ਮਾਹਿਰਾਂ ਦੀ ਨਜ਼ਰ `ਚ ਵਿਸ਼ਵ ‘ਚ ਪੈਰ ਪਸਾਰਦੀ ਮਹਿੰਗਾਈ ਤੇ ਮੰਦੀ ਦੇ ਅਰਥ
ਵਿਸ਼ਵ ਵਿਚ ਕਰੋਨਾ ਕਾਲ ਤੋਂ ਸ਼ੁਰੂ ਹੋਇਆ ਮੰਦੀ ਦਾ ਦੌਰ ਹਾਲੇ ਤੱਕ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਪਰ ਹੁਣ ਲੱਗਦਾ ਹੈ ਕਿ ਮੰਦੀ ਦਾ ਹੋਰ ਵਿਸਤਾਰ ਹੋਣ ਜਾ ਰਿਹਾ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਿਸ ਤਰ੍ਹਾਂ ਰੂਸ ਤੇ ਯੂਕਰੇਨ ਵਿਚਕਾਰ ਜੰਗ ਜਾਰੀ ਹੈ, ਉਸ ਦੇ ਚਲਦਿਆਂ ਅੱਜ ਅਜਿਹੇ ਅਰਥ ਸ਼ਾਸਤਰੀਆਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਜਾਪਦੀ ਹੈ, ਜੋ ਕਿ ਮੌਜੂਦਾ ਸਮੇਂ ਫੈਲੀ ਮੰਦੀ ਨੂੰ ਆਉਣ ਵਾਲੇ ਸਮੇਂ ਵਿਚ ਹੋਰ ਵਧੇਰੇ ਵਿਕਰਾਲ ਰੂਪ ਵਿਚ ਪੈਰ ਪਸਾਰਦੇ ਹੋਏ ਵੇਖ ਰਹੇ ਹਨ। ਇਸ ਦੌਰਾਨ ਗੁਆਂਢੀ ਦੇਸ਼ ਸ੍ਰੀਲੰਕਾ ਨੂੰ ਤਾਂ ਅਸੀਂ ਦੀਵਾਲੀਆ ਹੁੰਦਿਆਂ ਆਪਣੇ ਅੱਖੀਂ ਵੇਖਿਆ ਹੈ। ਇਸ ਦੇ ਨਾਲ ਹੀ ਅੱਜ ਵਿਸ਼ਵ ਵਿਚ ਕਿੰਨੇ ਹੀ ਅਜਿਹੇ ਦੇਸ਼ ਹਨ ਜੋ ਮਹਿੰਗਾਈ ਦੇ ਚੱਕਰਵਿਊ ਨਾਲ ਜੂਝ ਰਹੇ ਹਨ।
ਉਧਰ ਅਰਥਵਿਵਸਥਾ `ਚ ਤੇਜ਼ੀ ਲਿਆਉਣ ਹਿਤ ਆਰਥਿਕ ਪੈਕੇਜ ਦੇ ਨਾਮ ਉੱਪਰ ਵਧੇਰੇ ਖਰਚ, ਚੀਨ ਵੱਲੋਂ ਦੁਨੀਆ ਨੂੰ ਭੇਜੀਆਂ ਜਾਣ ਵਾਲੀਆਂ ਚੀਜ਼ਾਂ ਦੀ ਸਪਲਾਈ ਚੇਨ ਵਿਚ ਰੁਕਾਵਟ, ਯੂਕਰੇਨ ‘ਤੇ ਰੂਸ ਦਾ ਹਮਲਾ ਅਤੇ ਹੋਰ ਦੂਜੇ ਕਾਰਨਾਂ ਨੇ ਮਹਿੰਗਾਈ ਨੂੰ ਉਚ ਸਤਹਿ ਵੱਲ ਲੈ ਜਾਣ ਲਈ ਅਹਿਮ ਭੂਮਿਕਾ ਨਿਭਾਈ ਹੈ। ਇੱਥੇ ਜਿ਼ਕਰਯੋਗ ਹੈ ਕਿ ਅਜਿਹਾ ਕਈ ਦਹਾਕਿਆਂ ਬਾਅਦ ਹੋ ਰਿਹਾ ਹੈ। ਹਾਲਾਂਕਿ ਇਸ ਨੂੰ ਰੋਕਣ ਲਈ ਕੇਂਦਰੀ ਬੈਂਕਾਂ ਨੂੰ ਵਿਆਜ ਦਰਾਂ ਵਧਾਉਣ ਵਰਗੇ ਕਦਮ ਮਜਬੂਰੀ ਵਸ ਚੁੱਕਣੇ ਪਏ ਹਨ। ਦੂਜੇ ਪਾਸੇ ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਸ ਦੀ ਸੱਜਰੀ ਮਿਸਾਲ ਅਮਰੀਕਾ ਸਮੇਤ ਹੋਰ ਦੇਸ਼ਾਂ ਦੇ ਸੂਚਕ ਅੰਕਾਂ `ਤੇ ਝਾਤੀ ਮਾਰਿਆਂ ਸਪੱਸ਼ਟ ਨਜ਼ਰ ਆ ਜਾਂਦੀ ਹੈ।
ਮਾਹਿਰਾਂ ਅਨੁਸਾਰ ਉਕਤ ਪ੍ਰਸਥਿਤੀਆਂ ਵਿਚ ਜੋ ਚੀਜ਼ ਸਾਡੀ ਉਡੀਕ ਕਰਦੀ ਨਜ਼ਰ ਆ ਰਹੀ ਹੈ, ਉਹ ਸਿਰਫ ਮੰਦੀ ਹੈ। ਜੇਕਰ ਮੰਦੀ ਨੂੰ ਸਾਧਾਰਨ ਅਰਥਾਂ ਵਿਚ ਸਮਝਣਾ ਹੋਏ ਤਾਂ ਆਰਥਿਕ ਗਤੀਵਿਧੀਆਂ ਵਿਚ ਕਮੀ ਦਾ ਆ ਜਾਣਾ ਅਤੇ ਜਿਸ ਦਾ ਨਤੀਜਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਚ ਨਕਾਰਾਤਮਕ ਵਿਕਾਸ ਦਰ ਦੇ ਰੂਪ ‘ਚ ਵੇਖਣ ਨੂੰ ਮਿਲਦਾ ਹੈ। ਜੇ ਕਿਸੇ ਦੇਸ਼ ਦੀ ਅਰਥਵਿਵਸਥਾ ਦੀ ਜੀ.ਡੀ.ਪੀ ਲਗਾਤਾਰ ਦੋ ਤਿਮਾਹੀਆਂ ਤਕ ਦਬਾਅ ਹੇਠ ਰਹਿੰਦੀ ਹੈ, ਤਾਂ ਇਸ ਨੂੰ ‘ਤਕਨੀਕੀ ਮੰਦੀ’ ਕਿਹਾ ਜਾਂਦਾ ਹੈ।
ਉਧਰ ਇਕ ਨਿਊਜ਼ ਰਿਪੋਰਟ ਵਿਚ ਫਾਈਨੈਂਸ਼ੀਅਲ ਟਾਈਮਜ਼ ਤੇ ਯੂਨੀਵਰਸਿਟੀ ਆਫ਼ ਸਿ਼ਕਾਗੋ ਬੂਥ ਦੇ ਇਕ ਸਾਂਝੇ ਸਰਵੇਖਣ ‘ਚ ਅਮਰੀਕਾ ਦੇ ਦਸ ਅਰਥ-ਸ਼ਾਸਤਰੀਆਂ ਵਿਚੋਂ ਸੱਤ ਨੇ ਇਹ ਗੱਲ ਆਖੀ ਹੈ ਕਿ ਮੰਦੀ ਭਾਵੇਂ ਇਸ ਸਾਲ ਤਾਂ ਨਹੀਂ ਪਰ ਅਗਲੇ ਸਾਲ ਤਾਂ ਜ਼ਰੂਰ ਹੀ ਵੇਖਣ ਨੂੰ ਮਿਲ ਸਕਦੀ ਹੈ। ਇਹ ਸਰਵੇਖਣ ਜੂਨ ਦੇ ਸ਼ੁਰੂ ਵਿਚ ਸ਼ੇਅਰ ਬਾਜ਼ਾਰਾਂ ਵਿਚ ‘ਬਲੈਕ ਵੀਕ’ ਅਤੇ ਵਿਆਜ ਦਰਾਂ ਵਿਚ ਵਾਧੇ ਦੇ ਫ਼ੈਸਲੇ ਤੋਂ ਪਹਿਲਾਂ ਹੋਇਆ ਸੀ। ਇਸ ਲਈ ਮੰਦੀ ਨੂੰ ਨਜ਼ਦੀਕ ਮਹਿਸੂਸ ਕਰਨ ਵਾਲੇ ਅਰਥ-ਸ਼ਾਸਤਰੀਆਂ ਦਾ ਇਹ ਅਨੁਪਾਤ ਹੁਣ ਹੋਰ ਪੁਖਤਾ ਹੁੰਦਾ ਜਾ ਰਿਹਾ ਹੈ।
ਜੇਕਰ ਆਰਥਿਕ ਮਾਹਿਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਅਨੁਸਾਰ ਮੰਦੀ ਦੀ ਲਪੇਟ ‘ਚ ਆਉਣ ਦੇ ਖਤਰਨਾਕ ਨਤੀਜੇ ਸਾਹਮਣੇ ਆ ਸਕਦੇ ਹਨ। ਜਿਵੇਂ ਕਿ ਨਿਵੇਸ਼ ਦਾ ਮਾਹੌਲ ਖਰਾਬ ਹੋ ਸਕਦਾ ਹੈ। ਖਪਤ ਅਤੇ ਲੈਣ-ਦੇਣ ਵਿਚ ਕਮੀ ਕਾਰਨ ਕੰਪਨੀਆਂ ਬੰਦ ਹੋਣ ਦੀ ਕਗਾਰ ਵੱਲ ਵਧ ਰਹੀਆਂ ਹਨ। ਨੌਕਰੀਆਂ ਘਟ ਜਾਣਗੀਆਂ, ਲੋਕ ਅਤੇ ਵਪਾਰਕ ਅਦਾਰੇ ਕਰਜ਼ੇ ਦੀ ਅਦਾਇਗੀ ਕਰਨੋਂ ਅਸਮਰੱਥ ਹੋ ਜਾਣ ਦੀ ਸੂਰਤ ਵਿਚ ਲੋਕ ਡਿਫਾਲਟ ਹੋਣੇ ਸ਼ੁਰੂ ਹੋ ਜਾਣਗੇ ਤੇ ਨਤੀਜੇ ਵਜੋਂ ਬਹੁਤ ਸਾਰੇ ਲੋਕ ਦੀਵਾਲੀਆ ਹੋ ਸਕਦੇ ਹਨ।
ਇਸ ਸੰਦਰਭ ਵਿਚ ਡੇਵਿਡ ਵੇਸਲ ਵਾਸਿ਼ੰਗਟਨ ਡੀਸੀ ਵਿਚ ਬਰੁਕਿੰਗਜ਼ ਇੰਸਟੀਚਿਊਸ਼ਨ ਦੇ ਹੰਚਿਸ ਸੈਂਟਰ ਫ਼ਾਰ ਫਿਸਕਲ ਐਂਡ ਮੋਨੇਟਰੀ ਪਾਲਿਸੀ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ “ਮੰਦੀ ਦੀ ਭਵਿੱਖਬਾਣੀ ਕਰਨਾ ਮੁਸ਼ਕਲ ਕੰਮ ਹੈ। ਮੰਦੀ ਆਮ ਤੌਰ ‘ਤੇ ਅਜਿਹੀਆਂ ਸਥਿਤੀਆਂ ਵਿਚ ਆਉਂਦੀ ਹੈ, ਜਿਸ ਬਾਰੇ ਤੁਹਾਨੂੰ ਪਹਿਲਾਂ ਤੋਂ ਕੋਈ ਅੰਦਾਜ਼ਾ ਨਹੀਂ ਹੁੰਦਾ। ਕਈ ਵਾਰ ਜਦੋਂ ਆਰਥਿਕ ਮਾਹਿਰ ਇਹ ਗੱਲ ਪੂਰੇ ਭਰੋਸੇ ਨਾਲ ਕਹਿ ਰਹੇ ਹੁੰਦੇ ਹਨ ਮੰਦੀ ਆਉਣ ਵਾਲੀ ਹੈ, ਪਰ ਬਾਅਦ ‘ਚ ਪਤਾ ਲੱਗਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ।” ਇਸ ਦੇ ਨਾਲ ਹੀ ਵੇਸਲ ਅੱਗੇ ਆਖਦੇ ਹਨ, “ਹਾਲਾਂਕਿ ਮੈਂ 2023 ਵਿਚ ਅਮਰੀਕਾ ਵਿਚ ਮੰਦੀ ਦੀ ਠੋਸ ਸੰਭਾਵਨਾ ਦੇਖਦਾ ਹਾਂ। ਇਹ ਸੰਭਾਵਨਾ 65% ਤਕ ਹੈ। ਇਸ ਦੇ ਪਿੱਛੇ ਕਾਰਨ ਵੀ ਹੈ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇ ਪਾਵੇਲ ਤੋਂ ਪਹਿਲੇ ਦੇ ਚੇਅਰਮੈਨ ਮਹਿੰਗਾਈ ਦਰ ਨੂੰ ਘਟਾਉਣ ਅਤੇ ਉਸ ਨੂੰ ਕੰਟਰੋਲ ਕਰਨ ਵਿਚ ਸਫ਼ਲ ਰਹੇ ਸਨ। ਪਾਵੇਲ ਬਿਲਕੁਲ ਵੀ ਨਹੀਂ ਚਾਹੁਣਗੇ ਕਿ ਉਨ੍ਹਾਂ ਨੂੰ ਇਸ ਗੱਲ ਲਈ ਯਾਦ ਕੀਤਾ ਜਾਵੇ ਕਿ ਉਨ੍ਹਾਂ ਨੇ ਆਪਣੇ ਤੋਂ ਪਹਿਲੇ ਮੁਖੀਆਂ ਵਲੋਂ ਕੀਤੇ ਕੰਮ ‘ਤੇ ਪਾਣੀ ਫੇਰ ਦਿੱਤਾ ਹੈ।” ਉਨ੍ਹਾਂ ਮੁਤਾਬਕ, “ਫਿਲਹਾਲ ਫੈਡਰਲ ਰਿਜ਼ਰਵ ਨੂੰ ਮੰਗ ਨੂੰ ਹੌਲੀ ਰੱਖਣ, ਕੀਮਤਾਂ ‘ਤੇ ਉਪਰਲਾ ਦਬਾਅ ਦੂਰ ਕਰਨ ਅਤੇ ਮਹਿੰਗਾਈ ਦੇ ਮਨੋਵਿਗਿਆਨ ਦੀ ਪਕੜ ਮਜ਼ਬੂਤ ਹੋਣ ਤੋਂ ਰੋਕਣ ਲਈ ਵਿਆਜ ਦਰਾਂ ਵਧਾਉਣ ਦੀ ਲੋੜ ਹੈ। ਹਾਲਾਂਕਿ ਵਿਆਜ ਦਰਾਂ ਵਧਾਉਣ ਜਾਂ ਉਨ੍ਹਾਂ ਨੂੰ ਕਾਇਮ ਰੱਖਣ ਵਰਗੇ ਮਾਮਲਿਆਂ ਵਿਚ ਫੈਡਰਲ ਨੂੰ ਹੋਰ ਵਧੇਰੇ ਮੁਸ਼ਕਲ ਫ਼ੈਸਲੇ ਲੈਣੇ ਪੈਣਗੇ, ਤਾਂ ਕਿ ਅਰਥ ਵਿਵਸਥਾ ਨੂੰ ਹੌਲੀ ਕਰ ਕੇ ਮਹਿੰਗਾਈ ਦਰ ਨੂੰ 2% ਦੇ ਟੀਚੇ ਤੋਂ ਘੱਟ ਕੀਤਾ ਜਾ ਸਕੇ।” ਵੇਸਲ ਇਹ ਵੀ ਦੱਸਦੇ ਹਨ ਕਿ “ਹਰੇਕ ਵਿਕਲਪ ਦੇ ਪੱਖ ਵਿਚ ਚੰਗੀਆਂ ਦਲੀਲਾਂ ਹੋ ਸਕਦੀਆਂ ਹਨ। ਮੈਨੂੰ ਉਮੀਦ ਹੈ ਕਿ ਪਵੇਲ ਦਰਾਂ ਨੂੰ ਸੌਖਾ ਕਰਨ ਦੀ ਬਜਾਏ ਕੱਸਣ ਦੀ ਗਲਤੀ ਕਰਨਗੇ, ਜਿਸ ਨਾਲ ਕਿ ਮੰਦੀ ਆਉਣ ਦੀ ਸੰਭਾਵਨਾ ਪੱਕੀ ਹੈ। ਹਾਲਾਂਕਿ ਇਹ ਇਕ ਮੱਧਮ ਮੰਦੀ ਹੋਵੇਗੀ। ਕਾਸ਼ ਮੈਂ ਗਲਤ ਸਾਬਤ ਹੋਵਾਂ। ਦੁਨੀਆਂ ਦੀਆਂ ਸਪਲਾਈ ਚੇਨਾਂ ਵਿਚ ਆਈਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ, ਕਰੋਨਾ ਕਾਰਨ ਪਏ ਮਾੜੇ ਅਸਰ ਦੂਰ ਹੋ ਜਾਣ ਅਤੇ ਨਾਲ ਹੀ ਸਾਨੂੰ ਅਤੇ ਫੈਡਰਲ ਦੋਵਾਂ ਨੂੰ ਥੋੜਾ ਕਿਸਮਤ ਦਾ ਵੀ ਸਾਥ ਮਿਲ ਜਾਵੇ।”
ਉਧਰ, ਇਕ ਹੋਰ ਮਾਹਿਰ ਜੋ ਕਿ ਗੈਬਰੀਅਲ ਗੈਸਵੇ ‘ਇੰਡੀਪੈਂਡੇਂਟ ਇੰਸਟੀਚਿਊਟ ਦੇ ਸੈਂਟਰ ਫ਼ਾਰ ਗਲੋਬਲ ਪ੍ਰੋਸਪੇਰੀਟੀ’ ‘ਚ ਰਿਸਰਚ ਐਸੋਸੀਏਟ ਅਤੇ (ਓਕਲੈਂਡ, ਕੈਲੀਫੋਰਨੀਆ) ਦੇ ਡਾਇਰੈਕਟਰ ਗੈਸਵੇ ਹਨ ਦਾ ਕਹਿਣਾ ਹੈ, “ਮੈਂ ਇਹ ਕਹਿਣ ਦੀ ਹਿੰਮਤ ਰੱਖਦਾ ਹਾਂ ਕਿ ਸ਼ਾਇਦ 2023 ਦੇ ਸ਼ੁਰੂ ‘ਚ ਅਸੀਂ ਯੂਰਪ ਅਤੇ ਅਮਰੀਕਾ ਦੋਵਾਂ ਥਾਵਾਂ ‘ਤੇ ਇਕ ਅਹਿਮ ਮੰਦੀ ਦਾ ਸਾਹਮਣਾ ਕਰਾਂਗੇ। ਇਹ ਕਰੋਨਾ ਮਹਾਮਾਰੀ, ਸਪਾਲਈ ਚੇਨਾਂ ‘ਚ ਆਈ ਰੁਕਾਵਟ, ਯੂਕਰੇਨ ‘ਤੇ ਰੂਸੀ ਹਮਲੇ, ਭੋਜਨ ਦੀ ਕਮੀ ਜਾਂ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਨਹੀਂ ਆਵੇਗੀ, ਸਗੋਂ ਇਸ ਦਾ ਅਸਲ ਕਾਰਨ ਕੁਝ ਹੋਰ ਹੀ ਹੋਵੇਗਾ।”
ਗੈਸਵ ਅੱਗੇ ਆਖਦੇ ਹਨ ਕਿ “ਫਿ਼ਲਹਾਲ ਉੱਤਰੀ ਅਰਧ ਗੋਲੇ ਵਿਚ ਗਰਮੀਆਂ ਰਹਿਣ ਅਤੇ ਸਾਲ ਦੇ ਅੰਤ ਵਿਚ ਤਿਉਹਾਰਾਂ ਦੇ ਕਰਕੇ, ਮੇਰਾ ਅੰਦਾਜ਼ਾ ਹੈ ਕਿ ਮੰਦੀ ਮੱਧਮ ਮਿਜ਼ਾਜ ਦੀ ਹੋਵੇਗੀ। ਇਸ ਦੌਰਾਨ ਲੋਕ ਘੁੰਮਣਗੇ, ਖਰਚ ਕਰਨਗੇ ਅਤੇ ਮਹਾਂਮਾਰੀ ਦੌਰਾਨ ਸਰਕਾਰਾਂ ਵੱਲੋਂ ਦਿੱਤੀਆਂ ਗਈਆਂ ਵਿੱਤੀ ਸਹਾਇਤਾ ਸਹੂਲਤਾਂ ਦਾ ਲਾਭ ਲੈਣਗੇ ਪਰ ਮੌਜ ਮਸਤੀ ਦਾ ਦੌਰ ਹਮੇਸ਼ਾ ਨਹੀਂ ਚਲਦਾ।” ਉਹ ਅੱਗੇ ਕਹਿੰਦੇ ਹਨ, “ਕਦੇ ਨਾ ਕਦੇ ਚੀਜ਼ਾਂ ਪਹਿਲਾਂ ਦੀ ਤਰ੍ਹਾਂ ਹੋ ਜਾਣਗੀਆਂ, ਚੀਜ਼ਾਂ ਆਮ ਵਾਂਗ ਹੋ ਜਾਣਗੀਆਂ ਅਤੇ ਕਈ ਅਰਥ ਸ਼ਾਸਤਰੀ ਉਸ ਆਮ ਸਥਿਤੀ ਨੂੰ ਮੰਦੀ ਦਾ ਨਾਮ ਦਿੰਦੇ ਹਨ। ਇਹ ਵੀ ਸੱਚ ਹੈ ਕਿ ਹੁਣ ਅਮਰੀਕਾ ਦੇ ਕਰਜ਼ ਬਾਂਡਾਂ ਦਾ ਰਿਟਰਨ ਵਧ ਰਿਹਾ ਹੈ, ਜਿਸ ਨਾਲ ਅੰਤਰਰਾਸ਼ਟਰੀ ਪੂੰਜੀ ਦੀ ਅਮਰੀਕਾ ਵੱਲ ਪਰਤਣ ਦੀ ਖਿੱਚ ਵਧੇਗੀ।”
ਉਧਰ ਇਕ ਹੋਰ ਆਰਥਿਕ ਮਾਮਲਿਆਂ ਦੇ ਮਾਹਿਰ ਪਿਏਗਜ਼ਾ ਦਾ ਆਖਣਾ ਹੈ, “ਫੈਡਰਲ ਰਿਜ਼ਰਵ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਆਪਣੇ ਸੰਕਲਪ ਨੂੰ ਨਵਾਂ ਅਤੇ ਮਜ਼ਬੂਤ ਬਣਾਇਆ ਹੈ। ਜੂਨ ‘ਚ ਵਿਆਜ ਦਰਾਂ ‘ਚ 0.75% ਦਾ ਵਾਧਾ ਕੀਤਾ ਗਿਆ ਸੀ ਅਤੇ ਜੁਲਾਈ ‘ਚ ਫਿਰ ਤੋਂ 0.75% ਦੇ ਵਾਧੇ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।”
ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਫੈਡਰਲ ਰਿਜ਼ਰਵ ਮੰਦੀ ਲਿਆਉਣ ਦੀ ਕੋਸਿ਼ਸ਼ ਨਹੀਂ ਕਰ ਰਿਹਾ ਹੈ ਪਰ ਹੁਣ ਜੋ ਕੁਝ ਹੋ ਰਿਹਾ ਹੈ, ਉਸ ਨਾਲ ਸ਼ਾਇਦ ਇਸ ਸਾਲ ਦੇ ਅੰਤ ਤਕ ਨਕਾਰਾਤਮਕ ਵਿਕਾਸ ਦਰ ਜਾਂ ਸਟੈਗਫਲੇਸ਼ਨ ਭਾਵ ਇਕੋ ਸਮੇਂ ਮੰਦੀ ਅਤੇ ਮਹਿੰਗਾਈ ਆ ਸਕਦੀ ਹੈ। ਸਪਲਾਈ ਚੇਨ ਵਿਚ ਰੁਕਾਵਟ ਪੈਣ ਅਤੇ ਜੰਗ ਦੇ ਜਾਰੀ ਰਹਿਣ ਦੇ ਕਾਰਨ ਲੋਕ ਅਜੇ ਵੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਅਤੇ ਹੁਣ ਜਦੋਂ ਫੈਡਰਲ ਰਿਜ਼ਰਵ ਤਕਰੀਬਨ 4% ਦੀ ਤਜਵੀਜ਼ਸ਼ੁਦਾ ਜਾਂ ਉਸ ਤੋਂ ਵੀ ਵੱਧ ਤੇਜ਼ੀ ਨਾਲ ਦਰਾਂ ਵਧਾ ਰਿਹਾ ਹੈ, ਤਾਂ ਇਸ ਨਾਲ ਅਰਥਵਿਵਸਥਾ ਦੇ ਕਮਜ਼ੋਰ ਹੋਣ ਦਾ ਖਤਰਾ ਹੈ।
ਜਦਕਿ ਇਸੇ ਨਿਊਜ਼ ਰਿਪੋਰਟ `ਚ ਐਂਡਰੇਸ ਮੋਰੇਨ ਜਾਰਾਮਿਲੋ ਜੋ ਕਿ ਅਰਥ ਸ਼ਾਸਤਰੀ ਹੋਣ ਦੇ ਨਾਲ-ਨਾਲ ਸੁਤੰਤਰ ਵਿੱਤੀ ਸਲਾਹਕਾਰ ਅਤੇ ਸ਼ੇਅਰ ਬਾਜ਼ਾਰ ਦੇ ਵਿਸ਼ਲੇਸ਼ਕ (ਬੋਗੋਟਾ) ਵੀ ਹਨ ਦਾ ਕਹਿਣਾ ਹੈ, “ਕਈ ਅਰਥ-ਸ਼ਾਸਤਰੀਆਂ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਘਟਦੀ ਵਿਕਾਸ ਦਰ ਦੇ ਦੌਰ ਵਿਚੋਂ ਲੰਘਦੇ ਹੋਏ ਅਸੀਂ ਮੰਦੀ ਦੇ ਦੌਰ ਦਾ ਸਾਹਮਣਾ ਕਰ ਰਹੇ ਹਾਂ ਪਰ ਵਿਆਜ ਦਰ ਵਧਣ ਦੇ ਕਾਰਨ ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਹੁਣ ਇਹ ਚੱਕਰ ਉਲਟਾ ਘੁੰਮਣ ਵਾਲਾ ਹੈ। ਬੇਸ਼ੱਕ ਅਜਿਹਾ ਹੋ ਸਕਦਾ ਹੈ, ਪਰ ਸਾਰੀਆਂ ਮੁਸ਼ਕਲਾਂ ਤੋਂ ਬਾਅਦ ਵੀ ਦੁਨੀਆ ਦੀ ਭੂ-ਰਾਜਨੀਤੀ ਇਸ ਹੱਦ ਤੱਕ ਨਹੀਂ ਵਿਗੜੀ ਹੈ ਕਿ ਮੰਦੀ ਹੀ ਆ ਜਾਵੇ।” ਉਹ ਅੱਗੇ ਆਖਦੇ ਹਨ ਕਿ “ਅਜੇ ਤਕ ਇਸ ਦਾ ਪਤਾ ਨਹੀਂ ਹੈ। ਅਮਰੀਕਾ ਨੇ ਆਪਣੀਆਂ ਵਿਆਜ ਦਰਾਂ ਨੂੰ ਵਧਾਉਣ ‘ਚ ਕਾਫ਼ੀ ਸਮਾਂ ਲਿਆ ਹੈ, ਤਾਂ ਜੋ ਮੰਦੀ ਨਾ ਆਵੇ। ਅਜਿਹੇ ਸਮੇਂ ‘ਚ ਜਦੋਂ ਮਹਿੰਗਾਈ ਬਹੁਤ ਜਿ਼ਆਦਾ ਹੁੰਦੀ ਹੈ, ਤਾਂ ਉੱਚੀਆਂ ਵਿਆਜ ਦਰਾਂ ਛੋਟੀ ਮੰਦੀ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਮੁਤਾਬਕ, “ਜੇਕਰ ਅਜਿਹਾ ਹੋਣਾ ਹੈ ਤਾਂ ਇਸ ਦਾ ਅਸਰ ਬਹੁਤ ਘੱਟ ਹੋਵੇਗਾ। ਮੈਨੂੰ ਲੱਗਦਾ ਹੈ ਕਿ ਸਰਕਾਰ ਮੰਦੀ ਨੂੰ ਆਉਣ ਤੋਂ ਰੋਕਣ ਲਈ ਆਪਣੀ ਪੂਰੀ ਕੋਸਿ਼ਸ਼ ਕਰੇਗੀ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਜਾਂ ਭੂ-ਰਾਜਨੀਤੀ ਹੈ, ਜੋ ਕਿ ਅਰਥਚਾਰੇ ਦਾ ਪੂਰਾ ਨਜ਼ਰੀਆ ਹੀ ਬਦਲ ਸਕਦੀਆਂ ਹਨ। ਇਸ ਲਈ ਸਾਨੂੰ ਬਹੁਤ ਹੀ ਸੁਚੇਤ ਰਹਿਣ ਦੀ ਲੋੜ ਹੈ।” ਉਨ੍ਹਾਂ ਦਾ ਮੰਨਣਾ ਹੈ, “ਮੈਨੂੰ ਲੱਗਦਾ ਹੈ ਕਿ ਹੁਣ ਸਭ ਤੋਂ ਬੁਰਾ ਸਮਾਂ ਖਤਮ ਹੋ ਗਿਆ ਹੈ। ਦੂਜੇ ਦੇਸ਼ਾਂ ਵਾਂਗ ਹੀ ਹੁਣ ਅਮਰੀਕਾ ਵੀ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਤੇ ਮਹਿੰਗਾਈ ‘ਤੇ ਕਾਬੂ ਪਾਉਣ ਦੇ ਕਾਰਨ ਅਰਥ-ਵਿਵਸਥਾ ਥੋੜ੍ਹੀ ਹੌਲੀ ਹੋ ਗਈ ਹੈ। ਹੋ ਸਕਦਾ ਹੈ ਕਿ ਇਹ ਨਕਾਰਾਤਮਕ ਵੀ ਹੋ ਜਾਵੇ, ਪਰ ਇਹ ਇੰਨੀ ਵੀ ਮਾੜੀ ਗੱਲ ਨਹੀਂ ਹੈ।”