ਧੀਆਂ! ਕਿਰਨਾਂ ਦੀਆਂ ਜਾਈਆਂ

ਡਾ ਗੁਰਬਖ਼ਸ਼ ਸਿੰਘ ਭੰਡਾਲ
ਦੋਹਤਰੀ ਦੇ ਜਨਮ ਦੀ ਖੁਸ਼ੀ ਵਿਚ ਬੇਟੀ ਦੇ ਘਰ ਅਖੰਡ ਪਾਠ ਹੋ ਰਿਹਾ ਹੈ। ਘਰ ਦੀ ਆਬੋ ਹਵਾ ਵਿਚ ਬੱਚੀ ਦੀ ਆਮਦ ਨੇ ਨਵਾਂ ਰੰਗ ਭਰ ਦਿਤਾ ਏ। ਖੁਸ਼ੀਆਂ ਤੇ ਖੇੜਿਆਂ ਦੇ ਰੰਗ ਨੇ ਚਾਰੇ ਪਾਸੇ। ਸਮੁੱਚੇ ਘਰ ਦੇ ਜੀਆਂ ਦੇ ਰੁਝੇਵੇਂ ਹੀ ਬਦਲ ਗਏ ਨੇ ਅਤੇ ਇਸ ਨਾਲ ਬਦਲ ਗਈ ਏ ਉਨ੍ਹਾਂ ਦੀ ਦੁਨੀਆ, ਸੋਚਾਂ ਦਾ ਵਹਾਅ, ਜੀਵਨ ਦੇ ਸਰੋਕਾਰ ਅਤੇ ਇਨ੍ਹਾਂ ਸਰੋਕਾਰਾਂ ਵਿਚੋਂ ਜਿ਼ੰਦਗੀ ਨੂੰ ਨਵੇਂ ਅਰਥ ਦੇਣ ਦੀ ਚਾਹਨਾ। ਉਹ ਗੁਣਗੁਣਾਉਂਦੇ:
ਨੰਨੀ ਪਰੀ ਸਾਡੇ ਵਿਹੜੇ ਆਈ

ਚਾਨਣ-ਪਰਾਗਾ ਨਾਲ ਲਿਆਈ
ਹਰ ਖੂੰਜੇ ਵਿਚ ਲੋਅ ਖਿਲਾਰੀ
ਹਰ ਜੀਅ ਜਾਵੇ ਸਦ-ਬਲਿਹਾਰੀ
ਧੀਆਂ ਨੇ ਕਿਰਨਾਂ ਦੀਆਂ ਜਾਈਆਂ
ਜਿਨ੍ਹਾਂ ਨਾਲ ਬਹਿਸ਼ਤਾਂ ਆਈਆਂ
ਸੁੱਕੇ ਦਰ ਹੁਣ ਗਏ ਤ੍ਰੇਲੇ
ਚੁੱਪ ਦੇ ਵਿਹੜੀਂ ਬੋਲਾਂ ਦੇ ਮੇਲੇ
ਨਿੱਕੇ ਨਿੱਕੇ ਜਦ ਭਰੇ ਹੁੰਗਾਰੇ
ਮਾਪੇ ਕੱਢਦੇ ਅਰਥ ਬਹੁ-ਸਾਰੇ
ਜਾਪੇ ਸਭ ਦੀ ਰੂਹ ਦਾ ਅੰਗ
ਖੁਸ਼ੀਆਂ-ਖੇੜਿਆਂ ਦਾ ਚੜ੍ਹਿਆ ਰੰਗ
ਧੀਆਂ ਮਾਪਿਆਂ ਦਾ ਹੁੰਦੀਆਂ ਨੂਰ
ਧੀਆਂ ਬਣਦੀਆਂ ਜਿਊਣ-ਸਰੂਰ
ਧੀਆਂ-ਧਿਆਣੀਆਂ ਸਭ ਨੂੰ ਦੇਵੇ
ਧੀਆਂ ਹੁੰਦੀਆਂ ਮਿੱਠੜੇ ਮੇਵੇ।
ਬੱਚੀ ਦਾ ਜਨਮ ਸਰਘੀ ਦੀ ਆਮਦ। ਬੰਨੇਰਿਆਂ ਤੋਂ ਸੂਰਜਈ ਕਿਰਨਾਂ ਦਾ ਹੌਲੀ ਹੌਲੀ ਉਤਰਨਾ ਅਤੇ ਵਿਹੜੇ ਵਿਚ ਕੋਸੇ ਕੋਸੇ ਚਾਨਣ ਦਾ ਪਸਰਨਾ। ਸਮੁੱਚੇ ਘਰ ਨੂੰ ਧੁੱਪਾਂ ਜਿਹੇ ਰੰਗਾਂ ਵਿਚ ਰੰਗਣਾ ਅਤੇ ਘਰ ਦਾ ਭਰ ਜਾਣਾ।
ਸਮੇਂ ਨਾਲ ਸੋਚ ਵਿਚ ਆਏ ਸੁੱਚੇ ਬਦਲਾਅ ਦਾ ਹੀ ਇਹ ਪ੍ਰਮਾਣ ਹੈ ਕਿ ਕਿਸੇ ਸਮੇਂ ਮੁੰਡਿਆਂ ਦੇ ਜਨਮ ਦੇ ਜਸ਼ਨ ਮਨਾਉਣ ਵਾਲੇ ਪੰਜਾਬੀ ਅੱਜ ਧੀਆਂ ਦੇ ਜਨਮ ਦੇ ਸਮੇਂ ਹਰ ਜਸ਼ਨ ਮਨਾਉਂਦੇ ਨੇ। ਉਨ੍ਹਾਂ ਦੇ ਮੁੱਖੜੇ `ਤੇ ਆਇਆ ਹੁਲਾਸ ਇਸ ਗੱਲ ਦਾ ਪ੍ਰਤੀਕ ਹੈ ਕਿ ਬੱਚੀ ਦੇ ਜਨਮ ਨੂੰ ਰੂਹ ਨਾਲ ਖੁਸ਼ਆਮਦੀਦ ਕਹਿੰਦੇ ਨੇ। ਬੱਚੇ ਦਾ ਜਨਮ ਮਾਂ ਦੀ ਕੁੱਖ ਨੂੰ ਸੁਲੱਖਣੀ ਕਰਦਾ, ਘਰ ਨੂੰ ਭਾਗ ਲੱਗਦੇ ਅਤੇ ਘਰ ਨੂੰ ਵਸੀਹ ਅਰਥ ਮਿਲਣ ਦਾ ਮਾਣ ਮਹਿਸੂਸ ਹੁੰਦਾ। ਇਹ ਬਜ਼ੁਰਗ ਹੀ ਹੁੰਦੇ ਜੋ ਆਪਣੇ ਬੱਚਿਆਂ ਦੇ ਬੱਚਿਆਂ ਵਿਚੋਂ ਭਵਿੱਖ ਦੇ ਸੂਹੇ ਸਮੇਂ ਕਿਆਸਦੇ। ਇਹ ਧੀਆਂ ਹੀ ਕਿਰਨਾਂ ਦੀਆਂ ਜਾਈਆਂ ਬਣ ਕੇ ਸਮੁੱਚੇ ਸਮਾਜ ਨੂੰ ਨਵੀਂ ਦਿੱਖ ਦਿੰਦੀਆਂ, ਰਿਸ਼ਤਿਆਂ ਵਿਚ ਨਿੱਘ ਭਰਦੀਆਂ, ਨਵੇਂ ਸੰਬੰਧ ਸਿਰਜੇ ਜਾਂਦੇ ਅਤੇ ਸਾਂਝਾਂ ਨੂੰ ਤਾਜ਼ਗੀ ਤੇ ਤਕੜਾਈ ਮਿਲਦੀ।
ਚਾਰ ਕੁ ਮਹੀਨੇ ਦੀ ਦੋਹਤਰੀ ਅਨਾਹਤ ਮੇਰੀ ਗੋਦ ਵਿਚ ਸੌਂ ਰਹੀ ਹੈ। ਪਾਠ ਸੁਣਦਿਆਂ ਸੁਣਦਿਆਂ, ਉਹ ਗੂੜ੍ਹੀ ਨੀਂਦ ਦਾ ਅਨੰਦ ਮਾਣਦੀ, ਨਾਨੇ ਦੀ ਗੋਦ ਦਾ ਨਿੱਘ ਵੀ ਮਾਣ ਰਹੀ ਹੈ। ਇਕ ਇਲਾਹੀ ਨੂਰ ਉਸਦੇ ਮੁੱਖੜੇ `ਤੇ ਪਸਰ ਰਿਹਾ ਹੈ। ਮੇਰੀ ਸੁਰਤੀ ਉਸ ਦੀਆਂ ਮਾਸੂਮ ਜਹੀਆਂ ਹਰਕਤਾਂ ਵਿਚੋਂ ਉਸਦੇ ਮਨ ਵਿਚ ਚੱਲ ਰਹੀਆਂ ਕਿਰਿਆਵਾਂ ਦੇ ਅੰਦਾਜ਼ੇ ਲਾਉਣ ਵਿਚ ਰੁੱਝ ਜਾਂਦੀ ਹੈ। ਕਦੇ ਇਕ ਉਂਗਲ ਉਪਰ ਕਰਦੀ ਹੈ ਤੇ ਕਦੇ ਦੋਵੇਂ ਹੱਥ। ਕਦੇ ਸੁੱਤਿਆਂ ਸੁੱਤਿਆਂ ਉਹ ਮੁਸਕਰਾਉਂਦੀ ਹੈ ਅਤੇ ਕਦੇ ਉਸਦੇ ਚਿਹਰੇ `ਤੇ ਤਿਊੜੀਆਂ ਉਭਰ ਆਉਂਦੀਆਂ ਨੇ। ਪਤਾ ਨਹੀਂ ਉਸਦੇ ਮਨ ਵਿਚ ਕੀ ਚੱਲ ਰਿਹਾ ਹੈ?
ਬੱਚੀ ਅੰਬਰ ਤੋਂ ਆਈ ਪਰੀ ਲੱਗਦੀ ਹੈ। ਸਭ ਦਾ ਮਨ ਮੋਂਹਦੀ, ਹਰੇਕ ਨੂੰ ਆਹਰੇ ਲਾਉਂਦੀ ਅਤੇ ਆਪਣੇ ਆਲ਼ੀਆਂ ਭੋਲੀਆਂ ਹਰਕਤਾਂ ਨਾਲ ਸਭ ਨੂੰ ਕਿਆਸਣ ਲਾਉਂਦੀ ਹੈ ਕਿ ਹੁਣ ਅਨਾਹਤ ਕੀ ਕਰ ਰਹੀ ਹੈ? ਕੰਧਾਂ ਨੂੰ ਘਰ ਹੋਣ ਅਤੇ ਘਰ ਨੂੰ ਭਰੇ ਭਕੁੰਨੇ ਹੋਣ ਵਰਦਾਨ ਮਿਲ ਗਿਆ ਹੈ ਅਨਾਹਤ ਦੀ ਆਮਦ ਨਾਲ।
ਸੋਚਦਾ ਹਾਂ ਪਤਾ ਨਹੀਂ ਉਸਦੇ ਅਵਚੇਤਨ ਵਿਚ ਕੀ ਕੀ ਚੱਲਦਾ ਹੋਵੇਗਾ? ਉਹ ਆਲੇ-ਦੁਆਲੇ ਨੂੰ ਕੀ ਸਮਝਦੀ ਹੋਵੇਗੀ? ਉਸ ਲਈ ਮਾਂ ਦੇ ਅਰਥ ਸਿਰਫ਼ ਦੁੱਧ ਪਿਆਉਣਾ, ਵਰਾਉਣਾ ਅਤੇ ਲਾਡ ਲਡਾਉਣਾ ਹੀ ਹੋਵੇਗਾ। ਉਸਨੂੰ ਰਿਸ਼ਤਿਆਂ ਦੀ ਕੋਈ ਸਮਝ ਤਾਂ ਨਹੀਂ। ਪਰ ਉਸਦੇ ਦੁਆਲੇ ਬਹੁਤ ਸਾਰੇ ਰਿਸ਼ਤੇ ਉਸਰ ਗਏ ਨੇ ਅਤੇ ਇਨ੍ਹਾਂ ਰਿਸ਼ਤਿਆਂ ਦੀ ਪਾਕੀਜ਼ਗੀ ਤੇ ਪਕਿਆਈ ਨੇ ਤਾਅ-ਉਮਰ ਉਸ ਨਾਲ ਨਿਭਣਾ ਏ।
ਸੱਚੀਂ ਕਿੰਨਾ ਚਾਅ ਹੁੰਦਾ ਹੈ ਬੱਚੇ ਦੇ ਜਨਮ ਦਾ। ਘਰ ਦਾ ਹਰ ਜੀਅ ਉਸਦੀ ਹਰ ਹਰਕਤ ਨੂੰ ਆਪਣੇ ਹੀ ਨਜ਼ਰੀਏ ਨਾਲ ਦੇਖਦਾ ਅਤੇ ਮਾਇਨੇ ਕੱਢਦਾ ਹੈ। ਬੱਚੇ ਦਾ ਹੱਥ ਉਠਾਉਣਾ ਕਿਸੇ ਲਈ ਬਾਏ-ਬਾਏ ਕਹਿਣਾ, ਕਿਸੇ ਲਈ ਵਾਅ ਨੂੰ ਪਕੜਨਾ ਅਤੇ ਕਿਸੇ ਲਈ ਅੰਬਰ ਨੂੰ ਹੱਥ ਵਿਚ ਲੈਣ ਦਾ ਹੰਭਲਾ ਵੀ ਹੋ ਸਕਦਾ।
ਬੱਚੀ ਦੀਆਂ ਨਿੱਕੀਆਂ ਉਂਗਲਾਂ ਨੂੰ ਨੀਝ ਨਾਲ ਦੇਖਦਿਆਂ ਸੋਚਦਾ ਹਾਂ ਕਿ ਇਨ੍ਹਾਂ ਉਂਗਲਾਂ ਨੇ ਕੁਝ ਸਮੇਂ ਬਾਅਦ ਮੇਰੀ ਉਂਗਲ ਫੜ ਕੇ ਤੁਰਨਾ ਸਿੱਖਣਾ ਏ ਅਤੇ ਕਿੰਨੀ ਖੁਸ਼ ਹੋਵੇਗੀ ਜਦ ਉਹ ਪਹਿਲਾ ਕਦਮ ਪੁੱਟੇਗੀ। ਇਹ ਜੀਵਨ-ਯਾਤਰਾ ਨੂੰ ਮੁਕੰਮਲ ਕਰਨ ਲਈ ਆਗਾਜ਼ ਹੋਵੇਗਾ। ਫਿਰ ਇਨ੍ਹਾਂ ਕਦਮਾਂ ਨੇ ਜਿ਼ੰਦਗੀਆਂ ਦੀਆਂ ਨਵੀਆਂ ਨਵੇਲੀਆਂ ਰਾਹਾਂ ਸਿਰਜਣ ਲਈ ਪੈੜਾਂ ਦੀ ਤਾਮੀਦਾਰਾਰੀ ਕਰਨੀ ਹੈ ਜਿਨ੍ਹਾਂ ਰਾਹੀਂ ਉਹ ਆਪਣੀਆਂ ਮੰਜ਼ਲਾਂ ਖੁਦ ਮਿੱਥੇਗੀ। ਸਫ਼ਲਤਾਵਾਂ ਦਾ ਸਿਰਨਾਵਾਂ ਵੀ ਖੁਣੇਗੀ। ਫਿਰ ਉਮਰ ਦੇ ਇਕ ਪੜਾਅ `ਤੇ ਮੈਂ ਇਨ੍ਹਾਂ ਉਂਗਲਾਂ ਨੂੰ ਪਕੜ ਕੇ ਥਿੜਕਦੀਆਂ ਲੱਤਾਂ ਨਾਲ ਕਦੇ ਕਦਾਈਂ ਤੁਰਨ ਦੀ ਕੋਸਿ਼ਸ਼ ਕਰਾਂਗਾ ਕਿਉਂਕਿ ਇਹ ਨੌਜਵਾਨ ਬੱਚੇ ਹੀ ਹੁੰਦੇ ਜੋ ਨਿੱਕੇ ਬੱਚਿਆਂ ਜੇਹੇ ਬਜ਼ੁਰਗਾਂ ਦੀ ਮਾਨਸਿਕਤਾ ਨੂੰ ਸਮਝ, ਉਨ੍ਹਾਂ ਦੀ ਢਲਦੀ ਸ਼ਾਮ ਵਿਚ ਓਟ ਬਣ ਕੇ ਉਨ੍ਹਾਂ ਦੇ ਆਖਰੀ ਪਹਿਰ ਨੂੰ ਸੁਖਨਵਰ ਬਣਾਉਂਦੇ।
ਬੱਚੇ ਨਾਲ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਤੁਸੀਂ ਉਸ ਨਾਲ ਇੰਨਾ ਰੁੱਝਦੇ ਹੋ ਕਿ ਤੁਸੀਂ ਬੱਚਾ ਹੀ ਬਣ ਜਾਂਦੇ ਹੋ ਅਤੇ ਉਸਦੀ ਖੁਸ਼ੀ ਦੂਣ ਸਵਾਈ ਹੁੰਦੀ। ਉਹ ਵੱਡਿਆਂ ਦੀਆਂ ਬੱਚਿਆਂ ਵਰਗੀਆਂ ਹਰਕਤਾਂ ਤੇ ਆਵਾਜ਼ਾਂ ਨਾਲ ਹੀ ਖੁਸ਼ ਹੁੰਦਾ। ਸਾਰਿਆਂ ਲਈ ਬੱਚੇ ਦੀ ਖੁਸ਼ੀ ਸਭ ਤੋਂ ਅਹਿਮ ਅਤੇ ਹਰੇਕ ਵੱਧ ਤੋਂ ਵੱਧ ਸਮਾਂ ਉਸ ਨਾਲ ਬਿਤਾਉਣਾ ਚਾਹੁੰਦਾ।
ਬੱਚੇ ਦੇ ਜਨਮ ਨਾਲ ਪਰਿਵਾਰ ਸੰਪੂਰਨ ਹੁੰਦਾ। ਘਰਦਿਆਂ ਦਾ ਜੀਵਨ ਪ੍ਰਤੀ ਨਜ਼ਰੀਆ ਹੀ ਬਦਲ ਜਾਂਦਾ। ਬਦਲ ਜਾਂਦੀ ਮਾਪਿਆਂ ਦੀ ਜੀਵਨ-ਸ਼ੈਲੀ, ਉਨ੍ਹਾਂ ਦੀਆਂ ਤਰਜੀਹਾਂ, ਵਿਹਾਰ ਅਤੇ ਤੌਰ ਤਰੀਕਾ। ਹੁਣ ਉਨ੍ਹਾਂ ਦੀ ਦੁਨੀਆਂ ਬੱਚੇ ਦੇ ਦੁਆਲੇ ਘੁੰਮਦੀ। ਬੱਚੇ ਦੀ ਸੁੱਖ-ਸਹੂਲਤ ਲਈ ਹਰ ਉਚੇਚ ਕੀਤਾ ਜਾਂਦਾ। ਖਾਲੀ ਘਰ ਬੱਚੇ ਦੀਆਂ ਨਿੱਤ ਵਰਤੋਂ ਦੀਆਂ ਵਸਤਾਂ ਨਾਲ ਭਰ ਜਾਂਦਾ। ਘਰ ਵਿਚ ਉਸਦੇ ਖਿਡੌਣਿਆਂ ਦਾ ਖਲਾਰਾ ਹੁੰਦਾ। ਉਸ ਲਈ ਇਕ ਵਿਸ਼ੇਸ਼ ਕਮਰਾ ਵੀ ਸਜਾਇਆ ਜਾਂਦਾ ਭਾਵੇਂ ਕਿ ਬੱਚਾ ਕਦੇ ਵੀ ਉਸ ਕਮਰੇ `ਚ ਨਹੀਂ ਜਾਂਦਾ। ਉਸਦੇ ਵੰਨ-ਸੁਵੰਨੇ ਕੱਪੜੇ ਅਤੇ ਜ਼ਰੂਰਤਾਂ ਦਾ ਹਰ ਸਾਮਾਨ ਇਕ ਖਾਸ ਕਮਰੇ ਵਿਚ ਹੀ ਹੁੰਦਾ ਕਿਉਂਕਿ ਹੁਣ ਬੱਚੇ ਦਾ ਘਰ ਦੀ ਸਮੁੱਚਤਾ `ਤੇ ਪੂਰਨ ਅਧਿਕਾਰ ਹੁੰਦਾ। ਸਮੁੱਚੇ ਘਰ ਵਿਚ ਬੱਚਾ ਆਪਣੀ ਮਹਿਕ ਬਿਖੇਰਦਾ ਅਤੇ ਸੁਗੰਧਤ ਵਾਤਾਵਰਨ ਨੂੰ ਹੋਰ ਆਸਥਾ ਭਰਪੂਰ ਬਣਾਉਂਦਾ।
ਬੱਚੇ ਨੂੰ ਘਰ ਅਤੇ ਘਰ ਨੂੰ ਬੱਚੇ ਨਾਲੋਂ ਵੱਖਰਾ ਦੇਖਣਾ ਮਨੁੱਖੀ ਕੁਤਾਹੀ। ਸਿਰਫ਼ ਕੁਝ ਲੋਕ ਇਨ੍ਹਾਂ ਨੂੰ ਵੱਖੋ-ਵੱਖਰੇ ਦੇਖਣ ਦੀ ਕੁਤਾਹੀ ਕਰਦੇ ਅਤੇ ਇਸ ਗੁਨਾਹ ਲਈ ਕੁਦਰਤ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੀ।
ਬੱਚੇ ਦਾ ਜਨਮ ਕੇਹਾ ਸੁਭਾਗਾ ਕਿ ਉਸਦੀ ਹੋਂਦ ਸਾਰੇ ਘਰ ਵਿਚ ਫੈ਼ਲ ਗਈ ਹੈ। ਉਸਦਾ ਰੋਣਾ ਵੀ ਘਰ ਨੂੰ ਚੰਗਾ ਲੱਗਦਾ ਹੈ ਅਤੇ ਹੱਸਣਾ ਵੀ। ਉਸਦੇ ਰੋਣ `ਤੇ ਸਾਰਾ ਘਰ ਹੀ ਉਸ ਲਈ ਆਹਰ ਕਰਦਾ। ਉਸਨੂੰ ਬੇਆਰਾਮ ਕਰਨ ਜਾਂ ਉਸਦੀ ਨੀਂਦ ਵਿਚ ਵਿਘਨ ਪਾਉਣ ਤੋਂ ਹਰ ਕੋਈ ਗੁਰੇਜ਼ ਕਰਦਾ। ਕਿਉਂਕਿ ਬੱਚਾ ਹੀ ਘਰ ਲਈ ਸਭ ਤੋਂ ਕੀਮਤੀ ਅਤੇ ਅਮੁੱਲ ਸੁਗਾਤ ਜਿਸ ਨੇ ਦਰਾਂ `ਤੇ ਉਤਾਰੀ ਪ੍ਰਭਾਤ ਅਤੇ ਇਸ ਨਾਲ ਹੀ ਆਈ ਜੀਵਨੀ ਰੰਗਾਂ ਦੀ ਅਜੇਹੀ ਬਰਸਾਤ ਕਿ ਇਸਨੇ ਜਿ਼ੰਦਗੀ ਨੂੰ ਦਿੱਤੀ ਨਵੀਂ ਜਿ਼ੰਦਗੀ ਦੀ ਇਨਾਇਤ।
ਬੱਚਾ ਹੀ ਹੁੰਦਾ ਜਿਸਨੇ ਸਾਡੇ ਅਪੂਰਨ ਸੁਪਨਿਆਂ ਦੀ ਪੂਰਤੀ ਕਰਨੀ ਹੁੰਦੀ ਕਿਉਂਕਿ ਅਸੀਂ ਉਸ ਦੇ ਦੀਦਿਆਂ ਵਿਚ ਉਹ ਸੁਪਨੇ ਧਰਦੇ ਜੋ ਅਸੀਂ ਕਦੇ ਲਏ ਹੁੰਦੇ। ਸੁਪਨੇ ਜਿਨ੍ਹਾਂ ਨੇ ਮਨੁੱਖ ਨੂੰ ਇਨਸਾਨੀਅਤ ਦੇ ਮਾਰਗ ਦਾ ਪਾਂਧੀ ਬਣਾਉਣਾ ਹੁੰਦਾ, ਬੰਦੇ ਵਿਚਲੀ ਬੰਦਿਆਈ ਨੂੰ ਉਜਾਗਰ ਕਰਨਾ ਹੁੰਦਾ। ਅਸੀਂ ਉਸ ਦੀਆਂ ਸੰਭਾਵਨਾਵਾਂ ਤੇ ਸਮਰੱਥਾਵਾਂ ਨੂੰ ਸਮਝ ਕੇ ਹੀ ਉਸਨੂੰ ਸੁਪਨਿਆਂ ਦਾ ਹਾਣੀ ਬਣਾਉਂਦੇ।
ਕਦੇ ਸਮਾਂ ਸੀ ਕਿ ਬੱਚਿਆਂ ਦੇ ਨਾਮ ਰੱਖਣ ਵਲ ਬਹੁਤੀ ਤਵੱਜੋਂ ਨਹੀਂ ਸੀ ਦਿੱਤੀ ਜਾਂਦੀ। ਪਰ ਅੱਜ-ਕੱਲ੍ਹ ਮਾਪੇ ਆਪਣੇ ਹੋਣ ਵਾਲੇ ਬੱਚੇ ਦੇ ਨਾਮ ਪ੍ਰਤੀ ਬਹੁਤ ਸੁਚੇਤ। ਉਹ ਆਪਣੇ ਬੱਚੇ ਦਾ ਨਾਮ ਉਸਦੇ ਜਨਮ ਤੋਂ ਪਹਿਲਾਂ ਦੀ ਰੱਖ ਲੈਂਦੇ ਕਿਉਂਕਿ ਹਸਤਪਾਲ ਵਿਚ ਜਨਮ ਸਮੇਂ ਹੀ ਬੱਚਾ ਦਾ ਨਾਮ ਸਰਕਾਰੀ ਰਿਕਾਰਡ ਵਿਚ ਦਰਜ ਹੋ ਜਾਂਦਾ। ਮਾਪਿਆਂ ਲਈ ਜ਼ਰੂਰੀ ਹੁੰਦਾ ਕਿ ਨਾਮ ਵਿਲੱਖਣ ਹੋਵੇ। ਆਪਣੇ ਸਭਿਆਚਾਰ ਤੇ ਧਾਰਮਿਕ ਆਸਥਾ ਨਾਲ ਜੁੜਿਆ ਹੋਵੇ। ਹਰ ਕੋਈ ਆਸਾਨੀ ਨਾਲ ਉਚਾਰ ਸਕਦਾ ਹੋਵੇ। ਨਿੱਕੀ ਜਿਹੀ ਅਨਾਹਤ ਜਦ ਅੱਖਾਂ ਖੋਲ੍ਹ ਕੇ ਮੇਰੇ ਵੱਲ ਤੱਕਦੀ ਹੈ ਤਾਂ ਉਸਦੇ ਨਾਮ ਦਾ ਜ਼ਲੌਅ ਮੇਰੇ ਅੰਤਰੀਵ ਵਿਚ ਰੋਸ਼ਨੀ ਭਰ ਦਿੰਦਾ ਹੈ। ਮੈਨੂੰ ਲੱਗਦਾ ਹੈ ਕਿ ਇਸ ਨਾਮ ਰਾਹੀਂ ਮੇਰੀ ਤੀਸਰੀ ਪੀੜ੍ਹੀ ਆਪਣੇ ਮੂਲ ਨਾਲ ਜੁੜੀ ਰਹੇਗੀ।
ਦਰਅਸਲ ਨਿੱਕੀ ਜਹੀ ਅਨਾਹਤ ਤਾਂ;
ਰੂੰ ਦਾ ਗੋਹੜਾ, ਰੇਸ਼ਮ ਵਰਗਾ ਕੋਮਲ
ਤੇ ਮਾਸੂਮ ਜਿਹੀਆਂ ਹਰਕਤਾਂ ਲੈ ਕੇ
ਸਾਡੇ ਘਰ ਆਈ
ਤੇ ਆਪਣੇ ਨਾਲ ਰਹਿਮਤਾਂ ਲਿਆਈ
ਨਿਆਮਤਾਂ ਨੇ ਖੁਸ਼ੀਆਂ ਦੀ ਸੱਦ ਲਾਈ
ਆਸਾਂ ਦੀ ਪਿਆਸ ਮਿਟਾਈ
ਜੋ ਸੀ ਉਮਰਾਂ ਦੀ ਤ੍ਰਿਹਾਈ
ਨਿੱਕੇ ਨਿੱਕੇ ਹੱਥਾਂ ਤੇ ਪੈਰਾਂ ਵਾਲੀ
ਆਲੇ-ਦੁਆਲੇ ਨਿਹਾਰਦੇ ਨੈਣ
ਤੇ ਰਲਵੇਂ-ਮਿਲਵੇਂ ਮੁਹਾਂਦਰੇ ਵਾਲੀ ਦਾਤ
ਜਿਸ ਨੇ ਉਕਰੀ ਵਕਤ ਦੇ ਮੱਥੇ `ਤੇ ਪ੍ਰਭਾਤ।
ਇਹ ਚਾਨਣਾਂ ਦੀ ਆਬਸ਼ਾਰ ਹੀ ਤਾਂ ਹੈ
ਜੋ ਘਰ ਅੰਦਰ ਵਹਿੰਦੀ
ਕਦੇ ਉਸਨੂੰ ਦੇਖ ਕੇ
ਕਦੇ ਲਾਡ ਲਡਾ ਕੇ
ਕਦੇ ਉਚੇਚ ਤੇ ਅਪਣੱਤ ਰਾਹੀਂ
ਬਚਪਨੀ ਅਦਾਵਾਂ ਵਿਚੋਂ ਪ੍ਰਗਟਦੀ
ਬੱਚੀ ਹਸਦੀ ਤੇ ਹਸਾਉਂਦੀ
ਅਤੇ ਸਾਨੂੰ ਜਿਊਣਾ ਸਿਖਾਉਂਦੀ।
ਅਸੀਂ ਜੀਵਨੀ ਦੌੜ-ਭੱਜ `ਚ
ਤੇ ਉਮਰ ਦੇ ਆਖਰੀ ਪਹਿਰੇ
ਜਿਊਣਾ ਤਾਂ ਭੁੱਲ ਹੀ ਗਏ ਸੀ
ਸਾਨੂੰ ਹੱਸਣਾ ਸਿਖਾਉਣ,
ਬਚਪਨ ਵਿਚ ਪਰਤਿਆਉਣ
ਸਭ ਨੂੰ ਜਿਊਣਾ ਸਿਖਾਉਣ
ਅਤੇ ਸਾਰਿਆਂ ਦੇ ਰੁਝੇਵੇਂ ਪੈਦਾ ਕਰਨ ਵਾਲੀ
ਇਹ ਨੰਨ੍ਹੀ ਪਰੀ
ਘਰ ਦਾ ਬਹਿਸ਼ਤ ਹੀ ਤਾਂ ਹੈ
ਅਨਾਹਤ ਦੀ ਅੰਤਰੀਵਤਾ
ਅਨਾਇਤ,
ਅਮੀਰਤਾ,
ਅਣਭੋਲਤਾ
ਮਾਸੂਮੀਅਤ ਤੋਂ
ਦੁਨੀਆਂ ਦੀਆਂ ਸਭ ਦੌਲਤਾਂ
ਵਾਰੀਆਂ ਜਾ ਸਕਦੀਆਂ।
ਸਿਰਫ਼ ਮਾਂ ਹੀ ਜਾਣ ਸਕਦੀ ਹੈ ਕਿ ਆਪਣੀ ਹਿੱਕ ਨਾਲ ਲਾ ਕੇ ਬੱਚੇ ਨੂੰ ਲਾਡ ਲਡਾਉਣ, ਲੋਰੀਆਂ ਸੁਣਾਉਣ ਅਤੇ ਉਨ੍ਹਾਂ ਨੂੰ ਨਿਹਾਰਦਿਆਂ ਜੀਵਨ ਦੀਆਂ ਸਮੁੱਚੀਆਂ ਖੁਸ਼ੀਆਂ ਪ੍ਰਾਪਤ ਕਰ ਕੇ, ਖੁਦ ਨੂੰ ਅਨੰਦਤ ਕਰਨ ਦਾ ਵਿਸਮਾਦ। ਮਾਂ ਹੀ ਜਾਣਦੀ ਕਿੰਨਾ ਸੁਖਨ ਮਿਲਦਾ ਹੈ ਬੱਚੇ ਨਾਲ ਤੋਤਲੀ ਆਵਾਜ਼ ਵਿਚ ਆਲੀਆਂ ਭੋਲੀਆਂ ਗੱਲਾਂ ਕਰਨ ਦਾ। ਕਿੰਨਾ ਚਾਅ ਹੁੰਦਾ ਕਿ ਬੱਚਾ ਹੁੰਗਾਰਾ ਵੀ ਭਰੇ। ਇਹ ਵੀ ਚਾਅ ਦਾ ਹੀ ਰੰਗ ਕਿ ਜਦ ਬੱਚਾ ਕੁਝ ਸਮੇਂ ਲਈ ਉਸ ਤੋਂ ਦੂਰ ਹੁੰਦਾ ਤਾਂ ਉਸਦੀ ਚਾਹਨਾ ਹੁੰਦੀ ਕਿ ਉਹ ਜਲਦੀ ਤੋਂ ਜਲਦੀ ਬੱਚੇ ਨੂੰ ਮਿਲੇ। ਇਹ ਕੇਹਾ ਆਲਮ ਕਿ ਜਦ ਬੱਚੀ ਨਾਨਕੇ ਆਵੇ ਤਾਂ ਦਾਦੇ ਦੀ ਤਮੰਨਾ ਹੁੰਦੀ ਕਿ ਉਸਨੂੰ ਵੀਡੀਓ ਰਾਹੀਂ ਦਿਖਾਇਆ ਜਾਵੇ ਕਿ ਅਨਾਹਤ ਕੀ ਕਰਦੀ ਹੈ? ਅਨਾਹਤ ਦੇ ਦਾਦੇ ਨੇ ਬਹੁਤ ਸਾਰੀਆਂ ਵੀਡੀਓਜ਼ ਵੀ ਬਣਾ ਲਈਆਂ ਨੇ ਤਾਂ ਕਿ ਇੰਡੀਆ ਵਾਪਸ ਪਰਤਣ `ਤੇ ਇਨ੍ਹਾਂ ਰਾਹੀਂ ਅਨਾਹਤ ਨੂੰ ਹਰ ਰੋਜ਼ ਅਤੇ ਹਰ ਪਲ ਮਿਲਿਆ ਜਾ ਸਕੇ।
ਬੱਚਿਆਂ ਨੂੰ ਅਸੀਂ ਜਦ ਪਿਆਰ ਕਰਦੇ ਹਾਂ ਤਾਂ ਉਹ ਵੀ ਪਿਆਰ ਕਰਦੇ ਨੇ। ਪਿਆਰ ਦੀ ਅਹਿਮੀਅਤ ਲੱਗਦੇ ਨੇ। ਉਹ ਪਿਆਰ ਕਰਨ ਵਾਲੇ ਪਿਆਰੇ ਜਹੇ ਬੱਚੇ ਬਣ ਕੇ ਮੋਹਵੰਤੇ ਖਿਡੌਣੇ ਹੁੰਦੇ ਨੇ।
ਬੱਚੇ ਜਿਊਣ ਦਾ ਸਬੱਬ ਹੁੰਦੇ। ਘਰ ਵਿਚ ਆਇਆ ਰੱਬ ਹੁੰਦੇ। ਅਤ੍ਰਿਪਤ ਜਿ਼ੰਦਗੀ ਨੂੰ ਮਿਲਿਆ ਰੱਜ ਹੁੰਦੇ। ਸਾਡੇ ਪੱਲੇ ਵਿਚ ਕੁਝ ਵੀ ਨਾ ਹੁੰਦਿਆਂ ਸਾਡੇ ਲਈ ਸੱਭ ਹੁੰਦੇ। ਜੀਵਨ ਦੇ ਬੇਢੱਬੇਪਣ ਵਿਚ ਉਪਜਿਆ ਸੁਚੱਜ ਹੁੰਦੇ। ਬੱਚੇ ਤਾਂ ਆਪਣੇ ਆਪ ਨੂੰ ਵਾਰ ਵਾਰ ਮਿਲਣ ਦਾ ਪੱਜ ਹੁੰਦੇ। ਜੀਵਨ ਵਿਚਲੇ ਸੰਸਾਰਕ ਨੰਗੇਜ਼ ਲਈ ਸੁੱਖਣਾਂ ਨਾਲ ਮਿਲਿਆ ਕੱਜ਼ ਹੁੰਦੇ।
ਬੱਚੇ ਸੁੱਚੀਆਂ ਤਮੰਨਾਵਾਂ ਦੀ ਤਸ਼ਬੀਹ ਹੁੰਦੇ। ਜੀਵਨੀ ਸੁੱਚਮਤਾ ਦੀ ਤਰਜੀਹ ਹੁੰਦੇ। ਬੱਚੇ ਹੀ ਮਾਪਿਆਂ ਦੀ ਤਕਦੀਰ ਹੁੰਦੇ, ਤਸਵੀਰ ਹੁੰਦੇ ਅਤੇ ਨਵੇਂ ਉਦਮਾਂ ਲਈ ਤਦਬੀਰ ਹੁੰਦੇ।
ਬੱਚੇ ਦਾ ਜਨਮ, ਅਸਮਾਨ ਵਿਚ ਤਾਰੇ ਦਾ ਉਗਣਾ ਤੇ ਮਨ ਦੀ ਰੀਝ ਦਾ ਪੁੱਗਣਾ। ਕਿਰਨ ਕਾਫ਼ਲਿਆਂ ਦੀ ਆਵਾਜਾਈ ਤੇ ਰੁਸ਼ਨਾਈ। ਇਹ ਕਿਰਨਾਂ ਹੀ ਹੁੰਦੀਆਂ ਜੋ ਘਰ ਦੀਆਂ ਨੁੱਕਰਾਂ ਵਿਚ ਦੀਵੇ ਧਰਦੀਆਂ, ਆਲਿ਼ਆਂ ਵਿਚ ਚਿਰਾਗ ਧਰਦੀਆਂ ਅਤੇ ਬਨੇਰਿਆਂ `ਤੇ ਮੋਮਬੱਤੀਆਂ ਦੀ ਡਾਰ ਹੁੰਦੀਆਂ।
ਬੱਚਿਆਂ ਦੀਆਂ ਲੋਹੜੀਆਂ ਮਨਾਈਆਂ ਜਾਂਦੀਆਂ ਚਾਅ ਵਿਚ ਲੁੱਡੀਆਂ ਪਾਈਆਂ ਜਾਂਦੀਆਂ। ਭੰਗੜੇ ਪਾਉਂਦਿਆਂ ਖੁਦ ਨੂੰ ਅਲਮਸਤੀ ਦੇ ਆਲਮ ਵਿਚ ਰੰਗਿਆ ਜਾਂਦਾ। ਬੱਚਿਆਂ ਦੇ ਜਨਮ ਦਿਨ ਮਨਾਉਣ ਲਈ ਉਚੇਚ ਕੀਤੇ ਜਾਂਦੇ। ਬੱਚਿਆਂ ਨਾਲ ਹੀ ਹੋਰ ਬੱਚੇ ਘਰ ਵਿਚ ਆਉਂਦੇ। ਬੱਚਿਆਂ ਦੀਆਂ ਨਿੱਕੀਆਂ ਸ਼ਰਾਰਤਾਂ ਅਤੇ ਹੁੱੜਦੰਗ ਘਰ ਨੂੰ ਰਸਣ ਅਤੇ ਵੱਸਣ ਦਾ ਵਰਦਾਨ ਦਿੰਦਾ। ਘਰ ਭਰ ਕੇ ਉਛਲਦਾ ਅਤੇ ਇਸ ਨਾਲ ਹੀ ਘਰ ਹੋਰ ਘਰਾਂ ਨਾਲ ਜੁੜਦਾ ਅਤੇ ਉਸਨੂੰ ਆਪਣੀ ਸਿਰਜਣਾ ਦੀ ਹਸਤੀ `ਤੇ ਮਾਣ ਹੁੰਦਾ।
ਬੱਚੇ ਲਈ ਨਾ ਹੀ ਕੋਈ ਰੋਣ ਦਾ ਬਹਾਨਾ ਅਤੇ ਨਾ ਹੀ ਹੱਸਣ ਦੀ ਵਜ੍ਹਾ ਹੁੰਦੀ। ਉਹ ਸਿਰਫ਼ ਰੂਹ ਨਾਲ ਹੱਸਦਾ ਵੀ ਤੇ ਰੋਂਦਾ ਵੀ। ਪਰ ਉਮਰ ਵਧਣ ਨਾਲ ਇੰਨਾ ਵੱਡਾ ਹੋ ਜਾਂਦਾ ਕਿ ਉਹ ਸੋਚਣ ਲੱਗਦਾ ਕਿ ਬਚਪਨ ਦਾ ਜ਼ਮਾਨਾ ਹੀ ਚੰਗਾ ਸੀ। ਬੱਚਾ ਮਨ ਵਿਚ ਤਾਂ ਚੰਦਾ ਮਾਮਾ ਨੂੰ ਫੜਨਾ ਚਾਹੁੰਦਾ ਪਰ ਉਹ ਤਿੱਤਲੀਆਂ ਨੂੰ ਫੜਨ ਦੀ ਕਾਹਲ ਕਰਦਾ ਹੈ।
ਬੱਚੇ ਨੂੰ ਮਿਲਦੀ ਹੈ ਬਚਪਨੀ ਮਸਤੀ, ਹੁੰਦੀ ਹੈ ਉਸਦੀ ਕਮਾਲ ਦੀ ਹਸਤੀ। ਉਸ ਲਈ ਕੋਈ ਵੀ ਵਸਤ ਨਹੀਂ ਹੁੰਦੀ ਮਹਿੰਗੀ ਜਾਂ ਸਸਤੀ ਸਗੋਂ ਉਸ ਲਈ ਹਰ ਪਲ ਨੂੰ ਮਾਨਣ ਦੀ ਹੁੰਦੀ ਹੈ ਬਿਰਤੀ। ਇਸ ਵਿਚੋਂ ਹੀ ਉਸਨੂੰ ਮਿਲਦੀਆਂ ਨੇ ਅਸੀਮਤ ਖੁਸ਼ੀਆਂ।
ਬੱਚੇ ਹੀ ਸਾਡੇ ਵਰਤਮਾਨ ਅਤੇ ਭੀਵੱਖ ਹੁੰਦੇ। ਸਾਡੇ ਦੀਦਿਆਂ ਵਿਚ ਪਨਪੀ ਰੰਗਲੀ ਦਿੱਖ ਹੁੰਦੇ। ਸਹੀ ਮਾਅਨਿਆਂ ਵਿਚ ਗੁਰੂ ਦੇ ਸੱਚੇ-ਸੁੱਚੇ ਸਿੱਖ ਹੁੰਦੇ।
ਬੱਚੇ ਨਾਲ ਹੀ ਘਰ ਦੀ ਫਿ਼ਜ਼ਾ ਵਿਚ ਫਿਰ ਪਰਤਦਾ ਹੈ ਬਚਪਨਾ ਜਿਸਨੂੰ ਨਾ ਖ਼ਰੀਦਿਆ ਜਾ ਸਕਦਾ, ਨਾ ਹੀ ਮੁੱਲ ਮਿਲਦਾ ਅਤੇ ਨਾ ਹੀ ਮੰਗਿਆ ਜਾ ਸਕਦਾ। ਇਹ ਬਚਪਨ ਹੀ ਹੁੰਦਾ ਜਿੱਥੇ ਰੋਸਿਆਂ ਲਈ ਥਾਂ ਨਹੀਂ ਹੁੰਦੀ। ਗ਼ਮ ਦੀ ਜ਼ੁਬਾਨ ਨਹੀਂ ਹੁੰਦੀ ਅਤੇ ਨਾ ਹੀ ਜ਼ਖ਼ਮਾਂ ਦਾ ਕੋਈ ਪੈਮਾਨਾ ਹੁੰਦਾ। ਹਰ ਭਾਵ ਤੇ ਅਹਿਸਾਸ ਥੋੜ੍ਹ-ਚਿਰਾ ਅਤੇ ਫਿਰ ਬੱਚਾ ਆਪਣੇ ਬਚਪਨ ਦੇ ਲੁੱਤਫ਼ ਵਿਚ ਖ਼ੁਦ ਨੂੰ ਰੁਝਾਈ ਰੱਖਦਾ।
ਬੱਚਾ ਦੁਨੀਆਂ ਦੇ ਕੋਹਜਾਂ ਤੋਂ ਦੂਰ। ਕੂੜ-ਕਪਟ ਤੋਂ ਅਲੇਪ। ਨੀਚ ਹਰਕਤਾਂ ਤੋਂ ਅਣਜਾਣ। ਰਿਸ਼ਤਿਆਂ ਵਿਚਲੀ ਕਸ਼ੀਦਗੀ ਤੋਂ ਨਿਰਲੇਪ।
ਬੱਚਾ ਫੁੱਲਾਂ ਵਰਗਾ, ਫੁੱਲਾਂ ਦਾ ਸਾਥੀ, ਫੁੱਲਾਂ ਦਾ ਵਪਾਰੀ ਤੇ ਮਹਿਕਾਂ ਦਾ ਵਣਜਾਰਾ। ਰੰਗਾਂ ਦੀ ਸੱਚੀ ਸੁੱਚੀ ਇਬਾਰਤ। ਖਿੜ ਕੇ ਜੀਵਨ-ਬਗੀਚੀ ਨੂੰ ਉਮਰਾਂ ਜੇਡਾ ਭਾਗ ਲਾਉਂਦਾ ਅਤੇ ਘਰ ਦੀ ਸਮੁੱਚਤਾ ਦੀ ਝੋਲੀ ਵਿਚ ਸ਼ਗਨ ਪਾਉਂਦਾ।