਂ ਰਵਾਇਤਾਂ ਦਾ ਹਸ਼ਰ ਕੀ ਹੋਵੇਗਾ? ਇਨ੍ਹਾਂ ਹਾਲਤਾਂ `ਚ ਜਿਹੜੀ ਵੀ ਕਬੱਡੀ ਪੰਜਾਬ ਦੇ ਖੇਡ ਮੈਦਾਨਾਂ ਤੇ ਸਟੇਡੀਅਮਾਂ ਵਿਚ ਖੇਡੀ ਜਾ ਰਹੀ ਹੈ, ਉਹ ਪੂਰੀ ਤਰ੍ਹਾਂ ਪੇਸ਼ਾਵਰ/ਕਾਰੋਬਾਰ `ਚ ਤਬਦੀਲ ਹੋ ਚੁੱਕੀ ਹੈ। `ਕੱਲੀ ਕਬੱਡੀ ਹੀ ਨਹੀਂਂ, ਇਥੇ ਹਰ ਖੇਡ ਕਿਸੇ ਤਰ੍ਹਾਂ ਦੇ ਵਪਾਰ `ਚ ਤਬਦੀਲ ਹੋ ਚੁੱਕੀ ਹੈ। ਉਂਜ ਤਾਂ ਖੇਡਾਂ ਹੀ ਕਿਉਂ, ਨਵ-ਉਦਾਰਵਾਦੀ ਨੀਤੀਆਂ ਦੇ ਇਸ ਦੌਰ ਅੰਦਰ ਪੂੰਜੀ ਦੇ ਤਰਕ ਨੇ ਸਾਡੇ ਹਰ ਸਮਾਜਿਕ ਸਭਿਆਚਾਰਕ ਵਰਤਾਰੇ ਨੂੰ ਆਪਣੀ ਜਕੜ `ਚ ਲੈ ਲਿਆ ਹੈ। ਫਿਰ ਕਬੱਡੀ ਕਿੱਥੋਂ ਬਚਣੀ ਸੀ? ਇਹ ਪੂੰਜੀ ਦਾ ਤਰਕ ਹੈ ਕਿ ਸਾਡੇ ਕਬੱਡੀ ਖਿਡਾਰੀ ਹੁਣ ਯੂਨਾਨ ਵਾਂਗ ਗਲੈਡੀਏਟਰਾਂ `ਚ ਤਬਦੀਲ ਹੋ ਚੁੱਕੇ ਹਨ ਜਿਹੜੇ ਪੈਸੇ ਦੀ ਸ਼ਤਰੰਜ ਖੇਡ ਦੇ ਛੋਟੇ ਪਿਆਦੇ ਹਨ। ਉਨ੍ਹਾਂ ਨੂੰ ਖਿਡਾਉਣ ਵਾਲੇ ਚਾਹੇ ਨਵੇਂ ਉੱਭਰੇ ਖੇਡ ਪ੍ਰੋਮੋਟਰ ਹੋਣ, ਟੂਰਨਾਮੈਂਟਾਂ ਨੂੰ ਕਾਰੋਬਾਰਾਂ ਦੇ ਅੰਗ ਵਜੋਂ ਵਿਉਂਤਣ ਵਾਲੇ ਵਪਾਰੀ ਹੋਣ, ਨਸ਼ਿਆਂ ਦੇ ਸਮੱਗਲਰ ਹੋਣ ਜਾਂ ਗੈਂਗਸਟਰ ਹੋਣ। ਕਬੱਡੀ ਦੀ ਖੇਡ ਅੰਦਰ ਇਨ੍ਹਾਂ ਸਭਨਾਂ ਨੇ `ਕੱਠੇ ਹੋ ਕੇ ਇਸ ਨੂੰ ਆਪੋ ਆਪਣੇ ਮੰਤਵਾਂ ਲਈ ਜਕੜ `ਚ ਲੈ ਲਿਆ ਹੈ। ਇਹ ਸਾਂਝੀ ਜਕੜ ਇਨ੍ਹਾਂ ਸਭਨਾਂ ਦੇ ਮੰਤਵਾਂ ਨੂੰ ਹੱਲ ਕਰਦੀ ਹੈ। ਇਸ ਵਧਦੀ ਗਈ ਜਕੜ ਨਾਲ, ਕਬੱਡੀ ਦੇ ਕਰੋੜਾਂ ਦੀ ਹੋਣ ਨਾਲ ਇਹ ਲੋਕਾਂ ਕੋਲੋਂ ਦੂਰ ਹੁੰਦੀ ਜਾ ਰਹੀ ਹੈ।
ਇਸ ਵਰਤਾਰੇ ਦੀ ਲਪੇਟ `ਚ ਆਉਣ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਕਬੱਡੀ ਦੇ ਡਾਲਰਾਂ ਤੇ ਪੌਂਡਾਂ ਦੀ ਹੋ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਜਦੋਂ ਇਕ-ਇਕ ਰੇਡ ਤੇ ਜੱਫੇ `ਤੇ ਵਪਾਰੀਆਂ ਨੇ ਪੈਸੇ ਲਾਉਣੇ ਸ਼ੁਰੂ ਕੀਤੇ ਤੇ ਫਿਰ ਵਪਾਰ ਨੇ ਅਜਿਹਾ ਜ਼ੋਰ ਦਿਖਾਇਆ ਕਿ ਰੇਡਾਂ ਪੈਣਾਂ ਤੇ ਜੱਫੇ ਲਾਉਣਾ ਹੀ ਵਪਾਰ ਹੋ ਗਿਆ। ਪੂੰਜੀਵਾਦੀ ਯੁੱਗ `ਚ ਵਿਸ਼ੇਸ਼ ਕਰਕੇ ਨਵ ਉਦਾਰਵਾਦੀ ਨੀਤੀਆਂ ਦੇ ਦੌਰ ਅੰਦਰ ਖੇਡਾਂ ਦੇ ਵਪਾਰੀਕਰਨ ਦਾ ਸਿਲਸਿਲਾ ਪੂਰੀ ਦੁਨੀਆ `ਚ ਚੱਲਿਆ ਹੋਇਆ ਹੈ। ਕਿਸੇ ਖੇਡ ਪ੍ਰਤੀ ਖਿੱਚ, ਦਰਸ਼ਕਾਂ ਦੀ ਘੱਟ/ਵੱਧ ਗਿਣਤੀ ਤੈਅ ਕਰਦੀ ਹੈ ਕਿ ਉਹ ਖੇਡ ਕੰਪਨੀਆਂ ਲਈ ਕਿੰਨੇ ਮੁਨਾਫ਼ੇ ਦਾ ਜ਼ਰੀਆ ਬਣ ਸਕਦੀ ਹੈ। ਪੰਜਾਬ ਵਰਗੇ ਛੋਟੇ ਖਿੱਤੇ `ਚ ਆਬਾਦੀ ਦੀ ਛੋਟੀ ਪ੍ਰਤੀਸ਼ਤ ਵੱਲੋਂ ਖੇਡੀ ਜਾਣ ਵਾਲੀ ਖੇਡ ਕਬੱਡੀ, ਵੱਡੀਆਂ ਕੰਪਨੀਆਂ ਲਈ ਮੁਨਾਫੇ ਪੱਖੋਂ ਖਿੱਚ ਪਾਊ ਨਹੀਂ ਸੀ ਚਾਹੇ ਬਾਦਲ ਕੇ ਲਾਣੇ ਨੇ ਇਸ ਨੂੰ ਬਣਾਉਣ ਦਾ ਯਤਨ ਵੀ ਕੀਤਾ ਸੀ। ਪਰ ਪੰਜਾਬ ਦੇ ਕਾਰੋਬਾਰੀਆਂ ਤੇ ਵਪਾਰੀਆਂ ਲਈ ਪੈਸੇ ਲਾਉਣ ਤੇ ਕਮਾਉਣ ਦਾ ਜ਼ਰੀਆ ਬਣਦੀ ਸੀ ਜੋ ਬਣੀ ਵੀ। ਕਬੱਡੀ ਦੇ ਕਾਰੋਬਾਰ `ਚ ਤਬਦੀਲ ਹੋ ਜਾਣ ਨੇ ਇਸ ਅੰਦਰ ਉਨ੍ਹਾਂ ਸਾਰੀਆਂ ਅਲਾਮਤਾਂ ਦੇ ਸੰਚਾਰ ਦਾ ਰਾਹ ਪੱਧਰਾ ਕਰ ਦਿੱਤਾ ਜਿਹੜੀਆਂ ਅਲਾਮਤਾਂ ਏਸ ਵੇਲੇ ਹੋਰਨਾਂ ਕਾਰੋਬਾਰਾਂ `ਚ ਪ੍ਰਗਟ ਹੋ ਰਹੀਆਂ ਹਨ।
ਵਪਾਰ ਵਜੋਂ ਖੇਡੀ ਜਾ ਰਹੀ ਖੇਡ ਅੰਦਰ ਧੌਂਸ ਦੇ ਜ਼ੋਰ ਵਿਰੋਧੀ ਨੂੰ ਮੁਕਾਬਲੇ `ਚੋਂ ਕੱਢਣ, ਜਿੱਤਣ ਲਈ ਖੇਡ ਮੁਹਾਰਤ ਨਾਲੋਂ ਜ਼ਿਆਦਾ ਬਾਹਰੋਂ ਮੈਨੇਜਮੇਂਟ ਕਰਨ ਦੀ ਸਮਰੱਥਾ `ਤੇ ਟੇਕ ਰੱਖਣ, ਗੁੰਡਾ ਗਰੋਹਾਂ ਨਾਲ ਗੰਢ-ਤੁੱਪ ਕਰਨ ਤੇ ਮੌਕੇ ਦੀ ਸਮਰੱਥਾ ਦੇ ਵਾਧੇ ਲਈ ਨਸ਼ਿਆਂ ਦਾ ਆਸਰਾ ਲੈਣ ਵਰਗੀਆਂ ਜ਼ਰੂਰਤਾਂ ਪੈਦਾ ਹੁੰਦੀਆਂ ਹਨ। ਖੇਡ ਪ੍ਰਮੋਟਰਾਂ ਦੇ ਨਾਂ ਹੇਠ ਕਬੱਡੀ ਦੀ ਖੇਡ ਦਾ ਵੀ ਇੱਕ ਵਪਾਰੀ ਵਰਗ ਉਭਰਿਆ ਜਿਸ ਨੇ ਸਥਾਨਕ ਸਿਆਸਤਦਾਨਾਂ, ਗੁੰਡਾ ਗਰੋਹਾਂ, ਨਸ਼ਾ ਸਮੱਗਲਰਾਂ ਤੇ ਕਾਰੋਬਾਰੀਆਂ ਦੇ ਵੱਡੇ ਗੱਠਜੋੜ ਦੇ ਚੱਕਰਵਿਊ ਵਿਚ ਕਬੱਡੀ ਦੀ ਖੇਡ ਨੂੰ ਬੁਰੀ ਤਰ੍ਹਾਂ ਉਲਝਾ ਦਿੱਤਾ ਤੇ ਖਿਡਾਰੀ ਇਨ੍ਹਾਂ ਸ਼ਕਤੀਆਂ ਦੇ ਮੋਹਰੇ ਬਣ ਕੇ ਰਹਿ ਗਏ ਹਨ। ਕਬੱਡੀ ਦੀ ਖੇਡ ਅੰਦਰ ‘ਪੰਜਾਬੀ ਕਾਰਪੋਰੇਟਾਂ’ ਦੀ ਜਕੜ ਏਨੀ ਪੀਡੀ ਹੋ ਗਈ ਹੈ ਕਿ ਖਿਡਾਰੀਆਂ ਦੀ ਜਗ੍ਹਾ ਸੁੰਗੜ ਕੇ ਰਹਿ ਗਈ ਹੈ। ਇਹ ਉਹੀ ਵਰਤਾਰਾ ਹੈ ਜਿਹੜਾ ਇਸ ਵੇਲੇ ਪੰਜਾਬੀ ਕਲਾ ਜਗਤ ਦੇ ਖੇਤਰ ਅੰਦਰ ਚੱਲ ਰਿਹਾ ਹੈ ਤੇ ਜਿਹੜਾ ਵਪਾਰਕ ਕਾਰੋਬਾਰਾਂ ਲਈ ਇੱਕ ਲੁਭਾਉਣੀ ਥਾਂ ਬਣਿਆ ਹੋਇਆ ਹੈ। ਕਬੱਡੀ ਦੀ ਖੇਡ ਅੰਦਰ ਇਸ ਗੱਠਜੋੜ ਦਾ ਵਰਤਾਰਾ ਕਿਵੇਂ ਜੜ੍ਹਾਂ ਜਮਾ ਚੁੱਕਾ ਹੈ ਇਹ ਪੂਰੀ ਕਿਤਾਬ ਦੀ ਸਮੱਗਰੀ ਬਣਦੀ ਹੈ। ਜੇ ਕਹਿਣਾ ਹੋਵੇ ਤਾਂ ਇਹ ਕ੍ਰਿਕਟ ਵਿਚਲੀ ਸੱਟੇਬਾਜ਼ੀ ਦੀ ਦਲਦਲ ਨਾਲੋਂ ਕਿਸੇ ਤਰ੍ਹਾਂ ਪਿੱਛੇ ਨਹੀਂ ਕਿ ਮੈਚ ਹਾਰ ਜਾਣ ਦੇ ਫੁਰਮਾਨ ਗੈਂਗਸਟਰਾਂ ਵੱਲੋਂ ਆਉਂਦੇ ਹਨ ਤੇ ਕੱਪ ਜਿੱਤਣ ਲਈ ਡਰੱਗ ਡੋਪਿੰਗ `ਤੇ ਟੇਕ ਕਿੰਨੀ ਜ਼ਰੂਰੀ ਹੋ ਚੁੱਕੀ ਹੈ। ਮੈਂ ਚੰਗੀ ਭਲੀ ਕਬੱਡੀ ਖੇਡਣ ਵਾਲਿਆਂ ਦੇ ਮੂੰਹੋਂ ਸੁਣਿਆ ਹੈ ਕਿ ਬਾਈ, ਹੁਣ ਇੱਥੇ ਕਬੱਡੀ ਖੇਡਣਾ ਖ਼ਤਰੇ ਤੋਂ ਖਾਲੀ ਨਹੀਂ। ਕੀ ਲੈਣਾ ਆਪਾਂ, ਬਿਨਾਂ ਖੇਡੇ ਹੀ ਠੀਕ ਆਂ, ਕਿਸੇ ਚੱਜ ਦੇ ਕੰਮ ਕਾਰ ਵੱਲ ਹੋਈਏ। ਇਹ ਕਿੰਨੇ ਹੀ ਸਾਧਾਰਨ ਪੰਜਾਬੀ ਨੌਜਵਾਨ ਖਿਡਾਰੀਆਂ ਦਾ ਦਰਦ ਹੈ ਜਿਹੜੇ ਸਾਫ਼ ਸੁਥਰੀ ਖੇਡ ਖੇਡਣੀ ਚਾਹੁੰਦੇ ਹੋਣ ਕਰਕੇ ਇਸ ਦਲਦਲ ਤੋਂ ਪਾਸੇ ਹੋ ਗਏ। ਅਜਿਹੀਆਂ ਸੱਚਾਈਆਂ ਕਬੱਡੀ ਦੇ ਸੁਹਿਰਦ ਕੋਚਾਂ ਦੀ ਜ਼ੁਬਾਨ `ਤੇ ਅਕਸਰ ਆਉਂਦੀਆਂ ਹਨ। ਕਿਸੇ ਵੇਲੇ ਆਪਣਾ ਸਭ ਕੁੱਝ ਝੋਕ ਕੇ ਖਿਡਾਰੀ ਤਿਆਰ ਕਰਨ ਨੂੰ ਮਿਸ਼ਨ ਵਾਂਗ ਲੈ ਕੇ ਚੱਲਣ ਵਾਲੇ ਕੋਚ ਨਿਰਾਸ਼ਾ `ਚ ਇਸ ਖੇਡ ਤੋਂ ਬੇਮੁੱਖ ਹੋ ਚੁੱਕੇ ਹਨ।
ਕਬੱਡੀ ਨੂੰ ਨਿਗਲ ਜਾਣ ਵਾਲੇ ਅਜਿਹੇ ਚੱਕਰਵਿਊ ਤੋਂ ਮੁਕਤ ਤਦ ਹੀ ਕਰਵਾਇਆ ਜਾ ਸਕਦਾ ਹੈ ਜੇਕਰ ਇਸ ਨੂੰ ਵਪਾਰਕ ਮੰਤਵਾਂ ਨਾਲੋਂ ਤੋੜ ਦਿੱਤਾ ਜਾਵੇ। ਇਸ ਨੂੰ ਵਪਾਰ ਬਣਾਉਣ ਵਾਲੇ ਗਲੈਮਰ ਤੋਂ ਮੁਕਤ ਕੀਤਾ ਜਾਵੇ। ਇਹ ਸਿਰਫ ਕਬੱਡੀ ਲਈ ਹੀ ਨਹੀਂ ਕਿਸੇ ਵੀ ਖੇਡ ਲਈ ਸਹੀ ਮਾਰਗ ਹੈ। ਖੇਡ ਨੂੰ ਮਨੁੱਖਾ ਜ਼ਿੰਦਗੀ ਦੀ ਰੋਜ਼ਾਨਾ ਦੀ ਕਿਰਤ ਸਰਗਰਮੀ ਦੇ ਅਮਲ ਨਾਲ ਗੁੰਦਿਆ ਜਾਵੇ, ਉਹ ਖੇਤਾਂ ਬੰਨ੍ਹਿਆਂ `ਚ ਕੰਮ ਕਰਨ ਵਾਲੇ ਕਿਰਤੀਆਂ ਦੇ ਜੁੱਸਿਆਂ ਨੂੰ ਪਰਖਣ ਵਾਲੀ, ਉਨ੍ਹਾਂ `ਚ ਸਿਹਤਮੰਦ ਮੁਕਾਬਲੇਬਾਜ਼ੀ ਪੈਦਾ ਕਰਨ ਵਾਲੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਦਾ ਮਨੋਰੰਜਨ ਕਰਨ ਵਾਲੀ ਖੇਡ ਵਜੋਂ ਆਪਣਾ ਸਥਾਨ ਬਣਾਵੇ। ਕਬੱਡੀ ਨੂੰ ਹੁਣ ਉਹੀ ਖੇਡਣਗੇ ਜਿਨ੍ਹਾਂ ਨੇ ਇਸੇ ਪੰਜਾਬ `ਚ ਹੀ ਆਪਣਾ ਭਵਿੱਖ ਬਣਾਉਣਾ ਹੈ। ਉਨ੍ਹਾਂ ਨੂੰ ਇਹ ਪੰਜਾਬ ਆਪਣਾ ਲੱਗਣ ਲੱਗੇ, ਰੁਜ਼ਗਾਰ ਦੀ ਆਸ ਬੱਝਦੀ ਹੋਵੇ, ਜੂਨ ਗੁਜ਼ਾਰੇ ਦਾ ਧਰਵਾਸ ਬਣਦਾ ਹੋਵੇ ਤਾਂ ਕਬੱਡੀ ਦੀਆਂ ਰੇਡਾਂ ਵੀ ਚੜ੍ਹਦੀਆਂ ਤੋਂ ਚੜ੍ਹਦੀਆਂ ਪੈ ਸਕਦੀਆਂ ਹਨ। ਜੇ ਜੂੰਨ ਗੁਜ਼ਾਰਾ ਨਾ ਹੋਣ ਦੇ ਫ਼ਿਕਰ ਪਹਿਲਾਂ ਹੀ ਜੱਫੇ ਮਾਰੀ ਬੈਠੇ ਹੋਣ ਤਾਂ ਫਿਰ ਰੇਡਾਂ ਕਿੱਥੋਂ ਪੈਣੀਆਂ ਹਨ?
ਕਬੱਡੀ ਦੀ ਪਹਿਲਾਂ ਵਾਲੀ ਸ਼ਾਨ ਦੀ ਮੁੜ ਬਹਾਲੀ ਲਈ ਬਜਟ, ਗਰਾਂਟਾਂ, ਖੇਡ ਮੈਦਾਨ, ਕੋਚ ਤੇ ਖੁਰਾਕਾਂ ਹੀ ਕਾਫ਼ੀ ਨਹੀਂ ਸਗੋਂ ਇਨ੍ਹਾਂ ਤੋਂ ਵੀ ਪਹਿਲਾਂ ਕਬੱਡੀ ਨੂੰ ਅਖੌਤੀ ਖੇਡ ਪ੍ਰਮੋਟਰਾਂ, ਨਸ਼ਾ ਸਮੱਗਲਰਾਂ, ਗੈਂਗਸਟਰਾਂ ਤੇ ਮੁਨਾਫ਼ੇਖ਼ੋਰ ਕਾਰੋਬਾਰੀਆਂ ਦੇ ਨਾਪਾਕ ਗੱਠਜੋੜ ਦੇ ਜੱਫੇ `ਚੋਂ ਛੁਡਾਉਣ ਦੀ ਲੋੜ ਹੈ। ਇਸ ਜੱਫੇ `ਚੋਂ ਨਿਕਲਣ ਨਾਲ ਹੀ ਕਬੱਡੀ ਨੂੰ ਚਿੰਬੜੀਆਂ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹਦੇ ਲਈ ਜ਼ਰੂਰੀ ਹੈ ਕਿ ਪੰਜਾਬੀ ਸਮਾਜ ਦੀ ਬਿਹਤਰੀ ਲਈ ਹਰ ਤਰ੍ਹਾਂ ਦੀਆਂ ਹਾਂ-ਪੱਖੀ ਸਰਗਰਮ ਤਾਕਤਾਂ ਦੇ ਸਰੋਕਾਰਾਂ `ਚ ਖੇਡਾਂ ਦੇ ਸਰੋਕਾਰ ਵੀ ਆਪਣਾ ਸਥਾਨ ਬਣਾਉਣ। ਕਰੋੜਾਂ ਦੀ ਕਬੱਡੀ ਨੂੰ ਖੇਤਾਂ ਤੇ ਖੇਡ ਮੈਦਾਨਾਂ ਦੀ ਮਿੱਟੀ ਨਾਲ ਜੁੜੀ ਸਾਫ-ਸੁਥਰੀ ਖੇਡ ਬਣਾਉਣ ਦਾ ਯਤਨ ਕਰਨ।