ਸ੍ਰੀਲੰਕਾ ਵਾਲਾ ਹਾਲ ਪਾਕਿਸਤਾਨ ਦਾ ਹੋਇਆ ਤਾਂ ਹੈਰਾਨੀ ਨਹੀਂ ਹੋਵੇਗੀ

ਜਤਿੰਦਰ ਪਨੂੰ
ਪਿਛਲੇ ਅੱਧੀ ਕੁ ਦਰਜਨ ਸਾਲਾਂ ਤੋਂ ਅਸੀਂ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਬਾਰੇ ਸੁਣਦੇ ਆਏ ਸਾਂ ਕਿ ਆਪਣੀ ਆਰਥਿਕਤਾ ਡੁੱਬਦੀ ਨੂੰ ਰੋਕ ਨਾ ਸਕਿਆ ਤਾਂ ਇਹ ਆਪਣੇ ਆਗੂਆਂ ਦੇ ਪਾਪੀ ਕਿਰਦਾਰ ਦੇ ਭਾਰ ਹੇਠ ਡੁੱਬਣ ਤੋਂ ਬਚ ਨਹੀਂ ਸਕੇਗਾ। ਇੱਕ ਵਾਰੀ ਇਸ ਵਿਸ਼ੇ ਉੱਤੇ ਇੱਕ ਆਰਥਿਕ ਮਾਹਿਰ ਨਾਲ ਸਾਡੀ ਗੱਲ ਹੋਈ ਤਾਂ ਉਸ ਨੇ ਭਰਵੇਂ ਭਰੋਸੇ ਨਾਲ ਕਿਹਾ ਸੀ ਕਿ ਏਡੀ ਛੇਤੀ ਇਹ ਨਹੀਂ ਡੁੱਬੇਗਾ, ਜਿੰਨਾ ਸਮਝਿਆ ਜਾ ਰਿਹਾ ਹੈ।

ਅਸੀਂ ਪੁੱਛਿਆ ਸੀ ਕਿ ਏਨੇ ਭਰੋਸੇ ਨਾਲ ਉਹ ਇਹ ਗੱਲ ਕਿਸ ਆਧਾਰ ਉੱਤੇ ਕਹਿੰਦੇ ਹਨ ਤੇ ਉਨ੍ਹਾਂ ਨੇ ਮੋੜਵਾਂ ਸਾਨੂੰ ਪੁੱਛਿਆ ਸੀ ਕਿ ਪਿਛਲੇ ਦਹਾਕੇ ਵਿਚ ਜਿਹੜੀ ਮੰਦੀ ਸੰਸਾਰ ਵਿਚ ਆਈ ਸੀ, ਭਾਰਤ ਉੱਤੇ ਉਸ ਦਾ ਓਨਾ ਅਸਰ ਕਿਉਂ ਨਾ ਹੋਇਆ ਤੇ ਜਿੰਨੇ ਬੈਂਕ ਅਮਰੀਕਾ ਵਿਚ ਬੰਦ ਹੋ ਗਏ ਸਨ, ਭਾਰਤ ਵਿਚ ਓਨੇ ਬੰਦ ਕਿਉਂ ਨਹੀਂ ਸਨ ਹੋਏ? ਸਾਡੇ ਕੋਲ ਸਵਾਲ ਦਾ ਜਵਾਬ ਨਹੀਂ ਸੀ। ਉਸ ਨੇ ਖੁਦ ਦੱਸਿਆ ਸੀ ਕਿ ਇਸ ਦਾ ਕਾਰਨ ਭਾਰਤ ਦੀ ਦਿੱਸਦੀ ਤੋਂ ਵੱਧ ਅੰਡਰ-ਗਰਾਊਂਡ ਆਰਥਿਕਤਾ ਹੈ। ਅਮਰੀਕਾ ਦੀ ਆਰਥਿਕਤਾ ਵਿਚ ਕਿਸੇ ਡੁੱਬਦੇ ਗ੍ਰਾਹਕ ਤੋਂ ਬੈਂਕ ਨੇ ਵਸੂਲੀ ਕਰਨੀ ਹੋਵੇ ਤਾਂ ਮਾਰਕੀਟ ਰੇਟ ਦੇ ਮੁਤਾਬਕ ਕਰਜ਼ਾ ਦਿੱਤਾ ਹੋਣ ਕਾਰਨ ਓਨਾ ਕੁ ਵੀ ਮਸਾਂ ਉਗਰਾਹਿਆ ਜਾਂਦਾ ਹੈ, ਮਾਰਕੀਟ ਡਿੱਗਣ ਕਾਰਨ ਕਸਟਮਰ ਦੀ ਜਾਇਦਾਦ ਦਾ ਮੁੱਲ ਵੀ ਦੇਣਦਾਰੀ ਤੋਂ ਘੱਟ ਬਣਦਾ ਹੈ ਤਾਂ ਬੈਂਕ ਦੇ ਪੈਸੇ ਪੂਰੇ ਨਹੀਂ ਹੁੰਦੇ, ਪਰ ਭਾਰਤ ਵਿਚ ਕਾਗਜ਼ੀ ਰੇਟ ਵੇਖ ਕੇ ਕਰਜ਼ਾ ਦਿੱਤਾ ਜਾਂਦਾ ਹੈ ਤੇ ਮਾਰਕੀਟ ਰੇਟ ਵੱਧ ਹੋਣ ਕਰ ਕੇ ਘਾਟਾ ਕਦੇ ਨਹੀਂ ਪੈਂਦਾ। ਬੈਂਕ ਉਹ ਜਾਇਦਾਦ ਜ਼ਬਤ ਕਰ ਕੇ ਵੇਚ ਦੇਵੇ ਤਾਂ ਵੱਧ ਮਾਰਕੀਟ ਰੇਟ ਕਾਰਨ ਉਸ ਦੇ ਪੈਸੇ ਪੂਰੇ ਹੋਣ ਪਿੱਛੋਂ ਸਗੋਂ ਹੋਰ ਮੁਨਾਫਾ ਹੁੰਦਾ ਹੈ, ਜਿਹੜਾ ਅਮਰੀਕਾ ਦੇ ਬੈਂਕਾਂ ਨੂੰ ਨਹੀਂ ਹੋ ਸਕਦਾ। ਪਿਛਲੇ ਹਫਤੇ ਉਹੋ ਮਾਹਿਰ ਖੁਦ ਮਿਲਣ ਆਇਆ ਤੇ ਕਹਿਣ ਲੱਗਾ ਕਿ ਉਹ ਦਿਨ ਪਿੱਛੇ ਰਹਿ ਗਏ, ਸ੍ਰੀਲੰਕਾ ਨੇ ਦੁਨੀਆ ਨੂੰ ਵਿਖਾ ਦਿੱਤਾ ਹੈ ਕਿ ਪਾਕਿਸਤਾਨ ਵੀ ਆਪਣੇ ਪੈਰਾਂ ਤੋਂ ਉੱਖੜ ਸਕਦਾ ਹੈ ਤੇ ਭਵਿੱਖ ਵਿਚ ਏਦਾਂ ਦਾ ਝਟਕਾ ਕਿਸੇ ਵੀ ਉਸ ਦੇਸ਼ ਨੂੰ ਲੱਗ ਸਕਦਾ ਹੈ, ਜਿੱਥੇ ਲੀਡਰਸਿ਼ਪ ਸਿਰੇ ਦੀ ਕੁਰੱਪਟ ਹੁੰਦੀ ਹੈ।
ਜਦੋਂ ਪਿਛਲੇ ਸਾਲਾਂ ਵਿਚ ਪਾਕਿਸਤਾਨ ਦੀਆਂ ਗੱਲਾਂ ਚੱਲਿਆ ਕਰਦੀਆਂ ਸਨ ਕਿ ਉਹ ਵੀ ਅਫਗਾਨਿਸਤਾਨ ਵਾਲੇ ਰਾਹ ਪੈ ਸਕਦਾ ਹੈ, ਤਾਮਿਲਾਂ ਨਾਲ ਗ੍ਰਹਿ ਯੁੱਧ ਵਾਲੀ ਸਥਿਤੀ ਤੋਂ ਨਿਕਲ ਚੁੱਕੇ ਸ੍ਰੀਲੰਕਾ ਬਾਰੇ ਓਦੋਂ ਕਦੀ ਏਦਾਂ ਦੀ ਗੱਲ ਨਹੀਂ ਸੀ ਸੁਣੀ ਗਈ। ਭਾਵੇਂ ਇਹ ਕਿਹਾ ਜਾਂਦਾ ਸੀ ਕਿ ਆਰਥਿਕ ਪੱਖੋਂ ਸ੍ਰੀਲੰਕਾ ਦੀ ਹਾਲਤ ਖਰਾਬ ਹੋ ਰਹੀ ਹੈ, ਪਰ ਭੁੱਖ ਦੇ ਮਾਰੇ ਲੋਕ ਇੱਕ ਦਿਨ ਪ੍ਰਧਾਨ ਮੰਤਰੀ ਦਾ ਘਰ ਸਾੜਨ ਅਤੇ ਰਾਸ਼ਟਰਪਤੀ ਭਵਨ ਦੇ ਅੰਦਰ ਵੜ ਕੇ ਉਸ ਨੂੰ ਪਿਛਲੇ ਦਰਵਾਜਿ਼ਉਂ ਭੱਜਣ ਲਈ ਮਜਬੂਰ ਕਰ ਦੇਣਗੇ, ਇਹ ਕਿਸੇ ਨੇ ਨਹੀਂ ਸੀ ਕਿਹਾ। ਇਸ ਅਣਕਿਆਸੀ ਭਾਜੜ ਦਾ ਗਵਾਹ ਪਿਛਲਾ ਹਫਤਾ ਬਣਿਆ ਹੈ, ਜਿਸ ਵਿਚ ਆਮ ਲੋਕ ਬਾਜ਼ਾਰਾਂ ਵਿਚ ਫਿਰਦੇ ਅਤੇ ਲੀਡਰ ਲੁਕਣ ਦੇ ਅੱਡੇ ਭਾਲਦੇ ਨਜ਼ਰ ਆਏ ਸਨ। ਗੱਦੀ ਛੱਡ ਕੇ ਭੱਜਣ ਵਾਲਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੋਵੇਂ ਇੱਕੋ ਮਾਂ ਦੇ ਜਾਏ ਪੁੱਤਰ ਸਕੇ ਭਰਾ ਸਨ ਅਤੇ ਦੋਵਾਂ ਨੂੰ ਲੋਕ ਆਪਣੇ ਦੇਸ਼ ਦੀ ਆਰਥਿਕਤਾ ਨੂੰ ਲੱਗੀ ਸਿਉਂਕ ਸਮਝ ਕੇ ਇੱਕਦਮ ਘੇਰਨ ਨਿਕਲ ਪਏ ਸਨ। ਇਹ ਉਹੋ ਦੋਵੇਂ ਭਰਾ ਸਨ, ਜਿਨ੍ਹਾਂ ਨੂੰ ਪਿਛਲੇ ਪੰਦਰਾਂ-ਵੀਹ ਸਾਲਾਂ ਵਿਚ ਸੱਤਾ ਦੇ ਸਿਖਰ ਵੱਲ ਵਧਣ ਵੇਲੇ ਲੋਕਾਂ ਦੀ ਵੱਡੀ ਬੇਮਿਸਾਲ ਹਮਾਇਤ ਮਿਲਦੀ ਰਹੀ ਸੀ ਅਤੇ ਉਹ ਭੁੱਲ ਗਏ ਸਨ ਕਿ ਜਿਹੜੇ ਲੋਕ ਉਨ੍ਹਾਂ ਦੇ ਪਿੱਛੇ ਆ ਰਹੇ ਹਨ, ਕਿਸੇ ਦਿਨ ਇਹੋ ਲੋਕ ਉਨ੍ਹਾਂ ਦਾ ਪਿੱਛਾ ਕਰਨ ਵੀ ਤੁਰ ਸਕਦੇ ਹਨ। ਇੱਕੋ ਪਰਿਵਾਰ ਵਿਚੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਗਿਆਰਾਂ ਜਣੇ ਹੋਰ ਵੱਡੀਆਂ ਕੁਰਸੀਆਂ ਉੱਤੇ ਬੈਠ ਕੇ ਹਕੂਮਤ ਕਰਨ ਲੱਗੇ ਤਾਂ ਕੋਈ ਉਨ੍ਹਾਂ ਵੱਲ ਸਿਰ ਚੁੱਕ ਕੇ ਵੇਖਣ ਵਾਲਾ ਨਾ ਹੋਣ ਕਾਰਨ ਸਿਰੇ ਦਾ ਭ੍ਰਿਸ਼ਟਾਚਾਰ ਕਰਦਿਆਂ ਮੁਲਕ ਦੀ ਆਰਥਿਕਤਾ ਤੇ ਸੰਵਿਧਾਨ ਦੇ ਜੜ੍ਹੀਂ ਤੇਲ ਦੇਣ ਲੱਗ ਗਏ ਸਨ। ਅੱਜ ਉਹ ਆਪਣੀ ਜਾਨ ਦੀ ਸਲਾਮਤੀ ਦੇ ਹੀਲੇ ਕਰਦੇ ਫਿਰਦੇ ਹਨ।
ਪਾਕਿਸਤਾਨ ਵਿਚ ਕੀ ਹੋਇਆ ਸੀ ਤੇ ਕੀ ਹੋ ਰਿਹਾ ਹੈ? ਖਾਨਦਾਨੀ ਰਾਜਨੀਤੀ ਦੀ ਪ੍ਰਤੀਕ ਬੀਬੀ ਬੇਨਜ਼ੀਰ ਭੁੱਟੋ ਜਦੋਂ ਪ੍ਰਧਾਨ ਮੰਤਰੀ ਬਣੀ ਤਾਂ ਬਿਨਾ ਕਿਸੇ ਸਰਕਾਰੀ ਅਹੁਦੇ ਤੋਂ ਉਸ ਦਾ ਪਤੀ ਆਸਿਫ ਅਲੀ ਜ਼ਰਦਾਰੀ ਹਰ ਫਾਈਲ ਨੂੰ ਖੁਦ ਵੇਖਣ ਲੱਗਾ ਅਤੇ ਕਮਿਸ਼ਨ ਖਰਾ ਕਰਨ ਲੱਗ ਪਿਆ ਸੀ। ਉਸ ਦੀ ਹਿੱਸਾ-ਪੱਤੀ ਦੇ ਰੇਟ ਮੁਤਾਬਕ ਉਸ ਦਾ ਨਾਂਅ ਲੋਕਾਂ ਨੇ ‘ਮਿਸਟਰ ਟੈੱਨ ਪਰਸੈਂਟ’ ਰੱਖ ਦਿੱਤਾ ਸੀ ਤੇ ਵਿਰੋਧੀ ਧਿਰ ਦੇ ਆਗੂ ਨਵਾਜ਼ ਸ਼ਰੀਫ ਹੁਰੀਂ ਉਸ ਨੂੰ ਭੰਡਦੇ ਹੁੰਦੇ ਸਨ, ਪਰ ਖੁਦ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣਿਆ ਤਾਂ ਇਹ ਖੇਡ ਰੁਕਣ ਦੀ ਥਾਂ ਹੋਰ ਅੱਗੇ ਵਧ ਗਈ। ਆਪਣੇ ਭਰਾ ਨੂੰ ਉਸ ਨੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਤੇ ਆਪਣੀ ਧੀ ਦੇ ਕਹਿਣ ਉੱਤੇ ਕਈ ਇਹੋ ਜਿਹੇ ਲੋਕ ਅੱਗੇ ਲਿਆਂਦੇ ਸਨ, ਜਿਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਵੱਡੇ ਕਿੱਸਿਆਂ ਨੇ ਖੁਦ ਨਵਾਜ਼ ਸ਼ਰੀਫ, ਉਸ ਦੇ ਮੁੱਖ ਮੰਤਰੀ ਬਣੇ ਭਰਾ ਸ਼ਾਹਬਾਜ਼ ਸ਼ਰੀਫ, ਧੀ ਤੇ ਜਵਾਈ ਤੱਕ ਨੂੰ ਜੇਲ੍ਹ ਦੀ ਸੈਰ ਕਰਵਾ ਦਿੱਤੀ ਸੀ। ਉਨ੍ਹਾਂ ਦੀ ਥਾਂ ਆਏ ਇਮਰਾਨ ਖਾਨ ਨੇ ਵੀ ਪਿਛਲਿਆਂ ਦੇ ਹਸ਼ਰ ਤੋਂ ਸਬਕ ਨਹੀਂ ਸੀ ਸਿੱਖਿਆ ਅਤੇ ਆਪਣੇ ਪਰਿਵਾਰ, ਖਾਸ ਕਰ ਕੇ ਆਪਣੀ ਮੌਜੂਦਾ ਚੌਥੀ ਬੀਵੀ ਬੁਸ਼ਰਾ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਕਾਰਨ ਗੱਦੀ ਛੱਡਣ ਨੂੰ ਮਜਬੂਰ ਹੋ ਗਿਆ। ਜਿਵੇਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸ੍ਰੀਲੰਕਾ ਵਿਚ ਭੰਡਾਰ ਨਾਇਕੇ ਪਰਿਵਾਰ ਖੂੰਜੇ ਧੱਕਿਆ ਗਿਆ ਤੇ ਉਸ ਦੀ ਥਾਂ ਆਏ ਰਾਜਪਕਸ਼ੇ ਪਰਿਵਾਰ ਦੇ ਦੋ ਭਰਾਵਾਂ ਨੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਬਣ ਕੇ ਮੁਲਕ ਡੋਬਿਆ ਸੀ, ਓਸੇ ਤਰ੍ਹਾਂ ਇਮਰਾਨ ਖਾਨ ਨੂੰ ਹਟਾ ਦੇਣ ਪਿੱਛੋਂ ਫਿਰ ਭ੍ਰਿਸ਼ਟਾਚਾਰ ਦਾ ਦਾਗੀ ਸ਼ਰੀਫ ਪਰਿਵਾਰ ਦੇਸ਼ ਦੀ ਵਾਗ ਸੰਭਾਲ ਬੈਠਾ ਹੈ। ਪਰਿਵਾਰ ਦਾ ਮੁਖੀ ਖੁਦ ਅਦਾਲਤੀ ਫੈਸਲੇ ਨਾਲ ਹੋਈ ਭ੍ਰਿਸ਼ਟਾਚਾਰ ਦੀ ਸਜ਼ਾ ਭੁਗਤਣ ਲਈ ਜੇਲ੍ਹ ਵਿਚ ਭੇਜੇ ਜਾਣ ਤੋਂ ਬਚਣ ਲਈ ਬ੍ਰਿਟੇਨ ਤੋਂ ਆਪਣੇ ਦੇਸ਼ ਮੁੜਨ ਨੂੰ ਤਿਆਰ ਨਹੀਂ ਹੋ ਰਿਹਾ, ਪ੍ਰਧਾਨ ਮੰਤਰੀ ਬਣਿਆ ਦੂਸਰਾ ਭਰਾ ਸ਼ਾਹਬਾਜ਼ ਸ਼ਰੀਫ ਤੇ ਉਸ ਦਾ ਪੁੱਤਰ ਮਨੀ ਲਾਂਡਰਿੰਗ ਸਣੇ ਭ੍ਰਿਸ਼ਟਾਚਾਰ ਦੇ ਕਈ ਕੇਸਾਂ ਵਾਸਤੇ ਅਦਾਲਤੀ ਪੇਸ਼ੀਆਂ ਭੁਗਤਦੇ ਫਿਰਦੇ ਹਨ। ਬੀਤੇ ਹਫਤੇ ਫਿਰ ਹੋਈ ਇੱਕ ਪੇਸ਼ੀ ਮੌਕੇ ਅਦਾਲਤ ਨੂੰ ਦੱਸਿਆ ਗਿਆ ਕਿ ਦੇਸ਼ ਦੇ ਮੌਜੂਦਾ ਮੁਖੀ ਸ਼ਾਹਬਾਜ਼ ਸ਼ਰੀਫ ਦਾ ਪੁੱਤਰ ਆਪਣਾ ਦੇਸ਼ ਛੱਡ ਕੇ ਦੌੜ ਗਿਆ ਹੈ ਤਾਂ ਅਦਾਲਤ ਨੇ ਪ੍ਰਧਾਨ ਮੰਤਰੀ ਦੇ ਪੁੱਤਰ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਜਦੋਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਖੁਦ ਪੇਸ਼ੀ ਤੋਂ ਛੋਟ ਮੰਗੀ ਹੈ ਤਾਂ ਅਦਾਲਤ ਨੇ ਕਿਹਾ ਕਿ ਇਸ ਵਾਰ ਇਹ ਛੋਟ ਦਿੱਤੀ ਜਾ ਸਕਦੀ ਹੈ, ਅਗਲੀ ਵਾਰੀ ਆਉਣਾ ਪਵੇਗਾ, ਨਾ ਆਇਆ ਤਾਂ ਉਸ ਦੇ ਖਿ਼ਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਜਿਸ ਦੇਸ਼ ਦੇ ਸਿਆਸੀ ਮੁਖੀ ਨੂੰ ਅਦਾਲਤ ਵਿਚ ਜਾਣ ਤੋਂ ਡਰ ਲੱਗਦਾ ਪਿਆ ਹੈ, ਉਹ ਦੇਸ਼ ਭਲਾ ਕਿੰਨਾ ਕੁ ਚਿਰ ਚਲਾ ਸਕੇਗਾ!
ਸਭ ਨੂੰ ਪਤਾ ਹੈ ਕਿ ਕਰਜ਼ਾ ਵਧਦਾ ਜਾਣ ਕਰ ਕੇ ਕੁਝ ਮਹੀਨੇ ਪਹਿਲਾਂ ਜਦੋਂ ਸ੍ਰੀਲੰਕਾ ਕੋਲ ਸੰਸਾਰ ਬਾਜ਼ਾਰ ਤੋਂ ਤੇਲ ਖਰੀਦਣ ਲਈ ਪੈਸੇ ਮੁੱਕ ਗਏ ਤਾਂ ਭਾਰਤ ਨੇ ਕੁਝ ਤੇਲ ਅਤੇ ਕੁਝ ਖਾਣ ਜੋਗਾ ਅਨਾਜ ਭੇਜਣ ਦੇ ਨਾਲ ਕੁਝ ਨਕਦੀ ਵੱਲੋਂ ਵੀ ਮਦਦ ਕੀਤੀ ਸੀ, ਪਰ ਬਾਹਰੀ ਮਦਦ ਕਿਸੇ ਦੇਸ਼ ਨੂੰ ਬਹੁਤਾ ਚਿਰ ਖੜਾ ਨਹੀਂ ਰੱਖ ਸਕਦੀ। ਪਾਕਿਸਤਾਨ ਦੇ ਹਾਕਮਾਂ ਨੇ ਪਿਛਲੇ ਪੰਝੱਤਰ ਸਾਲਾਂ ਵਿਚ ਇਹੋ ਕੁਝ ਕੀਤਾ ਹੈ ਕਿ ਆਪਣੀ ਆਰਥਿਕਤਾ ਪੈਰਾਂ ਸਿਰ ਕਰਨ ਦੀ ਥਾਂ ਸੰਸਾਰ ਭਰ ਦੇ ਦਾਨ-ਦਾਤਿਆਂ ਕੋਲੋਂ ਮੰਗ ਕੇ ਬੁੱਤਾ ਸਾਰਨ ਦੇ ਨਾਂਅ ਉੱਤੇ ਆਪਣੀਆਂ ਤਿਜੌਰੀਆਂ ਭਰਦੇ ਰਹੇ ਸਨ ਤੇ ਅੰਤ ਉਹ ਆਪਣੇ ਦੇਸ਼ ਨੂੰ ਉਸ ਹਾਲਤ ਵਿਚ ਲੈ ਗਏ ਹਨ ਕਿ ਕੋਈ ਕਾਣੀ ਕੌਡੀ ਦੇਣ ਨੂੰ ਤਿਆਰ ਨਹੀਂ। ਪਾਕਿਸਤਾਨੀ ਹਾਕਮਾਂ ਨੂੰ ਇਹ ਗਰੂਰ ਤਾਂ ਸੀ ਕਿ ਉਹ ਐਟਮ ਬੰਬ ਬਣਾ ਕੇ ਭਾਰਤ ਦੇ ਬਰਾਬਰ ਦੀ ਐਟਮੀ ਤਾਕਤ ਹੋਣ ਦਾ ਦਾਅਵਾ ਕਰਨ ਜੋਗੇ ਹੋ ਸਕਦੇ ਹਨ, ਪਰ ਆਪਣੇ ਦੇਸ਼ ਦੇ ਥਰਮਲ ਪਲਾਂਟ ਚਲਾਉਣ ਲਈ ਕੋਲਾ ਉਨ੍ਹਾਂ ਨੂੰ ਗਰੀਬੀ ਦੇ ਭੰਨੇ ਹੋਏ ਗੁਆਂਢੀ ਦੇਸ਼ ਅਫਗਾਨਿਸਤਾਨ ਤੋਂ ਉਧਾਰ ਲੈਣਾ ਪਿਆ ਹੈ, ਕਿਉਂਕਿ ਬਾਕੀ ਦੇਸ਼ਾਂ ਦੇ ਪਿਛਲੇ ਪੈਸੇ ਨਹੀਂ ਦਿੱਤੇ ਗਏ। ਸ੍ਰੀਲੰਕਾ ਵਿਚ ਜਦੋਂ ਆਮ ਲੋਕਾਂ ਨੂੰ ਚੁੱਲ੍ਹਾ ਬਾਲਣ ਲਈ ਗੈਸ ਤੇ ਸਕੂਟਰ-ਕਾਰ ਚਲਾਉਣ ਲਈ ਤੇਲ ਨਾ ਮਿਲਿਆ, ਦੁਨੀਆ ਭਰ ਵਿਚੋਂ ਆਉਣ ਵਾਲੀਆਂ ਚੀਜ਼ਾਂ ਲਈ ਸਰਕਾਰ ਵਿਦੇਸ਼ ਕਰੰਸੀ ਤੋਂ ਖਾਲੀ ਹੋ ਗਈ ਤਾਂ ਲੋਕਾਂ ਨੇ ਹਾਕਮਾਂ ਦੇ ਮਹਿਲ ਘੇਰਨ ਵੱਲ ਮੂੰਹ ਕਰ ਲਿਆ ਸੀ। ਨਤੀਜਾ ਸਭ ਦੇ ਸਾਹਮਣੇ ਹੈ ਤੇ ਸੰਸਾਰ ਭਰ ਵਿਚ ਚਰਚੇ ਹੋ ਰਹੇ ਹਨ ਕਿ ਜਿਹੜੀ ਹਾਲਤ ਪਿਛਲੇ ਹਫਤੇ ਸ੍ਰੀਲੰਕਾ ਵਿਚ ਵੇਖਣ ਨੂੰ ਮਿਲੀ ਹੈ, ਉਹ ਕਿਸੇ ਵਕਤ ਪਾਕਿਸਤਾਨ ਵਿਚ ਨਜ਼ਰ ਆ ਸਕਦੀ ਹੈ। ਉਸ ਦੇ ਹਾਕਮ ਅਜੇ ਵੀ ਆਪਣੇ ਦੇਸ਼ ਦੇ ਲੋਕਾਂ ਬਾਰੇ ਸੋਚਣ ਦੀ ਥਾਂ ਕੋੜਮੇ ਦੀਆਂ ਕੋਠੀਆਂ ਭਰਨ ਦੇ ਕੰਮ ਲੱਗੇ ਹੋਏ ਹਨ।