ਭਗਵੰਤ ਮਾਨ ਦੀ ਕੋਠੀ ਘੇਰਨ ਆਏ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵਿਚਾਲੇ ਧੱਕਾ ਮੁੱਕੀ

ਸੰਗਰੂਰ: ਰੈਗੂਲਰ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੀ ਮੰਗ ਸਬੰਧੀ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ। ਜਦੋਂ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਬੈਰੀਕੇਡ ਟੱਪ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਵਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ।

ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ ਮੁੱਕੀ ਹੋਈ, ਜਿਸ ਵਿਚ ਇਕ ਮਹਿਲਾ ਸਣੇ ਤਿੰਨ ਪ੍ਰਦਰਸ਼ਨਕਾਰੀ ਬੇਹੋਸ਼ ਹੋ ਗਏ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਤੁਰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ 646 ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਯੂਨੀਅਨ ਦੇ ਕਾਰਕੁਨ 12 ਸਾਲਾਂ ਤੋਂ ਲਟਕ ਰਹੀ ਭਰਤੀ ਮੁਕੰਮਲ ਕਰਨ ਦੀ ਮੰਗ ਲੈ ਕੇ ਇਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਕੋਠੀ ਵੱਲ ਵਧਣ ਤੋਂ ਰੋਕਣ ਲਈ ਪਹਿਲਾਂ ਹੀ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਸਨ।
ਬੇਰੁਜ਼ਗਾਰ 646 ਪੀ.ਟੀ.ਆਈ. ਅਧਿਆਪਕ ਯੂਨੀਅਨ ਦੇ ਆਗੂਆਂ ਨੇ ਪੁਲਿਸ ‘ਤੇ ਲਾਠੀਚਾਰਜ ਕਰਨ ਦੇ ਦੋਸ਼ ਲਾਏ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਗੁਰਲਾਭ ਸਿੰਘ ਤੇ ਸੂਬਾ ਕਮੇਟੀ ਮੈਂਬਰ ਰਾਜਪਾਲ ਜਲਾਲਾਬਾਦ ਨੇ ਕਿਹਾ ਕਿ ਸੰਗਰੂਰ ਸੰਸਦੀ ਹਲਕੇ ਦੀ ਉਪ ਚੋਣ ਦੇ ਪ੍ਰਚਾਰ ਦੌਰਾਨ ‘ਆਪ‘ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਤੋਂ ਇਕ ਦਿਨ ਪਹਿਲਾਂ ਸਰਕਾਰ ਵੱਲੋਂ ਪੁੱਜੀ ਵਿਧਾਇਕਾ ਨੀਨਾ ਮਿੱਤਲ ਨੇ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾ ਸਿੱਪੀ ਸ਼ਰਮਾ ਅਤੇ ਰਵਨੀਤ ਕੌਰ ਨੂੰ ਸੰਗਰੂਰ ਸਥਿਤ ਪਾਣੀ ਵਾਲੀ ਟੈਂਕੀ ਤੋਂ ਛੇਵੇਂ ਦਿਨ ਹੇਠਾਂ ਉਤਾਰਿਆ ਸੀ ਅਤੇ ਵੀਡੀਓ ਕਾਲ ਰਾਹੀਂ ਸਿੱਖਿਆ ਮੰਤਰੀ ਮੀਤ ਹੇਅਰ ਨੇ ਵੀ ਗੱਲ ਕਰਕੇ ਦਸ ਦਿਨਾਂ ਵਿਚ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੀ ਪੈਨਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹਾਲੇ ਤੱਕ ਇਹ ਵਾਅਦਾ ਵੀ ਵਫ਼ਾ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਕੋਠੀ ਅੱਗੇ ਪੁਲਿਸ ਮੁਲਾਜ਼ਮਾਂ ਨੇ ਲਾਠੀਚਾਰਜ ਕਰਦਿਆਂ ਪ੍ਰਦਰਸ਼ਨਕਾਰੀਆਂ ਦੇ ਕਥਿਤ ਲੱਤਾਂ ਵੀ ਮਾਰੀਆਂ ਹਨ। ਇਸ ਮੌਕੇ ਤਿੰਨ ਬੇਰੁਜ਼ਗਾਰ ਅਧਿਆਪਕ ਹੇਮੰਤ ਕੁਮਾਰ ਨਾਭਾ, ਪਰਸ਼ਿੰਦਰ ਕੁਮਾਰ, ਜ਼ਿਲ੍ਹਾ ਪਟਿਆਲਾ ਅਤੇ ਨੇਹਾ ਖੁੱਲਰ ਜ਼ਿਲ੍ਹਾ ਮੁਹਾਲੀ ਬੇਹੋਸ਼ ਹੋਏ ਹਨ।