ਪ੍ਰਯੋਗਸ਼ੀਲ ਰੰਗਮੰਚ ਤੇ ਫਿਲਮਾਂ ਦੇ ਇਕ ਯੁੱਗ ਦਾ ਅੰਤ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਸੰਪਰਕ: 94787-30156
ਉੱਘੇ ਬਰਤਾਨਵੀ ਨਿਰਦੇਸ਼ਕ ਪੀਟਰ ਬਰੁੱਕ ਦਾ ‘ਮਹਾਂਭਾਰਤ’ ਕੌਮਾਂਤਰੀ ਪੱਧਰ ਦੀ ਪ੍ਰੋਡਕਸ਼ਨ ਸੀ। ਇਹ ਵਿਸ਼ਵ ਰੰਗਮੰਚ ਵਿਚ ਨਵਾਂ ਪ੍ਰਯੋਗ ਸੀ ਜਿਸ ਨੇ ਰੰਗਮੰਚ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ। ਰੰਗਮੰਚ ਵਿਚ ਯੋਗਦਾਨ ਲਈ ਭਾਰਤ ਸਰਕਾਰ ਨੇ 2021 ਵਿਚ ਉਸ ਨੂੰ ਪਦਮ ਸ੍ਰੀ ਨਾਲ ਨਿਵਾਜਿ਼ਆ। ਇਸ ਵਿਚ ਦਰੋਪਦੀ ਦਾ ਕਿਰਦਾਰ ਉੱਘੀ ਅਦਾਕਾਰ, ਨ੍ਰਿਤਕੀ, ਲੇਖਕ ਅਤੇ ਹੋਰ ਕਈ ਪ੍ਰਤਿਭਾਵਾਂ ਦੀ ਮਾਲਕ ਮਲਿਕਾ ਸਾਰਾਭਾਈ ਨੇ ਨਿਭਾਇਆ।
ਦੋ ਜੁਲਾਈ, 2022 ਨੂੰ ਦੁਨੀਆ ਦੇ ਮਹਾਨ ਰੰਗਮੰਚ ਕਲਾਕਾਰ, ਨਿਰਦੇਸ਼ਕ ਤੇ ਫਿਲਮ ਨਿਰਦੇਸ਼ਕ ਪੀਟਰ ਬਰੁੱਕ ਦੀ ਮੌਤ ਦੀ ਖ਼ਬਰ ਨਾਲ ਪੂਰਾ ਸੰਸਾਰ, ਖ਼ਾਸਕਰ ਦੁਨੀਆ ਦਾ ਅੰਗਰੇਜ਼ੀ ਥੀਏਟਰ ਜਗਤ ਗ਼ਮਗੀਨ ਹੋ ਗਿਆ। ਅਸਲ ਵਿਚ ਉਹ ਅਜੋਕੇ ਰੰਗਮੰਚ ਦਾ ਸੱਚ ਸੀ।

ਪੀਟਰ ਬਰੁੱਕ ਸਾਡੇ ਸਮਿਆਂ ਦੇ ਰੰਗਮੰਚ ਤੇ ਫਿਲਮ ਨਿਰਦੇਸ਼ਕਾਂ ਦੀ ਉਸ ਪੀੜ੍ਹੀ ਦੀ ਪਛਾਣ ਸੀ ਜੋ ਪਿਛਲੇ 80 ਵਰ੍ਹਿਆਂ ਤੋਂ ਦੁਨੀਆ ਦੇ ਅੰਗਰੇਜ਼ੀ ਰੰਗਮੰਚ ਤੇ ਹੌਲੀਵੁੱਡ ਦੀ ਬੁਨਿਆਦ ਬਣੀ ਹੋਈ ਹੈ। ਬਰੁੱਕ ਸਾਡੇ ਸਮਿਆਂ ਦਾ ਉਹ ਬੌਧਿਕ ਸਿਤਾਰਾ ਸੀ, ਜੋ ਰੰਗਮੰਚ ਦੇ ਤਜਰਬਿਆਂ ਦੇ ਨਾਲ-ਨਾਲ ਫਿਲਮਾਂ ਦੇ ਨਿਰਦੇਸ਼ਕ ਵਜੋਂ ਵੀ ਓਨਾ ਹੀ ਪ੍ਰਸਿੱਧ ਸੀ। ‘ਥੀਏਟਰ ਆਫ ਕਰੂਲਟੀ’ ਨੂੰ ਪੰਜਾਬੀ ਵਿਚ ਕਰੂਰਤਾ ਦਾ ਰੰਗਮੰਚ ਕਿਹਾ ਜਾਂਦਾ ਹੈ, ਪਰ ਰੰਗਮੰਚ ਦੀ ਦੁਨੀਆ ਵਿਚ ਬਹੁ-ਭਾਂਤੀ ਸਟੇਜ ਤਜਰਬਿਆਂ ਦੇ ਪਿਤਾਮਾ ਵਜੋਂ ਉਸ ਨੂੰ ਪੂਰੀ ਦੁਨੀਆ ਸਦਾ ਯਾਦ ਰੱਖੇਗੀ। ਪੀਟਰ ਬਰੁਕ ਅਸਲ ਵਿਚ ਮਨੁਖ ਦੀ ਰੂਹ ’ਚ ਉਤਰਨ ਵਾਲੀ ਅਦਾਕਾਰੀ ਦੇ ਪ੍ਰਯੋਗਾਂ ਦਾ ਧਨੀ ਤੇ ਚਿਤੇਰਾ ਸੀ ਜੋ ਰੰਗਮੰਚ ਤੇ ਫਿਲਮਾਂ ਦੋਵਾਂ ਦੇ ਦਰਸ਼ਕਾਂ ਦੀ ਨਬਜ਼ ਪਛਾਣਦਾ ਸੀ। ਸ਼ਾਇਦ ਇਸੇ ਲਈ ਉਹ ਕਹਿੰਦਾ ਸੀ, ‘‘ਇਹ ਜੋ ਰੰਗਮੰਚ ਹੈ, ਇਹ ਸ਼ੇਕਸਪੀਅਰ ਦੇ ਪੁਰਾਣੇ ਢੰਗ ਦੀ ਨੁਮਾਇਸ਼ ਨਹੀਂ ਰਹਿ ਸਕਦਾ, ਇਸ ਨੂੰ ਪੂਰੀ ਦੁਨੀਆ ਦੇ ਬਦਲਦੇ ਰੂਪ ਤੇ ਦੁੱਖ ਸੁਖ ਨਾਲ ਬਦਲਣਾ ਹੋਵੇਗਾ।’’
ਸਤਾਨਵੇਂ ਵਰ੍ਹਿਆਂ ਦੇ ਪੀਟਰ ਬਰੁੱਕ ਦਾ ਦੇਹਾਂਤ ਪੈਰਿਸ ਵਿਚ ਹੋਇਆ, ਜਿੱਥੇ ਉਹ 1974 ਤੋਂ ਰਹਿ ਰਿਹਾ ਸੀ। ਆਪਣੇ ਸਮੇਂ ਦੇ ਪ੍ਰਸਿੱਧ ਅਤੇ ਵਿਵਾਦਾਂ ਵਿਚ ਰਹਿਣ ਵਾਲੇ ਨਿਰਮਾਤਾ ਨਿਰਦੇਸ਼ਕ ਪੀਟਰ ਬਰੁੱਕ ਨੇ ਰੰਗਮੰਚ ਦੀ ਦੁਨੀਆ ਨੂੰ ਸੁੰਨਾ ਕਰ ਦਿੱਤਾ ਹੈ।
ਸ਼ੇਕਸਪੀਅਰ ਦੀ ਰੰਗਮੰਚੀ ਸ਼ੈਲੀ ਨੂੰ ਨਵੀਂ ਆਭਾ ਤੇ ਰੰਗਤ ਦੇਣ ਵਾਲਾ ਪੀਟਰ ਬਰੁੱਕ ਬ੍ਰਾਡਵੇਅ ਮਿਊਜ਼ੀਕਲ ਓਪੇਰੇ ਤੇ ‘ਲਾਰਡ ਆਫ ਫਲਾਈਜ਼’ ਲਈ ਵਧੇਰੇ ਜਾਣਿਆ ਜਾਂਦਾ ਰਿਹਾ ਹੈ। ਭਾਰਤ ਵਿਚ ਪੀਟਰ ਬਰੁੱਕ ਦੀ ਪ੍ਰਸਿੱਧੀ ਇਸ ਲਈ ਵੀ ਜਿ਼ਆਦਾ ਹੈ ਕਿ ਉਸ ਨੇ ਮਹਾਂਭਾਰਤ ਵਰਗੇ ਮਹਾਂਕਾਵਿ ਨੂੰ ਆਪਣੀ ਸ਼ੈਲੀ ’ਚ ਢਾਲ ਕੇ 96 ਕੜੀਆਂ ਦੀ ਸਟੇਜ ਲੜੀ ਵਿਚ ਬਦਲਿਆ ਤੇ ਬਾਅਦ ਵਿਚ ਇਸ ’ਤੇ ‘ਮਹਾਂਭਾਰਤ’ ਫਿਲਮ ਬਣਾਈ। ਅੱਜ ਪੀਟਰ ਬਰੁੱਕ ਦੀ ‘ਮਹਾਂਭਾਰਤ’ ਭਾਰਤੀਆਂ ਤੇ ਖੋਜੀਆਂ ਲਈ ਰੰਗਮੰਚ ਵਿਚ ਨਵੇਂ ਪ੍ਰਯੋਗਾਂ ਸਦਕਾ ਅਧਿਐਨ ਦਾ ਵਿਸ਼ਾ ਬਣ ਗਈ ਹੈ ਜਿਸ ਵਿਚ ਉਸ ਨੇ ਬੇਹੱਦ ਬੇਬਾਕੀ ਨਾਲ ਪ੍ਰਯੋਗ ਕੀਤੇ। ਮਜ਼ੇਦਾਰ ਗੱਲ ਇਹ ਵੀ ਹੈ ਕਿ ਇਸ ਵਿਚ ਅਫ਼ਰੀਕੀ ਤੇ ਹੌਲੀਵੁੱਡ ਦੇ ਪ੍ਰਸਿੱਧ ਕਲਾਕਾਰਾਂ ਨੇ ਪੀਟਰ ਦੀ ਨਿਰਦੇਸ਼ਨਾ ਵਿਚ ‘ਮਹਾਂਭਾਰਤ’ ਦੇ ਕਿਰਦਾਰ ਨਿਭਾਏ। ਇਸ ਵਿਚ ਸਿਰਫ਼ ਦੋ ਭਾਰਤੀ ਕਲਾਕਾਰ ਸਨ ਜਿਨ੍ਹਾਂ ਵਿਚੋਂ ਇਕ ਉੱਘੀ ਅਦਾਕਾਰ ਮਲਿਕਾ ਵਿਕਰਮ ਸਾਰਾਭਾਈ ਸੀ।
ਬ੍ਰਿਟਿਸ਼ ਡਰਾਮੇ ਦੀ ਸਟੇਜ ਨੂੰ ਪੀਟਰ ਨੇ ਤਜਰਬਿਆਂ ਦਾ ਮੰਚ ਬਣਾਇਆ ਤੇ ਉਹ ਵਿਵਾਦਾਂ ਵਿਚ ਵੀ ਰਿਹਾ। ਉਸ ਨੇ ਰੰਗਮੰਚ ਦੀਆਂ ਪੁਰਾਤਨ ਵਲਾਇਤੀ ਰਵਾਇਤਾਂ ਨੂੰ ਤੋੜ ਕੇ ਨਵੀਆਂ ਪਰੰਪਰਾਵਾਂ ਤੇ ਭਾਸ਼ਾ ਦੇ ਤਜਰਬਿਆਂ ਨਾਲ ਇਕ ਨਵਾਂ ਰੰਗਮੰਚ ਇਜਾਦ ਕੀਤਾ ਜਿਸ ਦਾ ਜਾਦੂ ਪੂਰੀ ਦੁਨੀਆ ਦੇ ਸਿਰ ਚੜ੍ਹ ਕੇ ਬੋਲਿਆ। ਇੰਗਲੈਂਡ, ਅਮਰੀਕਾ, ਨਿਊਯਾਰਕ ਤੇ ਫਰਾਂਸ ਸਮੇਤ ਯੂਰਪੀਅਨ ਮੁਲਕਾਂ ਦੇ ਨਾਲ ਨਾਲ ਭਾਰਤ ਵਿਚ ਵੀ ਉਸ ਦੇ ਰੰਗਮੰਚ ਦੇ ਨਾਟਕ ਹੋਏ ਤੇ ‘ਮਹਾਂਭਾਰਤ’ ਨੂੰ ਵੱਡੀ ਮਾਨਤਾ ਭਾਰਤੀ ਦਰਸ਼ਕਾਂ ਵੱਲੋਂ ਹੀ ਮਿਲੀ। ਇਹ ਭਾਵੇਂ ਦਿੱਲੀ, ਮੁੰਬਈ, ਕਲਕੱਤਾ ਤੇ ਬੰਗਲੌਰ ਵਰਗੇ ਸ਼ਹਿਰਾਂ ਤੇ ਅਖ਼ਬਾਰਾਂ ਤੀਕ ਸੀਮਿਤ ਰਹੀ।
ਉਸ ਦੀ 1964 ’ਚ ਕੀਤੀ ਪੇਸ਼ਕਾਰੀ ‘ਕਿੰਗ ਲੀਅਰ’ ਦੀ ਪਛਾਣ ਵੱਖਰੀ ਹੀ ਸੀ।
ਪੀਟਰ ਬਰੁੱਕ ਦਾ ਜਨਮ 21 ਮਾਰਚ, 1925 ਨੂੰ ਇਕ ਲਿਥੂਆਨੀਅਨ ਯਹੂਦੀ ਦੇ ਘਰ ਹੋਇਆ ਜੋ ਸਾਧਾਰਨ ਲੇਖਕ ਤੇ ਰੰਗਮੰਚ ਦਾ ਸ਼ੌਕੀਨ ਸੀ। ਪੀਟਰ ਨੂੰ ਰੰਗਮੰਚ ਦਾ ਸ਼ੌਕ ਆਕਸਫੋਰਡ ਦੀ ਆਪਣੀ ਪੜ੍ਹਾਈ ਦੌਰਾਨ ਹੋਇਆ। ਵੀਹ ਵਰ੍ਹਿਆਂ ਦੀ ਉਮਰ ਵਿਚ ਹੀ ਪੀਟਰ ਨੇ ਸਟੇਜ ’ਤੇ ਆਪਣਾ ਜਲਵਾ ਦਿਖਾ ਦਿੱਤਾ ਸੀ। ਬਰਮਿੰਘਮ ਦੇ ਰੈਪਰਟਰੀ ਥੀਏਟਰ ਨਾਲ ਰੌਇਲ ਸ਼ੇਕਸਪੀਅਰ ਕੰਪਨੀ ਤੋਂ ਲੈ ਕੇ ਬ੍ਰਿਟਿਸ਼ ਰੌਇਲ ਓਪੇਰਾ ਤੀਕ ਉਸ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
ਲੰਡਨ ਵਿਚ ਆਪਣੀ ਇਕ ਪੇਸ਼ਕਾਰੀ ਤੋਂ ਬਾਅਦ ਦਿੱਤੀ ਇੰਟਰਵਿਊ ਵਿਚ ਉਸ ਨੇ ਦੱਸਿਆ ਸੀ ਕਿ ਪੁਰਾਣੇ ਢੰਗ ਦੇ ਅਤੇ ਲੋਕਾਂ ਨੂੰ ਬੋਰੀਅਤ ਨਾਲ ਭਰਨ ਵਾਲੇ ਰੰਗਮੰਚ ਦਾ ਦੌਰ ਆਲਮੀ ਜੰਗ ਦੇ ਅੰਤ ਨਾਲ ਹੀ ਖ਼ਤਮ ਹੋ ਗਿਆ ਸੀ। ਹੁਣ ਨਵੀਆਂ ਸੰਭਾਵਨਾਵਾਂ ਤੇ ਨਵੇਂ ਯੁੱਗ ਦੀਆਂ ਅਰਥਪੂਰਨ ਚੁਣੌਤੀਆਂ ਵਾਲੇ ਰੰਗਮੰਚ ਦੀ ਜ਼ਰੂਰਤ ਹੈ।’’ ਬਾਅਦ ਦੇ ਸਾਡੇ ਸਮਿਆਂ ਵਿਚ ਅਸੀਂ ਵੇਖਦੇ ਹਾਂ ਕਿ ਉਸ ਨੇ ਅਜਿਹਾ ਕਰ ਕੇ ਵੀ ਵਿਖਾਇਆ।
ਪੀਟਰ ਬਰੁੱਕ ਨੇ ਲੰਡਨ ਤੇ ਨਿਊਯਾਰਕ ਵਿਚ ਕਈ ਐਸੇ ਨਾਟਕ ਵੀ ਖੇਡੇ ਜਿਨ੍ਹਾਂ ਨੇ ਰੰਗਮੰਚ ਦੀਆਂ ਰੂੜੀਆਂ ਨੂੰ ਤੋੜਿਆ ਤੇ ਨਵੀਂ ਪਛਾਣ ਬਣਾਈ। ਉਸ ਨੇ ਇਨ੍ਹਾਂ ਸ਼ਹਿਰਾਂ ਵਿਚ ਟੀ.ਐੱਸ. ਈਲੀਅਟ, ਆਰਥਰ ਮਿਲਰ ਦੀਆਂ ਰਚਨਾਵਾਂ ਨੂੰ ਵੀ ਆਧਾਰ ਬਣਾਇਆ। ਲੰਡਨ ਵਿਚ ਉਸ ਨੇ 1964 ਵਿਚ ਥੀਏਟਰ ਆਫ ਕਰੂਲਟੀ ਦੀ ਨੀਂਹ ਰੱਖੀ। ਆਪਣੀ ਪਤਨੀ ਨਤਾਸ਼ਾ ਪੈਰੀ ਨੂੰ ਲੈ ਕੇ ਵੀ ਉਸ ਨੇ ਕਈ ਨਾਟਕਾਂ ਦੀ ਪੇਸ਼ਕਾਰੀ ਕੀਤੀ।
‘ਏ ਮਿੱਡ ਸਮਰ ਨਾਈਟ’ ਵਰਗੇ ਨਾਟਕਾਂ ਨਾਲ ਉਸ ਨੇ 1970 ਵਿਚ ਅਜਿਹੀ ਧੁੰਮ ਪਾਈ ਕਿ ਅੱਜ ਉਸ ਦੇ ਅੰਦਾਜ਼ ਭਾਵ ਪੀਟਰ ਬਰੁੱਕ ਸ਼ੈਲੀ ਵਿਚ ਨਾਟਕ ਖੇਡੇ ਤੇ ਲਿਖੇ ਜਾ ਰਹੇ ਹਨ। ਰੰਗਮੰਚ ਦੇ ਖੇਤਰ ਵਿਚ ਪ੍ਰਸਿੱਧੀ ਹਾਸਲ ਹੋਣ ਦੇ ਦੌਰ ਵਿਚ ਹੀ ਪੀਟਰ ਨੇ ਫਿਲਮੀ ਖੇਤਰ ਵਿਚ ਵੀ ਆਪਣੀ ਪਛਾਣ ਬਣਾ ਲਈ ਸੀ। ਉਸ ਨੇ 1970 ਵਿਚ ਸੈਂਟਰ ਆਫ ਥੀਏਟਰ ਰਿਸਰਚ ਦੀ ਨੀਂਹ ਰੱਖੀ।
‘ਦਿ ਕਾਨਫਰੰਸ ਆਫ ਦਿ ਬਰਡਜ਼’ ਨਾਂ ਦੀ ਫ਼ਾਰਸੀ ਕਵਿਤਾ ਦੇ ਆਧਾਰ ’ਤੇ ਵੀ ਉਸ ਨੇ ਆਸਟਰੇਲੀਆ ਵਿਚ ਰੰਗਮੰਚ ’ਤੇ ਤਜਰਬਾ ਕੀਤਾ ਕਿ ਰੌਸ਼ਨੀ ਤੇ ਆਵਾਜ਼ ਦੇ ਪ੍ਰਭਾਵ ਨੂੰ ਅੰਤਰਮਨ ਵਿਚ ਉਤਾਰ ਕੇ ਮਾਨਵੀ ਭਾਵਨਾਵਾਂ ਤੇ ਸਰੋਕਾਰਾਂ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ। ਇਹ ਆਪਣੇ ਆਪ ਵਿਚ ਹੀ ਇਕ ਵੱਡੀ ਪ੍ਰਤਿਭਾ ਦੀ ਕਹਾਣੀ ਹੈ ਜਿਸ ਦਾ ਸਿਖ਼ਰ ਪੀਟਰ ਬਰੁੱਕ ਖ਼ੁਦ ਹੋ ਨਿਬੜਿਆ ਸੀ। 1988 ਵਿਚ ਉਸ ਨੇ ‘ਮਹਾਂਭਾਰਤ’ ਵਰਗਾ ਲੜੀਵਾਰ ਨਾਟਕ ਗਲਾਸਗੋ ਸਟੇਜ ’ਤੇ ਕੀਤਾ ਤੇ ਭਾਰਤੀਆਂ ਦੀ ਰੂਹ ਤੀਕ ਉਤਰ ਗਿਆ। ਆਪਣੇ ਜੀਵਨ ਦੇ ਅੰਤ ਤੀਕ ਫਿਲਮਾਂ, ਸਟੇਜ ਤੇ ਕਿਤਾਬਾਂ ਨੂੰ ਪ੍ਰਣਾਇਆ ਪੀਟਰ ਬਰੁੱਕ ਚਲਦਾ ਫਿਰਦਾ ਥੀਏਟਰ ਐਨਸਾਈਕਲੋਪੀਡੀਆ ਬਣ ਗਿਆ ਸੀ। ਆਪਣੀਆਂ ਪ੍ਰਾਪਤੀਆਂ ਸਦਕਾ ਉਸ ਨੂੰ ਦੁਨੀਆ ਦੇ ਵੱਡੇ ਐਵਾਰਡ ਮਿਲੇ, ਜਿਨ੍ਹਾਂ ਵਿਚ ਫਰਾਂਸ ਦਾ 1970 ’ਚ ਫਿਲਮ ਡਾਇਰੈਕਟਰ ਤੇ ਥੀਏਟਰ ਐਵਾਰਡ, 1970 ’ਚ ਹੀ ਐਮੀ ਅਵਾਰਡ, ਲਾਰੈਂਸ ਓਲੀਵਰ ਐਵਾਰਡ, ਜਾਪਾਨ ਤੋਂ ਇੰਪੀਰੀਅਲ ਐਵਾਰਡ ਸ਼ਾਮਲ ਹਨ। ਭਾਰਤ ਸਰਕਾਰ ਨੇ 2021 ਵਿਚ ਉਸ ਨੂੰ ਪਦਮ ਸ੍ਰੀ ਦਾ ਖਿਤਾਬ ਦਿੱਤਾ। ਇਹ ਮਿਲਣ ਤੋਂ ਬਾਅਦ ਪੀਟਰ ਨੇ ਕਿਹਾ ਸੀ ਕਿ ਇਹ ਮਹਾਂਭਾਰਤ ਦੀ ਯਾਦ ਦਿਵਾਉਂਦਾ ਰਹੇਗਾ।
ਉਸ ਦੇ ਹੋਰ ਪ੍ਰਸਿੱਧ ਨਾਟਕਾਂ ਵਿਚ ਹੈਮਲਿਟ, ਪ੍ਰਿੰਸ ਆਫ ਡੈਨਮਾਰਕ, ਲਵ ਇਜ਼ ਮਾਈ ਸਿਨ ਆਦਿ ਸ਼ੁਮਾਰ ਹਨ। ਉਸ ਦੀਆਂ ਫਿਲਮਾਂ ਵਿਚੋਂ ਟੈਲ ਮੀ ਲਾਈ, ਕਿੰਗ ਲੀਅਰ, ਮਹਾਂਭਾਰਤ, ਦਸਤਾਵੇਜ਼ੀ ਫਿਲਮ ‘ਦਿ ਟਾਇਟਰੋਪ’ ਬੇਹੱਦ ਪ੍ਰਸਿੱਧ ਹੋਈਆਂ।
ਆਪਣੀ ਨਿੱਜੀ ਜਿ਼ੰਦਗੀ ’ਚ ਅਦਾਕਾਰ ਪਤਨੀ ਨਤਾਸ਼ਾ ਪੈਰੀ ਨਾਲ ਉਸ ਨੇ ਇਸ਼ਕ ਤੋਂ ਲੈ ਕੇ ਸਟੇਜ ਤੀਕ ਦੋਸਤੀ ਨਿਭਾਈ, ਜਿਸ ਦਾ 2015 ’ਚ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਬੱਚੇ ਧੀ ਇਰੀਨਾ ਤੇ ਪੁੱਤਰ ਸਾਈਮਨ ਪੈਰਿਸ ਵਿਚ ਰੰਗਮੰਚ ਤੇ ਫਿਲਮਾਂ ਨਾਲ ਜੁੜੇ ਹੋਏ ਹਨ।
ਫਿਲਮਾਂ ਤੇ ਸਟੇਜ ਦਾ ਬਾਦਸ਼ਾਹ ਅਤੇ ਸਾਡੇ ਸਮਿਆਂ ਵਿਚ ਨਵੇਂ ਬਹੁ-ਭਾਂਤੀ ਤਜਰਬਿਆਂ ਨਾਲ ਮਾਨਵੀ ਸਰੋਕਾਰਾਂ ਦੀ ਗੱਲ ਸਟੇਜ ’ਤੇ ਕਰਨ ਵਾਲਾ ਦਿੱਗਜ ਵਿਦਾ ਹੋ ਗਿਆ ਹੈ ਤਾਂ ਰੰਗਮੰਚ ਸੱਖਣਾ ਹੋ ਗਿਆ ਜਾਪਦਾ ਹੈ। ਪੀਟਰ ਬਰੁੱਕ ਹਮੇਸ਼ਾ ਸਾਡਿਆਂ ਚੇਤਿਆਂ ਵਿਚ ਜਿ਼ੰਦਾ ਰਹੇਗਾ। ਉਹ ਦੁਨੀਆ ਦੀ ਸਟੇਜ ਦਾ ਮਹਾਂਨਾਇਕ ਸੀ।