ਪ੍ਰਿੰ. ਸਰਵਣ ਸਿੰਘ
ਹਵਾਈ ਸਫ਼ਰ ਦੀਆਂ ਬੰਦਸ਼ਾਂ ਖੁੱਲ੍ਹੀਆਂ ਤਾਂ ਬੇਕਰਜ਼ਫੀਲਡ ਤੋਂ ਸੁੱਖੀ ਘੁੰਮਣ ਦਾ ਫੋਨ ਆ ਗਿਆ। ਡਾਇਲ `ਤੇ ਨਾਂ ਪੜ੍ਹਦਿਆਂ ਮੈਨੂੰ ਉਹਦਾ ‘ਯੂਨੀਅਨ ਟਰੱਕ ਡਰਾਈਵਿੰਗ ਸਕੂਲ’ ਦਿਸਣ ਲੱਗਾ। ਉਹਦੇ ਖੁੱਲ੍ਹੇ ਹਾਤੇ ਵਿਚ ਰੁੱਖਾਂ ਦੀ ਛਾਵੇਂ ਲੱਗੀਆਂ ਰੌਣਕਾਂ ਦਿਖਾਈ ਦੇਣ ਲੱਗੀਆਂ। ਉਥੇ ਪੰਜਾਬ ਦੇ ਖੁੰਢਾਂ ਵਰਗੀ ਸੱਥ ਸਜੀ ਹੋਈ ਸੀ।
ਤਰਾਰੇ `ਚ ਆਏ ਗਾਲੜੀ ਜ਼ਮੀਨ ਅਸਮਾਨ ਦੇ ਕੁੰਡੇ ਮੇਲ ਰਹੇ ਸਨ। ਉਸ ਡਰਾਈਵਿੰਗ ਸਕੂਲ ਨੇ ਹਜ਼ਾਰਾਂ ਬੇਰੁਜ਼ਗਾਰ ਪੰਜਾਬੀ ਟਰੱਕ ਡਰਾਈਵਰ ਬਣਾਏ ਜੋ ਟ੍ਰੱਕਿੰਗ ਦੇ ਰੁਜ਼ਗਾਰ ਵਿਚ ਲੱਗ ਕੇ ਅਮਰੀਕਾ ਦੇ ਮਾਣਯੋਗ ਸ਼ਹਿਰੀ ਬਣੇ। ਉਨ੍ਹਾਂ ਨੇ ਘਰ ਖਰੀਦੇ, ਨਵੇਂ ਟਰੱਕ ਲਏ ਤੇ ਵੱਡੇ ਫਾਰਮਰ ਅਖਵਾਏ। ਹਾਸੇ ਮਜ਼ਾਕ `ਚ ਸੁੱਖੀ ਦੇ ਯਾਰ ਦੋਸਤ ਉਸ ਨੂੰ ਭਾਵੇਂ ਕੁਝ ਕਹੀ ਜਾਣ ਪਰ ਮੈਂ ਉਸ ਨੂੰ ਬੇਕਰਜ਼ਫੀਲਡ ਦੀ ‘ਟੱ੍ਰਕਿੰਗ ਯੂਨੀਵਰਸਿਟੀ ਦਾ ਵਾਈਸ ਚਾਂਸਲਰ’ ਸਮਝਦਾਂ। ਪੰਜਾਬ ਦੀ ਕਿਸੇ ਯੂਨੀਵਰਸਿਟੀ ਨੇ ਸ਼ਾਇਦ ਹੀ ਏਨੇ ਨੌਜੁਆਨਾਂ ਨੂੰ ਰੁਜ਼ਗਾਰ ਸਿਰ ਕੀਤਾ ਹੋਵੇ ਜਿੰਨਿਆਂ ਨੂੰ ਉਸ ਦੇ ਡਰਾਈਵਿੰਗ ਸਕੂਲ ਨੇ ਕਮਾਈਆਂ ਕਰਨ ਲਾਇਆ। ਮਾੜੇ ਮੋਟੇ ਅੱਖਰ ਉਠਾਲਣ ਜੋਗਾ ਜਿਹੜਾ ਨੌਜੁਆਨ ਵੀ ਉਹਦੇ ਕੋਲ ਆਇਆ ਉਸ ਨੂੰ ਕੁਝ ਹਫ਼ਤਿਆਂ `ਚ ਹੀ ਡਰਾਈਵਿੰਗ ਕੋਰਸ ਕਰਾ ਕੇ, ਉਹਦਾ ਲਾਇਸੈਂਸ ਬਣਵਾਇਆ ਤੇ ਟਰੱਕ `ਤੇ ਚੜ੍ਹਾਇਆ। ਫਿਰ ਟਰੱਕ ਡਰਾਈਵਰਾਂ ਮਗਰ ਡਾਲਰ ਈ ਡਾਲਰ, ਵਿਆਹ ਈ ਵਿਆਹ, ਨਰਸਾਂ ਈ ਨਰਸਾਂ ਤੇ ਰਿਸ਼ਤੇਦਾਰ ਈ ਰਿਸ਼ਤੇਦਾਰ ਹਵਾਈ ਜਹਾਜ਼ਾਂ `ਤੇ ਚੜ੍ਹਦੇ ਆਏ। ਇੰਜ ਝੂੰਦਾਂ-ਅਮਰਗੜ੍ਹ ਦੇ ਸੁਖਵਿੰਦਰ ਸਿੰਘ ਘੁੰਮਣ ਤੇ ਉਸ ਦੀ ਐੱਮਏ ਇਕਨੌਮਿਕਸ ਪਤਨੀ ਬੀਬੀ ਜਸਵਿੰਦਰ ਕੌਰ ਹਜ਼ਾਰਾਂ ਨੌਜੁਆਨਾਂ ਦੇ ਰੁਜ਼ਗਾਰਦਾਤੇ ਬਣੇ। ਸੁੱਖੀ ਘੁੰਮਣ ਦੇ ਕਿਰਦਾਰ ਵਿਚ ਦੀ ਮੈਂ ਪੰਜਾਬ ਦੇ ਸਾਹਸੀ ਨੌਜੁਆਨਾਂ ਨੂੰ ਬਾਰਡਰ ਟੱਪਦੇ, ਮੁਸ਼ਕਲਾਂ ਜਰਦੇ, ਤੰਗੀਆਂ ਕੱਟਦੇ, ਸੰਘਰਸ਼ ਕਰਦੇ ਤੇ ਬਿਗਾਨੀਆਂ ਧਰਤੀਆਂ `ਤੇ ਕਾਮਯਾਬੀਆਂ ਦੇ ਝੰਡੇ ਗੱਡਦੇ ਵੇਖਦਾਂ।
ਸੁੱਖੀ ਘੁੰਮਣ ਦੇ ਨਾਲ ‘ਪੈਰਾਡਾਈਜ਼ ਪੈਲਸ’ ਵਾਲੇ ਰੇਡੀਓਕਾਰ ਨਾਜ਼ਰ ਸਿੰਘ ਕੂਨਰ ਦਾ ਫੋਨ ਵੀ ਆ ਗਿਆ ਕਿ ਅਸੀਂ 12 ਜੂਨ ਨੂੰ ਵਿਸਾਖੀ ਮੇਲਾ ਮਨਾ ਰਹੇ ਹਾਂ। ਉਸ ਵਿਚ ਕਬੱਡੀ ਹੋਵੇਗੀ ਤੇ ਕੰਵਰ ਗਰੇਵਾਲ ਦਾ ਗਾਉਣ ਲੱਗੇਗਾ। ਬੱਚਿਆਂ ਤੇ ਬੀਬੀਆਂ ਦੇ ਮਨੋਰੰਜਨ ਦਾ ਪ੍ਰਬੰਧ ਹੋਵੇਗਾ ਜਿਸ ਵਿਚ ਬੀਬੀ ਆਸ਼ਾ ਸ਼ਰਮਾ ਵੀ ਦਰਸ਼ਨ ਦੇਵੇਗੀ। ਦੋਹਾਂ ਸੱਜਣਾਂ ਨੇ ਸੱਦਾ ਦਿੱਤਾ ਕਿ ਮੇਲੇ `ਚ ਤੁਸੀਂ ਵੀ ਦਰਸ਼ਨ ਦੇਣੇ। 2004 ਵਿਚ ਨਾਜ਼ਰ ਸਿੰਘ ਕੂਨਰ ਨੇ ਮੈਗਜ਼ੀਨ ‘ਖੇਡ ਸੰਸਾਰ’ ਦੀ ਸਾਡੀ ਟੀਮ ਨੂੰ ਬੇਕਰਜ਼ਫੀਲਡ ਤੋਂ ਨੌ ਸੌ ਮੀਲ ਦੂਰ ਐਸਪੀਨੋਲਾ ਲਿਜਾ ਕੇ ਸਾਨੂੰ ਯੋਗੀ ਹਰਭਜਨ ਸਿੰਘ ਨਾਲ ਮਿਲਾਇਆ ਸੀ। ਮੌਕਾ ਸੀ ਯੋਗੀ ਦੇ ਪੁੱਤਰ ਕੁਲਬੀਰ ਸਿੰਘ ਦੇ ਵਿਆਹ ਦਾ। ਦੂਰੋਂ ਨੇੜਿਓਂ ਆਏ ਮਹਿਮਾਨ ਸ੍ਰੀ ਸਿੰਘਾਸਨ-ਏ-ਖਾਲਸਾ ਕੋਲ ਜੁੜਨੇ ਸ਼ੁਰੂ ਹੋ ਗਏ ਸਨ ਜਿਥੇ ਅਨੰਦ ਕਾਰਜ ਹੋਣੇ ਸਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੀ ਪਹੁੰਚ ਗਏ ਤੇ ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਤਰਲੋਚਨ ਸਿੰਘ ਵੀ। ਸਿ਼ਕਾਗੋ ਵਾਲੇ ਸੰਤ ਬਾਬਾ ਦਲਜੀਤ ਸਿੰਘ ਵੀ ਸਨ। ਹੋਰਨਾਂ ਵਿਸ਼ੇਸ਼ ਵਿਅਕਤੀਆਂ ਵਿਚ ਭਾਰਤ ਦੀਆਂ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਸਨ।
ਮੈਗਜ਼ੀਨ ‘ਖੇਡ ਸੰਸਾਰ’ ਰਿਲੀਜ਼ ਕਰਨ ਦਾ ਉਹ ਉਚਿਤ ਮੌਕਾ ਸੀ। ਅਸੀਂ ਸਿੰਘ ਸਾਹਿਬਾਨ ਨੂੰ ਮੈਗਜ਼ੀਨ ਰਿਲੀਜ਼ ਕਰਨ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਬੜੀ ਪ੍ਰਸੰਨਤਾ ਨਾਲ ਸਾਡੀ ਬੇਨਤੀ ਪਰਵਾਨ ਕਰ ਲਈ ਅਤੇ ‘ਖੇਡ ਸੰਸਾਰ’ ਦੀ ਪਹਿਲੀ ਕਾਪੀ ਪੰਜਾਬੀ ਜਗਤ ਨੂੰ ਸਮਰਪਿਤ ਕਰ ਦਿੱਤੀ। ਅਨੰਦ ਕਾਰਜ ਵਿਚ ਹਾਜ਼ਰੀ ਲਵਾ ਕੇ ਅਸੀਂ ਯੋਗੀ ਹਰਭਜਨ ਸਿੰਘ ਜੀ ਦਾ ਹਾਲ ਚਾਲ ਪੁੱਛਣਾ ਚਾਹੁੰਦੇ ਸਾਂ। ਉਹ ਕਾਫੀ ਦੇਰ ਤੋਂ ਬਿਮਾਰ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਬਿਸਤਰੇ `ਚ ਪਏ ਰਹਿਣ ਦੀ ਸਲਾਹ ਦਿੱਤੀ ਸੀ। ਜਦੋਂ ਸਿੰਘ ਸਾਹਿਬਾਨ ਉਨ੍ਹਾਂ ਨੂੰ ਮਿਲਣ ਗਏ ਤਾਂ ਨਾਜ਼ਰ ਸਿੰਘ ਕੂਨਰ ਸਾਨੂੰ ਵੀ ਨਾਲ ਲੈ ਗਿਆ। ਮੈਨੂੰ ਤੇ ਸੰਤੋਖ ਮੰਡੇਰ ਨੂੰ ਉਨ੍ਹਾਂ ਨੇ ਸਿਆਣ ਲਿਆ। ਮੰਡੇਰ ਨੂੰ ਉਨ੍ਹਾਂ ਨੇ ਫੋਟੋ ਖਿੱਚਣ ਦੀ ਆਗਿਆ ਦੇ ਦਿੱਤੀ ਤੇ ਨਾਲ ਹੀ ਹਸਦੇ ਹੋਏ ਕਿਹਾ, “ਟੌਹੜਾ ਫੋਟੋ ਖਿਚਾਉਣ ਪਿਛੋਂ ਚੱਲ ਵਸਿਆ ਸੀ। ਵੇਖਿਓ ਕਿਤੇ ਮੇਰੇ ਨਾਲ ਵੀ ਉਹੀ ਨਾ ਹੋਵੇ!” ਉਥੇ ਯੋਗੀ ਜੀ ਨੇ ‘ਖੇਡ ਸੰਸਾਰ’ ਦਾ ਸਿਰ ਪਲੋਸਿਆ ਤੇ ਫੋਟੋ ਖਿਚਵਾਈ। ਨਾਲ ਹੀ ਸਾਨੂੰ ਕਿਹਾ ਕਿ ਤਕੜੇ ਹੋ ਕੇ ਮੈਗਜ਼ੀਨ ਚਲਾਇਓ ਤੇ ਨਵੀਂ ਪੀੜ੍ਹੀ ਨੂੰ ਸਿਹਤ ਨਰੋਈ ਬਣਾਉਣ ਦੀ ਚੇਟਕ ਲਾਇਓ।
ਸੁੱਖੀ ਘੁੰਮਣ ਤੇ ਨਾਜ਼ਰ ਕੂਨਰ ਦੇ ਸੱਦੇ ਨਾਲ ਮੈਨੂੰ 1990 ਵਿਚ ਲਿਖਿਆ ਆਪਣਾ ਸਫ਼ਰਨਾਮਾ ‘ਮੇਰੀ ਅਮਰੀਕਾ ਫੇਰੀ’ ਵੀ ਯਾਦ ਆ ਗਿਆ ਸੀ ਜਿਸ ਦਾ ਨਾਂ ਬਾਅਦ ਵਿਚ ‘ਅੱਖੀਂ ਵੇਖ ਨਾ ਰੱਜੀਆਂ’ ਰੱਖਿਆ ਗਿਆ ਸੀ। ਉਹ ਛੇ ਸਾਲ ਬੀਏ ਦੇ ਵਿਦਿਆਰਥੀਆਂ ਲਈ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹਾ। ਉਸ ਵਿਚ ਬੇਕਰਜ਼ਫੀਲਡ ਬਾਰੇ ਲਿਖੇ ਕਾਂਡ ਦਾ ਸਿਰਲੇਖ ‘ਸੱਜਣਾਂ ਦਾ ਸ਼ਹਿਰ’ ਰੱਖਿਆ ਗਿਆ ਸੀ। ਸੱਜਣਾਂ ਦੇ ਸ਼ਹਿਰ ਦਾ ਸੱਦਾ ਮੈਂ ਕਿਵੇਂ ਨਾ ਮੰਨਦਾ? ਉਂਜ ਵੀ ਕਰੋਨਾ ਦੀਆਂ ਬੰਦਸ਼ਾਂ ਕਰਕੇ ਦੋ ਸਾਲਾਂ ਤੋਂ ਘਰ `ਚ ਡੱਕਿਆ ਹੋਇਆ ਸਾਂ। ਹੁਣ ਕਰੋਨੇ ਦੀਆਂ ਪਾਬੰਦੀਆਂ ਘਟ ਗਈਆਂ ਸਨ ਸੋ ਬਾਹਰ ਨਿਕਲਿਆ ਜਾ ਸਕਦਾ ਸੀ।
ਮੈਂ ਟੋਰਾਂਟੋ ਤੋਂ ਸਿੱਧਾ ਬੇਕਰਜ਼ਫੀਲਡ ਜਾਣ ਬਾਰੇ ਸੋਚ ਰਿਹਾ ਸਾਂ ਕਿ ਸੱਰੀ ਤੋਂ ਸੰਤੋਖ ਸਿੰਘ ਮੰਡੇਰ ਦਾ ਫੋਨ ਆ ਗਿਆ। ਉਸ ਦਾ ਸੱਦਾ ਸੀ ਕਿ ਵੈਨਕੂਵਰ ਆ ਜਾਓ, ਏਥੋਂ ਆਪਾਂ ਸਿਆਟਲ ਤਕ ਕਾਰ `ਚ ਚੱਲਾਂਗੇ। ਉਥੇ ਬੜੇ ਪਿੰਡ ਵਾਲੇ ਖੇਡ ਪ੍ਰੇਮੀ ਦਰਸ਼ਨ ਸਿੰਘ ਬੱਬੀ ਦੀ ਬੇਟੀ ਦੇ ਵਿਆਹ ਵਿਚ ਸ਼ਾਮਲ ਹੋਵਾਂਗੇ ਜਿਥੇ ਬਹੁਤ ਸਾਰੇ ਦੋਸਤ ਮਿੱਤਰ ਮਿਲ ਜਾਣਗੇ। ਉਨ੍ਹਾਂ ਨੂੰ ਮਿਲ ਕੇ ਸਿਆਟਲ ਤੋਂ ਜਹਾਜ਼ ਚੜ੍ਹਾਂਗੇ ਤੇ ਫ਼ਰਿਜ਼ਨੋ ਜਾ ਉਤਰਾਂਗੇ। ਫਰਿਜ਼ਨੋ ਤੋਂ ਸੁੱਖੀ, ਪਾਲ ਸਹੋਤਾ ਜਾਂ ਉਨ੍ਹਾਂ ਦਾ ਕੋਈ ਸਾਥੀ ਬੇਕਰਜ਼ਫੀਲਡ ਲੈ ਜਾਵੇਗਾ। ਅੰਨ੍ਹਾ ਕੀ ਭਾਲੇ ਦੋ ਅੱਖਾਂ! ਮੈਨੂੰ ਓਲੰਪੀਅਨ ਫੋਟੋਕਾਰ ਮੰਡੇਰ ਦਾ ਸਾਥ ਮਿਲ ਗਿਆ ਸੀ। ਵਡੇਰੀ ਉਮਰੇ ਸਾਥ ਚਾਹੀਦਾ ਵੀ ਸੀ। ਮੈਂ ਟੋਰਾਂਟੋ ਤੋਂ ਉਡਾਣ ਫੜੀ ਤੇ ਵੈਨਕੂਵਰ ਜਾ ਉਤਰਿਆ। ਸ਼ਾਮ ‘ਬੀਲ੍ਹੇ ਦੀ ਖੇਡ’ ਵਾਲੇ ਗਰੇਵਾਲ ਭਰਾਵਾਂ ਪ੍ਰੀਤਮ ਸਿੰਘ ਤੇ ਬਿੰਦਰ ਹੋਰਾਂ ਨਾਲ ਗੁਜ਼ਾਰੀ ਤੇ ਸਵੇਰ ਸਾਰ ਸਿਆਟਲ ਨੂੰ ਚਾਲੇ ਪਾ ਲਏ।
ਸਿਆਟਲ ਵੱਲ ਦੀ ਜਾਣ ਦਾ ਇਕ ਕਾਰਨ ਹੋਰ ਵੀ ਸੀ ਕਿ ਟੋਰਾਂਟੋ ਤੋਂ ਅੰਤਰਰਾਸ਼ਟਰੀ ਉਡਾਣ ਫੜਨ ਲਈ ਖੜ੍ਹੇ ਪੈਰ ਕਰੋਨਾ ਟੈਸਟ ਕਰਾਉਣਾ ਜ਼ਰੂਰੀ ਸੀ। ਸੜਕ ਰਸਤੇ ਬਾਰਡਰ ਕਰਾਸ ਕਰਨ ਵਿਚ ਅਜਿਹਾ ਅੜਿੱਕਾ ਨਹੀਂ ਸੀ। ਮੇਰੇ ਕੋਲ ਅਮਰੀਕਾ ਜਾਣ ਦਾ ਵੀਜ਼ਾ ਤਾਂ ਸੀ ਪਰ ਬਾਰਡਰ ਤੋਂ ਐਂਟਰੀ ਲਵਾਉਣ ਲਈ ਰੁਕਣਾ ਪੈਣਾ ਸੀ। ਉਥੇ ਟਾਈਮ ਲੱਗ ਸਕਦਾ ਸੀ ਜੋ ਦਸ ਪੰਦਰਾਂ ਮਿੰਟ ਹੀ ਲੱਗਾ। ਹਾਂ, ਸਿਆਟਲ ਹਵਾਈ ਅੱਡੇ `ਤੇ ਸਕਿਉਰਿਟੀ `ਚੋਂ ਲੰਘਦਿਆਂ ਜ਼ਰੂਰ ਖੱਜਲ ਖੁਆਰੀ ਹੋਈ ਜਿਸ ਲਈ ਅਸੀਂ ਖ਼ੁਦ ਜਿ਼ੰਮੇਵਾਰ ਸਾਂ। ਬੇਧਿਆਨੀ `ਚ ਅਸੀਂ ਬੈਲਟਾਂ ਲਾਹੁਣੀਆਂ ਭੁੱਲ ਗਏ ਸਾਂ ਜਿਨ੍ਹਾਂ ਦੇ ਬਕਲਾਂ ਨੇ ਕੈਬਿਨ `ਚ ਲਾਲ ਬੱਤੀਆਂ ਜਗਾ ਦਿੱਤੀਆਂ। ਫੇਰ ਕੀ ਸੀ, ਬੱਕਰੇ ਦਾ ਮਾਸ ਟੋਹਣ ਵਾਂਗ ਸਾਨੂੰ ਥਾਂ-ਥਾਂ ਤੋਂ ਟੋਹਿਆ ਗਿਆ ਤੇ ਪੈਰਾਂ ਤੋਂ ਪੱਗਾਂ ਤਕ ਖਰਖਰਾ ਜਿਹਾ ਫੇਰਦਿਆਂ ਅੱਧਾ ਘੰਟਾ ਰੋਕੀ ਰੱਖਿਆ ਗਿਆ। ਏਨੀ ਕੁ ਸਖਤਾਈ ਨਾਲ ਅੱਗੇ ਤੋਂ ਮੱਤ ਮਿਲ ਗਈ ਕਿ ਸਕਿਉਰਿਟੀ ਵਿਚ ਦੀ ਲੰਘਣ ਵੇਲੇ ਆਪਣੀ ਬੈਲਟ, ਘੜੀ, ਕੜਾ, ਛਾਪ-ਛੱਲਾ, ਬਟੂਆ, ਪੈੱਨ, ਐਨਕਾਂ, ਬੂਟ, ਗੱਲ ਕੀ ਤਨ ਦੇ ਕੱਪੜਿਆਂ ਬਿਨਾਂ ਕੁਝ ਵੀ ਨਾਲ ਨਹੀਂ ਰੱਖਣਾ ਚਾਹੀਦਾ। ਮੁੜਦੀ ਵਾਰ ਰੱਖਿਆ ਨਹੀਂ ਜਿਸ ਕਰਕੇ ਰੁਕਾਵਟ ਵੀ ਨਹੀਂ ਪਈ।
ਫਰਿਜ਼ਨੋ ਦੇ ਹਵਾਈ ਅੱਡੇ `ਚੋਂ ਬਾਹਰ ਨਿਕਲੇ ਤਾਂ ਨਵੀਂ ਟੌਹਰੀ ਕਾਰ ‘ਬਰੈਂਡਲੇ’ ਵਿਚ ਸੁੱਖੀ ਘੁੰਮਣ ਤੇ ਬੋਪਾਰਾਏ ਵਾਲਾ ਸਿਮਰਨ ਦਿਓਲ ਸਾਨੂੰ ਉਡੀਕ ਰਹੇ ਸਨ। ਮਿਲਣ ਗਿਲਣ ਬਾਅਦ ਕਾਰ `ਚ ਬੈਠੇ ਤਾਂ ਨਵੀਂ ਕਾਰ ਦੀਆਂ ਵਧਾਈਆਂ ਦਿੱਤੀਆਂ। ਸਿਮਰਨ ਨੇ ਆਪਣੀ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਉਹ ਕਬੱਡੀ ਖਿਡਾਰੀ ਸਵਰਨੇ ਬਾਰੇਆਲੀਏ ਦਾ ਭਾਣਜਾ ਹੈ। ਸਵਰਨੇ ਨੂੰ ਮੈਂ ਮੋਗੇ ਗੁਰੂ ਨਾਨਕ ਕਾਲਜ ਵਿਚ ਪੜ੍ਹਨ ਵੇਲੇ ਤੋਂ ਜਾਣਦਾ ਸਾਂ। ਜੇਠ ਹਾੜ ਦੀ ਗਰਮੀ ਵਿਚ ਅੰਦਰੋਂ ਠੰਢੀ-ਠਾਰ ਕਾਰ ਸ਼ਾਹਰਾਹ 99 `ਤੇ ਫਰਾਟੇ ਭਰਨ ਲੱਗੀ। ਸਵਾ ਕੁ ਘੰਟੇ `ਚ ਅਸੀਂ ਸੁੱਖੀ ਦੇ ਨਵੇਂ ਬਣੇ ‘ਯੂਨੀਅਨ ਟਰੱਕ ਸਟਾਪ’ `ਤੇ ਪਹੁੰਚ ਗਏ। ਰੈਸਟੋਰੈਂਟ ਵਿਚ ਚੌਲ ਕੜ੍ਹੀ, ਰਾਇਤਾ, ਤਾਜ਼ੀ ਟਿੰਡੋ ਦੀ ਸਬਜ਼ੀ, ਦੇਸੀ ਤੜਕੇ ਵਾਲੀ ਦਾਲ ਤੇ ਮੀਟ ਦੀ ਤਰੀ ਮਹਿਕ ਰਹੀ ਸੀ। ਭੁੱਖ ਵੀ ਵਾਹਵਾ ਲੱਗੀ ਸੀ ਜਿਸ ਕਰਕੇ ਮੰਡੇਰ ਸਭ ਕੁਝ ਬੰਨੇ ਲਾਈ ਗਿਆ। ਉਹ ਖਾਣ ਲੱਗੇ ਤਾਂ ਦੋ ਦਿਨਾਂ ਦੀ ਖੁਰਾਕ ਖਾ ਜਾਂਦੈ, ਨਾ ਖਾਵੇ ਤਾਂ ਦੋ ਦਿਨ ਖਾਂਦਾ ਈ ਨਹੀਂ! ਖਾ ਪੀ ਕੇ ਅਸੀਂ ਕਬੱਡੀ ਲਈ ਬਣਾਇਆ ਮੈਦਾਨ ਵੇਖਣ ਗਏ ਜੋ ਵਾਹਿਆ ਸੁਹਾਗਿਆ ਖੇਤ ਸੀ। ਉਥੇ ਪੰਦਰਾਂ ਵੀਹ ਖੇਡ ਪ੍ਰੇਮੀ ਉਸ ਦੀ ਸਾਫ ਸਫਾਈ ਕਰ ਰਹੇ ਸਨ। ਮੰਡੇਰ ਵੀ ਉਨ੍ਹਾਂ ਨਾਲ ਕਬੱਡੀ ਦਾ ਦਾਇਰਾ ਸੰਵਾਰਨ ਲੱਗਾ। ਸਟੇਜ ਦਾ ਮੂੰਹ ਪੱਛਮ ਵੱਲ ਨੂੰ ਸੀ ਜੋ ਬਾਅਦ ਦੁਪਹਿਰ ਸੂਰਜ ਦੀ ਤੇਜ਼ ਧੁੱਪ ਨਾਲ ਤਪਣ ਲੱਗ ਪੈਣਾ ਸੀ। ਅਸੀਂ ਉਹਦਾ ਮੂੰਹ ਪੂਰਬ ਵੱਲ ਕਰਵਾਇਆ ਤੇ ਸਫੈਦਿਆਂ ਦੀ ਛਾਵੇਂ ਜਾ ਸਜਾਇਆ। ਕਬੱਡੀ ਦੇ ਮੈਦਾਨ ਦੁਆਲੇ ਦਰਸ਼ਕਾਂ ਲਈ ਟੈਂਟ ਲਾਏ ਤੇ ਕੁਰਸੀਆਂ ਡਾਹੀਆਂ ਜਾ ਰਹੀਆਂ ਸਨ।
ਫਿਰ ਅਸੀਂ ਮੇਲੇ ਦੇ ਪ੍ਰਬੰਧਕਾਂ ਦੀ ਮੀਟਿੰਗ ਵਿਚ ਸ਼ਾਮਲ ਹੋਏ ਜਿਥੇ ਨਾਜ਼ਰ ਕੂਨਰ ਤੇ ਸੁੱਖੀ ਘੁੰਮਣ ਤੋਂ ਇਲਾਵਾ ਰਾਣਾ ਲੌਟ, ਸਿਮਰਨ ਦਿਓਲ, ਅਮਰਜੀਤ ਟੁੱਟ, ਸੋਨੂੰ ਸਿਮੀ ਲਿੰਕ, ਬੌਬੀ ਬਰਾੜ, ਪਾਲ ਸੇਖੋਂ, ਹਰਦੀਪ ਰਾਏ, ਪਿੰਦਾ ਰਾਓ, ਲੱਕੀ ਸਪਰਾ, ਨਵਦੀਪ ਗਰੇਵਾਲ-ਸਿਟੀ ਲਿੰਕ, ਪਾਲ ਸੇਖੋਂ, ਦੀਪੀ ਉਪਲ, ਭਜਨ ਸੰਧੂ, ਮਹਿੰਦਰ ਧਾਲੀਵਾਲ, ਅਮਰੀਕ ਅਟਵਾਲ, ਕੰਵਲਜੀਤ, ਪ੍ਰਦੀਪ ਦੀਪਾ, ਮਾਨ ਢੀਡਸਾ, ਰਵਿੰਦਰ ਬਸਰਾ, ਰੰਗੀ, ਹਰਬੰਸ, ਮਨਜੀਤ ਰੰਧਾਵਾ, ਮੇਜਰ ਚਾਹਲ, ਡਾ: ਮਹਿਤਾਬ, ਰਾਮਿੰਦਰ, ਰਾਜਪਾਲ, ਕਰਮਜੀਤ ਕੰਗ, ਗੁਰਦਰਸ਼ਨ ਮਾਨ ਤੇ ਹੋਰ ਕਈ ਹੀਰੇ ਹਾਜ਼ਰ ਸਨ। ਉਥੇ ਅਗਲੇ ਦਿਨ ਦਾ ਪ੍ਰੋਗਰਾਮ ਫਾਈਨਲ ਕੀਤਾ ਗਿਆ।
12 ਜੂਨ ਸਵੇਰੇ ਕੂਨਰ ਦੇ ਰੇਡੀਓ ਤੋਂ ਅਸੀਂ ਵਿਸਾਖੀ ਮੇਲੇ ਦੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਤੇ ਉਨ੍ਹਾਂ ਨੂੰ ਹੁਮ-ਹੁਮਾ ਕੇ ਮੇਲੇ ਵਿਚ ਪੁੱਜਣ ਦਾ ਸੱਦਾ ਦਿੱਤਾ। ਮੰਡੇਰ ਕੈਮਰੇ ਸੰਭਾਲ ਕੇ ਕਬੱਡੀ ਦੇ ਗਰਾਊਂਡ ਦੀ ਮਾਰਕਿੰਗ ਵਿਚ ਰੁੱਝ ਗਿਆ ਤੇ ਮੈਂ ਲਾਗੇ ਹੀ ਕੂਨਰ ਦੇ ਘਰ ਆਰਾਮ ਕਰਨ ਚਲਾ ਗਿਆ। ਮੈਨੂੰ ਪਤਾ ਸੀ ਕਿ ਕਬੱਡੀਆਂ ਤਾਂ ਬਾਰਾਂ ਵਜੇ ਤੋਂ ਬਾਅਦ ਹੀ ਪੈਣਗੀਆਂ। ਕੂਨਰ ਦੇ ਘਰ ਆਪਣੇ ਪਤੀ ਹਰਮੋਹਨ ਸਮੇਤ ਬੀਬੀ ਆਸ਼ਾ ਸ਼ਰਮਾ ਵੀ ਆ ਗਈ ਜਿਸ ਨਾਲ ਕੈਲੇਫੋਰਨੀਆ ਦੇ ਸਭਿਆਚਾਰਕ ਮੇਲਿਆਂ ਦੀਆਂ ਗੱਲਾਂ ਹੋਣ ਲੱਗੀਆਂ। ਇਕ ਦਿਨ ਪਹਿਲਾਂ ਹੀ ਉਹ ਯੂਬਾ ਸਿਟੀ ਦਾ ਖੇਡ ਮੇਲਾ ਭੁਗਤਾ ਕੇ ਆਈ ਸੀ। ਬਾਰਾਂ ਕੁ ਵਜੇ ਅਸੀਂ ਸਟੇਜ `ਤੇ ਗਏ ਤਾਂ ਟੈਂਟ ਦਰਸ਼ਕਾਂ ਨਾਲ ਭਰ ਚੁੱਕੇ ਸਨ ਤੇ ਕਬੱਡੀ ਦੀਆਂ ਟੀਮਾਂ ਨੂੰ ਮੈਦਾਨ ਵਿਚ ਨਿਤਰਨ ਲਈ ਆਵਾਜ਼ਾਂ ਪੈ ਰਹੀਆਂ ਸਨ। ਮੈਂ ਟੀਮਾਂ ਦੀ ਲਿਸਟ `ਤੇ ਝਾਤ ਮਾਰੀ ਤਾਂ ਪੰਜਾਬ ਸਪੋਰਟਸ ਕਲੱਬ ਕੈਲੇਫੋਰਨੀਆ, ਸਪੋਰਟਸ ਕਲੱਬ ਬੇਕਰਜ਼ਫੀਲਡ, ਸਪੋਰਟਸ ਕਲੱਬ ਰਿਵਰਸਾਈਡ ਤੇ ਚੜ੍ਹਦਾ ਪੰਜਾਬ ਕਲੱਬ ਸੈਕਰਾਮੈਂਟੋ ਦੇ ਨਾਂ ਲਿਖੇ ਹੋਏ ਸਨ। ਮੇਰੀ ਤੇ ਬੀਬੀ ਆਸ਼ਾ ਸ਼ਰਮਾ ਦੀ ਡਿਊਟੀ ਸਟੇਜ ਉਪਰ ਸੀ ਜਦ ਕਿ ਇਕਬਾਲ ਗਾਲਿਬ ਤੇ ਸਵਰਨ ਸਿੰਘ ਨੇ ਮੈਚਾਂ ਦੀ ਕੁਮੈਂਟਰੀ ਕਰਨੀ ਸੀ। ਕੋਟਕਪੂਰੇ ਵਾਲਾ ਪ੍ਰੋ. ਦਰਸ਼ਨ ਸਿੰਘ ਸੰਧੂ ਤੇ ਬਾਸਕਟਬਾਲ ਵਾਲਾ ਬਹਾਦਰ ਸਿੰਘ ਟੈਕਨੀਕਲ ਐਡਵਾਈਜ਼ਰ ਸਨ।
ਸਟੇਜ `ਤੇ ਸੁੱਖੀ ਤੇ ਕੂਨਰ ਨਾਲ ਕਰੱਦਰਜ਼ ਤੋਂ ਸੌਗੀ ਦਾ ਸ਼ਹਿਨਸ਼ਾਹ ਚਰਨਜੀਤ ਸਿੰਘ ਬਾਠ, ਮੇਲੇ ਦੇ ਪੰਜ ਹਜ਼ਾਰੀਏ ਆਰਗੇਨਾਈਜ਼ਰ, ਪੰਜ ਪੰਜ ਸੌ ਡਾਲਰਾਂ ਦਾ ਯੋਗਦਾਨ ਪਾਉਣ ਵਾਲੇ ਮੈਂਬਰ ਅਤੇ ਕੁਝ ਵਿਸ਼ੇਸ਼ ਵਿਅਕਤੀ ਬਿਰਾਜਮਾਨ ਸਨ। ਮੈਚ ਸ਼ੁਰੂ ਹੁੰਦਿਆਂ ਫਰਿਜ਼ਨੋ ਤੋਂ ਰਾਇਲ ਐਕਸਪ੍ਰੈੱਸ ਦੇ ਹਰੇ ਟਰੱਕਾਂ ਵਾਲੇ ਖੇਡ ਪ੍ਰਮੋਟਰ ਪਾਲ ਸਹੋਤਾ ਹੋਰੀਂ ਵੀ ਪਹੁੰਚ ਗਏ। ਤਰਲੋਚਣ ਸਿੰਘ ਲੱਛਰ ਆਪਣੀ ਕਬੱਡੀ ਦੀ ਟੀਮ ਲੈ ਕੇ ਆ ਗਿਆ। ਦਲਬੀਰ ਚੌਧਰੀ, ਵੀਰੂ ਵੱਡਾ ਘਰ, ਮੇਸ਼ੀ ਭਲਵਾਨ ਤੇ ਦੇਵਿੰਦਰ ਕੋਚ ਮੈਚਾਂ ਦੇ ਰੈਫਰੀ ਸਨ। ਮੈਂ ਪ੍ਰਬੰਧਕਾਂ ਨੂੰ ਵਿਸਾਖੀ ਮੇਲੇ ਦੀਆਂ ਮੁਬਾਰਕਾਂ ਦਿੰਦਿਆਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਪਿਛੋਕੜ, ਕਬੱਡੀ ਦੀਆਂ ਕਿਸਮਾਂ ਤੇ ਫਿਰ ਕਬੱਡੀ ਨੂੰ ਲੱਗੇ ਡਰੱਗ ਦੇ ਜੱਫੇ ਤੋਂ ਗੁੰਡਾਗਰਦੀ ਦੇ ਜੱਫੇ ਤੱਕ ਦੀਆਂ ਗੱਲਾਂ ਕੀਤੀਆਂ। ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਸਾਫ ਸੁਥਰੀ ਖੇਡ ਵਿਖਾਉਣ ਦੀ ਤਾਕੀਦ ਕੀਤੀ। ਬੀਬੀ ਆਸ਼ਾ ਸ਼ਰਮਾ ਸਿ਼ਅਰੋ ਸ਼ਾਇਰੀ ਨਾਲ ਮੇਲਾ ਨਿਹਾਲ ਕਰਨ ਲੱਗੀ ਤਾਂ ਮੈਥੋਂ ਕਹਿਣੋਂ ਨਾ ਰਿਹਾ ਗਿਆ, ਕਿਸੇ ਦੇ ਸੱਤ ਹਲ ਚਲਦੇ ਹੋਣਗੇ, ਕਿਸੇ ਦੇ ਸੱਤ ਟਰੱਕ। ਆਹ ਸੁਣੋ ਸਟੇਜ ਦੀ ਮਲਕਾ ਬੀਬੀ ਜੀ ਦੀ ਜ਼ਬਾਨ ਹੀ ਸੱਤਾਂ ਹਲਾਂ ਨੂੰ ਮਾਤ ਪਾਈ ਜਾਂਦੀ ਐ! ਬੀਬੀ ਦਾ ਜਵਾਬ ਸੀ, ਪ੍ਰਿੰਸੀਪਲ ਸਾਹਿਬ ਕਲਮ ਤਾਂ ਤੁਹਾਡੀ ਵੀ ਸੱਤਾਂ ਹਲਾਂ ਤੋਂ ਘੱਟ ਨਹੀਂ ਚਲਦੀ! ਕਬੱਡੀ ਮੈਚਾਂ ਨਾਲ ਹਾਸੇ ਖੇਡੇ ਦੀਆਂ ਗੱਲਾਂ ਵੀ ਚਲਦੀਆਂ ਰਹੀਆਂ। ਅਸੀਂ ਸੱਦੇ ਹੀ ਸ਼ਬਦੀ ਫੁੱਲਝੜੀਆਂ ਚਲਾਉਣ ਲਈ ਸਾਂ।
ਕਬੱਡੀ ਦੇ ਫਸਵੇਂ ਮੈਚ ਹੁੰਦੇ ਰਹੇ, ਕਿਸੇ ਦੀ ਜਿੱਤ ਤੇ ਕਿਸੇ ਦੀ ਹਾਰ ਹੁੰਦੀ ਰਹੀ, ਕੁਮੈਂਟੇਟਰ ਕੁਮੈਂਟਰੀ ਕਰਦੇ ਰਹੇ, ਖਿਡਾਰੀਆਂ ਨੂੰ ਇਨਾਮ ਮਿਲਦੇ ਰਹੇ, ਦਰਸ਼ਕ ਤਾੜੀਆਂ ਮਾਰਦੇ ਰਹੇ, ਸੰਤੋਖ ਮੰਡੇਰ ਫੋਟੋਆਂ ਖਿੱਚਦਾ ਰਿਹਾ ਤੇ ਪ੍ਰਬੰਧਕਾਂ ਵੱਲੋਂ ਆਉਣ ਜਾਣ ਵਾਲਿਆਂ ਦਾ ਆਦਰ ਮਾਣ ਹੁੰਦਾ ਰਿਹਾ। ਬਿਨਾਂ ਸੱਟ-ਫੇਟ ਤੇ ਰੌਲੇ-ਰੱਪੇ ਦੇ ਕਬੱਡੀ ਟੂਰਨਾਮੈਂਟ ਸਫਲ ਰਿਹਾ। ਇਸ ਦਾ ਮੁੱਖ ਕਾਰਨ ਵਧੇਰੇ ਖਿਡਾਰੀ ਸਥਾਨਕ ਸਨ। ਮੇਲੇ ਵਿਚ ਮੇਰੀ ਪੁਸਤਕ ‘ਖੇਡ ਖਿਡਾਰੀ’ ਚਰਨਜੀਤ ਸਿੰਘ ਬਾਠ, ਸੁੱਖੀ ਘੁੰਮਣ, ਨਾਜ਼ਰ ਕੂਨਰ, ਪਾਲ ਸਹੋਤਾ, ਸਿਮਰਨ ਦਿਓਲ ਤੇ ਰਾਣੇ ਹੋਰਾਂ ਨੇ ਰਿਲੀਜ਼ ਕੀਤੀ। ਮੈਂ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਅਗਲੀ ਪੁਸਤਕ ਬੇਕਰਜ਼ਫੀਲਡ ਦੇ ਸੱਜਣਾਂ ਨੂੰ ਹੀ ਸਮਰਪਿਤ ਹੋਵੇਗੀ। ਫਿਰ ਵਰਲਡ ਕਬੱਡੀ ਕੱਪ ਵਿਚ ਭਾਰਤੀ ਕਬੱਡੀ ਟੀਮ ਦੀ ਕਪਤਾਨ ਬੀਬੀ ਰਾਮ ਭਟੇਰੀ ਦਾ ਮਾਣ ਸਨਮਾਨ ਕੀਤਾ ਗਿਆ। ਬੇਕਰਜ਼ਫੀਲਡ ਦੇ ਮੇਅਰ ਨੇ ਵਿਸਾਖੀ ਦੇ ਮੇਲੇ ਦੀਆਂ ਅੰਗਰੇਜ਼ੀ `ਚ ਵਧਾਈਆਂ ਦਿੱਤੀਆਂ ਤਾਂ ਉਹਦੇ ਭਾਸ਼ਨ ਦਾ ਨਾਲ ਦੀ ਨਾਲ ਨਾਜ਼ਰ ਸਿੰਘ ਕੂਨਰ ਨੇ ਤਰਜਮਾ ਕਰਦਿਆਂ ਕਮਾਲ ਦਾ ਦੁਭਾਸ਼ੀਆ ਹੋਣ ਦਾ ਸਬੂਤ ਦਿੱਤਾ। ਜਿਵੇਂ ਅਕਸਰ ਹੁੰਦੈ, ਕਬੱਡੀ ਦੀਆਂ ਟੀਮਾਂ ਵਾਰ-ਵਾਰ ਆਵਾਜ਼ਾਂ ਮਰਵਾ ਕੇ ਮੜ੍ਹਕ ਨਾਲ ਮਿੱਥੇ ਸਮੇਂ ਤੋਂ ਪਛੜ ਕੇ ਨਿਕਲਦੀਆਂ ਰਹੀਆਂ ਜਿਸ ਕਰਕੇ ਮੈਚ ਸ਼ਾਮ ਦੇ ਅੱਠ ਵਜੇ ਮਸੀਂ ਮੁੱਕੇ। ਤਦ ਤਕ ਨਾਲ ਲੱਗਦੇ ‘ਪੈਰਾਡਾਈਜ਼ ਪੈਲਸ’ ਵਿਚ ਕੰਵਰ ਗਰੇਵਾਲ ਦਾ ਗਾਉਣ ਲੱਗ ਚੁੱਕਾ ਸੀ। ਗਿੱਧੇ ਭੰਗੜੇ ਪਹਿਲਾਂ ਪੈ ਚੁੱਕੇ ਸਨ। ਕਬੱਡੀ ਦਾ ਸਾਰਾ ਮੇਲਾ ਫੇਰ ਉਧਰ ਨੂੰ ਉਮ੍ਹਲ ਪਿਆ ਤੇ ਵਿਸ਼ਾਲ ਪੈਲਸ ਨੱਕੋ-ਨੱਕ ਭਰ ਗਿਆ।
ਸਟੇਜ ਕਾਫੀ ਵੱਡਾ ਸੀ ਜਿਸ ਉਤੇ ਅੱਠ-ਦਸ ਸਾਜ਼ੀ ਸਾਜ਼ ਵਜਾ ਰਹੇ ਸਨ। ਪਿੱਛੇ ਬੈਨਰ ਉਤੇ ਵੱਡੇ ਅੱਖਰਾਂ ਵਿਚ ‘ਵਿਸਾਖੀ ਮੇਲਾ’ ਲਿਖਿਆ ਹੋਇਆ ਸੀ ਅਤੇ ਪ੍ਰਬੰਧਕਾਂ ਦੇ ਨਾਂ ਉਚੇਚ ਨਾਲ ਲਿਖੇ ਹੋਏ ਸਨ। ਪੰਜਾਹ ਕੁ ਕਿੱਲੋਗਰਾਮ ਦਾ ਕੰਵਰ ਗਰੇਵਾਲ ਕਬੱਡੀ ਖਿਡਾਰੀਆਂ ਨਾਲੋਂ ਅੱਧਾ ਕੁ ਲੱਗਦਾ ਸੀ ਪਰ ਡੇਢ ਦੋ ਹਜ਼ਾਰ ਸਰੋਤਿਆਂ ਨੂੰ ਕੀਲੀ, ਮਸਤੀ `ਚ ਝੂੰਮਦਾ ਹੋਇਆ ਗਾ ਰਿਹਾ ਸੀ। ਹਾਲ ਦੇ ਅਗਲੇ ਹਿੱਸੇ ਵਿਚ ਚਾਲੀ ਕੁ ਟੇਬਲ ਸਨ ਜਿਥੇ ਮਹਿੰਗੀਆਂ ਟਿਕਟਾਂ ਵਾਲੇ ਸਰੋਤੇ ਸੁਭਾਏਮਾਨ ਸਨ। ਕੰਵਰ ਦੇ ਗੀਤਾਂ ਨਾਲ ਨੌਜੁਆਨਾਂ ਤੇ ਬੱਚਿਆਂ ਨੇ ਤਾਂ ਝੂੰਮਣਾ ਹੀ ਸੀ ਸਜੀਆਂ ਧਜੀਆਂ ਸੁਆਣੀਆਂ ਵੀ ਝੂੰਮ ਰਹੀਆਂ ਸਨ। ਹਾਲ ਦੇ ਪਿਛਲੇ ਅੱਧ ਵਿਚ ਸਰੋਤਿਆਂ ਦਾ ਧੱਕਾ ਪੈ ਰਿਹਾ ਸੀ ਜਿਥੇ ਨੌਜੁਆਨ ਭੰਗੜਾ ਪਾਉਂਦੇ ਮੱਘੇ ਕੱਢ ਰਹੇ ਸਨ। ਕੈਲੇਫੋਰਨੀਆ ਵਿਚ ਕੰਵਰ ਗਰੇਵਾਲ ਦਾ ਉਹ ਆਖਰੀ ਸ਼ੋਅ ਸੀ। ਸਕਰੀਨ `ਤੇ ਵਿਸਾਖੀ ਮੇਲੇ ਦੇ ਪ੍ਰਬੰਧਕਾਂ ਅਤੇ ਮੈਂਬਰਾਂ ਦੇ ਨਾਂ ਦੀ ਰੀਲ ਚੱਲੀ ਜਾਂਦੀ ਸੀ। ਮਸ਼ਹੂਰੀ ਕਰਾਉਣ ਦਾ ਵੀ ਆਪਣਾ ਹੀ ਸਰੂਰ ਹੁੰਦੈ!
ਕੰਵਰ ਗਾਉਂਦਾ-ਗਾਉਂਦਾ ਸਟੇਜ ਤੋਂ ਹੇਠਾਂ ਉੱਤਰ ਆਇਆ ਸੀ ਅਤੇ ਮੇਜ਼ਾਂ ਉਤੇ ਚੜ੍ਹ ਕੇ ਗਾਉਂਦਾ ਪੋਲੇ-ਪੋਲੇ ਪੈਰ ਚੁੱਕਦਾ ਨੱਚ ਰਿਹਾ ਸੀ। ਪਤਲੀਆਂ ਲੱਤਾਂ, ਲੰਮੀ ਦਾੜ੍ਹੀ, ਲਾਲ ਡੱਬੀਦਾਰ ਲੁੰਗੀ, ਲਾਲ ਕਮੀਜ਼ ਤੇ ਲਾਲ ਹੀ ਪੱਗ। ਮੋਢੇ ਉਤੋਂ ਦੀ ਹਰੇ ਪਰਨੇ ਦੀ ਬੁੱਕਲ ਸੀ। ਉਹ ਸਾਡੇ ਮੇਜ਼ `ਤੇ ਵੀ ਚੜ੍ਹਿਆ ਤੇ ਨੱਚਣ ਗਾਉਣ ਲੱਗਾ: ਖਿੱਚ ਕਿਸਾਨਾਂ ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ, ਅਕਲਾਂ ਵਾਲਿਓ ਚੱਕ ਲਓ ਕਲਮਾਂ, ਮਾਰ ਦੇਣਗੀਆਂ ਰਫਲਾਂ ਸਾਨੂੰ, ਫਸਲਾਂ ਦੇ ਫੈਸਲੇ ਕਿਸਾਨ ਕਰੇਗਾ, ਕਿਸਾਨ ਮਜ਼ਦੂਰ ਏਕਤਾ ਜਿ਼ੰਦਾਬਾਦ, ਬੋਲੇ ਸੋ ਨਿਹਾਲ। ਛੱਲਾ ਨੌਂ ਨੌਂ ਥੇਵੇ। ਨਾ ਜਾਈਂ ਮਸਤਾਂ ਦੇ ਡੇਰੇ ਮਸਤ ਬਣਾ ਲੈਣਗੇ ਬੀਬਾ, ਨੱਚਣ ਲਾ ਲੈਣਗੇ ਬੀਬਾ… ਏਕ ਪਿਤਾ ਏਕਸ ਕੇ ਹਮ ਬਾਰਿਕ, ਨੱਚ ਸੋਹਣਿਆਂ ਤੂੰ ਬੰਨ੍ਹ-ਬੰਨ੍ਹ ਘੇਰੇ…।
ਕੋਈ ਕਬੱਡੀ ਖਿਡਾਰੀ ਮੇਜ਼ `ਤੇ ਭੰਗੜਾ ਪਾਉਣ ਲੱਗ ਜਾਂਦਾ ਤਾਂ ਮੇਜ਼ ਟੁੱਟ ਸਕਦਾ ਸੀ ਪਰ ਕੰਵਰ ਗਰੇਵਾਲ ਦੇ ਭਾਰ ਨਾਲ ਮੇਜ਼ ਲਿਫ ਵੀ ਨਹੀ ਸੀ ਰਿਹਾ। ਮੈਂ ਨੋਟ ਕੀਤਾ ਉਹ ਪੱਬ ਹੀ ਪੰਛੀਆਂ ਵਾਂਗ ਪੋਲੇ-ਪੋਲੇ ਧਰ ਰਿਹਾ ਸੀ। ਇੰਜ ਉਹ ਕਈ ਮੇਜ਼ਾਂ `ਤੇ ਨੱਚਦਾ ਗਾਉਂਦਾ ਸਰੋਤਿਆਂ ਨੂੰ ਬਾਗੋ-ਬਾਗ ਕਰਦਾ ਗਿਆ। ਤਦੇ ਮੂਹਰਲੇ ਮੇਜ਼ `ਤੇ ਬੈਠੇ ਚਰਨਜੀਤ ਸਿੰਘ ਬਾਠ ਨੇ ਚੈੱਕ ਬੁੱਕ ਕੱਢੀ ਤੇ ਸੁੱਖੀ ਘੁੰਮਣ ਦੀ ਸਲਾਹ ਨਾਲ ਡਾਲਰਾਂ ਦੀ ਖੁੱਲ੍ਹੀ ਰਕਮ ਭਰ ਕੇ ਕੰਵਰ ਗਰੇਵਾਲ ਦੇ ਸਿਰ ਤੋਂ ਵਾਰ ਦਿੱਤੀ। ਮੇਅਰ ਸ਼੍ਰੀਮਤੀ ਕੈਰਨ ਗੋਅ ਤੇ ਕੰਵਰ ਗਰੇਵਾਲ ਨੇ ਮੇਲੇ ਦੇ ਨੌਜੁਆਨ ਪ੍ਰਬੰਧਕ ਸਿਮਰਨ ਦਿਓਲ ਨੂੰ ਬੇਕਰਜ਼ਫੀਲਡ ਵਿਚ ਕਿਸਾਨ ਮੋਰਚਾ ਲਾਉਣ ਅਤੇ ਸਮਾਪਤੀ ਤੱਕ ਇਸ ਦੀ ਅਗਵਾਈ ਕਰਨ ਲਈ ਟਰਾਫੀ ਨਾਲ ਸਨਮਾਨਿਤ ਕੀਤਾ। ਸਿਮਰਨ ਨੇ ਬੇਕਰਜ਼ਫੀਲਡ ਦੀ ਸੰਗਤ ਅਤੇ ਆਪਣੇ ਸਾਥੀਆਂ ਦਾ ਕਿਸਾਨ ਮੋਰਚੇ ਵਿਚ ਸਾਥ ਦੇਣ ਲਈ ਉਚੇਚਾ ਧੰਨਵਾਦ ਕੀਤਾ। ਕਬੱਡੀ ਨਾਲ ਗਾਉਣ ਤੇ ਗਾਉਣ ਨਾਲ ਕਬੱਡੀ, ਵਿਸਾਖੀ ਮੇਲੇ ਦੇ ਦੋਵੇਂ ਪੱਖ ਸਫਲ ਰਹੇ। ਲੱਗਦੈ ਬੇਕਰਜ਼ਫੀਲਡ ਦੇ ਏਹੋ ਸੱਜਣ ਮਿੱਤਰ ਅਗਲੇ ਸਾਲ ਵੀ ਵਿਸਾਖੀ ਮੇਲੇ ਦੀਆਂ ਰੌਣਕਾਂ ਲਾਉਣਗੇ ਤੇ ਕੱਬਡੀ ਟੂਰਨਾਮੈਂਟ ਵਿਚ ਇਰਾਨ ਦੇ ਦਰਸ਼ਨੀ ਖਿਡਾਰੀ ਖਿਡਾ ਕੇ ਹੋਰ ਵੀ ਧੰਨ-ਧੰਨ ਕਰਾਉਣਗੇ।