ਪੰਜਾਬ ਦੀ ਨੌਜਵਾਨੀ ਤੇ ਨਵੇਂ ਨਸ਼ੇ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਸਾਹਿਤ ਦੇ ਆਦਰਯੋਗ ਚਿੰਤਕ ਤੇ ਆਲੋਚਕ ਪ੍ਰੋ. ਪ੍ਰੀਤਮ ਸਿੰਘ ਪਟਿਆਲਾ ਦੀ ਧੀ ਡਾ. ਹਰਸ਼ਿੰਦਰ ਕੌਰ ਬੱਚਿਆਂ ਦੇ ਰੋਗਾਂ ਦੀ ਮਾਾਹਰ ਹੈ। ਉਸ ਨੇ ਪੰਜਾਬ ਦੀ ਜਵਾਨੀ ਨੂੰ ਖੋਰਾ ਲਾ ਰਹੇ ਨਸ਼ਿਆਂ ਬਾਰੇ ਮੀਡੀਆ ਵਿਚ ਰੌਂਗਟੇ ਖੜ੍ਹੇ ਕਰਨ ਵਾਲੀ ਜਾਣਕਾਰੀ ਦਿੱਤੀ ਹੈ, ਜਿਸ ਤੋਂ ਬੱਚਿਆਂ ਦੇ ਮਾਪੇ ਤੇ ਅਧਿਆਪਕ ਸੁਚੇਤ ਹੋ ਕੇ ਅਪਣੇ ਬੱਚਿਆਂ ਨੂੰ ਠੀਕ ਮਾਰਗ ਦਿਖਾ ਸਕਦੇ ਹਨ। ਉਸ ਦੀ ਜਾਣਕਾਰੀ ਦਾ ਆਧਾਰ ਕੇਵਲ ਪੀ ਜੀ ਆਈ ਚੰਡੀਗੜ੍ਹ ਦੀ ਰਿਪੋਰਟ ਹੀ ਨਹੀਂ ਜੌਹਨ ਹੌਪਕਿਨਸ ਮੈਡੀਕਲ ਸਕੂਲ ਸਮੇਤ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਖੋਜ ਵਿਧੀਆਂ ਤੇ ਰਿਪੋਰਟਾਂ ਵੀ ਹਨ।

ਭੰਗ, ਹਸ਼ੀਸ, ਅਫੀਮ, ਕੋਕੀਨ, ਚਿੱਟਾ ਆਦਿ ਹਾਨੀਕਾਰਕ ਨਸ਼ਿਆਂ ਤੋਂ ਲਗਪਗ ਸਾਰੇ ਪੰਜਾਬੀ ਜਾਣੂ ਹਨ। ਪੰਜਾਬ ਨੂੰ ਲਿਆਂਦੀ ਜਾ ਰਹੀ 376.5 ਕਰੋੜ ਦੀ ਹੈਰੋਇਨ ਦਾ ਗੁਜਰਾਤ ਦੀ ਮੁਦਰਾ ਬੰਦਰਗਾਹ ਉੱਤੇ ਅਣਸੀਤੇ ਕੱਪੜਿਆਂ ਦੇ ਕੰਟੇਨਰ ਵਿਚ ਫੜੇ ਜਾਣਾ ਤਾਂ ਅਜੇ ਕੱਲ੍ਹ ਦੀ ਗੱਲ ਹੈ। ਨਵੇਂ ਨਸ਼ਿਆਂ ਵਿਚ ਬਰੈੱਡ ਉੱਤੇ ਆਇਓਡੈਕਸ ਲਾ ਕੇ ਖਾਣਾ, ਪੈਟਰੋਲ ਸੰੁਘਣਾ, ਕਿਰਲੀ ਮਾਰ ਕੇ ਖਾਣੀ, ਖੰਘ ਵਾਲੀ ਦਵਾਈ ਦੀਆਂ ਸ਼ੀਸ਼ੀਆਂ ਪੀਣਾ ਤੇ ਇਕ ਹਫਤਾ ਵਰਤੀਆਂ ਬਦਬੂਦਾਰ ਜੁਰਾਬਾਂ ਰਾਤ ਭਰ ਪਾਣੀ ਵਿਚ ਭਿਉਂ ਕੇ ਉਹ ਪਾਣੀ ਪੀਣਾ ਆਦਿ ਵੀ ਬਹੁਤ ਪ੍ਰਚੱਲਤ ਹੋ ਚੱੱਕੇ ਹਨ। ਹੈਂਡ ਸੈਨੇਟਾਈਜ਼ਰ, ਦਾਲ ਚੀਨੀ, ਕੈਫੀਨ, ਨਹਾਉਣ ਵਾਲਾ ਸਾਬਣ, ਵੋਦਕਾ ਟੈਂਪੂਨ, ਸੁਗੰਧੀਆਂ ਵਾਲੇ ਫੁੱਲ, ਕੀ-ਬੋਰਡ ਕਲੀਨਰ, ਦੰਦਾਂ ਦੇ ਇਲਾਜ ਲਈ ਦੰਦ ਸੰੁਨ ਕਰਨ ਵਾਲੀ ਸਪਰੇਅ ਸਮੇਤ ਏਅਰ ਕੰਡੀਸ਼ਨਰਾਂ ਵਿਚ ਭਰੀ ਜਾਂਦੀ ਫਰੀਓਨ ਗੈਸ ਨੂੰ ਪੇਚਕੱਸ ਨਾਲ ਖੋਲ੍ਹ ਕੇ ਇਸ ਦੀ ਗੈਸ ਸੰੁਘਣਾ ਵੀ ਨਸ਼ਾ ਹੈ, ਜਿਹੜਾ ਆਮ ਹੋ ਰਿਹਾ ਹੈ। ਹਪਕਿਨ ਸਂੈਟਰ ਅਨੁਸਾਰ ਏ.ਸੀ. ਦੀ ਗੈਸ ਸੰੁਘਣ ਨਾਲ ਬੱਚਿਆਂ ਦੀ ਜ਼ੁਬਾਨ ਥਥਲਾਉਣ ਲੱਗਦੀ ਹੈ ਅਤੇ ਚਮੜੀ, ਨੱਕ ਤੇ ਮੰੂਹ ਅੰਦਰਲੀ ਪਰਤ ਸੜ ਸਕਦੀ ਹੈ। ਲੋੜ ਤੋਂ ਵੱਧ ਵਰਤੋਂ ਦਿਮਾਗ਼ ਨੂੰ ਪੂਰੀ ਤਰ੍ਹਾਂ ਨਕਾਰਾ ਕਰ ਦਿੰਦੀ ਹੈ।
ਏਥੇ ਸਾਰੇ ਨਸ਼ਿਆਂ ਬਾਰੇ ਜਾਣਕਾਰੀ ਦੇਣਾ ਤਾਂ ਸੰਭਵ ਨਹੀਂ ਪਰ ਡਿਜੀਟਲ ਆਨਲਾਈਨ ਡਰੱਗਜ਼ ਬਾਰੇ ਦੱਸਣਾ ਚਾਹਾਂਗਾ। ਆਡੀਓ ਫਾਈਲਜ਼ ਖਰੀਦ ਕੇ ਅਤੇ ਸੁਣ ਕੇ ਵੀ ਨੌਜਵਾਨਾਂ ਨੂੰ ਨਸ਼ੇ ਦਾ ਅਹਿਸਾਸ ਹੰੁਦਾ ਹੈ। ਕਈ ਤਰ੍ਹਾਂ ਦੀਆਂ ਧੁਨੀਆਂ ਤਹਿਤ ਦਿਮਾਗ਼ ਵੱਲ ਅਜਿਹੀਆਂ ਤਰੰਗਾਂ ਪਹੰੁਚਦੀਆਂ ਹਨ ਕਿ ਨਾਰਕੋਟਿਕ ਨਸ਼ੇ ਵਾਂਗ ਅਸਰ ਕਰਦੀਆਂ ਹਨ। ਇਸ ਦੀ ਲੋੜ ਤੋਂ ਵੱਧ ਵਰਤੋਂ ਨਾਲ ਦਿਮਾਗ਼ ਉੱਤੇ ਮਾੜਾ ਅਸਰ ਪੈਂਦਾ ਹੈ। ਇਸ ਨੂੰ ਇੰਟਰਨੈੱਟ ਓਵਰਡੋਜ਼ਿੰਗ ਕਹਿੰਦੇ ਹਨ। ਮਾਪੇ ਸੋਚਦੇ ਹਨ ਕਿ ਬੱਚਾ ਕੰਪਿਊਟਰ ਉੱਤੇ ਕੰਮ ਕਰ ਰਿਹਾ ਹੈ ਪਰ ਅਸਲ ਵਿਚ ਉਨ੍ਹਾਂ ਦਾ ਬੱਚਾ ਇਨ੍ਹਾਂ ਤਰੰਗਾਂ ਦਾ ਆਦੀ ਹੋ ਕੇ ਦੂਜੀ ਕਿਸਮ ਦੇ ਨਸ਼ਿਆਂ ਵੱਲ ਵਧ ਰਿਹਾ ਹੰੁਦਾ ਹੈ। ਇਨ੍ਹਾਂ ਤਰੰਗਾਂ ਦੇ ਅਸਰ ਨਾਲ ਦਿਮਾਗ ਦੀ ਸੋਚ ਘਟ ਜਾਂਦੀ ਹੈ ਅਤੇ ਗੁੱਸੇ ਉੱਤੇ ਕਾਬੂ ਪਾਉਣਾ ਔਖਾ ਹੋ ਜਾਂਦਾ ਹੈ।
ਏਸੇ ਤਰ੍ਹਾਂ ‘ਬਾਥ ਸਾਲਟਸ’ ਦੇ ਨਾਂ ਹੇਠ ‘ਬਲਿੱਸ’ ਤੇ ‘ਵਨੀਲਾ ਸਕਾਈ’ ਆਦਿ ਨਹਾਉਣ ਵਾਲੇ ਸਾਬਣ ਆਮ ਨੌਜਵਾਨਾਂ, ਖਾਸ ਕਰਕੇ ਸਕੂਲੀ ਬੱਚਿਆਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਮਾਪੇ ਸਮਝਦੇ ਹਨ ਕਿ ਬੱਚਿਆਂ ਨੇ ਆਨਲਾਈਨ ਸ਼ਾਪਿੰਗ ਅਧੀਨ ਸਾਬਣ ਹੀ ਖਰੀਦਿਆ ਹੈ ਪਰ ਕੰਪਿਊਟਰ ਰਾਹੀਂ ਖਰੀਦੀ ਜਾ ਰਹੀ ਇਸ ਖਰੀਦ ਵਿਚੋਂ ਬੱਚੇ ਇਨ੍ਹਾਂ ਦਾ ਪਾਊਡਰ ਤੇ ਲੇਪ ਸੰੁਘ ਕੇ ਅਜਿਹੇ ਅਹਿਸਾਸ ਵਿਚ ਗੰੁਮ ਜਾਂਦੇ ਹਨ ਜਿਹੜਾ ਉਨ੍ਹਾਂ ਨੂੰ ਖਾਸ ਤਰ੍ਹਾਂ ਦਾ ਆਨੰਦ ਦਿੰਦਾ ਹੈ। ਇਹ ਵਾਲੇ ਸਾਬਣ ‘ਐਮਫੈਟਾਮਿਨ’ ਵਰਗੇ ਕੈਮੀਕਲ ਪਾ ਕੇ ਤਿਆਰ ਕੀਤੇ ਹੰੁਦੇ ਹਨ ਜਿਨ੍ਹਾਂ ਨੂੰ ਸੰੁਘ ਕੇ ਬੱਚਿਆਂ ਨੂੰ ਅਜਿਹਾ ਨਸ਼ਾ ਹੰੁਦਾ ਹੈ ਜਿਸ ਦੇ ਉਹ ਸਹਿਜੇ ਸਹਿਜੇ ਆਦੀ ਹੋ ਜਾਂਦੇ ਹਨ।
ਏਸੇ ਤਰ੍ਹਾਂ ਯੂਟਿਊਬ ਵਿਚ ਅੱਜ-ਕੱਲ੍ਹ ‘ਦਾਲਚੀਨੀ ਚੈਲੇਂਜ’ ਵੀ ਕਾਫੀ ਪ੍ਰਚੱਲਤ ਹੈ। ਦੋ ਚਮਚ ਪੀਸੀ ਹੋਈ ਚੀਨੀ ਇਕ ਮਿੰਟ ਵਿਚ ਮੰੂਹ ਅੰਦਰ ਲੰਘਾਉਣ ਦੇ ਯਤਨ ਕੀਤੇ ਜਾਂਦੇ ਹਨ ਤੇ ਇਸਦੇ ਗਲੇ ਵਿਚ ਫਸ ਜਾਣ ਉੱਤੇ ਬੱਚੇ ਨੂੰ ਹਸਪਤਾਲ ਲਿਜਾਣਾ ਪੈ ਜਾਂਦਾ ਹੈ। ਇਹਦੇ ਨਾਲ ਕੇਵਲ ਸਾਹ ਲੈਣ ਵਿਚ ਹੀ ਦਿੱਕਤ ਨਹੀਂ ਆਉਦੀ ਗਲੇ ਵਿਚ ਜ਼ਖ਼ਮ ਵੀ ਹੋ ਜਾਂਦੇ ਹਨ।
ਦਾਲਚੀਨੀ ਤੇ ਨਹਾਉਣ ਵਾਲੇ ਸਾਬਣ ਦੀ ਵਰਤੋਂ ਵੱਲ ਧੱਕੇ ਜਾਣ ਦਾ ਕੰਮ ‘ਡਿਜੀਟਲ ਆਨਲਾਈਨ ਡਰੱਗਜ਼’ ਦੁਆਰਾ ਖਰੀਦੀਆਂ ‘ਆਡੀਓ ਫਾਈਲਜ਼’ ਕਰਦੀਆਂ ਹਨ ਜਿਨ੍ਹਾਂ ਵੱਲ ਅਧਿਆਪਕਾਂ ਤੇ ਮਾਪਿਆਂ, ਖਾਸ ਕਰਕੇ ਮਾਪਿਆਂ, ਨੂੰ ਪੂਰਾ ਧਿਆਨ ਦੇਣ ਦੀ ਲੋੜ ਹੈ। ਥੋੜੀ ਜਿਹੀ ਅਣਗਹਿਲੀ ਦੇ ਬਹੁਤ ਮਾੜੇ ਨਤੀਜੇ ਨਿਕਲ ਸਕਦੇ ਹਨ। ਆਦੀ ਬੱਚੇ ਨੂੰ ਝਿੜਕਣ ਤੇ ਮਾਰਨ ਕੁੱਟਣ ਨਾਲੋਂ ਪਿਆਰ ਨਾਲ ਸਮਝਾਉਣ ਦੀ ਲੋੜ ਹੈ। ਖਾਸ ਕਰਕੇ ਅੱਠਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਸਕੂਲੀ ਬੱਚਿਆਂ ਨੂੰ। ਇਹ ਕੰਮ ਸਮਾਂ ਮੰਗਦਾ ਹੈ ਤੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਹੋਰ ਜ਼ਰੂਰੀ ਕੰਮਾਂ ਵਾਂਗ ਇਸ ਪਾਸੇ ਵੀ ਪੂਰਾ ਧਿਆਨ ਦੇਣ। ਆਉਣ ਵਾਲੇ ਨਵੇਂ ਸਮਾਜ ਲਈ ਰੋਗੀ ਨਸਲ ਵਿਕਸਤ ਕਰਨ ਵਰਗਾ ਗੁਨਾਹ ਹੋਰ ਕੋਈ ਨਹੀਂ।
ਇਹ ਤੱਥ ਵੀ ਚੇਤੇ ਰੱਖਣ ਦੀ ਲੋੜ ਹੈ ਕਿ ਗੋਰੀ ਸਰਕਾਰ ਨੇ ਭਾਰਤ ਦੇ ਅੰਡੇਮਾਨ ਦੇ ਵਾਸੀਆਂ ਅਤੇ ਅਮਰੀਕੀ ਸਰਕਾਰ ਨੇ ਉੱਥੋਂ ਦੇ ਓਕਲੋਹਾਮਾ ਆਦਿ ਦੇ ਵਾਸੀਆਂ ਨੂੰ ਨਸ਼ਿਆਂ ਦੀ ਲਤ ਲਾ ਕੇ ਹੀ ਆਪਣੇ ਅਧੀਨ ਕੀਤਾ ਸੀ। ਮੈਂ ਅੰਡੇਮਾਨ ਤੇ ਓਕਲੋਹਾਮਾ ਜਾ ਕੇ ਖੁਦ ਵੇਖ ਚੁੱਕਿਆ ਹਾਂ ਕਿ ਅੱਜ ਲਗਪਗ ਸਾਰੇ ਖ਼ਤਮ ਹੋ ਗਏ ਹਨ। ਇਸ ਗੱਲ ਤੋਂ ਵੀ ਸਾਰਾ ਸੰਸਾਰ ਜਾਣੂ ਹੈ ਕਿ ਹੁਣ ਤਕ ਹੋਏ ਦੋ ਸੰਸਾਰ ਯੁੱਧਾਂ ਵਿਚ ਉੱਤਰੀ ਭਾਰਤ ਖਾਸ ਕਰਕੇ ਪੰਜਾਬ ਦੇ ਜਵਾਨਾਂ ਨੇ ਜਿਹੋ ਜਿਹੀਆਂ ਕੁਰਬਾਨੀਆਂ ਦਿੱਤੀਆਂ ਸਨ ਉਸਨੂੰ ਨੇਪਾਲ ਦੇ ਗੋਰਖੇ ਵੀ ਮਾਤ ਨਹੀਂ ਪਾ ਸਕੇ। ਪੰਜਾਬੀਆਂ ਨੂੰ ਨਸ਼ੇੜੀ ਬਣਾ ਕੇ ਪੰਜਾਬ ਦੀ ਹੋਂਦ ਨੂੰ ਖ਼ਤਮ ਕਰਨ ਦੀ ਸਾਜਿ਼ਸ਼ ਬਹੁਤ ਵੱਡੀ ਹੈ, ਜਿਸ ਤੋਂ ਪੰਜਾਬ ਦੇ ਮਾਪਿਆਂ ਤੇ ਅਧਿਆਪਕਾਂ ਸਮੇਤ ਏਥੋਂ ਦੀ ਸਰਕਾਰ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ। ਮਸਲਾ ਵੱਡਾ ਹੈ ਤੇ ਵੱਡਾ ਯਤਨ ਮੰਗਦਾ ਹੈ।
ਅੰਤਿਕਾ
ਮਿਰਜ਼ਾ ਗ਼ਾਲਿਬ
ਹਾਂ ਵੁਹ ਨਹੀਂ ਖੁਦਾ ਪ੍ਰਸਤ!
ਜਾਓ, ਵੁਹ ਬੇਵਫਾ ਸਹੀ,
ਜਿਸ ਕੋ ਹੋ ਦੀਨ-ਓ-ਦਿਲ ਅਜ਼ੀਜ਼
ਉਸਕੀ ਗਲੀ ਮੇਂ ਜਾਏਂ ਕਿਉਂ?
ਕੈਦ-ਏ-ਹਯਾਤ ਓ ਬੰਦ-ਏ-ਗ਼ਮ
ਅਸਲ ਮੇਂ ਦੋਨੋਂ ਏਕ ਹੈਂ,
ਮੌਤ ਸੇ ਪਹਿਲੇ ਆਦਮੀ
ਗ਼ਮ ਸੇ ਨਿਜਾਤ ਪਾਏ ਕਿਉਂ?