ਕੀ ਅਪੇਰਸ਼ਨ ਬਲੂ ਸਟਾਰ ਬੱਜਰ ਗਲਤੀ ਸੀ?

ਸਰਬਜੀਤ ਧਾਲੀਵਾਲ
1984 ਵਿਚ ਸ੍ਰੀ ਦਰਬਾਰ ਸਾਹਿਬ ਉਤੇ ਫੌਜ ਦੀ ਚੜ੍ਹਾਈ ਵੇਲੇ ਰਮੇਸ਼ ਇੰਦਰ ਸਿੰਘ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਸੀ। ਉਸ ਨੇ 4 ਜੂਨ ਨੂੰ ਹੀ ਇਹ ਅਹੁਦਾ ਸੰਭਾਲਿਆ ਸੀ। ਬਾਅਦ ਵਿਚ ਉਹ ਕਈ ਹੋਰ ਉੱਚ ਅਹੁਦਿਆਂ ‘ਤੇ ਰਿਹਾ ਅਤੇ ਅੰਤ ਪੰਜਾਬ ਦੇ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਇਆ। ਉਸ ਵੇਲੇ ਦਾ ਉਹ ਚਸ਼ਮਦੀਦ ਗਵਾਹ ਹੈ। ਉਸ ਦੀ ਹੁਣੇ ਛਪੀ ਕਿਤਾਬ ‘ਟਰਮੌਇਲ ਇਨ ਪੰਜਾਬ: ਬਿਫੋਰ ਐਂਡ ਆਫਟਰ ਬਲੂ ਸਟਾਰ’ ਵਿਚ ਅਜਿਹੇ ਬਹੁਤ ਸਾਰੇ ਵੇਰਵੇ ਹਨ ਜੋ ਪਹਿਲੀ ਵਾਰ ਸਾਹਮਣੇ ਆ ਰਹੇ ਹਨ।

ਜਿਸ ਦੀ ਚਿਰਾਂ ਤੋਂ ਉਡੀਕ ਸੀ, ਉਹ ਕਿਤਾਬ ਆ ਗਈ ਹੈ। ਇਸ ਦਾ ਸਬੰਧ ਭਾਵੇਂ ਪੰਜਾਬ ਨਾਲ ਹੈ ਪਰ ਇਹ ਭਾਰਤ ਦੀ ਰਾਜਨੀਤੀ ਅਤੇ ਭਾਰਤ ਦੇ ਤੰਤਰ ਬਾਰੇ ਵੀ ਚਾਨਣਾ ਪਾਉਂਦੀ ਹੈ। ਇਹ ਲਗਭਗ ਮੁਕੰਮਲ ਇਤਹਾਸਿਕ ਦਸਤਾਵੇਜ਼ ਹੈ ਜੋ ਇਸ ਖਿਤੇ ਦੇ ਅਜੋਕੇ ਇਤਿਹਾਸ ਦੇ ਬਹੁਤ ਹੀ ਮਹੱਤਵਪੂਰਨ ਸਮੇਂ ‘ਤੇ ਰੋਸ਼ਨੀ ਪਾਉਂਦਾ ਹੈ; ਉਹ ਸਮਾਂ ਜੋ ਪੰਜਾਬ ਨੂੰ ਡੂੰਘੇ ਜ਼ਖਮ ਦੇ ਗਿਆ; ਤੇ ਇਹ ਜ਼ਖਮ ਕਈ ਸਦੀਆਂ ਤੱਕ ਸਿੱਖਾਂ ਦੇ ਚੇਤਿਆਂ ਤੋਂ ਨਹੀਂ ਵਿਸਰਨਗੇ। ਕਿਤਾਬ ਵੱਡੀ ਹੈ। ਪੜ੍ਹਨ ਲਈ ਹੌਸਲਾ ਕਰਨਾ ਪੈਂਦਾ ਹੈ ਪਰ ਜਦੋਂ ਪੜ੍ਹਨ ਲਗ ਜਾਵੋ ਤਾਂ ਛੱਡਣ ਨੂੰ ਜੀ ਨਹੀਂ ਕਰਦਾ।
ਇਹ ਕਿਤਾਬ ਰਮੇਸ਼ ਇੰਦਰ ਸਿੰਘ ਦੁਆਰਾ ਲਿਖੀ ਗਈ ਹੈ। ਉਹ ਕੁਝ ਸਾਲ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦਾ ਜਿ਼ਕਰ ਭਲੇਮਾਣਸ ਅਫਸਰਾਂ ਵਿਚ ਹੁੰਦਾ ਹੈ। ਉਨ੍ਹਾਂ ਦੀ ਸ਼ਰਾਫਤ ਉਨ੍ਹਾਂ ਦੀ ਖੂਬਸੂਰਤੀ ਅਤੇ ਖੂਬੀ ਹੈ। ਆਈ. ਏ. ਐਸ. ਅਫਸਰ ਬਣਨ ਤੋਂ ਪਹਿਲਾਂ ਉਹ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਵੀ ਰਹੇ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ (ਪੁਲੀਟੀਕਲ ਸਾਇੰਸ) ਦੀ ਐਮ. ਏ. ਕੀਤੀ ਹੈ। ਉਹ ਇਸ ਵਿਚੋਂ ਪੰਜਾਬ ਯੂਨੀਵਰਸਿਟੀ ਵਿਚ ਪਹਿਲੇ ਨੰਬਰ ‘ਤੇ ਆਏ ਸੀ; ਕਹਿਣ ਤੋਂ ਭਾਵ ਉਹ ਪੰਜਾਬ ਯੂਨੀਵਰਸਿਟੀ ਦੇ ਗੋਲਡ ਮੈਡਲਿਸਟ ਹਨ। ਇਸ ਦੇ ਨਾਲ ਉਹ ਵੀ ਲਾਅ ਗਰੈਜੂਏਟ ਵੀ ਹਨ।
ਕਿਤਾਬ ਦਾ ਕੇਂਦਰੀ ਧੁਰਾ ਸਾਕਾ ਨੀਲਾ ਤਾਰਾ ਹੈ। ਕਿਤਾਬ ਦਾ ਨਾਂ ਹੈ ‘ਟਰਮੌਇਲ ਇਨ ਪੰਜਾਬ: ਬਿਫੋਰ ਐਂਡ ਆਫਟਰ ਬਲੂ ਸਟਾਰ’ । ਜਿਸ ਤਰ੍ਹਾਂ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ, ਇਹ ਕਿਤਾਬ ਨੀਲਾ ਤਾਰਾ ਸਾਕੇ ਸਮੇਂ, ਉਸ ਤੋਂ ਪਹਿਲਾ ਅਤੇ ਬਾਅਦ ਵਿਚ ਵਾਪਰੀਆਂ ਅਹਿਮ ਘਟਨਾਵਾਂ ਦਾ ਬੜੀ ਤਫਸੀਲ ਨਾਲ ਜਿ਼ਕਰ ਕਰਦੀ ਹੈ। ਇਸ ਕਿਤਾਬ ਵਿਚ ਸਾਕਾ ਨੀਲਾ ਤਾਰਾ ਬਾਰੇ ਬਹੁਤ ਸਾਰੀਆਂ ਅੰਦਰ ਦੀਆਂ ਗੱਲਾਂ ਦਾ ਜਿ਼ਕਰ ਹੈ ਜੋ ਪਹਿਲੀ ਵਾਰ ਸਾਹਮਣੇ ਆਈਆਂ ਹਨ। ਇਨ੍ਹਾਂ ਬਾਰੇ ਜਾਂ ਤਾਂ ਪਤਾ ਹੀ ਨਹੀਂ ਸੀ, ਜੇਕਰ ਪਤਾ ਸੀ ਤਾਂ ਕੱਚਾ-ਪੱਕਾ, ਸੁਣਿਆ- ਸੁਣਾਇਆ। ਇਸ ਕਰਕੇ ਇਹ ਕਿਤਾਬ ਕੁਝ ਮਿਥਾਂ ਵੀ ਤੋੜਦੀ ਹੈ। ਰਮੇਸ਼ ਇੰਦਰ ਸਿੰਘ ਨੇ ਬਹੁਤ ਕੁਝ ਸਾਕਾ ਨੀਲਾ ਤਾਰਾ ਸਮੇਂ ਅੱਖੀਂ ਘਟਦਾ ਦੇਖਿਆ ਹੈ। ਲੇਖਕ ਦੀ ਵਿਸ਼ੇਸ਼ਤਾ ਇਹ ਕਿ ਉਸ ਨੇ ਕਿਸੇ ਨਾਲ ਲਿਹਾਜ ਨਹੀਂ ਕੀਤੀ ਸਗੋਂ ਘਟਨਾਵਾਂ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ ਅਤੇ ਅਸਰ ਭਰਪੂਰ ਤੇ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਹਨ।
ਕਿਤਾਬ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਰਮੇਸ਼ ਇੰਦਰ ਸਿੰਘ 1984 ਵਿਚ ਅੰਮ੍ਰਿਤਸਰ ਵਿਚ ਸਭ ਤੋਂ ਅਹਿਮ ਸਰਕਾਰੀ ਅਹੁਦੇ ‘ਤੇ ਸੀ ਜਦੋਂ ਸਾਕਾ ਨੀਲਾ ਤਾਰਾ ਹੋਇਆ। ਉਸ ਸਮੇਂ ਉਹ ਡਿਪਟੀ ਕਮਿਸ਼ਨਰ ਦੇ ਅਹੁਦੇ ‘ਤੇ ਤਾਇਨਾਤ ਸੀ। ਉਸ ਨੇ ਬਹੁਤ ਕੁਝ ਵਾਪਰਦਾ ਦੇਖਿਆ ਹੈ। ਉਸ ਨੇ ਅੰਮ੍ਰਿਤਸਰ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਚਾਰਜ 4 ਜੂਨ, 1984 ਨੂੰ ਸੰਭਾਲਿਆ ਸੀ ਅਤੇ ਉਸੇ ਦਿਨ ਸਾਕਾ ਨੀਲਾ ਤਾਰਾ ਲਈ ਫੌਜ ਅੰਮ੍ਰਿਤਸਰ ਤੇ ਕਸਬਿਆਂ ਅਤੇ ਸ਼ਹਿਰਾਂ ਵਿਚ ਆ ਗਈ ਸੀ। ਉਹ ਪੰਜਾਬ ਦੇ ਉਸ ਸਮੇਂ ਦੇ ਮੁੱਖ ਸਕੱਤਰ ਵਾਸੁਦੇਵਾ ਅਤੇ ਰਾਜਪਾਲ ਬੀ. ਡੀ. ਪਾਂਡੇ ਦੇ ਹੁਕਮ ਕਰਨ ‘ਤੇ ਅੰਮ੍ਰਿਤਸਰ 2 ਜੂਨ ਨੂੰ ਪਹੁੰਚ ਗਿਆ ਸੀ ਕਿਉਂਕਿ ਉਸ ਸਮੇਂ ਉਥੇ ਕੰਮ ਕਰਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਨੇ ਲੰਮੀ ਛੁੱਟੀ ‘ਤੇ ਅਮਰੀਕਾ ਜਾਣਾ ਸੀ। ਰਮੇਸ਼ ਇੰਦਰ ਸਿੰਘ 1987 ਤਕ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ।
ਬਰਾੜ ਦੀ ਵਿਦੇਸ਼ ਅਮਰੀਕਾ ਜਾਣ ਲਈ ਛੁੱਟੀ ਮਨਜ਼ੂਰ ਕਾਫੀ ਸਮਾਂ ਪਹਿਲਾਂ ਹੋ ਗਈ ਸੀ। ਇਸ ਲਈ ਬਰਾੜ ਦੀ ਛੁੱਟੀ ਕਾਰਨ ਰਮੇਸ਼ ਇੰਦਰ ਸਿੰਘ ਨੂੰ ਉਥੇ ਕੱਚੇ ਤੌਰ ‘ਤੇ ਭੇਜਿਆ ਗਿਆ ਸੀ ਪਰ ਹੁਣ ਤਕ ਇਹ ਗੱਲ ਚਲਦੀ ਰਹੀ ਹੈ ਕਿ ਰਮੇਸ਼ ਇੰਦਰ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਬਾਹਰਲੇ ਸੂਬੇ ਤੋਂ ਲਿਆ ਕੇ ਸਾਕੇ ਸਮੇਂ ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਸੀ। ਇਹ ਵੱਡਾ ਝੂਠ ਸਾਬਿਤ ਹੋਇਆ ਹੈ। ਰਮੇਸ਼ ਇੰਦਰ ਸਿੰਘ ਤਾਂ ਕਈ ਸਾਲ ਪਹਿਲਾਂ ਪੱਛਮੀ ਬੰਗਾਲ ਤੋਂ ਪੰਜਾਬ ਆ ਗਿਆ ਸੀ। ਉਹ ਪੰਜਾਬ ਦੇ ਕਈ ਜਿ਼ਲ੍ਹਿਆਂ ਵਿਚ ਵਧੀਕ ਡਿਪਟੀ ਕਮਿਸ਼ਨਰ ਅਤੇ ਹੋਰ ਅਹੁਦਿਆਂ ‘ਤੇ ਕੰਮ ਕਰ ਚੁੱਕੇ ਸੀ। ਜਿਸ ਸਮੇਂ ਉਨ੍ਹਾਂ ਨੂੰ ਅੰਮ੍ਰਿਤਸਰ ਬਰਾੜ ਦੀ ਛੁੱਟੀ ਸਮੇਂ ਭੇਜਿਆ ਗਿਆ, ਉਹ ਉਸ ਸਮੇਂ ਪੰਜਾਬ ਦੇ ਡਾਇਰੈਕਟਰ, ਪੰਚਾਇਤੀ ਰਾਜ ਦੇ ਅਹੁਦੇ ‘ਤੇ ਕੰਮ ਕਰ ਰਹੇ ਸਨ। 1979 ਵਿਚ ਰਮੇਸ਼ ਇੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਸਨ। ਉਹ ਪਹਿਲੀ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਉਥੇ ਮਿਲੇ ਸਨ। ਉਸ ਸਮੇਂ ਫਰੀਦਕੋਟ ਦੇ ਐਸ. ਐਸ. ਪੀ. ਸਿਮਰਨਜੀਤ ਸਿੰਘ ਮਾਨ ਸਨ, ਤੇ ਮਾਨ ਅਤੇ ਰਮੇਸ਼ ਇੰਦਰ ਦੇ ਫਰੀਦਕੋਟ ਸਰਕਾਰੀ ਮਕਾਨ ਨਾਲ-ਨਾਲ ਸਨ। ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਆਏ ਸੰਤ, ਮਾਨ ਦੇ ਕਹਿਣ ‘ਤੇ ਰਮੇਸ਼ ਇੰਦਰ ਸਿੰਘ ਨੂੰ ਵੀ ਮਿਲ ਕੇ ਗਏ। ਸੰਤਾਂ ਨੇ ਰਮੇਸ਼ ਇੰਦਰ ਸਿੰਘ ਨੂੰ ਆਪਣੇ ਚੇਲਿਆਂ ਨੂੰ ਹਥਿਆਰਾਂ ਦੇ ਲਾਇਸੈਂਸ ਖੁੱਲ੍ਹਦਿਲੀ ਨਾਲ ਦੇਣ ਲਈ ਕਿਹਾ ਸੀ। ਉਸ ਸਮੇਂ ਸੰਤਾਂ ਦੀ ਨਿਰੰਕਾਰੀਆਂ ਨਾਲ ਖੜਕੀ ਹੋਈ ਸੀ ਤੇ ਟਕਰਾਓ ਚੱਲ ਰਿਹਾ ਸੀ। ਲਾਇਸੈਂਸ ਦੇਣ ਦਾ ਕੰਮਕਾਰ ਉਸ ਵੇਲੇ ਫਰੀਦਕੋਟ ਰਮੇਸ਼ ਇੰਦਰ ਸਿੰਘ ਕੋਲ ਬਤੌਰ ਵਧੀਕ ਡਿਸਟ੍ਰਿਕਟ ਮੈਜਿਸਟਰੇਟ ਕਰਕੇ ਸੀ।
ਕਿਤਾਬ ਦੀ ਸ਼ੁਰੂਆਤ ਬੜੇ ਹੀ ਦਿਲਚਸਪ ਬਿਰਤਾਂਤ ਨਾਲ ਹੁੰਦੀ ਹੈ। ਸਾਕਾ ਨੀਲਾ ਤੋਂ ਦੋ ਦਿਨ ਬਾਅਦ 8 ਜਾਂ 9 ਜੂਨ ਦੀ ਸ਼ਾਮ ਨੂੰ ਪਾਕਿਸਤਾਨ ਦੇ ਲਾਹੌਰ ਟੀ. ਵੀ. ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਪੀਚ ਕਰਦੇ ਦਿਖਾਇਆ ਗਿਆ। ਉਹ ਕਹਿ ਰਹੇ ਸੀ- “ਖਾਲਸਾ ਜੀ, ਕਮਰਕੱਸੇ ਕੱਸ ਲਉ, ਸਮਾਂ ਆ ਗਿਆ ਹੈ।” ਇਹ ਪ੍ਰੋਗਰਾਮ ਦੂਰ-ਦੂਰ ਤਕ ਨਸ਼ਰ ਕਰਨ ਲਈ ਪਾਕਿਸਤਾਨ ਨੇ ਨਵੀਂ ਟੈਕਨੋਲੋਜੀ ਦਾ ਪ੍ਰਯੋਗ ਕੀਤਾ ਤਾਂ ਜੋ ਇਹ ਭਾਰਤ ਵਿਚ ਦੂਰ ਤਕ ਦੇਖਿਆ ਜਾ ਸਕੇ। ਗੱਲ ਫੈਲ ਗਈ ਕਿ ਸੰਤ ਜਿੰਦਾ ਹਨ ਤੇ ਉਹ ਪਾਕਿਸਤਾਨ ਚਲੇ ਗਏ ਹਨ ਤੇ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਛੱਡ ਕੇ ਆਏ ਹਨ। ਬਰਾੜ 3 ਜੂਨ ਦੀ ਸ਼ਾਮ ਨੂੰ ਅਮਰੀਕਾ ਜਾਣ ਲਈ ਦਿੱਲੀ ਲਈ ਰਵਾਨਾ ਹੋ ਗਏ ਸਨ। ਰਾਜ ਭਰ ਵਿਚ ਕਰਫਿਊ ਲੱਗਿਆ ਹੋਣ ਕਰਕੇ ਉਨ੍ਹਾਂ ਨੂੰ ਦਿੱਲੀ ਪਹੁੰਚਣ ਲਈ ਪੁਲਿਸ ਦੀ ਮਦਦ ਲੈਣੀ ਪਈ ਸੀ। ਰਮੇਸ਼ ਇੰਦਰ ਸਿੰਘ ਨੇ ਲਿਖਿਆ ਹੈ ਕਿ ਅਸਲ ਵਿਚ ਇਕ ਵਿਦੇਸ਼ੀ ਪੱਤਰਕਾਰ ਨੇ ਸੰਤ ਭਿੰਡਰਾਂਵਾਲਿਆਂ ਨਾਲ 3 ਜੂਨ ਨੂੰ ਇੰਟਰਵਿਊ ਕੀਤੀ ਸੀ। ਉਸ ਦਿਨ ਫੌਜ ਅੰਮ੍ਰਿਤਸਰ ਵਿਚ ਆ ਗਈ। ਗੋਲਡਨ ਟੈਂਪਲ ਕੰਪਲੈਕਸ ਦੇ ਆਲੇ-ਦੁਆਲੇ ਫੌਜ ਲੱਗ ਗਈ ਸੀ। ਇਹ ਇੰਟਰਵਿਊ ਪਾਕਿਸਤਾਨ ਟੀ. ਵੀ. ਨੇ ਚਲਾ ਦਿੱਤੀ ਸੀ ਜਿਸ ਸਦਕਾ ਇਹ ਗੱਲ ਚੱਲ ਪਈ ਕਿ ਸੰਤ ਜਿੰਦਾ ਹਨ ਤੇ ਉਹ ਸੁਰੰਗ ਰਸਤੇ ਪਾਕਿਸਤਾਨ ਚਲੇ ਗਏ ਹਨ। ਸੰਤਾਂ ਬਾਰੇ ਇਹ ਗੱਲ 19 ਸਾਲ ਪ੍ਰਚਲਤ ਰਹੀ ਕਿ ਉਹ ਜਿੰਦਾ ਹਨ ਤੇ ਵਾਪਿਸ ਆਉਣਗੇ। ਅਖੀਰ 6 ਜੂਨ 2003 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਐਲਾਨ ਕੀਤਾ ਕਿ ਸੰਤ ‘ਸ਼ਹੀਦ` ਹੋ ਗਏ ਹਨ।
ਸਾਕਾ ਨੀਲਾ ਤਾਰਾ ਬਾਰੇ ਗੁਪਤ ਰੱਖਿਆ ਗਿਆ ਸੀ ਕਿ ਇਸ ਬਾਰੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਅਤੇ ਫੌਜ ਦੇ ਦੋ-ਤਿੰਨ ਅਫਸਰਾਂ ਤੋਂ ਇਲਾਵਾ ਹੋਰ ਕਿਸੇ ਨੂੰ ਕੁਝ ਜਾਣਕਾਰੀ ਨਹੀਂ ਸੀ। ਦੋ ਜੂਨ, 1984 ਨੂੰ ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼ਾਮ ਨੂੰ ਦੇਸ਼ ਨੂੰ ਰੇਡੀਓ ਤੇ ਟੀ’ ਵੀ’ ਮਾਧਿਅਮ ਰਾਹੀਂ ਸੰਬੋਧਨ ਕੀਤਾ ਸੀ ਪਰ ਉਸ ਨੇ ਗੋਲਡਨ ਟੈਂਪਲ ਵਿਚ ਫੌਜ ਭੇਜਣ ਦੇ ਫੈਸਲੇ ਦਾ ਕੋਈ ਜਿਕਰ ਨਹੀਂ ਕੀਤਾ। ਹਾਂ, ਇਹ ਤਾਂ ਪਤਾ ਸੀ ਕਿ ਕੁਝ ਹੋ ਰਿਹਾ ਹੈ ਪਰ ਕੀ ਹੋਵੇਗਾ, ਇਸ ਦਾ ਇਲਮ ਨਾ ਪੰਜਾਬ ਸਰਕਾਰ ਨੂੰ ਸੀ ਤੇ ਨਾ ਹੀ ਅੰਮ੍ਰਿਤਸਰ ਦੇ ਜਿ਼ਲ੍ਹਾ ਪ੍ਰਸ਼ਾਸਨ ਨੂੰ। ਫੌਜ ਅੰਮ੍ਰਿਤਸਰ ਅਤੇ ਦੂਸਰੇ ਸਾਰੇ ਜਿ਼ਲ੍ਹਿਆਂ ਵਿਚ 3 ਜੂਨ ਲੱਗ ਗਈ ਸੀ। ਇੱਥੋਂ ਤਕ ਕਿ ਇਹ ਅਪਰੇਸ਼ਨ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੋਂ ਵੀ ਗੁਪਤ ਰੱਖਿਆ ਗਿਆ ਸੀ। ਉਸੇ ਵੇਲੇ ਇੰਦਰਾ ਗਾਂਧੀ ਦੀ ਗਿਆਨੀ ਜ਼ੈਲ ਸਿੰਘ ਨਾਲ ਨਹੀਂ ਸੀ ਬਣਦੀ। ਇਸ ਕਰਕੇ ਉਨ੍ਹਾਂ ਤੋਂ ਓਹਲਾ ਰੱਖਿਆ ਗਿਆ। ਨਾਲੇ ਫੌਜ ਨੇ ਇੰਦਰਾ ਗਾਂਧੀ ਨੂੰ ਭਰੋਸਾ ਦਿੱਤਾ ਸੀ ਕਿ ਉਹ ਖਾੜਕੂਆਂ ਨੂੰ ਇਕ-ਦੋ ਘੰਟਿਆਂ ਵਿਚ ਹੀ ਬਾਹਰ ਕੱਢ ਦੇਵੇਗੀ। ਅੰਮ੍ਰਿਤਸਰ ਵਿਚ 3 ਜੂਨ ਨੂੰ ਸਵੇਰੇ ਕਰਫਿਊ 11 ਵਜੇ ਲਗਾ ਦਿੱਤਾ ਗਿਆ ਸੀ ਤੇ ਫਿਰ ਇਹ 6 ਜੂਨ ਦੀ ਸ਼ਾਮ ਤਕ ਲਗਾਤਾਰ ਜਾਰੀ ਰਿਹਾ।
ਰਮੇਸ਼ ਇੰਦਰ ਕਿਤਾਬ ਵਿਚ ਲਿਖਦੇ ਨੇ, 3 ਜੂਨ ਨੂੰ ਗੁਰਦੇਵ ਸਿੰਘ ਬਰਾੜ ਜਿਸ ਕੋਲ ਅਜੇ ਡੀ. ਸੀ. ਦਾ ਚਾਰਜ ਸੀ, ਨਾਲ ਚਾਹ ਪੀ ਰਹੇ ਸੀ ਕਿ ਇਕ ਫੌਜੀ ਮੋਟਰ ਸਾਈਕਲ ‘ਤੇ ਆਇਆ, ਉਸ ਕੋਲ ਇਕ ਸਰਕਾਰੀ ਪੱਤਰ ਗੁਰਦੇਵ ਸਿੰਘ ਬਰਾੜ ਦੇ ਨਾਂ ‘ਤੇ ਸੀ। ਉਸ ਵਿਚ ਲਿਖਿਆ ਸੀ ਕਿ ਸ਼ਾਮ ਨੂੰ 5 ਵਜੇ ਮੀਟਿੰਗ ਹੋਵੇਗੀ। ਇਹ ਮੀਟਿੰਗ ਮੇਜਰ ਜਨਰਲ ਕੇ. ਐਸ. ਬਰਾੜ ਨੇ ਬੁਲਾਈ ਸੀ। ਉਸ ਮੀਟਿੰਗ ਵਿਚ ਪਹਿਲੀ ਵਾਰ ਦੱਸਿਆ ਗਿਆ ਕਿ ਗੋਲਡਨ ਟੈਂਪਲ ਨੂੰ ਖਾੜਕੂਆਂ ਤੋਂ ਖਾਲੀ ਕਰਵਾਉਣਾ ਹੈ; ਕਿਵੇਂ ਕਰਵਾਉਣਾ, ਇਸ ਬਾਰੇ ਜੋ ਵਿਉਂਤਬੰਦੀ ਬਣਾਈ ਗਈ ਸੀ, ਉਹ ਮੀਟਿੰਗ ਵਿਚ ਸਾਂਝੀ ਨਹੀਂ ਕੀਤੀ ਗਈ ਪਰ ਫੌਜ ਨੇ ਉਸ ਸਮੇਂ ਤਕ ਗੋਲਡਨ ਟੈਂਪਲ ਕੰਪਲੈਕਸ ਦੇ ਆਲੇ-ਦੁਆਲੇ ਘੇਰਾ ਪਾ ਲਿਆ ਸੀ।
ਪਹਿਲੀ ਮੀਟਿੰਗ ਵਿਚ ਹੀ ਜਰਨਲ ਬਰਾੜ ਦੀ ਬੀ. ਐਸ. ਐਫ ਦੇ ਡੀ. ਆਈ. ਜੀ., ਜੀ. ਐੱਸ. ਪੰਧੇਰ ਨਾਲ ਖੜਕ ਗਈ। ਜਰਨਲ ਨੇ ਹੁਕਮ ਕਰ ਦਿੱਤਾ ਕਿ ਸੀ. ਆਰ. ਪੀ. ਐਫ. ਅਤੇ ਬੀ. ਐੱਸ. ਐਫ. ਨੂੰ ਗੋਲਡਨ ਟੈਂਪਲ ਵੱਲ ਲਗਤਾਰ ਗੋਲੀ ਚਲਾਉਣੀ ਹੈ। ਇਸ ਦਾ ਮਕਸਦ ਇਹ ਪਤਾ ਕਰਨਾ ਸੀ ਕਿ ਅੰਦਰੋਂ ਜਵਾਬੀ ਫਾਇਰ ਕਿਹੜੇ-ਕਿਹੜੇ ਟਿਕਾਣਿਆਂ ਤੋਂ ਆਉਂਦਾ ਹੈ ਪਰ ਮੀਟਿੰਗ ਵਿਚ ਪੰਧੇਰ ਜੋ 1964 ਬੈਚ ਦੇ ਆਈ. ਪੀ. ਐਸ. ਅਫਸਰ ਸੀ, ਨੇ ਫਾਇਰਿੰਗ ਕਰਨ ਤੋਂ ਨਾਂਹ ਕਰ ਦਿਤੀ; ਤੇ ਜਰਨਲ ਬਰਾੜ ਨੂੰ ਕਹਿ ਦਿੱਤਾ ਕਿ ਉਹ ਇਸ ਸਬੰਧ ਵਿਚ ਲਿਖਤੀ ਆਦੇਸ਼ ਦੇਵੇ। ਜਰਨਲ ਬਰਾੜ ਏਨੀ ਗੱਲ ‘ਤੇ ਭਕੜ ਗਿਆ ਤੇ ਪੰਧੇਰ ਨੂੰ ਉਚਾ ਨੀਵਾਂ ਬੋਲਣ ਲਗ ਪਿਆ। ਉਸ ਨੇ ਕਿਹਾ ਕਿ ਉਸ ਦਾ ਹੁਕਮ ਨਾ ਮੰਨਣਾ ਬਗਾਵਤ ਸਮਾਨ ਹੈ। ਪੰਧੇਰ ਆਪਣੀ ਗੱਲ ‘ਤੇ ਅੜੇ ਰਹੇ। ਜਰਨਲ ਨੇ ਉਨ੍ਹਾਂ ਦੀ ਸ਼ਿਕਾਇਤ ਕਰ ਦਿਤੀ। ਉਸ ਮੀਟਿੰਗ ਤੋਂ ਬਾਅਦ ਪੰਧੇਰ ਨੂੰ ਉਥੋਂ ਬਦਲ ਦਿੱਤਾ ਗਿਆ। ਉਸ ਦੀ ਕਾਫੀ ਦੇਰ ਜਾਂਚ ਚਲਦੀ ਰਹੀ ਤੇ ਡਿਸਮਿਸ ਹੁੰਦੇ-ਹੁੰਦੇ ਮਸਾਂ ਬਚੇ। ਪੰਧੇਰ ਹੁਣ ਚੰਡੀਗੜ੍ਹ ਰਹਿੰਦੇ ਹਨ।
ਕਿਤਾਬ ਵਿਚ ਜਿ਼ਕਰ ਹੈ ਕਿ ਮੀਟਿੰਗ ਵਿਚ ਐਸ. ਪੀ. (ਸੀ. ਆਈ. ਡੀ.) ਹਰਜੀਤ ਸਿੰਘ ਨੇ ਜਰਨਲ ਬਰਾੜ ਨੂੰ ਪੂਰੀ ਜਾਣਕਾਰੀ ਦਿਤੀ ਕਿ ਅੰਦਰ 400-500 ਦੇ ਕਰੀਬ ਹਥਿਆਰਬੰਦ ਖਾੜਕੂ ਹਨ ਤੇ ਉਹ ਲੜਨਗੇ, ਕਿਉਂਕਿ ਉਹ ਇਸ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹ ਅੰਦਰੋਂ ਪੂਰੀ ਤਾਕਤ ਨਾਲ ਜਵਾਬ ਦੇਣਗੇ, ਭੱਜਣਗੇ ਨਹੀ। ਉਨ੍ਹਾਂ ਕੋਲ ਵਧੀਆ ਹਥਿਆਰ ਹਨ ਪਰ ਬਰਾੜ ਨੇ ਸਿਵਲ ਅਫਸਰਾਂ ਦੀ ਗੱਲ ਵਲ ਬਹੁਤੀ ਤਵੱਜੋਂ ਨਹੀਂ ਦਿਤੀ ਤੇ ਕਿਹਾ, “ਉਹ ਜਦੋਂ ਸਾਡੇ ਕਾਲੇ ਭੂਤ ਦੇਖਣਗੇ ਤਾਂ ਭੱਜ ਜਾਣਗੇ।” ਕਾਲੇ ਭੂਤ ਜਰਨਲ ਬਰਾੜ ਆਪਣੇ ਫੌਜੀ ਕਮਾਂਡੋਆਂ ਨੂੰ ਕਹਿ ਰਿਹਾ ਸੀ ਪਰ ਆਖਰ ਹਰਜੀਤ ਸਿੰਘ ਦੀ ਗੱਲ ਸੱਚ ਹੋਈ ਤੇ ਲੜਾਈ ਗਹਿ-ਗੱਚ ਹੋਈ, ਇਸ ਨੇ ਉਸ ਸਮੇਂ ਪੱਛਮੀ ਕਮਾਨ ਦੇ ਮੁਖੀ ਲੈਫਟੀਨੈਂਟ ਜਰਨਲ ਸੁੰਦਰਜੀ ਦੇ ਮੂੰਹ ਚ ਉਂਗਲਾਂ ਪਵਾ ਦਿਤੀਆਂ ਸਨ। ਉਸ ਨੂੰ ਕਹਿਣਾ ਪਿਆ ਸੀ, “ਕਿੰਨੀ ਬਹਾਦਰੀ ਨਾਲ ਲੜੇ ਉਹ।”
ਰਮੇਸ਼ ਇੰਦਰ ਸਿੰਘ ਨੇ ਲਿਖਿਆ ਹੈ ਕਿ ਸਾਰੇ ਫੋਨ ਬੰਦ ਕਰ ਦਿਤੇ ਗਏ। ਉਨ੍ਹਾਂ ਦੇ ਵੀ ਤੇ ਹੋਰ ਸਾਰੇ ਅਫਸਰਾਂ ਦੇ ਫੋਨ ਬੰਦ ਹੋਣ ਕਰਕੇ ਸਭ ਦਾ ਸੰਪਰਕ ਇਕ ਦੂਜੇ ਨਾਲੋਂ ਅਤੇ ਚੰਡੀਗੜ੍ਹ ਪੰਜਾਬ ਸਰਕਾਰ ਨਾਲੋਂ ਟੁੱਟ ਗਿਆ ਸੀ। ਸਾਰਾ ਸਿਵਲ ਪ੍ਰਸ਼ਾਸਨ ਫੌਜ ਦੇ ਅਧੀਨ ਕਰ ਦਿੱਤਾ ਗਿਆ ਸੀ। ਜੇ ਕੋਈ ਗੱਲਬਾਤ ਥੋੜ੍ਹੀ ਬਹੁਤੀ ਹੁੰਦੀ ਸੀ ਤਾਂ ਉਹ ਪੁਲਿਸ ਦੇ ਵਾਇਰਲੈੱਸ ਸਿਸਟਮ ‘ਤੇ ਹੁੰਦੀ ਸੀ ਪਰ ਉਸ ਦਾ ਚੰਡੀਗੜ੍ਹ ਤੋਂ ਕੋਈ ਜਵਾਬ ਨਹੀਂ ਸੀ ਮਿਲਦਾ। ਪੰਜਾਬ ਦੇ ਗ੍ਰਹਿ ਸਕੱਤਰ ਅਮਰੀਕ ਸਿੰਘ ਪੂਨੀ ਛੁਟੀ ਚਲੇ ਗਏ ਸਨ। ਪੂਨੀ ਇਸ ਗੱਲ ਤੋਂ ਦੁਖੀ ਸਨ ਕਿ ਪੰਜਾਬ ਚ ਫੌਜ ਬੁਲਾਉਣ ਵਾਲੇ ਸਰਕਾਰੀ ਪੱਤਰ ‘ਤੇ ਦਸਤਖਤ ਉਸ ਤੋਂ ਕਰਵਾਏ ਗਏ ਸਨ। ਇਸ ਲਈ ਉਹ ਨਿਰਾਸ਼ ਸਨ ਤੇ ਛੁਟੀ ‘ਤੇ ਚਲੇ ਗਏ।
ਰਮੇਸ਼ ਇੰਦਰ ਨੇ ਕਿਤਾਬ ਚ ਦਸਿਆ ਹੈ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ 26 ਮਈ ਨੂੰ ਅਕਾਲੀ ਦਲ ਦੇ ਲੀਡਰਾਂ ਨਾਲ ਮਸਲੇ ਦੇ ਹਲ ਲਈ ਮੀਟਿੰਗ ਕਰ ਰਹੀ ਸੀ, ਦੂਸਰੇ ਪਾਸੇ 25 ਮਈ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਫੌਜ ਦੇ ਮੁਖੀ ਜਰਨਲ ਏ. ਐਸ. ਵੈਦਿਆ ਨੂੰ ਖਾੜਕੂਆਂ ਨੂੰ ਗੋਲਡਨ ਟੈਂਪਲ ਚੋਂ ਕੱਢਣ ਬਾਰੇ ਆਦੇਸ਼ ਦੇ ਚੁਕੀ ਸੀ। ਅਸਲ ਵਿਚ ਇਹ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਵਿਚ ਕੀਤੀ ਜਾਣ ਵਾਲੀ ਕਾਰਵਾਈ ਦੀ ਤਿਆਰੀ ਤੋਂ ਧਿਆਨ ਲਾਂਭੇ ਕਰਨ ਲਈ ਕੀਤਾ ਜਾ ਰਿਹਾ ਸੀ।
ਰਮੇਸ਼ ਇੰਦਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ 6 ਜੂਨ ਨੂੰ ਆਖਰੀ ਵਾਰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਆਖਰੀ ਵਾਰ ਸਵੇਰੇ 6.30 ਵਜੇ ਗਿਆਨੀ ਪ੍ਰੀਤਮ ਸਿੰਘ, ਹੈਡ ਗ੍ਰੰਥੀ, ਅਕਾਲ ਤਖਤ ਸਾਹਿਬ ਨੇ ਦੇਖਿਆ ਸੀ। ਉਹ ਭੋਰੇ ਤੋਂ ਬਾਹਰ ਆਏ ਸਨ ਤੇ ਵਾਸ਼ਰੂਮ ਵਲ ਗਏ ਤੇ ਫਿਰ ਵਾਪਿਸ ਭੋਰੇ ਚ ਚਲੇ ਗਏ; ਤੇ ਭਾਈ ਅਮਰੀਕ ਸਿੰਘ ਕੋਈ ਸਵੇਰੇ 9.30 ਵਜੇ ਭੋਰੇ ਤੋਂ ਬਾਹਰ ਆਏ ਸਨ। ਉਨ੍ਹਾਂ ਗਿਆਨੀ ਪ੍ਰੀਤਮ ਸਿੰਘ ਨੂੰ ਦੱਸਿਆ ਕਿ “ਸਾਰੇ ਸਿੰਘਾਂ ਨੇ ਆਖਰੀ ਦਮ ਤਕ ਲੜਨ ਅਤੇ ਸ਼ਹੀਦ ਹੋਣ ਦਾ ਫੈਸਲਾ ਕੀਤਾ ਹੈ।” ਇਸ ਅਪਰੇਸ਼ਨ ਵਿਚ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ 3 ਟੈਂਕ ਵਰਤੇ ਗਏ। ਘਟੋ-ਘਟ ਟੈਂਕਾਂ ਵਿਚ 60 ਰਾਊਂਡ ਦਾਗੇ ਗਏ; ਤੇ ਇਸ ਤੋਂ ਇਲਾਵਾ ਇਕ ਆਰਮਡ ਪਰਸੋਨਲ ਕੈਰੀਅਰ (ਏ. ਪੀ. ਸੀ.) ਵੀ ਵਰਤਿਆ ਗਿਆ ਪਰ ਇਕ ਖਾੜਕੂ ਨੇ ਏ. ਪੀ. ਸੀ. ਦੇ ਟਾਇਰ ‘ਤੇ ਗੋਲੀ ਮਾਰ ਕੇ ਇਸ ਨੂੰ ਪੰਕਚਰ ਕਰ ਦਿੱਤਾ। ਇਹ ਏ. ਪੀ. ਸੀ. ਅਕਾਲ ਤਖਤ ਦੇ ਨੇੜੇ ਪਹੁੰਚ ਗਿਆ ਸੀ। ਗੈਸ ਵਾਲੇ ਕਾਰਤੂਸ ਵੀ ਚਲਾਏ ਗਏ ਪਰ ਇਹ ਕਾਰਤੂਸ ਅਸਰਦਾਰ ਸਾਬਤ ਨਹੀਂ ਹੋਏ। ਬਾਅਦ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਦੇਹ ਅਕਾਲ ਤਖਤ ਸਾਹਿਬ ਦੇ ਸਾਹਮਣੇ 6 ਜੂਨ ਨੂੰ ਮਿਲੀ ਸੀ। ਉਨ੍ਹਾਂ ਦੇ ਨੇੜੇ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਦੇਹ ਪਈ ਸੀ। ਤਿੰਨਾਂ ਦਾ ਪੂਰਨ ਗੁਰ-ਸਿੱਖ ਮਰਯਾਦਾ ਨਾਲ ਸਸਕਾਰ ਕੀਤਾ ਗਿਆ ਸੀ; ਤੇ ਸਸਕਾਰ ਸਮੇਂ ਵਡੇ ਅਫਸਰ ਹਾਜ਼ਰ ਸਨ। ਸੰਤਾਂ ਦੀ ਸ਼ਨਾਖਤ ਫੌਜ ਅਤੇ ਜਿ਼ਲ੍ਹਾ ਅਧਿਕਾਰੀਆਂ ਨੇ ਡੀ. ਐਸ. ਪੀ. ਅਪਾਰ ਸਿੰਘ ਬਾਜਵਾ , ਐਸ. ਪੀ. ਹਰਜੀਤ ਸਿੰਘ ਅਤੇ ਸੰਤਾਂ ਦੇ ਫੌਜ ਵਿਚ ਨੌਕਰੀ ਕਰਦੇ ਭਾਈ ਤੋਂ ਕਰਵਾਈ ਸੀ।
ਰਮੇਸ਼ ਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਫੌਜ ‘ਤੇ ਕਾਫੀ ਦਬਾ ਬਣਾ ਕੇ 5 ਜੂਨ ਨੂੰ ਦੁਪਹਿਰ ਤੋਂ ਬਾਅਦ ਦੋ ਘੰਟੇ ਲਈ ਗੋਲੀ ਬੰਦੀ ਕਰਵਾਈ ਗਈ। ਫਿਰ ਸਮਾਂ ਸ਼ਾਮ ਦੇ 7 ਵਜੇ ਤਕ ਵਧਾ ਦਿੱਤਾ ਗਿਆ ਸੀ; ਮਕਸਦ ਅੰਦਰ ਫਸੇ ਯਾਤਰੂਆਂ ਨੂੰ ਕੱਢਣਾ ਸੀ। ਬਹੁਤ ਸਾਰੇ ਯਾਤਰੂ ਜੋ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਕਰਕੇ 3 ਜੂਨ ਨੂੰ ਦਰਬਾਰ ਸਾਹਿਬ ਵਿਖੇ ਆਏ ਸਨ, ਕਰਫਿਊ ਕਰਕੇ ਅੰਦਰ ਹੀ ਫਸ ਗਏ ਸਨ। 5 ਜੂਨ ਨੂੰ ਗੋਲੀ ਬੰਦੀ ਦੌਰਾਨ ਕਈ ਵਾਰੀ ਲੋਕ ਸੰਪਰਕ ਵਿਭਾਗ ਦੀ ਵੈਨ ਰਾਹੀਂ ਯਾਤਰੂਆਂ ਨੂੰ ਬਾਹਰ ਆਉਣ ਲਈ ਅਪੀਲ ਕੀਤੀ ਪਰ 159 ਬੰਦੇ ਅਤੇ ਔਰਤਾਂ ਹੀ ਬਾਹਰ ਆਏ। ਉਨ੍ਹਾਂ ਕਿਤਾਬ ਚ ਲਿਖਿਆ ਕਿ ਜਨਰਲ ਆਰ. ਐੱਸ. ਦਿਆਲ ਵੀ ਖੁੰਡੇ ਸੁਭਾਅ ਵਾਲਾ ਬੰਦਾ ਸੀ ਤੇ ਛੇਤੀ-ਛੇਤੀ ਗੱਲ ਮੰਨਦਾ ਨਹੀਂ ਸੀ। ਜਦੋਂ ਉਸ ਨੂੰ ਕਿਹਾ ਗਿਆ ਕਿ ਟੈਂਕ ਦਾ ਗੋਲਾ ਦੂਰ ਗੋਲਡਨ ਟੈਂਪਲ ਦੇ ਪਿੱਛੇ ਆਬਾਦੀ ਵਿਚ ਜਾ ਕੇ ਨੁਕਸਾਨ ਕਰ ਸਕਦਾ ਹੈ ਤਾਂ ਉਹ ਇਸ ਗੱਲ ‘ਤੇ ਅੜਿਆ ਰਿਹਾ ਕਿ ਨਹੀਂ, ਇਹ ਤਾਂ ਆਪਣੇ ਮਿਥੇ ਨਿਸ਼ਾਨੇ ‘ਤੇ ਹੀ ਫਾਇਰ ਕਰਦਾ ਹੈ ਪਰ ਹੋਇਆ ਇਸ ਦੇ ਉਲਟ। ਗੋਲੇ ਦੂਰ ਤਕ ਗਏ ਤੇ ਸਿਵਲੀਅਨ ਇਲਾਕੇ ਵਿਚ ਇਸ ਕਾਰਨ ਨੁਕਸਾਨ ਹੋਇਆ। ਫੌਜ ਨੂੰ ਲਗਦਾ ਸੀ ਕਿ 5 ਤੇ 6 ਜੂਨ ਵਿਚਕਾਰਲੀ ਰਾਤ ਨੂੰ 1 ਵਜੇ ਤਕ ਅਪਰੇਸ਼ਨ ਖਤਮ ਹੋ ਜਾਵੇਗਾ ਪਰ ਲੜਾਈ 6 ਜੂਨ ਨੂੰ ਦੁਪਹਿਰ ਤਕ ਚਲਦੀ ਰਹੀ।
ਰਾਸ਼ਟਰਪਤੀ ਜ਼ੈਲ ਸਿੰਘ ਨੂੰ ਅਪਰੇਸ਼ਨ ਬਾਰੇ ਨਹੀਂ ਦੱਸਿਆ ਗਿਆ ਸੀ ਤੇ ਕਿਤਾਬ ਵਿਚ ਲਿਖਿਆ ਹੈ ਕਿ ਜ਼ੈਲ ਸਿੰਘ ਨੇ ਪੁੱਛਿਆ ਕਿ ਫੌਜ ਕਿਸ ਨੇ ਭੇਜੀ ਹੈ? ਸੰਵਿਧਾਨ ਮੁਤਾਬਿਕ ਦੇਸ਼ ਦੇ ਰਾਸ਼ਟਰਪਤੀ ਨੂੰ ਭਾਰਤੀ ਫੌਜ ਦਾ ਸੁਪਰੀਮ ਕਮਾਂਡਰ ਮੰਨਿਆ ਗਿਆ ਹੈ। ਕਿਤਾਬ ਚ ਜਿਕਰ ਹੈ ਕਿ ਉਸ ਸਮੇਂ ਦੇ ਕੇਂਦਰੀ ਮੰਤਰੀ ਪ੍ਰਣਬ ਮੁਖਰਜੀ ਨੇ ਇੰਦਰਾ ਗਾਂਧੀ ਨੂੰ ਅਪਰੇਸ਼ਨ ਤੋਂ ਵਰਜਿਆ ਸੀ। ਉਸ ਨੇ ਅਹਿਮਦ ਸ਼ਾਹ ਅਬਦਾਲੀ ਦਾ ਹਵਾਲਾ ਦਿੰਦੇ ਕਿਹਾ ਸੀ ਕਿ ਉਸ ਦਾ ਕੀ ਹਸ਼ਰ ਹੋਇਆ ਸੀ ਪਰ ਇੰਦਰਾ ਗਾਂਧੀ ਨੇ ਜਵਾਬ ਵਿਚ ਕਿਹਾ ਸੀ, “ਕਈ ਵਾਰ ਇਤਿਹਾਸ ਦੀ ਮੰਗ ਅਨੁਸਾਰ ਕਾਰਵਾਈ ਕਰਨੀ ਪੈਂਦੀ ਹੈ।”
ਰਮੇਸ਼ ਇੰਦਰ ਸਿੰਘ ਨੇ ਦੱਸਿਆ ਹੈ ਕਿ 5 ਜੂਨ ਨੂੰ ਅੰਮ੍ਰਿਤਸਰ ਕੋਤਵਾਲੀ ਵਿਚ ਮੀਟਿੰਗ ਚਲ ਰਹੀ ਸੀ। ਹਰਜੀਤ ਸਿੰਘ ਨੇ ਸੰਤ ਭਿੰਡਰਾਂਵਾਲੇ ਨਾਲ ਗਲਬਾਤ ਕਰਨ ਲਈ ਰਮੇਸ਼ ਇੰਦਰ ਸਿੰਘ ਨੂੰ ਭੇਜਣ ਦੀ ਸਲਾਹ ਜਰਨਲ ਬਰਾੜ ਨੂੰ ਦਿਤੀ ਸੀ- ਸ਼ਾਇਦ ਕੋਈ ਹਲ ਨਿੱਕਲ ਆਵੇ ਪਰ ਜਰਨਲ ਬਰਾੜ ਨੇ ਕਿਹਾ ਕਿ ਫੌਜ ਕਾਰਵਾਈ ਆਰੰਭ ਕਰਨ ਤੋਂ ਪਹਿਲਾਂ ਵਾਰਨਿੰਗ ਦੇਵੇਗੀ ਪਰ ਨਾ ਤਾਂ ਕੋਈ ਗਲਬਾਤ ਦੀ ਕੋਸ਼ਿਸ਼ ਕੀਤੀ ਗਈ ਤੇ ਨਾ ਹੀ ਵਾਰਨਿੰਗ ਦਿਤੀ। ਰਮੇਸ਼ ਇੰਦਰ ਸਿੰਘ ਨੇ ਕਿਹਾ ਕਿ 5 ਜੂਨ ਨੂੰ ਦੁਪਹਿਰ ਬਾਅਦ ਉਸ ਨੇ ਅਕਾਲ ਤਖਤ ਸਾਹਿਬ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਬੰਦ ਸਨ, ਇਸ ਕਰਕੇ ਗੱਲ ਨਹੀਂ ਹੋ ਸਕੀ। 3 ਤੇ 4 ਜੂਨ ਨੂੰ ਸਿਵਲ ਤੇ ਫੌਜ ਦੀ ਸਾਂਝੀ ਮੀਟਿੰਗ ਵਿਚ ਫੈਸਲਾ ਹੋਇਆ ਸੀ ਕਿ ਆਮ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਪਰ ਇਸ ਸਬੰਧ ਵਿਚ 5 ਜੂਨ ਦੇ ਦੁਪਹਿਰ ਤਕ ਕੋਈ ਯਤਨ ਨਹੀਂ ਹੋਇਆ।
ਕਿਤਾਬ ਵਿਚ ਜਿ਼ਕਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਘਟੋ-ਘਟ ਦੋ ਵਾਰ ਸੰਤ ਭਿੰਡਰਾਂਵਾਲੇ ਨੂੰ ਕੇਂਦਰ ਨਾਲ ਗਲਬਾਤ ਕਰ ਲਈ ਮਨਾ ਲਿਆ ਸੀ। ਰਾਜੀਵ ਗਾਂਧੀ ਨਾਲ ਮੀਟਿੰਗ ਦਾ ਸਮਾਂ ਤੇ ਸਥਾਨ ਵੀ ਤੈਅ ਹੋ ਗਿਆ ਸੀ ਪਰ ਮੀਟਿੰਗ ਆਖਰੀ ਸਮੇਂ ਰੱਦ ਹੋ ਗਈ। ਇਸ ਤੋਂ ਨਾਰਾਜ਼ਗੀ ਹੋਰ ਵਧ ਗਈ। ਉਸ ਤੋਂ ਪਹਿਲਾਂ 1982 ਵਿਚ ਦਿੱਲੀ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਤੋਂ ਪਹਿਲਾਂ ਅਕਾਲੀ ਨੇਤਾਵਾਂ ਨਾਲ ਸਮਝੌਤਾ ਹੋ ਗਿਆ ਸੀ। ਇਸ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਮੁਖ ਭੂਮਿਕਾ ਨਿਭਾਈ ਸੀ। ਕੇਂਦਰੀ ਗ੍ਰਹਿ ਸਕੱਤਰ ਨੇ ਅੰਮ੍ਰਿਤਸਰ ਪਹੁੰਚ ਕੇ ਐਲਾਨ ਕਰਨਾ ਸੀ। ਉਸ ਨੇ ਆਪਣਾ ਵਿਸ਼ੇਸ਼ ਜਹਾਜ਼ ਮਗਵਾ ਲਿਆ ਸੀ ਪਰ ਆਖਰੀ ਸਮੇਂ ਕੇਂਦਰੀ ਗ੍ਰਹਿ ਮੰਤਰੀ ਨੂੰ ਰੋਕ ਲਿਆ ਗਿਆ। ਇਹ ਇਕ ਵਾਰ ਨਹੀਂ ਹੋਇਆ, ਕਈ ਵਾਰ ਹੋਇਆ। ਕਿਹਾ ਜਾਂਦਾ ਹੈ ਕਿ ਅਰੁਣ ਨਹਿਰੂ ਬਹੁਤ ਅੜਿੱਕੇ ਲਾਉਂਦਾ ਰਿਹਾ।
ਖੁਫੀਆ ਏਜੰਸੀਆਂ ਨੇ ਇਹ ਰਿਪੋਰਟ ਕੇਂਦਰ ਸਰਕਾਰ ਨੂੰ ਦਿਤੀ ਸੀ ਕਿ 3 ਜੂਨ 1984 ਨੂੰ ਖਾਲਿਸਤਾਨ ਦਾ ਐਲਾਨ ਹੋਵੇਗਾ। 11 ਮਾਰਚ 1985 ਨੂੰ ਕੁਲਦੀਪ ਨਈਅਰ ਨਾਲ ਇੰਟਰਵਿਊ ਵਿਚ ਇਹ ਗੱਲ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਦਸੀ ਸੀ ਕਿ ਦੋ ਬੰਦੇ ਸੰਤ ਭਿੰਡਰਾਂਵਾਲੇ ਨੂੰ ਖਾਲਿਸਤਾਨ ਦਾ ਐਲਾਨ ਕਰਵਾਉਣ ਲਈ ਮਿਲੇ ਸਨ। ਸੰਤਾਂ ਨੇ ਉਹਨੂੰ ਹਰਚੰਦ ਸਿੰਘ ਲੌਂਗੋਵਾਲ ਕੋਲ ਭੇਜ ਦਿੱਤਾ ਤੇ ਕਿਹਾ ਕਿ ਜੇ ਲੌਂਗੋਵਾਲ ਨੇ ਐਲਾਨ ਕਰ ਦਿੱਤਾ ਤਾਂ ਉਹ ਇਸ ਦੀ ਹਮਾਇਤ ਕਰ ਦੇਣਗੇ।
ਪਹਿਲਾਂ ਲੌਂਗੋਵਾਲ ਅਤੇ ਸੰਤਾਂ ਵਿਚਕਾਰ ਸਬੰਧ ਠੀਕ ਸਨ ਪਰ ਹੌਲੀ-ਹੌਲੀ ਇਹ ਤਲਖੀ ਭਰੇ ਹੋ ਗਏ। 1981 ਤੋਂ ਲੈ ਕੇ 1984 ਤਕ ਕੇਂਦਰ ਸਰਕਾਰ ਅਤੇ ਅਕਾਲੀ ਆਗੂਆਂ ਵਿਚਕਾਰ 26 ਮੀਟਿੰਗਾਂ ਹੋਈਆਂ ਪਰ ਕੋਈ ਸਿੱਟਾ ਨਾ ਨਿਕਲਿਆ। ਇੰਦਰਾ ਗਾਂਧੀ ਨਾਲ 3 ਮੀਟਿੰਗਾਂ ਹੋਈਆਂ। ਰਮੇਸ਼ ਇੰਦਰ ਦਾ ਕਹਿਣਾ ਹੈ ਕਿ ਲੈਫਟੀਨੈਂਟ ਜਰਨਲ ਐਸ. ਕੇ. ਸਿਨਹਾ ਨੂੰ ਰੱਖਿਆ ਮੰਤਰੀ ਆਰ. ਵੈਂਕਟਰਮਨ ਨੇ ਕਿਹਾ ਸੀ, “ਇਹ ਸਭ ਰਾਜਨੀਤੀ ਸੀ।“ ਫੌਜ ਦੇ ਵਡੇ ਅਫਸਰਾਂ ਵਿਚ ਅਪੇਰਸ਼ਨ ਨੂੰ ਲੈ ਕੇ ਇਕਸੁਰਤਾ ਨਹੀਂ ਸੀ। ਉਨ੍ਹਾਂ ਵਿਚਕਾਰ ਮਤਭੇਦ, ਮੀਟਿੰਗਾਂ ਵਿਚ ਅਕਸਰ ਨਜ਼ਰ ਆਉਂਦੇ ਸਨ। ਕਿਤਾਬ ਚ ਜਿਕਰ ਹੈ ਕਿ ਜਰਨਲ ਸੁੰਦਰ ਜੀ ਨੇ ਇੰਦਰਾ ਗਾਂਧੀ ਨੂੰ ਸਿੱਧਾ ਮਿਲਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਇੰਦਰਾ ਗਾਂਧੀ ਨਾਲ 3 ਜੂਨ ਦੀ ਰਾਤ ਨੂੰ ਮੁਲਾਕਾਤ ਕੀਤੀ ਸੀ। ਉਸ ਸਮੇਂ ਉਸ ਨਾਲ ਜਰਨਲ ਵੈਦਿਆ ਨਹੀਂ ਸੀ। ਇਕ ਵਾਰ ਸੁੰਦਰ ਜੀ ਅਤੇ ਜਰਨਲ ਦਿਆਲ ਇਕੱਠੇ ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਤੋਂ ਕੁਝ ਦਿਨ ਪਹਿਲਾਂ ਮਿਲੇ ਸਨ ਤੇ ਉਸ ਦਿਨ ਵੀ ਵੈਦਿਆ ਨਾਲ ਨਹੀਂ ਸਨ। ਸੁੰਦਰ ਜੀ ਨੇ ਵੈਦਿਆ ਨੂੰ ਬਾਈਪਾਸ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਤਾਬ ਚ ਕਿਹਾ ਗਿਆ ਹੈ ਕਿ ਸੁੰਦਰ ਜੀ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਅਪੇਰਸ਼ਨ ਬੜੀ ਸਫਲਤਾ ਪੂਰਵਕ ਅੱਧੀ ਰਾਤ ਤੋਂ ਪਹਿਲਾਂ ਹੀ ਮੁਕੰਮਲ ਹੋ ਜਾਵੇਗਾ।
ਕਿਤਾਬ ਵਿਚ ਨਿਰੰਕਾਰੀਆਂ ਨਾਲ ਝਗੜੇ ਤੇ ਟਕਰਾਓ, ਲਾਲਾ ਜਗਤ ਨਾਰਾਇਣ ਦਾ ਕਤਲ, ਭਿੰਡਰਾਂਵਾਲੇ ਦੀ ਗ੍ਰਿਫਤਾਰੀ, ਧਰਮ ਯੁੱਧ ਮੋਰਚਾ, ਧਰਮੀ ਫੌਜੀ, ਸਾਕਾ ਨੀਲਾ ਤਾਰਾ, ਇਕ ਬਜਰ ਗਲਤੀ, ਇੰਦਰਾ ਗਾਂਧੀ ਦਾ ਕਤਲ, ਰਾਜੀਵ ਲੌਂਗੋਵਾਲ ਸਮਝੌਤਾ, ਲੌਂਗੋਵਾਲ ਦਾ ਕਤਲ, ਖਾੜਕੂਵਾਦ: ਸ਼ੁਰੂਆਤ ਤੇ ਅੰਤ, ਮੀਡੀਆ, ਪਰਵਾਸੀ ਪੰਜਾਬੀ, ਕਾਰ ਸੇਵਾ ਤੇ ਸਿਆਸਤ, ਤੋਸ਼ਾਖਾਨਾ, ਅਪਰੇਸ਼ਨ ਬਲੈਕ ਥੰਡਰ-1 ਅਤੇ 2, ਵਿਦੇਸ਼ੀ ਤਾਕਤਾਂ ਦਾ ਦਖਲ, ਹਿੰਦੂਆਂ ਦਾ ਪਰਵਾਸ, ਖਾਲਿਸਤਾਨ ਦਾ ਐਲਾਨ, ਫੌਜ ਹੀ ਫੌਜ, ਵਖਰੇਵਿਆਂ ਦੀ ਸ਼ੁਰੂਆਤ, ਭਾਸ਼ਾ ਦੇ ਮੁੱਦੇ ‘ਤੇ ਟਕਰਾਓ, ਦੇਸ਼ ਦੀ ਵੰਡ, ਪੰਜਾਬੀ ਸੂਬਾ, ਗਰਮ ਖਿਆਲੀਆਂ ਦੇ ਉਥਾਨ ਵਾਰੇ ਵੀ ਬੜੀ ਖੋਜ ਕਰਕੇ ਲਿਖਿਆ ਹੈ। ਕਿਤਾਬ ਪੜ੍ਹਨ ਵਾਲੀ ਹੈ। ਬਹੁਤ ਨਵੀਆਂ ਗੱਲਾਂ ਦਾ ਪਤਾ ਲੱਗਦਾ ਹੈ; ਜਿਵੇਂ ਕਿਤਾਬ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਵਲਭ ਭਾਈ ਪਟੇਲ ਦੇ ਪੁਰਖਿਆਂ ਦਾ ਸਬੰਧ ਪੰਜਾਬ ਨਾਲ ਸੀ। ਸਿੰਘ ਸਭਾ ਅਤੇ ਆਰੀਆ ਸਮਾਜ ਵਿਚ ਪਹਿਲਾ ਨੇੜਤਾ ਅਤੇ ਫਿਰ ਟਕਰਾਓ ਦਾ ਕਾਫੀ ਲੰਮਾ ਜਿ਼ਕਰ ਹੈ। ਇਹ ਸਿਲਸਿਲਾ ਵੀ ਪੰਜਾਬ ਦੀਆਂ ਦੁਸ਼ਵਾਰੀਆਂ ਦਾ ਕਾਰਨ ਬਣਿਆ। ਲੇਖਕ ਦੇ ਵਿਚਾਰਾਂ ਨਾਲ ਸਹਿਮਤ ਜਾਂ ਅਸਹਿਮਤ ਹੋਣ ਦਾ ਹਰ ਇਕ ਦਾ ਆਪਣਾ ਅਧਿਕਾਰ ਹੈ।