ਭਗਤ ਸਧਨਾ ਜੀ

ਗੁਰਨਾਮ ਕੌਰ, ਕੈਨੇਡਾ
ਭਗਤ ਸਧਨਾ ਜੀ ਦਾ ਸ਼ੁਮਾਰ ਉਨ੍ਹਾਂ ਭਗਤਾਂ ਵਿਚ ਹੈ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਆਮ ਵਿਚਾਰ ਪ੍ਰਚੱਲਤ ਹੈ ਕਿ ਭਗਤ ਸਧਨਾ ਜੀ ਆਪਣੀ ਰੋਜ਼ੀ-ਰੋਟੀ ਕਸਾਈ ਦੇ ਕਿੱਤੇ ਵਿਚੋਂ ਕਮਾਉਂਦੇ ਸੀ ਪ੍ਰੰਤੂ ਉਹ ਅਧਿਆਤਮਕ ਬੁਲੰਦੀਆਂ ਦੇ ਮਾਲਕ ਸਨ। ਜੇ ਇਸ ਤੱਥ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਇਸ ਤੋਂ ਇਹ ਪਤਾ ਲਗਦਾ ਹੈ ਕਿ ਕੋਈ ਵੀ ਕਿੱਤਾ ਆਪਣੇ ਆਪ ਵਿਚ ਨੀਵਾਂ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕਰਨ ਵਾਲੇ ਦਾ ਸਮਾਜਿਕ ਦਰਜਾ ਕਿੱਤੇ ਤੋਂ ਆਂਕਣਾ ਚਾਹੀਦਾ ਹੈ। ਈਮਾਨਦਾਰੀ ਨਾਲ ਕੀਤੀ ਹੋਈ ਦਸਾਂ ਨਹੁੰਆਂ ਦੀ ਕੋਈ ਵੀ ਕਿਰਤ-ਕਮਾਈ ਨੀਵੀਂ ਨਹੀਂ ਹੁੰਦੀ।

ਉਨ੍ਹਾਂ ਦੀ ਈਮਾਨਦਾਰੀ, ਰੱਬੀ ਭਰੋਸਾ ਅਧਿਆਤਮਕਤਾ ਦੀਆਂ ਸਿਖਰਾਂ ਨੂੰ ਛੂੰਹਦਾ ਸੀ। ‘ਸਿੱਖ ਇਨਸਾਈਕਲੋਪੀਡੀਆ’ ਅਨੁਸਾਰ ਉਨ੍ਹਾਂ ਦੇ ਜਨਮ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਸਿੰਧ ਪ੍ਰਾਂਤ ਦੇ ਸਿਹਵਾਂ ਪਿੰਡ ਵਿਚ ਹੋਇਆ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਅੰਤਮ ਸੰਸਕਾਰ ਪੰਜਾਬ ਵਿਚ ਸਰਹੰਦ ਵਿਖੇ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਯਾਦ ਵਿਚ ਬਣੀ ਹੋਈ ਸਮਾਧੀ ਅੱਜ ਵੀ ਮੌਜੂਦ ਹੈ। ਇਸ ਸੋਮੇ ਅਨੁਸਾਰ ਹੀ ਭਗਤ ਸਧਨਾ ਜੀ ਨੂੰ ਭਗਤ ਨਾਮਦੇਵ ਜੀ ਦਾ ਸਮਕਾਲੀ ਮੰਨਿਆ ਗਿਆ ਹੈ, ਜਿਨ੍ਹਾਂ ਦੀ ਬਾਣੀ ਵੀ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ। ਭਗਤ ਸਧਨਾ ਜੀ ਮਾਸ ਵੇਚ ਕੇ ਗੁਜ਼ਾਰਾ ਕਰਦੇ ਸਨ ਪ੍ਰੰਤੂ ਇਹ ਦਾਅਵੇ ਨਾਲ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪ ਕਦੇ ਵੀ ਜਾਨਵਰਾਂ ਨੂੰ ਨਹੀਂ ਸੀ ਮਾਰਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗੁ ਬਿਲਾਵਲੁ ਵਿਚ ਉਨ੍ਹਾਂ ਦਾ ਇੱਕੋ ਇੱਕ ਸ਼ਬਦ ਪੰਨਾ 858 ‘ਤੇ ਦਰਜ ਹੈ ਜੋ ਉਨ੍ਹਾਂ ਦੇ ਭਰੋਸੇ ਵੱਲ ਇਸ਼ਾਰਾ ਕਰਦਾ ਹੈ ਕਿ ਨਾਮ ਸਿਮਰਨ ਅਤੇ ਪਰਮਾਤਮ-ਭਗਤੀ ਰਾਹੀਂ ਮਨੁੱਖ ਦੇ ਕੀਤੇ ਮਾੜੇ ਕਰਮ ਧੋਤੇ ਜਾ ਸਕਦੇ ਹਨ:
ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ॥
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ॥1॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥1॥ਰਹਾਉ॥
ਏਕ ਬੂੰਦ ਜਲ ਕਾਰਨੈ ਚਾਤ੍ਰਿਕੁ ਦੁਖੁ ਪਾਵੈ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ॥2॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹੇ ਚਢਾਵਉ॥3॥
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ॥4॥1॥
ਅਸੀਂ ਜਾਣਦੇ ਹਾਂ ਕਿ ਪੌਰਾਣਿਕ ਕਥਾਵਾਂ ਆਦਿ ਦੇ ਹਵਾਲਿਆਂ ਨਾਲ ਬਾਣੀ ਵਿਚ ਵੀ ਕਈ ਥਾਵਾਂ ‘ਤੇ ਭਗਤੀ ਦਾ ਉਦੇਸ਼ ਅਤੇ ਪਰਮਾਤਮਾ ਦੀ ਆਪਣੇ ਭਗਤਾਂ ਉੱਤੇ ਮਿਹਰ ਦਾ ਜ਼ਿਕਰ ਕੀਤਾ ਮਿਲਦਾ ਹੈ। ਇਥੇ ਵੀ ਭਗਤ ਸਧਨਾ ਜੀ ਇਸੇ ਕਿਸਮ ਦੇ ਹਵਾਲੇ ਨਾਲ ਆਪਣੇ ਭਗਤਾਂ ਉੱਤੇ ਪਰਮਾਤਮਾ ਦੀ ਮਿਹਰ ਵੱਲ ਸੰਕੇਤ ਕਰਦੇ ਹਨ। ਭਗਤ ਸਧਨਾ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਪ੍ਰਭੂ ਜੀ ਤੂੰ ਉਸ ਕਾਮ-ਵਾਸ਼ਨਾ ਵਿਚ ਲੁਪਤ ਅਤੇ ਖ਼ੁਦਰਗਰਜ਼ ਆਦਮੀ ਦੀ ਭੀ ਲਾਜ ਰੱਖੀ ਸੀ ਅਰਥਾਤ ਤੂੰ ਉਸ ਨੂੰ ਕਾਮ-ਵਾਸ਼ਨਾ ਦੇ ਵਿਕਾਰ ਵਿਚ ਡਿੱਗਣ ਤੋਂ ਬਚਾਇਆ ਸੀ ਜਿਸ ਨੇ ਇਕ ਰਾਜੇ ਦੀ ਲੜਕੀ ਦੀ ਖ਼ਾਤਰ ਧਰਮ ਦਾ ਭੇਖ ਧਾਰਿਆ ਸੀ। ਭਗਤ ਜੀ ਪਰਮਾਤਮਾ ਨੂੰ ਸਾਰੇ ਜਗਤ ਦਾ ਗੁਰੂ ਮੰਨਦੇ ਹੋਏ ਅਰਦਾਸ ਕਰਦੇ ਹਨ ਕਿ ਹੇ ਜਗਤ ਗੁਰੂ! ਜੇ ਮੇਰੇ ਕੀਤੇ ਹੋਏ ਪਿਛਲੇ ਕਰਮਾਂ ਦਾ ਫਲ ਨਾਸ ਨਾ ਹੋਇਆ ਤਾਂ ਫਿਰ ਤੇਰੀ ਸ਼ਰਨ ਵਿਚ ਆਉਣ ਦਾ ਕੀ ਗੁਣ ਹੋਵੇਗਾ? ਇੱਥੇ ਕਹਿਣ ਤੋਂ ਭਾਵ ਹੈ ਕਿ ਪਰਮਾਤਮਾ ਦੀ ਸ਼ਰਨ ਵਿਚ ਆਇਆਂ, ਉਸ ਦਾ ਓਟ-ਆਸਰਾ ਤੱਕਿਆਂ ਮਨੁੱਖ ਦੇ ਬੁਰੇ ਕਰਮ ਕੱਟੇ ਜਾਂਦੇ ਹਨ; ਜੇ ਇਸ ਤਰ੍ਹਾਂ ਨਾ ਹੁੰਦਾ ਹੋਵੇ ਤਾਂ ਮਨੁੱਖ ਪਰਮਾਤਮਾ ਦੀ ਸ਼ਰਨ ਵਿਚ ਕਿਉਂ ਆਵੇਗਾ? ਭਗਤ ਜੀ ਅੱਗੇ ਸ਼ੇਰ ਦੀ ਸ਼ਰਨ ਦਾ ਹਵਾਲਾ ਦਿੰਦੇ ਹਨ ਕਿ ਕੋਈ ਜੀਵ ਸ਼ੇਰ ਦੀ ਸ਼ਰਨ ਕਿਉਂ ਆਵੇਗਾ ਜੇ ਸ਼ੇਰ ਦੀ ਸ਼ਰਨ ਆਇਆਂ ਵੀ ਉਸ ਨੂੰ ਗਿੱਦੜ ਨੇ ਖਾ ਹੀ ਲੈਣਾ ਹੈ (ਸ਼ੇਰ ਨੂੰ ਸਭ ਤੋਂ ਤਾਕਤਵਰ ਜਾਨਵਰ ਅਤੇ ਜੰਗਲ ਦਾ ਰਾਜਾ ਮੰਨਿਆ ਜਾਂਦਾ ਹੈ ਜਿਸ ਤੋਂ ਸਾਰੇ ਜਾਨਵਰ ਡਰਦੇ ਹਨ ਅਤੇ ਗਿੱਦੜ ਨੂੰ ਸਭ ਤੋਂ ਕਮਜ਼ੋਰ ਅਤੇ ਡਰਾਕਲ ਮੰਨਿਆ ਜਾਂਦਾ ਹੈ ਜੋ ਖਤਰਾ ਦੇਖਦਿਆਂ ਜਾਨ ਬਚਾਉਣ ਲਈ ਭੱਜ ਨਿਕਲਦਾ ਹੈ)। ਭਗਤ ਜੀ ਅੱਗੇ ਹੋਰ ਤਰਕ ਰੱਖਦੇ ਹਨ ਕਿ ਪਪੀਹਾ ਜਲ ਦੀ ਇੱਕ ਸਵਾਂਤੀ ਬੂੰਦ ਦੀ ਖਾਤਰ ਕਿੰਨਾ ਦੁੱਖ ਜਰਦਾ ਹੈ (ਕਿਹਾ ਜਾਂਦਾ ਹੈ ਕਿ ਪਪੀਹੇ ਦੀ ਪਿਆਸ ਬਾਰਸ਼ ਦੀ ਬੂੰਦ ਉਸ ਦੇ ਅੰਦਰ ਜਾਣ ਨਾਲ ਹੀ ਮਿਟਦੀ ਹੈ ਅਤੇ ਉਹ ਇੱਕ ਬੂੰਦ ਦੀ ਖਾਤਰ ਪੀਹੂ ਪੀਹੂ ਕਰਦਾ ਅਸਮਾਨ ਵਿਚ ਬੱਦਲਾਂ ਅੱਗੇ ਉਡਦਾ ਤੜਪਦਾ ਰਹਿੰਦਾ ਹੈ ਤਾਂ ਕਿ ਬੱਦਲਾਂ ਵਿਚੋਂ ਕੋਈ ਇੱਕ ਬੂੰਦ ਡਿਗੇ ਅਤੇ ਉਸ ਦੀ ਪਿਆਸ ਬੁੱਝ ਜਾਵੇ) ਪਰ ਜੇ ਇਸ ਤਰ੍ਹਾਂ ਤੜਪਦਿਆਂ ਹੀ ਉਡੀਕ ਵਿਚ ਉਸ ਦੀ ਜਾਨ ਚਲੀ ਜਾਵੇ ਫਿਰ ਉਸ ਨੂੰ ਭਾਵੇਂ ਪਾਣੀ ਦਾ ਸਮੁੰਦਰ ਵੀ ਮਿਲ ਜਾਵੇ, ਉਸ ਦੇ ਕਿਸੇ ਕੰਮ ਨਹੀਂ ਆ ਸਕਦਾ। ਇਸੇ ਤਰ੍ਹਾਂ ਪਰਮਾਤਮਾ ਅੱਗੇ ਗੁਜ਼ਾਰਿਸ਼ ਕਰਦੇ ਹਨ ਕਿ ਹੇ ਵਾਹਿਗੁਰੂ! ਜੇ ਤੇਰੇ ਨਾਮ-ਰੂਪੀ ਅੰਮ੍ਰਿਤ-ਜਲ ਖੁਣੋ ਮੇਰਾ ਜੀਵਨ ਵਿਕਾਰਾਂ ਵਿਚ ਹੀ ਖਤਮ ਹੋ ਗਿਆ ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀ ਸਵਾਰੇਗਾ? ਭਗਤ ਜੀ ਬੇਨਤੀ ਗੁਜ਼ਾਰਦੇ ਹਨ ਕਿ ਵਾਹਿਗੁਰੂ ਜੀ! ਤੇਰੀ ਮਿਹਰ ਦੀ ਉਡੀਕ ਕਰਦਿਆਂ ਮੇਰੀ ਜਿੰਦੜੀ ਥੱਕ ਗਈ ਹੈ ਅਤੇ ਵਿਕਾਰਾਂ ਵਿਚ ਡੋਲ ਰਹੀ ਹੈ, ਸਥਿਰ ਨਹੀਂ ਹੈ, ਇਸ ਨੂੰ ਮੈਂ ਵਿਕਾਰਾਂ ਵੱਲ ਜਾਣ ਤੋਂ ਕਿਵੇਂ ਰੋਕਾਂ? ਅੱਗੇ ਉਦਾਹਰਣ ਦਿੰਦੇ ਹਨ ਕਿ ਜੇ ਕੋਈ ਡੁੱਬ ਕੇ ਹੀ ਮਰ ਗਿਆ ਹੋਵੇ ਅਤੇ ਪਿੱਛੋਂ ਪਾਰ ਜਾਣ ਲਈ ਬੇੜੀ ਮਿਲੇ ਉਹ ਉਸਦਾ ਕੀ ਕਰੇਗਾ ਅਰਥਾਤ ਜੇ ਤੇਰੀ ਮਿਹਰ ਦੀ ਉਡੀਕ ਵਿਚ ਮੈਂ ਵਿਕਾਰਾਂ ਦੇ ਸਮੁੰਦਰ ਵਿਚ ਡੁੱਬ ਗਿਆ ਅਤੇ ਪਿੱਛੋਂ ਤੇਰੀ ਬੇੜੀ ਮਿਲ ਵੀ ਗਈ ਫਿਰ ਮੈਂ ਉਸ ਦਾ ਕੀ ਕਰਾਂਗਾ? ਉਸ ਵਿਚ ਕਿਸ ਨੂੰ ਬਿਠਾਵਾਂਗਾ? ਅਖ਼ੀਰ ਵਿਚ ਭਗਤ ਜੀ ਜੋਦੜੀ ਕਰਦੇ ਹਨ ਕਿ ਮੈਂ ਆਪਣੇ ਆਪ ਵਿਚ ਕੁੱਝ ਵੀ ਨਹੀਂ ਹਾਂ, ਮੇਰੀ ਕੋਈ ਪਾਇਆ ਨਹੀਂ, ਨਾ ਹੀ ਮੇਰਾ ਕੋਈ ਹੋਰ ਆਸਰਾ ਹੈ। ਇਹ ਮਨੁੱਖ ਦਾ ਜਨਮ ਜੋ ਮੈਨੂੰ ਮਿਲਿਆ ਹੈ ਇਹ ਇੱਕ ਅਵਸਰ ਪ੍ਰਾਪਤ ਹੋਇਆ ਤੇਰੀ ਮਿਹਰ ਪ੍ਰਾਪਤ ਕਰਨ ਦਾ, ਇਸ ਲਈ ਮੇਰੀ ਲਾਜ ਰੱਖ (ਕਿਉਂਕਿ ਸਭ ਜੀਵਾਂ ਵਿਚ ਇੱਕ ਮਨੁੱਖ ਦਾ ਜਨਮ ਹੀ ਐਸਾ ਅਵਸਰ ਹੈ ਜਿਸ ਵਿਚ ਰੱਬੀ ਭਗਤੀ ਕਰ ਕੇ ਉਸ ਦਾ ਅਨੁਭਵ ਕੀਤਾ ਜਾ ਸਕਦਾ ਹੈ ਅਤੇ ਸੱਚੇ, ਸਹੀ ਮਾਰਗ ‘ਤੇ ਚੱਲਦਿਆਂ ਉਸ ਦੀ ਮਿਹਰ ਪ੍ਰਾਪਤ ਕੀਤੀ ਜਾ ਸਕਦੀ ਹੈ)। ਮੈਂ ਸਧਨਾ ਤੇਰਾ ਦਾਸ ਹਾਂ, ਤੇਰਾ ਹੀ ਓਟ-ਆਸਰਾ ਤੱਕਦਾ ਹਾਂ, ਮੇਰੇ ‘ਤੇ ਮਿਹਰ ਕਰ ਅਤੇ ਮੇਰੀ ਲਾਜ ਰੱਖ।
ਇਸ ਸ਼ਬਦ ਤੋਂ ਸਪੱਸ਼ਟ ਹੁੰਦਾ ਹੈ ਕਿ ਭਗਤ ਸਧਨਾ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਆਪਣੀ ਮਿਹਰ ਕਰ ਕੇ ਭਗਤ ਜੀ ਨੂੰ ਪਰਮਾਤਮਾ ਦੀ ਭਗਤੀ ਵੱਲ ਲਾਈ ਰੱਖਣ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਵਿਕਾਰਾਂ ਵਿਚ ਫਸਣ ਤੋਂ ਬਚਾਈ ਰੱਖਣ। ਮੱਧ ਕਾਲ ਦੀ ਭਗਤੀ ਲਹਿਰ ਨਾਲ ਜੁੜੇ ਭਗਤਾਂ ਦੀ ਜ਼ਿੰਦਗੀ ਬਾਰੇ ਆਮ ਤੌਰ ‘ਤੇ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਨਾ ਹੋਣ ਕਰਕੇ ਬਹੁਤੀ ਵਾਰ ਉਨ੍ਹਾਂ ਦੇ ਜੀਵਨ ਬਾਰੇ ਵੱਖ ਵੱਖ ਕਿਆਸ-ਅਰਾਈਆਂ ਜਾਂ ਕਥਾ-ਕਹਾਣੀਆਂ ਜੁੜੀਆ ਮਿਲਦੀਆਂ ਹਨ। ਕੁੱਝ ਇਸੇ ਤਰ੍ਹਾਂ ਦੇ ਅੰਦਾਜ਼ੇ ਭਗਤ ਸਧਨਾ ਜੀ ਬਾਰੇ ਵੀ ਲਾਏ ਮਿਲਦੇ ਹਨ, ਜਿਨ੍ਹਾਂ ਦਾ ਜ਼ਿਕਰ ਇੱਥੇ ਕਰਨਾ ਕੁਥਾਂਹ ਨਹੀਂ ਹੋਵੇਗਾ। ਜਾਪਦਾ ਇਉਂ ਵੀ ਹੈ ਕਿ ਭਗਤੀ ਲਹਿਰ ਦਾ ਉੱਠਣਾ ਇੱਕ ਤਰ੍ਹਾਂ ਨਾਲ ਸਥਾਪਤੀ, ਧਾਰਮਿਕ ਗਿਰਾਵਟ ਅਤੇ ਕਰਮ-ਕਾਂਡਾਂ ਦੇ ਖਿਲਾਫ਼ ਜੱਦੋ-ਜਹਿਦ ਸੀ ਜਿਸ ਕਰਕੇ ਸਥਾਪਤੀ ਵੱਲੋਂ ਉਨ੍ਹਾਂ ਖਿਲਾਫ਼ ਕਈ ਕਿਸਮ ਦੀਆਂ ਕਹਾਣੀਆਂ ਘੜ ਲਈਆਂ ਗਈਆਂ ਹੋਣ। ਵਰਣ-ਆਸ਼ਰਮ ਧਰਮ ਦੇ ਧੁਰੇ ਦੁਆਲੇ ਉਸਰੇ ਵੰਡੀਆਂ-ਪਾਊ ਸਮਾਜਿਕਤਾ ਅਤੇ ਕਰਮ-ਕਾਂਡ ਵਿਚ ਉਲਝਾ ਕੇ ਆਮ ਲੋਕਾਈ ਦਾ ਸ਼ੋਸ਼ਣ ਕਰ ਰਹੀ ਉੱਚੇ ਦਰਜੇ ‘ਤੇ ਬੈਠੀ ਸਮਾਜਿਕ ਅਤੇ ਪੁਜਾਰੀ ਜਮਾਤ ਨੂੰ ਭਗਤ ਅਤੇ ਉਨ੍ਹਾਂ ਦੀ ਸਥਾਪਤੀ ਵਿਰੋਧੀ ਸੁਰ ਦਾ ਪਸੰਦ ਆਉਣਾ ਕਤਈ ਸੰਭਵ ਨਹੀਂ ਸੀ ਹੋ ਸਕਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ਬਦਾਰਥ ਪੋਥੀ ਤੀਜੀ ਵਿਚ ਭਗਤ ਜੀ ਦੇ ਸ਼ਬਦ ਦੇ ਸੰਦਰਭ ਵਿਚ ਪ੍ਰਚੱਲਤ ਧਾਰਨਾ ਨਾਲ ਮਿਲਦਾ-ਜੁਲਦਾ ਵਿਚਾਰ ਲਿਖਿਆ ਮਿਲਦਾ ਹੈ ਕਿ “ਇਹ ਭਗਤ ਸਿੰਧ ਦੇ ਪਿੰਡ ਸਿਹਵਾਂ ਵਿਚ ਪੈਦਾ ਹੋਇਆ, ਭਗਤ ਨਾਮ ਦੇਵ ਦਾ ਸਮਕਾਲੀ ਸੀ। ਕੰਮ ਕਸਾਈ ਦਾ ਕਰਦਾ ਸੀ। ਜਦ ਭਗਤ ਜੀ ਨੂੰ ਇਕ ਰਾਜੇ ਨੇ ਦੁੱਖ ਤੇ ਤਸੀਹੇ ਦੇਣ ਲਈ ਤਿਆਰੀ ਕੀਤੀ, ਤਾਂ ਇਨ੍ਹਾਂ ਨੇ ਇਸ ਪ੍ਰਕਾਰ ਸ਼ਬਦ ਵਿਚ ਪ੍ਰਾਰਥਨਾ ਕੀਤੀ ਹੈ। ” ਸ਼ਬਦਾਰਥ ਵਿਚ “ਭਗਤ ਮਾਲ” ਅਤੇ ਸ਼ਿਵਨਾਥ ਕ੍ਰਿਤ ‘ਪੰਚ ਤੰਤ੍ਰ’ ਦੇ ‘ਤੰਤ੍ਰ 1’ ਦੇ ਹਵਾਲੇ ਨਾਲ ਭਗਤ ਜੀ ਦੇ ਸ਼ਬਦ ਦੀ ਪਹਿਲੀ ਪੰਕਤੀ “ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ” ਦੀ ਵਿਆਖਿਆ ਦੇ ਸਬੰਧ ਵਿਚ ਅੱਗੇ ਲਿਖਿਆ ਹੈ ਕਿ “ਇਕ ਰਾਜੇ ਦੀ ਲੜਕੀ ਨੇ ਪ੍ਰਣ ਕੀਤਾ ਸੀ ਕਿ ਵਿਸ਼ਨੂੰ ਜੀ ਨਾਲ ਵਿਆਹ ਕਰਾਂਗੀ। ਉਸ ਦੇ ਇੱਕ ਤਰਖਾਣ ਆਸ਼ਕ ਨੇ ਵਿਸ਼ਨੂੰ ਦਾ ਰੂਪ ਧਾਰ ਕੇ ਠੱਗੀ ਨਾਲ ਕੰਨਿਆ ਨੂੰ ਵਿਆਹਿਆ। ਸਮੇਂ ਨਾਲ ਉਸ ਦੇਸ਼ ਦੇ ਰਾਜੇ ‘ਤੇ ਕਿਸੇ ਹੋਰ ਨੇ ਹਮਲਾ ਕੀਤਾ। ਰਾਜੇ ਨੇ ਆਪਣੇ ਜਵਾਈ ਨੂੰ ਮੱਦਦ ਲਈ ਕਿਹਾ ਕਿ ਮੈਨੂੰ ਤੁਹਾਡੇ ਪ੍ਰਤਾਪ ਨਾਲ ਫ਼ਤਹਿ ਹੋਵੇ। ਭੇਖੀ ਜਵਾਈ ਆਪਣੇ-ਆਪ ਨੂੰ ਸ਼ਕਤੀ-ਹੀਣ ਜਾਣ ਕੇ ਅਰਦਾਸਾਂ ਕਰਦਾ ਹੈ, ਉਸ ਦੀਆਂ ਅਰਦਾਸਾਂ ਕਬੂਲ ਹੋਈਆਂ ਤੇ ਰਾਜੇ ਨੂੰ ਫ਼ਤਹਿ ਹੋਈ।”
ਪ੍ਰੋਫੈਸਰ ਸਾਹਿਬ ਸਿੰਘ ਦਾ ਮੰਨਣਾ ਹੈ ਕਿ “ਸ਼ਬਦ ਦਾ ਭਾਵ ਬੜਾ ਸਾਫ਼ ਸਿੱਧਾ ਹੈ ਕਿ ਭਗਤ ਸਧਨਾ ਜੀ ਪਰਮਾਤਮਾ ਅੱਗੇ ਅਰਦਾਸ ਕਰ ਕੇ ਆਖਦੇ ਹਨ ਹੇ ਪ੍ਰਭੂ! ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਉਠ ਰਹੀਆ ਹਨ; ਮੈਂ ਆਪਣੀ ਹਿੰਮਤ ਨਾਲ ਇਨ੍ਹਾਂ ਵਿਚ ਆਪਣੀ ਕਮਜ਼ੋਰ ਜਿੰਦ ਦੀ ਨਿੱਕੀ ਜਿਹੀ ਬੇੜੀ ਨੂੰ ਡੁੱਬਣ ਤੋਂ ਬਚਾ ਨਹੀਂ ਸਕਦਾ। ਮਨੁੱਖਾ ਜੀਵਨ ਦਾ ਸਮਾਂ ਮੁੱਕਦਾ ਜਾ ਰਿਹਾ ਹੈ, ਤੇ ਵਿਕਾਰ ਮੁੜ ਮੁੜ ਹੱਲੇ ਕਰ ਰਹੇ ਹਨ, ਛੇਤੀ ਬਹੁੜ, ਮੈਨੂੰ ਇਨ੍ਹਾਂ ਦੇ ਹੱਲਿਆਂ ਤੋਂ ਬਚਾ ਲੈ।” ਇੱਥੇ ਇਹ ਜ਼ਿਕਰ ਕਰਨਾ ਵੀ ਵਾਜਬ ਹੈ ਕਿ ਪਰਮਾਤਮ-ਭਗਤੀ ਤਨੋ-ਮਨੋ ਪੂਰਨ ਸਮਰਪਣ ਰਾਹੀਂ ਉਸ ਅਕਾਲ ਪੁਰਖ ਦੀ ਮਿਹਰ ਪ੍ਰਾਪਤ ਕਰਨ ਦੇ ਸਿਧਾਂਤ ਨਾਲ ਜੁੜੀ ਹੋਈ ਹੈ ਜਿਸ ਨੂੰ ਪ੍ਰੇਮਾ-ਭਗਤੀ ਜਾਂ ਨਾਮ-ਭਗਤੀ ਵੀ ਕਿਹਾ ਜਾਂਦਾ ਹੈ। ਪਰਮਾਤਮਾ ਦੀ ਭਗਤੀ ਅਤੇ ਉਸ ਨਾਲ ਜੁੜੀ ਮਿਹਰ ਕਿਸੇ ਕਰਮ-ਕਾਂਡ ਜਾਂ ਪੂਜਾ ਦੀ ਮੁਥਾਜ ਨਹੀਂ ਹੈ। ਇਸ ਦਾ ਸਬੰਧ ਮਨੁੱਖ ਦੇ ਸਦ-ਗੁਣਾਂ ਦਾ ਧਾਰਨੀ ਹੋਣ ਅਤੇ ਸੱਚੇ-ਸੁੱਚੇ ਮਾਰਗ ‘ਤੇ ਚੱਲਣ ਨਾਲ ਹੈ।
ਪ੍ਰੋਫੈਸਰ ਸਾਹਿਬ ਸਿੰਘ ਅੱਗੇ ਪੰਡਤ ਤਾਰਾ ਸਿੰਘ ਨਰੋਤਮ ਦੀ ਲਿਖਤ ਦਾ ਹਵਾਲਾ ਦਿੰਦੇ ਹਨ ਕਿ ਪੰਡਤ ਤਾਰਾ ਸਿੰਘ ਜੀ ਅਨੁਸਾਰ, “ਸਧਨਾ ਕਸਾਈ ਅਪਨੀ ਕੁਲ ਕਾ ਕਾਰ ਤਿਆਗ ਕਾਹੂੰ ਹਿੰਦੂ ਸਾਧੂ ਸੇ ਪਰਮੇਸ਼ਰ ਭਗਤੀ ਕਾ ਉਪਦੇਸ ਲੇ ਕਰ ਪਰਮ ਪ੍ਰੇਮ ਸੇ ਭਗਤੀ ਕਰਨੇ ਲਾਗਾ। ਮੁਸਲਮਾਨ ਉਸ ਕੋ ਕਾਫ਼ਰ ਕਹਨੇ ਲਗੇ। ਕਾਜੀ ਲੋਗੋਂ ਨੇ ਉਸ ਸਮੇਂ ਕੇ ਰਾਜਾ ਕੋ ਕਹਾ ਇਸ ਕੋ ਬੁਰਜ ਮੇਂ ਚਿਣਨਾ ਚਾਹੀਏ। ਨਹੀ ਤੋ ਯਹ ਕਾਫ਼ਰ ਔਰ ਮੁਸਲਮਾਨੋਂ ਕੋ ਹਿੰਦੂ ਮਤ ਕੀ ਰੀਤ ਸਿਖਾਇ ਕਰ ਕਾਫ਼ਰ ਕਰੇਗਾ। ਪਾਤਿਸ਼ਾਹ ਨੇ ਕਾਜੀਯੋਂ ਕੇ ਕਹਨੇ ਸੇ ਬੁਰਜ ਮੇਂ ਚਿਨਨੇ ਕਾ ਹੁਕਮ ਦੀਆ। ਰਾਜ ਚਿਨਨੇ ਲਗੇ। ਤਿਸ ਸਮੇਂ ਸਧਨੇ ਭਗਤ ਨੇ ਯਹ ਬਚਨ ਕਹਿਆ। ”
ਇਸ ਤੋਂ ਅੱਗੇ ਪ੍ਰੋਫੈਸਰ ਸਾਹਿਬ ਸਿੰਘ ਨੇ ਅੱਜ-ਕੱਲ੍ਹ ਦੇ ਟੀਕਾਕਾਰਾਂ ਵੱਲੋਂ ਭਗਤ ਸਧਨਾ ਜੀ ਬਾਰੇ ਕੀਤੀਆਂ ਟਿੱਪਣੀਆਂ ਦਾ ਵੀ ਹਵਾਲਾ ਦਿੱਤਾ ਹੈ “ਕਾਜੀਆਂ ਦੀ ਸ਼ਰਾਰਤ ਕਰ ਕੇ ਪਾਤਿਸ਼ਾਹ ਨੇ ਸਧਨੇ ਜੀ ਨੂੰ ਬੁਰਜ ਵਿਚ ਚਿਣਨਾ ਸ਼ੁਰੂ ਕੀਤਾ ਤਾਂ ਭਗਤ ਜੀ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ।” ਪ੍ਰੋਫੈਸਰ ਸਾਹਿਬ ਸਿੰਘ ਨੇ ਉਪਰ ਦਿੱਤੀ ਸ਼ਬਦਾਰਥ ਦੀ ਵਾਰਤਾ ਵਰਗੀ ਟਿੱਪਣੀ ਦਾ ਵੀ ਹਵਾਲਾ ਦਿੱਤਾ ਹੈ ਅਤੇ ਨਾਲ ਹੀ ਭਗਤ-ਬਾਣੀ ਦੇ ਵਿਰੋਧੀਆਂ, ਜੋ ਇਸ ਸ਼ਬਦ ਨੂੰ ਗੁਰਮਤਿ ਦੇ ਉਲਟ ਸਮਝਦੇ ਹਨ, ਦਾ ਵਿਚਾਰ ਦਿੱਤਾ ਹੈ ਕਿ ਉਹ ਭਗਤ ਜੀ ਬਾਰੇ ਲਿਖਦੇ ਹਨ, “ਭਗਤ ਸਧਨਾ ਜੀ ਮੁਸਲਮਾਨ ਕਸਾਈਆਂ ਵਿਚੋਂ ਸੀ। ਆਪ ਹੈਦਰਾਬਾਦ ਸਿੰਧ ਦੇ ਪਾਸ ਸੇਹਵਾਲ ਨਗਰ ਦੇ ਰਹਿਣ ਵਾਲੇ ਸਨ। ਕਈ ਆਪ ਜੀ ਨੂੰ ਹਿੰਦੂ ਭੀ ਮੰਨਦੇ ਹਨ। ਦੱਸਿਆ ਹੈ ਕਿ ਭਗਤ ਜੀ ਸਾਲਗਰਾਮ ਦੇ ਪੁਜਾਰੀ ਸਨ, ਜੋ ਉਲਟੀ ਬਾਤ ਹੈ ਕਿ ਹਿੰਦੂ ਹੁੰਦਾ ਹੋਇਆ ਸਾਲਗਰਾਮ ਨਾਲ ਮਾਸ ਤੋਲ ਕੇ ਨਹੀਂ ਬੇਚ ਸਕਦਾ ਸੀ। ਐਸੀਆਂ ਕਥਾਵਾਂ ਤੋਂ ਤਾਂ ਇਹੀ ਸਿੱਧ ਹੁੰਦਾ ਹੈ ਕਿ ਆਪ ਮੁਸਲਮਾਨ ਹੀ ਸਨ ਕਿਉਂਕਿ ਮਾਸ ਵੇਚਣ ਵਾਲੇ ਕਸਾਈ ਹਿੰਦੂ ਨਹੀਂ ਸਨ (ਅੱਜ ਕੱਲ੍ਹ ਭੀ ਹਿੰਦੂ ਲੋਕ ਮਾਸ ਘੱਟ ਹੀ ਵੇਚਦੇ ਹਨ)। ਜੇ ਮੁਸਲਮਾਨ ਸਨ ਤਾਂ ਸਾਲਗਰਾਮ ਦੀ ਪੂਜਾ ਕਿਉਂ ਕਰਦੇ? ਦੂਜੇ ਪਾਸੇ, ਆਪ ਜੀ ਦੀ ਰਚਨਾ ਆਪ ਨੂੰ ਹਿੰਦੂ ਵੈਸ਼ਨਵ ਸਾਬਤ ਕਰਦੀ ਹੈ।”
“ਸਧਨਾ ਜੀ ਦੀ ਰਚਨਾ ਸਾਫ਼ ਦੱਸ ਰਹੀ ਹੈ ਕਿ ਭਗਤ ਜੀ ਨੇ ਕਿਸੇ ਬਿਪਤਾ ਸਮੇਂ ਛੁਟਕਾਰਾ ਪਾਉਣ ਹਿਤ ਸ੍ਰੀ ਵਿਸ਼ਨੂੰ ਜੀ ਦੀ ਅਰਾਧਨਾ ਕੀਤੀ ਹੈ। ਕਈਆਂ ਦਾ ਖਿਆਲ ਹੈ ਕਿ ਇਹ ਸ਼ਬਦ ਆਪ ਜੀ ਨੇ ਉਸ ਭੈ ਤੋਂ ਬਚਣ ਵੇਲੇ ਡਰਦੇ ਹੋਇਆਂ ਨੇ ਰਚਿਆ ਸੀ ਜਦੋਂ ਰਾਜੇ ਵਲੋਂ ਜ਼ਿੰਦਾ ਕੰਧ ਵਿਚ ਚਿਨਾਉਣ ਦਾ ਹੁਕਮ ਸੀ।
“ਭਾਵੇਂ ਸ਼ਬਦ-ਰਚਨਾ ਦਾ ਕਾਰਨ ਕੁਝ ਹੋਵੇ ਪਰ ਆਰਾਧਨਾ ਵਿਸ਼ਨੂੰ ਜੀ ਦੀ ਹੈ, ਜੋ ਗੁਰਮਤਿ ਦੇ ਆਸ਼ੇ ਤੋਂ ਹਜ਼ਾਰਾਂ ਕੋਹ ਦੂਰ ਹੈ।”
“ਸੋ ਇਹ ਸ਼ਬਦ ਗੁਰਮਤਿ ਦੇ ਆਸ਼ੇ ਤੋਂ ਬਹੁਤ ਦੂਰ ਹੈ। ਅਸਲੋਂ ਜਾਨ-ਬਖ਼ਸ਼ੀ ਲਈ ਤਰਲੇ ਹਨ।”
ਪ੍ਰੋਫੈਸਰ ਸਾਹਿਬ ਸਿੰਘ ਸਭ ਤੋਂ ਪਹਿਲਾਂ ਪੰਡਤ ਤਾਰਾ ਸਿੰਘ ਨਰੋਤਮ ਦੀ ਭਗਤ ਸਧਨਾ ਜੀ ‘ਤੇ ਕੀਤੀ ਟਿੱਪਣੀ ‘ਤੇ ਪ੍ਰਸ਼ਨ ਉਠਾਉਂਦੇ ਹਨ ਕਿ “ਇਥੇ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਸਲਮਾਨ ਘਰਾਂ ਵਿਚ ਜੰਮੇ-ਪਲੇ ਸਧਨੇ ਨੇ ਹਿੰਦੂ ਬਣਦਿਆਂ ਸਾਰ ਹੀ ਆਪਣੀ ਮੁਸਲਮਾਨੀ ਬੋਲੀ ਕਿਵੇਂ ਭੁਲਾ ਦਿੱਤੀ, ਤੇ, ਅਚਨਚੇਤ ਸੰਸਕ੍ਰਿਤ ਦੇ ਵਿਦਵਾਨ ਕਿਵੇਂ ਬਣ ਗਏ। ਫ਼ਰੀਦ ਜੀ ਦੇ ਸਲੋਕ ਪੜ੍ਹ ਕੇ ਵੇਖੋ, ਠੇਠ ਪੰਜਾਬੀ ਵਿਚ ਹਨ; ਪਰ ਫਿਰ ਭੀ ਇਸਲਾਮੀ ਸੱਭਿਅਤਾ ਵਾਲੇ ਲਫ਼ਜ਼ ਥਾਂ ਥਾਂ ਵਰਤੇ ਮਿਲਦੇ ਹਨ। ਸਧਨੇ ਜੀ ਦਾ ਸ਼ਬਦ ਪੜ੍ਹ ਕੇ ਵੇਖੋ, ਕਿਤੇ ਇੱਕ ਲਫ਼ਜ਼ ਭੀ ਉਰਦੂ ਫ਼ਾਰਸੀ ਦਾ ਨਹੀਂ ਹੈ, ਸਿੰਧੀ ਬੋਲੀ ਦੇ ਭੀ ਨਹੀਂ ਹਨ, ਸਾਰੇ ਦੇ ਸਾਰੇ ਸੰਸਕ੍ਰਿਤ ਤੇ ਹਿੰਦੀ ਦੇ ਹਨ। ਇਹ ਗੱਲ ਕੁਦਰਤਿ ਦੇ ਨਿਯਮ ਦੇ ਬਿਲਕੁਲ ਉਲਟ ਹੈ ਕਿ ਦਿਨਾਂ ਵਿਚ ਹੀ ਮੁਸਲਮਾਨ ਸਧਨਾ ਹਿੰਦੂ ਭਗਤ ਬਣ ਕੇ ਆਪਣੀ ਬੋਲੀ ਭੀ ਭੁਲਾ ਦੇਂਦਾ ਤੇ ਨਵੀਂ ਸਿੱਖ ਲੈਂਦਾ। ਨਾਲੇ, ਮੁਸਲਮਾਨੀ ਬੋਲੀ ਟਿਕੀ ਰਹਿਣ ਨਾਲ ਸਧਨੇ ਜੀ ਦੀ ਭਗਤੀ ਵਿਚ ਕਿਵੇਂ ਕੋਈ ਫ਼ਰਕ ਪੈ ਜਾਣਾ ਸੀ? ਸੋ, ਸਧਨਾ ਜੀ ਹਿੰਦੂ-ਘਰ ਦੇ ਜੰਮੇ-ਪਲੇ ਸਨ।
ਤੇ, ਸਾਲਗਰਾਮ ਨਾਲ ਮਾਸ ਤੋਲਣ ਦੀਆਂ ਕਹਾਣੀਆਂ ਜੋੜਨ ਵਾਲਿਆਂ ਤੋਂ ਵਾਰੇ ਵਾਰੇ ਜਾਈਏ, ਸ਼ਬਦ ਵਿਚ ਤਾਂ ਕਿਤੇ ਐਸਾ ਜ਼ਿਕਰ ਨਹੀਂ ਹੈ। ਇਹ ਹੋ ਸਕਦਾ ਹੈ ਕਿ ਸਧਨਾ ਜੀ ਪਹਿਲਾਂ ਬੁੱਤ-ਪੂਜ ਹੋਣ, ਫਿਰ ਉਨ੍ਹਾਂ ਬੁੱਤ-ਪੂਜਾ ਛੱਡ ਦਿੱਤੀ ਹੋਵੇ। ਇਸ ਵਿਚ ਕੋਈ ਭੈੜ ਨਹੀਂ। ਗੁਰੂ ਨਾਨਕ ਸਾਹਿਬ ਨੇ ਦੇਵੀ-ਪੂਜ ਤੇ ਮੜ੍ਹੀ-ਪੂਜ ਆਦਿਕਾਂ ਨੂੰ ਹੀ ਜੀਵਨ ਦਾ ਸਹੀ ਰਾਹ ਦੱਸ ਕੇ ਰੱਬ ਦਾ ਉਪਾਸ਼ਕ ਬਣਾਇਆ ਸੀ, ਉਨ੍ਹਾਂ ਦੀ ਸੰਤਾਨ ਸਿੱਖ ਕੌਮ ਨੂੰ ਅੱਜ ਕੋਈ ਮੂਰਤੀ-ਪੂਜ ਨਹੀਂ ਆਖ ਸਕਦਾ।
ਸਧਨਾ ਜੀ ਦੇ ਸ਼ਬਦ ਵਿਚ ਕੋਈ ਭੀ ਐਸਾ ਇਸ਼ਾਰਾ ਨਹੀਂ ਹੈ ਜਿੱਥੋਂ ਇਹ ਸਾਬਤ ਹੋ ਸਕੇ ਕਿ ਭਗਤ ਜੀ ਨੇ ਕਿਸੇ ਬੁਰਜ ਵਿਚ ਚਿਣੇ ਜਾਣ ਤੋਂ ਡਰਦਿਆਂ ਜਾਨ-ਬਖ਼ਸ਼ੀ ਲਈ ਤਰਲੇ ਲਏ ਹੋਣ। ਇਹ ਮਿਹਰਬਾਨੀ ਕਹਾਣੀ-ਘਾੜਿਆਂ ਦੀ ਹੈ।” ਪ੍ਰੋਫੈਸਰ ਸਾਹਿਬ ਸਿੰਘ ਨੇ ਇੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਸਿੱਖ ਵਿਦਵਾਨ ਗਿਆਨੀ ਗਿਆਨ ਸਿੰਘ ਵੱਲੋਂ ਲਿਖਤ ‘ਤਵਾਰੀਖ ਗੁਰੂ ਖਾਲਸਾ’ ਵਿਚ ਇਸੇ ਕਿਸਮ ਦੀ ਮਨਘੜਤ ਕਹਾਣੀ ਦੀ ਉਦਾਹਰਣ ਦਿੱਤੀ ਹੈ।
ਜੇ ਅਸੀਂ ਗਹੁ ਨਾਲ ਦੇਖੀਏ ਤਾਂ ‘ਸੂਰਜ ਪ੍ਰਕਾਸ਼’ ਵਰਗੇ ਸਿੱਖ ਇਤਿਹਾਸ ਦੇ ਗੌਣ ਸਰੋਤਾਂ ਵਿਚੋਂ ਵੀ ਅਜਿਹਾ ਬਹੁਤ ਕੁੱਝ ਮਿਲ ਜਾਂਦਾ ਹੈ ਜੋ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਦੀ ਬਹੁਤ ਥਾਵਾਂ `ਤੇ ਸਹੀ ਤਰਜ਼ਮਾਨੀ ਨਹੀਂ ਕਰਦਾ ਬਲਕਿ ਉਲਟ ਦਿਸ਼ਾ ਵਿਚ ਜਾਂਦਾ ਹੈ। ਇਸ ਲਈ ਪ੍ਰੋਫੈਸਰ ਸਾਹਿਬ ਸਿੰਘ ਨੇ ਭਗਤ ਸਧਨਾ ਜੀ ਬਾਰੇ ਸਹੀ ਤਰਕ ਸਿਰਜਿਆ ਹੈ। ਅਸੀਂ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਜਾਂ ਭਗਤ ਧੰਨਾ ਜੀ ਦੀ ਬਾਣੀ ‘ਤੇ ਵਿਚਾਰ ਕਰੀਏ ਤਾਂ ਉਨ੍ਹਾਂ ਦੀ ਬਾਣੀ ਵਿਚ ਉਨ੍ਹਾਂ ਵੱਲੋਂ ਹੀ ਆਪਣੇ ਕਿੱਤੇ ਅਤੇ ਸਮਾਜਿਕ ਦਰਜੇ ਬਾਰੇ ਕੀਤੇ ਸੰਕੇਤ ਮਿਲ ਜਾਂਦੇ ਹਨ ਪ੍ਰੰਤੂ ਭਗਤ ਸਧਨਾ ਜੀ ਦੇ ਸ਼ਬਦ ਵਿਚੋਂ ਉਨ੍ਹਾਂ ਦੇ ਕਿੱਤੇ ਬਾਰੇ ਵੀ ਕੋਈ ਸੰਕੇਤ ਨਹੀਂ ਮਿਲਦਾ। ਮੱਧ ਕਾਲ ਦੇ ਕਈ ਭਗਤ ਸਰਗੁਣ ਭਗਤੀ ਅਰਥਾਤ ਵਿਸ਼ਨੂੰ ਦੀ ਭਗਤੀ ਵੱਲੋਂ ਹੀ ਨਿਰਗੁਣ ਭਗਤੀ ਵੱਲ ਆਏ। ‘ਸਿੱਖ ਇਨਸਾਈਕਲੋਪੀਡੀਆ’ (ਪੰਜਾਬੀ ਯੁਨੀਵਰਸਿਟੀ, ਪਟਿਆਲਾ) ਅਨੁਸਾਰ ਭਗਤ ਸਧਨਾ ਨੇ ਇੱਕ ਪਰਮਾਤਮਾ ਦੀ ਭਗਤੀ ਦਾ ਪ੍ਰਚਾਰ ਕਰਨ ਲਈ ਆਪਣਾ ਪਿੰਡ ਸਿਹਵਾਂ ਛੱਡ ਦਿੱਤਾ ਅਤੇ ਦੇਸ਼ ਭਰ ਦਾ ਰਟਨ ਕੀਤਾ। ਉਨ੍ਹਾਂ ਦੇ ਪਰਮਾਤਮ-ਭਗਤੀ ਦੇ ਭਜਨਾਂ ਵਿਚੋਂ ਇੱਕ ਇੱਕ ਸ਼ਬਦ ਪ੍ਰਾਪਤ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ।