ਦਲਜੀਤ ਅਮੀ
ਫੋਨ: 91-97811-21873
ਦੋ ਹਫ਼ਤੇ ਪਹਿਲਾਂ ਡਾæ ਨਰਿੰਦਰ ਦਬਹੋਲਕਰ ਨੇ ਪੁਣੇ ਵਿਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਦੀ ਨਿਖੇਧੀ ਕੀਤੀ ਸੀ ਕਿ ਉਹ ਅੰਧ-ਵਿਸ਼ਵਾਸ ਖ਼ਿਲਾਫ਼ ਬਿੱਲ ਦਾ ਖਰੜਾ ਵਿਧਾਨ ਸਭਾ ਵਿਚ ਪੇਸ਼ ਕਿਉਂ ਨਹੀਂ ਕਰਦੇ। ਵੀਹ ਅਗਸਤ ਨੂੰ ਸਵੇਰੇ ਡਾæ ਦਬਹੋਲਕਰ (ਪਹਿਲੀ ਨਵੰਬਰ 1945-20 ਅਗਸਤ 2013) ਦਾ ਕਤਲ ਕਰ ਦਿੱਤਾ ਗਿਆ ਤਾਂ ਪ੍ਰਿਥਵੀਰਾਜ ਚੌਹਾਨ ਨੇ ਉਨ੍ਹਾਂ ਦੇ ਕਤਲ ਦੀ ਤੁਲਨਾ ਮਹਾਤਮਾ ਗਾਂਧੀ ਦੇ ਕਤਲ ਨਾਲ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ। ਆਖ਼ਰ ਇਹ ਡਾæ ਦਬਹੋਲਕਰ ਕੌਣ ਹੈ ਜਿਸ ਦੇ ਕਤਲ ਨੂੰ ਕਾਂਗਰਸੀ ਮੁੱਖ ਮੰਤਰੀ, ਮਹਾਤਮਾ ਗਾਂਧੀ ਦੇ ਕਤਲ ਨਾਲ ਮੇਲ ਕੇ ਪੇਸ਼ ਕਰ ਰਿਹਾ ਹੈ? ਜੇ ਡਾæ ਦਬਹੋਲਕਰ ਦੀ ਹੋਣੀ ਮਹਾਤਮਾ ਗਾਂਧੀ ਨਾਲ ਮੇਲ ਖਾਂਦੀ ਹੈ ਤਾਂ ਨੱਥੂਰਾਮ ਗੌਂਡਸੇ ਦੇ ਵਾਰਸ ਕੌਣ ਹਨ? ਕੁਝ ਦਿਨ ਪਹਿਲਾਂ ਹੀ ਡਾæ ਦਬਹੋਲਕਰ ਦੀ ਨਿਖੇਧੀ ਦਾ ਨਿਸ਼ਾਨਾ ਬਣੇ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ ਦਾ ਗੌਂਡਸੇ ਦੇ ਵਾਰਸਾਂ ਨਾਲ ਕੀ ਰਿਸ਼ਤਾ ਹੈ? ਡਾæ ਦਬਹੋਲਕਰ ਤਕਰਸ਼ੀਲ ਲਹਿਰ ਦੇ ਪਹਿਲੀ ਸਫ਼ ਦੇ ਆਗੂਆਂ ਵਿਚ ਸ਼ੁਮਾਰ ਸਨ। ਉਨ੍ਹਾਂ ਦੇ ਕਤਲ ਤੋਂ ਬਾਅਦ ਮਹਾਂਰਾਸ਼ਟਰ ਸਰਕਾਰ ਨੇ 1995 ਤੋਂ ਲਟਕਦਾ ਆ ਰਿਹਾ Ḕਅੰਧ-ਵਿਸ਼ਵਾਸ ਅਤੇ ਜਾਦੂ ਟੂਣਾ ਵਿਰੋਧੀ ਬਿੱਲ’ ਆਰਡੀਨੈਂਸ ਵਜੋਂ ਲਾਗੂ ਕਰ ਦਿੱਤਾ।
ਡਾæ ਦਬਹੋਲਕਰ ਦਾ ਕਤਲ ਮੌਜੂਦਾ ਦੌਰ ਵਿਚ ਵਿਗਿਆਨਕ ਸੋਚ ਦੇ ਪਸਾਰੇ ਅਤੇ ਇਸ ਦੀ ਅਹਿਮੀਅਤ ਦਾ ਅੰਦਾਜ਼ਾ ਲਗਾਉਣ ਦਾ ਪੁਰ-ਜ਼ੋਰ ਸੱਦਾ ਹੈ। ਹੁਣ ਇਹ ਵੇਖਣਾ ਬਣਦਾ ਹੈ ਕਿ ਵਿਗਿਆਨ ਦੀਆਂ ਕਾਢਾਂ ਦਾ ਆਨੰਦ ਮਾਣ ਰਹੇ ਸਮਾਜ ਵਿਚ ਵਿਗਿਆਨਕ ਸੋਚ ਇੰਨੀ ਖ਼ਤਰਨਾਕ ਕਿਉਂ ਮੰਨੀ ਜਾ ਰਹੀ ਹੈ? ਇਸ ਨਾਲ ਦਲੀਲ ਰਾਹੀਂ ਸੰਵਾਦ ਕਰਨ ਦੀ ਥਾਂ, ਇਸ ਨੂੰ ਤਾਕਤ ਨਾਲ ਚੁੱਪ ਕਰਵਾਉਣ ਦੀ ਲੋੜ ਕਿਉਂ ਪੈਂਦੀ ਹੈ? ਵਿਗਿਆਨ ਅਤੇ ਵਿਸ਼ਵਾਸ ਵਿਚਲਾ ਸੰਘਰਸ਼ ਅਜ਼ਲਾਂ ਤੋਂ ਚੱਲਦਾ ਆ ਰਿਹਾ ਹੈ। ਦਲੀਲ ਅਤੇ ਅੰਧ-ਵਿਸ਼ਵਾਸ ਵਿਚਲਾ ਸੰਘਰਸ਼ ਲਗਾਤਾਰ ਸਰਕਾਰ ਅਤੇ ਚਰਚ ਦੀ ਸਰਪ੍ਰਸਤੀ ਨਾਲ ਖ਼ੂਨੀ ਰੂਪ ਧਾਰਦਾ ਰਿਹਾ ਹੈ। ਜਦੋਂ ਰੱਬ ਦੀ ਹੋਂਦ ਉੱਤੇ ਕੀਤੇ ਸਵਾਲ ਨੂੰ ਧਰਮ ਜਾਂ ਮੁਲਕ ਦੀ ਪਛਾਣ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਤਾਂ ਇਸ ਜਮ੍ਹਾਂਜੋੜ ਦੇ ਫਾਲਿਆਂ ਤੋਂ ਤਿੱਖੇ ਦੰਦ, ਜਗਿਆਸਾ ਨੂੰ ਜਾਪ ਵਿਚ ਤਬਦੀਲ ਕਰਨ ਦਾ ਤਰੱਦਦ ਕਰਦੇ ਰਹੇ ਹਨ। ਸੁਕਰਾਤ ਤੋਂ ਗੈਲੀਲੀਓ ਅਤੇ ਕੌਪਰਨਿਕਸ ਤੱਕ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ।
ਗਿਆਨ ਅਤੇ ਵਿਗਿਆਨ ਵਿਚ ਸਵਾਲਾਂ ਨਾਲ ਵਾਧਾ ਹੁੰਦਾ ਹੈ। ਗਿਆਨ-ਵਿਗਿਆਨ ਦਾ ਤਤਕਾਲੀ ਭੰਡਾਰ ਸਵਾਲਾਂ ਨੂੰ ਜਨਮ ਦਿੰਦਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬਾਂ ਵਿਚ ਨਵਾਂ ਗਿਆਨ-ਵਿਗਿਆਨ ਉਪਜਦਾ ਹੈ। ਇਹੋ ਧਾਰਨਾ ਫਲਸਫੇ ਉੱਤੇ ਲਾਗੂ ਹੁੰਦੀ ਹੈ। ਰੋਜ਼ਮਰਾ ਜ਼ਿੰਦਗੀ ਵਿਚ ਇਹੋ ਧਾਰਨਾ ਕੰਮ ਕਰਦੀ ਹੈ। ਤਜਰਬੇ ਅਤੇ ਨਾ-ਕਾਮਯਾਬੀਆਂ ਤੋਂ ਸਿੱਖ ਕੇ ਛੋਟੀਆਂ-ਵੱਡੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਂਦੀਆਂ ਹਨ। ਗਿਆਨ-ਵਿਗਿਆਨ ਨੇ ਮਨੁੱਖ ਦੀ ਜ਼ਿੰਦਗੀ ਨੂੰ ਸਹਿਲ ਬਣਾਇਆ ਹੈ ਜਿਸ ਨੂੰ ਅਪਣਾਉਣ ਵਿਚ ਸ਼ੁਰੂਆਤੀ ਸੰਕੋਚ ਤੋਂ ਜ਼ਿਆਦਾ ਵਿਰੋਧ ਨਹੀਂ ਹੋਇਆ। ਗਿਆਨ ਦੀ ਘਾਟ ਕਾਰਨ ਪੈਦਾ ਹੋਈਆਂ ਮਿੱਥਾਂ ਅਤੇ ਧਾਰਨਾਵਾਂ ਦੁਆਲੇ ਰੀਤ-ਰਿਵਾਜ਼ ਅਤੇ ਧਰਮ ਦਾ ਬਹੁਤ ਕੁਝ ਉਸਰਿਆ ਹੈ। ਇਸ ਲਈ ਜਦੋਂ ਵਿਗਿਆਨ ਧਰਤੀ ਦੇ ਗੋਲ ਹੋਣ ਅਤੇ ਇਸ ਦੇ ਸੂਰਜ ਦੁਆਲੇ ਹੋਣ ਦਾ ਸਬੂਤ ਪੇਸ਼ ਕਰਦਾ ਹੈ ਤਾਂ ਅੰਜ਼ੀਲ ਵਿਚ ਦਰਜ ਧਾਰਮਿਕ ਫਲਸਫਾ ਸਵਾਲ ਦੇ ਘੇਰੇ ਵਿਚ ਆਉਂਦਾ ਹੈ। ਅੰਜ਼ੀਲ, ਧਰਮ ਅਤੇ ਚਰਚ ਹੀ ਜ਼ਿੰਦਗੀ ਦਾ ਕੇਂਦਰ ਸਮਝੇ ਜਾਂਦੇ ਸਨ ਪਰ ਹੁਣ ਤਾਂ ਧਰਤੀ ਦਾ ਕੇਂਦਰ ਹੋਣਾ ਵੀ ਸਵਾਲਾਂ ਦੇ ਘੇਰੇ ਵਿਚ ਸੀ। ਕੌਪਰਨਿਕਸ ਤੋਂ ਬਾਅਦ ਗੈਲੀਲੀਓ ਦਾ ਚਰਚ ਨੇ ਜ਼ਬਰਦਸਤ ਵਿਰੋਧ ਕੀਤਾ, ਪਰ ਧਰਤੀ ਨੇ ਗੋਲ ਹੀ ਰਹਿਣਾ ਸੀ ਅਤੇ ਸੂਰਜ ਦੁਆਲੇ ਹੀ ਘੁੰਮਣਾ ਸੀ।
ਡਾæ ਨਰਿੰਦਰ ਦਬਹੋਲਕਰ ਦੇ ਸ਼ਰਧਾਜਲੀ ਲੇਖ ਵਿਚ ਐਲਨ ਬੈਰੀ ਨੇ Ḕਨਿਊਯਾਰਕ ਟਾਈਮਜ਼Ḕ ਵਿਚ ਲਿਖਿਆ ਹੈ, “ਡਾæ ਦਬਹੋਲਕਰ ਦਾ ਕਤਲ ਹਜ਼ਾਰਾਂ ਸਾਲਾਂ ਤੋਂ ਪੁਰਾਤਨਪੰਥੀਆਂ ਅਤੇ ਸੁਧਾਰਕਾਂ ਵਿਚ ਚਲਦੀ ਕੁਸ਼ਤੀ ਵਿਚ ਸੱਜਰਾ ਵਾਕਾ ਹੈ। ਜਦੋਂ ਜਾਸੂਸਾਂ ਨੇ ਡਾæ ਦਬਹੋਲਕਰ ਦੇ ਦੁਸ਼ਮਣਾਂ ਦੀ ਫਿਹਰਿਸਤ ਬਣਾਉਣੀ ਸ਼ੁਰੂ ਕੀਤੀ, ਤਾਂ ਇਹ ਬਹੁਤ ਲੰਮੀ ਨਿਕਲੀ। ਉਸ ਨੂੰ ਹਿੰਦੂ ਮੂਲਵਾਦੀ ਜਥੇਬੰਦੀਆਂ ਦੀਆਂ ਧਮਕੀਆਂ ਮਿਲੀਆਂ ਸਨ। ਉਸ ਉੱਤੇ ਚਮਤਕਾਰੀ ਬਾਬਿਆਂ ਦੇ ਗੁੱਸੇ ਵਿਚ ਆਏ ਸ਼ਰਧਾਲੂਆਂ ਨੇ ਹਮਲੇ ਕੀਤੇ ਸਨ। ਉਹ ਜਾਟ ਪੰਚਾਇਤੀ ਦੇ ਗ਼ਲਬੇ ਨੂੰ ਸਵਾਲ ਕਰਨ ਕਾਰਨ ਉਨ੍ਹਾਂ ਦੇ ਨਿਸ਼ਾਨੇ ਉੱਤੇ ਸੀ। ਸੂਬਾ ਸਰਕਾਰ ਉਸ ਦੀ ਪਹਿਲਕਦਮੀ ਵਾਲੇ ਬਿੱਲ ਉੱਤੇ ਚੌਦਾਂ ਸਾਲਾਂ ਤੋਂ ਵਿਚਾਰ ਕਰ ਰਹੀ ਸੀ ਜਿਸ ਤਹਿਤ ਪਸ਼ੂਆਂ ਦੀ ਬਲੀ, ਸੱਪ ਦੇ ਡੰਗੇ ਦਾ ਚਮਤਕਾਰੀ ਇਲਾਜ ਅਤੇ ਜਾਦੂ-ਟੋਣੇ ਵਾਲੇ ਨਗਾਂ ਦੀ ਵਿਕਰੀ ਉੱਤੇ ਪਾਬੰਦੀ ਲੱਗਣੀ ਸੀ।” ਜਦੋਂ ਸਥਾਪਿਤ ਮੱਠਾਂ ਹੇਠਲੀ ਜ਼ਮੀਨ ਦੀ ਦਲੀਲ ਥੋਥੀ ਪੈਂਦੀ ਹੈ ਤਾਂ ਉਨ੍ਹਾਂ ਨੂੰ ਤਕਲੀਫ਼ ਹੁੰਦੀ ਹੈ। ਮੌਜੂਦਾ ਦੌਰ ਵਿਚ ਬਹੁਤ ਸਾਰੇ ਚਮਤਕਾਰੀ ਬਾਬਿਆਂ ਅਤੇ ਮਾਤਾਵਾਂ ਦੇ ਵੱਡੇ ਕਾਰੋਬਾਰ ਅਗਿਆਨਤਾ ਕਾਰਨ ਚੱਲਦੇ ਹਨ। ਉਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਪਸਾਰੇ ਲਈ ਅਗਿਆਨਤਾ ਚਾਹੀਦੀ ਹੈ। ਇਸ ਪਸਾਰੇ ਵਿਚ ਸਿਆਸਤਦਾਨਾਂ ਦੇ ਹਿੱਤ ਹਨ ਅਤੇ ਹਰ ਉਸ ਮੁਨਾਫ਼ਾਖੋਰ ਦਾ ਹਿੱਤ ਹੈ ਜਿਸ ਨੂੰ ਅਗਿਆਨਤਾ ਰਾਸ ਆਉਂਦੀ ਹੈ। ਇਸੇ ਲਈ ਵਿਗਿਆਨ ਜਾਂ ਵਿਗਿਆਨੀਆਂ ਦੀ ਥਾਂ ਵਿਗਿਆਨਕ ਸੋਚ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ।
ਮੌਜੂਦਾ ਵਿਗਿਆਨਕ ਸੋਚ ਸਵਾਲ ਕਰ ਰਹੀ ਹੈ ਕਿ ਅਕਾਲ, ਸੋਕਿਆਂ, ਹੜ੍ਹਾਂ ਅਤੇ ਕੁਦਰਤੀ ਆਫ਼ਤਾਂ ਦੀ ਮਾਰ ਮਨੁੱਖੀ ਅਣਗਹਿਲੀ ਹੈ। ਇਹ ਸਵਾਲ ਕਰ ਰਹੀ ਹੈ ਕਿ ਜਿਸ ਧਾਰਨਾ ਦੀ ਤਸਦੀਕ ਲਈ ਸਬੂਤ ਅਤੇ ਵਾਰ-ਵਾਰ ਕੀਤਾ ਤਜਰਬਾ ਨਹੀਂ ਹੈ, ਉਸ ਨੂੰ ਵਿਗਿਆਨ ਨਹੀਂ ਮੰਨਿਆ ਜਾ ਸਕਦਾ। ਚਮਤਕਾਰ ਇਸੇ ਘੇਰੇ ਵਿਚ ਆਉਂਦਾ ਹੈ। ਧਰਮ ਦੀ ਆੜ ਵਿਚ ਉਸਰੇ ਬਾਬਿਆਂ ਅਤੇ ਮਾਤਾਵਾਂ ਦੇ ਮੱਠ ਦਾਅਵਾ ਕਰਦੇ ਹਨ ਕਿ ਉਹ ਚਮਤਕਾਰ ਕਰ ਸਕਦੇ ਹਨ। ਨਤੀਜੇ ਵਜੋਂ ਸ਼ਰਧਾ ਵੱਡਾ ਕਾਰੋਬਾਰ ਬਣਦੀ ਹੈ ਅਤੇ ਪਹਿਲਾਂ ਹੀ ਮੁਸ਼ਕਿਲਾਂ ਵਿਚ ਘਿਰਿਆ ਮਨੁੱਖ ਉਨ੍ਹਾਂ ਨੂੰ ਹੋਣੀ ਪ੍ਰਵਾਨ ਕਰ ਲੈਂਦਾ ਹੈ। ਵਿਗਿਆਨਕ ਸੋਚ ਦੇ ਧਾਰਨੀ ਉਨ੍ਹਾਂ ਚਮਤਕਾਰਾਂ ਪਿੱਛੇ ਲੁਕੀਆਂ ਵਿਗਿਆਨਕ ਧਾਰਨਾਵਾਂ ਰਾਹੀਂ ਸਾਬਤ ਕਰਦੇ ਹਨ ਕਿ ਇਹ ਚਮਤਕਾਰ ਕੋਈ ਵੀ ਕਰ ਸਕਦਾ ਹੈ, ਜਾਂ ਸਾਹਮਣੇ ਵਾਲਾ ਤੁਹਾਨੂੰ ਧੋਖਾ ਕਿਵੇਂ ਦੇ ਰਿਹਾ ਹੈ। ਇਸ ਹਾਲਤ ਵਿਚ ਮਨੁੱਖ ਆਪਣੀ ਹੋਣੀ ਨੂੰ ਬਦਲਣ ਦਾ ਸਵਾਲ ਕਰੇਗਾ ਤਾਂ ਰਾਜਤੰਤਰ ਨੂੰ ਵੀ ਮੁਸ਼ਕਿਲ ਆਵੇਗੀ। ਇਸੇ ਕਰ ਕੇ ਇਹ ਕਾਰੋਬਾਰ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਚੱਲ ਸਕਦਾ। ਅਸੀਂ ਖ਼ਬਰਾਂ ਪੜ੍ਹਦੇ-ਸੁਣਦੇ ਹਾਂ ਕਿ ਕਿਸ ਬਾਬੇ ਦੀ ਸਿਫ਼ਾਰਿਸ਼ ਨਾਲ ਕੌਣ ਮੰਤਰੀ ਬਣਿਆ; ਕਿਸ ਦੀ ਸਿਫ਼ਾਰਿਸ਼ ਨਾਲ ਕਿਸ ਦੀ ਤਰੱਕੀ ਹੋਈ ਅਤੇ ਕਿਸ ਨੂੰ ਠੇਕੇ ਮਿਲੇ। ਜਦੋਂ ਚਮਤਕਾਰ ਸਵਾਲ ਦੇ ਘੇਰੇ ਵਿਚ ਆਉਂਦਾ ਹੈ ਤਾਂ ਇਸ ਸਮੁੱਚੇ ਕਾਰੋਬਾਰ ਉੱਤੇ ਸਵਾਲ ਹੁੰਦਾ ਹੈ। ਇਹ ਸਵਾਲ ਸਿਰਫ਼ ਵਿਗਿਆਨ ਦੀ ਖੋਜ, ਧਾਰਨਾਵਾਂ ਅਤੇ ਵਿਗਿਆਨਕ ਯੰਤਰਾਂ ਤੱਕ ਮਹਿਦੂਦ ਨਹੀਂ ਰਹਿੰਦਾ, ਸਗੋਂ ਜ਼ਿੰਦਗੀ ਦੀ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਪੱਖਾਂ ਉੱਤੇ ਵੀ ਲਾਗੂ ਹੁੰਦਾ ਹੈ। ਇਹ ਸਵਾਲੀਆ ਬਿਰਤੀ ਵਿਗਿਆਨਕ ਸੋਚ ਹੈ ਜੋ ਫਾਲਿਆਂ ਤੋਂ ਤਿੱਖੇ ਦੰਦਾਂ ਦਾ ਖ਼ੂੰਖ਼ਾਰ ਖ਼ਾਸਾ ਸਾਹਮਣੇ ਲਿਆਉਂਦੀ ਹੈ। ਚਮਤਕਾਰੀ ਬਾਬਿਆਂ, ਮਾਤਾਵਾਂ ਅਤੇ ਸ਼ਰਧਾ ਨਾਲ ਜੁੜੇ ਰੀਤ-ਰਿਵਾਜ਼ ਦੁਆਲੇ ਵਿਗਿਆਨਕ ਸੋਚ ਦੀ ਘੇਰਾਬੰਦੀ ਕੀਤੀ ਜਾਂਦੀ ਹੈ, ਕਿਉਂਕਿ ਸ਼ਰਧਾ ਦੇ ਘੇਰਿਆਂ ਵਿਚ ਨਫ਼ਰਤ ਫੈਲਾਉਣੀ ਅਤੇ ਸਵਾਲ ਕਰਨ ਵਾਲੀ ਧਿਰ ਨੂੰ ਨਿਸ਼ਾਨੇ ਉੱਤੇ ਲਿਆਉਣਾ ਸੁਖਾਲਾ ਹੁੰਦਾ ਹੈ। ਡਾæ ਨਰਿੰਦਰ ਦਬਹੋਲਕਰ ਬਾਰੇ ਐਲਨ ਬੈਰੀ ਅੱਗੇ ਲਿਖਦੀ ਹੈ, “ਉਹ ਕਈ ਮੁਹਾਜ਼ਾਂ ਉੱਤੇ ਸਰਗਰਮ ਸੀ ਜਿਨ੍ਹਾਂ ਵਿਚ ਚੌਗਿਰਦੇ ਤੋਂ ਲੈ ਕੇ ਔਰਤਾਂ ਦੇ ਮਸਲੇ ਸ਼ਾਮਿਲ ਸਨ, ਪਰ ਸਭ ਤੋਂ ਜ਼ਿਆਦਾ ਚਰਚਾ ਚਮਤਕਾਰੀ ਬਾਬਿਆਂ ਦਾ ਪਰਦਾ ਚਾਕ ਵਾਲੀ ਮੁਹਿੰਮ ਦੀ ਹੋਈ।”
ਦਸ ਭੈਣਾਂ-ਭਾਈਆਂ ਦਾ ਸਭ ਤੋਂ ਛੋਟਾ ਡਾæ ਨਰਿੰਦਰ ਦਬਹੋਲਕਰ ਡਾਕਟਰੀ ਪੜ੍ਹਿਆ ਸੀ ਅਤੇ ਉਹ 12 ਸਾਲ ਡਾਕਟਰੀ ਕਰਨ ਤੋਂ ਬਾਅਦ ਸਮਾਜਕ ਕਾਰਕੁਨ ਬਣਿਆ, ਸਮਾਜਕ ਇਨਸਾਫ਼ ਦੀਆਂ ਲਹਿਰਾਂ ਨਾਲ ਜੁੜਿਆ। ਬਾਬਾ ਅਧਹਾਵੇ ਦੀ ਅਗਵਾਈ ਵਿਚ ਚੱਲ ਰਹੀ Ḕਇੱਕ ਪਿੰਡ-ਇੱਕ ਖੂਹ’ ਮੁਹਿੰਮ ਨਾਲ ਜੁੜਿਆ। ਇਸ ਮੁਹਿੰਮ ਵਿਚ ਮਨੁੱਖ ਨੂੰ ਬਰਾਬਰੀ ਦਾ ਰੁਤਬਾ ਦਿੱਤਾ ਗਿਆ ਸੀ ਅਤੇ ਛੂਤ-ਛਾਤ ਦਾ ਵਿਰੋਧ ਸੀ। ਬਾਬਾ ਅੰਬੇਦਕਰ ਦੇ ਵਿਚਾਰ ਮੁਤਾਬਕ ਇਹ ਮੁਹਿੰਮ ਪਾਣੀ ਉੱਤੇ ਮਨੁੱਖੀ ਹਕੂਕ ਦੀ ਤਰਜਮਾਨੀ ਕਰਦੀ ਸੀ। ਮੁਹਿੰਮ ਪਿੱਛੇ ਡਾæ ਅੰਬੇਦਕਰ ਦੀ ਅਗਵਾਈ ਵਿਚ 1927 ਦੌਰਾਨ ਪਾਣੀ ਲਈ ਲੜੇ ਗਏ ਸੰਘਰਸ਼ਾਂ ਦਾ ਇਤਿਹਾਸ ਸੀ। ਜਾਤੀ ਤੋੜਨ ਅਤੇ ਬਰਾਬਰ ਸਮਾਜਕ ਰੁਤਬੇ ਦੀ ਲੜਾਈ ਦਾ ਬਾਨਣੂੰ ਖੂਹ ਦੁਆਲੇ ਬੰਨ੍ਹਿਆ ਜਾ ਰਿਹਾ ਸੀ ਜੋ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਸੀ। ਇਸ ਦਲੀਲ ਦਾ ਆਪਣਾ ਸਮਾਜ ਸ਼ਾਸਤਰ ਹੈ ਅਤੇ ਵਿਗਿਆਨ ਵੀ: ਮਨੁੱਖ ਬਰਾਬਰ ਹੈ ਅਤੇ ਪਾਣੀ ਕਿਸੇ ਦੇ ਹੱਥ ਲਗਾਉਣ ਨਾਲ ਭਿੱਟਿਆ ਨਹੀਂ ਜਾਂਦਾ। ਇਸੇ ਦਲੀਲ ਦਾ ਪਸਾਰਾ ਡਾæ ਦਬਹੋਲਕਰ ਨੂੰ ਔਰਤਾਂ ਨੂੰ ਮੰਦਿਰਾਂ ਵਿਚ ਜਾ ਕੇ ਪੂਜਾ-ਪਾਠ ਦਾ ਹੱਕ ਦਿਵਾਉਣ ਵਾਲੀ ਮੁਹਿੰਮ ਦਾ ਹਿੱਸਾ ਬਣਾਉਂਦਾ ਹੈ। ਬਰਾਬਰ ਦੇ ਮਨੁੱਖ ਵਜੋਂ ਔਰਤ ਮੰਦਿਰਾਂ ਵਿਚ ਕਿਉਂ ਨਹੀਂ ਜਾ ਸਕਦੀ? ਡਾæ ਦਬਹੋਲਕਰ ਦਾ ਵੱਡਾ ਭਰਾ ਸਮਾਜਵਾਦੀ-ਗਾਂਧੀਵਾਦੀ ਸਿੱਖਿਆ-ਸ਼ਾਸਤਰੀ ਦੇਵਦੱਤਾ ਦਬਹੋਲਕਰ ਸੀ ਜੋ ਬਾਅਦ ਵਿਚ ਪੁਣੇ ਯੂਨੀਵਰਸਿਟੀ ਦਾ ਉਪ-ਕੁਲਪਤੀ ਬਣਿਆ। ਉਨ੍ਹਾਂ ਦਾ ਵਿਚਾਰਧਾਰਕ ਅਸਰ ਡਾæ ਨਰਿੰਦਰ ਦਬਹੋਲਕਰ ਉੱਤੇ ਵੀ ਹੋਇਆ। ਵਿਦਿਆਰਥੀ ਵਜੋਂ ਨਰਿੰਦਰ ਸ਼ਿਵਾਜੀ ਯੂਨੀਵਰਸਿਟੀ ਦੀ ਕਬੱਡੀ ਟੀਮ ਵਿਚ ਖੇਡਿਆ। ਬੰਗਲਾ ਦੇਸ਼ ਖ਼ਿਲਾਫ਼ ਭਾਰਤ ਦੀ ਨੁਮਾਇੰਦਗੀ ਕੀਤੀ। ਸੂਬਾ ਸਰਕਾਰ ਨੇ ਉਸ ਨੂੰ ਸ਼ਿਵਾਜੀ ਛਤਰਾਪਤੀ ਯੁਵਾ ਐਵਾਰਡ ਨਾਲ ਸਨਮਾਨਿਤ ਕੀਤਾ।
ਹੌਲੀ-ਹੌਲੀ ਉਸ ਦੀ ਬਿਰਤੀ ਅੰਧ-ਵਿਸ਼ਵਾਸ ਵਿਰੋਧੀ ਮੁਹਿੰਮ ਨਾਲ ਵਧੇਰੇ ਜੁੜਦੀ ਗਈ। ਉਹ ਅਖਿਲ ਭਾਰਤੀ ਅੰਧ-ਸ਼ਰਧਾ ਨਿਰਮੂਲਨ ਸਮਿਤੀ ਨਾਲ ਜੁੜ ਗਿਆ। ਬਾਅਦ ਵਿਚ ਡਾæ ਨਰਿੰਦਰ ਦਬਹੋਲਕਰ ਨੇ 1989 ਵਿਚ ਮਹਾਂਰਾਸ਼ਟਰ ਅੰਧ-ਸ਼ਰਧਾ ਨਿਰਮੂਲਨ ਸਮਿਤੀ ਬਣਾਈ। ਚਮਤਕਾਰਾਂ, ਤਾਂਤਰਿਕਾਂ ਦਾ ਵਿਰੋਧ ਕਰਦੇ ਹੋਏ ਸਤਾਰਾ ਵਿਚ ਮਨੋਰੋਗੀਆਂ ਅਤੇ ਅੰਧ-ਸ਼ਰਧਾ ਦਾ ਸ਼ਿਕਾਰ ਮਰੀਜ਼ਾਂ ਲਈ Ḕਪਰਿਵਰਤਨ’ ਨਾਮ ਦਾ ਮੁੜ-ਵਸੇਬਾ ਕੇਂਦਰ ਬਣਾਇਆ। ਡਾæ ਦਬਹੋਲਕਰ ਇਸ ਦੇ ਬਾਨੀਆਂ ਵਿਚ ਸ਼ਾਮਿਲ ਸਨ। ਉਹ ਮਰਾਠੀ ਹਫ਼ਤਾਵਾਰੀ Ḕਸਾਧਨਾ’ ਦਾ ਸੰਪਾਦਕ ਸੀ ਜੋ ਸਾਨੇ ਗੁਰੂਜੀ ਨੇ ਸ਼ੁਰੂ ਕੀਤਾ ਸੀ। ਸੰਨ 1999 ਤੋਂ 2010 ਤੱਕ ਫੈਡਰੇਸ਼ਨ ਆਫ਼ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨਜ਼ ਦੇ ਉਪ-ਪ੍ਰਧਾਨ ਰਹੇ। ਇਸੇ ਦੌਰਾਨ ਡਾæ ਦਬਹੋਲਕਰ ਮਹਾਂਰਾਸ਼ਟਰ ਵਿਚ ਉਠੀਆਂ ਕਈ ਲਹਿਰਾਂ ਦਾ ਹਿੱਸਾ ਰਿਹਾ। ਇਨ੍ਹਾਂ ਵਿਚ ਦਲਿਤਾਂ ਲਈ ਸਮਾਜਕ ਬਰਾਬਰੀ ਅਤੇ ਮਰਾਠਵਾੜਾ ਯੂਨੀਵਰਸਿਟੀ ਦਾ ਨਾਮ ਬਾਬਾ ਅੰਬੇਦਕਰ ਦੇ ਨਾਮ ਉੱਤੇ ਰੱਖਣ ਦੀਆਂ ਮੁਹਿੰਮਾਂ ਸ਼ਾਮਿਲ ਸਨ।
ਪਾਣੀ ਦੇ ਹਕੂਕ ਦੀ ਮੁਹਿੰਮ ਨਾਲ ਸਮਾਜਕ ਜ਼ਿੰਦਗੀ ਸ਼ੁਰੂ ਕਰਨ ਵਾਲੇ ਡਾæ ਦਬਹੋਲਕਰ ਦੀ ਆਖ਼ਰੀ ਮੁਹਿੰਮ ਵੀ ਪਾਣੀ ਦੇ ਮਾਮਲੇ ਵਿਚ ਸੀ। ਇਸੇ ਸਾਲ ਅਪਰੈਲ ਦੌਰਾਨ ਮਹਾਂਰਾਸ਼ਟਰ ਵਿਚ 1972 ਤੋਂ ਬਾਅਦ ਦਾ ਸਭ ਤੋਂ ਵੱਡਾ ਸੋਕਾ ਪਿਆ ਹੋਇਆ ਸੀ ਤਾਂ ਆਸਾ ਰਾਮ ਬਾਪੂ ਹੋਲੀ ਦੇ ਜਸ਼ਨਾਂ ਲਈ ਨਾਗਪੁਰ ਦੇ ਕਸਤੁਰ ਚੰਦ ਪਾਰਕ ਵਿਚ ਰੋਜ਼ਾਨਾ ਘੱਟੋ-ਘੱਟ ਪੰਜਾਹ ਹਜ਼ਾਰ ਲੀਟਰ ਪਾਣੀ ਵਹਾ ਰਿਹਾ ਸੀ। ਡਾæ ਦਬਹੋਲਕਰ ਨੇ ਪਾਣੀ ਦੀ ਇਸ ਬਰਬਾਦੀ ਦਾ ਵਿਰੋਧ ਕੀਤਾ। ਨਾਗਪੁਰ ਮਿਉਂਸਪਲ ਕਾਰਪੋਰੇਸ਼ਨ ਨੇ ਅਗਲੇ ਦਿਨ ਕਾਰਵਾਈ ਕੀਤੀ ਅਤੇ ਪਾਣੀ ਦੇਣ ਉੱਤੇ ਪਾਬੰਦੀ ਲਗਾ ਦਿੱਤੀ। ਆਸਾ ਰਾਮ ਨੇ ਅਗਲੇ ਦਿਨ ਇਸੇ ਤਰਜ਼ ਦਾ ਜਸ਼ਨ ਨਵੀਂ ਮੁੰਬਈ ਵਿਚ ਰੱਖਿਆ ਗਿਆ ਸੀ, ਪਰ ਮਾਲ ਮੰਤਰੀ ਬਾਲਾ ਸਾਹੇਬ ਥੋਰਟ ਨੇ ਮੁਕਾਮੀ ਪ੍ਰਸ਼ਾਸਨ ਨੂੰ ਹਿਦਾਇਤ ਜਾਰੀ ਕੀਤੀ ਕਿ ਇਸ ਤਰ੍ਹਾਂ ਪਾਣੀ ਦੀ ਬਰਬਾਦੀ ਦੀ ਛੋਟ ਨਹੀਂ ਦਿੱਤੀ ਜਾ ਸਕਦੀ। ਥੋਰਟ ਨੇ ਵਿਧਾਨ ਸਭਾ ਵਿਚ ਕਿਹਾ, “ਜਦੋਂ ਪਾਣੀ ਦੀ ਕਿੱਲਤ ਮਾਰੂ ਹੋ ਰਹੀ ਹੈ ਤਾਂ ਅਸੀਂ ਇਸ ਤਰ੍ਹਾਂ ਪਾਣੀ ਦੀ ਬਰਬਾਦੀ ਨਹੀਂ ਕਰ ਸਕਦੇ।” ਵਿਰੋਧੀ ਧਿਰ ਦੇ ਭਾਜਪਾਈ ਆਗੂ ਵਿਨੋਦ ਤਾਵਦੇ ਨੇ ਕਿਹਾ ਸੀ, “ਵਹਾਂ ਆਦਮੀ ਪਾਨੀ ਕੇ ਲੀਏ ਤਰਸੇ, ਔਰ ਜਹਾਂ ਰੰਗ ਬਰਸੇ। ਮਨ ਕੋ ਵੇਦਨਾ ਦੇਨੇ ਵਾਲੀ ਬਾਤ ਹੈ।” ਆਸਾ ਰਾਮ ਦੇ ਸ਼ਰਧਾਲੂਆਂ ਨੇ ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਨਿੱਜੀ ਸਰੋਤਾਂ ਤੋਂ ਪਾਣੀ ਦਾ ਬੰਦੋਬਸਤ ਕੀਤਾ ਅਤੇ ਨਾਗਪੁਰ ਤੋਂ ਵਧੇਰੇ ਪਾਣੀ ਵਹਾਇਆ। ਇਨ੍ਹਾਂ ਸ਼ਰਧਾਲੂਆਂ ਨੇ ਪੱਥਰਾਉ ਵੀ ਕੀਤੀ ਅਤੇ ਆਲੋਚਨਾ ਤੋਂ ਖ਼ਫ਼ਾ ਹੋ ਕੇ ਪੱਤਰਕਾਰਾਂ ਉੱਤੇ ਹਮਲਾ ਵੀ ਕੀਤਾ। ਤਿੰਨ ਪੱਤਰਕਾਰ ਜ਼ਖ਼ਮੀ ਹੋਏ। ਆਸਾ ਰਾਮ ਬਾਪੂ ਨੇ ਸਮਾਗਮ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਹਰ ਜਣੇ ਪਿੱਛੇ Ḕ50 ਗਰਾਮ’ ਪਾਣੀ ਵਰਤਿਆ ਹੈ। ਉਸ ਦੀ ਹਿੰਦੀ ਵਿਚ ਕੀਤੀ ਤਕਰੀਰ ਵਿਚ ਦਰਜ ਹੈ, “ਮੀਡੀਆ ਕਹਿੰਦਾ ਹੈ ਕਿ ਮੈਂ ਪਾਣੀ ਬਰਬਾਦ ਕਰਦਾ ਹਾਂ। ਹੁਣ ਮੈਂ ਉਹ ਕਰਾਂ ਜੋ ਇਹ ਹਰਾਮੀ ਚਾਹੁੰਦੇ ਹਨ।” ਸਵਾਲ ਇਹ ਬੋਲ-ਬਾਣੀ ਅਤੇ ਪੱਤਰਕਾਰਾਂ ਉੱਤੇ ਹੋਏ ਹਮਲੇ ਦੇ ਆਪਣੀ ਰਿਸ਼ਤੇ ਦਾ ਹੈ। ਇਸ ਤਕਰੀਰ ਤੋਂ ਬਾਅਦ ਸ਼ਰਧਾਲੂਆਂ ਨੇ ਬਾਘੀਆਂ ਪਾਈਆਂ ਸਨ ਅਤੇ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਆਰæਆਰæ ਪਾਟਿਲ ਨੇ ਤਸਦੀਕ ਕੀਤੀ ਸੀ ਕਿ ਇਸ ਭੜਕਾਊ ਤਕਰੀਰ ਤੋਂ ਬਾਅਦ ਪੱਤਰਕਾਰਾਂ ਉੱਤੇ ਹਮਲਾ ਹੋਇਆ ਹੈ। ਇਹ ਬਿਆਨ ਆਪਣੀ ਥਾਂ ਉੱਤੇ ਠੀਕ ਹੈ, ਪਰ ਪਾਬੰਦੀ ਲਗਾਉਣ ਦੇ ਬਾਵਜੂਦ ਪਾਣੀ ਦੀ ਇਸ ਤਰ੍ਹਾਂ ਹੋ ਰਹੀ ਬਰਬਾਦੀ ਨੂੰ ਰੋਕਿਆ ਨਹੀਂ ਗਿਆ।
ਸ਼ਰਧਾ ਦੇ ਇਸ ਕਾਰੋਬਾਰ ਉੱਤੇ ਵਿਗਿਆਨਕ ਸੋਚ ਸਵਾਲ ਕਰਦੀ ਹੈ ਤਾਂ ਸਿਆਸਤਦਾਨ ਅਤੇ ਰਾਜਤੰਤਰ ਇਸ ਦੇ ਘੇਰੇ ਤੋਂ ਬਾਹਰ ਨਹੀਂ ਹੁੰਦਾ। ਸ਼ਰਧਾਂਜਲੀ ਲੇਖ ਵਿਚ ਡਾæ ਦਬਹੋਲਕਰ ਦਾ ਸਾਥੀ ਅਤੇ ਇੰਡੀਅਨ ਰੈਸ਼ਨੈਲਿਸਟ ਐਸੋਸੀਏਸ਼ਨ ਦਾ ਪ੍ਰਧਾਨ ਸਨਲ ਇਡਾਮਾਰੂਕੂ ਲਿਖਦਾ ਹੈ, “ਜੇ ਅਸੀਂ ਆਪਣੇ ਲੋਕਾਂ ਨੂੰ ਅਗਿਆਨਤਾ, ਪਛੜੇਵੇਂ, ਸ਼ੋਸ਼ਣ ਅਤੇ ਬੇਮਾਅਨੀ ਤਕਲੀਫ਼ਾਂ ਦੇ ਜਕੜਪੰਜੇ ਤੋਂ ਕੱਢ ਕੇ ਮਾਣ ਇੱਜ਼ਤ ਵਾਲੀ ਜ਼ਿੰਦਗੀ ਦੀ ਸੂਹੀ ਸਵੇਰ ਨਾਲ ਨਵਾਜਣਾ ਚਾਹੁੰਦੇ ਹਾਂ ਤਾਂ ਹੁਣ ਪਿੱਛੇ ਮੁੜਨ ਦੇ ਰਾਹ ਬੰਦ ਹੋ ਗਏ ਹਨ। ਅਸੀਂ ਹਿੰਦੋਸਤਾਨ ਦੀ ਆਜ਼ਾਦੀ ਦੀ ਦੂਜੀ ਲੜਾਈ ਦੇ ਪਿੜ ਵਿਚ ਹਾਂ ਜੋ Ḕਕਰੋ ਜਾਂ ਮਰੋḔ ਵਾਲੇ ਪੜਾਅ ਉੱਤੇ ਹੈ।” ਇਹ ਵਿਗਿਆਨਕ ਸੋਚ ਦੇ ਪਸਾਰੇ ਦੀ ਲੜਾਈ ਹੈ।
ਡਾæ ਦਬਹੋਲਕਰ ਨੇ ਆਪਣੀ ਲੜਾਈ ਨੂੰ ਆਵਾਮੀ ਪੱਧਰ ਉੱਤੇ ਅੱਗੇ ਵਧਾਇਆ ਅਤੇ ਨਾਲੋ-ਨਾਲ ਵਿਧਾਨ ਸਭਾ ਵਿਚ ਵੀ ਢੁਕਵੀਂਆਂ ਕਾਨੂੰਨੀ ਪੇਸ਼ਬੰਦੀਆਂ ਲਈ ਪਹਿਲਕਦਮੀ ਕੀਤੀ। ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ Ḕਜਾਦੂ ਟੂਣੇ ਅਤੇ ਅੰਧ-ਵਿਸ਼ਵਾਸ ਵਿਰੋਧੀ ਬਿੱਲ’ ਦਾ ਖਰੜਾ 1995 ਤੋਂ ਲਟਕਦਾ ਆ ਰਿਹਾ ਹੈ। ਹੁਣ ਡਾæ ਦਬਹੋਲਕਰ ਦੇ ਕਤਲ ਤੋਂ ਬਾਅਦ ਵਾਲੇ ਭਾਵੁਕ ਮਾਹੌਲ ਵਿਚ ਇਸ ਨੂੰ ਆਰਡੀਨੈਂਸ ਵਜੋਂ ਲਾਗੂ ਕੀਤਾ ਗਿਆ ਹੈ। ਡਾæਦਬਹੋਲਕਰ ਅਜਿਹੀਆਂ ਕਾਹਲਕਦਮੀ ਵਾਲੀਆਂ ਪ੍ਰਾਪਤੀਆਂ ਦਾ ਧਾਰਨੀ ਨਹੀਂ ਸੀ। ਦੁੱਖ ਵੰਡਾਉਣ ਆਏ ਲੋਕਾਂ ਨਾਲ ਗੱਲਾਂ ਕਰਦਾ ਡਾæ ਦਬਹੋਲਕਰ ਦਾ ਪੁੱਤਰ ਹਮੀਦ ਦਬਹੋਲਕਰ, ਪੱਤਰਕਾਰ ਐਲਨ ਬੈਰੀ ਨੂੰ ਸਾਫ਼ ਕਰਦਾ ਹੈ, “ਉਹ ਜਾਣਦੇ ਸੀ ਕਿ ਅਜਿਹੀਆਂ ਲੜਾਈਆਂ ਉਮਰਾਂ ਤੱਕ ਲੜੀਆਂ ਜਾਂਦੀਆਂ ਹਨ। ਇਹ ਸਫ਼ਰ ਕੌਪਰਨਿਕਸ ਨਾਲ ਸ਼ੁਰੂ ਹੋਇਆ ਸੀ। ਸਾਡੀ ਉਮਰ ਮਹਿਜ਼ 70-80 ਸਾਲ ਹੈ ਜਿਸ ਦੌਰਾਨ ਬਹੁਤ ਘੱਟ ਤਬਦੀਲੀ ਵੇਖੀ ਜਾ ਸਕਦੀ ਹੈ।”
ਡਾæ ਨਰਿੰਦਰ ਦੇ ਕਤਲ ਤੋਂ ਅਗਲੇ ਦਿਨ ਪੁਣਨੇ ਵਿਚ Ḕਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ’ ਦੇ ਵਿਦਿਆਰਥੀਆਂ ਨੇ Ḕਕਬੀਰ ਕਲਾ ਮੰਚ’ ਅਤੇ ਫ਼ਿਲਮਸਾਜ਼ ਆਨੰਦ ਪਟਵਰਧਨ ਨੂੰ ਸੱਦਿਆ ਸੀ। ਆਨੰਦ ਦੀ ਫ਼ਿਲਮ ḔḔਜੈ ਭੀਮ ਕਾਮਰੇਡ’ ਪਰਦਾਪੇਸ਼ ਕੀਤੀ ਗਈ ਅਤੇ Ḕਕਬੀਰ ਕਲਾ ਮੰਚ’ ਨੇ ਆਪਣੀ ਪੇਸ਼ਕਾਰੀ ਦਿੱਤੀ। ਸਮਾਗਮ ਤੋਂ ਬਾਅਦ ਪ੍ਰਬੰਧਕਾਂ ਉੱਤੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ Ḕਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ ਦੇ ਕਾਰਕੁਨਾਂ ਨੇ ਹਮਲਾ ਕੀਤਾ। ਇਸ ਤੋਂ ਬਾਅਦ ਆਨੰਦ ਦਾ ਬਿਆਨ ਇਨ੍ਹਾਂ ਹਮਲਿਆਂ ਵਿਚੋਂ ਮੁਲਕ ਵਿਚ ਫੈਲ ਰਹੇ ਤੰਗਨਜ਼ਰੀ ਦੇ ਰੁਝਾਨ ਦੀ ਨਿਸ਼ਾਨਦੇਹੀ ਕਰਦਾ ਹੈ, “ਦਬਹੋਲਕਰ ਨੇ ਆਪਣੇ ਕੰਮ ਦੀ ਬਹੁਤ ਵੱਡੀ ਕੀਮਤ ਅਦਾ ਕੀਤੀ ਹੈ। ਇਹ ਕਤਲ ਅਤੇ ਬਾਅਦ ਵਿਚ ਕਬੀਰ ਕਲਾ ਮੰਚ ਉੱਤੇ ਹੋਇਆ ਹਮਲਾ ਸਾਡੇ ਮੁਲਕ ਵਿਚ ਵਧ ਰਹੀ ਤੰਗਨਜ਼ਰੀ ਦੀ ਨਿਸ਼ਾਨੀ ਹੈ। ਇਸ ਵੇਲੇ ਭਾਜਪਾ ਅਤੇ ਸ਼ਿਵ ਸੈਨਾ ਸਮੇਤ ਛੋਟੀਆਂ ਹਿੰਦੂ ਬੁਨਿਆਦਪ੍ਰਸਤ ਜੁੰਡਲੀਆਂ ਕਹਿ ਰਹੀਆਂ ਹਨ ਕਿ ਉਨ੍ਹਾਂ ਨੇ ਦਬਹੋਲਕਰ ਦਾ ਕਤਲ ਨਹੀਂ ਕੀਤਾ ਪਰ ਉਸ ਦਾ ਵਿਰੋਧ ਕਰਨ ਦੀ ਗੱਲ ਕਬੂਲ ਕਰ ਰਹੀਆਂ ਹਨ। ਲੰਘੀ ਰਾਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਇਸ ਪਾਖੰਡੀ ਪਰਦੇ ਨੂੰ ਚਾਕ ਕਰ ਦਿੱਤਾ ਹੈ। ਜਦੋਂ ਤੁਸੀਂ ਕਿਸੇ ਨੂੰ ਦੇਸ਼-ਧਰੋਹੀ ਨਕਸਲਵਾਦੀ ਕਰਾਰ ਦੇ ਸਕਦੇ ਹੋਵੋਂ ਤਾਂ ਤੰਗਨਜ਼ਰੀ ਦਾ ਇਜ਼ਹਾਰ ਸੁਖਾਲਾ ਹੋ ਜਾਂਦਾ ਹੈ।” ਡਾæ ਨਰਿੰਦਰ ਦਾ ਲਗਾਤਾਰ ਵਿਰੋਧ ਕਰਨ ਵਾਲੀ ਜਥੇਬੰਦੀ ਹਿੰਦੂ ਜਾਗ੍ਰਿਤੀ ਸਮਿਤੀ ਦੀ ਵੈੱਬਸਾਇਟ ਉੱਤੇ ਹੁਣ ਵੀ ਦਰਜ ਹੈ ਕਿ ਉਨ੍ਹਾਂ ਨੇ 27 ਜਨਵਰੀ 2010 ਨੂੰ ਡਾæ ਨਰਿੰਦਰ ਦਬਹੋਲਕਰ ਦਾ ਪੁਣੇ ਵਿਚ ਭਾਸ਼ਨ ਰੁਕਵਾਉਣ ਲਈ ਲਾਮਬੰਦੀ ਕੀਤੀ ਸੀ। ਵੈੱਬਸਾਈਟ ਦੀ ਲਿਖਤ ਹੈ, “ਪੁਣੇ ਯੂਨੀਵਰਸਿਟੀ ਦੇ ਹਿਊਮੈਨੀਟੀਜ਼ ਐਂਡ ਸ਼ੋਸ਼ਲ ਸਾਇੰਸਜ਼ ਡਿਪਾਰਟਮੈਂਟ ਨੇ ਮਹਾਂਰਾਸ਼ਟਰ ਅੰਧ-ਸ਼ਰਧਾ ਅਨਮੂਲਨ ਸਮਿਤੀ ਦੇ ਬਦਨਾਮ ਹਿੰਦੂ ਵਿਰੋਧੀ ਆਗੂ ਡਾæ ਨਰਿੰਦਰ ਦਬਹੋਲਕਰ ਦਾ ਭਾਸ਼ਣ 27 ਜਨਵਰੀ ਨੂੰ ਸ਼ਾਮੀ ਚਾਰ ਵਜੇ ਸ਼ਾਤੀ ਨਾਮਾਦੇਵ ਹਾਲ ਵਿਚ ਰੱਖਿਆ ਹੈ। ਡਾæ ਨਰਿੰਦਰ ਦਬਹੋਲਕਰ ਆਪਣੀਆਂ ਹਿੰਦੂ ਵਿਰੋਧੀ ਤਕਰੀਰਾਂ ਲਈ ਜਾਣੇ ਜਾਂਦੇ ਹਨ। ਉਹ ਹਿੰਦੂ ਧਰਮ, ਇਸ ਦੇ ਰੀਤ-ਰਿਵਾਜ਼ ਅਤੇ ਹਿੰਦੂ ਸੰਤਾਂ ਦੀਆਂ ਬਦਖੋਹੀਆਂ ਕਰਦੇ ਹਨ। ਇਸ ਕਰ ਕੇ ਹਰ ਹਿੰਦੂ ਦਾ ਫ਼ਰਜ਼ ਹੈ ਕਿ ਇਸ ਭਾਸ਼ਣ ਨੂੰ ਰੱਦ ਕਰਵਾਉਣ ਵਿਚ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਵਿਰੋਧ ਕੀਤਾ ਜਾਵੇ।”
ਆਨੰਦ ਦੀ ਦਲੀਲ ਮੌਜੂਦਾ ਹਾਲਾਤ ਦੀ ਕਰੂਰਤਾ ਨੂੰ ਬਿਆਨ ਕਰਦੀ ਹੈ। ਕਤਲ ਤੋਂ ਬਾਅਦ ਡਾæ ਨਰਿੰਦਰ ਦਬਹੋਲਕਰ ਬਾਬਤ ਚਰਚਾ ਅੰਧ-ਵਿਸ਼ਵਾਸ਼ ਬਨਾਮ ਵਿਗਿਆਨਕ ਸੋਚ ਹੋ ਰਹੀ ਹੈ। ਇਸ ਦਲੀਲ ਵਿਚ ਸ਼ਰੇਆਮ ਖੜ੍ਹੇ ਹੋਣਾ ਬੁਨਿਆਦਪ੍ਰਸਤਾਂ ਲਈ ਸੁਖਾਲਾ ਨਹੀਂ ਅਤੇ ਨਾ ਹੀ ਜੁਗਤ ਪੱਖੋਂ ਅਹਿਮ ਹੈ। ਵਿਗਿਆਨ ਦੇ ਇਤਿਹਾਸ ਅਤੇ ਫਲਸਫੇ ਵਿਚ ਖੋਜ ਕਰਨ ਵਾਲੀ ਡਾæ ਮੀਰਾ ਨੰਦਾ ਕਹਿੰਦੀ ਹੈ, “ਵਿਗਿਆਨਕ ਸੋਚ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਧਰਮ-ਨਿਰਪੱਖਤਾ ਨੂੰ ਬਚਾਉਣਾ ਹੈ। ਧਰਮ ਅਤੇ ਸਿਆਸਤ ਦਾ ਨਿਖੇੜਾ ਕੀਤੇ ਬਿਨਾਂ ਵਿਗਿਆਨਕ ਸੋਚ ਦਾ ਪਸਾਰਾ ਨਹੀਂ ਹੋ ਸਕਦਾ।”
ਡਾæ ਦਬਹੋਲਕਰ ਉੱਤੇ ਵਾਰ-ਵਾਰ ਹਮਲਾ ਕੀਤਾ ਗਿਆ ਕਿ ਉਹ ਧਰਮ ਦੇ ਖ਼ਿਲਾਫ਼ ਹਨ। ਇਸੇ ਨੂੰ ਜਾਦੂ ਟੂਣੇ ਅਤੇ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਦਾ ਵਿਰੋਧ ਕਰਨ ਦੀ ਦਲੀਲ ਬਣਾਇਆ ਗਿਆ। ਡਾæ ਦਬਹੋਲਕਰ ਨੇ ਏæਐਫ਼ਪੀæ ਨਾਮ ਦੀ ਖ਼ਬਰ ਏਜੰਸੀ ਨਾਲ ਗੱਲਬਾਤ ਵਿਚ ਕਿਹਾ ਸੀ, “ਇਸ ਬਿੱਲ ਵਿਚ ਰੱਬ ਅਤੇ ਧਰਮ ਖ਼ਿਲਾਫ਼ ਇੱਕ ਅੱਖਰ ਵੀ ਨਹੀਂ ਹੈ। ਭਾਰਤੀ ਸੰਵਿਧਾਨ ਹਰ ਸ਼ਹਿਰੀ ਨੂੰ ਪੂਜਾ-ਪਾਠ ਅਤੇ ਧਰਮ ਦੀ ਆਜ਼ਾਦੀ ਦਿੰਦਾ ਹੈ ਜੋ ਕੋਈ ਨਹੀਂ ਖੋਹ ਸਕਦਾ। ਇਹ ਬਿੱਲ ਜਾਅਲਸਾਜ਼ੀ ਅਤੇ ਅੰਧਵਿਸ਼ਵਾਸੀ ਰੀਤ-ਰਿਵਾਜ਼ ਦੇ ਖ਼ਿਲਾਫ਼ ਹੈ ਜੋ ਆਮ ਬੰਦੇ ਦੀ ਲੁੱਟ-ਖਸੁੱਟ ਦਾ ਸਬੱਬ ਬਣਦੇ ਹਨ।” ਉਨ੍ਹਾਂ ਧਾਰਮਿਕ ਰੀਤ-ਰਿਵਾਜ਼ ਨਾਲ ਵੀ ਦਲੀਲ ਨਾਲ ਸੰਵਾਦ ਕੀਤਾ। ਉਸ ਨੇ ਨਦੀਆਂ ਅਤੇ ਸਮੁੰਦਰ ਵਿਚ ਮੂਰਤੀਆਂ ਜਲ-ਪ੍ਰਵਾਹ ਕਰਨ ਦੇ ਨੁਕਸਾਨ ਨੂੰ ਉਘਾੜ ਕੇ ਸੰਵਾਦ ਵਿਚ ਲਿਆਂਦਾ ਅਤੇ ਲੋਕਾਂ ਨੂੰ ਸਲਾਹ ਦਿੱਤੀ ਕਿ ਨਦੀਆਂ ਵਿਚ ਪ੍ਰਦੂਸ਼ਣ ਕਰਨ ਦੀ ਥਾਂ ਪਾਣੀ ਦੀਆਂ ਟੈਂਕੀਆਂ ਵਿਚ ਇਹ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹੋ ਜੁਗਤ ਸਮਾਜਕ ਪੱਧਰ ਉੱਤੇ ਜਾਟ ਪੰਚਾਇਤ ਦੀਆਂ ਜਗੀਰੂ ਰੁਚੀਆਂ ਬਾਰੇ ਲਾਗੂ ਕੀਤੀ। ਜਗੀਰੂ ਰੁਚੀਆਂ ਦਾ ਵਿਰੋਧ ਕਰਨ ਦੀ ਦਲੀਲ ਸਪਸ਼ਟ ਕਰਨ ਲਈ ਪਿਛਲੇ ਦਿਨੀਂਉਨ੍ਹਾਂ ਨਾਸਿਕ ‘ਚ ਵਰਕਸ਼ਾਪ ਵੀ ਕੀਤੀ ਸੀ।
ਡਾæ ਦਬਹੋਲਕਰ ਦੇ ਹਵਾਲੇ ਨਾਲ ਦੋ ਗੱਲਾਂ ਸਪਸ਼ਟ ਹੋਣੀਆਂ ਜ਼ਰੂਰੀ ਹਨ ਕਿ ਵਿਗਿਆਨਕ ਸੋਚ ਦਾ ਘੇਰਾ ਸਿਰਫ਼ ਜਾਦੂ-ਟੂਣੇ ਅਤੇ ਪਾਖੰਡੀ ਬਾਬਿਆਂ ਜਾਂ ਮਾਤਾਵਾਂ ਦੇ ਪਰਦੇ ਚਾਕ ਕਰਨ ਤੱਕ ਮਹਿਦੂਦ ਨਹੀਂ ਹੈ। ਵਿਗਿਆਨਕ ਸੋਚ ਦੇ ਧਾਰਨੀਆਂ ਦੀਆਂ ਪ੍ਰਾਪਤੀਆਂ ਵੀ Ḕਉਨ੍ਹਾਂ ਦੇ ਸ਼ਰਧਾਜਲੀ ਸਮਾਗਮ ਵਿਚ ਰੂੜ੍ਹੀਵਾਦੀ ਰਸਮਾਂ ਨਹੀਂ ਕੀਤੀਆਂ ਗਈਆਂ’ ਦੀ ਪਹਾੜਾਨੁਮਾ ਸਤਰ ਤੱਕ ਮਹਿਦੂਦ ਨਹੀਂ ਹਨ। ਇਹ ਮਨੁੱਖ ਦੀ ਆਪਣੀ ਜਗਿਆਸਾ, ਅਹਿਸਾਸ, ਮਾਣ-ਸਤਿਕਾਰ, ਗਿਆਨ-ਵਿਗਿਆਨ ਤੱਕ ਪਹੁੰਚ, ਬਰਾਬਰ ਮਨੁੱਖੀ ਰੁਤਬੇ ਅਤੇ ਇਨਸਾਫ਼ਪਸੰਦੀ ਨਾਲ ਜਿਉਣ ਦੀ ਲੜਾਈ ਹੈ।
Leave a Reply