ਚੰਡੀਗੜ੍ਹ: ਵਿਦੇਸ਼ੀ ਮੁਲਕਾਂ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਹੁਣ ਸਿੱਖਿਆ ਪਹਿਲਾਂ ਨਾਲੋਂ ਕਾਫੀ ਮਹਿੰਗੀ ਹੋ ਗਈ ਹੈ। ਅਜਿਹਾ ਹਾਲ ਹੀ ਵਿਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਘਟਣ ਕਾਰਨ ਹੋਇਆ ਹੈ। ਰੁਪਏ ਦੀ ਡਿੱਗ ਰਹੀ ਕੀਮਤ ਕਾਰਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਆਰਥਿਕਤਾ ਲੜਖੜਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟੱਡੀ ਵੀਜ਼ੇ ‘ਤੇ ਵਿਦੇਸ਼ਾਂ ਵਿਚ ਮਿਆਰੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ‘ਤੇ ਤਕਰੀਬਨ ਤਿੰਨ ਲੱਖ ਰੁਪਏ ਦਾ ਬੋਝ ਵਧ ਗਿਆ ਹੈ।
ਇੰਮੀਗਰੇਸ਼ਨ ਏਜੰਸੀਆਂ ਅਨੁਸਾਰ ਪਹਿਲਾਂ ਵਿਦੇਸ਼ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਨੌਂ ਲੱਖ ਰੁਪਏ ਸਾਲਾਨਾ ਫੀਸ ਲਈ ਜਾਂਦੀ ਸੀ ਜੋ ਹੁਣ ਵਧ ਕੇ 11 ਤੋਂ 12 ਲੱਖ ਰੁਪਏ ਹੋ ਜਾਵੇਗੀ। ਵਿਦੇਸ਼ ਵਿਚ ਪਹਿਲਾਂ ਹਰੇਕ ਵਿਦਿਆਰਥੀ ਕੋਲੋਂ 16 ਹਜ਼ਾਰ ਡਾਲਰ ਫੀਸ ਲਈ ਜਾਂਦੀ ਸੀ। ਇਸ ਤੋਂ ਇਲਾਵਾ ਵਿਦਿਆਰਥੀ ਦੇ ਰਹਿਣ-ਸਹਿਣ ਦੇ ਖਰਚੇ ਵਜੋਂ ਕਰੀਬ ਪੰਜ ਲੱਖ ਰੁਪਏ ਅਲੱਗ ਤੋਂ ਦੇਣੇ ਪੈਂਦੇ ਸਨ ਪਰ ਹੁਣ ਇਹ ਖਰਚਾ ਵੀ ਡੇਢ ਗੁਣਾ ਵਧ ਗਿਆ ਹੈ।
ਚੰਡੀਗੜ੍ਹ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਵਿਦਿਆਰਥੀ ਵੀਜ਼ੇ ‘ਤੇ ਆਸਟਰੇਲੀਆ ਭੇਜਣ ਲਈ ਇੰਮੀਗਰੇਸ਼ਨ ਕੰਪਨੀ ਨਾਲ ਸੰਪਰਕ ਕਾਇਮ ਕੀਤਾ ਸੀ ਤੇ ਪ੍ਰਤੀ ਡਾਲਰ 52 ਰੁਪਏ ਦੇ ਹਿਸਾਬ ਨਾਲ ਕਰਾਰ ਕੀਤਾ ਸੀ ਪਰ ਡਾਲਰ ਦੀ ਕੀਮਤ ਵਧਣ ਦੀਆਂ ਖ਼ਬਰਾਂ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਨਾਲ ਪਹਿਲਾਂ ਕੀਤੇ ਇਕਰਾਰ ਦੇ ਬਦਲੇ ਡਾਲਰ ਦੇ ਵਧੇ ਹੋਏ ਭਾਅ ਅਨੁਸਾਰ 64 ਰੁਪਏ ਦੇ ਹਿਸਾਬ ਨਾਲ ਪੈਸੇ ਅਦਾ ਕਰਨ ਲਈ ਆਖ ਦਿੱਤਾ ਹੈ। ਇਸ ਕਾਰਨ ਫਿਲਹਾਲ ਉਨ੍ਹਾਂ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਦਾ ਖਿਆਲ ਛੱਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦੇਸ਼ ਵਿਚੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਵੱਖੋ-ਵੱਖਰੇ ਅੰਡਰਗਰੈਜੂਏਟ, ਗਰੈਜੂਏਟ, ਪੋਸਟ ਗਰੈਜੂਏਟ ਤੇ ਹੋਰ ਥੋੜ੍ਹੇ ਸਮੇਂ ਦੇ ਕੋਰਸਾਂ ਲਈ ਵਿਦੇਸ਼ਾਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਜਾਂਦੇ ਹਨ। ਉੱਤਰੀ ਭਾਰਤ ਵਿਚੋਂ ਵੀ ਸੈਂਕੜੇ ਵਿਦਿਆਰਥੀ ਹਰ ਸਾਲ ਇਨ੍ਹਾਂ ਕੋਰਸਾਂ ਲਈ ਪੜ੍ਹਾਈ ਕਰਨ ਲਈ ਵਿਦੇਸ਼ਾਂ ਵੱਲ ਰਵਾਨਾ ਹੁੰਦੇ ਹਨ। ਸੂਤਰਾਂ ਅਨੁਸਾਰ ਜੇਕਰ ਰੁਪਏ ਦੀ ਸਥਿਤੀ ਇਸੇ ਤਰ੍ਹਾਂ ਵਿਗੜਦੀ ਗਈ ਤਾਂ ਲਾਜ਼ਮੀ ਹੈ, ਇਸ ਦਾ ਬਹੁਤ ਵੱਡਾ ਅਸਰ ਵਿਦੇਸ਼ਾਂ ਵਿਚ ਪੜ੍ਹਨ ਲਈ ਜਾ ਰਹੇ ਵਿਦਿਆਰਥੀਆਂ ‘ਤੇ ਵੀ ਪਵੇਗਾ।
ਜ਼ਿਕਰਯੋਗ ਹੈ ਕਿ ਕੈਨੇਡਾ, ਯੂਐਸਏ, ਯੂਕੇ, ਨਿਊਜ਼ੀਲੈਂਡ, ਆਸਟਰੇਲੀਆ, ਆਇਰਲੈਂਡ, ਸਿੰਗਾਪੁਰ, ਸਵਿਟਜ਼ਰਲੈਂਟ ਲਈ ਗਰੈਜੂਏਟ ਡਿਪਲੋਮਾ ਪ੍ਰਾਜੈਕਟ ਮੈਨੇਜਮੈਂਟ, ਇੰਟਰਨੈਸ਼ਨਲ ਬਿਜ਼ਨਸ, ਹੈਲਥ, ਆਈਟੀ, ਬੈਚੁਲਰ ਆਫ਼ ਇੰਜੀਨੀਅਰਿੰਗ, ਕੰਪਿਊਟਰ, ਬਿਜ਼ਨਸ, ਨਰਸਿੰਗ, ਫੂਡ ਸਾਇੰਸ, ਮਾਸਟਰ ਇਨ ਇੰਜੀਨੀਅਰਿੰਗ ਮੈਨੇਜਮੈਂਟ, ਹੌਸਪਿਟੈਲਿਟੀ ਸਮੇਤ ਹੋਰ ਕੋਰਸਾਂ ਲਈ ਸੈਂਕੜੇ ਵਿਦਿਆਰਥੀ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਭੇਜੇ ਜਾਂਦੇ ਹਨ।
ਮੁਹਾਲੀ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ ਦੇ ਸਾਬਕਾ ਜਨਰਲ ਸਕੱਤਰ ਸਵਰਨ ਸਿੰਘ ਦਾ ਕਹਿਣਾ ਹੈ ਕਿ ਡਾਲਰ ਦੀ ਕੀਮਤ ਵਧਣ ਨਾਲ ਆਰਥਿਕ ਪੱਖੋਂ ਪਹਿਲਾਂ ਹੀ ਲੜਖੜਾ ਰਹੀ ਪੰਜਾਬ ਦੀ ਸਨਅਤ ਨੂੰ ਆਲਮੀ ਸਨਅਤ ਨਾਲ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਨਅਤ ਨੂੰ ਜਿਊਂਦਾ ਰੱਖਣ ਲਈ ਬਾਹਰਲੇ ਮੁਲਕਾਂ ਵਿਚੋਂ ਨਵੀਂ ਤਕਨੀਕ, ਮਾਡਲ ਤੇ ਆਧੁਨਿਕ ਮਸ਼ੀਨਰੀ ਭਾਰਤ ਲਿਆਉਣ ਲਈ ਵਾਧੂ ਖਰਚਾ ਕਰਨਾ ਪਵੇਗਾ।
Leave a Reply