ਮਾਨਸਾ: ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਮਾਨਸਾ ਪੁਲਿਸ ਵੱਲੋਂ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਪ੍ਰਿਆਵਰਤ ਫੌਜੀ ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਅਹਿਮ ਖੁਲਾਸਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਗਾਇਕ ਦੀ ਸੁਰੱਖਿਆ ਵਿਚ ਕੀਤੀ ਗਈ ਕਟੌਤੀ ਦਾ ਫੈਸਲਾ ਹੀ ਕਤਲ ਦਾ ਮੁੱਖ ਕਾਰਨ ਬਣਿਆ ਹੈ।
ਸ਼ੂਟਰ ਪ੍ਰਿਆਵਰਤ ਫੌਜੀ ਦੇ ਮੋਬਾਈਲ ਫੋਨ ਦੀ ਕੀਤੀ ਗਈ ਘੋਖ ਪੜਤਾਲ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਜਦੋਂ 28 ਮਈ ਨੂੰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਗਈ ਤਾਂ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪ੍ਰਿਆਵਰਤ ਫੌਜੀ ਨੂੰ ਫੋਨ ਕਰ ਕੇ 29 ਮਈ ਨੂੰ ਹੀ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਗਿਆ ਸੀ।
ਜਾਣਕਾਰੀ ਮੁਤਾਬਕ ਜਿਉਂ ਹੀ 29 ਮਈ ਨੂੰ ਸਿੱਧੂ ਮੂਸੇਵਾਲਾ ਸ਼ਾਮ ਨੂੰ ਆਪਣੇ ਘਰੋਂ ਨਿਕਲਿਆ ਤਾਂ ਇਸ ਦੀ ਜਾਣਕਾਰੀ ਸੰਦੀਪ ਉਰਫ ਕੇਕੜਾ ਨੇ ਫੋਨ ਕਰ ਕੇ ਗੋਲਡੀ ਬਰਾੜ ਨੂੰ ਦੇ ਦਿੱਤੀ ਸੀ। ਗੋਲਡੀ ਬਰਾੜ ਨੇ ਤੁਰਤ ਇਹ ਸੂਚਨਾ ਪ੍ਰਿਆਵਰਤ ਫੌਜੀ ਨੂੰ ਦਿੱਤੀ ਤੇ ‘ਕੰਮ ਕਰਨ ਲਈ` ਨਿਰਦੇਸ਼ ਦਿੱਤਾ। ਥੋੜ੍ਹੀ ਦੇਰ ਬਾਅਦ ਹੀ ਘਰ ਤੋਂ ਥੋੜ੍ਹੀ ਦੂਰੀ `ਤੇ ਪਿੰਡ ਜਵਾਹਰਕੇ ਵਿਚ ਸਿੱਧੂ ਤੇ ਉਸ ਦੇ ਦੋ ਸਾਥੀਆਂ `ਤੇ ਹਮਲਾ ਕੀਤਾ ਗਿਆ ਅਤੇ ਗੋਲੀਆਂ ਲੱਗਣ ਕਾਰਨ ਸ਼ੁਭਦੀਪ ਸਿੰਘ ਸਿੱਧੂ ਦੀ ਮੌਕੇ `ਤੇ ਹੀ ਮੌਤ ਹੋ ਗਈ।
ਇਹ ਵੀ ਜਾਣਕਾਰੀ ਮਿਲੀ ਹੈ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਤੁਰਤ ਪ੍ਰਿਆਵਰਤ ਫੌਜੀ ਨੇ ਹੀ ਗੋਲਡੀ ਬਰਾੜ ਨੂੰ ਦਿੱਤੀ ਸੀ। ਸਿੱਧੂ ਦੇ ਕਤਲ ਤੋਂ ਦੋ ਘੰਟਿਆਂ ਬਾਅਦ ਇਸ ਘਟਨਾ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ ਸੀ। ਪੁਲਿਸ ਨੂੰ ਇਹ ਜਾਣਕਾਰੀ ਵੀ ਮਿਲੀ ਹੈ ਕਿ ਸੁਰੱਖਿਆ ਘਟਾਉਣ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਿਆਵਰਤ ਫੌਜੀ ਤੇ ਉਸ ਦੇ ਸਾਥੀਆਂ ਦੀਆਂ ਗਤੀਵਿਧੀਆਂ ਵਿਚ ਤੇਜ਼ੀ ਆਈ ਸੀ ਤੇ ਉਨ੍ਹਾਂ ਦਾ ਹੌਸਲਾ ਵਧਿਆ ਸੀ। ਸੁਰੱਖਿਆ ਦੀ ਕਟੌਤੀ ਮਗਰੋਂ ਗੋਲਡੀ ਨੇ ਸਾਰੇ ਸਹਾਇਕਾਂ ਅਤੇ ਸ਼ਾਰਪ ਸ਼ੂਟਰਾਂ ਨੂੰ ਚੌਕਸ ਕਰ ਦਿੱਤਾ ਸੀ ਤੇ ਮੂਸੇਵਾਲਾ ਦੇ ਘਰ ‘ਤੇ ਪਲ-ਪਲ ਨਜ਼ਰ ਰੱਖੀ ਜਾਣ ਲੱਗੀ ਸੀ, ਜੋ ਉਸ ਦੇ ਹਮਲੇ ਤੱਕ ਬਕਾਇਦਾ ਜਾਰੀ ਸੀ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ 29 ਮਈ ਨੂੰ ਘਰੋਂ ਬਾਹਰ ਨਹੀਂ ਆਇਆ ਸੀ। ਹਾਲਾਂ ਕਿ, ਜਦੋਂ ਵੀ ਕੋਈ ਪ੍ਰਸ਼ੰਸਕ ਫੋਟੋਆਂ ਲਈ ਉਨ੍ਹਾਂ ਦੇ ਘਰ ਜਾਂਦਾ ਸੀ ਤਾਂ ਮੂਸੇਵਾਲਾ ਉਨ੍ਹਾਂ ਨੂੰ ਜ਼ਰੂਰ ਮਿਲਦਾ ਸੀ। ਇਸ ਕਾਰਨ ਸੰਦੀਪ ਕੇਕੜਾ ਸਾਥੀ ਬਲਦੇਵ ਨਿੱਕੂ ਨਾਲ ਫੈਨ ਬਣ ਕੇ ਸਿੱਧੂ ਮੂਸੇਵਾਲਾ ਦੇ ਘਰ ਪੁੱਜਿਆ ਸੀ। ਉਸ ਸਮੇਂ ਤੱਕ ਮੂਸੇਵਾਲਾ ਨੂੰ ਘਰ ਅੰਦਰ ਦਾਖਲ ਹੋ ਕੇ ਮਾਰਨ ਦੀ ਵੀ ਯੋਜਨਾ ਸੀ।
ਸੀ.ਬੀ.ਆਈ. ਤੋਂ ਜਾਂਚ ਕਰਾਉਣ ਬਾਰੇ ਪਟੀਸ਼ਨ ਖਾਰਜ
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਬਾਰੇ ਸੁਪਰੀਮ ਕੋਰਟ ਪਾਈ ਪਟੀਸ਼ਨ ਸਿਖਰਲੀ ਅਦਾਲਤ ਨੇ ਖਾਰਜ ਕਰ ਦਿੱਤੀ। ਇਸ ਪਟੀਸ਼ਨ ਵਿਚ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕੇਂਦਰੀ ਏਜੰਸੀ ਸੀ.ਬੀ.ਆਈ. ਨੂੰ ਸੌਂਪਣ ਦੀ ਮੰਗ ਕੀਤੀ ਗਈ ਸੀ। ਇਹ ਪਟੀਸ਼ਨ ਮਾਨਸਾ ਜ਼ਿਲ੍ਹੇ ਤੋਂ ਭਾਜਪਾ ਦੇ ਆਗੂ ਜਗਜੀਤ ਸਿੰਘ ਮਿਲਖਾ ਵੱਲੋਂ ਪਾਈ ਗਈ ਸੀ। ਭਾਜਪਾ ਨੇਤਾ ਦਾ ਕਹਿਣਾ ਸੀ ਕਿ ਇਸ ਕਤਲ ਕਾਂਡ ਦੀਆਂ ਕੜੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਜੁੜੀਆਂ ਹੋਈਆਂ ਹਨ, ਜਿਸ ਕਰਕੇ ਪੰਜਾਬ ਪੁਲਿਸ ਤੋਂ ਇਸ ਕੇਸ ਦੀ ਜਾਂਚ ਸਹੀ ਰੂਪ ਵਿਚ ਹੋ ਨਹੀਂ ਸਕਦੀ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਚੰਡੀਗੜ੍ਹ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਪੇਸ਼ ਹੋ ਕੇ ਕਤਲ ਕਾਂਡ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਕਰਾਉਣ ਦੀ ਮੰਗ ਕੀਤੀ ਗਈ ਸੀ।