ਆਓ! ਸੂਰਜ ਨੂੰ ਫੜੀਏ

ਡਾ ਗੁਰਬਖ਼ਸ਼ ਸਿੰਘ ਭੰਡਾਲ
ਸੂਰਜ, ਰੌਸ਼ਨੀ ਦਾ ਸਮੁੰਦਰ। ਚਾਨਣ ਦਾ ਭਰ ਵੱਗਦਾ ਦਰਿਆ। ਨਿੱਘ ਦਾ ਦੇਵਤਾ ਤੇ ਜੀਵਨ-ਦਾਨੀ। ਰਾਤ ਦੇ ਮੱਥੇ ਤੇ ਦਿਨ ਦਾ ਉਜਿਆਰਾ ਚਮਕਾਉਣ ਵਾਲਾ ਦਾਨੀ।
ਸੂਰਜ, ਅੰਬਰ ਦੇ ਵਿਹੜੇ ਦਗਦਾ ਤਾਰਾ। ਧਰਤੀ ਦੇ ਸਭ ਤੋਂ ਨੇੜੇ ਅਤੇ ਸੂਰਜੀ ਪਰਿਵਾਰ ਦਾ ਪ੍ਰਮੁੱਖ। ਧਰਤੀ ਤੇ ਵੱਸਦਾ ਰੱਸਦਾ ਸੁਮੱਚਾ ਆਰ-ਪਰਿਵਾਰ ਅਤੇ ਕੁਦਰਤ ਦਾ ਆਨੰਤ ਪਸਾਰਾ, ਇਸਦਾ ਦੇਣਦਾਰ। ਚੰਦਰਮਾ ਵੀ ਪੁੰਨਿਆਂ ਦੀ ਰਾਤ ਲਈ ਸੂਰਜ ਤੋਂ ਰੌਸ਼ਨੀ ਹੁਧਾਰੀ ਮੰਗਦਾ ਅਤੇ ਮੱਸਿਆ ਦੀ ਜੂਹ ਵਿਚ ਚਾਨਣ ਦਾ ਛਿੜਕਾਅ ਕਰਦਾ।

ਸੂਰਜ ਧੁੰਦ ਨੂੰ ਚੀਰਦਾ ਅਤੇ ਸੀਤ ਦੀ ਵੱਖੀ ਵਿਚ ਧੂਣੀ ਬਾਲਦਾ। ਠੁੱਰ ਠੁੱਰ ਕਰਦੇ ਜਿਸਮਾਂ ਲਈ ਤਪਸ਼ ਅਰਪਿੱਤ ਕਰਦਾ। ਸੂਰਜ ਕਾਰਨ ਹੀ ਸਿਆਲ ਦੀ ਕੋਸੀ ਕੋਸੀ ਧੁੱਪ ਵਿਚ ਬੈਠਣ ਦਾ ਇਲਾਹੀ ਆਨੰਦ ਅਤੇ ਇਸ ਆਨੰਦ ਨੂੰ ਮਾਨਣ ਲਈ ਪ੍ਰਦੇਸੀ ਅਕਸਰ ਹੀ ਸਿਆਲ ਨੂੰ ਆਪਣੇ ਵਤਨ ਪਰਤਦੇ।
ਪਰ ਗਰਮੀਆਂ ਵਿਚ ਸੂਰਜੀ ਤਪਸ਼ ਕਈ ਵਾਰ ਅੱਗ ਵਰਾਉਂਦੀ। ਪਿਆਸ ਵੀ ਤੜਫਦੀ ਅਤੇ ਇਸ ਤੜਫਣੀ ਵਿਚ ਬਹੁਤ ਕੁਝ ਤੜਫ ਕੇ ਰਹਿ ਜਾਂਦਾ। ਇਸ ਆਲਮੀ ਤਪਸ਼ ਦੇ ਕੀਤੇ ਜਾ ਰਹੇ ਰਿਕਾਰਡ ਲਈ ਮਨੁੱਖੀ ਲਾਲਚ ਹੀ ਪ੍ਰਮੁੱਖ ਕਾਰਨ ਕਿਉਂਕਿ ਅਸੀਂ ਕੋਈ ਬਿਰਖ਼ ਹੀ ਨਹੀਂ ਪੰਜਾਬ ਦੀ ਧਰਤ `ਤੇ ਰਹਿਣ ਦਿਤਾ।
ਪਰ ਹਨੇਰਿਆਂ ਨਾਲ ਜੂਝਦੇ ਬੰਦਿਆਂ ਦੇ ਮਨ ਵਿਚ ਸੂਰਜ ਬਣਨ ਦਾ ਵਿਚਾਰ ਗਾਹੇ-ਬਗਾਹੇ ਜ਼ਰੂਰ ਆਉਂਦਾ। ਉਹ ਸੂਰਜ ਬਣ ਕੇ ਇਸਦੀ ਰੌਸ਼ਨੀ ਨੂੰ ਹਨੇਰਿਆਂ ਦੀ ਵੱਖੀ ਵਿਚ ਬੀਜ, ਹਨੇਰੀਆਂ ਬਸਤੀਆਂ ਨੂੰ ਰੁੱਸ਼ਨਾਉਣ ਲਈ ਤਰਦੱਦ ਕਰਦਾ। ਇਹ ਧਾਰਨਾ ਦਰਅਸਲ ਮਨੁੱਖ ਦੇ ਅੰਦਰ ਵੱਸਦੇ ਉਸ ਇਨਸਾਨ ਦੀ ਹੈ ਜਿਸਨੇ ਖ਼ੁਦ ਨੂੰ ਆਪਣੇ ਅੰਦਰ ਸੂਰਜ ਉਗਾ ਕੇ ਹਨੇਰਿਆਂ ਨੂੰ ਹਰਾਇਆ ਹੋਵੇ ਅਤੇ ਆਪਣੇ ਮਨ ਦਾ ਸੁਪਨਾ ਖ਼ੁਦ ਨਾਲ ਪ੍ਰਣਾਇਆ ਹੋਵੇ।
ਸੂਰਜ ਸਿਰਫ਼ ਅੰਬਰ ਤੇ ਹੀ ਨਹੀਂ ਉਗਦਾ ਸਗੋਂ ਸੂਰਜ ਤਾਂ ਬੰਦੇ ਦੀ ਸੋਚ ਵਿਚ ਉਗਣਾ ਚਾਹੀਦਾ। ਜਦ ਸੂਰਜ ਤੁਹਾਡੀ ਸੋਚ ਵਿਚ ਉਗਦਾ ਅਤੇ ਕਰਮ ਵਿਚ ਉਦੈ ਹੋ ਕੇ ਤੁਹਾਡੇ ਲਈ ਜੀਵਨ-ਜਾਚ ਹੀ ਬਣ ਜਾਂਦਾ।
ਅੰਬਰ ਦੇ ਵਿਹੜੇ ਇਕ ਹੀ ਸੂਰਜ ਨਹੀਂ ਸਗੋਂ ਬਹੁਤ ਸਾਰੇ ਸੂਰਜ ਨੇ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ। ਸੂਰਜ ਤੋਂ ਵੀ ਬਹੁਤ ਵੱਡੇ। ਪਰ ਧਰਤੀ ਦੇ ਵਾਸੀਆਂ ਲਈ ਸਾਡਾ ਆਪਣਾ ਸੂਰਜ ਹੀ ਸੱਭ ਤੋਂ ਅਹਿਮ ਅਤੇ ਵੱਡਾ। ਅਸੀਂ ਤਾਂ ਮਿਥਿਹਾਸ ਵਿਚ ਇਸਨੂੰ ਦੇਵਤਾ ਦਾ ਵਰ ਦੇ ਕੇ, ਇਸਦੀ ਪੂਜਾ ਅਰਚਨਾ ਵਿਚੋਂ ਖ਼ੁਦ ਨੂੰ ਖੁਦ ਦੇ ਹੋਰ ਨੇੜੇ ਹੋਣਾ ਮਹਿਸੂਸ ਕਰਦੇ ਹਾਂ।
ਸ਼ਾਮ ਦਾ ਵਕਤ ਹੈ। ਸੂਰਜ ਡੁੱਬ ਰਿਹਾ ਹੈ। ਲਾਲ ਸੂਹਾ ਗੋਲਾ, ਸੁੰਦਰ ਤੇ ਦਿਲਕੱਸ਼ ਸੂਰਜ ਗੋਡੀ ਮਾਰ ਰਿਹਾ ਏ। ਇਉਂ ਜਾਪਦਾ ਹੈ ਜੀਕਰ ਸੂਰਜ ਧਰਤੀ ਤੇ ਡਿੱਗਣ ਵਾਲਾ ਹੈ। ਨਿੱਕਾ ਜੇਹਾ ਬੱਚਾ ਆਪਣੇ ਬਾਪ ਨਾਲ ਇਹ ਸੱਭ ਕੁਝ ਦੇਖ ਕੇ ਬਹੁਤ ਉਤੇਜਿੱਤ ਤੇ ਉਤਸੁੱਕ ਹੋ ਰਿਹਾ ਹੈ। ਉਹ ਭੋਲੇਪਣ ਨਾਲ ਬਾਪ ਨੂੰ ਕਹਿੰਦਾ ਹੈ,” ਪਾਪਾ! ਦੇਖੋ ਸੂਰਜ ਹੁਣ ਧਰਤੀ ਤੇ ਡਿੱਗ ਪਿਆ ਹੈ। ਚੱਲੋ ਦੌੜ ਕੇ ਸੂਰਜ ਨੂੰ ਚੁੱਕ ਲਈਏ ਅਤੇ ਇਸਨੂੰ ਘਰ ਲੈ ਜਾਈਏ। ਮੈਂ ਸੂਰਜ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ। ਇਸਨੂੰ ਆਪਣੇ ਬੁੱਝੇ ਹੋਏ ਦੀਵੇ ਵਿਚ ਧਰਨਾ ਏ ਤਾਂ ਕਿ ਇਹ ਦੀਵੇ ਵਾਂਗ ਬਲੇ। ਇਸਦੀ ਰੌਸ਼ਨੀ ਵਿਚ ਮੈਂ ਗਿਆਨ-ਸਾਗਰ ਵਿਚ ਡੂੰਘੀਆਂ ਤਾਰੀਆਂ ਲਾਵਾਂ। ਇਸ ਸੂਰਜ ਨੂੰ ਆਲ਼ੇ ਵਿਚ ਜਰੂਰ ਧਰਨਾ ਤਾਂ ਕਿ ਕੋਠੜੀ ਵਿਚ ਲੋਅ ਹੋਵੇ। ਇਸਦੀ ਚਾਨਣ ਵਿਚ ਮੈਂ ਛੱਤਾਂ ਵਿਚੋਂ ਕਿੱਰ ਰਹੀ ਮਿੱਟੀ ਦੇਖ ਸਕਾਂ ਅਤੇ ਮੀਂਹ ਪੈਣ ਤੇ ਚੋਂਦੀ ਛੱਤ ਦੇ ਹੇਠਾਂ ਭਾਂਡੇ ਧਰ ਸਕਾਂ। ਇਸਨੂੰ ਮੈਂ ਆਪਣੇ ਬਸਤੇ ਵਿਚ ਪਾ ਕੇ ਸਕੂਲ ਵੀ ਲੈ ਕੇ ਜਾਣਾ ਚਾਹੁੰਦਾ ਤਾਂ ਕਿ ਇਸਦੇ ਸੰਗ- ਸਾਥ ਵਿਚ ਮੈਂ ਆਪਣੇ ਨਿੱਕੇ ਪੈਰਾਂ ਵਿਚ ਲੰਮਾ ਸਫ਼ਰ ਪੈਦਾ ਕਰ ਸਕਾਂ ਅਤੇ ਨਿੱਕੇ ਨਿੱਕੇ ਸੁਪਨਿਆਂ ਨੂੰ ਅੰਬਰਾਂ ਵਿਚ ਉਡਾਰੀ ਭਰਨ ਲਈ ਪਰ ਦੇ ਸਕਾਂ।” ਬਾਪ ਆਪਣੇ ਪੁੱਤ ਵੰਨੀਂ ਨੀਝ ਨਾਲ ਦੇਖਦਾ ਹੈ ਅਤੇ ਉਸਦੀ ਉਤਸੁੱਕਤਾ ਨੂੰ ਨਿਹਾਰਦਿਆਂ ਕਹਿੰਦਾ ਹੈ ਕਿ ਪੁੱਤਰਾ ਸੂਰਜ ਕਦੇ ਵੀ ਡਿੱਗਦਾ ਜਾਂ ਡੁੱਬਦਾ ਨਹੀਂ। ਸਗੋਂ ਇਹ ਤਾਂ ਛੁੱਪਦਾ ਹੈ। ਇਸ ਨੇ ਅਗਲੇ ਦਿਨ ਫਿਰ ਪ੍ਰਗਟ ਹੋ ਜਾਣਾ ਅਤੇ ਇਸਦਾ ਪ੍ਰਗਟ ਹੋਣਾ ਹੀ ਦਿਨ ਦਾ ਆਗਾਜ਼ ਹੁੰਦਾ। ਇਸ ਸੂਰਜ ਨੂੰ ਪਕੜਨ ਦੀ ਬਜਾਏ, ਚਾਹੀਦਾ ਹੈ ਕਿ ਤੂੰ ਵੱਡਾ ਹੋ ਕੇ ਸੂਰਜ ਬਣਨ ਦਾ ਤਹੱਈਆ ਕਰ ਤਾਂ ਕਿ ਤੂੰ ਚਾਨਣ ਦਾ ਵਣਜ ਕਰ ਸਕੇਂ।
ਇਕ ਸੂਰਜ ਅਸੀਂ ਹਰ ਰੋਜ਼ ਅੰਬਰ ਵਿਚ ਦੇਖਦੇ ਹਾਂ ਜੋ ਕੁਝ ਚਿੱਰ ਲਈ ਬੱਦਲਾਂ ਜਾਂ ਧੁੰਦ ਵਿਚ ਲੁੱਕ ਸਕਦਾ ਏ। ਪਰ ਇਹ ਕਦੇ ਵੀ ਥੋੜ੍ਹ-ਚਿਰੀਆਂ ਰੁਕਾਵਟਾਂ ਦਾ ਗੁਲਾਮ ਨਹੀਂ ਹੁੰਦਾ। ਇਨ੍ਹਾਂ ਤੋਂ ਨਾਬਰ ਹੋ ਆਪਣੀ ਹੋਂਦ ਤੇ ਹਸਤੀ ਨੂੰ ਦੁਨੀਆਂ ਸਾਹਵੇਂ ਉਜਾਗਰ ਕਰਨ ਤੋਂ ਗੁਰੇਜ਼ ਨਹੀਂ ਕਰਦਾ।
ਇਕ ਸੂਰਜ ਧਾਰਮਿਕ ਅਸਥਾਨਾਂ ਦੇ ਗਲਿਆਰਿਆਂ ਵਿਚ ਅਣਿਆਈਮੌਤੇ ਮਰ ਰਿਹਾ ਏ। ਬਹੁਤ ਥੋੜ੍ਹੇ ਹੀ ਸੰਜੀਦਾ ਧਾਰਮਿਕ ਵਿਅਕਤੀ ਨੇ ਜਿਹੜੇ ਇਸਦੀ ਚਿਰੰਜੀਵਤਾ ਲਈ ਯਤਨਸ਼ੀਲ ਨੇ। ਇਸ ਸੂਰਜ ਦੀ ਮੌਤ ਕਾਰਨ ਬਹੁਤ ਕੁਝ ਮਰ ਰਿਹਾ ਏ। ਸੱਭ ਤੋਂ ਪਹਿਲਾਂ ਮਾਨਵਤਾ ਅਤੇ ਫਿਰ ਮਨੁੱਖ ਮਰ ਰਿਹਾ ਏ। ਇਸਦਾ ਸੋਗ ਮਨਾਵਣ ਲਈ ਵੀ ਰਾਤ ਨੂੰ ਵੀ ਦਿਨ ਵੇਲੇ ਧਰਤੀ `ਤੇ ਉਤਰਨਾ ਪੈਂਦਾ ਏ।
ਇਕ ਸੂਰਜ ਪੁਸਤਕਾਂ ਵਿਚ ਉਗਦਾ ਏ। ਇਸ ਕਾਰਨ ਹੀ ਸ਼ਬਦਾਂ ਵਿਚ ਅਰਥਾਂ ਦੀਆਂ ਕਿਰਨਾਂ ਫੁੱਟਦੀਆਂ ਨੇ। ਵਾਕਾਂ ਵਿਚ ਮੋਮਬੱਤੀਆਂ ਜਗਦੀਆਂ ਨੇ ਅਤੇ ਵਰਕਿਆਂ ਤੇ ਦੀਵਿਆਂ ਦੀ ਵਰਣਮਾਲਾ ਬਿਰਾਜਮਾਨ ਹੁੰਦੀ ਹੈ। ਇਹ ਸੂਰਜ ਵੀ ਹੁਣ ਹਟਕੋਰੇ ਭਰ ਰਿਹਾ ਹੈ ਕਿਉਂਂਕਿ ਅਸੀਂ ਪੁਸਤਕ ਪੜਨ ਤੋਂ ਹੀ ਅਵੇਸਲੇ ਹੋ ਰਹੇ ਹਾਂ। ਅਸੀਂ ਸ਼ਬਦਾਂ ਨਾਲ ਸੰਵਾਦ ਰਚਾਉਣ ਤੋਂ ਵਿਰਵੇ ਹੋ ਗਏ ਹਾਂ। ਅਸੀਂ ਮਨੋਭਾਂਵਾਂ ਨੂੰ ਦਿਤੀ ਤਸ਼ਬੀਹ ਵਿਚੋਂ ਇਸਦੀ ਸੁੱਚਤਾ ਨੂੰ ਪ੍ਰਗਟਾਉਣ ਤੋਂ ਉਕਤਾ ਰਹੇ ਹਾਂ। ਅਸੀਂ ਕਲਾ ਵਿਚ ਪਨਪੀ ਕਾਇਆ-ਕਲਪ ਤੋਂ ਅਣਜਾਣ ਹੋਈ ਜਾ ਰਹੇ ਹਾਂ। ਅਸੀਂ ਕੈਨਵੱਸ ਤੇ ਚਿੱਤਰੇ ਸੂਰਜਾਂ ਨਾਲ ਗੱਲ ਕਰਨ ਤੋਂ ਕੰਨੀਂ ਕਤਰਾਉਂਦੇ ਹਾਂ। ਅਸੀਂ ਤਾਂ ਇਨ੍ਹਾਂ ਸੂਰਜਾਂ ਦੀ ਅੱਖ ਵਿਚ ਅੱਖ ਪਾਉਣ ਤੋਂ ਵੀ ਮੁੱਨਕਰ ਹੋਈ ਜਾ ਰਹੇ ਹਾਂ। ਯਾਦ ਰੱਖਣਾ! ਜਦ ਪੁਸਤਕ ਵਿਚਲਾ ਸੂਰਜ ਉਗਣ ਤੋਂ ਪਹਿਲਾਂ ਸੱਤਮਾਹਿਆ ਹੋ ਕੇ ਦਰਦਾਂ ਦੀ ਗਾਥਾ ਗਾਉਣ ਲੱਗ ਪਵੇ, ਵੈਣ ਪਾਉਣ ਲੱਗ ਪਵੇ ਜਾਂ ਆਪਣਾ ਮਰਸੀਆ ਆਪਣੇ ਹੀ ਹੋਠਾਂ ਤੇ ਗੁਣਗੁਣਾਉਣ ਲੱਗ ਪਵੇ ਤਾਂ ਫਿਰ ਪੁਸਤਕ ਦੀ ਮੌਤ ਅਟੱਲ ਹੁੰਦੀ ਹੈ। ਇਸਦੀ ਮੌਤ ਕਾਰਨ ਹੀ ਮਰ ਜਾਂਦੇ ਨੇ ਅੱਖਰ, ਸੁੱਸਰੀ ਵਾਂਗ ਸੋਂ ਜਾਂਦੇ ਸ਼ਬਦ ਅਤੇ ਕਬਰਾਂ ਦੀ ਕਤਾਰਬੰਦੀ ਬਣ ਜਾਂਦਾ ਹੈ ਵਰਕਿਆਂ ਤੇ ਉਕਰੇ ਪਹਿਰਿਆਂ ਦਾ ਰੁੱਦਨ।
ਇਕ ਸੂਰਜ ਜੋ ਕਦੇ ਬਸਤਿਆਂ ਵਿਚ ਮੱਘਦਾ ਸੀ, ਜੋ ਕਦੇ ਫੱਟੀਆਂ ਤੇ ਆਪਣੇ ਨਕਸ਼ ਉਗਾੜਦਾ ਸੀ ਅਤੇ ਫੱਟੀ ਸੁਕਾਉਣ ਲਈ ਸਾਡੀ ਹਾਕ ਦਾ ਹੁੰਗਾਰਾ ਭਰਦਾ ਸੀ, ਜੋ ਕਦੇ ਪੂਰਨਿਆਂ ਵਿਚ ਆਪਣੀ ਪਹਿਚਾਣ ਸਿਰਜਦਾ ਸੀ, ਜੋ ਨਿੱਕੇ ਨਿੱਕੇ ਮਨਾਂ ਵਿਚ ਸੁਫਨੇ ਧਰਦਾ ਸੀ ਅਤੇ ਜੋ ਕਦੇ ਤੱਪੜਾਂ ਤੇ ਬੈਠਿਆਂ ਦੀ ਮਾਨਸਿਕ ਉਡਾਣ ਵਿਚ ਹਰਦਮ ਭਾਰੂ ਰਹਿੰਦਾ ਸੀ, ਉਹ ਸੂਰਜ ਹੁਣ ਢਲਦੇ ਪ੍ਰਛਾਂਵਿਆਂ ਦਾ ਸੋਗ ਬਣ ਗਿਆ ਹੈ। ਮਨੁੱਖ ਦਾ ਅੱਖਰ-ਗਿਆਨ ਨੂੰ ਬੇਦਾਵਾ ਦੇਣਾ ਬਹੁਤ ਮਹਿੰਗਾ ਪਵੇਗਾ। ਇਸ ਬੇਦਾਵੇ ਕਾਰਨ ਹੀ ਮਨੁੱਖ ਨੇ ਆਪਣੇ ਰਿਸ਼ਤਿਆਂ ਨੂੰ ਤਿਆਗਣਾ ਹੈ, ਕਦਰਾਂ-ਕੀਮਤਾਂ ਨੂੰ ਗੁਆਉਣਾ ਹੈ, ਆਪਣੇ ਸਰੋਕਾਰਾਂ ਨੂੰ ਸੰਤਾਪਣਾ ਹੈ, ਆਪਣੀਆਂ ਸੰਵੇਦਨਾਵਾਂ ਨੂੰ ਜ਼ੁਬਾਨ ਦੁੇਣ ਤੋਂ ਵਿਰਵਾ ਹੋਣਾ ਹੈ ਅਤੇ ਪਰਪਸਰ ਸੰਬੰਧਾਂ ਤੇ ਪ੍ਰੇਮ-ਭਾਵਨਾ ਤੋਂ ਵੀ ਕੋਰਾ ਹੋ ਜਾਣਾ ਹੈ। ਜਦ ਜੁਬਾਨ `ਤੇ ਬੋਲ ਅਹੁੜਨ ਤੋਂ ਗੁਰੇਜ਼ ਕਰਨ ਲੱਗ ਪੈਣ, ਸੰਬੰਧਾਂ ਵਿਚ ਮੂਕਤਾ ਪੈਦਾ ਹੋ ਜਾਵੇ ਅਤੇ ਅਤੇ ਖੁਦ ਨੂੰ ਪ੍ਰਗਟਾਉਣ ਤੋਂ ਵੀ ਸੁਚੇਤ ਨਾ ਹੋਈਏ ਤਾਂ ਫਿਰ ਮਨੁੱਖੀ ਭਾਂਵਾਂ ਨੇ ਖੁਦਕੁਸ਼ੀ ਤਾਂ ਕਰਨੀ ਹੀ ਹੁੰਦੀ ਹੈ।
ਸੂਰਜ ਤਾਂ ਰੌਸ਼ਨਦਾਨਾਂ ਅਤੇ ਖਿੜਕੀਆਂ ਰਾਹੀਂ ਕਮਰਿਆਂ ਵਿਚ ਅਕਸਰ ਹੀ ਝਾਤੀਆਂ ਮਾਰਦਾ ਹੁੰਦ ਸੀ। ਇਸ ਨਾਲ ਕਮਰੇ ਵਿਚ ਚਾਨਣ ਦਾ ਪ੍ਰਕਾਸ਼ ਹੁੰਦਾ ਸੀ। ਆਪਸੀ ਪ੍ਰੇਮ ਦਾ ਨਿੱਘ ਪਨਪਦਾ ਸੀ। ਹੁਲਾਸ ਅਤੇ ਪੁਰ-ਖੁਲਾਸੀ ਦਾ ਵਾਤਾਵਰਣ ਪੈਦਾ ਹੁੰਦਾ ਸੀ। ਇਹੀ ਸੂਰਜ ਜਦ ਕਮਰੇ ਵਿਚ ਲੇਟੇ ਦੋ ਜਿਸਮਾਂ ਦੀ ਮਾਨਸਿਕ ਤੇ ਭਾਵਨਾਤਮਿਕ ਧਰਾਤਲ ਵਿਚ ਉਗਦਾ ਤਾਂ ਇਹ ਕਈ ਸੂਰਜਾਂ ਦਾ ਜਨਮਦਾਤਾ ਬਣ ਜਾਂਦਾ ਸੀ। ਕਮਰਿਆਂ ਵਿਚ ਚੁੱਪ-ਚੁਪੀਤੇ ਦਸਤਕ ਦੇਣ ਵਾਲਾ ਇਹ ਸੂਰਜ ਵੀ ਹੁਣ ਵੀ ਉਡੀਕ ਕਰਦਾ ਹੈ ਕਿ ਕਦੋਂ ਖਿੱੜਕੀਆਂ ਖੁੱਲਣਗੀਆਂ, ਕਦੋਂ ਰੌਸ਼ਦਾਨਾਂ ਤੋਂ ਪਹਿਰੇ ਹਟਾਏ ਜਾਣਗੇ ਅਤੇ ਕਦੋਂ ਮਨੁੱਖ ਨੂੰ ਪਰਦਾਦਾਰੀ ਤੋਂ ਖਲਾਸੀ ਮਿਲੇਗੀ? ਕਦੋਂ ਬੰਦ ਕਮਰਿਆਂ ਦੇ ਬੂਹੇ ਖੁੱਲਣਗੇ ਅਤੇ ਸੂਰਜ ਨੂੰ ਕਮਰਿਆਂ ਵਿਚ ਵੜਨ ਦੀ ਇਜ਼ਾਜ਼ਤ ਹੋਵੇਗੀ ਤਾਂ ਕਿ ਜਿਸਮਾਂ ਵਿਚ ਕੋਸਾਪਣਾ ਪੈਦਾ ਹੋ ਕੇ, ਨਵੇਂ ਸੂਰਜਾਂ ਲਈ ਸਾਜ਼ਗਾਰ ਮਾਹੌਲ ਅਤੇ ਧਰਾਤਲ ਸਿਰਜੀ ਜਾ ਸਕੇ। ਵਾਸਤਾ ਈ ਬੰਦਿਆ! ਸੂਰਜ ਦੀ ਦਸਤਕ ਦਾ ਜਵਾਬ ਦਿੰਦਾ ਰਹਿ ਤਾਂ ਕਿ ਇਹ ਸੂਰਜ ਤੈਨੂੰ ਹੋਰ ਬਹੁਤ ਸਾਰੇ ਸੂਰਜਾਂ ਦਾ ਵਰਦਾਨ ਦਿੰਦਾ ਰਹੇ। ਪਰ ਅਜੋਕੇ ਸਮਾਜਿਕ ਤਾਣੇ-ਬਾਣੇ ਵਿਚ ਇਹ ਸੂਰਜ ਵੀ ਮਰਨਹਾਰੀ ਰੁੱਤ ਹੰਢਾਉਣ ਲਈ ਮਜ਼ਬੂਰ ਏ ਤਾਂ ਹੀ ਹੁਣ ਮਨੁੱਖ ਮਨਸੂਈ ਸੂਰਜਾਂ ਦੀ ਉਤਪਤੀ ਲਈ ਮਜ਼ਬੂਰ ਹੋ ਗਿਆ ਏ। ਦਰਾਂ ਤੋਂ ਮੋੜੇ ਸੂਰਜਾਂ ਦਾ ਸਰਾਪ ਤਾਂ ਮਨੁੱਖ ਨੂੰ ਖੁਦ ਹੀ ਹੰਢਾਉਣਾ ਪਵੇਗਾ।
ਬਹੁਤ ਜ਼ਰੂਰੀ ਹੁੰਦਾ ਏ ਬੱਚੇ ਦੇ ਮਨ ਵਿਚ ਸੂਰਜਾਂ ਵਰਗੇ ਸੁਪਨੇ ਲੈਣ ਦੀ ਤਾਂਘ ਦਾ ਪੈਦਾ ਹੋਣਾ। ਉਨ੍ਹਾਂ ਵਿਚ ਸੂਰਜ ਨੂੰ ਪਕੜਨ ਦੀ ਜ਼ੁਅਰਤ ਪੈਦਾ ਕਰਨਾ। ਅੰਬਰ ਜੇਡੀ ਉਡਾਣ ਭਰਨ ਦਾ ਜੇ਼ਰਾ ਪੈਦਾ ਹੋਣਾ। ਸੂਰਜ ਨੂੰ ਫੜਨ ਲਈ ਅੰਬਰ ਨੂੰ ਹੱਥ ਲਾਉਣਾ ਜ਼ਰੂਰੀ ਹੁੰਦਾ ਕਿਉਂਕਿ ਅੰਬਰ ਦੇ ਵਾਸੀ ਹੀ ਸੂਰਜਾਂ ਦੇ ਆੜੀ ਹੁੰਦੇ।
ਬੱਚੇ ਵੀ ਤਾਂ ਨਿੱਕੇ ਨਿੱਕੇ ਸੂਰਜ ਜੋ ਘਰ ਨੂੰ ਆਪਣੀ ਹੋਂਦ ਨਾਲ ਭਰਦੇ। ਵਿਹੜੇ ਨੂੰ ਭਾਗ ਲਾਉਂਦੇ ਤਾਂ ਹੀ ਇਨ੍ਹਾਂ ਦੀ ਆਮਦ ਤੇ ਦਰੀਂ ਪਾਣੀ ਡੋਲਿਆ ਜਾਂਦਾ ਹੈ, ਬਰੂਹਾਂ ਤੇ ਤੇਲ ਚੋਇਆ ਜਾਂਦਾ ਅਤੇ ਨਿੰਮ ਦੇ ਪੱਤੇ ਦਰਵਾਜਿ਼ਆਂ ਤੇ ਟੰਗੇ ਜਾਂਦੇ। ਇਹ ਨਿੱਕੇ ਨਿੱਕੇ ਸੂਰਜ ਹੀ ਹੌਲੀ ਹੌਲੀ ਵੱਡੇ ਹੋ ਕੇ ਘਰ ਦਾ ਬੋਝ ਮੋਢੇ `ਤੇ ਉਠਾਉਂਦੇ, ਮਾਪਿਆਂ ਦੇ ਖ਼ੁਆਬਾਂ ਤੇ ਖਿ਼ਆਲਾਂ ਨੂੰ ਅਸਲੀ ਜਾਮਾ ਪਹਿਨਾਉਂਦੇ, ਸੁਪਨਿਆਂ ਦੀ ਤਾਮੀਦਾਰੀ ਕਰਦੇ ਅਤੇ ਉਹਨਾਂ ਦਾ ਸ਼ਮਲਾ ਉਚਾ ਕਰਦੇ। ਫਿਰ ਮਾਵਾਂ ਆਪਣੇ ਬੱਚਿਆਂ ਦੀ ਪ੍ਰਾਪਤੀਆਂ ਦੇ ਸ਼ਗਨ ਮਨਾਉਂਦੀਆਂ ਤੇ ਗੁਆਂਢ ਵਿਚ ਪਤਾਸੇ ਵੰਡਦੀਆਂ। ਕਿੰਨਾ ਚਾਅ ਹੁੰਦਾ ਸੀ ਸਾਡੀਆਂ ਅਣਪੜ ਮਾਵਾਂ ਨੂੰ ਜਦ ਅਸੀਂ ਕਿਸੇ ਜਮਾਤ ਵਿਚੋਂ ਪਾਸ ਹੋ ਕੇ ਸਕੂਲ ਤੋਂ ਘਰ ਪਰਤਦੇ ਸਾਂ। ਉਨ੍ਹਾਂ ਨੂੰ ਆਸ ਹੁੰਦੀ ਸੀ ਕਿ ਸਾਡੇ ਬੱਚੇ ਪੜ ਲਿਖ ਕੇ ਘਰ ਦੀ ਜੂ੍ਹਨ ਬਦਲ ਦੇਣਗੇ। ਘਰ ਨੂੰ ਕੰਗਾਲੀ ਤੇ ਗੁਰਬਤ ਤੋਂ ਕੱਢਣ ਵਿਚ ਯੋਗਦਾਨ ਪਾਉਣਗੇ। ਇਹ ਬੱਚੇ ਹੀ ਹੁੰਦੇ ਜੋ ਕੁੱਲੀਆਂ ਵਿਚ ਜਗਦੇ ਦੀਵੇ ਹੁੰਦੇ ਜਿਨ੍ਹਾਂ ਦੀ ਰੌਸ਼ਨੀ ਵਿਚ ਕੱਖਾਂ ਦੀ ਕੁੱਲੀ ਵੀ ਮਹਿਲਾਂ ਦਾ ਦਰਜਾ ਪ੍ਰਾਪਤ ਕਰ ਲੈਂਦੀ ਹੈ।
ਸਾਡੇ ਮਾਪੇ, ਅਧਿਆਪਕ ਅਤੇ ਰਹਿਬਰ ਵੀ ਸੂਰਜਾਂ ਦੀ ਸੁੱਚੀ ਤਸ਼ਬੀਹ ਜਿਨ੍ਹਾਂ ਦੀ ਮਾਰਗ-ਦਰਸ਼ਨਾਂ ਵਿਚ ਅਸੀਂ ਖੁਦ ਵੀ ਸੂਰਜੀ ਮਾਰਗ ਦੇ ਪਾਂਧੀ ਬਣਦੇ ਹਾਂ। ਸਾਡੇ ਲਈ ਰਾਹਾਂ ਦੀ ਨਿਸ਼ਾਨਦੇਹੀ ਅਤੇ ਮੰਜ਼ਲਾਂ ਦੇ ਦਿੱਸਹਦਿਆਂ ਦਾ ਸਿਰਨਾਵਾਂ ਭਾਲਣ ਵਿਚ ਮਦਦਗਾਰ ਹੁੰਦੇ। ਉਨ੍ਹਾਂ ਦੀ ਛੱਤਰਛਾਇਆ ਹੇਠ ਅਨੂਠੀਆਂ ਪ੍ਰਾਪਤੀਆਂ ਦੀ ਰੰਗਣ, ਉਹਨਾਂ ਲਈ ਵੀ ਸ਼ਰਫ਼ ਦਾ ਸਬੱਬ ਹੁੰਦੀ। ਸਾਡੀਆਂ ਸੋਚਾਂ ਵਿਚ ਦੱਗਦੇ ਸੂਰਜਾਂ ਦਾ ਪ੍ਰਕਾਸ਼ਮਾਨ ਹੋਣਾ, ਸਾਡਾ ਸੁਭਾਗ। ਅਸੀਂ ਹੋਰ ਸੂਰਜਾਂ ਦਾ ਜਾਗ ਲਾਉਣ ਲਈ ਆਪਣੀ ਸਮਰੱਥਾ, ਸਾਧਨਾ ਅਤੇ ਸਮਰਪਿੱਤਾ ਨਾਲ ਇਸ ਅਮੀਰ ਪ੍ਰੰਪਰਾ ਨੂੰ ਜਾਰੀ ਰੱਖਣ ਦਾ ਅਹਿਦਨਾਮਾ ਹੁੰਦੇ।
ਸੂਰਜਾਂ ਦੇ ਸੰਗਮ ਵਿਚ ਉਗਦੇ ਸੂਰਜਾਂ ਦੇ ਸਿਰਨਾਵੇਂ
ਸੂਰਜਾਂ ਦੀ ਕਲਮਾਂ ਕਰਦੀਆਂ ਸੁੱਚਮਾਂ ਅੱਖਰਾਂ ਨਾਵੇਂ
ਸੂਰਜਾਂ ਦੇ ਭਰ ਵੱਗਦੇ ਦਰਿਆ ਰਲਦੇ ਵਿਚ ਸਮੁੰਦਰ
ਅਤੇ ਇਨ੍ਹਾਂ ਨਾਲ ਖਲਕਤ ਜੁੜਦੀ ਆਪੋ-ਆਪਣੇ ਅੰਦਰ
ਸੂਰਜਾਂ ਦੀਆਂ ਫਸਲਾਂ ਜਦ ਵੀ ਖੇਤਾਂ ਦੇ ਵਿਚ ਉਗੀਆਂ
ਤੱਦ ਖੁਦਕੁਸ਼ੀਆਂ ਦੀਆਂ ਚਾਲਾਂ ਕਦੇ ਨਾ ਪੁਗੀਆਂ
ਸੂਰਜਾਂ ਦੇ ਹਾਣੀ ਸਦਾ ਹੀ ਸੱਚੀ ਜੋਗ ਕਮਾਉਂਦੇ।
ਮੋਢੇ ਲਟਕਾਈ ਬੱਗਲੀ ਵਿਚੋਂ ਦਾਤਾਂ ਝੋਲੀ ਪਾਉਂਦੇ
ਆਓ ਸਾਰੇ ਲਹਿੰਦਾ ਸੂਰਜ ਚੁੱਕ ਕੇ ਘਰੀਂ ਲਿਆਈਏ
ਤੇ ਪਿੰਡ ਦੀ ਹਰ ਜੂਹ-ਚੁਰੱਸਤੇ ਇਸਦੀਆਂ ਦਾਬਾਂ ਲਾਈਏ।
ਸਾਡੇ ਚੌਗਿਰਦੇ ਵਿਚ ਬਹੁਤ ਸਾਰੇ ਸੂਰਜ ਤਾਂ ਹੁੰਦੇ। ਪਰ ਕਈ ਤਾਂ ਬਹੁਤ ਹੀ ਬੁੱਝੇ ਬੁੱਝੇ ਜਿਹੇ ਜਿਨ੍ਹਾਂ ਨੂੰ ਪੂਰਨ ਮੱਘਣ ਲਈ ਚੰਗਿਆੜੀ ਦੀ ਲੋੜ। ਇਹ ਚੰਗਿਆੜੀ ਕਈ ਵਾਰ ਕਿਸੇੇ ਪਲ, ਘਟਨਾ, ਜਿੰ਼ਦਗੀ ਦੇ ਕੋਈ ਮੋੜ ਜਾਂ ਕਿਸੇ ਨਿਹੋਰੇ, ਸ਼ਰਮਸਾਰੀ ਜਾਂ ਹੱਠ ਧਰਮੀ ਜਾਂ ਉਲਾਹਮੇ ਵਿਚੋਂ ਪੈਦਾ ਹੋ, ਅਜੇਹੀ ਜਿੱਦ ਦਾ ਰੂਪ ਧਾਰਦੀ ਕਿ ਫਿਰ ਸੂਰਜ ਸਾਡੇ ਬਨੇਰੇ ਖੁਦ-ਬ-ਖੁਦ ਉਤਰ, ਸਾਡੇ ਵਿਹੜੇ ਨੂੰ ਵੀ ਰੁੱਸ਼ਨਾਉਂਦਾ, ਚੌਂਕੇ ਵਿਚ ਆ ਚੁੱਲ੍ਹੇ ਨੂੰ ਤਪਾਉਂਦਾ ਅਤੇ ਘਰ ਨੂੰ ਚਾਨਣ ਨਾਲ ਭਰ ਦਿੰਦਾ। ਲੋੜ ਹੈ ਕਿ ਸੂਰਜ-ਪ੍ਰਾਪਤੀ ਲਈ ਇੰਨੀ ਲਗਨ, ਸਿਰੜ, ਸਾਧਨਾ ਅਤੇ ਸਿਦਕ ਨਾਲ ਜੁੱੜੇ ਰਹੋ ਕਿ ਸੂਰਜ ਮਜ਼ਬੂਰ ਹੋ ਜਾਵੇ ਤੁਹਾਡੀਆਂ ਦਹਿਲੀਜ਼ਾਂ ਤੇ ਨੱਤਮਸਤਕ ਹੋਣ ਲਈ।
ਸੂਰਜ ਤਾਂ ਹੋਰ ਵੀ ਬਹੁਤ ਸਾਰੇ ਹੁੰਦੇ । ਕਈ ਵਾਰ ਕੂਝ ਮਨੁੱਖ ਹੀ ਸੂਰਜਾਂ ਵਰਗੇ ਹੁੰਦੇ ਜੋ ਭਲਿਆਈ ਅਤੇ ਬੰਦਗੀ ਨੂੰ ਅਪਣਾਏ, ਕੁਦਰਤੀ ਨਿਆਮਤਾਂ ਦੀ ਸਾਂਭ-ਸੰਭਾਲ ਲਈ ਅਰਪਿੱਤ ਹੁੰਦੇ। ਜਿਹੜੇ ਅੰਦਰ ਵੱਲ ਨੂੰ ਜਾਂਦੀਆਂ ਪੌੜੀਆਂ ਦਾ ਨਾਮਕਰਣ ਹੁੰਦੇ ਅਤੇ ਜਿਨ੍ਹਾਂ ਦੀ ਪਹਿਰੇਦਾਰੀ ਵਿਚ ਮਾਨਵਤਾ ਵੀ ਸ਼ਰਸ਼ਾਰ ਹੁੰਦੀ। ਇਨ੍ਹਾਂ ਸੂਰਜਾਂ ਦੀ ਬਦੌਲਤ ਹੀ ਸਮਾਜ ਵਿਚ ਕੁਝ ਕੁ ਸੁਖਨ, ਸਹਿਜ, ਸਕੂਨ, ਸੰਤੋਖੀਪੁਣੇ ਅਤੇ ਸੰਤੁਸ਼ਟਤਾ ਦਾ ਵਾਸਾ ਹੈ। ਇਹ ਸੂਰਜ ਜਿਊਂਦੇ ਨੇ ਤਾਂ ਲੋਕਾਈ ਜਿਊਂਦੀ ਏ। ਇਨ੍ਹਾਂ ਨੂੰ ਦੇਖ ਕੇ ਜੇ ਹੋਰ ਵੀ ਸੂਰਜ ਬਣਨ ਲਈ ਅਹੁਲਣ ਲੱਗ ਪੈਣ ਤਾਂ ਸੂਰਜਾਂ ਦਾ ਕਾਫ਼ਲ਼ਾ ਨਿਰੰਤਰ ਵੱਧਦਾ ਜਾਂਦਾ।
ਪਰ ਸਭ ਤੋਂ ਵੱਡਾ ਅਤੇ ਮਹਾਨ ਸੂਰਜ ਉਹ ਹੁੰਦਾ ਹੈ ਜੋ ਮਨੁੱਖ ਆਪਣੇ ਅੰਤਰੀਵ ਵਿਚ ਉਗਾਉਂਦਾ ਹੈ। ਇਸ ਸੂਰਜ ਦੀ ਰੌਸ਼ਨੀ ਵਿਚ ਉਸਦੀ ਅੰਦਰਲੀ ਕਾਲਖ਼ ਧੋਤੀ ਜਾਂਦੀ ਅਤੇ ਅੰਤਰੀਵ ਵਿਚ ਹੋਇਆ ਉਜਿਆਰਾ ਹੀ ਫਿਰ ਅੰਦਰ ਤੋਂ ਬਾਹਰ ਦੇ ਸਫ਼ਰ ਨੂੰ ਤੁੱਰਦਾ ਹੈ। ਇਹ ਸਫ਼ਰ ਹੀ ਮਨੁੱਖ ਲਈ ਸੱਭ ਤੋਂ ਪ੍ਰਮੁੱਖ ਹੁੰਦਾ ਏ। ਅੰਦਰ ਤੋਂ ਬਾਹਰ ਦੇ ਯਾਤਰੀ ਬਹੁਤ ਹੀ ਵਿਰਲੇ ਨੇ ਅਤੇ ਇਹ ਵਿਰਲੇ ਹੀ ਸੂਰਜਾਂ ਦੀ ਅਜੇਹੀ ਜਾਤ ਹੁੰਦੀ ਹੈ ਜੋ ਬਹੁਤ ਅਣਮੁੱਲੇ ਅਤੇ ਦੁਰਲੱਭ ਹੈ। ਲੋੜ ਹੈ ਕਿ ਅਸੀਂ ਕਦੇ ਕਦਾਈਂ ਇਸ ਯਾਤਰਾ ਨੂੰ ਆਰੰਭ ਕਰਨ ਦਾ ਵਿਚਾਰ ਮਨ ਵਿਚ ਪੈਦਾ ਕਰੀਏ ਤਾਂ ਕਿ ਅਸੀਂ ਵੀ ਆਪਣੇ ਅੰਤਰੀਵੀ ਚਾਨਣ ਨੂੰ ਅੰਦਰ ਤੋਂ ਬਾਹਰ ਦੇ ਸਫ਼ਰ ਨੂੰ ਤੋਰੀਏ ਜਿਸ ਨਾਲ ਸਾਡੇ ਆਲੇ ਦੁਆਲੇ ਦੀ ਫਿਜ਼ਾ ਵਿਚ ਚਾਨਣਾ ਦਾ ਜ਼ਲੌਅ ਹੋਵੇ। ਇਸ ਜ਼ਲੌਅ ਵਿਚ ਹਰ ਵਸਤ ਜਗਮਗ ਕਰਦੀ ਚਾਨਣੀ ਦੀ ਰੰਗਤ ਨੂੰ ਕੁਦਰਤੀ ਪਸਾਰੇ ਦੇ ਵਿਸਥਾਰ ਦਾ ਰੂਪ ਦਿੰਦੀ ਰਹੇ।