ਮੋਦੀ ਦਾ ਮਿਸ਼ਨ 2025 ਅਤੇ ਰਾਜ ਘਰਾਣੇ

ਫਰਾਜ਼ ਅਹਿਮਦ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਫਰਾਜ਼ ਅਹਿਮਦ ਤਜਰਬੇਕਾਰ ਪੱਤਰਕਾਰ ਹੈ ਜੋ ਚਾਰ ਦਹਾਕਿਆਂ ਤੋਂ ਸਥਾਨਕ ਅਤੇ ਕੌਮੀ ਮੁੱਦਿਆਂ, ਅਪਰਾਧ ਅਤੇ ਸਿਆਸਤ ਬਾਰੇ ਲਿਖ ਰਿਹਾ ਹੈ। ਉਹ ‘ਅਸੈਸੀਨੇਸ਼ਨ ਆਫ ਰਾਜੀਵ ਗਾਂਧੀ’ ਨਾਂ ਦੀ ਕਿਤਾਬ ਦਾ ਲੇਖਕ ਹੈ। ਉਨ੍ਹਾਂ ਦਾ ਇਹ ਲੇਖ ਆਰ.ਐੱਸ.ਐੱਸ.-ਭਾਜਪਾ ਦੇ ਮਿਸ਼ਨ ਨੂੰ ਸਮਝਣ ਲਈ ਮਹੱਤਵਪੂਰਨ ਹੈ ਜਿਸ ਦਾ ਪੰਜਾਬੀ ਰੂਪ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।

ਭਾਰਤੀ ਜਨਤਾ ਪਾਰਟੀ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (28 ਰਾਜ ਤੇ ਅੱਠ ਕੇਂਦਰ ਸ਼ਾਸਤ ਪ੍ਰਦੇਸ਼) ਦੇ ਸਮੁੱਚੇ ਵਿਸ਼ਾਲ ਖੇਤਰ ਵਿਚ ਭਾਜਪਾ/ਸੰਘ ਦੀ ਸੱਤਾ ਯਕੀਨੀ ਬਣਾਉਣ ਲਈ ਮਈ 2014 ਤੋਂ ਮੁਲਕ ਦੇ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੀ ਅਗਵਾਈ ਵਿਚ ‘ਮਿਸ਼ਨ 2025’ ਵਿਚ ਜੁਟੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਗਲੇ 30-40 ਸਾਲਾਂ ਤੱਕ ਭਾਜਪਾ ਦੇ ਪ੍ਰਭਾਵ ਤੋਂ ਬਾਹਰ ਰਹਿ ਰਹੇ ਬਾਕੀ ਰਾਜਾਂ ਦੇ ਪੂਰੇ ਖੇਤਰ ਉਪਰ ਕਬਜ਼ਾ ਕਰਨ ਅਤੇ ਪੂਰੇ ਭਾਰਤ ਦੇ ਪੱਛਮ ਤੋਂ ਪੂਰਬ ਅਤੇ ਉਤਰ ਤੋਂ ਦੱਖਣ ਤੱਕ ਭਾਜਪਾ ਦੇ ਰਾਜ ਨੂੰ ਯਕੀਨੀ ਬਣਾਉਣ ਦੇ ਇਰਾਦੇ ਦਾ ਐਲਾਨ ਕੀਤਾ ਹੈ। ਭਾਜਪਾ ਨੇ ਮਹਾਰਾਸ਼ਟਰ ਵਿਚ ਊਧਵ ਠਾਕਰੇ ਦੀ ਤਿੰਨ ਪਾਰਟੀਆਂ ਦੀ ਮਹਾ ਵਿਕਾਸ ਅਗਾੜੀ (ਐਮ.ਵੀ.ਏ.) ਗੱਠਜੋੜ ਸਰਕਾਰ ਨੂੰ ਊਧਵ ਠਾਕਰੇ ਦੀ ਸ਼ਿਵ ਸੈਨਾ ਦੇ 55 ਵਿੱਚੋਂ 40 ਵਿਧਾਇਕਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪਿਆਂ ਅਤੇ ਜੇਲ੍ਹ ਦੀਆਂ ਧਮਕੀਆਂ ਨਾਲ ਡਰਾ ਕੇ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਅਜਿਹਾ ਕਰਕੇ ਇਸ ਨੇ ਟ੍ਰੇਲਰ ਦਿਖਾਇਆ ਹੈ ਕਿ ਇਹ ਐਮ.ਵੀ.ਏ. ਦੇ ਉਨ੍ਹਾਂ ਮੰਤਰੀਆਂ ਨਾਲ ਕਿਵੇਂ ਨਜਿੱਠਦੀ ਹੈ ਜੋ ਭਾਜਪਾ ਨੂੰ ਟੱਕਰ ਦੇਣ ਦੀ ਹਿੰਮਤ ਕਰਦੇ ਹਨ। ਸਾਬਕਾ ਰਾਜ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਅਤੇ ਨਵਾਬ ਮਲਿਕ ਈ.ਡੀ. ਦੁਆਰਾ ਪਾਏ ਝੂਠੇ ਕੇਸਾਂ ‘ਚ ਜੇਲ੍ਹ ਵਿਚ ਬੰਦ ਹਨ। ਹੁਣ ਸਿਰਫ 10 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਬਚੇ ਹਨ ਜਿੱਥੇ ਭਾਜਪਾ ਦਾ ਰਾਜ ਨਹੀਂ ਹੈ। 27 ਸਤੰਬਰ, 2025 ਨੂੰ ਆਰ.ਐੱਸ.ਐੱਸ. ਵੱਲੋਂ ਆਪਣਾ 100 ਸਾਲਾ ਮਨਾਇਆ ਜਾਵੇਗਾ। ਮਿਸ਼ਨ 2025 ਸਾਰੇ ਹੀ ਰਾਜਾਂ ਅਤੇ ਅੱਠ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਇਕ ਪਾਰਟੀ ਦਾ ਰਾਜ ਹਾਸਲ ਕਰਨ ਦਾ ਮਿਸ਼ਨ ਹੈ। ਫਿਰ ਮੋਦੀ-ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਨਾਮ ਸੰਘ ਦੇ ਇਤਿਹਾਸ ‘ਚ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਵੇਗਾ ਜਿਸ ਨੂੰ ਪਾਟ ਚੁੱਕੇ ਪਰਦੇ ਪਿੱਛਿਓਂ ਆਰ.ਐੱਸ.ਐੱਸ. ਦਾ ਮੁਖੀ ਮੋਹਨ ਭਾਗਵਤ ਚਲਾ ਰਿਹਾ ਹੈ।
ਖੱਬੇ ਪੱਖੀਆਂ ਨੂੰ ਛੱਡ ਕੇ ਬਹੁਤੇ ਸਿਆਸੀ ਵਿਸ਼ਲੇਸ਼ਕਾਂ ਅਤੇ ਉਦਾਰਵਾਦੀਆਂ ਨੇ 2014 ਵਿਚ 16ਵੀਂ ਲੋਕ ਸਭਾ ਵਿਚ ਭਾਜਪਾ ਨੂੰ ਸਪਸ਼ਟ ਬਹੁਮਤ ਦਿਵਾਉਣ ਦੀ ਮੋਦੀ ਦੀ ਪ੍ਰਾਪਤੀ ਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਗੱਠਜੋੜ ਯੁਗ ਦੇ ‘ਸਰਾਪ’ ਦਾ ਭੋਗ ਪੈ ਗਿਆ ਹੈ ਜਿੱਥੇ ਕੋਈ ਵੀ ਪਾਰਟੀ ਛੋਟੀਆਂ ਪਾਰਟੀਆਂ ਦੀ ਚੁਣੌਤੀ ਦਾ ਸਾਹਮਣਾ ਕਰਦਿਆਂ ਆਪਣਾ ਸਿੱਕਾ ਨਹੀਂ ਚਲਾ ਸਕਦੀ ਸੀ। ਉਨ੍ਹਾਂ ਦੀ ਧਾਰਨਾ ਅਨਸਾਰ ਇਹ ਸਥਿਰ ਸਰਕਾਰ ਲਈ ਅਤੇ ਮੁਲਕ ਦੀ ਤਰੱਕੀ ਤੇ ਖੁਸ਼ਹਾਲੀ ਲਈ ਰੁਕਾਵਟ ਬਣ ਗਿਆ ਸੀ। ਉਨ੍ਹਾਂ ਨੇ ਹਿੰਦੂਤਵ ਬ੍ਰਿਗੇਡ ਦੀ ਇਕ ਰੰਗੀ ਜਾਬਰ, ਅਸਹਿਣਸ਼ੀਲ ਬਹੁਗਿਣਤੀਵਾਦੀ ਹਕੂਮਤ ਦੀਆਂ ਸੰਭਾਵਨਾਵਾਂ ਵੱਲ ਤਵੱਜੋ ਨਹੀਂ ਦਿੱਤੀ ਜੋ ਮਾਧਵ ਸਦਾਸ਼ਿਵ ਗੋਲਵਲਕਰ ਅਤੇ ਵਿਨਾਇਕ ਦਾਮੋਦਰ ਸਾਵਰਕਰ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੇ ਆਪਣੇ ਇਰਾਦੇ ਸ਼ਰੇਆਮ ਪ੍ਰਗਟਾ ਰਹੀ ਹੈ ਅਤੇ ਜਿਸ ਨੂੰ ਆਪਣੇ ਫਿਰਕੂ ਏਜੰਡੇ ਉਪਰ ਮਾਣ ਹੈ। ਜਿੱਥੇ ਘੱਟ ਗਿਣਤੀਆਂ ਨੂੰ ਕੋਈ ਅਧਿਕਾਰ, ਇੱਥੋਂ ਤੱਕ ਨਾਗਰਿਕਾਂ ਵਾਲੇ ਅਧਿਕਾਰ ਵੀ ਨਹੀਂ ਹੋਣਗੇ ਅਤੇ ਉਹ ਸਿਰਫ ਹਿੰਦੂਤਵ ਦਾ ਗੁਣਗਾਣ ਕਰਕੇ ਹਿੰਦੂਆਂ ਮਰਜ਼ੀ ਅਨੁਸਾਰ ਹੀ ਜ਼ਿੰਦਾ ਰਹਿ ਸਕਣਗੇ। ਜਾਪਦਾ ਹੈ ਕਿ ਇਸ ਦ੍ਰਿਸ਼ਟੀ ਦੀ ਸੰਭਾਵਨਾ ਹੁਣ ਬਹੁਤੀ ਦੂਰ ਦੀ ਗੱਲ ਨਹੀਂ ਹੈ। ਕੋਈ ਅਜਿਹਾ ਸਿਆਸੀ ਆਗੂ ਨਜ਼ਰ ਨਹੀਂ ਆ ਰਿਹਾ ਜੋ ਇਸ ਨੂੰ ਰੋਕ ਸਕੇ, ਨਿਸ਼ਚਿਤ ਤੌਰ ‘ਤੇ ਅਜੋਕੇ ਸਿਆਸੀ ਆਗੂਆਂ ਵਿੱਚੋਂ ਤਾਂ ਐਸਾ ਕੋਈ ਵੀ ਨਹੀਂ ਹੈ।
ਮਹਾਰਾਸ਼ਟਰ ਉਪਰ ਕਾਬਜ ਹੋਣ ਤੋਂ ਬਾਅਦ ਅਗਲੀ ਵਾਰੀ ਝਾਰਖੰਡ ਦੀ ਜਾਪਦੀ ਹੈ। ਝਾਰਖੰਡ ਵਿਚ ਮੁੜ ਭਾਜਪਾ ਵਿਰੋਧੀ ਗੱਠਜੋੜ ਦੀ ਸਰਕਾਰ ਹੈ ਜਿਸ ਦੀ ਅਗਵਾਈ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਮਸ਼ਹੂਰ ਆਗੂ ਸ਼ਿਬੂ ਸੋਰੇਨ ਦੇ ਫਰਜ਼ੰਦ ਹੇਮੰਤ ਸੋਰੇਨ ਦੇ ਹੱਥ ਹੈ। ਇਸ ਗੱਠਜੋੜ ਸਰਕਾਰ ਵਿਚ ਕਾਂਗਰਸ ਅਤੇ ਲਾਲੂ ਪ੍ਰਸਾਦ ਦਾ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੋਵੇਂ ਭਾਈਵਾਲ ਹਨ। ਭਾਜਪਾ ਨੇ ਪਹਿਲਾਂ ਹੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵਿਰੁੱਧ ਨਿਸ਼ਾਨਾ ਸਾਧ ਲਿਆ ਹੈ, ਉਸ ਨੂੰ ਦੁਬਾਰਾ ਕੇਸਾਂ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਵਾਰ ਹੇਮੰਤ ਸੋਰੇਨ ਨੂੰ ਗ੍ਰਿਫਤਾਰ ਕਰ ਲਿਆ ਜਾਂ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਤਾਂ ਝਾਰਖੰਡ ਵਿਚ ਵੀ ਮਹਾਰਾਸ਼ਟਰ ਨੂੰ ਦੁਹਰਾਉਣਾ ਮੁਸ਼ਕਿਲ ਨਹੀਂ ਹੋਵੇਗਾ।
ਇਸ ਸਾਲ ਦੇ ਅੰਤ ਤੱਕ ਭਾਜਪਾ ਸ਼ਾਸਤ ਦੋ ਰਾਜਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਹੋਣ ਵਾਲੀਆਂ ਹਨ। ਹਾਲਾਂਕਿ ਇਹ ਮੰਨਣਾ ਮੂਰਖਤਾ ਵਾਲਾ ਸੁਪਨਾ ਹੋਵੇਗਾ ਕਿ ਗੁਜਰਾਤ ਵਿਚ ਭਾਜਪਾ ਨੂੰ ਕੋਈ ਖਤਰਾ ਹੋ ਸਕਦਾ ਹੈ; ਜਿੱਥੋਂ ਤੱਕ ਹਿਮਾਚਲ ਦੀ ਗੱਲ ਹੈ, ਉਥੇ ਭਾਜਪਾ ਦੀ ਹਾਲਤ ਕਮਜ਼ੋਰ ਹੈ। ਅਤੀਤ ਵਿਚ ਉਥੇ ਸਿਰਫ ਦੋ ਪਾਰਟੀਆਂ ਕਾਂਗਰਸ ਅਤੇ ਭਾਜਪਾ ਹੀ ਬਦਲ-ਬਦਲ ਕੇ ਰਾਜ ਕਰਦੀਆਂ ਸਨ ਪਰ ਹੁਣ ਉਥੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੀ ਪ੍ਰਵੇਸ਼ ਕਰ ਚੁੱਕੀ ਹੈ ਜੋ ਕਾਂਗਰਸ ਪਾਰਟੀ ਲਈ ਕਬਾਬ ‘ਚ ਹੱਡੀ ਸਾਬਤ ਹੋ ਰਹੀ ਹੈ। ਇਹ ਗੱਲ ਨਹੀਂ ਹੈ ਕਿ ਕਾਂਗਰਸ ਹਿਮਾਚਲ ਵਿਚ ਆਪਣੀ ਹਾਰ ਯਕੀਨੀ ਬਣਾਉਣ ਲਈ ਕੁਝ ਨਹੀਂ ਕਰ ਰਹੀ, ਪੰਜਾਬ ‘ਚ ਇਸ ਨੇ ਆਪਣੇ ਹੱਥੀਂ ਆਪਣੇ ਪੈਰਾਂ ‘ਤੇ ਆਪ ਕੁਹਾੜਾ ਮਾਰਿਆ ਅਤੇ ਉਹੀ ਰਣਨੀਤੀ ਇਸ ਨੇ ਹਰਿਆਣਾ ਦੀਆਂ ਰਾਜ ਸਭਾ ਚੋਣਾਂ ‘ਚ ਅਪਣਾਈ। ਪੰਜਾਬ ਵਿਚ ਰਵਾਇਤੀ ਤੌਰ ‘ਤੇ ਕਾਂਗਰਸ ਦਾ ਵੋਟ ਬੈਂਕ ਅਨੁਸੂਚਿਤ ਜਾਤੀਆਂ ਅਤੇ ਹੋਰ ਗੈਰ-ਜੱਟ ਸਿੱਖਾਂ ਦੇ ਨਾਲ ਹਿੰਦੂ ਆਬਾਦੀ ਸੀ ਪਰ ਕਾਂਗਰਸ ਨੇ ਇਕ-ਇਕ ਕਰਕੇ ਹਰ ਹਿੰਦੂ ਆਗੂ ਨੂੰ ਭਜਾ ਦਿੱਤਾ। ਪੰਜਾਬ ਦੇ ਹੱਥੋਂ ਨਿੱਕਲਣ ਤੋਂ ਬਾਅਦ ਵੀ ਸੁਨੀਲ ਜਾਖੜ ਤੋਂ ਸ਼ੁਰੂ ਕਰਕੇ ਅਸ਼ਵਨੀ ਕੁਮਾਰ ਤੋਂ ਹੁੰਦੇ ਹੋਏ ਹੁਣ ਮਨੀਸ਼ ਤਿਵਾੜੀ ਤੱਕ ਨੂੰ ਇਹ ਸਪਸ਼ਟ ਸੰਦੇਸ਼ ਦੇ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਹੁਣ ਇਸ ਪਾਰਟੀ ਨੂੰ ਲੋੜ ਨਹੀਂ।
ਹਰਿਆਣਾ ਵਿਚ ਜਾਟ ਵੋਟ ਰਵਾਇਤੀ ਤੌਰ ‘ਤੇ ਦੇਵੀ ਲਾਲ ਪਰਿਵਾਰ, ਭਾਵ ਓਮ ਪ੍ਰਕਾਸ਼ ਚੌਟਾਲਾ, ਫਿਰ ਉਸ ਦੇ ਪੁੱਤਰ ਅਤੇ ਹੁਣ ਉਸ ਦੇ ਪੋਤੇ ਦੀ ਝੋਲੀ ਪੈਂਦੀ ਰਹੀ ਹੈ। ਇਸ ਦੇ ਪ੍ਰਤੀਕਰਮ ਵਜੋਂ ਗੈਰ-ਜਾਟ ਖਾਸ ਕਰਕੇ ਉਥੇ ਜਾ ਕੇ ਵਸਣ ਵਾਲੇ ਪੰਜਾਬੀ ਹਿੰਦੂਆਂ ਦੇ ਨਾਲ-ਨਾਲ ਅਨੁਸੂਚਿਤ ਜਾਤੀਆਂ ਸਮੇਤ ਹੋਰ ਸ਼ਹਿਰੀ ਅਤੇ ਪੇਂਡੂ ਲੋਕ ਭਜਨ ਲਾਲ ਬਿਸ਼ਨੋਈ ਵੱਲ ਖਿੱਚੇ ਗਏ ਜਿਨ੍ਹਾਂ ਦੀ ਗਿਣਤੀ ਵਾਹਵਾ ਸੀ। ਜਦੋਂ ਕਾਂਗਰਸ ਨੇ ਜਾਟ ਭੁਪਿੰਦਰ ਸਿੰਘ ਹੁੱਡਾ ਨੂੰ ਅੱਗੇ ਲਿਆਂਦਾ ਤਾਂ ਇਸ ਨੇ ਵਪਾਰੀਆਂ ਦੀ ਪਾਰਟੀ ਭਾਜਪਾ ਲਈ ਇਸ ਗੈਰ-ਜਾਟ ਵੋਟ ਸਮੂਹ ਉਪਰ ਕਬਜਾ ਕਰਨ ਲਈ ਸਿਆਸੀ ਜਗ੍ਹਾ ਬਣਾ ਦਿੱਤੀ। ਇਕ ਵਾਰ ਭਜਨ ਲਾਲ ਦੇ ਫਰਜ਼ੰਦ ਕੁਲਦੀਪ ਬਿਸ਼ਨੋਈ ਦੇ ਮੁੜ ਕਾਂਗਰਸ ਵਿਚ ਸ਼ਾਮਿਲ ਹੋਣ ਤੋਂ ਬਾਅਦ ਭਜਨ ਲਾਲ ਦੀ ਵਿਰਾਸਤ ਨੂੰ ਸੰਭਾਲਣ ਅਤੇ ਭਾਜਪਾ ਦੀਆਂ ਵੋਟਾਂ ਨੂੰ ਖੋਰਾ ਲਾਉਣ ਦਾ ਚੰਗਾ ਮੌਕਾ ਸੀ ਪਰ ਕਾਂਗਰਸ ਦੀ ਲੀਡਰਸ਼ਿਪ ਹੁੱਡਾ ਉਪਰ ਇੰਨੀ ਲੱਟੂ ਹੋਈ ਪਈ ਹੈ ਕਿ ਇਸ ਨੇ ਹੁੱਡਾ ਡੰਮੀ ਨੂੰ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਸੀ.ਸੀ.) ਦਾ ਪ੍ਰਧਾਨ ਥਾਪ ਦਿੱਤਾ। ਸਿੱਟੇ ਵਜੋਂ ਬਿਸ਼ਨੋਈ ਕਾਂਗਰਸ ਛੱਡ ਗਏ ਅਤੇ ਸੈਲਜਾ ਵਰਗੀ ਮਹੱਤਵਪੂਰਨ ਆਗੂ ਨਾਰਾਜ਼ ਹੈ, ਤੇ ਇਕ ਹੋਰ ਔਰਤ ਜਾਟ ਆਗੂ ਕਿਰਨ ਚੌਧਰੀ ਹੋਰ ਬਦਲਾਂ ਉਪਰ ਵਿਚਾਰ ਕਰ ਰਹੀ ਹੈ। ਇਹ ਹਰਿਆਣਾ ਥਾਲੀ ‘ਚ ਪਰੋਸ ਕੇ ਦਿੱਲੀ ਦੇ ਕੱਪੜਾ ਵਪਾਰੀ ਮਨੋਹਰ ਲਾਲ ਖੱਟਰ ਦੇ ਹਵਾਲੇ ਕਰਨ ਵਾਂਗ ਹੈ ਜਿਸ ਨੂੰ ਇੱਕੋ-ਇਕ ਲਾਹਾ ਇਹ ਹੈ ਕਿ ਉਹ ਪੰਜਾਬੀ ਖੱਤਰੀ ਹੈ।
ਹੁਣ ਉਤਰ ਪ੍ਰਦੇਸ਼ ‘ਤੇ ਨਜ਼ਰ ਮਾਰ ਲਓ। ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀ.ਬੀ.ਆਈ. ਦੇ ਡਰੋਂ ਆਪਣੇ ਆਰਾਮਦਾਇਕ ਮਹਿਲਾਂ ‘ਚੋਂ ਨਿਕਲਣ ਲਈ ਤਿਆਰ ਨਹੀਂ ਹੈ। ਕੁਦਰਤੀ ਤੌਰ ‘ਤੇ ਉਦੋਂ ਵੱਡੇ ਲੋਕ ਆਧਾਰ ਵਾਲੀ ਵੱਡੀ ਪਾਰਟੀ ਬਸਪਾ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਕਿਉਂਕਿ ਉਸ ਦੇ ਆਪਣੇ ਲੋਕਾਂ ਦਾ ਉਸ ਤੋਂ ਵਿਸ਼ਵਾਸ ਉਠ ਗਿਆ ਸੀ। ਉਨ੍ਹਾਂ ਸਾਰਿਆਂ, ਖਾਸ ਕਰਕੇ ਮੁਸਲਮਾਨਾਂ ਅਤੇ ਕੁਝ ਹੱਦ ਤੱਕ ਸਭ ਤੋਂ ਪਿਛੜੇ ਵਰਗਾਂ ਅਤੇ ਗੈਰ-ਜਾਟਵ ਦਲਿਤ ਵਰਗ ਨੇ, ਜੋ ਰਾਜਪੂਤ ਮੁੱਖ ਮੰਤਰੀ ਅਜੈ ਬਿਸ਼ਟ ਯਾਨੀ ਯੋਗੀ ਆਦਿਤਿਆਨਾਥ ਦੀ ਹਕੂਮਤ ਹੇਠ ਰਾਜਪੂਤਾਂ ਵੱਲੋਂ ਅਪਮਾਨਿਤ ਕੀਤੇ ਜਾਣ ਤੋਂ ਦੁਖੀ ਸਨ, ਸਮਾਜਵਾਦੀ ਪਾਰਟੀ ਦੀ ਹਮਾਇਤ ਕੀਤੀ। ਇਸ ਤੱਥ ਦੇ ਬਾਵਜੂਦ ਕਿ ਯੂ.ਪੀ. ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ‘ਤੇ ਹੀ ਇਸ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਆਪਣੇ ਘੁਰਨੇ ‘ਚੋੋਂ ਬਾਹਰ ਨਿਕਲੇ, ਉਸ ਦੀ ਸਿਆਸੀ ਸੂਝ ਨੇ ਰੰਗ ਦਿਖਾਇਆ ਜਦੋਂ ਉਸ ਨੇ ਸਹੀ ਗੱਠਜੋੜ ਕਰ ਲਏ ਜਿਨ੍ਹਾਂ ਦਾ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਬਹੁਤ ਫਾਇਦਾ ਹੋਇਆ। ਜੇ ਉਹ ਫਿਰ ਵੀ ਸੱਤਾ ‘ਚ ਆਉਣ ‘ਚ ਅਸਫਲ ਰਿਹਾ ਤਾਂ ਇਹ ਮੁੱਖ ਤੌਰ ‘ਤੇ ਉਸ ਦੀ ਆਲਸ ਅਤੇ ਤਿਆਰੀ ਦੀ ਘਾਟ ਕਾਰਨ ਸੀ। ਜੇ ਉਹ ਇਹ ਸਮਝ ਲੈਂਦਾ ਕਿ ਉਸ ਦੀ ਟੱਕਰ ਕਿਸ ਨਾਲ ਹੈ ਤਾਂ ਉਸ ਨੇ ਵੋਟਰ ਸੂਚੀਆਂ ਬਣਨ ਸਮੇਂ ਹੀ ਆਪਣੇ ਕਾਡਰਾਂ ਨੂੰ ਲਾਮਬੰਦ ਕਰ ਲੈਣਾ ਸੀ। ਫਿਰ ਇਹ ਯਕੀਨੀ ਬਣ ਜਾਣਾ ਸੀ ਕਿ ਭਾਜਪਾ ਹਕੂਮਤ ਦਾ ਪ੍ਰਸ਼ਾਸਨ ਵੋਟਰ ਸੂਚੀਆਂ ਵਿਚੋਂ ਵੱੱਡੀ ਗਿਣਤੀ ‘ਚੋਂ ਮੁਸਲਮਾਨਾਂ ਦੇ ਨਾਮ ਨਾ ਕੱਟ ਸਕੇ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਭਾਜਪਾ ਵਿਰੁੱਧ ਵੋਟ ਪਾਉਣੀ ਸੀ ਜਿਸ ਦੀ ਯੋਗੀ ਸਰਕਾਰ ਆਪਣੀ ਪੰਜ ਸਾਲ ਹਕੂਮਤ ਦੌਰਾਨ ਮੁਸਲਮਾਨਾਂ ਅਤੇ ਉਨ੍ਹਾਂ ਦੇ ਕਿੱਤਿਆਂ ਨੂੰ ਨਿਸ਼ਾਨਾ ਬਣਾਉਂਦੀ ਰਹੀ ਸੀ। ਇਹ ਵੋਟਾਂ ਦੀ ਗਿਣਤੀ ਤੋਂ ਪਹਿਲੇ ਪੜਾਅ ‘ਤੇ ਸਮਾਜਵਾਦੀ ਪਾਰਟੀ ਦੀ ਕਮਜ਼ੋਰੀ ਵੀ ਸੀ ਜਿਸ ਦੇ ਨਤੀਜੇ ਵਜੋਂ ਹੁਕਮਰਾਨ ਧਿਰ ਸਟਰਾਂਗ ਰੂਮਾਂ ਉਪਰ ਕਬਜ਼ਾ ਕਰਕੇ ਉਥੇ ਮਸ਼ੀਨਾਂ ਨੂੰ ਹਾਈਜੈਕ ਕਰਕੇ ਉਨ੍ਹਾਂ ਦੀ ਥਾਂ ਬਾਹਰੋਂ ਧਾਂਦਲੀਆਂ ਵਾਲੀਆਂ ਮਸ਼ੀਨਾਂ ਰੱਖਣ ‘ਚ ਕਾਮਯਾਬ ਹੋ ਗਈ ਪਰ ਅਖਿਲੇਸ਼ ਆਪਣੇ ਕਾਡਰਾਂ ਨੂੰ ਲਾਮਬੰਦ ਕਰਨ ਵਿਚ ਨਾਕਾਮ ਰਿਹਾ ਅਤੇ ਯੋਗੀ ਵੱਲੋਂ ਚੋਣ ਫਤਵੇ ਨੂੰ ਅਗਵਾ ਕਰਨ ਦਾ ਰੋਣਾ ਰੋਣ ‘ਚ ਰੁੱਝਿਆ ਰਿਹਾ।
ਉਸ ਨੇ ਮੁਸਲਿਮ ਵੋਟ ਨੂੰ ਵੀ ਯਕੀਨੀ ਮੰਨ ਲਿਆ ਅਤੇ ਯੋਗੀ ਹਕੂਮਤ ਵੱਲੋਂ ਝੂਠੇ ਕੇਸ ਪਾ ਕੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਬੰਦ ਆਪਣੀ ਪਾਰਟੀ ਦੇ ਸਭ ਤੋਂ ਵੱਡੇ ਮੁਸਲਿਮ ਆਗੂ ਮੁਹੰਮਦ ਆਜ਼ਮ ਖਾਨ ਦੀ ਦੁਰਦਸ਼ਾ ਵੱਲ ਵੀ ਧਿਆਨ ਨਹੀਂ ਦਿੱਤਾ। ਅਖਿਲੇਸ਼ ਯੋਗੀ ਵੱਲੋਂ ਮੁਸਲਮਾਨਾਂ ਨੂੰ ਖੁਸ਼ ਕਰਨ ਦਾ ਠੱਪਾ ਲਗਾਏ ਜਾਣ ਤੋਂ ਏਨਾ ਡਰਿਆ ਹੋਇਆ ਸੀ ਕਿ ਉਸ ਨੇ ਆਜ਼ਮ ਖਾਨ ਨੂੰ ਨਿਸ਼ਾਨਾ ਬਣਾਏ ਜਾਣ ਵਿਰੁੱਧ ਕਦੇ ਇਕ ਸ਼ਬਦ ਵੀ ਨਹੀਂ ਬੋਲਿਆ। ਉਸ ਨੇ ਯੋਗੀ ਦੇ ਸਤਾਏ ਡਾਕਟਰ ਕਫੀਲ ਖਾਨ ਦੀ ਵਿਧਾਨ ਪ੍ਰੀਸ਼ਦ ਲਈ ਨਾਮਜ਼ਦਗੀ ਦਾ ਐਲਾਨ ਜ਼ਰੂਰ ਕੀਤਾ ਪਰ ਉਸ ਦੀ ਜਿੱਤ ਯਕੀਨੀਂ ਬਣਾਉਣ ਲਈ ਕੁਝ ਨਹੀਂ ਕੀਤਾ। ਇਸ ਕਾਰਨ ਵਿਚਾਰਾ ਡਾਕਟਰ ਖਾਨ ਭਾਜਪਾ ਦੇ ਉਮੀਦਵਾਰ ਵਿਰੁੱਧ ਜਿੱਤਣ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ। ਅਖਿਲੇਸ਼ ਉਦੋਂ ਵੀ ਹਰਕਤ ‘ਚ ਨਹੀਂ ਆਇਆ ਜਦੋਂ ਯੋਗੀ ਨੇ ਨਿਰਦੋਸ਼ ਮੁਸਲਮਾਨਾਂ ਨੂੰ ਗ੍ਰਿਫਤਾਰ ਕਰਨ ਅਤੇ ਦਹਾਕਿਆਂ ਦੀ ਮਿਹਨਤ ਦੀ ਕਮਾਈ ਨਾਲ ਬਣਾਏ ਗਏ ਉਨ੍ਹਾਂ ਦੇ ਘਰਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਢਾਹੁਣ ਦੀ ਦਹਿਸ਼ਤੀ ਰਣਨੀਤੀ ਮੁੜ ਅਮਲ ‘ਚ ਲਿਆਂਦੀ।
ਹੈਦਰਾਬਾਦ ਵਿਚ ਜਿਸ ਨੂੰ ਮੋਦੀ ਭਾਗਿਆਨਗਰ ਕਹਿਣਾ ਪਸੰਦ ਕਰੇਗਾ, ਭਾਜਪਾ ਦੀ ਹਾਲ ਹੀ ਵਿਚ ਹੋਈ ਕੌਮੀ ਕਾਰਜਕਾਰਨੀ ਦੀ ਇਕੱਤਰਤਾ ਵਿਚ ਮੋਦੀ ਨੇ ਭਗਤਾਂ, ਯਾਨੀ ਪੂਰੇ ਮੁਲਕ ‘ਚ ਸ਼ਰੇਆਮ ਬੇਖੌਫ ਦਨਦਨਾ ਰਹੇ ਹਿੰਦੂਤਵੀ ਲਸ਼ਕਰਾਂ ਨੂੰ ਖੁਸ਼ ਕਰਨ ਲਈ ਰਾਜ ਘਰਾਣੇ ਦਾ ਨਵਾਂ ਮੰਤਰ ਦਿੱਤਾ। ਉਸ ਨੇ ਲੋਕਾਂ ਨੂੰ ਮੁਲਕ ਨੂੰ ਵੰਸ਼ਵਾਦ ਦੀ ਸਿਆਸਤ ਤੋਂ ਮੁਕਤ ਕਰਨ ਦਾ ਸੱਦਾ ਦਿੱਤਾ। ਜੋ ਤਰੱਕੀ ਕਰ ਰਹੇ ਸ਼ਹਿਰੀ ਮੱਧ ਵਰਗ ਦੇ ਕੁਝ ਹਿੱਸਿਆਂ ਨੂੰ ਦੇ ਮਨਾਂ ਨੂੰ ਬਹੁਤ ਟੁੰਬਦਾ ਹੈ ਜੋ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਅਤੇ ਹੁਣ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਵੰਸ਼ਵਾਦੀ ਹੱਕਦਾਰੀ ਕਰਕੇ ਨਫਰਤ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਮੋਦੀ ਨੇ ਗਵਾਲੀਅਰ ਦੇ ਮਹਾਰਾਜਾ ਜੋਤਿਰਦਿੱਤਿਆ ਸਿੰਧੀਆ ਨੂੰ ਬਾਹਾਂ ਅੱਡ ਕੇ ਗਲੇ ਲਗਾਇਆ ਅਤੇ ਉਸੇ ਰਾਜ ਘਰਾਣੇ ਦੇ ਅੱਧੀ ਦਰਜਨ ਵਿਅਕਤੀ ਉਸ ਦੀ ਪਾਰਟੀ ‘ਚ ਹਨ- ਜੋਤਿਰਦਿੱਤਿਆ, ਉਸ ਦੀ ਮਾਸੀ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਜੋ ਅਗਲੇ ਸਾਲ ਰਾਜਸਥਾਨ ‘ਚ ਭਾਜਪਾ ਦੇ ਮੁੜ ਜਿੱਤਣ ਦੀ ਸੂਰਤ ‘ਚ ਸੰਭਾਵੀ ਮੁੱਖ ਮੰਤਰੀ ਹੈ; ਵਸੁੰਧਰਾ ਦੀ ਭੈਣ ਯਸ਼ੋਧਰਾ ਰਾਜੇ ਸਿੰਧੀਆ ਜਿਸ ਨੇ ਇੰਨੇ ਸਾਲਾਂ ਵਿਚ ਸੰਸਦ ਅਤੇ ਫਿਰ ਐੱਮ.ਪੀ. ਵਿਧਾਨ ਸਭਾ ਮੈਂਬਰ ਵਜੋਂ ਮੰਤਰੀ ਦੇ ਅਹੁਦੇ ਦੀ ਹੱਕਦਾਰ ਹੋਣ ਦੀ ਭੋਰਾ ਵੀ ਯੋਗਤਾ ਨਹੀਂ ਦਿਖਾਈ ਹੈ ਜਿਸ ਦਾ ਉਹ ਆਪਣੇ ਗ੍ਰਹਿ ਰਾਜ ਮੱਧ ਪ੍ਰਦੇਸ਼ ਵਿਚ ਆਨੰਦ ਲੈ ਰਹੀ ਹੈ; ਰਾਜਸਥਾਨ ਦੇ ਝਾਲਾਵਾੜ ਤੋਂ ਸੰਸਦ ਮੈਂਬਰ ਵਸੁੰਧਰਾ ਦਾ ਪੁੱਤਰ ਦੁਸ਼ਿਅੰਤ ਸਿੰਘ ਵੀ ਕਿਸੇ ਨੂੰ ਭੁੱਲਿਆ ਨਹੀਂ ਜਿਸ ਕੋਲ ਉਸ ਉਚ ਅਹੁਦੇ ਦਾ ਹੱਕਦਾਰ ਹੋਣ ਲਈ ਕੋਈ ਸਿਹਰਾ ਲੈਣ ਵਾਲੀ ਪ੍ਰਾਪਤੀ ਨਹੀਂ ਹੈ। ਦਰਅਸਲ, ਭਾਜਪਾ ਵਸੁੰਧਰਾ ਅਤੇ ਗਵਾਲੀਅਰ ਤੋਂ ਯਸ਼ੋਧਰਾ ਰਾਜੇ ਦੀ ਮਾਂ ਮਹਾਰਾਣੀ ਵਿਜੇ ਰਾਜੇ ਸਿੰਧੀਆ ਦਾ ਕਰਜ਼ ਚੁਕਾ ਰਹੀ ਹੈ ਜੋ ਭਾਜਪਾ ਦੇ ਪਹਿਲੇ ਰੂਪ ਜਨਸੰਘ ਦੇ ਸੰਸਥਾਪਕਾਂ ਅਤੇ ਫੰਡ ਦਾਤਿਆਂ ‘ਚੋਂ ਇਕ ਸੀ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦਾ ਚਹੇਤਾ, ਕੱਪੜਾ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਪਿਯੂਸ਼ ਗੋਇਲ ਹੈ। ਮੋਦੀ ਨੇ ਵਾਜਪਾਈ ਸਰਕਾਰ ‘ਚ ਸਾਬਕਾ ਜਹਾਜ਼ਰਾਨੀ ਮੰਤਰੀ ਰਹੇ ਵੇਦ ਪ੍ਰਕਾਸ਼ ਗੋਇਲ ਦੇ ਫਰਜ਼ੰਦ ਨੂੰ ਪਾਰਟੀ ਦਾ ਖਜ਼ਾਨਚੀ ਵੀ ਬਣਾਇਆ ਹੋਇਆ ਹੈ। ਇਸੇ ਤਰ੍ਹਾਂ ਉਸ ਦਾ ਚਾਰਟਰਡ ਅਕਾਊਂਟੈਂਟ ਫਰਜ਼ੰਦ ਹੈ ਜੋ ਭਾਜਪਾ ਨੇ ਮੁੰਬਈ ਤੋਂ ਸਿੱਧਾ ਰਾਜ ਸਭਾ ਮੈਂਬਰ ਬਣਾਇਆ ਅਤੇ 15ਵੀਂ ਲੋਕ ਸਭਾ ਵਿਚ ਅਰੁਣ ਜੇਤਲੀ ਗਰੁੱਪ ‘ਚ ਸ਼ਾਮਿਲ ਕੀਤਾ ਅਤੇ ਕਰਨਾਟਕ ਦਾ ਮੌਜੂਦਾ ਮੁੱਖ ਮੰਤਰੀ ਬਸਵਾਰਾਜ ਬੋਮਈ ਕੌਣ ਹੈ? ਜਨਤਾ ਦਲ ਦੇ ਸਾਬਕਾ ਪ੍ਰਧਾਨ ਅਤੇ ਪਹਿਲੀ ਯੂ.ਪੀ.ਏ. ਸਰਕਾਰ ਵਿਚ ਸਾਬਕਾ ਮਨੁੱਖੀ ਵਸੀਲੇ ਮੰਤਰੀ ਐੱਸ.ਆਰ. ਬੋਮਈ ਦਾ ਫਰਜ਼ੰਦ।
ਅਨੁਰਾਗ ਠਾਕੁਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਪ੍ਰਧਾਨ ਪ੍ਰੇਮ ਕੁਮਾਰ ਧੂਮਲ ਦਾ ਫਰਜ਼ੰਦ ਹੈ ਜੋ ਪਹਿਲਾਂ ਆਪਣੇ ਵੰਸ਼ ਕਾਰਨ ਅਤੇ ਬਾਅਦ ਵਿਚ ਕਾਂਗਰਸ ਨੂੰ ਗਾਲਾਂ ਕੱਢ ਕੇ ਭਾਜਪਾ ਵਿਚ ਉਭਰਿਆ। ਸੰਜੇ ਗਾਂਧੀ ਦੇ ਪੁੱਤਰ ਵਰੁਣ ਅਤੇ ਉਸ ਦੀ ਵਿਧਵਾ ਮੇਨਕਾ ਗਾਂਧੀ ਵੀ ਹਨ ਜਿਨ੍ਹਾਂ ਉਪਰ ਇਸ ਸਮੇਂ ਭਾਜਪਾ ਦੀ ਨਜ਼ਰੇ-ਇਨਾਇਤ ਨਹੀਂ ਹੈ। ਭਾਜਪਾ ਅਤੇ ਸਭ ਤੋਂ ਵੱਧ ਮੋਦੀ ਐਮਰਜੈਂਸੀ ਦਾ ਵਿਰੋਧ ਕਰਨ ਲਈ ਦੁਹੱਥੜਾਂ ਮਾਰਦੇ ਨਹੀਂ ਥੱਕਦੇ ਪਰ ਕੀ ਕਦੇ ਕਿਸੇ ਨੇ ਉਨ੍ਹਾਂ ਦੇ ਮੂੰਹੋਂ ਐਮਰਜੈਂਸੀ ਦੇ ਮੁੱਖ ਖਲਨਾਇਕ ਸੰਜੇ ਗਾਂਧੀ ਦੀ ਆਲੋਚਨਾ ਦਾ ਇਕ ਵੀ ਸ਼ਬਦ ਸੁਣਿਆ ਹੈ? ਨਹੀਂ। ਦਰਅਸਲ 2004 ਦੀਆਂ ਚੋਣਾਂ ਤੋਂ ਪਹਿਲਾਂ, ਤਤਕਾਲੀ ਭਾਜਪਾ ਮੁਖੀ ਐੱਲ.ਕੇ. ਅਡਵਾਨੀ ਨੇ 25 ਸਾਲ ਦੇ ਵਰੁਣ ਨੂੰ ਸਿਰਫ ਉਸ ਦੇ ਰਾਜ ਘਰਾਣੇ ਦੇ ਕਾਰਨ ਭਾਜਪਾ ਵਿਚ ਸ਼ਾਮਿਲ ਹੋਣ ਲਈ ਨੇੜੇ ਲਾਇਆ ਸੀ ਅਤੇ ਬਹੁਮਤ ਹਾਸਲ ਕਰਨ ‘ਤੇ ਉਸ ਨੂੰ ਯੂ.ਪੀ. ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਵੀ ਕੀਤਾ ਸੀ। ਦਰਅਸਲ ਇਹ ਐਸੇ ਲੋਕਾਂ ਦੀ ਪਾਰਟੀ ਹੈ ਜੋ ਦੋਸ਼ ਇਹ ਦੂਜਿਆਂ ਉਪਰ ਲਾਉਂਦੇ ਹਨ।
ਪਰ ਇਹ ਹੋਰ ਗੱਲ ਹੈ। ਵੰਸ਼ ਪਰੰਪਰਾ ਨੂੰ ਨਿਸ਼ਾਨਾ ਬਣਾਉਣ ਲਈ ਇਸ ਰਣਨੀਤੀ ਦੀ ਯੋਜਨਾਬੰਦੀ ਉਦੋਂ ਕੀਤੀ ਗਈ ਸੀ ਜਦੋਂ ਊਧਵ ਠਾਕਰੇ ਨੂੰ ਸੱਤਾ ਤੋਂ ਲਾਹੁਣ ਦਾ ਅਪ੍ਰੇਸ਼ਨ ਚੱਲ ਰਿਹਾ ਸੀ ਅਤੇ ਭਾਜਪਾ ਨੇ ਬਹੁਗਿਣਤੀ ਸ਼ਿਵ ਸੈਨਾ ਵਿਧਾਇਕਾਂ ਨੂੰ ਈ.ਡੀ. ਨਾਲ ਡਰਾ ਕੇ ਉਧਾਲ ਕੇ ਲੈ ਜਾਣ ਦਾ ਪ੍ਰੋਜੈਕਟ ਵਿੱਢਿਆ ਸੀ। ਉਨ੍ਹਾਂ ‘ਚੋਂ ਇਕ ਏਕਨਾਥ ਸ਼ਿੰਦੇ ਆਟੋਰਿਕਸ਼ਾ ਚਾਲਕ ਤੋਂ ਅਮੀਰ ਮੰਤਰੀ ਬਣਿਆ ਜਿਸ ਕੋਲ ਹੁਣ ਆਪਣੇ ਜ਼ੱਦੀ ਪਿੰਡ ਵਿਚ ਆਪਣੇ ਹੈਲੀਕਾਪਟਰ ਉਤਾਰਨ ਲਈ ਦੋ ਹੈਲੀਪੈਡ ਹਨ। ਇਸੇ ਤਰ੍ਹਾਂ ਸੜਕਾਂ ‘ਤੇ ਫਲ ਵੇਚਣ ਵਾਲੇ ਜੋ ਊਧਵ ਦੀ ਟੀਮ ਦੇ ਸਾਥੀ ਸਨ।
ਪਰ ਸ਼ਿਵ ਸੈਨਿਕ ਮੁੱਖ ਤੌਰ ‘ਤੇ ਠਾਕਰੇ ਪਰਿਵਾਰ ਦੇ ਵਫਾਦਾਰ ਹਨ ਅਤੇ ਇਸੇ ਲਈ ਰਾਜ ਘਰਾਣੇ ਨੂੰ ਭੰਡਣਾ ਜ਼ਰੂਰੀ ਹੋ ਗਿਆ। ਕੀ ਮੋਦੀ ਦੇ ਦਿਮਾਗ ਵਿਚ ਦੂਰਗਾਮੀ ਰਣਨੀਤੀ ਸੀ? ਪਰ ਜਦੋਂ ਭਾਜਪਾ ਦੇ ਇਕ ਪਾਰਟੀ ਰਾਜ ਦੇ ਉਭਰਨ ਦਾ ਵਿਰੋਧ ਕਰਨ ਵਾਲੇ ਜ਼ਿਆਦਾਤਰ ਸਿਆਸੀ ਆਗੂਆਂ ਨੇ ਦੂਜੀ ਪੀੜ੍ਹੀ ਵਾਲੇ ਹੁਕਮਰਾਨ ਜਾਂ ਸੰਭਾਵੀ ਹੁਕਮਰਾਨ ਬਣਨਾ ਹੈ ਜਿਨ੍ਹਾਂ ਨੂੰ ਸਿਆਸਤ ਦੀ ਵਿਰਾਸਤ ਆਪਣੇ ਉਘੇ ਬਾਪੂਆਂ ਜਾਂ ਦਾਦਾ/ਦਾਦੀ ਤੋਂ ਮਿਲੀ ਹੈ ਤਾਂ ਗੱਲ ਸਾਫ ਸਮਝ ਆ ਜਾਂਦੀ ਹੈ।
ਇਸ ਲਈ ਚਾਹੇ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਹੈ ਜਾਂ ਯੂ.ਪੀ. ਵਿਚ ਅਖਿਲੇਸ਼ ਯਾਦਵ ਜਾਂ ਬਿਹਾਰ ਵਿਚ ਤੇਜਸਵੀ ਯਾਦਵ ਜਾਂ ਉੜੀਸਾ ਵਿਚ ਨਵੀਨ ਪਟਨਾਇਕ ਜੋ ਮੋਦੀ ਦਾ ਵਿਰੋਧ ਬਿਲਕੁਲ ਨਹੀਂ ਕਰ ਰਿਹਾ ਪਰ ਪਿਛਲੇ ਕਰੀਬ ਦਹਾਕੇ ਤੋਂ ਉੜੀਸਾ ਵਿਚ ਭਾਜਪਾ ਦੇ ਪੈਰ ਨਹੀਂ ਲੱਗਣ ਦੇ ਰਿਹਾ; ਜਾਂ ਤਾਮਿਲਨਾਡੂ ਦਾ ਕੱਟੜ ਦ੍ਰਾਵਿੜੀ ਐੱਮ ਕੇ ਸਟਾਲਿਨ ਜਾਂ ਆਂਧਰਾ ਪ੍ਰਦੇਸ਼ ਵਿਚ ਜਗਨ ਮੋਹਨ ਰੈੱਡੀ, ਜਾਂ ਪੱਛਮੀ ਯੂ.ਪੀ. ਦਾ ਨਵਾਂ ਉਭਰਦਾ ਸਿਤਾਰਾ ਜੈਅੰਤ ਚੌਧਰੀ ਜੋ ਅਜੀਤ ਸਿੰਘ ਦਾ ਪੁੱਤਰ ਅਤੇ ਚੌਧਰੀ ਚਰਨ ਸਿੰਘ ਦਾ ਪੋਤਰਾ ਹੈ- ਇਹ ਸਭ ਆਪਣੀ ਵਿਰਾਸਤ ਰਾਹੀਂ ਰਾਜਨੀਤੀ ਵਿਚ ਆਏ ਹਨ। ਉਹ ਭਾਵੇਂ ਊਧਵ ਹੈ ਜਾਂ ਅਖਿਲੇਸ਼ ਜਾਂ ਤੇਜਸਵੀ, ਦੂਜੀ, ਤੀਜੀ ਪੀੜ੍ਹੀ ਦੇ ਜਿਨ੍ਹਾਂ ਆਗੂਆਂ ਨੂੰ ਮੋਦੀ ਨਿਸ਼ਾਨਾ ਬਣਾ ਰਿਹਾ ਹੈ, ਉਨ੍ਹਾਂ ਦੀ ਭਾਜਪਾ ਅਤੇ ਮੋਦੀ ਵਿਰੁੱਧ ਜਨ ਅੰਦੋਲਨ ਦੀ ਅਗਵਾਈ ਕਰਨ ਅਤੇ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਸਪਸ਼ਟਤਾ ਨਾਲ ਉਠਾਉਣ ਦੀ ਝਿਜਕ ਦਾ ਫਾਇਦਾ ਉਠਾਉਣ ਵਿਚ ਭਾਜਪਾ ਦੇ ਸਫਲ ਹੋਣ ਦੀ ਬਹੁਤ ਸੰਭਾਵਨਾ ਹੈ। ਇਸ ਨਿਯਮ ਦੇ ਅਪਵਾਦ ਵੀ ਹਨ। ਇਸ ਦੀ ਇਕ ਮਿਸਾਲ ਜੈਯੰਤ ਚੌਧਰੀ ਹੈ ਜੋ ਸਾਲ ਭਰ ਚੱਲੇ ਲੰਮੇ ਕਿਸਾਨ ਸੰਘਰਸ਼ ਦੌਰਾਨ ਉਨ੍ਹਾਂ ਨਾਲ ਲਗਾਤਾਰ ਜੁਿੜਆ ਰਿਹਾ, ਤੇ ਦੂਜਾ ਸਟਾਲਿਨ ਹੈ ਜਿਸ ਨੂੰ ਸਿਆਸਤ ਆਪਣੇ ਬਾਪ ਐੱਮ. ਕਰੁਣਾਨਿਧੀ ਤੋਂ ਵਿਰਸੇ ‘ਚ ਮਿਲੀ ਪਰ ਉਹ ਆਪਣੇ ਕ੍ਰਿਸ਼ਮਈ ਬਾਪ ਦੀ ਯੋਗ ਅਗਵਾਈ ‘ਚ ਹੇਠਲੇ ਪੱਧਰ ਤੋਂ ਕੰਮ ਕਰਦਿਆਂ ਉਭਰਿਆ ਹੈ। ਮੋਦੀ ਦਾ ਰਾਜ ਘਰਾਣਿਆਂ ਤੋਂ ਮੁਕਤ ਹੋਣ ਦਾ ਨਵਾਂ ਨਾਅਰਾ ਕੰਮ ਕਰ ਸਕਦਾ ਹੈ ਅਤੇ ਜਦੋਂ ਆਰ.ਐੱਸ.ਐੱਸ. ਦੇ ਸੌ ਸਾਲ ਪੂਰੇ ਹੋ ਰਹੇ ਹਨ ਤਾਂ ਸੰਘ ਪਰਿਵਾਰ ਦੇ ਨਵੇਂ ਰਾਜ ਘਰਾਣੇ ਦੇ ਉਭਰਨ ਵੱਲ ਵਧ ਸਕਦਾ ਹੈ।