ਚਾਰ ਸਾਲਾਂ `ਚ 700 ਨੌਜਵਾਨ ਅਤਿਵਾਦੀ ਸੰਗਠਨਾਂ ਨਾਲ ਜੁੜੇ

ਨਵੀਂ ਦਿੱਲੀ: ਅਤਿਵਾਦੀ ਸੰਗਠਨਾਂ ਨੇ ਪਿਛਲੇ ਚਾਰ ਸਾਲਾਂ ਵਿਚ ਜੰਮੂ ਕਸ਼ਮੀਰ ਦੇ ਸੱਤ ਸੌ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਇਨ੍ਹਾਂ ‘ਚੋਂ 141 ਅਤਿਵਾਦੀ, ਜਿਨ੍ਹਾਂ ‘ਚ ਜ਼ਿਆਦਾਤਰ ਵਿਦੇਸ਼ੀ ਸ਼ਾਮਲ ਹਨ, ਇਸ ਸਮੇਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਰਗਰਮ ਹਨ।

ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ 5 ਜੁਲਾਈ 2022 ਤੱਕ ਜੰਮੂ ਕਸ਼ਮੀਰ ਵਿਚ ਕੁੱਲ 82 ਵਿਦੇਸ਼ੀ ਜਦੋਂਕਿ 59 ਸਥਾਨਕ ਅਤਿਵਾਦੀ ਸਰਗਰਮ ਸਨ। ਇਕ ਅਧਿਕਾਰੀ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਅਤਿਵਾਦੀ ਜ਼ਿਆਦਾਤਰ ਲਸ਼ਕਰ-ਏ-ਤਇਬਾ, ਜੈਸ਼-ਏ-ਮੁਹੰਮਦ ਅਤੇ ਹਿਜਬੁਲ ਮੁਜਾਹਿਦੀਨ ਵਰਗੇ ਸੰਗਠਨਾਂ ਨਾਲ ਸਬੰਧਤ ਹਨ। ਵੱਖ-ਵੱਖ ਅਤਿਵਾਦੀ ਸੰਗਠਨਾਂ ਨੇ ਪਿਛਲੇ ਚਾਰ ਸਾਲਾਂ ਵਿਚ ਜੰਮ ਕਸ਼ਮੀਰ ‘ਚ 700 ਸਥਾਨਕ ਨੌਜਵਾਨਾਂ ਦੀ ਭਰਤੀ ਕੀਤੀ ਹੈ, ਜਿਸ ਤਹਿਤ 2018 ਵਿਚ 187, 2019 ਵਿਚ 121, 2020 ਵਿਚ 181 ਅਤੇ 2021 ਵਿਚ 142 ਨੌਜਵਾਨ ਇਨ੍ਹਾਂ ਸੰਗਠਨਾਂ ਨਾਲ ਜੁੜੇ ਹਨ। ਇਸ ਸਾਲ ਜੂਨ ਦੇ ਅੰਤ ਤੱਕ 69 ਨੌਜਵਾਨ ਪਾਬੰਦੀਸ਼ੁਦਾ ਸੰਗਠਨਾਂ ਵਿਚ ਸ਼ਾਮਲ ਹੋਏ ਹਨ।
ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਇਸ ਸਾਲ 55 ਮੁਕਾਬਲਿਆਂ ਵਿਚ 125 ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ, ਜਿਨ੍ਹਾਂ ‘ਚੋਂ 91 ਸਥਾਨਕ ਅਤੇ 34 ਵਿਦੇਸ਼ੀ ਸਨ। ਇਸ ਤੋਂ ਇਲਾਵਾ ਇਨ੍ਹਾਂ ਮੁਕਾਬਲਿਆਂ ਵਿਚ 123 ਅਤਿਵਾਦੀ ਫੜੇ ਗਏ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਅਤਿਵਾਦੀਆਂ ਨਾਲ ਸਬੰਧਤ ਘਟਨਾਵਾਂ ਵਿਚ ਇਸ ਸਾਲ ਦੋ ਸੁਰੱਖਿਆ ਮੁਲਾਜ਼ਮ ਆਪਣੀ ਜਾਨ ਗੁਆ ਚੁੱਕੇ ਹਨ ਜਦਕਿ 23 ਜ਼ਖਮੀ ਹੋਏ ਹਨ।