ਸਾਬਕਾ ਸਪੀਕਰ ਕਾਹਲੋਂ ਦਾ ਭਤੀਜਾ ਗ੍ਰਿਫਤਾਰ

ਲੁਧਿਆਣਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਹੁਣ ਅਕਾਲੀ ਆਗੂ ਤੇ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਦੇ ਨਾਲ ਜੁੜਦੇ ਨਜ਼ਰ ਆ ਰਹੇ ਹਨ। ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ-1 ਦੀ ਟੀਮ ਨੇ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ 10 ਦਿਨ ਪਹਿਲਾਂ ਸੰਦੀਪ ਕਾਹਲੋਂ ਦਾ ਸਾਥੀ ਸਤਬੀਰ ਸਿੰਘ ਹੀ ਫਾਰਚੂਨਰ ਕਾਰ ‘ਚ ਤਿੰਨ ਗੈਂਗਸਟਰਾਂ ਨੂੰ ਬਠਿੰਡਾ ਛੱਡ ਕੇ ਆਇਆ ਸੀ। ਉਥੇ ਬਲਦੇਵ ਚੌਧਰੀ ਨੇ ਗੈਂਗਸਟਰ ਗੋਲਡੀ ਬਰਾੜ ਦੇ ਹੁਕਮ ‘ਤੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਜਦੋਂ ਸੰਦੀਪ ਕਾਹਲੋਂ ਦਾ ਨਾਂ ਸਾਹਮਣੇ ਆਇਆ ਤਾਂ ਉਹ ਅੰਡਰ ਗਰਾਊਂਡ ਹੋ ਗਿਆ, ਬਾਅਦ ‘ਚ ਕਮਿਸ਼ਨਰੇਟ ਪੁਲਿਸ ਦੀ ਸੀ.ਆਈ.ਏ. ਟੀਮ ਨੇ ਉਸ ਨੂੰ ਕਾਬੂ ਕਰ ਲਿਆ ਹੈ।
ਸੀ.ਆਈ.ਏ-1 ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਸਤਬੀਰ ਤੋਂ ਕੀਤੀ ਪੁੱਛਗਿਛ ‘ਚ ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦਸ ਦਿਨ ਪਹਿਲਾਂ ਸੰਦੀਪ ਸਿੰਘ ਕਾਹਲੋਂ ਨੇ ਹੀ ਮਨੀ ਰਈਆ, ਮਨਦੀਪ ਤੂਫ਼ਾਨ ਤੇ ਇਕ ਅਣਪਛਾਤੇ ਗੈਂਗਸਟਰ ਨੂੰ ਛੱਡਣ ਲਈ ਸਤਬੀਰ ਨੂੰ ਅੰਮ੍ਰਿਤਸਰ ਤੋਂ ਬਠਿੰਡਾ ਭੇਜਿਆ ਸੀ। ਪੁੱਛਗਿੱਛ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸੰਦੀਪ ਕਾਹਲੋਂ ਨੇ ਸਤਬੀਰ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਨ੍ਹਾਂ ਦੇ ਲੋਕਾਂ ਨੇ ਹੀ ਸਿੱਧੂ ਦਾ ਕਤਲ ਕੀਤਾ ਹੈ ਤੇ ਉਹ ਥੋੜ੍ਹਾ ਚੌਕਸ ਰਹੇ। ਇਹ ਵੀ ਗੱਲ ਹੋਈ ਸੀ ਕਿ ਉਹ ਉਨ੍ਹਾਂ ਦੇ ਜਾਅਲੀ ਪਾਸਪੋਰਟ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ‘ਚ ਹੈ ਤਾਂ ਕਿ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾ ਸਕੇ। ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਸੰਦੀਪ ਸਿੰਘ ਕਾਹਲੋਂ ਤੇ ਜੱਗੂ ਭਗਵਾਨਪੁਰੀਆ ਦੇ ਕਾਫ਼ੀ ਪੁਰਾਣੇ ਸਬੰਧ ਹਨ। ਗੈਂਗਸਟਰ ਮਨੀ ਰਈਆ ਤੇ ਸੰਦੀਪ ਤੂਫ਼ਾਨ ਦੋਵੇਂ ਜੱਗੂ ਦੇ ਪੁਰਾਣੇ ਸਾਥੀ ਹਨ। ਜੱਗੂ ਦੇ ਹੁਕਮ ਤੋਂ ਬਾਅਦ ਹੀ ਸੰਦੀਪ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਤਬੀਰ ਤਿੰਨਾਂ ਨੂੰ ਫਾਰਚੂਨਰ ਕਾਰ ‘ਚ 19 ਮਈ ਨੂੰ ਬਠਿੰਡਾ ਛੱਡ ਕੇ ਆਇਆ ਸੀ।