ਸਾਡੇ ਨਾਇਕ ਅਤੇ ਸਿਆਸਤ

ਸ਼ਹੀਦ ਭਗਤ ਸਿੰਘ ਬਾਰੇ ਇਕ ਵਾਰ ਫਿਰ ਛਿੜਿਆ ਵਿਵਾਦ ਮੰਦਭਾਗਾ ਹੈ। ਇਹ ਵਿਵਾਦ ਉਸ ਵਕਤ ਛਿੜਿਆ ਜਾਂ ਛੇੜਿਆ ਗਿਆ ਹੈ ਜਦੋਂ ਪੰਜਾਬ ਚਾਰ-ਚੁਫੇਰਿਓਂ ਸੰਕਟ ਵਿਚ ਘਿਰਿਆ ਹੋਇਆ ਹੈ ਅਤੇ ਹਾਲ ਦੀ ਘੜੀ ਕੋਈ ਅਜਿਹੀ ਸਿਆਸੀ ਧਿਰ ਨਜ਼ਰ ਨਹੀਂ ਆ ਰਹੀ ਜੋ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਸੰਕਟ ਵਿਚੋਂ ਕੱਢਣ ਦਾ ਰਾਹ ਦਿਖਾ ਰਹੀ ਹੋਵੇ।

ਇਹੀ ਨਹੀਂ, ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਇਕ ਵਾਰ ਫਿਰ ਕਿਸਾਨਾਂ ਉਤੇ ਹਮਲਾ ਕਰਨ ਦੀ ਤਿਆਰੀ ਵਿੱਢ ਰਹੀ ਹੈ। ਅਜਿਹੇ ਹਾਲਾਤ ਵਿਚ ਭਗਤ ਸਿੰਘ ਬਾਰੇ ਵਿਵਾਦ ਛੇੜਨਾ ਕਿਸੇ ਸੌੜੀ ਸਿਆਸਤ ਤੋਂ ਘੱਟ ਨਹੀਂ ਅਤੇ ਵਿਵਾਦ ਪਿੱਛੇ ਬਿਨਾਂ ਸ਼ੱਕ, ਕੁਝ ਧਿਰਾਂ ਦੇ ਮੁਫਾਦ ਜੁੜੇ ਹੋਏ ਹਨ। ਇਹ ਵਿਵਾਦ ਇਸ ਵਿਚਾਰ ਵਿਚੋਂ ਵੀ ਛਿੜਿਆ ਹੈ ਕਿ ਹੁਣ ਪੰਜਾਬ ਵਿਚ ਸਿੱਖ ਲਹਿਰ ਇਕ ਵਾਰ ਫਿਰ ਉਠ ਰਹੀ ਹੈ। ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿਚ ਕਿਸਾਨ ਅੰਦੋਲਨ ਨੂੰ ਦੱਬਣ ਦੇ ਇਰਾਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੰਡਣ ਦੇ ਆਹਰ ਵਿਚ ਹੈ। ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬੀਆਂ ਦੀ ਏਕਤਾ ਅਤੇ ਇਕਜੁਟਤਾ ਦਾ ਜਿਹੜਾ ਜਲੌਅ ਕਿਸਾਨ ਅੰਦੋਲਨ ਦੌਰਾਨ ਦੁਨੀਆ ਭਰ ਦੇ ਲੋਕਾਂ ਨੇ ਦੇਖਿਆ ਸੀ, ਉਹ ਵਰਤਾਰਾ ਦੁਬਾਰਾ ਨਾ ਵਾਪਰੇ। ਇਸੇ ਕਰਕੇ ਹੁਣ ਕੁਝ ਅਜਿਹੇ ਮੁੱਦਿਆਂ ਨੂੰ ਜਾਣ-ਬੁੱਝ ਕੇ ਹਵਾ ਦਿੱਤੀ ਜਾ ਰਹੀ ਹੈ ਜੋ ਪੰਜਾਬੀਆਂ ਨੂੰ ਵੰਡਣ ਦੇ ਰਾਹ ਪਾਉਂਦੇ ਹਨ ਅਤੇ ਕੁਝ ਧਿਰਾਂ ਅਚੇਤ-ਸੁਚੇਤ ਕੇਂਦਰ ਸਰਕਾਰ ਦੇ ਇਸ ਮੱਕੜ ਜਾਲ ਵਿਚ ਫਸ ਰਹੀਆਂ ਹਨ। ਮੋਦੀ ਸਰਕਾਰ ਦੀ ਨੀਤੀਆਂ-ਰਣਨੀਤੀਆਂ ਦਾ ਸਭ ਤੋਂ ਵੱਧ ਵਿਰੋਧ ਪੰਜਾਬ ਵਿਚੋਂ ਹੀ ਹੋਇਆ ਹੈ, ਇਸ ਕਰਕੇ ਹੀ ਪੰਜਾਬ ਇਸ ਧਿਰ ਦੇ ਨਿਸ਼ਾਨੇ ‘ਤੇ ਹੈ। ਭਾਰਤੀ ਜਨਤਾ ਪਾਰਟੀ ਦੀਆਂ ਇਸ ਖਿੱਤੇ ਦੀਆਂ ਸਰਗਰਮੀਆਂ ਦੱਸਦੀਆਂ ਹਨ ਕਿ ਪੰਜਾਬ ਵਿਚ ਹਰ ਹਾਲ ਆਪਣੀ ਧੌਂਸ ਜਮਾਉਣ ਲਈ ਹੱਥ-ਪੈਰ ਮਾਰ ਰਹੀ ਹੈ।
ਬਿਨਾ ਸ਼ੱਕ, ਇਸੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਨੂੰ ਮੁਕਾਬਲਤਨ ਵਧੇਰੇ ਵੋਟਾਂ ਮਿਲੀਆਂ ਅਤੇ ਫਿਰ ਸੰਗਰੂਰ ਲੋਕ ਸਭਾ ਹਲਕੇ ਵਾਲੀ ਜ਼ਿਮਨੀ ਚੋਣ ਤਾਂ ਇਸ ਦਲ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਵੀ ਗਏ ਪਰ ਹਕੀਕਤ ਇਹ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਆਮ ਆਦਮੀ ਪਾਰਟੀ ਅਤੇ ਕੁਝ ਹੋਰ ਉਮੀਦਵਾਰਾਂ ਨੂੰ ਮਿਥ ਕੇ ਵੋਟਾਂ ਪਾਈਆਂ। ਫਿਰ ਬਾਅਦ ਵਿਚ ਆਮ ਆਦਮੀ ਪਾਰਟੀ ਦੀ ‘ਮਾੜੀ’ ਕਾਰਗੁਜ਼ਾਰੀ ਦੇ ਮੱਦੇਨਜ਼ਰ ਜ਼ਿਮਨੀ ਚੋਣ ਵਿਚ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਹੀ ਸਾਹ ਲਿਆ। ਕੁਝ ਵਿਸ਼ਲੇਸ਼ਣਕਾਰਾਂ ਨੇ ਸਿਮਰਨਜੀਤ ਸਿੰਘ ਮਾਨ ਦੀ ਇਸ ਜਿੱਤ ਨੂੰ ਪੰਜਾਬ ਵਿਚ ਅਕਾਲੀ ਸਿਆਸਤ ਅੰਦਰ ਨਵੀਂ ਸਫਬੰਦੀ ਵੀ ਕਰਾਰ ਦਿੱਤਾ ਹੈ ਪਰ ਸ਼ਹੀਦ ਭਗਤ ਸਿੰਘ ਦੇ ਮਾਮਲੇ ਵਿਚ ਜੋ ਵਿਹਾਰ ਸਿਮਰਨਜੀਤ ਸਿੰਘ ਮਾਨ ਦਾ ਸਾਹਮਣੇ ਆਇਆ ਹੈ, ਉਸ ਤੋਂ ਜਾਪਦਾ ਹੈ ਕਿ ਉਹ ਅਕਾਲੀ ਸਿਆਸਤ ਦਾ ਧੁਰਾ ਬਣਨ ਦਾ ਇਕ ਮੌਕਾ ਹੋਰ ਗੁਆ ਦੇਣਗੇ। ਪਹਿਲਾਂ ਵੀ ਅਜਿਹਾ ਮੌਕਾ ਆਇਆ ਸੀ ਜਦੋਂ ਤਕਰੀਬਨ ਸਾਰੇ ਅਕਾਲੀ ਧੜਿਆਂ ਨੇ ਅਕਾਲੀ ਸਿਆਸਤ ਦੀ ਕਮਾਨ ਉਨ੍ਹਾਂ ਨੂੰ ਸੌਂਪ ਦਿੱਤੀ ਸੀ ਪਰ ਉਹ ਅਕਾਲੀ ਸਿਆਸਤ ਵਿਚ ਕੋਈ ਵੱਢ ਮਾਰਨ ਵਿਚ ਨਾਕਾਮ ਰਹੇ ਅਤੇ ਛੇਤੀ ਹੀ ਆਪਣੀ ਸੀਮਤ ਜਿਹੀ ਸਿਆਸਤ ਵਿਚ ਸਿਮਟ ਗਏ। ਉਨ੍ਹਾਂ ਦੀ ਪਾਰਟੀ ਨੂੰ ਵੋਟ ਸਿਆਸਤ ਅੰਦਰ ਹੁਣ ਜਿਹੜੀ ਹਮਾਇਤ ਮਿਲੀ ਹੈ, ਉਸ ਦੇ ਦੋ ਵੱਡੇ ਕਾਰਨ ਹਨ। ਇਕ ਤਾਂ ਵੋਟਰ ਰਵਾਇਤੀ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹਨ ਅਤੇ ਬੇਅਦਬੀ ਵਰਗੇ ਮਾਮਲਿਆਂ ‘ਤੇ ਇਨ੍ਹਾਂ ਅਕਾਲੀ ਆਗੂਆਂ ਨੂੰ ਮੁਆਫ ਨਹੀਂ ਕੀਤਾ ਹੈ; ਦੂਜੇ, ਕਿਸਾਨ ਅੰਦੋਲਨ ਦੌਰਾਨ ਆਮ ਲੋਕਾਂ ਵਿਚ ਜਾਗਰੂਕਤਾ ਵਧੀ ਹੈ ਅਤੇ ਲੋਕਾਂ ਨੇ ਵੱਖ-ਵੱਖ ਮੁੱਦਿਆਂ ਉਤੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਸਵਾਲ ਪੁੱਛਣੇ ਸ਼ੁਰੂ ਕੀਤੇ।
ਉਂਝ ਵੀ, ਜਿਸ ਮੁਕਾਮ ਉਤੇ ਅੱਜ ਪੰਜਾਬ ਪਹੁੰਚਿਆ ਹੋਇਆ ਹੈ, ਉਸ ਸੂਰਤ ਵਿਚ ਸ਼ਹੀਦ ਭਗਤ ਸਿੰਘ ਨੂੰ ਨਿੰਦਣ ਦੀ ਨਹੀਂ ਸਗੋਂ ਉਸ ਦੀ ਸਿਆਸਤ ਨੂੰ ਆਧਾਰ ਬਣਾ ਕੇ ਸਿਆਸਤ ਅਗਾਂਹ ਤੋਰਨ ਦੀ ਗੱਲ ਹੋਣੀ ਚਾਹੀਦੀ ਹੈ। ਭਗਤ ਸਿੰਘ ਆਪਣੀ ਸਿਆਸਤ ਦੇ ਛੋਟੇ ਜਿਹੇ ਅਰਸੇ ਦੌਰਾਨ ਵੱਖ-ਵੱਖ ਪੜਾਵਾਂ ਵਿਚੋਂ ਲੰਘਿਆ ਅਤੇ ਲਿਆਕਤ ਤੇ ਸਿਆਸਤ ਦੇ ਸਿਰ ਉਤੇ ਗੂੜ੍ਹੀਆਂ ਪੈੜਾਂ ਛੱਡੀਆਂ। ਉਸ ਨੇ ਸਿਰਫ ਉਸ ਵੇਲੇ ਦੇ ਸ਼ਾਸਕਾਂ- ਅੰਗਰੇਜ਼ਾਂ, ਨੂੰ ਹੀ ਨਹੀਂ ਵੰਗਾਰਿਆ ਸਗੋਂ ਉਸ ਢਾਂਚੇ ਦੀ ਗੱਲ ਵੀ ਕੀਤੀ ਜੋ ਆਮ ਲੋਕਾਂ ਨੂੰ ਨਪੀੜਦਾ ਹੈ। ਨਾਲੇ ਭਗਤ ਸਿੰਘ ਦੀ ਸਿਆਸਤ ਨੂੰ ਸਮਝਣ ਲਈ ਸਾਨੂੰ ਉਸ ਦੌਰ ਦੀ ਪੁਣ-ਛਾਣ ਕਰਨੀ ਚਾਹੀਦੀ ਹੈ। ਉਸ ਵੇਲੇ ਪੰਜਾਬ ਅਤੇ ਭਾਰਤ ਦੇ ਹਾਲਾਤ ਬਿਲਕੁਲ ਵੱਖਰੇ ਸਨ ਅਤੇ ਕੌਮੀ ਸਿਆਸਤ ਵਿਚ ਗਾਂਧੀ ਦਾ ਬੋਲਬਾਲਾ ਸੀ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਗਾਂਧੀ ਦੀ ਰਵਾਇਤੀ ਸਿਆਸਤ ਨੂੰ ਵੰਗਾਰਿਆ ਅਤੇ ਆਪਣੀ ਸਿਆਸਤ ਵਿਚ ਯੁੱਗ ਪਲਟਾਊ ਰੰਗ ਭਰਨ ਦੇ ਯਤਨ ਕੀਤੇ। ਇਨ੍ਹਾਂ ਨੌਜਵਾਨਾਂ ਨੇ ਗਾਂਧੀ ਦੀ ਮੂੰਹ-ਜ਼ੋਰ ਸਿਆਸਤ ਜਿਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਅੰਗਰੇਜ਼ਾਂ ਦੀ ਹਮਾਇਤ ਵੀ ਹਾਸਲ ਸੀ, ਦੇ ਬਰਾਬਰ ਲੋਕ-ਪੱਖ ਨੂੰ ਉਭਾਰਿਆ। ਉਨ੍ਹਾਂ ਪਹਿਲਾਂ ਚੱਲੀਆਂ ਜੁਝਾਰੂ ਲਹਿਰਾਂ ਦਾ ਮੁੜ ਮੁਲੰਕਣ ਕੀਤਾ ਅਤੇ ਇਨ੍ਹਾਂ ਬਾਰੇ ਲੋਕਾਂ ਨੂੰ ਦੱਸਣ ਦਾ ਯਤਨ ਕੀਤਾ। ਅਜਿਹੇ ਨਾਇਕਾਂ ਬਾਰੇ ਉਕਸਾਊ ਟਿੱਪਣੀਆਂ ਕਰਨ ਦੀ ਥਾਂ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਨੂੰ ਸੰਕਟ ਵਿਚੋਂ ਕੱਢਣ ਲਈ ਕੋਈ ਰੋਡਮੈਪ ਲੋਕਾਂ ਅੱਗੇ ਰੱਖਣਾ ਚਾਹੀਦਾ ਹੈ। ਉਂਝ ਵੀ, ਨੁਕਤਾਚੀਨੀ ਵਾਲੀ ਸਿਆਸਤ ਨਾਲ ਵਿਵਾਦ ਤਾਂ ਛਿੜ ਸਕਦੇ ਹਨ, ਜਾਂ ਕੁਝ ਸਮਾਂ ਚਰਚਾ ਵੀ ਕਰਵਾਈ ਜਾ ਸਕਦੀ ਹੈ ਪਰ ਸਿਆਸਤ ਵਿਚ ਪੈਂਠ ਤੁਹਾਡੀ ਆਪਣੀ ਸਿਆਸਤ ਅਤੇ ਸਿਆਸੀ ਫੈਸਲਿਆਂ ਨੇ ਹੀ ਪਾਉਣੀ ਹੁੰਦੀ ਹੈ। ਇਸ ਲਈ ਭਗਤ ਸਿੰਘ ਵਾਲੀ ਸਿਆਸਤ ਦੀ ਲਕੀਰ ਨੂੰ ਮਿਟਾਉਣ ਦੀ ਥਾਂ ਸਿਮਰਨਜੀਤ ਸਿੰਘ ਮਾਨ ਨੂੰ ਆਪਣੀ ਸਿਆਸਤ ਦੀ ਲਕੀਰ ਵੱਡੀ ਕਰਨੀ ਚਾਹੀਦੀ ਹੈ। ਇਸ ਨਾਲ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇਗਾ।