ਜਗਤਾਰਜੀਤ ਸਿੰਘ
ਫੋਨ: +91-98990-91186
ਸਾਲ 2021 ਵਿਚ ਛਪੀ ਮੇਰੀ ਪੁਸਤਕ ‘ਚਿੱਤਰਕਾਰੀ ਵਿਚ ਗੁਰੂ ਨਾਨਕ’ ਵਿਚ ਗੁਰੂ ਨਾਨਕ ਦੇ ਸਰੂਪਾਂ ਦੇ ਗੁਣ-ਲੱਛਣ ਪਛਾਣਨ ਦਾ ਯਤਨ ਕੀਤਾ ਹੈ। ਆਪਣੇ ਆਪ ਵਿਚ ਇਹ ਪਹਿਲਕਦਮੀ ਹੈ। ਇਕੋ ਥਾਂ ਇੰਨੀਆਂ ਰਚਨਾਵਾਂ ਦਾ ਵਿਵੇਚਨ ਸੰਭਵ ਹੋਵੇਗਾ, ਕਦੇ ਵਿਚਾਰਿਆ ਨਹੀਂ ਸੀ। ਜੀਵਨ ਰਾਹ ਉੱਪਰ ਕਈ ਮੌਕਾ ਮੇਲ ਬਣਦੇ ਹਨ। ਇਹ ਉਨ੍ਹਾਂ ਵਿਚੋਂ ਇਕ ਹੈ। ਮਨ ਵਿਚ ਖਿਆਲ ਆਇਆ, ਕਿਉਂ ਨਾ ਉਨ੍ਹਾਂ ਚਿੱਤਰਾਂ ਦਾ ਵਿਸ਼ਲੇਸ਼ਣ ਕੀਤਾ ਜਾਏ ਜਿਨ੍ਹਾਂ ਦੇ ਕੇਂਦਰ ਵਿਚ ਗੁਰੂ ਨਾਨਕ ਨੂੰ ਰੱਖਿਆ ਗਿਆ ਹੈ। ਦੇਖਣ ਨੂੰ ਤਾਂ ਕਈ ਚਿੱਤਰ ਮਿਲ ਜਾਂਦੇ ਹਨ ਪਰ ਹਰ ਇਕ ਬਾਬਤ ਲਿਖਿਆ ਨਹੀਂ ਜਾ ਸਕਦਾ। ਕਿਸੇ ਵੇਲੇ ਵੱਖ-ਵੱਖ ਚਿੱਤਰਕਾਰ ਇਕੋ ਵਿਸ਼ੇ ਵਸਤੂ ਨੂੰ ਆਧਾਰ ਬਣਾ ਪੇਂਟਿੰਗ ਕਰ ਦਿੰਦੇ ਹਨ। ਦਿਸਦੀਆਂ-ਮਿਲਦੀਆਂ ਸਮਾਨਤਾਵਾਂ ਬਾਬਤ ਲਿਖਣਾ ਲਿਖੇ ਨੂੰ ਪੇਤਲਾ ਕਰ ਦਿੰਦਾ ਹੈ।
ਕਿਸੇ ਇਕ ਗੁਰੂ ਵਿਅਕਤੀ ਬਾਬਤ ਲਿਖਣ ਦਾ ਯਤਨ ਸ਼ੁਰੂਆਤ ਮਾਤਰ ਹੈ, ਆਪਣੇ-ਆਪ ਵਿਚ ਅੰਤਿਮ ਨਹੀਂ। ਚੋਣ ਵੇਲੇ ਚਿੱਤਰਕਾਰ ਦੇ ਨਾਲ-ਨਾਲ ਚਿੱਤਰ ਦੇ ਮਹੱਤਵ ਨੂੰ ਅੱਖੋਂ ਓਹਲੇ ਨਹੀਂ ਕੀਤਾ। ਫਰੋਲਾ-ਫਰੋਲੀ ਕਰਦਿਆਂ ਗਿਆਤ ਹੋਇਆ ਜਿੰਨੀ ਵੰਨ-ਸਵੰਨਤਾ ਲਘੂ ਸ਼ੈਲੀ ਚਿੱਤਰਾਂ ਹਿੱਸੇ ਆਈ ਹੈ, ਪੇਂਟਿੰਗਾਂ ਵਿਚੋਂ ਨਦਾਰਦ ਹੈ। ਕੀ ਪੇਂਟਰ ਸਵੈ-ਰੋਕ ਦਾ ਸ਼ਿਕਾਰ ਹੈ ਜਾਂ ਗੁਰੂ ਨਾਨਕ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨੂੰ ਕੈਨਵਸ ਉੱਪਰ ਉਤਾਰਨ ਤੋਂ ਖੁਦ ਨੂੰ ਅਸਮਰਥ ਸਮਝਦਾ ਹੈ।
ਉਨ੍ਹਾਂ ਤਸਵੀਰਾਂ ਦੀ ਮਿਕਦਾਰ ਜ਼ਿਆਦਾ ਹੈ ਜਿਥੇ ਗੁਰੂ ਨਾਨਕ ਆਪਣੇ ਪਰਮ ਸਿੱਖਾਂ, ਭਾਈ ਮਰਦਾਨਾ ਅਤੇ ਭਾਈ ਬਾਲਾ ਨਾਲ ਨਜ਼ਰੀਂ ਆਉਂਦੇ ਹਨ। ਅਜਿਹੀਆਂ ਪੇਂਟਿੰਗਾਂ ਦੇ ਬੀਜ ਸਚਿੱਤਰ ਜਨਮਸਾਖੀਆਂ ਅਤੇ ਕੰਧ ਚਿੱਤਰਾਂ ਵਿਚ ਲੱਭੇ ਜਾ ਸਕਦੇ ਹਨ।
ਜਿਵੇਂ ਇਤਿਹਾਸ ਦੇ ਵਿਆਖਿਆਕਾਰ ਆਪਸ ਵਿਚ ਸਹਿਮਤੀ ਨਹੀਂ ਰਖਦੇ, ਠੀਕ ਉਸੇ ਤਰ੍ਹਾਂ ਸਿਰਕੱਢ ਚਿਤੇਰੇ ਆਪਣੀ ਤਰ੍ਹਾਂ ਆਪਣਾ ਵਿਸ਼ਵਾਸ ਦ੍ਰਿੜਾਉਂਦੇ ਹਨ। ਉਦਾਹਰਨ ਹਿਤ ਗੁਰੂ ਨਾਨਕ ਦੇ ਸਿੱਖ ਭਾਈ ਬਾਲਾ ਨੂੰ ਲੈ ਸਕਦੇ ਹਾਂ। ਜਿਵੇਂ ਭਾਈ ਬਾਲਾ ਦੀ ਹੋਂਦ-ਅਣਹੋਂਦ ਬਾਬਤ ਇਤਿਹਾਸਕਾਰਾਂ ਦੀ ਭਿੰਨ-ਭਿੰਨ ਰਾਏ ਹੈ, ਤਿਵੇਂ ਹੀ ਚਿੱਤਰਕਾਰ ਵੀ ਇਸ ਪਾਤਰ ਬਾਰੇ ਇਕਮਤ ਨਹੀਂ। ਕਿਸੇ ਵੀ ਪੇਂਟਰ ਨੇ ਲਿਖ-ਬੋਲ ਕੇ ਪੱਖ-ਵਿਪੱਖ ਬਾਬਤ ਰਾਏ ਨਹੀਂ ਦਿਤੀ, ਇਹ ਪੱਖ ਹੈਰਾਨ ਕਰਨ ਵਾਲਾ ਹੈ।
ਪਰੰਪਰਕ ਚਿੱਤਰਕਾਰੀ ਦਾ ਅੰਗ ਰਿਹਾ ਪਾਤਰ ਭਾਈ ਬਾਲਾ ਅਚਾਨਕ ਪਿਛਲੀ ਸਦੀ ਦੇ ਮੱਧ ਬਾਅਦ ਗਾਇਬ ਹੋਣ ਲਗਦਾ ਹੈ। ਮਾਸਟਰ ਗੁਰਦਿਤ ਸਿੰਘ, ਜੀ.ਐਸ. ਸੋਹਨ ਸਿੰਘ, ਸੋਭਾ ਸਿੰਘ ਅਤੇ ਦੂਸਰੇ ਚਿੱਤਰਕਾਰਾਂ ਨੇ ਗੁਰੂ ਨਾਨਕ, ਭਾਈ ਮਰਦਾਨਾ, ਭਾਈ ਬਾਲਾ ਨੂੰ ਇਕੱਠਿਆਂ ਹੀ ਚਿਤਵਿਆ ਹੈ। ਕਿਰਪਾਲ ਸਿੰਘ, ਜਸਵੰਤ ਸਿੰਘ ਅਤੇ ਦੂਸਰੇ ਚਿੱਤਰਕਾਰਾਂ ਲਈ ਭਾਈ ਬਾਲਾ ਗੈਰ-ਲੋੜੀਂਦਾ ਪਾਤਰ ਹੋ ਨਿਬੜਦਾ ਹੈ।
ਇਹ ਵੱਖਰੀ ਤਰ੍ਹਾਂ ਦਾ ਵਿਸ਼ਾ ਹੈ ਕਿ ਭਾਈ ਮਰਦਾਨਾ ਅਤੇ ਭਾਈ ਬਾਲਾ ਦਾ ਸਾਥ ਦੇਣ ਵਾਲੇ ਚਿੱਤਰਕਾਰ ਉਨ੍ਹਾਂ ਨੂੰ ‘ਪਲੇਸ` ਕਿਵੇਂ ਕਰਦੇ ਹਨ। ਗੁਰੂ ਵਿਅਕਤੀ ਨੂੰ ਸਾਕਾਰਦਿਆਂ ਹੋਇਆਂ ਸਾਕਾਰ ਕਰਤਾ ਖਾਸ ਸਮਾਜਿਕ, ਧਾਰਮਿਕ, ਆਰਥਿਕ, ਸਿਆਸੀ ਮਾਹੌਲ ਦਾ ਅੰਗ ਹੁੰਦਾ ਹੋਇਆ ਇਨ੍ਹਾਂ ਦਾ ਪ੍ਰਭਾਵ ਅਚੇਤ-ਸੁਚੇਤ ਕਬੂਲਦਾ ਹੈ ਅਤੇ ਆਪਣੀ ਮਨੋ-ਬਣਤਰ, ਸਮਰਥਾ ਅਨੁਸਾਰ ਜਵਾਬ ਵੀ ਦਿੰਦਾ ਹੈ। ਚਿੱਤਰ ਆਪਣੇ ਆਪ ਵਿਚ ਸਿਰਫ਼ ਚਿੱਤਰ ਨਾ ਹੋ ਕੇ ਕੁਝ ਹੋਰ ਵੀ ਹੁੰਦਾ ਹੈ। ਮੂਰਤ ਆਪਣੀ ਤਰ੍ਹਾਂ ਆਪਣੀ ਗੱਲ ਕਹਿੰਦੀ ਹੈ।
ਕੁਝ ਪੇਂਟਿੰਗਾਂ ਗੁਰੂ ਨਾਨਕ ਦੀ ਜੀਵਨ ਯਾਤਰਾ ਦੇ ਅਹਿਮ ਪੜਾਅ ਛੋਂਹਦੀਆਂ ਹਨ। ਜੇ ਇਕ ਪੇਂਟਿੰਗ ਗੁਰੂ ਨਾਨਕ ਦੇ ਜਨਮ ਵੇਲੇ ਨੂੰ ਆਪਣਾ ਵਿਸ਼ਾ ਬਣਾਉਂਦੀ ਹੈ ਤਾਂ ਇਕ ਹੋਰ ਪੇਂਟਿੰਗ ਉਨ੍ਹਾਂ ਵਲੋਂ ਕਰਤਾਰਪੁਰ ਸ਼ਹਿਰ ਵਸਾਉਣ ਦੇ ਸਮੇਂ ਵੱਲ ਸੰਕੇਤ ਕਰਦੀ ਹੈ। ਗੁਰੂ ਜੀ ਖੇਤੀ ਦਾ ਕੰਮ ਕਰਨ ਉਪਰੰਤ ਰਹਿੰਦਾ ਸਮਾਂ ਈਸ਼ਵਰ ਭਗਤੀ, ਪ੍ਰਚਾਰ, ਗਿਆਨ ਗੋਸ਼ਟ, ਸੰਗਤ ਅਤੇ ਸਾਧੂ ਸਭਾ ਦੇ ਲੇਖੇ ਲਾਉਂਦੇ ਹਨ। ਭਾਂਤ ਸੁਭਾਂਤ ਦੇ ਲੋਕ ਗੁਰੂ ਨਾਨਕ ਦੇ ਸ਼ਰਧਾਲੂ ਬਣ ਜਾਂਦੇ ਹਨ। ਵਿਚਵਿਚਾਲੇ ਦੂਸਰੇ ਮਹੱਤਵਪੂਰਨ ਬਿਰਤਾਂਤ ਆਏ ਹਨ। ਗੁਰੂ ਨਾਨਕ ਵਲੋਂ ਆਰੰਭੀ ‘ਉਦਾਸੀ ਦੀ ਰੀਤ` ਆਪਣੀ ਜਿਹੀ ਆਪ ਹੈ। ਇਸ ਘਟਨਾ ਨੂੰ ਦਰਸਾਉਂਦੀਆਂ ਦੋ ਪੇਂਟਿੰਗਾਂ ਸਾਡੇ ਸਾਹਮਣੇ ਹਨ। ਪਹਿਲੀ ਕਿਰਤ ਸੋਭਾ ਸਿੰਘ ਦੀ ਬਣੀ ਹੋਈ ਹੈ। ਇਸੇ ਵਿਸ਼ੇ ਨੂੰ ਲੈ ਦੂਸਰਾ ਚਿੱਤਰ ਕਿਰਪਾਲ ਸਿੰਘ ਦਾ ਤਿਆਰ ਕੀਤਾ ਹੋਇਆ ਹੈ। ਦੋਹਾਂ ਪਾਸ ਪਹੁੰਚ ਰਿਹਾ ਬਿਰਤਾਂਤ ਇਕੋ ਜਿਹਾ ਹੈ ਪਰ ਪ੍ਰਾਪਤ ਵਸਤੂ ਜਦ ਪ੍ਰਗਟਾਵੇ ਦਾ ਰੂਪ ਧਾਰਦੀ ਹੈ, ਵਖਰੇਵਾਂ ਲੈ ਲੈਂਦੀ ਹੈ। ਸੋਭਾ ਸਿੰਘ ਦੀ ਪੇਂਟਿੰਗ ਸੰਗਵੀਂ-ਸੰਗਵੀਂ ਹੈ। ਲਗਦਾ ਹੈ, ਘਰ ਅਤੇ ਘਰ ਦੇ ਜੀਆਂ ਤੋਂ ਇਲਾਵਾ ਹੋਰ ਲੋਕ ਪਿੱਛੇ ਰਹਿ ਗਏ ਹਨ। ਦਿਸ ਰਹੇ ਮੰਜ਼ਰ ਅਨੁਸਾਰ ਗੁਰੂ ਨਾਨਕ ਦੀ ਪਤਨੀ ਅਤੇ ਭਾਈ ਮਰਦਾਨੇ ਦੀ ਪਤਨੀ ਵਲੋਂ ਸਾਂਝੇ ਤੌਰ ਉੱਪਰ ਕੀਤਾ ਜਾਣ ਵਾਲਾ ਆਖਰੀ ਤਰਲਾ ਹੈ। ਦੋਵੇਂ ਮਾਵਾਂ ਆਪਣੇ ਬੱਚਿਆਂ ਨੂੰ ਨਾਲ ਲਿਆਈਆਂ ਹਨ। ਇਹ ਕਦਮ ਹੌਸਲੇ ਵਾਲਾ ਹੈ, ਜੇ ਉਸ ਵੇਲੇ ਦੇ ਸਮੇਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਇਸੇ ਸਮੇਂ ਵਿਚ ਕਿਰਪਾਲ ਸਿੰਘ ਦਾ ਦ੍ਰਿਸ਼ਾਂਕਨ ਭਰਵਾਂ ਹੋਣ ਦੇ ਇਲਾਵਾ ਉਥੇ ਮੌਜੂਦ ਸਾਕ-ਸਬੰਧੀਆਂ ਨੂੰ ਆਪੋ-ਆਪਣੀਆਂ ਮਨੋ-ਭਾਵਨਾਵਾਂ ਪ੍ਰਗਟ ਕਰਨ ਦਾ ਮੌਕਾ ਦੇ ਰਿਹਾ ਹੈ ਪਰ ਮਨੋ-ਭਾਵਨਾਵਾਂ ਦਾ ਪ੍ਰਗਟਾਵਾ ਬੇਮੁਹਾਰ ਨਹੀਂ, ਸੰਜਮੀ ਹੈ। ਘਟਨਾਕ੍ਰਮ ਦਾ ਕੇਂਦਰ ਬਣੇ ਗੁਰੂ ਨਾਨਕ ਆਉਣ ਵਾਲੇ ਕਿਸੇ ਵੀ ਪਲ ਘਰੋਂ ਬਾਹਰ ਜਾ ਸਕਦੇ ਹਨ।
ਜੋ ਸਾਹਮਣੇ ਹੈ, ਉਸ ਤੋਂ ਲਗਦਾ ਹੈ, ਪਰਿਵਾਰ ਦਾ ਕੋਈ ਵੀ ਜੀਅ ਏਨੀ ਸੱਤਿਆ ਨਹੀਂ ਰਖਦਾ ਕਿ ਉਹ ਵਕਫ਼ੇ ਬਾਅਦ, ਤੇਜ ਕਦਮੀ ਤੁਰਦਿਆਂ, ਗੁਰੂ ਨਾਨਕ ਤੇ ਭਾਈ ਮਰਦਾਨੇ ਨੂੰ ਅਗੇ ਹੋ ਕੇ ਮਿਲੇਗਾ ਜਾਂ ਦੋਹਾਂ ਨੂੰ ਕੀਤੇ ਨਿਰਣੇ ਨੂੰ ਟਾਲਣ ਬਾਰੇ ਕਹੇਗਾ। ਅਸਲ ਵਿਚ ਇਹ ਮਿਲਣ-ਖਿਣ ਹੀ ਵਿਦਾਈ-ਖਿਣ ਵੀ ਹੈ। ਕਿਰਪਾਲ ਸਿੰਘ ਦੀ ਕਿਰਤ ਵਿਚ ਗੁਰੂ ਜੀ ਅਤੇ ਉਨ੍ਹਾਂ ਦੇ ਸਿੱਖ ਦਾ ਜੁੱਸਾ ਲਚਕਦਾਰ, ਫੁਰਤੀਲਾ ਦਿਸ ਆਉਂਦਾ ਹੈ। ਇਹ ਗੁਣ ਸੋਭਾ ਸਿੰਘ ਕਿਰਤਾਂ ਦਾ ਅੰਗ ਨਹੀਂ ਬਣਿਆ। ਸੋਭਾ ਸਿੰਘ ਨੇ ਗੁਰੂ ਨਾਨਕ ਦੇ ਨਾਲ ਜੇ ਭਾਈ ਮਰਦਾਨਾ ਰੱਖਿਆ ਹੈ ਤਾਂ ਭਾਈ ਬਾਲਾ ਦੀ ਮੌਜੂਦਗੀ ਵੀ ਲਾਜ਼ਮੀ ਹੈ ਪਰ ਕਿਰਪਾਲ ਸਿੰਘ ਨੇ ਕਿਸੇ ਵੀ ਰਚਨਾ ਵਿਚ ਭਾਈ ਬਾਲੇ ਨੂੰ ਥਾਂ ਨਹੀਂ ਦਿਤੀ। ਇਹੋ ਗੱਲ ਜਸਵੰਤ ਸਿੰਘ ਬਾਰੇ ਵੀ ਕਹੀ ਜਾ ਸਕਦੀ ਹੈ।
ਦੋ ਹੋਰ ਮਹੱਤਵਪੂਰਨ ਬਿਰਤਾਂਤਕ ਘਟਨਾਵਾਂ ਹਨ। ਇਕ, ਗੁਰੂ ਨਾਨਕ ਆਪਣੇ ਸਿੱਖ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕ ਰਹੇ ਹਨ। ਉਨ੍ਹਾਂ ਨਾਲ ਭਾਈ ਮਰਦਾਨਾ ਵੀ ਹਨ। ਜਿਹੜਾ ਸੰਦੇਸ਼ ਚਿੱਤਰ ਦੇ ਰਿਹਾ ਹੈ, ਉਹ ਸ਼ਾਬਦਿਕ ਬਿਰਤਾਂਤ ਨਹੀਂ ਦੇ ਸਕਦਾ। ਆਪਣੇ ਕਿਰਤੀ ਸਿੱਖ ਦੇ ਗ੍ਰਹਿ ਜਾ ਕੇ ਰਹਿਣਾ, ਉਸ ਦੇ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਣਾ ਅਲੋਕਾਰੀ ਘਟਨਾ ਹੈ।
ਅਗਲੇ ਚਿੱਤਰ ਅੰਦਰ ਕੈਦ ਕੀਤੇ ਗੁਰੂ ਨਾਨਕ ਨੂੰ ਬਾਬਰ ਮਿਲਣ ਆਉਂਦਾ ਹੈ। ਉਹ ਉਥੇ ਹੀ ਗੁਰੂ ਨਾਨਕ ਨਾਲ ਸੰਵਾਦ ਰਚਾਉਂਦਾ ਹੈ। ਇਹ ਦੋ ਵਿਅਕਤੀਆਂ ਦਰਮਿਆਨ ਸੰਵਾਦ ਹੈ। ਵੱਡੇ ਫਲਕ ਉੱਪਰ ਇਹ ਦੋ ਸੰਸਾਰਾਂ ਦਾ ਸੰਵਾਦ ਹੈ ਜਿਥੇ ਗਿਆਨ/ਅਨੁਭੂਤੀ ਦਾ ਸੰਸਾਰ ਜੇਤੂ ਬਣਦਾ ਹੈ; ਭਾਵ ਗਿਆਨ ਸ਼ਾਸਤਰ ਦੇ ਇਲਾਵਾ ਸਤਰ ਵੀ ਹੈ। ਉਪਰੋਕਤ ਦੋਵੇਂ ਰਚਨਾਵਾਂ ਕਿਰਪਾਲ ਸਿੰਘ ਦੀਆਂ ਹਨ। ਇਨ੍ਹਾਂ ਵਿਚੋਂ ਭਾਈ ਬਾਲਾ ਗੈਰ-ਹਾਜ਼ਰ ਹੈ। ਕੁਝ ਅਜਿਹੇ ਦ੍ਰਿਸ਼ ਹਨ ਜਿਥੇ ਗੁਰੂ ਨਾਨਕ ਆਪਣੇ ਸੰਗੀਆਂ ਨਾਲ ਬੈਠੇ ਹੋਏ ਹਨ। ਇਨ੍ਹਾਂ ਦੇ ਦ੍ਰਿਸ਼ਕਾਰ ਸੋਭਾ ਸਿੰਘ ਅਤੇ ਜੀ.ਐਸ. ਸੋਹਨ ਸਿੰਘ ਹਨ। ਸੋਭਾ ਸਿੰਘ ਕਾਲਕ੍ਰਮ ਅਨੁਸਾਰ 1924, 1969 ਅਤੇ 1982 ਨੂੰ ਤਿੰਨੇ ਕਿਰਦਾਰ ਇਕੋ ਸਪੇਸ ਵਿਚ ਪੇਂਟ ਕਰਦਿਆਂ ਹੋਇਆਂ ਹਰ ਵਾਰ ਬਦਲਵੀਂ ਯੋਜਨਾਬੰਦੀ ਦਾ ਆਸਰਾ ਲੈਂਦਾ ਹੈ। ਕਿਰਦਾਰ ਅ-ਬਦਲਵੇਂ ਹੋਣ ਦੇ ਬਾਵਜੂਦ ਚਿੱਤਰਕਾਰ ਆਪਣੀ ਨਿਰੰਤਰ ਬਦਲਵੀਂ ਸੋਚ ਨੂੰ ਰੇਖਾਂਕਿਤ ਕਰ ਰਿਹਾ ਹੈ।
ਦੂਜੇ ਪਾਸੇ ਜੀ.ਐਸ. ਸੋਹਨ ਸਿੰਘ ਜੋ ਬਣਾ ਰਿਹਾ ਹੈ, ਉਹ ਨਿਰੋਲ ਚਿੱਤਰ ਨਹੀਂ। ਲਗਦਾ ਹੈ, ਪਹਿਲਾਂ ਮੰਨਿਆ ਮਿਥਿਆ ਗਿਆ, ਫੇਰ ਆਕਾਰ ਸਿਰਜੇ ਗਏ। ਗੁਰੂ ਨਾਨਕ ਦਾ ਵੱਡਾ ਆਕਾਰ ਉਨ੍ਹਾਂ ਦੇ ਵਿਸ਼ਵ ਦ੍ਰਿਸ਼ਟੀਕੋਣ, ਸੋਚ, ਸਵੀਕ੍ਰਿਤੀ ਨੂੰ ਚਿਹਨਤ ਕਰਦਾ ਹੈ। ਚਿਤੇਰਾ ਸੰਭਵ ਹੈ, ਇਸੇ ਲਈ ਆਪਣੇ ਇਸ਼ਟ ਨੂੰ ਵਿਥ ਉੱਪਰ ਟਿਕਿਆ ਦਿਖਾ ਰਿਹਾ ਹੈ, ਪ੍ਰਤਿਭਾ ਦਰਸਾਉਣ ਦਾ ਇਹ ਇਕ ਅੰਦਾਜ਼ ਹੈ ਜਿਹੜਾ ਹੋਰ ਪ੍ਰਚੰਡ ਰੂਪ ਲੈ ਲੈਂਦਾ ਹੈ ਜਦ ਅਸੀਂ ਦੇਖਦੇ ਹਾਂ ਭਾਈ ਮਰਦਾਨਾ ਅਤੇ ਭਾਈ ਬਾਲਾ ਨੂੰ ਉਨ੍ਹਾਂ ਦੇ ਆਕਾਰ ਦੇ ਮੁਕਾਬਲੇ ਬਹੁਤ ਛੋਟੇ ਆਕਾਰ ਬਖਸ਼ੇ ਗਏ ਹਨ। ਇਹ ਅਜਬ ਤਰ੍ਹਾਂ ਦੀ ਪਹਿਲਕਦਮੀ ਕਹਿ ਸਕਦੇ ਹਾਂ, ਭਾਵੇਂ ਉਨ੍ਹਾਂ ਦੇ ਦੋਵੇਂ ਸਿੱਖ ਉਨ੍ਹਾਂ ਦੇ ਕਰੀਬ ਰਹੇ।
ਚਿੱਤਰਕਾਰ ਜੇ ਦੋਹਾਂ ਸਿੱਖਾਂ ਨੂੰ ਕਿਰਤ ਦਾ ਹਿੱਸਾ ਨਾ ਵੀ ਬਣਾਉਂਦਾ ਤਾਂ ਵੀ ਵਿਸ਼ੇ ਵਸਤੂ ਦਾ ਸੰਚਾਰ ਜਿਵੇਂ ਦਾ ਹੈ, ਉਵੇਂ ਦਾ ਹੀ ਕਾਇਮ ਰਹਿਣਾ ਸੀ। ਜੀ.ਐਸ. ਸੋਹਨ ਸਿੰਘ ਦੀ ਦੂਜੀ ਕਿਰਤ ‘ਆਰਤੀ` ਦੇ ਗੁਰੂ ਨਾਨਕ ਪ੍ਰਕਿਰਤੀ ਦੇ ਇਲਾਵਾ ਨਖੱਤਰ ਚਾਲ ਨੂੰ ਦੇਖ ਹੀ ਨਹੀਂ ਰਹੇ ਬਲਕਿ ਉਸ ਦਰਮਿਆਨ ਹਾਜ਼ਰ ਵੀ ਹਨ। ਵਿਸ਼ਾ ਗਹਿਰ-ਗੰਭੀਰ ਹੈ। ਜੋ ਹਾਲਤ ਗੁਰੂ ਨਾਨਕ ਨੇ ਜਗਨਨਾਥ ਮੰਦਰ ਵਿਚ ਪੁਜਾਰੀਆਂ ਦੀ ਦੇਖੀ, ਉਹ ਉਤਸ਼ਾਹ ਦੇਣ ਵਾਲੀ ਨਹੀਂ ਸੀ। ਉਹ ਸੀਮਤ ਕਾਰਗੁਜ਼ਾਰੀ ਦੀ ਬਜਾਇ ਅਸੀਮ ਕੁਦਰਤੀ ਵਿਹਾਰ ਨੂੰ ਵਿਜ਼ੂਲਾਇਜ਼ ਕਰਦੇ ਹੋਇਆਂ ਜੋ ਕਾਵਿ ਰਚਦੇ ਹਨ, ਉਸ ਨੂੰ ‘ਆਰਤੀ` ਕਿਹਾ ਜਾਂਦਾ ਹੈ। ਜਲ ਰੰਗ ਵਰਤਦਿਆਂ ਗੁਰੂ ਨਾਨਕ ਨੂੰ ਕੇਂਦਰ ਵਿਚ ਟਿਕਾਅ ਚਿੱਤਰਕਾਰ ਸਜਾਵਟੀ ਦ੍ਰਿਸ਼ ਰਚਦਾ ਹੈ ਜਿਥੇ ਤਰਕ ਜਾਂ ਕਲਾ ਦਾ ਅਕਾਦਮਿਕ ਪੱਥ ਨਹੀਂ ਉਭਰਦਾ।
ਅੱਲਾ ਬਖਸ਼ ਦੀ ਕਿਰਤ ‘ਗੁਰੂ ਨਾਨਕ ਅਤੇ ਉਨ੍ਹਾਂ ਦਾ ਸਿੱਖ’ ਕਾਲਪਨਿਕ ਹੁੰਦੀ ਹੋਈ ਵੀ ਸੱਚ ਦਾ ਭਰਮ ਰਚਦੀ ਹੈ। ਇਸ ਦਾ ਨਿਭਾਅ ਅਤੇ ਨਿਯੋਜਨ ਅਜਿਹਾ ਹੈ ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਨੂੰ ਗੁਰੂ ਨਾਨਕ ਦੀ ਅਸਲੀ ਤਸਵੀਰ ਮੰਨੀ ਤੁਰੀ ਆ ਰਹੀ ਹੈ। ਇਹ ਕਲਾ ਦਾ ਚਮਤਕਾਰੀ ਪੱਖ ਹੈ। ਸਾਰਾ ਚਿਤਰਨ ਬਰੀਕ-ਬੀਨੀ ਨਾਲ ਹੋਇਆ ਹੈ।
ਇਸ ਲੇਖ ਸਮੂਹ ਵਿਚ ਕੁਝ ਲੇਖ ਅਜਿਹੇ ਹਨ ਜਿਥੇ ਗੁਰੂ ਨਾਨਕ ਦੇ ਉਸ ਸਰੂਪ ਦੀ ਗੱਲ ਕੀਤੀ ਹੈ ਜਿਥੇ ਉਹ ਇਕੱਲੇ ਹਨ। ਭਗਤ ਸਿੰਘ, ਜੀ.ਐਸ. ਸੋਹਨ ਸਿੰਘ, ਸੋਭਾ ਸਿੰਘ ਦੇ ਤਿਆਰ ਸਰੂਪ ਇਸ ਵਰਗ ਵਿਚ ਆਉਂਦੇ ਹਨ। ਗੁਰੂ ਨਾਨਕ (ਕ੍ਰਿਤ ਭਗਤ ਸਿੰਘ) ਚੌਂਕੜਾ ਲਾਈ ਕੁਦਰਤੀ ਇਕਾਈਆਂ ਵਿਚਾਲੇ ਬੈਠੇ ਹਨ। ਇਹ ਚਿੱਤਰ ਬਾਬਾ ਨੰਦ ਸਿੰਘ ਤੋਂ ਆਰੰਭ ਹੋਏ ਸੰਪ੍ਰਦਾਇ ਦਾ ਪ੍ਰਮੁੱਖ ਜੁਜ ਹੈ। ਇਹਦੇ ਬਿਨਾਂ ‘ਠਾਠ` (ਜਿਥੇ ਗੁਰੂ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਹੈ) ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਅੱਜ ਤੋਂ 60-70 ਸਾਲ ਪਹਿਲਾਂ ਗੁਰੂ ਨਾਨਕ ਦੀ ਇਕ ਤਸਵੀਰ ਖੂਬ ਪ੍ਰਚਲਿਤ ਸੀ ਜਿਹੜੀ ‘ਤੋਤੇ ਵਾਲੀ ਤਸਵੀਰ` ਦੇ ਨਾਮ ਨਾਲ ਮਸ਼ਹੂਰ ਸੀ। ਇਥੇ ਸਾਦਗੀ ਸਜਾਵਟ ਰਾਹੀਂ ਪੇਸ਼ ਹੋਈ ਹੈ। ਆਪਣੇ ਸਮੇਂ ਵਿਚ ਬਣਿਆ ਅਕਸ ਪੂਰਬਲੇ ਅਤੇ ਸਮਕਾਲੀ ਪ੍ਰਭਾਵਾਂ ਨੂੰ ਸਮੋਈ ਬੈਠਾ ਹੈ। ਸਮੁੱਚੇ ਪ੍ਰਭਾਵ ਨੂੰ ਖਾਸੀ ਸੱਟ ਲਗਦੀ ਹੈ ਜਦ ਚਿੱਤਰ ਵਿਚ ਦਿਖਦੀਆਂ ਇਕਾਈਆਂ ਦੀ ਪੜਚੋਲ ਕੀਤੀ ਜਾਂਦੀ ਹੈ। ਹੁਣ ਇਹ ਤਸਵੀਰ ਇਤਿਹਾਸ ਦਾ ਅੰਗ ਹੈ, ਲੋਕਾਂ ਦੇ ਘਰ ਦਾ ਸ਼ਿੰਗਾਰ ਨਹੀਂ।
ਅਸੀਸ ਕਿਰਤ ਸੋਭਾ ਸਿੰਘ ਵਿਚ ਗੁਰੂ ਨਾਨਕ ਦੇ ਸਰੂਪ ਨੂੰ ਏਨੀ ਕਰੀਬੀ ਤੋਂ ਪਹਿਲੀ ਵਾਰ ਦੇਖਿਆ-ਦਿਖਾਇਆ ਗਿਆ ਹੈ। ਅਸੀਸ ਦੇ ਰਿਹਾ ਹੱਥ ਵੀ, ਇਸੇ ਚਿੱਤਰ ਦਾ ਅੰਗ, ਪਹਿਲੀ ਵਾਰ ਬਣਾਇਆ ਗਿਆ ਹੈ। ਅਕਸਰ ਵਿਚਾਰਿਆ ਜਾਂਦਾ ਰਿਹਾ ਹੈ ਕਿ ਇਹ ਤਸਵੀਰ ਜਿੰਨਾ ਸਮਾਜ ਦੇ ਕਰੀਬ ਹੋ ਰਹੀ ਹੈ, ਓਨਾ ਹੀ ਰੂਪ ਪੱਧਰ ਉਪਰ ਇਹ ਰੂਪ ਗੁਰੂ ਨਾਨਕ ਦੇ ਅਸਲ ਸਰੂਪ ਤੋਂ ਪਰ੍ਹਾਂ ਹੈ। ਸੋਭਾ ਸਿੰਘ ਦੀ ਮਿਹਨਤ ਗੁਰੂ ਨਾਨਕ ਨੂੰ ‘ਮੰਨਣਯੋਗ ਗੁਰੂ ਨਾਨਕ` ਤਕ ਨਹੀਂ ਲੈ ਜਾ ਸਕੀ। ਸਿਧੀ ਪ੍ਰਾਪਤੀ ਵੱਖਰਾ ਵਿਸ਼ਾ ਹੈ, ਕਲਾ-ਗੁਣਾਂ ਦਾ ਮਾਪਦੰਡ ਨਹੀਂ। ਇਸ ਪੁਸਤਕ ਵਿਚ ਕੁਝ ਅਜਿਹੇ ਚਿੱਤਰਾਂ ਦੀ ਸ਼ਮੂਲੀਅਤ ਵੀ ਹੈ ਜਿਥੇ ਗੁਰੂ ਨਾਨਕ ਦਾ ਚਿਹਰਾ-ਮੁਹਰਾ ਨਹੀਂ ਹੈ। ਇਸ ਦੇ ਬਾਵਜੂਦ ਸਿੱਖ ਗੁਰੂਆਂ ਦੇ ਜੀਵਨ ਦੀ ਮਾੜੀ-ਮੋਟੀ ਸੂਝ-ਬੂਝ ਰੱਖਣ ਵਾਲਾ ਸ਼ਖਸ ਚਿੱਤਰ ਦੇਖਦਿਆਂ ਇਨ੍ਹਾਂ ਨੂੰ ਗੁਰੂ ਨਾਨਕ ਨਾਲ ਜੋੜ ਦੇਵੇਗਾ। ਇਨ੍ਹਾਂ ਦਾ ਚਿਤੇਰਾ ਜਸਵੰਤ ਸਿੰਘ ਹੈ ਜਿਸ ਨੇ ਗੁਰੂ ਨਾਨਕ ਦੀ ਸ਼ਕਲ-ਸੂਰਤ ਨਹੀਂ ਬਲਕਿ ਉਨ੍ਹਾਂ ਦੇ ਕਰਮ ਅਤੇ ਬੁਨਿਆਦੀ ਸਿਖਿਆਵਾਂ ਜਿਹੜੀਆਂ ਸਿੱਖੀ ਸਿਧਾਂਤ ਦੀਆਂ ਮੂਲ ਵੀ ਹਨ, ਨੂੰ ਕੈਨਵਸ ਦਾ ਅੰਗ ਬਣਾਇਆ ਹੈ।
ਚਿਤੇਰੇ ਨੇ ਗੁਰੂ ਨਾਨਕ ਦਾ ਰੂਪ ਵੀ ਪੇਂਟ ਕੀਤਾ ਹੈ। ਉਨ੍ਹਾਂ ਵਿਚ ਨਿਜੀ ਦਖਲ ਅੰਦਾਜ਼ੀ ਇੰਨੀ ਪ੍ਰਬਲ ਹੈ ਕਿ ਉਹ ਸਿੱਖ ਸਮਾਜ ਵਲੋਂ ਪੂਰੀ ਤਰ੍ਹਾਂ ਅਪ੍ਰਵਾਨਿਤ ਹੋਏ ਹੋਏ ਲਗਦੇ ਹਨ।
ਇਸ ਪੁਸਤਕ ਅੰਦਰ ਕ੍ਰਮਵਾਰ ‘ਦੀ ਪਿਲਮ` ਅਤੇ ‘ਗੁਰੂ ਨਾਨਕ` ਚਿੱਤਰਾਂ ਦੀ ਪਰਖ-ਪੜਚੋਲ ਹੈ। ਦੋਹਾਂ ਵਿਚ ਗੁਰੂ ਨਾਨਕ ਸਰੀਰ ਮੌਜੂਦ ਨਹੀਂ ਪਰ ਉਨ੍ਹਾਂ ਦੇ ਕੁਝ ਸਰੀਰਕ ਅੰਗ ਦਿਖਾਈ ਦਿੰਦੇ ਹਨ। ਜਸਵੰਤ ਸਿੰਘ ਸਾਰੀ ਵਿੱਥਿਆ ਸਿਰਫ਼ ਪੈਰਾਂ ਅਤੇ ਹੱਥਾਂ ਨਾਲ ਬਿਆਨ ਕਰ ਦਿੰਦਾ ਹੈ।
ਗੁਰੂ ਨਾਨਕ ਵਡੇਰੇ ਯਾਤਰੂ ਵੀ ਸਨ। ਉਦਾਸੀਆਂ ਦੌਰਾਨ ਉਨ੍ਹਾਂ ਦੇ ਪੈਰ ਹਰ ਤਰ੍ਹਾਂ ਦੀ ਜ਼ਮੀਨ ਦੇ ਸੁਭਾਅ ਨੂੰ ਮਿਲੇ। ਪ੍ਰਤੀਤ ਹੁੰਦਾ ਹੈ, ਚਿੱਤਰਕਾਰ ਦੀ ਪਰਿਕਲਪਨਾ ਨੇ ਪ੍ਰਚਲਿਤ ਗੁਰੂ ਰੂਪ ਚਿੱਤਰਨ ਦੀ ਪਰੰਪਰਾ ਨੂੰ ਤਿਲਾਂਜਲੀ ਦੇ ਕੇ ਨਵਾਂ ਬਿਬ ਰਚਿਆ। ਇਕੋ ਰਚਨਾ ਨੇ ਚਿਤੇਰੇ ਨੂੰ ਸਥਾਪਤੀ ਦੇ ਰਾਹ ਵਲ ਤੋਰ ਦਿਤਾ। ਇਹ ਇਮੇਜ ਦਰਸ਼ਕ-ਦ੍ਰਿਸ਼ਟੀ ਨੂੰ ਇਕ ਪਾਸਿਓਂ ਤੋੜ ਦੂਏ ਪਾਸੇ ਨਾਲ ਜੋੜ ਰਹੀ ਹੈ। ਰੂਪ ਪ੍ਰਤੀ ਬੇਲੋੜੀ ਉਤਪੰਨ ਹੋਈ ਸ਼ਰਧਾ ਨੂੰ ਇਹ ਇਕੋ ਝਟਕੇ ਨਾਲ ਛਿਟਕ ਕੇ ਦੇਖਣ ਵਾਲੇ ਨੂੰ ਸੋਚਣ ਦੇ ਰਾਹ ਪਾਉਂਦੀ ਹੈ। ਡੀ.ਏ. ਆਹੂਜਾ ਦਾ ਬਣਾਇਆ ਚਿੱਤਰ ਵਿਸ਼ੇ ਅਤੇ ਰੰਗ ਵਰਤੋਂ ਦੇ ਪੱਖੋਂ ਖਾਸਾ ਹਟਵਾਂ ਹੈ। ਇਹਦੇ ਵਿਚ ਗੁਰੂ ਨਾਨਕ, ਭਾਈ ਮਰਦਾਨਾ, ਭਾਈ ਬਾਲਾ ਦੇ ਇਲਾਵਾ ਗੁਰੂ ਜੀ ਦੇ ਸਪੁੱਤਰ ਵੀ ਹਨ। ਦ੍ਰਿਸ਼ ਦਾ ਸੁਭਾਅ ਥੋੜ੍ਹਾ ਪਰਿਵਾਰਕ ਲਗਦਾ ਹੈ। ਇਸ ਤੋਂ ਵੱਡੇਰਾ ਸੰਦੇਸ਼ ਭਗਤੀ ਮਾਰਗ ਨਾਲ ਜੁੜਿਆ ਹੈ ਕਿ ਇਸ ਯੁਗ ਵਿਚ ਕਿਹੜਾ ਭਗਤੀ ਮਾਰਗ ਸਹੀ ਹੈ।
000
ਕਿਸੇ ਚਿਤੇਰੇ ਦੇ ਰਚੇ ਸਾਰੇ ਕੰਮ ਜਾਂ ਕਾਫ਼ੀ ਹੱਦ ਤਕ ਪ੍ਰਮੁੱਖ ਕੰਮ ਦੀ ਉਪਲੱਬਧਤਾ ਦੀ ਕਮੀ ਮਹਿਸੂਸ ਹੁੰਦੀ ਆ ਰਹੀ ਹੈ। ਉਹ ਨਾ ਤਾਂ ਕਿਸੀ ਗੈਲਰੀ ਦਾ ਹਿੱਸਾ ਬਣਦਾ ਹੈ ਅਤੇ ਨਾ ਹੀ ਕਿਸੇ ਯੋਗ ਥਾਂ ਪ੍ਰਮੁੱਖਤਾ ਨਾਲ ਛਪਦਾ ਹੈ। ਕਿਸੇ ਵੇਲੇ ਚਿੱਤਰਕਾਰ ਦਾ ਨਾਂ ਮਿਲ ਜਾਂਦਾ ਹੈ ਅਤੇ ਫੇਰ ਉਸ ਦੇ ਕੰਮ ਨੂੰ ਪ੍ਰਾਪਤ ਕਰਨ ਦੀ ਭੱਜ-ਦੌੜ ਸ਼ੁਰੂ ਹੁੰਦੀ ਹੈ। ਕਈ ਵਾਰੀ ਮਿਲੇ ਕੰਮ ਦੇ ਰਚਨਹਾਰ ਨੂੰ ਲੱਭਣਾ ਪੈਂਦਾ ਹੈ। ਇਹ ਵੀ ਆਪਣੀ ਤਰ੍ਹਾਂ ਦੀ ਖੇਡ ਹੈ ਜਿਸ ਦੀ ਜਿੱਤ-ਹਾਰ ਦਾ ਹਿੱਸੇਦਾਰ ਇਸ ਕਿਤਾਬ ਦਾ ਰਚਨਹਾਰ ਹੁੰਦਾ ਰਿਹਾ ਹੈ।
ਨਿਸਚਿਤ ਹੈ, ਦਰਸ਼ਕ-ਪਾਠਕ ਹੁੰਦੇ ਕੰਮ ਅਤੇ ਉਸ ਦੇ ਮਿਆਰ ਬਾਰੇ ਕਿੰਤੂ-ਪ੍ਰੰਤੂ ਕਰਨਗੇ। ਇਹ ਉਚਿਤ ਵੀ ਹੈ। ਇਕ ਗੱਲ ਬਿਲਕੁਲ ਸਾਫ ਹੈ, ਸ਼ਾਮਲ ਚਿਤੇਰਿਆਂ ਵਿਚੋਂ ਕਿਸੇ ਨੇ ਵੀ ਕਲਾ ਸਬੰਧਿਤ ਕੋਈ ਉੱਚ ਸਿੱਖਿਆ ਪ੍ਰਾਪਤ ਨਹੀਂ ਕੀਤੀ। ਇਹ ਸਵੈ-ਸਿਖਿਅਤ ਹਨ ਜਾਂ ਗੁਰੂ-ਸ਼ਿਸ਼ ਪਰੰਪਰਾ ਦੀ ਉਪਜ ਹਨ। ਪਹਿਲੇ ਵਰਗ ਵਿਚ ਸੋਭਾ ਸਿੰਘ, ਕਿਰਪਾਲ ਸਿੰਘ, ਮਾਸਟਰ ਗੁਰਦਿੱਤ ਸਿੰਘ, ਜਸਵੰਤ ਸਿੰਘ, ਭਗਤ ਸਿੰਘ ਆਉਂਦੇ ਹਨ। ਦੂਜੇ ਵਰਗ ਅੰਦਰ ਜੀ.ਐਸ. ਸੋਹਨ ਸਿੰਘ ਆਉਂਦਾ ਹੈ।
ਇੰਨੀ ਕੁ ਜਾਣਕਾਰੀ ਸੰਚਾਰਦੀ ਹੈ ਕਿ ਚਿਤੇਰਿਆਂ ਦਾ ਪਿਛੋਕੜ, ਕਿਹੋ ਜਿਹਾ ਰਿਹਾ। ਸਵੈ-ਯਤਨ ਨਾਲ ਅਰਜਿਤ ਕੀਤੇ ਗਿਆਨ ਨੇ ਹਰ ਇਕ ਦੇ ਕੰਮ ਨੂੰ ਵੱਖਰਾਪਨ ਦਿੱਤਾ। ਇਹ ਚੰਗਾ ਲੱਛਣ ਹੈ। ਗੁਰੂ-ਸ਼ਿਸ਼ ਪਰੰਪਰਾ ਦਾ ਵਿਦਿਆਰਥੀ ਪਹਿਲਾਂ ਗੁਰੂ ਜਿਹਾ ਹੋਣਾ ਲੋਚਦਾ ਹੈ। ਕੁਝ ਕਰਨ ਯੋਗ ਹੋਣ ਉਪਰੰਤ ਉਹ ਵੱਖਰਾ ਹੋਣ ਦਾ ਯਤਨ ਕਰਦਾ ਹੈ। ਇਸੇ ਯਤਨ ਵਿਚੋਂ ਰਲੇਵਾਂ ਝਾਤੀਆਂ ਮਾਰਦਾ ਹੈ, ਬਸ ਪਛਾਣਨ ਵਾਲੀ ਅੱਖ ਚਾਹੀਦੀ ਹੈ।
ਸਾਡੇ ਏਧਰ ਕਿਸੇ ਵੀ ਨਾਮਵਾਰ ਚਿਤੇਰੇ ਨੇ ਗੁਰੂ ਨਾਨਕ ਦੇ ਸਮੁੱਚੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਲੜੀਬੱਧ ਢੰਗ ਨਾਲ ਪੇਂਟ ਨਹੀਂ ਕੀਤਾ। ਕਿਸੇ ਸ਼ਾਹਕਾਰ, ਵੱਡੇ ਫ਼ਲਕ ਵਾਲੀ ਰਚਨਾ ਦੀ ਸਾਨੂੰ ਹਾਲੇ ਵੀ ਉਡੀਕ ਹੈ। ਇਸ ਉਡੀਕ ਨੂੰ ਕਦ ਬੂਰ ਪਵੇਗਾ, ਕਿਹਾ ਨਹੀਂ ਜਾ ਸਕਦਾ।
ਆਪਣੇ ਰਚਨਾਤਮਕ ਘਰ ਦੀ ਬਾਰੀ ਖੋਲ੍ਹ ਜੇ ਪੱਛਮੀ ਕਲਾ ਸੰਸਾਰ ਵਲ ਦੇਖਿਆ ਜਾਏ ਤਾਂ ਸਾਨੂੰ ਕਾਫ਼ੀ ਚਾਨਣਾ ਹੋ ਜਾਵੇਗਾ। ਇਹ ਸੰਕੇਤਕ ਤੌਰ ‘ਤੇ ਲਿਖਿਆ ਹੈ। ਇਸ ਪੱਖ ਨੂੰ ਹੋਰ ਅੱਗੇ ਤੋਰਨ ਦੀ ਕੋਈ ਮਨਸ਼ਾ ਨਹੀਂ। ਏਦਾਂ ਗੱਲ ਉਲਝ ਵੀ ਸਕਦੀ ਹੈ। ਇੰਨਾ ਕੁ ਸਮਝ ਲੈਣਾ ਹੀ ਚੰਗਾ ਰਹੇਗਾ ਕਿ ਸਾਡੇ ਏਧਰ ਉੱਚ ਪਾਏ ਦੇ ਰਚਨਾਕਾਰ ਨਹੀਂ ਹਨ, ਨਾ ਹੀ ਵਸੀਹ ਪੱਧਰ ਉੱਪਰ ਦ੍ਰਿਸ਼ ਉਸਾਰੀ ਕਰਨ ਵਾਲੇ ਕਲਪਨਾਸ਼ੀਲ ਕਿਸੇ ਪੇਂਟਰ ਦਾ ਨਾਂ ਸਾਡੇ ਪਾਸ ਹੈ।
ਇਸ ਦੇ ਨਾਲ ਹੀ ਇਕ ਹੋਰ ਭੱਖਿਆ, ਰੋਹ ਭਰਿਆ ਪੱਖ ਸਾਹਮਣੇ ਆਉਂਦਾ ਹੈ ਕਿ ਅਸੀਂ ਤਸਵੀਰ-ਮੂਰਤੀ ਪੂਜਕ ਨਹੀਂ ਹਾਂ। ਆਪਣਾ ਮੱਤ ਰੱਖਣ ਵਾਲੇ ਗੁਰਬਾਣੀ ਦਾ ਆਸਰਾ ਲੈਂਦੇ ਹਨ। ਜੇ ਤਸਵੀਰਕਸ਼ੀ ਕਰਨ ਵਾਲੇ ਦਾ ਵਿਰੋਧ ਹੁੰਦਾ ਹੈ ਤਾਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਦੀ ਵਿਆਖਿਆ ਕਰਨ ਵਾਲੇ ਦਾ ਵਿਰੋਧ ਵੀ ਹੁੰਦਾ ਹੈ।
ਇਕ ਹੋਰ ਧਿਰ ਵੀ ਹੈ ਜੋ ਗੁਰੂ ਵਿਅਕਤੀਆਂ ਨਾਲ ਜੁੜੀਆਂ ਤਸਵੀਰਾਂ ਦਾ ਵਿਰੋਧ ਤਾਂ ਨਹੀਂ ਕਰਦੀ ਪਰ ਕਹਿੰਦੀ ਹੈ ਕਿ ਇਨ੍ਹਾਂ ਦੀ ਪੂਜਾ ਨਾ ਕੀਤੀ ਜਾਏ। ਇਨ੍ਹਾਂ ਨੂੰ ਗੁਰਦੁਆਰਿਆਂ ਅੰਦਰ ਨਾ ਟਿਕਾਇਆ ਜਾਏ। ਵੱਖਰੀ ਥਾਂ ਜਾਂ ਅਜਾਇਬ ਘਰ ਅੰਦਰ ਰੱਖੇ ਜਾਣ ਨੂੰ ਜਾਇਜ਼ ਕਹਿੰਦੀ ਹੈ।