– 1946 ਵਿਚ ਸਕੂਲ ਖੇਡਾਂ ਦੀ ਦਿਲਚਸਪ ਦਾਸਤਾਨ -ਆਜ਼ਾਦੀ ਤੋਂ ਪਹਿਲਾਂ ਵਾਲਾ ਆਖਰੀ ਟੂਰਨਾਮੈਂਟ

ਰਾਣਾ ਮੁਹੰਮਦ ਅਜ਼ਹਰ
ਪੰਜਾਬੀ ਰੂਪ: ਕੰਵਲ ਧਾਲੀਵਾਲ
ਇਸ ਲੇਖ ਦੇ ਕਰਤਾ ਰਾਣਾ ਮੁਹੰਮਦ ਅਜ਼ਹਰ ਦਾ ਜਨਮ 14 ਦਸੰਬਰ 1934 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਸ਼ਹੂਰ ਕਸਬੇ ਹਰਿਆਣਾ ਵਿਚ ਹੋਇਆ ਸੀ। ਇਸ ਲੇਖ ਵਿਚ ਉਨ੍ਹਾਂ ਪੰਜਾਬ ਦੀ ਵੰਡ ਤੋਂ ਪਹਿਲਾਂ ਹੋਏ ਫੁੱਟਬਾਲ ਟੂਰਨਾਮੈਂਟ ਬਾਰੇ ਕੁਝ ਵੇਰਵੇ ਸਾਂਝੇ ਕੀਤੇ ਹਨ। ਲੇਖ ਵਿਚ ਉਨ੍ਹਾਂ ਨੇੜਲੇ ਸਕੂਲਾਂ ਅਤੇ ਫੁੱਟਬਾਲ ਖਿਡਾਰੀਆਂ ਦਾ ਜ਼ਿਕਰ ਬੜੇ ਮੋਹ ਅਤੇ ਮੁਹੱਬਤ ਨਾਲ ਕੀਤਾ ਹੈ। ਇਹ ਉਹੀ ਮੋਹ-ਮੁਹੱਬਤ ਹੈ ਜੋ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਚਿਹਰਿਆਂ ਤੋਂ ਝਲਕਦੀ ਅਕਸਰ ਦੇਖੀ ਜਾ ਸਕਦੀ ਹੈ।
1946 ਦੀ ਗੱਲ ਹੈ, ਟਾਸ ਅਨੁਸਾਰ ਹਿੰਦੂ-ਮੁਸਲਿਮ ਹਾਈ ਸਕੂਲ, ਹਰਿਆਣਾ (ਨੇੜੇ ਹੁਸ਼ਿਆਰਪੁਰ) ਨੇ ਖਾਲਸਾ ਹਾਈ ਸਕੂਲ, ਮਾਹਿਲਪੁਰ ਨਾਲ ਖੇਡਣਾ ਸੀ। ਹਿੰਦੋਸਤਾਨ ਦੀ ਵੰਡ ਤੋਂ ਪਹਿਲਾਂ ਇਹ (ਜ਼ਿਲ੍ਹਾ ਹੁਸ਼ਿਆਰਪੁਰ ਵਿਚ) ਆਪਣੀ ਕਿਸਮ ਦਾ ਆਖਰੀ ਟੂਰਨਾਮੈਂਟ ਸੀ। ਇਸ ਤੋਂ ਬਾਅਦ ਦੇਸ਼ ਵਿਚ ਅਮਨ-ਕਾਨੂੰਨ ਦੀ ਸਥਿਤੀ ਤੇਜ਼ੀ ਨਾਲ ਵਿਗੜਨ ਲੱਗੀ ਪਰ ਸਾਡੇ ਛੋਟੇ ਜਿਹੇ ਪਿੰਡ ਹਰਿਆਣੇ ਵਿਚ ਹਾਲਾਤ ਆਮ ਵਾਂਗ ਸ਼ਾਂਤੀਪੂਰਨ ਰਹੇ। ਦੋਵਾਂ ਸਕੂਲਾਂ ਦੇ ਮੈਦਾਨਾਂ ਵਿਚ ਫੁੱਟਬਾਲ ਅਤੇ ਵਾਲੀਬਾਲ ਖੇਡੇ ਜਾਂਦੇ ਰਹੇ। ਖੇਡਾਂ ਵਿਚ ਹਾਕੀ ਅਤੇ ਕ੍ਰਿਕਟ ਅਸੀਂ ਕਦੇ ਨਹੀਂ ਸੁਣੀਆਂ ਸਨ। ਖਾਲਸਾ ਹਾਈ ਸਕੂਲ ਦੀ ਫੁੱਟਬਾਲ ਟੀਮ ਨੂੰ ਸਰਵੋਤਮ ਮੰਨਿਆ ਗਿਆ ਸੀ ਕਿਉਂਕਿ ਇਹ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਚੈਂਪੀਅਨਸ਼ਿਪ ਜਿੱਤਦੀ ਆ ਰਹੀ ਸੀ।

ਮਾਹਿਲਪੁਰ ਇੱਕ ਜਾਗੀਰ ਸੀ ਜੋ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਨੂੰ ਬਖਸ਼ੀ ਸੀ। ਸਿੱਖ ਇੱਥੇ ਯੂਨੀਵਰਸਿਟੀ ਸਥਾਪਤ ਕਰਨਾ ਚਾਹੁੰਦੇ ਸਨ ਪਰ ਉਦੋਂ ਤੱਕ ਉਹ ਸਿਰਫ ਇੱਕ ਸਕੂਲ ਹੀ ਬਣਾ ਸਕੇ ਸਨ ਜਿਸ ਨੇ ਪੜ੍ਹਾਈ ਅਤੇ ਖੇਡਾਂ ਦੋਵਾਂ ਵਿਚ ਉੱਚੇ ਮਿਆਰ ਸਥਾਪਤ ਕਰਨ ਲਈ ਸਖਤ ਮਿਹਨਤ ਕੀਤੀ ਸੀ।
ਉਸੇ ਤਰ੍ਹਾਂ ਹਿੰਦੂ-ਮੁਸਲਿਮ ਹਾਈ ਸਕੂਲ ਦੀ ਸਥਾਪਨਾ ਵੀ ਪੜ੍ਹਾਈ ਜ਼ਰੀਏ ਧਾਰਮਿਕ ਪੱਖਪਾਤ ਦਾ ਮੁਕਾਬਲਾ ਕਰਨ ਦੇ ਬੁਲੰਦ ਇਰਾਦੇ ਨਾਲ ਕੀਤੀ ਗਈ ਸੀ। ਹੈੱਡਮਾਸਟਰ ਲਾਲਾ ਮਦਨ ਲਾਲ ਚੱਢਾ ਦੀ ਅਗਵਾਈ ਹੇਠ ਅਮਲੇ ਦੇ ਮਿਸਾਲੀ ਆਚਰਨ ਨੇ ਸਕੂਲ ਨੂੰ ਲੋਕਾਂ ਵੱਲੋਂ ਬਹੁਤ ਮਾਣ ਦਿਵਾਇਆ ਸੀ। ਇਸ ਦੇ ਸੁਹਿਰਦ ਪ੍ਰਭਾਵ ਨੇ ਧਾਰਮਿਕ ਪੱਖਪਾਤ ਦੇ ਸਰਾਪ ਤੋਂ ਮੁਕਤ ਸਿਹਤਮੰਦ ਮਾਹੌਲ ਪੈਦਾ ਕੀਤਾ।
ਮਾਹਿਲਪੁਰ ਖਾਲਸਾ ਹਾਈ ਸਕੂਲ ਦੀ ਟੀਮ ਵਿਚ ਉੱਚੇ-ਲੰਮੇ, ਸਿਹਤਮੰਦ, ਦਾੜ੍ਹੀਆਂ ਵਾਲੇ, ਮੁਕਾਬਲਤਨ ਵੱਡੀ ਉਮਰ ਦੇ ਸਿੱਖ ਮੁੰਡੇ ਸਨ ਜੋ ਫੁੱਟਬਾਲ ਬੂਟ ਪਾਉਂਦੇ ਸਨ। ਉਨ੍ਹਾਂ ਵਿਚੋਂ ਸਿਰਫ ਇੱਕ ਮੁਸਲਮਾਨ ਅਬਦੁਲ ਹੱਕ ਸੀ ਜੋ ਫੁੱਲ-ਬੈਕ ਵਜੋਂ ਖੇਡਦਾ ਸੀ। ਉਹ ਗੇਂਦ ਨੂੰ ਕਿੱਕ ਮਾਰ ਕੇ ਸਿਰਾਂ ਤੋਂ ਬੜੀ ਉੱਚੀ ਚੁੱਕ ਸਕਦਾ ਸੀ। ਅਗਲੇ ਸਾਲ ਜਦੋਂ ਪਾਕਿਸਤਾਨ ਬਣਿਆ ਤਾਂ ਉਸ ਨੂੰ ਪਾਕਿਸਤਾਨ ਦੀ ਕੌਮੀ ਟੀਮ ਵਿਚ ਚੁਣਿਆ ਲਿਆ ਗਿਆ।
ਉਸ ਦੇ ਮੁਕਾਬਲੇ ਹਿੰਦੂ-ਮੁਸਲਿਮ ਹਾਈ ਸਕੂਲ, ਹਰਿਆਣਾ (ਵੰਡ ਤੋਂ ਬਾਅਦ ਜਿਸ ਦਾ ਨਾਂ ਪੰਡਤ ਹਰਚਰਨ ਦਾਸ ਹਾਈ ਸਕੂਲ ਕਰ ਦਿੱਤਾ ਗਿਆ) ਦੀ ਟੀਮ ਜੋ ਨੰਗੇ ਪੈਰੀਂ ਖੇਡਦੀ ਸੀ, ਮਧਲੇ ਪੱਧਰ ਦੀ ਸੀ। ਉਸ ਦੇ ਸਿਰਫ ਦੋ ਹੀ ਖਿਡਾਰੀ ਉੱਚ ਪੱਧਰ ਦੇ ਸਨ। ਉਨ੍ਹਾਂ ਵਿਚੋਂ ਇੱਕ ਰਾਣਾ ਆਸਿਫ ਸੀ ਜੋ ਨੌਵੀਂ ਜਮਾਤ ਵਿਚ ਪੜ੍ਹਦਾ ਸੀ। ਉਹ ਰਾਈਟ ਆਊਟ ਖੇਡਦਾ ਸੀ। ਉਸ ਦੇ ਦਾਦੇ ਰਾਣਾ ਮੁਹੰਮਦ ਅਲੀ ਨੇ ਸਕੂਲ ਬਣਾਉਣ ਲਈ ਜ਼ਮੀਨ ਦਾਨ ਕੀਤੀ ਸੀ ਜਦੋਂਕਿ ਲਾਲਾ ਹਰਚਰਨ ਦਾਸ ਨੇ ਆਪਣਾ ਘਰ ਵੇਚ ਕੇ ਪੈਸੇ ਸਕੂਲ ਦੀ ਇਮਾਰਤ ਬਣਾਉਣ ਲਈ ਦਾਨ ਕੀਤੇ ਸਨ। ਉਸ ਨੇ ਰਾਣਾ ਮੁਹੰਮਦ ਅਲੀ ਨੂੰ ਕਿਹਾ ਸੀ, “ਤੁਸੀਂ ਜ਼ਮੀਨ ਦੇ ਦਿਓ; ਮੈਂ ਆਪਣਾ ਘਰ ਵੇਚ ਕੇ ਸਕੂਲ ਬਣਾਉਣ ਲਈ ਪੈਸੇ ਦੇਵਾਂਗਾ।” ਦੂਜਾ ਖਿਡਾਰੀ ਛੇਵੀਂ ਜਮਾਤ ਵਿਚ ਪੜ੍ਹਦਾ ਕਰਮ ਸਿੰਘ ਕਰਮਾ ਸੀ। ਉਹ ਅੰਦਰੋਂ-ਖੱਬੇ ਖੇਡਦਾ ਸੀ। ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਖੇਡਣਾ ਉਸ ਲਈ ਵੱਡੀ ਪ੍ਰਾਪਤੀ ਸੀ।
ਇਹ ਧਿਆਨ ਦੇਣ ਯੋਗ ਹੈ ਕਿ ਹਿੰਦੂ-ਮੁਸਲਿਮ ਹਾਈ ਸਕੂਲ ਦੇਸ਼ ਵਿਚ ਅਜਿਹੇ ਵਿਲੱਖਣ ਨਾਂ ਵਾਲਾ ਇੱਕੋ-ਇੱਕ ਸਕੂਲ ਸੀ। ਕੋਈ ਹੈਰਾਨੀ ਦੀ ਗੱਲ ਨਹੀਂ, ਮਹਾਤਮਾ ਗਾਂਧੀ ਨੇ ਇਸ ਬਾਰੇ ਸੁਣਿਆ ਤੇ ਉਹ ਦੂਰ-ਦੁਰਾਡੇ ਦੇ ਪਿੰਡ ਵਿਚ ਸਥਿਤ ਹੋਣ ਦੇ ਬਾਵਜੂਦ ਇਸ ਦਾ ਦੌਰਾ ਕਰਨ ਆਏ।
ਖਾਲਸਾ ਹਾਈ ਸਕੂਲ, ਮਾਹਿਲਪੁਰ ਅਤੇ ਹਿੰਦੂ-ਮੁਸਲਿਮ ਹਾਈ ਸਕੂਲ, ਹਰਿਆਣਾ ਵਿਚਕਾਰ ਮੁਕਾਬਲਾ ਹੁਸ਼ਿਆਰਪੁਰ ਸ਼ਹਿਰ ਦੇ ਵੱਡੇ, ਖੁੱਲ੍ਹੇ ਮੈਦਾਨ ਵਿਚ ਹੋਇਆ।
ਸ਼ੁਰੂ ਵਿਚ ਹੀ ਸਾਡੀ ਹਿੰਦੂ-ਮੁਸਲਿਮ ਸਕੂਲ ਦੀ ਟੀਮ ਖਾਲਸਾ ਹਾਈ ਸਕੂਲ ਦੀ ਟੀਮ ਦੇ ਉੱਚੇ-ਲੰਮੇ, ਤਕੜੇ ਖਿਡਾਰੀਆਂ ਦੇ ਦਬਾਅ ਹੇਠ ਆ ਗਈ ਸੀ। ਗੇਂਦ ਮੈਦਾਨ ਦੇ ਕੇਂਦਰ ਤੋਂ ਪਾਰ ਨਹੀਂ ਜਾਂਦੀ ਸੀ ਤੇ ਅੱਧਾ ਸਮਾਂ ਹੋਣ ਤੋਂ ਪਹਿਲਾਂ ਹੀ ਸਾਡੇ ਵਿਰੁੱਧ ਦੋ ਗੋਲ ਹੋ ਗਏ ਸਨ। ਅੱਧੀ ਛੁੱਟੀ ਦੌਰਾਨ ਸਾਡੇ ਫੁੱਟਬਾਲ ਇੰਚਾਰਜ ਮਾਸਟਰ ਨਿਆਜ਼ ਸਾਹਿਬ ਜੋ ਖੁਦ ਕੌਮਾਂਤਰੀ ਪੱਧਰ ਦੇ ਖਿਡਾਰੀ ਸਨ, ਨੇ ਟੀਮ ਨੂੰ ਨਿਰਾਸ਼ ਨਾ ਹੋਣ ਅਤੇ ਖੇਡਣਾ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਕਿ ਨਤੀਜਾ ਵੱਧ ਤੋਂ ਵੱਧ ਹਾਰ ਹੀ ਹੋਵੇਗਾ, ਫਿਰ ਕੀ ਹੋਇਆ!
ਸਾਡੀ ਟੀਮ ਦਾ ਗੋਲਚੀ ਬਿਲਕੁਲ ਨਾ-ਤਜਰਬੇਕਾਰ ਸੀ। ਇਸ ਲਈ ਰਾਣਾ ਆਸਿਫ ਨੂੰ ਗੋਲਚੀ ਬਣਾਇਆ ਗਿਆ। ਫਿਰ ਵੀ ਸਾਡੇ ਖਿਲਾਫ ਗੋਲ ਹੁੰਦੇ ਹੀ ਰਹੇ। ਜਦੋਂ ਛੇਵਾਂ ਗੋਲ ਹੋਇਆ ਤਾਂ ਰਾਣਾ ਆਸਿਫ ਰੋਣ ਲੱਗ ਪਿਆ। ਨਿਆਜ਼ ਸਾਹਿਬ ਨੇ ਇਹ ਕਹਿੰਦਿਆਂ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ- “ਰੋਣ ਦੀ ਕੋਈ ਲੋੜ ਨਹੀਂ। ਆਖਰ ਇਹ ਸਿਰਫ ਫੁੱਟਬਾਲ ਮੈਚ ਵਿਚ ਹਾਰ ਹੀ ਤਾਂ ਹੈ। ਅਸਲ ਗੱਲ ਹੈ ਸੱਚੀ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਨਾ। ਬਾਕੀ ਸਭ ਗੈਰ-ਜ਼ਰੂਰੀ ਹੈ।”
ਅਗਲੇ ਦਿਨ ਖਾਲਸਾ ਹਾਈ ਸਕੂਲ ਮਾਹਿਲਪੁਰ ਅਤੇ ਸਰਕਾਰੀ ਹਾਈ ਸਕੂਲ ਬੱਦੋਂ ਵਿਚਕਾਰ ਮੈਚ ਸੀ ਪਰ ਅਸੀਂ ਹਾਰਨ ਦੇ ਬਾਵਜੂਦ ਉਹ ਮੈਚ ਦੇਖਣ ਲਈ ਡਟੇ ਰਹੇ, ਅਸੀਂ ਤਾਂ ਹਾਰੇ ਹੀ ਹੋਏ ਸਾਂ।
ਨਿਆਜ਼ ਸਾਹਿਬ ਨੇ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦਾ ਨਿਰੀਖਣ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਬੱਦੋਂ ਦੀ ਟੀਮ ਦੀ ਖੇਡ ਦੇਖਣੀ ਵੀ ਜ਼ਰੂਰੀ ਹੈ।
ਦੋਵੇਂ ਟੀਮਾਂ ਮੈਦਾਨ ਵਿਚ ਜੁੜੀਆਂ ਤੇ ਮੈਚ ਸ਼ੁਰੂ ਹੋ ਗਿਆ। ਆਮ ਖਿਆਲ ਸੀ ਕਿ ਮਾਹਿਲਪੁਰ ਦੀ ਟੀਮ ਸਭ ਤੋਂ ਮਜ਼ਬੂਤ ਹੈ। ਬੜੇ ਉਤਸ਼ਾਹ ਦਾ ਮਾਹੌਲ ਸੀ। ਸੀਟੀ ਵੱਜੀ ਤੇ ਮੈਚ ਸ਼ੁਰੂ ਹੋ ਗਿਆ।
ਬੱਦੋਂ ਦੀ ਟੀਮ ਦਾ ਕਪਤਾਨ ਜੱਗਾ ਸੀ। ਉਹ ਸੈਂਟਰ ਹਾਫ ਪੁਜ਼ੀਸ਼ਨ ‘ਤੇ ਖੇਡਦਾ ਸੀ। ਉਸ ਨੇ ਬੂਟ ਪਾਏ ਹੋਏ ਸਨ। ਉਸ ਨੇ ਉੱਚੀ ਕਿੱਕ ਨਹੀਂ ਮਾਰੀ ਅਤੇ ਜ਼ਿਆਦਾਤਰ ਨੀਵੇਂ ਪੱਧਰ ਦੇ ਪਾਸ ਦਿੱਤੇ। ਜਦੋਂ ਉਸ ਨੂੰ ਲੱਗਾ ਕਿ ਟੀਮ ਵਿਚ ਤਾਲਮੇਲ ਦੀ ਕਮੀ ਹੈ ਤਾਂ ਉਸ ਨੇ ਆਪਣੇ ਬੂਟ ਉਤਾਰ ਦਿੱਤੇ ਅਤੇ ਸੈਂਟਰ ਫਾਰਵਰਡ ਵਜੋਂ ਖੇਡਣਾ ਸ਼ੁਰੂ ਕਰ ਦਿੱਤਾ। ਨੰਗੇ ਪੈਰੀਂ ਖੇਡਣ ਦਾ ਮਤਲਬ ਹੈ ਗੇਂਦ ‘ਤੇ ਬਿਹਤਰ ਕਾਬੂ ਹੋਣਾ। ਸੈਂਟਰ ਫਾਰਵਰਡ ਦੇ ਖਿਡਾਰੀ ਨੂੰ ਸੈਂਟਰ ਹਾਫ ‘ਤੇ ਰੱਖਿਆ ਗਿਆ ਸੀ।
ਜੱਗੇ ਦੀ ਦਿੱਖ ਅਤੇ ਕੱਦ ਔਸਤ ਸੀ ਅਤੇ ਉਹ ਆਪਣੀ ਟੀਮ ਵਿਚ ਕਿਸੇ ਵੀ ਅਰਥ ਵਿਚ ਬੇਮਿਸਾਲ ਨਹੀਂ ਸੀ। ਨਾ ਹੀ ਉਹ ਆਪਣੇ ਵਿਹਾਰ ਜਾਂ ਸ਼ਖਸੀਅਤ ਕਾਰਨ ਆਪਣੀ ਟੀਮ ਵਿਚ ਦੂਜਿਆਂ ਤੋਂ ਵੱਖਰਾ ਸੀ। ਉਹ ਪੱਕੇ ਰੰਗ ਦਾ ਸੀ। ਉਸ ਦੇ ਨਕਸ਼ ਕੋਈ ਖਾਸ ਸੋਹਣੇ ਨਹੀਂ ਪਰ ਸਾਧਾਰਨ ਸਨ। ਉਸ ਦਾ ਚਿਹਰਾ ਉਸ ਦੀਆਂ ਭਾਵਨਾਵਾਂ ਨੂੰ ਪ੍ਰਦਰਸ਼ਿਤ ਨਹੀਂ ਕਰਦਾ ਸੀ ਕਿ ਉਹ ਗੁੱਸੇ ਵਿਚ ਹੈ ਜਾਂ ਖੁਸ਼। ਉਹ ਟੀਮ ਵਿਚ ਬਾਕੀਆਂ ਵਿਚੋਂ ਬਸ ਇੱਕ ਜਣਾ ਹੀ ਸੀ ਜਿਸ ਵੱਲ ਕੋਈ ਵੀ ਆਮ ਤੌਰ ‘ਤੇ ਧਿਆਨ ਨਾ ਦੇਵੇ।
ਜੱਗਾ ਸੈਂਟਰ ਫਾਰਵਰਡ ‘ਤੇ ਨੰਗੇ ਪੈਰੀਂ ਖੇਡ ਰਿਹਾ ਸੀ ਜਦੋਂਕਿ ਰਾਈਟ ਆਊਟ ਅਤੇ ਲੈਫਟ ਆਊਟ ਦੋਵੇਂ ਗੇਂਦ ਨੂੰ ਗੋਲ ਵੱਲ ਸੁੱਟ ਰਹੇ ਸਨ। ਕਿਸੇ ਨੇ ਜੱਗੇ ਨੂੰ ਫੁੱਲਬੈਕਾਂ ਦੀਆਂ ਜੋਸ਼ੀਲੀਆਂ ਹਰਕਤਾਂ ਵਿਚ ਹਿੱਸਾ ਲੈਂਦੇ ਨਹੀਂ ਦੇਖਿਆ। ਫੁੱਲਬੈਕ ਜੇਤੂ ਅੰਦਾਜ਼ ਵਿਚ ਗੇਂਦ ਨੂੰ ਕਿੱਕਾਂ ਮਾਰ ਕੇ ਮੈਦਾਨ ‘ਚੋਂ ਬਾਹਰ ਵਗਾਹ ਮਾਰ ਰਹੇ ਸਨ। ਮੈਚ ਅਤਿ ਉਤੇਜਨਾ ‘ਤੇ ਪਹੁੰਚ ਗਿਆ ਸੀ ਤੇ ਖਿਡਾਰੀ ਪਸੀਨਾ ਵਹਾ ਰਹੇ ਸਨ। ਉਨ੍ਹਾਂ ਵਿਚੋਂ ਕਈ ਆਪਣੇ ਹੱਥ ਪੱਟਾਂ ‘ਤੇ ਟਿਕਾ ਕੇ ਲੰਮੇ ਸਾਹ ਲੈ ਰਹੇ ਸਨ।
ਗੇਂਦ ਗੋਲ ਵੱਲ ਤੇਜ਼ੀ ਨਾਲ ਵਧਦੀ ਪਰ ਫੁੱਲਬੈਕਾਂ ਕਰਕੇ ਗੋਲ ਨਾ ਹੁੰਦਾ। ਦਰਸ਼ਕ ਬਹੁਤ ਉਤਸ਼ਾਹਿਤ ਸਨ। ਫਿਰ ਅਚਾਨਕ ਗੇਂਦ ਅੰਦਰਲੇ-ਸੱਜੇ ਕੋਲ ਆਈ ਜਿਸ ਨੇ ਉਹ ਸੈਂਟਰ-ਫਾਰਵਰਡ ‘ਤੇ ਖੇਡ ਰਹੇ ਜੱਗੇ ਵੱਲ ਮੋੜੀ। ਉਸ ਨੇ ਗੋਲ ਕਰ ਦਿੱਤਾ। ਇਸ ਨੇ ਦਰਸ਼ਕਾਂ ਵਿਚ ਬਹੁਤ ਰੌਲਾ-ਰੱਪਾ ਅਤੇ ਹਲਚਲ ਪੈਦਾ ਕੀਤੀ। ਦੋਵੇਂ ਟੀਮਾਂ ਹੁਣ ਦੁੱਗਣੇ ਜੋਸ਼ ਨਾਲ ਖੇਡਣ ਲੱਗੀਆਂ। ਥੋੜ੍ਹੀ ਦੇਰ ਬਾਅਦ ਅੱਧੇ ਸਮੇਂ ਲਈ ਸੀਟੀ ਵੱਜ ਗਈ।
ਅੱਧੇ ਸਮੇਂ ਦਾ ਆਪਣਾ ਮਜ਼ਾ ਹੈ। ਦਰਸ਼ਕ ਆਰਾਮ ਨਾਲ ਇੱਧਰ-ਉੱਧਰ ਘੁੰਮਦੇ ਹਨ। ਕਈਆਂ ਨੇ ਸੰਤਰੇ ਅਤੇ ਹੋਰ ਫਲ ਖਰੀਦਣੇ ਸ਼ੁਰੂ ਕਰ ਦਿੱਤੇ ਜਦੋਂਕਿ ਕਈਆਂ ਨੇ ਆਪਸ ਵਿਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਜਿਹੇ ਮੌਕੇ ਰਾਖਵੇਂ ਖਿਡਾਰੀ, ਕੋਚ ਅਤੇ ਹੋਰ ਅਧਿਕਾਰੀ ਮੈਦਾਨ ਵਿਚ ਖਿਡਾਰੀਆਂ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ। ਉਹ ਖਿਡਾਰੀਆਂ ਨੂੰ ਫਲ ਖਾਣ ਨੂੰ ਦਿੰਦੇ ਹਨ ਜੋ ਉਨ੍ਹਾਂ ਨੂੰ ਨਵੇਂ ਸਿਰਿਓਂ ਤਾਕਤ ਹਾਸਲ ਕਰਨ ਵਿਚ ਮਦਦ ਕਰਦੇ ਹਨ।
ਇਹ ਵੀ ਦੇਖਿਆ ਗਿਆ ਕਿ ਦੂਜੀਆਂ ਟੀਮਾਂ ਦੇ ਤਜਰਬਾਕਾਰ ਖਿਡਾਰੀ ਕੋਈ ਸੁਝਾਅ ਜਾਂ ਸਲਾਹ ਨਾ ਦਿੰਦਿਆਂ ਇਹ ਸਵਾਲ ਕਰ ਰਹੇ ਸਨ ਕਿ ਕਈ ਖਿਡਾਰੀਆਂ ਨੇ ਗੇਂਦ ਨੂੰ ਦੂਜਿਆਂ ਵੱਲ ਪਾਸ ਦੇਣ ਦੀ ਬਜਾਇ ਫੜੀ ਕਿਉਂ ਰੱਖਿਆ। ਕਈ ਕਹਿ ਰਹੇ ਸਨ- “ਮੈਂ ਦੇਖਿਆ ਸੀ ਤੂੰ ਸਿਰ ਨਾਲ ਗੇਂਦ ਬੁੜ੍ਹਕਾਉਣ ਤੋਂ ਡਰਦਾ ਸੀ।” ਕੋਈ ਹੋਰ ਕਹਿ ਰਿਹਾ ਸੀ, “ਤੁਹਾਨੂੰ ਵਿਰੋਧੀ ਟੀਮ ਦੇ ਫਲਾਣੇ ਖਿਡਾਰੀ ਦੇ ਆਲੇ-ਦੁਆਲੇ ਆਪਣੇ ਖਿਡਾਰੀ ਤਾਇਨਾਤ ਕਰਨੇ ਚਾਹੀਦੇ ਸਨ।” ਇੱਕ ਹੋਰ ਦਾ ਕਹਿਣਾ ਸੀ- “ਅੱਧਾ-ਸੱਜਾ ਸਾਨੂੰ ਲੈ ਬੈਠੇਗਾ, ਉਹ ਬਾਹਰਲੇ ਸੱਜੇ ਨੂੰ ਖੁੱਲ੍ਹ ਦੇ ਰਿਹਾ ਸੀ ਬਜਾਇ ਇਸ ਦੇ ਕਿ ਉਸ ਦੇ ਪਿੱਛੇ ਪਿਆ ਰਹੇ।” ਫਿਰ ਕਈ ਲੋਕਾਂ ਨੂੰ ਸ਼ਿਕਾਇਤ ਕਰਦੇ ਵੀ ਸੁਣਿਆ, “ਰੈਫਰੀ ਫਾਊਲ ਦੀ ਸੀਟੀ ਕਿਉਂ ਨਹੀਂ ਵਜਾਉਂਦਾ? ਉਦੋਂ ਹੀ ਵਜਾਵੇਗਾ ਜਦੋਂ ਕੋਈ ਖਿਡਾਰੀ ਉਹਦੀ ਲੱਤ ਤੋੜ ਦੇਵੇ? ਸਾਨੂੰ ਵਿਰੋਧ ਕਰਨਾ ਚਾਹੀਦਾ ਹੈ।” ਅਚਾਨਕ ਰੈਫਰੀ ਨੇ ਸੀਟੀ ਵਜਾਈ। ਦੋਵੇਂ ਧਿਰਾਂ ਮੈਦਾਨ ਵਿਚ ਇੱਕ ਦੂਜੇ ਵੱਲ ਆਹਮੋ-ਸਾਹਮਣੇ ਸਨ। ਸੂਰਜ ਦੀ ਸਥਿਤੀ ਬਦਲ ਗਈ ਸੀ ਅਤੇ ਕੁਝ ਲੋਕਾਂ ਦੀਆਂ ਅੱਖਾਂ ਵਿਚ ਸੂਰਜ ਦੀ ਲਿਸ਼ਕੋਰ ਪੈਣ ਲੱਗੀ ਸੀ।
ਜੱਗਾ ਹੁਣ ਹਾਫ-ਬੈਕ ਖੇਡ ਰਿਹਾ ਸੀ। ਉਸ ਨੇ ਬੂਟ ਪਾਏ ਹੋਏ ਸਨ। ਮਾਹਿਲਪੁਰ ਦਾ ਸੱਜਾ ਗੇਂਦ ਲੈ ਕੇ ਤੇਜ਼ੀ ਨਾਲ ਭੱਜ ਰਿਹਾ ਸੀ ਜਿਸ ਨੂੰ ਜੱਗੇ ਨੇ ਆਸਾਨੀ ਨਾਲ ਉਸ ਤੋਂ ਖੋਹ ਕੇ ਆਪਣੀ ਟੀਮ ਦੇ ਇੱਕ ਖਿਡਾਰੀ ਵੱਲ ਰੋੜ੍ਹ ਦਿੱਤਾ। ਮਾਹਿਲਪੁਰ ਦੀ ਟੀਮ ਜੱਗੇ ਦੀ ਟੀਮ ਨੂੰ ਦਬਾਅ ਵਿਚ ਰੱਖਣ ਦੀ ਭਰਪੂਰ ਕੋਸ਼ਿਸ਼ ਕਰ ਰਹੀ ਸੀ ਤਾਂ ਜੋ ਉਹ ਗੋਲ ਬਰਾਬਰ ਕਰ ਸਕੇ। ਜਦੋਂ ਗੇਂਦ ਖਤਰਨਾਕ ਡੀ ਜ਼ੋਨ ਵਿਚ ਦਾਖਲ ਹੋ ਗਈ ਤਾਂ ਵੀ ਜੱਗਾ ਸ਼ਾਂਤ ਰਿਹਾ। ਉਹਨੇ ਇਸ ਨੂੰ ਆਪਣੀ ਟੀਮ ਦੇ ਦੋਵਾਂ ਬਾਹਰਲਿਆਂ ਵੱਲ ਕਿੱਕ ਕੀਤਾ। ਦੋ ਵਾਰ ਉਸ ਨੇ ਗੇਂਦ ਨੂੰ ਇੰਨੀ ਉੱਚੀ ਕਿੱਕ ਮਾਰੀ ਕਿ ਮੈਦਾਨ ਤੋਂ ਬਾਹਰ ਚਲੀ ਗਈ। ਉਹ ਅਜਿਹਾ ਇਸ ਲਈ ਕਰ ਰਿਹਾ ਸੀ ਕਿਉਂਕਿ ਜਾਂ ਤਾਂ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ, ਜਾਂ ਉਹ ਸਮਾਂ ਲੰਘਾ ਰਿਹਾ ਸੀ ਤਾਂ ਜੋ ਮੈਚ ਖਤਮ ਹੋ ਜਾਵੇ। ਦੋਵੇਂ ਟੀਮਾਂ ਹੁਣ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਸਨ ਪਰ ਅਸਫਲ ਰਹੀਆਂ ਸਨ। ਕੁਝ ਲੋਕ ਆਪਣੀਆਂ ਘੜੀਆਂ ਵੱਲ ਦੇਖ ਅਤੇ ਟਿੱਪਣੀਆਂ ਕਰ ਰਹੇ ਸਨ। ਕੁਝ ਕਹਿ ਰਹੇ ਸਨ, “ਇੰਨਾ ਸਮਾਂ ਬਾਕੀ ਹੈ, ਲੱਗਦਾ ਹੈ ਕੋਈ ਹੋਰ ਗੋਲ ਨਹੀਂ ਹੋਵੇਗਾ।” ਹੋਰਨਾਂ ਨੇ ਕਿਹਾ, “ਕਿਉਂ ਨਹੀਂ? ਖੇਡ ਅਚਾਨਕ ਬਦਲ ਸਕਦੀ ਹੈ, ਬੱਸ ਦੇਖਦੇ ਰਹੋ।”
ਫਿਰ ਸੀਟੀ ਵੱਜ ਗਈ। ਮੈਚ ਖਤਮ ਹੋ ਗਿਆ ਤੇ ਭੀੜ ਪੂਰੀ ਤਰ੍ਹਾਂ ਅਚੰਭੇ ਵਿਚ ਸੀ। ਅਣਹੋਣੀ ਹੋਈ ਸੀ। ਮਾਹਿਲਪੁਰ ਹਾਰ ਗਿਆ ਸੀ। ਲੰਮੇ ਕੱਦਾਂ ਵਾਲੇ ਵਡੇਰੀ ਉਮਰ ਵਾਲੇ ਨੌਜਵਾਨ ਖਿਡਾਰੀ ਰੋਣ ਲੱਗ ਪਏ। ਦਰਸ਼ਕ ਰਲੀਆਂ-ਮਿਲੀਆਂ ਭਾਵਨਾਵਾਂ ਪ੍ਰਗਟ ਕਰ ਰਹੇ ਸਨ। “ਇਹ ਕਿਵੇਂ ਹੋ ਸਕਦਾ ਹੈ!” ਕਈਆਂ ਨੇ ਕਿਹਾ। ਦੂਜਿਆਂ ਨੇ ਟਿੱਪਣੀ ਕੀਤੀ, “ਇਹ ਕੋਈ ਚਮਤਕਾਰ ਹੈ।” ਕਈ ਖੁਸ਼ ਸਨ ਕਿ ਮਾਹਿਲਪੁਰ ਹਾਰ ਗਿਆ ਸੀ। ਈਰਖਾ ਅਤੇ ਸਾੜਾ ਅਜਿਹੇ ਮੌਕਿਆਂ ‘ਤੇ ਚੁੱਪ-ਚਾਪ ਅਸਰ ਪਾਉਂਦੇ ਹਨ। ਬੱਦੋਂ ਦੀ ਟੀਮ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਥੋੜ੍ਹੀ ਦੇਰ ਲਈ ਭੰਗੜਾ ਪਾ ਕੇ ਕੀਤਾ।
ਜੱਗੇ ਦੇ ਚਿਹਰੇ ‘ਤੇ ਨਾ ਖੁਸ਼ੀ ਸੀ ਨਾ ਗ਼ਮ; ਉਹ ਚੁੱਪਚਾਪ ਮੈਦਾਨ ‘ਚੋਂ ਬਾਹਰ ਚਲਾ ਗਿਆ। ਮੈਦਾਨ ਤੋਂ ਬਾਹਰ ਨਿਕਲਣ ਵਾਲੀ ਭੀੜ ਮੇਲੇ ਵਰਗੇ ਰਉਂ ਵਿਚ ਸੀ। ਕਈਆਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਗੈਰ-ਮਾਮੂਲੀ ਮੈਚ ਕਦੇ ਨਹੀਂ ਦੇਖਿਆ; ਹੋਰਾਂ ਨੇ ਟਿੱਪਣੀ ਕੀਤੀ ਕਿ ਇਹ ਸਭ ਤੋਂ ਯਾਦਗਾਰੀ ਮੈਚ ਸੀ।
ਹੁਣ ਸੱਚਾਈ ਇਹ ਹੈ ਕਿ ਜੱਗੇ ਜਿਹੀ ਯੋਗਤਾ ਵਾਲੇ ਲੋਕ ਬਹੁਤ ਘੱਟ ਹਨ। ਉਸ ਨੇ ਮਾਹਿਲਪੁਰ ਦੀ ਮਾਣਮੱਤੀ ਟੀਮ ਨੂੰ ਸ਼ਰ੍ਹੇਆਮ ਰੋਣ ਲਈ ਮਜਬੂਰ ਕਰ ਦਿੱਤਾ। ਉਹ ਜੰਗ ਦੇ ਮੈਦਾਨ ਵਿਚ ਤਾਇਨਾਤ ਗੁਪਤ ਹਥਿਆਰ ਵਾਂਗ ਸੀ ਜੋ ਦੁਸ਼ਮਣ ਨੂੰ ਅਚਾਨਕ ਦੰਗ ਕਰ ਦਿੰਦਾ ਹੈ। ਬੱਦੋਂ ਦੀ ਟੀਮ ਹੁਣ ਫੁੱਟਬਾਲ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਚੈਂਪੀਅਨ ਸੀ।
ਪਰ ਜੱਗੇ ਦਾ ਕੀ ਬਣਿਆ? ਕੀ ਉਸ ਨੇ ਫੁੱਟਬਾਲ ਖੇਡਣੀ ਜਾਰੀ ਰੱਖੀ, ਕੋਈ ਕੰਮ-ਕਾਰ ਸ਼ੁਰੂ ਕਰ ਲਿਆ ਜਾਂ ਸ਼ਾਇਦ ਥੋੜ੍ਹੀ ਬਹੁਤ ਜ਼ਮੀਨ ‘ਤੇ ਖੇਤੀ-ਵਾਹੀ ‘ਚ ਪੈ ਗਿਆ? ਮੈਨੂੰ ਨਹੀਂ ਪਤਾ।
ਵੰਡ ਕਾਰਨ ਸਾਡਾ ਪਰਿਵਾਰ ਹਰਿਆਣੇ ਤੋਂ ਉੱਜੜ ਕੇ ਪਾਕਿਸਤਾਨ ਆ ਗਿਆ। ਕਦੇ-ਕਦਾਈਂ ਜਦੋਂ ਮੈਂ ਉਨ੍ਹਾਂ ਦਿਨਾਂ ਅਤੇ ਆਪਣੇ ਦੋਸਤਾਂ ਨੂੰ ਯਾਦ ਕਰਦਾ ਹਾਂ ਤਾਂ ਚੁੱਪ-ਚਾਪ ਹੰਝੂ ਕੇਰ ਲੈਂਦਾ ਹਾਂ। ਪਿਛਲੇ 75 ਸਾਲਾਂ ਤੋਂ ਆਪਣੇ ਪਿਆਰੇ ਦੋਸਤਾਂ ਦੇ ਅਕਸ ਮੈਂ ਆਪਣੀ ਯਾਦ ਵਿਚ ਜ਼ਿੰਦਾ ਰੱਖੇ ਹੋਏ ਹਨ। ਇਨ੍ਹਾਂ ਵਿਚ ਹੁਸ਼ਿਆਰਪੁਰ ਦੇ ਮੈਰਾਡੋਨਾ ਜੱਗੇ ਅਤੇ ਕਰਮੇ ਦੇ ਅਕਸ ਵੀ ਹਨ। ਜੱਗੇ ਨੂੰ ਕੀ ਪਤਾ ਕਿ ਅੱਜ ਵੀ ਮੈਂ ਉਸ ਨੂੰ ਯਾਦ ਕਰਦਾ ਹਾਂ!