ਮੋਗਾ: ਜ਼ਿਲ੍ਹੇ ਦੇ ਪਿੰਡ ਮੱਲਕੇ ਵਿਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਮਾਮਲੇ ਵਿਚ ਮੋਗਾ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਫੈਸਲਾ ਸੁਣਾਉਣ ਤੋਂ ਪਹਿਲਾਂ ਮੋਗਾ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਪਿੰਡ ਮੱਲਕੇ ਦੇ ਗੁਰਸੇਵਕ ਸਿੰਘ ਵੱਲੋਂ ਥਾਣਾ ਸਮਾਲਸਰ ਵਿਚ ਦਿੱਤੀ ਗਈ ਦਰਖ਼ਾਸਤ ਦੇ ਆਧਾਰ ‘ਤੇ ਚੱਲ ਰਹੇ ਕੇਸ ਦਾ ਅਦਾਲਤ ਨੇ ਨਿਬੇੜਾ ਕਰਦਿਆਂ ਡੇਰਾ ਸਟੇਟ ਕਮੇਟੀ ਮੈਂਬਰ ਅਤੇ ਬਾਘਾਪੁਰਾਣਾ ਨਿਵਾਸੀ ਪ੍ਰਿਥੀ ਸਿੰਘ, ਮਿੱਠੂ ਸਿੰਘ ਅਤੇ ਰਮਨਦੀਪ ਸਿੰਘ ਨੂੰ ਸਜ਼ਾ ਸੁਣਾਈ ਹੈ ਜਦਕਿ ਸਤਨਾਮ ਸਿੰਘ ਅਤੇ ਦਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸੇ ਤਰ੍ਹਾਂ ਤਿੰਨ ਹੋਰ ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਭਗੌੜੇ ਕਰਾਰ ਦਿੱਤਾ ਹੈ।
ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਕੇਸ ਦੁਬਾਰਾ ਮੋਗਾ ਅਦਾਲਤ ਹਵਾਲੇ ਕਰ ਦਿੱਤਾ ਸੀ। ਸ਼ਿਕਾਇਤਕਰਤਾ ਗੁਰਸੇਵਕ ਸਿੰਘ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਵਿਚ ਦੇਰ ਜਰੂਰ ਹੋਈ ਹੈ ਪਰ ਉਨ੍ਹਾਂ ਨੂੰ ਇਨਸਾਫ ਮਿਲ ਗਿਆ ਹੈ। ਉਸ ਨੇ ਪੁਲਿਸ ਤੋਂ ਸੁਰੱਖਿਆ ਵਧਾਉਣ ਦੀ ਮੰਗ ਕਰਦਿਆਂ ਦੱਸਿਆ ਕਿ ਉਸ ਕੋਲ ਸਿਰਫ ਇਕ ਹੀ ਗੰਨਮੈਨ ਹੈ। ਗੁਰਸੇਵਕ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ 295ਏ ਦੇ ਨਾਲ ਧਾਰਾ 302 ਵੀ ਜੋੜੇ ਅਤੇ ਭਗੌੜੇ ਦੋਸ਼ੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿਵਾਏ।
ਸਾਰਿਆਂ ਨੂੰ ਇਨਸਾਫ ਮਿਲੇਗਾ: ਰਾਘਵ ਚੱਢਾ
ਚੰਡੀਗੜ੍ਹ: ‘ਆਪ` ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਹਿਲੇ ਮਾਮਲੇ `ਚ ਮੋਗਾ ਅਦਾਲਤ ਵੱਲੋਂ ਤਿੰਨ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ‘ਆਪ` ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਮੱਲਕੇ ਬੇਅਦਬੀ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਕਾਂਗਰਸ ਦੀ ਦੋਸ਼ੀਆਂ ਨੂੰ ਦਿੱਤੀ ਨਾਪਾਕ ਸਰਪ੍ਰਸਤੀ ਦਾ ਅੰਤ ਹੋ ਗਿਆ ਹੈੈ। ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ` ਸਰਕਾਰ `ਚ ਹਰ ਕਿਸੇ ਨੂੰ ਇਨਸਾਫ਼ ਮਿਲੇਗਾ।
ਪੰਜਾਬ ਸਰਕਾਰ ਦਾ ਚਿਹਰਾ ਬੇਨਕਾਬ ਹੋਇਆ: ਸਿਰਸਾ
ਨਵੀਂ ਦਿੱਲੀ: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਦੀ ਸਜ਼ਾ ਯਕੀਨੀ ਨਾ ਬਣਾਉਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ‘ਆਪ` ਆਗੂ ਨਿਗੂਣੀ ਸਜ਼ਾ ਮਿਲਣ `ਤੇ ਆਪਣੀ ਪਿੱਠ ਥਾਪੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਰਾਘਵ ਚੱਢਾ ਬੇਅਦਬੀ ਦੇ ਦੋਸ਼ੀਆਂ ਨੂੰ 3 ਸਾਲ ਦੀ ਸਜ਼ਾ ਮਿਲਣ `ਤੇ ਆਪਣੀ ਪਿੱਠ ਥਾਪੜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਪੰਜਾਬ ਸਰਕਾਰ ਦਾ ਅਸਲ ਚਿਹਰਾ ਬੇਨਕਾਬ ਕਰ ਦਿੱਤਾ ਹੈ।