ਪੰਜਾਬ ਸਿਰ ਚੜ੍ਹਿਆ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ

ਚੰਡੀਗੜ੍ਹ: ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਸਿਰ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ। ਹਾਲਾਤ ਨੂੰ ਵੇਖਦਿਆਂ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਸੂਬੇ ਵਿਚ ਵਿੱਤੀ ਐਮਰਜੈਂਸੀ ਲਾਉਣ ਦੀ ਮੰਗ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਆਰਥਿਕ ਨੀਤੀਆਂ ਕਾਰਨ ਪੰਜਾਬ ਸਿਰ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਹੈ ਜੋ ਨਿੱਤ ਦਿਨ ਵਧਦਾ ਜਾ ਰਿਹਾ ਹੈ।
ਸ਼ ਬਾਜਵਾ ਅਨੁਸਾਰ ਹਾਲਾਤ ਅਜਿਹੇ ਹਨ ਕਿ ਪੰਜਾਬ ਦੀ ਸਾਲਾਨਾ ਆਮਦਨ 30 ਹਜ਼ਾਰ ਕਰੋੜ ਰੁਪਏ ਤੇ ਸਾਲਾਨਾ ਖਰਚਾ 42 ਹਜ਼ਾਰ ਕਰੋੜ ਰੁਪਏ ਦਾ ਹੈ। ਅਜਿਹੇ ਮਾੜੇ ਆਰਥਿਕ ਸੰਕਟ ਵਿਚ ਫਸੇ ਪੰਜਾਬ ਨੂੰ ਬਚਾਉਣ ਲਈ ਹੀ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਗਲੇ ਦਿਨਾਂ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਮਿਲਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੰਕਟ ਵਿਚ ਫਸੀ ਪੰਜਾਬ ਸਰਕਾਰ ਨੇ ਪੁੱਡਾ ਨੂੰ ਹੁਕਮ ਦੇ ਦਿੱਤੇ ਹਨ ਕਿ ਸਰਕਾਰੀ ਜਾਇਦਾਦਾਂ ਵੇਚ ਕੇ ਇਕ ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾਵੇ। ਵਿਧਾਨ ਸਭਾ ਚੋਣਾਂ ਸਮੇਂ ਬੇਰੁਜ਼ਗਾਰਾਂ ਨੂੰ ਇਕ ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਪਰ ਨਾ ਕਿਸੇ ਨੂੰ ਰੁਜ਼ਗਾਰ ਤੇ ਨਾ ਕਿਸੇ ਨੂੰ ਭੱਤਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ 31 ਅਗਸਤ ਤੱਕ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਇਕ ਲੱਖ 17 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਦੇ ਨਾਂ ਰੁਜ਼ਗਾਰ ਦਫ਼ਤਰਾਂ ਵਿਚ ਦਰਜ ਕਰਵਾ ਕੇ ਸਰਕਾਰ ਤੋਂ ਬੇਰੁਜ਼ਗਾਰਾਂ ਨੂੰ ਪਿਛਲੇ 18 ਮਹੀØਨਿਆਂ ਦੇ ਬਕਾਏ ਸਮੇਤ ਭੱਤੇ ਦੀ ਮੰਗ ਕਰਨਗੇ। ਜੇਕਰ ਸਰਕਾਰ ਨੇ ਬੇਰੁਜ਼ਗਾਰੀ ਭੱਤਾ ਨਾ ਦਿੱਤਾ ਤਾਂ ਉਹ ਸਤੰਬਰ ਮਹੀਨੇ ਬਤੌਰ ਪੰਜਾਬ ਕਾਂਗਰਸ ਪ੍ਰਧਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਦਾਇਰ ਕਰਕੇ ਬੇਰੁਜ਼ਗਾਰਾਂ ਨੂੰ ਇਹ ਹੱਕ ਦਿਵਾ ਕੇ ਰਹਿਣਗੇ।
ਸ਼ ਬਾਜਵਾ ਨੇ ਸਵਾਲ ਕੀਤਾ ਕਿ ਸ਼ ਬਾਦਲ ਦੱਸਣ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਤੇ ਆਈæਏæਐਸ਼ ਅਫਸਰ ਕਾਹਨ ਸਿੰਘ ਪੰਨੂ ਦੀ ਪੱਗ ਵਿਚ ਕੀ ਫਰਕ ਹੈ। ਮਨਜੀਤ ਸਿੰਘ ਜੀæਕੇæ ਦੀ ਪੱਗ ਨੂੰ ਹੱਥ ਹੀ ਲੱਗਿਆ ਤਾਂ ਸ਼ ਬਾਦਲ ਨੂੰ ਵੱਡਾ ਦੁੱਖ ਪਹੁੰਚਿਆ ਸੀ ਪਰ ਜਦੋਂ ਉਤਰਾਖੰਡ ਵਿਚ ਕਾਹਨ ਸਿੰਘ ਪੰਨੂ ਦੀ ਪੱਗ ਲਾਹੀ ਗਈ ਤਾਂ ਸ਼ ਬਾਦਲ ‘ਤੇ ਕੋਈ ਅਸਰ ਨਹੀਂ ਹੋਇਆ।
ਸ਼ ਬਾਜਵਾ ਨੇ ਕਿਹਾ ਕਿ ਸ਼ ਬਾਦਲ ਨਿੱਤ ਦਿਨ ਕਹਿੰਦੇ ਹਨ ਕਿ ਕਾਂਗਰਸ ਦੀ ਪੰਜਾਬ ਨੂੰ ਕੀ ਦੇਣ ਹੈ। ਉਹ ਸ਼ ਬਾਦਲ ਨੂੰ ਦੱਸਣਾ ਚਾਹੁੰਦੇ ਹਨ ਕਿ ਸੋਨੀਆ ਗਾਂਧੀ ਦੀ ਅਗਵਾਈ ਹੇਠ ਸਮੁੱਚੀ ਕਾਂਗਰਸ ਨੇ ਘੱਟ ਗਿਣਤੀਆਂ ਨਾਲ ਸਬੰਧਤ ਇਕ ਸਿੱਖ ਆਗੂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਦਿੱਤੀ ਹੈ ਪਰ ਬਾਦਲ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਲਈ ਵੀ ਮੁੱਖ ਮੰਤਰੀ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ, ਜਦੋਂਕਿ ਉਹ ਕਈ ਸਾਲਾਂ ਤੋਂ ਆਪਣੇ ਬਾਪੂ ਤੋਂ ਕੁਰਸੀ ਛੁਡਵਾਉਣ ਲਈ ਭੱਜ ਦੌੜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਬਾਪ ਨੂੰ ਆਪਣੇ ਮੁੰਡੇ ਉਤੇ ਯਕੀਨ ਨਹੀਂ ਹੈ, ਉਸ ‘ਤੇ ਪੰਜਾਬ ਦੇ ਲੋਕ ਯਕੀਨ ਕਿਵੇਂ ਕਰ ਸਕਦੇ ਹਨ।
_____________________________
ਇਮਾਰਤਾਂ ਗਹਿਣੇ ਪਾ ਕੇ ਕੰਮ ਚਲਾਏਗੀ ਪੰਜਾਬ ਸਰਕਾਰ
ਚੰਡੀਗੜ੍ਹ: ਕਮਾਈ ਨਾਲੋਂ ਖਰਚੇ ਵੱਧ ਹੋਣ ਕਰਕੇ ਕੰਗਾਲੀ ਦੇ ਦੌਰ ਵਿਚੋਂ ਲੰਘ ਰਹੀ ਪੰਜਾਬ ਸਰਕਾਰ ਹੁਣ ਆਪਣੀਆਂ ਇਮਾਰਤਾਂ ਗਹਿਣੇ ਧਰਨ ਦੇ ਰਾਹ ਤੁਰ ਪਈ ਹੈ। ਮੁਲਾਜ਼ਮਾਂ ਦੀਆਂ ਤਨਖਾਹਾਂ ਦੀ ਅਦਾਇਗੀ ਤੇ ਓਵਰਡ੍ਰਾਫਟ ਦੀ ਰਕਮ ਤਾਰਨ ਦੀ ਮਜਬੂਰੀ ਕਾਰਨ ਸਰਕਾਰ ਨੇ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਦੀ ਜਾਇਦਾਦ ਗਿਰਵੀ ਰੱਖਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।
ਕੁਝ ਇਮਾਰਤਾਂ ਜਨਤਕ ਖੇਤਰ ਦੇ ਇਕ ਪ੍ਰਮੁੱਖ ਬੈਂਕ ਕੋਲ 500 ਕਰੋੜ ਰੁਪਏ ਲਈ ਗਹਿਣੇ ਧਰੀਆਂ ਜਾ ਰਹੀਆਂ ਹਨ ਤਾਂ ਜੋ ਪਹਿਲੀ ਸਤੰਬਰ ਨੂੰ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਦੇਣ ਲਈ 1681 ਕਰੋੜ ਰੁਪਏ ਪੂਰੇ ਕੀਤੇ ਜਾ ਸਕਣ। ਅਗਸਤ ਮਹੀਨੇ ਟੈਕਸਾਂ ਤੇ ਹੋਰ ਮਾਲੀ ਸਾਧਨਾਂ ਦੇ ਜ਼ਰੀਏ ਇਕੱਤਰ ਹੋਈ ਰਕਮ ਵਿਚੋਂ 400 ਕਰੋੜ ਰੁਪਏ ਪਹਿਲਾਂ ਹੀ ਓਵਰਡ੍ਰਾਫਟ ਦੀ ਅਦਾਇਗੀ ‘ਤੇ ਖਰਚੇ ਜਾ ਚੁੱਕੇ ਹਨ। ਇਹੀ ਕਾਰਨ ਹੈ ਕਿ ਪਹਿਲੀ ਸਤੰਬਰ ਨੂੰ ਤਨਖਾਹਾਂ ਤੇ ਪੈਨਸ਼ਨਾਂ ਦੇਣ ਲਈ ਲੋੜੀਂਦੀ ਰਕਮ ਦੀ ਘਾਟ ਪੈਦਾ ਹੋਈ। ਚਾਰ ਸੌ ਕਰੋੜ ਰੁਪਏ ਦੀ ਅਦਾਇਗੀ ਕਰਨ ਦੇ ਬਾਵਜੂਦ ਸੂਬਾ ਸਰਕਾਰ ਸਿਰ 320 ਕਰੋੜ ਰੁਪਏ ਦਾ ਓਵਰਡ੍ਰਾਫਟ ਅਜੇ ਬਾਕੀ ਹੈ।

Be the first to comment

Leave a Reply

Your email address will not be published.