ਚਾਂਦ ਬਰਕ ਦੀ ਪੈਦਾਇਸ਼ 2 ਫਰਵਰੀ 1932 ਨੂੰ ਚੱਕ ਝੁਮਰਾ, ਲਾਇਲਪੁਰ (ਹੁਣ ਫੈਸਲਾਬਾਦ) ਦੇ ਪੰਜਾਬੀ ਇਸਾਈ ਪਰਿਵਾਰ ਵਿਚ ਹੋਈ। 12 ਭੈਣ-ਭਰਾਵਾਂ ‘ਚੋਂ ਸਭ ਤੋਂ ਛੋਟੀ ਚਾਂਦ ਨੂੰ ਬਾਲ ਉਮਰੇ ਹੀ ਨੱਚਣ-ਗਾਉਣ ਨਾਲ ਬੇਹੱਦ ਮੁਹੱਬਤ ਸੀ। ਉਸ ਦੀ ਨਾਚ ਕਲਾ ਵਿਚ ਮੁਹਾਰਤ ਸਦਕਾ ਹੀ ਉਸ ਨੂੰ ‘ਡਾਂਸਿੰਗ ਲਿੱਲੀ ਆਫ ਪੰਜਾਬ’ ਲਕਬ ਮਿਲਿਆ ਸੀ। ਖੈਰ! ਉਸ ਦਾ ਇਹੀ ਸ਼ੌਕ ਉਸ ਨੂੰ ਫਿਲਮਾਂ ਦੇ ਮਰਕਜ਼ ਲਾਹੌਰ ਖਿੱਚ ਲਿਆਇਆ।
ਜਦੋਂ ਜੇ. ਐੱਨ. ਮਹੇਸ਼ਵਰੀ (ਜਗਨ ਨਾਥ ਮਹੇਸ਼ਵਰੀ) ਨੇ ਹਿੰਦੀ ਫਿਲਮ ‘ਕਹਾਂ ਗਏ’ (1946) ਸ਼ੁਰੂ ਕੀਤੀ ਤਾਂ ਉਨ੍ਹਾਂ ਇਸ ਫਿਲਮ ਵਿਚ ਅਦਾਕਾਰਾ ਚਾਂਦ ਬਰਕ ਨੂੰ ਨਵੇਂ ਚਿਹਰੇ ਵਜੋਂ ਪੇਸ਼ ਕੀਤਾ। ਨਿਰੰਜਨ ਦੀ ਹਿਦਾਇਤਕਾਰੀ ਵਾਲੀ ਇਸ ਫਿਲਮ ਵਿਚ ਬੇਗਮ ਪਰਵੀਨ, ਜ਼ੁਬੈਦਾ, ਰੂਫੀ, ਨਿਰੰਜਨ, ਰਮੇਸ਼ ਠਾਕੁਰ, ਬੈਜ ਸ਼ਰਮਾ, ਸਲੀਮ ਰਜ਼ਾ, ਵੀਰ ਪੱਤਰੀ ਵਰਗੇ ਫਨਕਾਰ ਵੀ ਸਨ ਅਤੇ ਬਰਕ ਦੇ ਹਮਰਾਹ ਹੀਰੋ ਦਾ ਕਿਰਦਾਰ ਐੱਸ. ਕਪੂਰ ਨੇ ਅਦਾ ਕੀਤਾ ਸੀ। 5 ਲੱਖ ਦੀ ਲਾਗਤ ਨਾਲ ਬਣੀ ਇਹ ਫਿਲਮ 3 ਜਨਵਰੀ 1947 ਨੂੰ ਨੁਮਾਇਸ਼ ਹੋਈ ਪਰ ਨਾਕਾਮ ਸਾਬਤ ਹੋਈ।
ਜਦੋਂ ਮਹਿੰਦਰ ਗਿੱਲ ਨੇ ਆਪਣੀ ਪਹਿਲੀ ਹਿੰਦੀ ਫਿਲਮ ‘ਮੋਹਨੀ’ (1947) ਸ਼ੁਰੂ ਕੀਤੀ ਤਾਂ ਇਸ ਦੀ ਹਿਦਾਇਤਕਾਰੀ ਦਾ ਜਿ਼ੰਮਾ ਨਿਰੰਜਨ ਦੇ ਸਪੁਰਦ ਕੀਤਾ। ਨਿਰੰਜਨ ਨੇ ਫਿਲਮ ਵਿਚ ਚਾਂਦ ਬਰਕ ਨੂੰ ਮਰਕਜ਼ੀ ਕਿਰਦਾਰ ਵਿਚ ਪੇਸ਼ ਕੀਤਾ ਜਿਸ ਦੇ ਰੂਬਰੂ ਪ੍ਰਾਣ (ਬਾਅਦ ‘ਚ ਖਲਨਾਇਕ) ਹੀਰੋ ਦਾ ਪਾਰਟ ਅਦਾ ਕਰ ਰਿਹਾ ਸੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਨਿਰੰਜਨ ਨੂੰ ਚਾਂਦ ਬਰਕ ਨਾਲ ਮੁਹੱਬਤ ਹੋ ਗਈ ਤੇ ਦੋਵਾਂ ਨੇ ਵਿਆਹ ਕਰਵਾ ਲਿਆ। ਨਿਰੰਜਨ ਨੇ ਹਿੰਦੀ ਫਿਲਮ ‘ਫਰਜ਼’ (1947) ਸ਼ੁਰੂ ਕੀਤੀ ਤਾਂ ਇਸ ਵਿਚ ਲਾਹੌਰ ਦਾ ਸ਼ਾਹ ਜ਼ਮਾਨ ਖਾਨ ਅਫਰੀਦੀ ਅਤੇ ਰਾਗਿਨੀ ਹੀਰੋ ਅਤੇ ਹੀਰੋਇਨ ਸਨ। ਦੂਜੀ ਹੀਰੋਇਨ ਵਜੋਂ ਚਾਂਦ ਬਰਕ ਮੌਜੂਦ ਸੀ। ਇਸ ਫਿਲਮ ਵਿਚ ਚਾਂਦ ਬਰਕ ਦੀ ਭੈਣ ਏਰੀਅਲ ਬਰਕ ਨੇ ਵੀ ਸਹਾਇਕ ਅਦਾਕਾਰਾ ਵਜੋਂ ਕੰਮ ਕੀਤਾ।
14 ਦਸੰਬਰ 1946 ਨੂੰ ਲਾਹੌਰ ਤੋਂ ਨਿਕਲਦੇ ‘ਦਿ ਐਡਵੋਕੇਟ ਵੀਕਲੀ’ ਦੇ ਟਾਈਟਲ ‘ਤੇ ਚਾਂਦ ਬਰਕ ਦੀ ਛਪੀ ਤਸਵੀਰ ਇਸ ਗੱਲ ਦੀ ਸ਼ਾਹਦੀ ਭਰਦੀ ਸੀ ਕਿ ਇਹ ਮੁਟਿਆਰ ਆਉਣ ਵਾਲੇ ਵਕਤ ਦੀਆਂ ਉਮਦਾ ਹੀਰੋਇਨਾਂ ‘ਚ ਸ਼ੁਮਾਰੀ ਜਾਵੇਗੀ ਪਰ ਅਫਸੋਸ! ਇਸ ਦੌਰਾਨ ਪੰਜਾਬ ਦੀ ਵੰਡ ਹੋ ਗਈ ਤੇ 1947 ਵਿਚ ਚਾਂਦ ਬਰਕ ਆਪਣੇ ਪਤੀ ਨਿਰੰਜਨ ਨਾਲ ਬੰਬਈ ਚਲੀ ਗਈ। ਉਨ੍ਹਾਂ ਦੀ ਫਿਲਮ ‘ਫਰਜ਼’ 1947 ਵਿਚ ਬੰਬੇ ਰਿਲੀਜ਼ ਹੋਈ।
ਚਾਂਦ ਬਰਕ ਨੇ ਬੰਬਈ ਜਾ ਕੇ 1948 ਤੋਂ 1953 ਤੱਕ ਮੁੱਖ ਅਤੇ ਸਾਥੀ ਅਦਾਕਾਰਾ ਦੇ ਪਾਰਟ ਅਦਾ ਕੀਤੇ। ਇਨ੍ਹਾਂ ਵਿਚ ਫਿਲਮ ‘ਦੁਖਿਆਰੀ’ (1948), ‘ਚੁਨਰੀਆ’ (1948), ‘ਹਮਾਰੀ ਮੰਜ਼ਿਲ’ (1949), ‘ਪਰਦਾ’ (1949), ‘ਰੌਸ਼ਨੀ’ (1949), ‘ਤਾਰਾ’ (1949), ‘ਸ਼ੌਕੀਨ’ (1949), ‘ਸਬਜ਼ ਬਾਗ’ (1951) ਆਦਿ ਫਿਲਮਾਂ ਸ਼ਾਮਿਲ ਹਨ।
ਜਦੋਂ ਰਾਜ ਕਪੂਰ ਨੇ ਪ੍ਰਕਾਸ਼ ਅਰੋੜਾ ਦੀ ਹਿਦਾਇਤਕਾਰੀ ਵਿਚ ‘ਬੂਟ ਪਾਲਿਸ਼’ (1953) ਬਣਾਈ ਤਾਂ ਚਾਂਦ ਬਰਕ ਨੂੰ ਕਮਲਾ ਚਾਚੀ ਕਿਰਦਾਰ ਦਿੱਤਾ। ਸ਼ੰਕਰ-ਜੈਕਿਸ਼ਨ ਦੇ ਸੰਗੀਤ ‘ਚ ਹਸਰਤ ਜੈਪੁਰੀ ਦਾ ਲਿਖਿਆ ਗੀਤ ‘ਤਾਰੋਂ ਕੀ ਦਿਲ ਕੀ ਬਾਤ, ਮੈਂ ਬਹਾਰੋਂ ਕੀ ਨਟਖਟ ਰਾਨੀ’ (ਆਸ਼ਾ ਭੌਸਲੇ) ਚਾਂਦ ਬਰਕ ‘ਤੇ ਫਿਲਮਾਇਆ ਹਿੱਟ ਗੀਤ ਸੀ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਚਾਂਦ ਬਰਕ ਨੇ ਚਰਿੱਤਰ ਅਦਾਕਾਰਾ ਵਜੋਂ ਕਾਫੀ ਫਿਲਮਾਂ ਕੀਤੀਆਂ। ਉਸ ਦੀ ਆਖਰੀ ਹਿੰਦੀ ਫਿਲਮ ‘ਮੇਰਾ ਭਾਈ ਮੇਰਾ ਦੁਸ਼ਮਨ’ (1967) ਸੀ।
ਹਿੰਦੀ ਦੇ ਨਾਲ-ਨਾਲ ਚਾਂਦ ਬਰਕ ਨੇ ਪੰਜਾਬੀ ਫਿਲਮਾਂ ਵਿਚ ਵੀ ਅਦਾਕਾਰੀ ਕੀਤੀ। ਜਦੋਂ ਅੰਮ੍ਰਿਤ ਕੇ. ਓਬਰਾਏ ਨੇ ਪੰਜਾਬੀ ਫਿਲਮ ‘ਮੁਟਿਆਰ’ (1950) ਬਣਾਈ ਤਾਂ ਚਾਂਦ ਬਰਕ ਨੇ ਸਹਾਇਕ ਅਦਾਕਾਰਾ ਦਾ ਪਾਰਟ ਅਦਾ ਕੀਤਾ। ਇਹ ਫਿਲਮ 25 ਨਵੰਬਰ 1950 ਨੂੰ ਬੰਬਈ ਵਿਚ ਰਿਲੀਜ਼ ਹੋਈ। ਐੱਨ.ਐੱਸ. ਕਵਾਤੜਾ ਨੇ ਮਜ਼ਾਹੀਆ ਪੰਜਾਬੀ ਫਿਲਮ ‘ਪੋਸਤੀ’ (1951) ਬਣਾਈ ਤਾਂ 19 ਸਾਲਾ ਮੁਟਿਆਰ ਚਾਂਦ ਬਰਕ ਨੂੰ ਮਾਂ ਦੇ ਰੋਲ ਵਿਚ ਪੇਸ਼ ਕੀਤਾ। ਇਹ ਕਾਮਯਾਬ ਫਿਲਮ 8 ਜੂਨ 1951 ਨੂੰ ਨਿਊ ਚਿੱਤਰਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਫਿਲਮ ‘ਕੌਡੇ ਸ਼ਾਹ’ (1953) ‘ਚ ਚਾਂਦ ਬਰਕ ਨੇ ਅਦਾਕਾਰ ਦਲਜੀਤ (ਨਵਾਂ ਚਿਹਰਾ) ਦੀ ਮਾਂ ਦਾ ਚਰਿੱਤਰ ਪਾਰਟ ਅਦਾ ਕੀਤਾ। ‘ਸ਼ਾਹ ਜੀ’ (1954) ‘ਚ ਚਾਂਦ ਬਰਕ ਨੇ ‘ਸ਼ਾਹ ਜੀ’ ਦਾ ਟਾਈਟਲ ਰੋਲ ਕਰ ਰਹੇ ਸਤੀਸ਼ ਬੱਤਰਾ ਦੀ ਪਤਨੀ ਦਾ ਕਿਰਦਾਰ ਨਿਭਾਇਆ। ਇਹ ਫਿਲਮ 4 ਅਪਰੈਲ 1954 ਨੂੰ ਓਡੀਅਨ ਥੀਏਟਰ, ਜਲੰਧਰ ਵਿਖੇ ਰਿਲੀਜ਼ ਹੋਈ। ਪੰਜਾਬੀ ਫਿਲਮ ‘ਵਣਜਾਰਾ’ (1954) ‘ਚ ਚਾਂਦ ਬਰਕ ਨੇ ਚਰਿੱਤਰ ਅਦਾਕਾਰ ਰਮੇਸ਼ ਠਾਕੁਰ (ਚੌਧਰੀ ਰੱਖਾ) ਦੀ ਪਤਨੀ ਤੇ ਅਦਾਕਾਰਾ ਮੰਜੂ (ਰਾਣੋ) ਦੀ ਮਾਂ ਦਾ ਪਾਤਰ ਨਿਭਾਇਆ। ਇਹ ਫਿਲਮ 22 ਫਰਵਰੀ 1955 ਨੂੰ ਕਿਰਨ ਥੀਏਟਰ, ਚੰਡੀਗੜ੍ਹ ਵਿਖੇ ਨੁਮਾਇਸ਼ ਹੋਈ। ਪੰਜਾਬੀ ਫਿਲਮ ‘ਪੱਗੜੀ ਸੰਭਾਲ ਜੱਟਾ’ (1960) ‘ਚ ਵੀ ਚਾਂਦ ਬਰਕ ਨੇ ਚਰਿੱਤਰ ਕਿਰਦਾਰ ਨਿਭਾਇਆ। ਫਿਲਮ ‘ਬਿੱਲੋ’ (1961) ‘ਚ ਵੀ ਚਾਂਦ ਬਰਕ ਚਰਿੱਤਰ ਅਦਾਕਾਰਾ ਵਜੋਂ ਮੌਜੂਦ ਸੀ। ਪੰਜਾਬੀ ਫਿਲਮ ‘ਪਰਦੇਸੀ ਢੋਲਾ’ (1962) ‘ਚ ਚਾਂਦ ਬਰਕ ਨੇ ‘ਸੋਮਾ’ ਦਾ ਪਾਰਟ ਅਦਾ ਕਰ ਰਹੀ ਇੰਦਰਾ ਬਿੱਲੀ ਦੀ ‘ਭਾਬੋ’ (ਮਾਂ) ਦਾ ਪਾਰਟ ਅਦਾ ਕੀਤਾ। ਫਿਲਮ ‘ਪਰਦੇਸਣ’ (1969) ‘ਚ ਚਾਂਦ ਬਰਕ ਨੇ ਚਰਿੱਤਰ ਅਦਾਕਾਰ ਜਿਲਾਨੀ (ਬਾਊ ਮਹਿੰਗਾ ਰਾਮ) ਦੀ ਪਤਨੀ ਤੇ ਅਦਾਕਾਰ ਪ੍ਰੇਮ ਚੋਪੜਾ ਦੀ ਮਾਂ ਦਾ ਕਿਰਦਾਰ ਨਿਭਾਇਆ। ਫਿਲਮ ‘ਚ ਇੱਕ ਪੈਰੋਡੀ ਗੀਤ ਚਾਂਦ ਬਰਕ (ਨਾਲ ਜਿਲਾਨੀ) ‘ਤੇ ਫਿਲਮਾਇਆ ਗਿਆ ਜਿਸ ਦੇ ਬੋਲ ਸਨ ‘ਦਿਲ ਤੇਰਾ ਦੀਵਾਨਾ ਬਾਊ ਜੀ’ (ਮੀਨੂੰ ਪ੍ਰੋਸ਼ਤਮ)। ਫਿਲਮ ‘ਪਟੋਲਾ’ (1973) ‘ਚ ਚਾਂਦ ਬਰਕ ਨੇ ਜਿਲਾਨੀ (ਪਟਵਾਰੀ ਦੀਨ ਦਿਆਲ) ਦੀ ਪਤਨੀ ਤੇ ਇੰਦਰਾ ਬਿੱਲੀ ਦੀ ਬੇਬੇ (ਮਾਂ) ਦਾ ਕਿਰਦਾਰ ਨਿਭਾਇਆ।
ਚਾਂਦ ਬਰਕ ਦੇ ਪਰਿਵਾਰ ਵਿਚੋਂ ਉਸ ਦਾ ਭਰਾ ਸੈਮੂਅਲ ਮਾਰਟਿਨ ਬਰਕ ਭਾਰਤੀ ਸਿਵਲ ਸੇਵਾ ਅਧਿਕਾਰੀ ਸੀ ਜੋ ਬਾਅਦ ਵਿਚ ਪਾਕਿਸਤਾਨ ਵੱਲੋਂ ਰਾਜਦੂਤ ਬਣ ਗਿਆ ਸੀ। ਸਾਲ 1954 ਵਿਚ ਆਪਸੀ ਮਤਭੇਦ ਕਾਰਨ ਚਾਂਦ ਬਰਕ ਨੇ ਆਪਣੇ ਹਿਦਾਇਤਕਾਰ ਅਤੇ ਅਦਾਕਾਰ ਪਤੀ ਨਿਰੰਜਨ (ਹਿਦਾਇਤਕਾਰ ਨਿਰੰਜਨ ਪਾਲ ਨਹੀਂ) ਕੋਲੋਂ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ। ਇਸ ਤੋਂ ਬਾਅਦ 1955 ਵਿਚ ਚਾਂਦ ਬਰਕ ਨੇ ਸਿੰਧੀ ਸਿੱਖ ਪਰਿਵਾਰ ਦੇ ਸੁੰਦਰ ਸਿੰਘ ਭਵਨਾਨੀ ਨਾਲ ਵਿਆਹ ਕਰਵਾ ਲਿਆ ਜੋ ਬਹੁਤ ਵੱਡੇ ਬਿਜ਼ਨਸਮੈਨ ਤੇ ਆਰਕੀਟੈਕਟ ਸਨ। ਰਿਸ਼ਤੇਦਾਰੀ ‘ਚੋਂ ਅਦਾਕਾਰ ਅਨਿਲ ਕਪੂਰ ਦੀ ਪਤਨੀ ਸੁਨੀਤਾ ਭਵਨਾਨੀ ਸੁੰਦਰ ਸਿੰਘ ਦੀ ਛੋਟੀ ਭੈਣ ਹੈ। ਇਨ੍ਹਾਂ ਦਾ ਇੱਕ ਪੁੱਤਰ ਜਗਜੀਤ ਸਿੰਘ ਭਵਨਾਨੀ ਉਰਫ ਛੋਟੂ ਸਿੰਘ ਮੁੰਬਈ ਅਤੇ ਇੱਕ ਧੀ ਟੋਨੀਆ ਅਮਰੀਕਾ ਰਹਿੰਦੀ ਹੈ। ਅੱਜ ਜਗਜੀਤ ਸਿੰਘ ਅਤੇ ਅੰਜੂ ਦਾ ਪੁੱਤਰ ਰਣਵੀਰ ਸਿੰਘ ਭਵਨਾਨੀ (ਪਤੀ ਅਦਾਕਾਰਾ ਦੀਪਕਾ ਪਾਦੂਕੋਣ) ਸਫਲ ਅਦਾਕਾਰ ਹੈ ਅਤੇ ਧੀ ਦਾ ਨਾਮ ਰਿਤਿਕਾ ਸਿੰਘ ਭਵਨਾਨੀ ਹੈ। ਚਾਂਦ ਬਰਕ ਦੀ ਖਵਾਹਿਸ਼ ਸੀ ਕਿ ਉਸ ਦਾ ਪੁੱਤਰ ਜਗਜੀਤ ਫਿਲਮੀ ਅਦਾਕਾਰ ਬਣੇ ਪਰ ਉਹ ਆਪਣੇ ਪਿਤਾ ਵਾਂਗ ਹੀ ਕਾਰੋਬਾਰ ਨੂੰ ਸਮਰਪਿਤ ਰਿਹਾ। ਉਸ ਦੀ ਆਰਜ਼ੂ ਪੂਰੀ ਕੀਤੀ ਉਸ ਦੇ ਪੋਤਰੇ ਰਣਵੀਰ ਸਿੰਘ ਨੇ ਜਿਸ ਨੂੰ ਉਹ ਪਿਆਰ ਨਾਲ ਬਿੱਟੂ ਆਖਦੀ ਸੀ।
ਲਾਹੌਰ ਤੋਂ ਬੰਬਈ ਤੱਕ ਆਪਣਾ ਫਿਲਮੀ ਸਫਰ ਤੈਅ ਕਰਨ ਵਾਲੀ ਚਰਿੱਤਰ ਅਦਾਕਾਰਾ ਚਾਂਦ ਬਰਕ 28 ਦਸੰਬਰ 2008 ਨੂੰ 76 ਸਾਲਾਂ ਦੀ ਉਮਰ ਵਿਚ ਮੁੰਬਈ ਵਿਖੇ ਵਫਾਤ ਪਾ ਗਈ।
-ਮਨਦੀਪ ਸਿੰਘ ਸਿੱਧੂ