ਨੌਮ ਚੌਮਸਕੀ
ਤੇਜਵੰਤ ਸਿੰਘ ਗਿੱਲ
ਗੁਰੂ ਨਾਨਕ ਦੇਵ ਜੀ ਦਾ ਇਹ ਬੋਲ ‘ਵਾਰਾਂ ਤੋਂ ਵਧੀਕ’ ਵਿਚ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਬਾਬਰ ਵਲੋਂ ਪੰਜਾਬ ’ਤੇ ਕੀਤੇ ਹਮਲੇ ਵਿਚ ਲਾਹੌਰ ਸ਼ਹਿਰ ਦੀ ਬਹੁਤ ਲੁੱਟਮਾਰ ਹੋਈ ਸੀ। ਕਰਤਾਰਪੁਰ ਰਹਿ ਰਹੇ ਬਾਬਾ ਨਾਨਕ ਨੂੰ ਜਦ ਇਹ ਖ਼ਬਰ ਮਿਲੀ ਤਾਂ ਉਨ੍ਹਾਂ ‘‘ਲਾਹੌਰ ਸਹਰੁ ਕਹਰੁ ਸਵਾ ਪਹਰ’’ ਦਾ ਖ਼ੌਫ਼ਨਾਕ ਚਿੱਤਰ ਚਿਤਵ ਕੇ ਬੰਦੇ ਦੀ ਆਤੁਰਤਾ ਦਾ ਚਿੱਤਰ ਖਿੱਚਿਆ ਸੀ।
ਸਾਢੇ ਤਿੰਨ ਮਹੀਨੇ ਪਹਿਲਾਂ ਜਦ ਰੂਸ ਨੇ ਯੂਕਰੇਨ ’ਤੇ ਧਾਵਾ ਕੀਤਾ ਤਾਂ ਬਾਬਾ ਨਾਨਕ ਦਾ ਇਹ ਕਥਨ ਪੂਰਾ ਸੱਚ ਲੱਗਣ ਲੱਗਾ। ਧਾਵਾ ਇਉਂ ਹੋਇਆ ਜਿਵੇਂ ਯੂਕਰੇਨ ’ਤੇ ਕੋਈ ਅਹਿਸਾਨ ਕੀਤਾ ਗਿਆ ਹੋਵੇ। ਆਪਣੇ ਆਪ ਨੂੰ ਮਾਰੂ ਖ਼ਤਰੇ ਦੇ ਸਨਮੁਖ ਪਾ ਕੇ, ਹਰ ਕੋਈ ਆਪਣੀ ਜਾਨ ਬਚਾਉਣ ’ਤੇ ਲੱਗ ਗਿਆ। ਦੂਜੇ ਦੇਸ਼ਾਂ ਤੋਂ ਆਏ ਵਿਦਿਆਰਥੀ ਅਤੇ ਸ਼ਰਨਾਰਥੀ ਤਹਿਖ਼ਾਨਿਆਂ ਵਿਚ ਸੁਰੱਖਿਆ ਲੱਭਣ ਲੱਗੇ। ਤ੍ਰੀਮਤਾਂ, ਬੱਚਿਆਂ ਸਮੇਤ ਨਾਲ ਦੇ ਮੁਲਕਾਂ ਵਿਚ ਪਨਾਹ ਲੈਣ ਲਈ ਨੱਠ-ਭੱਜ ਕਰਨ ਲੱਗੀਆਂ। ਵਡੇਰੀ ਉਮਰ ਦੇ ਔਰਤਾਂ-ਮਰਦਾਂ ਨੇ ਜਿੰਨਾ ਨਿਆਸਰੇ ਮਹਿਸੂਸ ਕੀਤਾ, ਇਸ ਦਾ ਅਨੁਮਾਨ ਲਗਾਉਣਾ ਔਖਾ ਸੀ। ਭਾਵੇਂ ਭੀੜਾਂ ਨਜ਼ਰ ਆਉਂਦੀਆਂ ਸਨ ਪਰ ਭੀੜਾਂ ਵਿਚ ਘਿਰਿਆ ਹਰੇਕ ਪ੍ਰਾਣੀ ਆਪਣੇ ਆਪ ਨੂੰ ਇਕੱਲਾ ਅਨੁਭਵ ਕਰਦਾ ਸੀ। ਨਿਆਣਿਆਂ ਦਾ ਫਿ਼ਕਰ ਵੱਢ-ਵੱਢ ਖਾਂਦਾ ਸੀ। ਵਾਸਤਵ ਵਿਚ ਪ੍ਰਸਥਿਤੀ ਉਹ ਬਣੀ ਹੋਈ ਸੀ ਜੋ ਗੁਰੂ ਨਾਨਕ ਦੇ ਉਪਰੋਕਤ ਕਥਨ ਤੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ।
ਜੰਗ ਦਾ ਝੰਬਿਆ ਯੂਕਰੇਨ
ਇਸ ਪੜਾਅ ’ਤੇ ਦੁਨੀਆ ਵਿਚ ਸਭ ਤੋਂ ਵੱਧ ਸਤਿਕਾਰੇ ਜਾਂਦੇ ਚਿੰਤਕ ਤੇ ਲੋਕ-ਹਿੱਤਾਂ ਦਾ ਦਮ ਭਰਨ ਤੇ ਪਹਿਰਾ ਦੇਣ ਵਾਲੇ ਬੁੱਧੀਜੀਵੀ ਪ੍ਰੋਫੈਸਰ ਨੌਮ ਚੌਮਸਕੀ ਦੀ ਇਸ ਹਮਲੇ ਬਾਰੇ ਗੱਲਬਾਤ ਸਾਹਮਣੇ ਆਈ। ਗੱਲਬਾਤ ਵਿਚ ਉਸ ਨੇ ਇਸ ਹਮਲੇ ਦੇ ਪਿਛੋਕੜ ਵਿਚ ਪਏ ਕਾਰਨਾਂ ਦੀ ਭਰਪੂਰ ਵਿਆਖਿਆ ਕੀਤੀ। ਉਸ ਦੀ ਧਾਰਨਾ ਸੀ ਕਿ ਵਾਸਤਵ ਵਿਚ ਰੂਸ ਵਲੋਂ ਕੀਤੇ ਹਮਲੇ ਦਾ ਦੋਸ਼ ਅਮਰੀਕਾ ’ਤੇ ਆਉਂਦਾ ਸੀ। ਪਿਛਲੀ ਸਦੀ ਦੇ ਅੰਤਲੇ ਸਾਲਾਂ ਵਿਚ ਜਦ ਸੋਵੀਅਤ ਯੂਨੀਅਨ ਤੋਂ ਸੁੰਗੜ ਕੇ ਰੂਸ ਨੇ ਨਵੇਂ ਬਣੇ ਮੁਲਕਾਂ ਨੂੰ ਸੁਤੰਤਰ ਮੰਨ ਲਿਆ ਤਾਂ ਇਹ ਸੰਧੀ ਵੀ ਹੋਈ ਸੀ ਕਿ ਇਹ ਦੇਸ਼ ਅਮਰੀਕਾ ਦੀ ਸਰਪ੍ਰਸਤੀ ਵਾਲੇ ਗੱਠਜੋੜ ਵਿਚ ਸ਼ਾਮਲ ਨਹੀਂ ਹੋਣਗੇ। ਅਮਰੀਕਾ ਨੇ ਇਸ ਸੰਧੀ ਨੂੰ ਐਵੇਂ ਕਿਵੇਂ ਮੰਨ ਕੇ ਉਨ੍ਹਾਂ ਦੇਸ਼ਾਂ ਨੂੰ ਆਪਣੇ ਗੱਠਜੋੜ ਵਿਚ ਸ਼ਾਮਲ ਕਰ ਲਿਆ। ਇਸ ਆਧਾਰ ’ਤੇ ਪ੍ਰੋਫੈਸਰ ਚੌਮਸਕੀ ਦੀ ਨਿਰ-ਵਿਵਾਦ ਧਾਰਨਾ ਬਣਦੀ ਸੀ ਕਿ ਯੂਕਰੇਨ ਨੂੰ ਮੈਂਬਰ ਬਣਨ ਲਈ ਉਕਸਾ ਕੇ ਅਮਰੀਕਾ ਨੇ ਅਵੱਗਿਆ ਕੀਤੀ ਸੀ। ਜੇ ਇਹ ਅਵੱਗਿਆ ਨਾ ਹੋਈ ਹੁੰਦੀ ਤਾਂ ਇਹ ਹਮਲਾ ਹੋਣਾ ਹੀ ਨਹੀਂ ਸੀ। ਉਸ ਦੇ ਕਥਨ ਵਿਚ ਨਿਹਿਤ ਤਰਕ ਨੂੰ ਝੁਠਲਾਇਆ ਨਹੀਂ ਜਾ ਸਕਦਾ।
ਜਿੰਨੀ ਨੈਤਿਕਤਾ ਅਤੇ ਸਪੱਸ਼ਟਤਾ ਨਾਲ ਚੌਮਸਕੀ ਦੀ ਧਾਰਨਾ ਪੇਸ਼ ਹੋਈ ਉਤਨੀ ਹੀ ਉਤੇਜਨਾ ਨਾਲ ਇਸ ’ਤੇ ਇਤਰਾਜ਼ ਉਠਾਇਆ ਗਿਆ। ਇਤਰਾਜ਼ ਉਠਾਉਣ ਵਾਲਾ ਯੂਕਰੇਨ ਵਾਸੀ ਇਕ ਲੇਖਕ ਸੀ ਜਿਸ ਨੇ ਚੌਮਸਕੀ ਦੀਆਂ ਲਿਖਤਾਂ ਦਾ ਆਪਣੀ ਬੋਲੀ ਵਿਚ ਅਨੁਵਾਦ ਕੀਤਾ ਸੀ। ਜਦੋਂ ਉਸ ਦੇ ਹੱਥ ਉਪਰੋਕਤ ਵਾਰਤਾ ਲੱਗੀ ਤਾਂ ਉਹ ਆਪਣੇ ਬੱਚਿਆਂ ਸਮੇਤ ਕਿਸੇ ਸੁਰੱਖਿਆ ਵਾਲੀ ਥਾਂ ਵੱਲ ਜਾ ਰਿਹਾ ਸੀ। ਨਿਰਸੰਦੇਹ ਖ਼ਤਰਾ ਉਸ ਦੇ ਅਤੇ ਬੱਚਿਆਂ ’ਤੇ ਮੰਡਰਾ ਰਿਹਾ ਸੀ। ਉਸ ਦੀ ਹਾਲਤ ਪ੍ਰੇਸ਼ਾਨੀ ਵਾਲੀ ਸੀ। ਉਸ ਹਾਲਤ ਵਿਚ ਉਸ ਨੇ ਜੋ ਅਨੁਭਵ ਕੀਤਾ ਉਸ ਦਾ ਵੇਰਵਾ ਉਸ ਨੇ ਖ਼ਤ ਰਾਹੀਂ ਭੇਜਣ ਤੋਂ ਗੁਰੇਜ਼ ਨਾ ਕੀਤਾ। ਨਿਰਾਸ਼ਾ ਅਤੇ ਤਲਖ਼ੀ ਦੀ ਰਲਵੀਂ-ਮਿਲਵੀਂ ਸੁਰ ਵਿਚ ਉਸ ਨੇ ਲਿਖਿਆ ਕਿ ਜੋ ਵਿਸਥਾਰ ਪ੍ਰੋਫੈਸਰ ਚੌਮਸਕੀ ਦੀ ਵਾਰਤਾਲਾਪ ਤੋਂ ਪੜ੍ਹਨ ਨੂੰ ਮਿਲਦਾ ਸੀ ਉਹ ਸੁਖੀ ਜੀਵਨ ਬਿਤਾ ਰਹੇ ਬੁੱਧੀਜੀਵੀ ਤੋਂ ਹੀ ਸਰ ਸਕਦਾ ਸੀ; ਜਿਸ ਪ੍ਰਾਣੀ ਦੇ ਸਿਰ ’ਤੇ ਮੌਤ ਮੰਡਰਾ ਰਹੀ ਹੋਵੇ ਉਸ ਨੂੰ ਇਸ ਪ੍ਰਕਾਰ ਦੀ ਵਿਆਖਿਆ ਕੋਈ ਲਾਭ ਨਹੀਂ ਪਹੁੰਚਾ ਸਕਦੀ। ਭਾਵੁਕ ਹੋਏ ਨੇ ਆਪਣੇ ਖ਼ਤ ਦੀ ਸੁਰ ਨੂੰ ਤਲਖ਼ੀ ਨਾਲ ਭਰੀ ਹੋਈ ਰਹਿਣ ਦਿੱਤਾ। ਇਹ ਵੱਖਰੀ ਗੱਲ ਸੀ ਕਿ ਬੌਧਿਕ ਵਿਸ਼ਲੇਸ਼ਣ ਪੱਖੋਂ ਉਸ ਦੀਆਂ ਧਾਰਨਾਵਾਂ ਨਿਰਮੂਲ ਸਨ।
ਸਵਾਲ ਪੈਦਾ ਹੁੰਦਾ ਹੈ ਕਿ ਕੀ ਚੌਮਸਕੀ ਉਸ ਦੇ ਗੁੱਸੇ-ਗਿਲੇ ਨੂੰ ਨਿਰਮੂਲ ਸਮਝ ਕੇ ਅੱਖੋਂ ਪਰੋਖੇ ਕਰ ਦਿੰਦਾ। ਉਸ ਦਾ ਵਡੱਪਣ ਇਸ ਗੱਲ ਵਿਚ ਹੈ ਕਿ ਉਸ ਨੇ ਅਜਿਹਾ ਨਾ ਕੀਤਾ। ਇਸ ਦਾ ਮਤਲਬ ਇਹ ਵੀ ਨਹੀਂ ਕਿ ਭਾਵੁਕਤਾ ਦੇ ਵਹਿਣ ਵਿਚ ਵਹਿ ਕੇ ਉਸ ਨੇ ਵਿਰਲਾਪ ਕਰਨਾ ਆਰੰਭ ਕਰ ਦਿੱਤਾ। ਇਸ ਮਗਰੋਂ ਕੀਤੀ ਵਾਰਤਾਲਾਪ ਵਿਚ ਉਸ ਨੇ ਜੋ ਸੁਰ ਅਖ਼ਤਿਆਰ ਕੀਤੀ ਉਹ ਨਾ ਤਾਂ ਨਿਰੋਲ ਬੌਧਿਕਤਾ ਨਾਲ ਭਰਿਆ ਵਿਵੇਚਨ ਸੀ ਅਤੇ ਨਾ ਭਾਵੁਕਤਾ ਵਿਚ ਡਿਕਡੋਲੇ ਖਾਂਦੇ ਜਜ਼ਬਾਤ ਜਿਹੜੇ ਤਲਖ਼ ਹਕੀਕਤ ਨਾਲ ਟਕਰਾ ਕੇ ਚੂਰ ਚੂਰ ਹੋ ਜਾਂਦੇ। ਅਕਾਦਮਿਕ ਵਿਦਵਤਾ ਦੀ ਇਸ ਵਿਚ ਐਸੀ ਗਹਿਰਾਈ ਪੜ੍ਹਨ ਨੂੰ ਮਿਲਦੀ ਹੈ ਜੋ ਬੜੇ ਪੇਚੀਦਾ ਮਸਲਿਆਂ ਨਾਲ ਗੁੱਥਮ-ਗੁੱਥਾ ਹੁੰਦੀ ਹੈ। ਕੀ ਆਪਣੇ ਅਨੁਵਾਦਕ ਦੇ ਮਾਰੇ ਮਿਹਣੇ ਨੂੰ ਸਦਭਾਵੀ ਚੁਣੌਤੀ ਜਾਣ ਕੇ ਉਸ ਨੇ ਇਹ ਤਰੱਦਦ ਕੀਤਾ? ਅਨੁਮਾਨ ਹੋ ਸਕਦਾ ਹੈ ਕਿ ਇਹ ਧਾਰਨਾ ਨਿਰਮੂਲ ਨਹੀਂ। ਅਨੁਵਾਦਕ ਦਾ ਮਿਹਣਾ ਸਾਰਥਿਕ ਕਰਤੱਵ ਨਿਭਾਅ ਗਿਆ। ਇਸ ਦੇ ਨਾਲ ਹੀ ਇਕ ਹੋਰ ਧਾਰਨਾ ਹੈ ਜੋ ਮੈਨੂੰ ਇਸ ਪੜਾਅ ’ਤੇ ਸਹਿਜੇ ਹੀ ਸੁੱਝ ਗਈ ਹੈ। ਨੌਮ ਚੌਮਸਕੀ ਦਾ ਪਿਤਾ ਯੂਕਰੇਨ ਦਾ ਵਾਸੀ ਸੀ। ਚੌਮਸਕੀ ਦੇ ਜਨਮ ਤੋਂ ਪਹਿਲਾਂ ਉਹ ਅਮਰੀਕਾ ਆ ਵਸਿਆ ਸੀ। ਕੌਣ ਕਹਿ ਸਕਦਾ ਹੈ ਅਮਰੀਕਾ ਵਿਚ ਰਹਿੰਦੇ ਹੋਏ ਉਹ ਯੂਕਰੇਨ ਦੇ ਸੁਪਨੇ ਨਹੀਂ ਸੀ ਦੇਖਦਾ। ਇਹ ਕਿਵੇਂ ਹੋ ਸਕਦਾ ਹੈ ਕਿ ਇਸ ਦੀ ਲਾਗ਼ ਚੌਮਸਕੀ ਨੂੰ ਨਾ ਲੱਗੀ ਹੋਵੇ। ਪਰ ਇਸ ਭੇਦ ਨੂੰ ਪ੍ਰਤੱਖ ਕਰਨਾ ਨਿਰਮੂਲ ਸੀ। ਦਰਅਸਲ, ਆਪਣੇ ਵਿਸਥਾਰ ਵਿਚ ਉਹ ਗਹਿਰਾਈ ਲਿਆਉਣ ਦੀ ਲੋੜ ਸੀ ਜਿਸ ਵਿਚ ਕੁੱਲ ਵੇਦਨਾ/ਸੰਵੇਦਨਾ ਪਾਠਕ/ਸਰੋਤੇ ਤਕ ਪਹੁੰਚਦੀ ਹੋਵੇ। ਇਹ ਲਰਜ਼ ਚੌਮਸਕੀ ਦੀ ਇਸ ਵਾਰਤਾਲਾਪ ਵਿਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ। ਇਸ ਵਿਚ ਉਸ ਨੇ ਪਹਿਲੀ ਗੱਲ ਇਹ ਕੀਤੀ ਕਿ ਯੂਕਰੇਨ ਦੇ ਸੁਤੰਤਰ ਦੇਸ਼ ਐਲਾਨੇ ਜਾਣ ਮਗਰੋਂ ਨੇਤਾਵਾਂ ਵਿਚ ਜੋ ਤਬਦੀਲੀ ਆਈ ਉਸ ਨੂੰ ਪ੍ਰਤੱਖ ਨੂੰ ਪ੍ਰਮਾਣ ਦੇ ਮੇਚ ਦਾ ਪੇਸ਼ ਕੀਤਾ। ਉਹ ਨੇਤਾ ਜੋ ਪਹਿਲਾਂ ਦਬੇ ਦਬੇ ਰਹਿੰਦੇ ਸਨ, ਉਹ ਆਪਣੇ ਆਪ ਨੂੰ ਰਾਠ ਬਣ ਗਏ ਮਹਿਸੂਸ ਕਰਨ ਲੱਗੇ। ਵਿਚਾਰਧਾਰਾ ਦੀ ਥਾਂ ਹਿੱਤ-ਪੂਰਤੀ ਸੀ ਜੋ ਉਨ੍ਹਾਂ ਦੇ ਜੋੜ ਅਣਜੋੜ ਦਾ ਆਧਾਰ ਬਣ ਗਈ। ਇਕ ਪਲ ਗੱਠਜੋੜ ਕਰਨਾ ਤੇ ਦੂਜੇ ਪਲ ਤੋੜ ਦੇਣਾ ਉਨ੍ਹਾਂ ਦਾ ਵਿਹਾਰ ਬਣ ਗਿਆ। ਸੋਵੀਅਤ ਯੂਨੀਅਨ ਤੋਂ ਆਏ ਜਾਂ ਵਸਾਏ ਗਏ ਲੋਕਾਂ ਨੂੰ ਇਸ ਤਲਖ਼ੀ ਦਾ ਸਾਹਮਣਾ ਖ਼ਾਸ ਤੌਰ ’ਤੇ ਕਰਨਾ ਪਿਆ। ਤੰਗ ਆ ਕੇ ਉਨ੍ਹਾਂ ਆਪਣੇ ਵਸੇਬੇ ਵਾਲੇ ਖੇਤਰ ਨੂੰ ਸੁਤੰਤਰ ਦੇਸ਼ ਐਲਾਨ ਦਿੱਤਾ। ਵਾਸਤਵ ਵਿਚ ਇਕ ਸੁਤੰਤਰ ਦੇਸ਼ ਵਜੋਂ ਵਿਚਰਨਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਵਿਸ਼ੇਸ਼ ਹੱਕਾਂ ਦੇ ਧਾਰਨੀ ਮੰਨ ਕੇ ਉਨ੍ਹਾਂ ਲਈ ਸਹਿ-ਹੋਂਦ ਬਣਾਉਣੀ ਉਚਿਤ ਗੱਲ ਸੀ। ਯੂਰਪ ਦੇ ਕੁਝ ਦੇਸ਼ਾਂ, ਖ਼ਾਸਕਰ ਜਰਮਨੀ ਦੀ ਦੇਖ-ਰੇਖ ਅਧੀਨ ਮਿੰਸਕ ਸ਼ਹਿਰ ਵਿਚ ਵਿਚਾਰ-ਵਟਾਂਦਰਾ ਹੋਇਆ ਜਿਸ ਵਿਚ ਮੋਕਲੀਆਂ ਸ਼ਰਤਾਂ ਅਨੁਸਾਰ ਸਹਿਯੋਗ ਲਈ ਸਗੋਂ ਸਹਿ-ਹੋਂਦ ਲਈ ਨੀਤੀ ਘੜੀ ਗਈ।
ਨਿਰਾਸ਼ਾ ਤੇ ਨਮੋਸ਼ੀ ਵਾਲੀ ਗੱਲ ਇਹ ਹੋਈ ਕਿ ਇਸ ਸਮਝੌਤੇ ਦੀਆਂ ਮਦਾਂ ਲਾਗੂ ਨਾ ਹੋ ਸਕੀਆਂ। ਯੂਰਪੀ ਦੇਸ਼ ਖ਼ਾਸ ਕਰਕੇ ਜਰਮਨੀ, ਜਿਨ੍ਹਾਂ ਦੀ ਦੇਖ-ਰੇਖ ਹੇਠ ਇਹ ਸਮਝੌਤਾ ਹੋਇਆ ਆਪਣੇ ਮੰਤਵ ਵਿਚ ਸਫ਼ਲ ਨਾ ਹੋ ਸਕੇ। ਮੁੱਖ ਕਾਰਨ ਇਹ ਸੀ ਕਿ ਅਮਰੀਕਾ ਨੂੰ ਖੇਤਰੀ ਆਧਾਰ ਦੇ ਮੱਦੇਨਜ਼ਰ ਇਸ ਕਾਨਫਰੰਸ ਵਿਚ ਬੁਲਾਇਆ ਨਹੀਂ ਸੀ ਗਿਆ ਜੋ ਇਸ ਦੇ ਸਫ਼ਲ ਹੋਣ ਨੂੰ ਆਪਣੀ ਹੇਠੀ ਨਾਲ ਜੋੜ ਬੈਠਾ। ਯੂਕਰੇਨ ਦੇ ਗ਼ੈਰ-ਰੂਸੀ ‘ਰਾਠਾਂ’ ਨੂੰ ਅਮਰੀਕਾ ਦੀ ਅਰੁਚੀ ਬਹੁਤ ਰਾਸ ਆਈ ਅਤੇ ਉਨ੍ਹਾਂ ਨੇ ਵੀ ਇਸ ਨੂੰ ਸਫ਼ਲ ਬਣਾਉਣ ਵਿਚ ਕੋਈ ਦਿਲਚਸਪੀ ਨਾ ਦਿਖਾਈ। ਸਦੀਆਂ ਤੋਂ ਚਲੇ ਆਏ ਯੁੱਧਾਂ ਨੇ ਯੂਰਪੀ ਦੇਸ਼ਾਂ ਨੂੰ ਇਤਨਾ ਨਿਰ-ਉਤਸ਼ਾਿਹਤ ਕਰ ਦਿੱਤਾ ਕਿ ਜਰਮਨੀ ਲਈ ਭਾਵੀ ਨੂੰ ਟਾਲ ਸਕਣਾ ਮੁਹਾਲ ਹੋ ਗਿਆ। ਪ੍ਰੋਫੈਸਰ ਚੌਮਸਕੀ ਜਿਵੇਂ ਉਮੀਦ ਦੀ ਕਿਰਨ ਦੇ ਬੁਝ ਜਾਣ ਨੂੰ ਬਿਆਨ ਕਰਦਾ ਹੈ ਉਸ ਵਿਚ ਨਿਮਨ ਤਰ੍ਹਾਂ ਦੀ ਸ਼ਰੀਕੇਬਾਜ਼ੀ ਅਤੇ ਵਿਰਾਟ ਤਰ੍ਹਾਂ ਦੀ ਨੇਤਾਗਿਰੀ ਨੂੰ, ਸਮੇਤ ਉਸ ਦੇ ਫਿ਼ਕਰ ਦੇ, ਪੂਰੀ ਥਾਂ ਮਿਲ ਜਾਂਦੀ ਹੈ। ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਦੂਰ ਦੇਸ਼ ਤੋਂ ਝਾਤ ਪਾਉਣ ਦੀ ਥਾਂ ਕੋਲ ਬੈਠ ਕੇ ਬੜੀ ਨੀਝ ਨਾਲ ਉਸ ਨੇ ਪ੍ਰਸਥਿਤੀ ’ਤੇ ਨਿਗਾਹਾਂ ਟਿਕਾਈਆਂ ਹੋਈਆਂ ਸਨ।
ਸਤਹਿ ’ਤੇ ਜੋ ਵਾਪਰਿਆ ਉਸ ਦੀ ਗਹਿਰਾਈ ਵਿਚ ਜਾ ਕੇ ਉਹ ਇਸ ਮੱਤ ਦਾ ਕਾਇਲ ਹੋ ਜਾਂਦਾ ਹੈ ਕਿ ਪਿਛਲੇ ਹਜ਼ਾਰ ਸਾਲ ਤੋਂ ਯੁੱਧ ਦਾ ਅਖਾੜਾ ਬਣੇ ਰਹਿਣ ਕਾਰਨ ਯੂਰਪ ਦੇ ਜਨ-ਜੀਵਨ ਵਿਚ ਸਿਥਲਤਾ ਆ ਗਈ ਹੈ। ਰਾਜਸੀ ਖੇਤਰ ਵਿਚ ਵਿਸ਼ਵ ਨੂੰ ਅਗਵਾਈ ਦੇਣ ਵਾਲੇ ਨਿਰਣੇ ਲੈਣ ਅਤੇ ਅਗਾਂਹ ਉਨ੍ਹਾਂ ਨੂੰ ਕਾਰ-ਵਿਹਾਰ ਵਿਚ ਚਲਦੇ ਦੇਖਣ ਦੀ ਰੁਚੀ ਨਿਰਬਲ ਹੋ ਗਈ ਸੀ। ਉਹ ਅਮਰੀਕਾ ਵਲੋਂ ਚੁੱਕੇ ਜਾਂਦੇ ਖ਼ਤਰੇ ਖੜ੍ਹੇ ਕਰਨ ਵਾਲੇ ਕਦਮਾਂ ਨੂੰ ਚੁਣੌਤੀ ਦੇਣ ਦੇ ਸਮਰੱਥ ਨਹੀਂ ਰਹੇ ਸਨ। ਮਾਯੂਸ ਕਰਨ ਵਾਲੀ ਗੱਲ ਇਹ ਸੀ ਕਿ ਪ੍ਰਤੱਖ ਨੂੰ ਪ੍ਰਮਾਣ ਜਾਣ ਯੂਰਪ ਦੇ ਲਗਪਗ ਸਾਰੇ ਦੇਸ਼ ਅਮਰੀਕਾ ਦੀ ਨੀਤੀ ਦਾ ਸਮਰਥਨ ਕਰਨ ਲੱਗ ਪੈਂਦੇ ਸਨ। ਜੋ ਮੱਧ-ਏਸ਼ੀਆ ਵਿਚ ਹੋਇਆ ਉਸੇ ਤਰ੍ਹਾਂ ਦੇ ਹਾਲਾਤ ਮੱਧ-ਯੂਰਪ ਵਿਚ ਬਣਦੇ ਦੇਖਣਾ ਅਮਰੀਕਾ ਨੂੰ ਰਾਸ ਆਉਂਦਾ ਸੀ। ਭੂਗੋਲਿਕ ਤੌਰ ’ਤੇ ਯੂਰਪ ਤੋਂ ਦੂਰ ਵਿਚਰਦੇ ਅਮਰੀਕਾ ਦੀ ਦੂਜੇ ਮੁਲਕਾਂ ਨੂੰ ਉਨ੍ਹਾਂ ਮਾੜੇ ਹਾਲਾਤ ਵਿਚੋਂ ਬਾਹਰ ਆਉਣ ਤੋਂ ਅਸਮਰੱਥ ਬਣਾਈ ਰੱਖਣ ਦੀ ਨੀਤੀ ਅਚੇਤ ਘੱਟ ਅਤੇ ਸੁਚੇਤ ਵੱਧ ਹੋ ਨਿਬੜੀ ਸੀ। ਟੱਕਰ ਦੇ ਟਕਰਾਉਂਦੇ ਹਰ ਧੜੇ ਨੂੰ ਹਥਿਆਰ ਮੁਹੱਈਆ ਕਰਨਾ ਕਠਨ ਨਹੀਂ ਰਹਿੰਦਾ। ਦੂਜੇ ਪਾਸੇ ਚੀਨ ਸੀ, ਰੂਸ ਦਾ ਸਹਾਇਕ, ਦਿੱਤੀ ਸਹਾਇਤਾ ਦੇ ਬਾਵਜੂਦ ਰੂਸ ਭਾਵੇਂ ਜਿੱਤੇ ਜਾਂ ਹਾਰੇ, ਉਸ ਦੀ ਨੇਤਾਗਿਰੀ ਵਿਚ ਕੋਈ ਫ਼ਰਕ ਨਹੀਂ ਸੀ ਪੈਣ ਲੱਗਾ।
ਯੂਰਪੀ ਦੇਸ਼ਾਂ ਦੇ ਸੰਗਠਿਤ ਹੀ ਨਹੀਂ ਸਗੋਂ ਵਿਰਸੇ ਦੇ ਲੋਕ-ਹਿੱਤ ਨੂੰ ਮੁੱਖ ਭੂਮੀ ਵਿਚ ਉਤਾਰਨ ਨਾਲ ਹੀ ਇਹ ਭਾਵੀ ਟਲ ਸਕਦੀ ਹੈ। ਅਜੋਕੇ ਮੁਹਾਜ਼ ’ਤੇ ਜੋ ਵਾਪਰ ਰਿਹਾ ਹੈ ਉਹ ਇਸ ਦੇ ਵਿਪਰੀਤ ਹੈ। ਇਸ ਦੀ ਪ੍ਰਤੀਨਿਧ ਉਦਾਹਰਨ ਉਸ ਅਨੁਸਾਰ ਇੰਗਲੈਂਡ ਦਾ ਯੂਰਪੀ ਸੰਗਠਨ ਤੋਂ ਬਾਹਰ ਆ ਜਾਣਾ ਹੈ। ਚੌਮਸਕੀ ਦਾ ਦਾਅਵਾ ਹੈ ਕਿ ਇਸ ਕਾਰਨ ਯੂਰਪੀ ਸੰਗਠਨ ਨੂੰ ਢਾਹ ਲੱਗੀ ਹੈ ਅਤੇ ਇੰਗਲੈਂਡ ਦੀ ਅਮਰੀਕਾ ਉਪਰ ਨਿਰਭਰਤਾ ਵਧ ਗਈ ਹੈ। ਅਜਿਹੀ ਮਾਅਰਕੇਬਾਜ਼ੀ ਤੋਂ ਬਚੇ ਰਹਿਣਾ ਇੰਗਲੈਂਡ ਦੇ ਹੀ ਨਹੀਂ ਸਗੋਂ ਯੂਰਪੀ ਦੇਸ਼ਾਂ ਦੇ ਪੱਖ ਵਿਚ ਵੀ ਜਾਂਦਾ ਹੈ। ਯੂਰਪੀ ਦੇਸ਼ਾਂ ਵਿਚ ਲੋਕ ਰਾਜ ਅਤੇ ਲੋਕ ਭਲਾਈ ਦੀ ਪ੍ਰਥਾ ਕਿਤੇ ਸਮਰੱਥਾਵਾਨ ਹੈ ਜਿਸ ਨੂੰ ਕਿਸੇ ਹਾਲਤ ਵਿਚ ਢਾਹ ਨਹੀਂ ਲੱਗਣੀ ਚਾਹੀਦੀ। ਅਜੋਕੀ ਪ੍ਰਸਥਿਤੀ ਵਿਚ ਜਿਸ ਨੀਤੀ, ਸਸਤੀ ਵਿੱਦਿਆ, ਮੁਫ਼ਤ ਇਲਾਜ ਨੂੰ ਅਮਰੀਕਾ ਵਿਚ ਲਾਗੂ ਕਰਨਾ ਅਸੰਭਵ ਮੰਨਿਆ ਜਾਂਦਾ ਹੈ ਉਹ ਯੂਰਪੀ ਦੇਸ਼ਾਂ ਜਰਮਨੀ ਅਤੇ ਫਰਾਂਸ ਆਦਿ ਵਿਚ ਭਲੀਭਾਂਤ ਲਾਗੂ ਹੈ। ਆਰੰਭਕ ਨੁਕਤੇ ਨੂੰ ਅੰਤਿਮ ਬਣਾਉਣ ਦੀ ਖੁੱਲ੍ਹ ਮਾਣਦਾ, ਮੈਂ ਯੂਕਰੇਨ ਦੇ ਰਾਸ਼ਟਰਪਤੀ ਬਾਰੇ ਚੌਮਸਕੀ ਵਲੋਂ ਪ੍ਰਗਟ ਕੀਤੀ ਰਾਇ ਦਾ ਮਹੱਤਵ ਉਘਾੜਣਾ ਯੋਗ ਸਮਝਦਾ ਹਾਂ। ਉਸ ਦੀ ਧਾਰਨਾ ਸੀ ਕਿ ਸੋਵੀਅਤ ਯੂਨੀਅਨ ਤੋਂ ਵੱਖ ਹੋ ਕੇ ਯੂਕਰੇਨ ਦੇ ਨੇਤਾ, ਜੋ ਪਹਿਲਾਂ ਜੀ ਹਜ਼ੂਰੀਏ ਸਨ, ਇਕਦਮ ਆਪਣੇ ਆਪ ਨੂੰ ਰਾਠ ਦਰਸਾਉਣ ਲੱਗ ਪਏ ਸਨ। ਭਾਵੇਂ ਨਾਂ ਲੈ ਕੇ ਤਾਂ ਉਸ ਨੇ ਇਹ ਦ੍ਰਿੜ੍ਹ ਨਹੀਂ ਕੀਤਾ ਕਿ ਯੂਕਰੇਨ ਦਾ ਅਜੋਕਾ ਰਾਸ਼ਟਰਪਤੀ ਉਨ੍ਹਾਂ ਵਰਗਾ ਹੀ ਸੀ ਪਰ ਉਸ ਦੀ ਧਾਰਨਾ ਦਾ ਮੂਲ ਇਹੋ ਸੀ। ਤਿੰਨ ਮਹੀਨਿਆਂ ਤੋਂ ਵੱਧ ਚੱਲੇ ਯੁੱਧ, ਜਿਸ ਦੇ ਇੰਨਾ ਲੰਬਾ ਚੱਲਣ ਦਾ ਰੂਸੀ ਫ਼ੌਜ ਅਤੇ ਸਰਕਾਰ ਨੂੰ ਚਿੱਤ-ਚੇਤਾ ਵੀ ਨਹੀਂ ਸੀ, ਕਾਰਨ ਜ਼ੈਲੰਸਕੀ ਸਨਮਾਨਯੋਗ ਨੇਤਾ ਵਜੋਂ ਉੱਭਰ ਆਇਆ ਹੈ। ਇਸ ਧਾਰਨਾ ਦੀ ਉਸ ਨੇ ਵਿਆਖਿਆ ਤਾਂ ਨਹੀਂ ਕੀਤੀ ਪਰ ਇਸ ਵਿਚ ਆਏ ਬਦਲ ਦਾ ਅਨੁਮਾਨ ਅਵੱਸ਼ ਹੀ ਲਗਾਇਆ ਜਾ ਸਕਦਾ ਹੈ।
ਪ੍ਰਤੀਤ ਹੁੰਦਾ ਹੈ ਕਿ ਇਸ ਬਦਲਾਅ ਦਾ ਆਧਾਰ ਜ਼ੈਲੰਸਕੀ ਵਲੋਂ ਦਰਸਾਈ ਇਹ ਧਾਰਨਾ ਹੈ ਕਿ ਉਸ ਨੂੰ ਆਪਣੇ ਦੇਸ਼ ਦੀ ਭੋਇੰ ਨਾਲੋਂ ਦੇਸ਼ਵਾਸੀ ਪਹਿਲਾਂ ਹਨ। ਰੂਸੀ ਪੱਤਰਕਾਰ ਇਸ ਕਥਨ ਤੋਂ ਇਹ ਨਿਚੋੜ ਕੱਢ ਸਕਦੇ ਸਨ ਕਿ ਦੇਸ਼ਵਾਸੀਆਂ ਦੇ ਦੁੱਖਾਂ ਦੀ ਸਮਾਪਤੀ ਲਈ ਉਹ ਹਮਲਾਵਰਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਸੀ। ਵਾਸਤਵ ਵਿਚ ਉਹ ਇਹ ਵਿਚਾਰ ਨਹੀਂ ਸੀ ਸਗੋਂ ਉਸ ਦੀ ਗੱਲਬਾਤ ਰਾਹੀਂ ਲੜਾਈ ਖ਼ਤਮ ਕਰਨ ਦੀ ਮੰਗ ਸੀ ਤਾਂ ਜੋ ਉਸ ਦੇ ਦੇਸ਼ ਦੀ ਲਹੂ-ਲੁਹਾਣ ਧਰਤੀ ਨੂੰ ਸੁਖ ਦਾ ਸਾਹ ਆ ਸਕੇ। ਨਾਲ ਹੀ ਉਸ ਦਾ ਇਹ ਕਹਿਣਾ ਸੀ ਕਿ ਯੁੱਧ ਖ਼ਤਮ ਕਰਨ ਸਬੰਧੀ ਗੱਲਬਾਤ ਰੂਸ ਦੇ ਰਾਸ਼ਟਰਪਤੀ ਪੂਤਿਨ ਨਾਲ ਹੀ ਹੋ ਸਕਦੀ ਸੀ। ਇਸ ਦਾ ਅੰਤ੍ਰੀਵ ਮੰਤਵ ਇਹ ਪ੍ਰਤੱਖ ਕਰਨਾ ਸੀ ਕਿ ਅਜੋਕੇ ਸ਼ਾਸਕ ਸੋਵੀਅਤ ਯੂਨੀਅਨ ਦੀ ਬੁਨਿਆਦ ਰੱਖਣ ਵਾਲੇ ਦਰਵੇਸ਼ ਨੇਤਾ, ਵਲਾਦੀਮੀਰ ਲੈਨਿਨ ਦੀ ਦ੍ਰਿਸ਼ਟੀ ਦੇ ਕਿੰਨਾ ਵਿਪਰੀਤ ਸਨ। ਭਾਵੇਂ ਪੂਤਿਨ ਨੇ ਉਸ ਦੀ ਪੇਸ਼ਕਸ਼ ਦਾ ਕੋਈ ਹੁੰਗਾਰਾ ਨਹੀਂ ਭਰਿਆ ਪਰ ਇਹ ਪ੍ਰਭਾਵ ਕਿਵੇਂ ਅੱਖੋਂ-ਪਰੋਖੇ ਹੋ ਸਕਦਾ ਹੈ ਕਿ ਉਸ ਕੋਲ ਯੂਕਰੇਨ ਦੇ ਰਾਸ਼ਟਰਪਤੀ ਦੀਆਂ ਧਾਰਨਾਵਾਂ ਦਾ ਕੋਈ ਜਵਾਬ ਨਹੀਂ। ਚੌਮਸਕੀ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਂ ਨਾਲ ਲਗਾਇਆ ਇਕ ਵਿਸ਼ੇਸ਼ਣ ਆਪਣੇ ਵਿਚ ਕਿੰਨਾ ਕੁਝ ਲੁਕਾਈ ਬੈਠਾ ਹੈ। ਇੱਥੇ ਉਸ ਦੇ ਭਾਸ਼ਿਕ ਸਿਧਾਂਤ ਅਤੇ ਗਿਆਨ ਨੂੰ ਅਲੌਕਿਕ ਕਹਿਣ ਵਿਚ ਕੋਈ ਸੰਕੋਚ ਨਹੀਂ ਹੋ ਸਕਦਾ।