ਜੁਗਨੂੰ

ਸੁਰਜੀਤ/ਟੋਰਾਂਟੋ
‘ਹਾਇ ਰੱਬਾ! ਦੇਖ ਲਉ ਸਨੋਅ ਦੇ ਹਾਲ…! ਚਿੱਟਾ ਈ ਚਿੱਟਾ ਹੋਇਆ ਪਿਐ ਚਾਰੇ ਪਾਸੇ! ਬੱਚੇ ਇਹਨੂੰ ਕਹਿੰਦੇ ਨੇ ‘ਦਿਸ ਵ੍ਹਾਈਟ ਥਿੰਗ…’! ਕੁਝ ਕਰਨ ਨੂੰ ਵੀ ਤਾਂ ਜੀਅ ਨਹੀਂ ਕਰਦਾ!’
ਸਾਵੀ ਨੇ ਅਜੇ ਇੰਨਾ ਕਿਹਾ ਹੀ ਸੀ ਕਿ ਉਸਦੇ ਸੈਲ ਫੋਨ ਦੀ ਘੰਟੀ ਵੱਜੀ। ਕੈਲੀਫੋਰਨੀਆ ਰਹਿੰਦੀ ਉਸਦੀ ਸਹੇਲੀ ਰੇਨੂੰ ਦੀ ਕਾਲ ਆ ਰਹੀ ਸੀ। ਉਸਨੇ ਸ਼ੁਕਰ ਕੀਤਾ ਕਿ ਹੁਣ ਰੇਨੂੰ ਨਾਲ ਗੱਲ ਕਰਦਿਆਂ ਘੱਟੋ ਘੱਟ ਤੀਹ-ਚਾਲੀ ਮਿੰਟ ਤਾਂ ਗੁਜ਼ਰ ਹੀ ਜਾਣਗੇ। ਉਹ ਰਿਸੀਵਰ ਚੁੱਕ ਕੇ ਬੜੇ ਉਤਸ਼ਾਹ ਨਾਲ ਗੱਲ ਕਰਨ ਲੱਗੀ,

“ਹਾਂ ਜੀ…! ਰੇਨੂੰ ਕੀ ਹਾਲ-ਚਾਲ ਐ, ਮੈਂ ਤੈਨੂੰ ਈ ਯਾਦ ਕਰ ਰਹੀ ਸੀ…”
“ਠੀਕ ਐ, ਤੁਸੀਂ ਸੁਣਾਓ…”
“ਉਂਝ ਤਾਂ ਠੀਕ ਈ ਆਂ! ਬੱਸ, ਰਾਤ ਤੋਂ ਲਗਾਤਾਰ ਪੈ ਰਹੀ ਬਰਫ਼ ਨੇ ਮੈਨੂੰ ਕੁਝ ਉਦਾਸ ਜਿਹਾ ਕਰ ਦਿੱਤੈ…”
“ਮੈਂ ਤੇ ਸੁਣਿਆ ਬਰਫ਼ ਪੈਂਦੀ ਖੂਬਸੂਰਤ ਈ ਬੜੀ ਲੱਗਦੀ ਆ, ਲੋਕ ਤਾਂ ਦੂਰ ਦੂਰ ਸਪੈਸ਼ਲ ਵੇਖਣ ਜਾਂਦੇ ਨੇ ਬਰਫ਼ ਪੈਂਦੀ…”
“ਹਾਂ! ਮੂਡ ਦੀ ਗੱਲ ਐ…ਪਹਿਲਾਂ-ਪਹਿਲ ਤਾਂ ਬਹੁਤ ਸੁਹਣੀ ਲੱਗਦੀ ਏ ਪਰ ਹੁਣ ਤਾਂ ਸਾਡੇ ਮਿਸੀਸਾਗਾ ਵਿਚ ਬਾਹਰ ਅੰਦਰ ਵੀ ਨਹੀਂ ਜਾ ਹੁੰਦਾ ਇਹੋ ਜਿਹੇ ਮੌਸਮ ਵਿਚ! ਬਸ ਇਹੀ ਡਰ ਲਗਿੱਆ ਰਹਿੰਦੈ ਕਿ ਜੇ ਕਿਤੇ ਤਿਲਕ ਕੇ ਲੱਤ-ਬਾਂਹ ਟੁੱਟ ਗਈ ਤਾਂ ਲੈਣੇ ਦੇ ਦੇਣੇ ਪੈ ਜਾਣੇ…ਅਪਾਰਟਮੈਂਟ ਬਿਲਡਿੰਗ ਦੀ 22ਵੀਂ ਮੰਜ਼ਿਲ ਤੋਂ ਤਾਂ ਇੰਝ ਲੱਗਣ ਲੱਗ ਪਿਐ ਜਿਵੇਂ ਧਰਤੀ ਤੇ ਅਸਮਾਨ ਵਿਚਾਲੇ ਟੰਗੇ ਗਏ ਹੋਈਏ…ਮੈਂ ਤਾਂ ਅਕਸਰ ਆਪਣੇ ਲਿਵਿੰਗ ਰੂਮ ਦੀ ਖਿੜਕੀ ਵਿਚ ਹੀ ਖੜੀ ਬਾਹਰ ਦੀ ਦੁਨੀਆਂ ਵੇਖਦੀ ਰਹਿੰਦੀ ਹਾਂ। ਜੇ ਕਿਤੇ ਸ਼ੀਸ਼ਿਆਂ ਵਿਚੋਂ ਹਾਈਵੇਅ ਅਤੇ ਸ਼ਾਪਿੰਗ ਮਾਲ ਨਾ ਦਿਸਦੇ ਹੁੰਦੇ ਤਾਂ ਕਮਰਿਆਂ ਵਿਚ ਬੰਦ ਰਹਿ ਕੇ ਤਾਂ ਸ਼ਾਇਦ ਕਮਲੀ ਹੀ ਹੋ ਜਾਂਦੀ…”, ਸਾਵੀ ਇੱਕੋ ਸਾਹੇ ਬੋਲ ਗਈ।
“ਸੱਚੀਂ! ਹੈ ਤਾਂ ਬੜਾ ਮੁਸ਼ਕਿਲ ਜੇ ਬਾਹਰ ਈ ਨਾ ਜਾ ਸਕੋ…ਇਹ ਤਾਂ ਕੈਦ ਹੋਈ ਫਿਰ…!”
“ਤਾਂ ਹੋਰ ਕੀ…ਜਦ ਵੀ ਖਿੜਕੀ ਕੋਲ ਖੜੀ ਹੋ ਕੇ ਬਾਹਰ ਵੱਲ ਵੇਖਦੀ ਹਾਂ ਤਾਂ ਦਿਲ ਨੂੰ ਜ਼ਰਾ ਤਸੱਲੀ ਹੁੰਦੀ ਐ ਕਿ ਮੈਂ ਅਜੇ ਬਾਹਰਲੀ ਦੁਨੀਆ ਨਾਲ ਜੁੜੀ ਹੋਈ ਹਾਂ…”
“ਹੋਰ ਸੁਣਾ ਫੇਰ…”
ਕੁਝ ਚਿਰ ਲਈ ਦੋਹੀਂ ਪਾਸੀਂ ਚੁੱਪ ਪੱਸਰ ਗਈ। ਸਾਵੀ ਨੇ ਫਿਰ ਵਾਰਤਾਲਾਪ ਸ਼ੁਰੂ ਕੀਤੀ,
“ਸੱਚੀਂ ਇੰਡੀਆ ਬਹੁਤ ਯਾਦ ਆਉਂਦੈ- ਖੁੱਲ੍ਹੀ ਹਵਾ ਵਿਚ ਫਿਰਨਾ, ਵਿਹੜਿਆਂ ਵਿਚ ਬੈਠ ਕੇ ਧੁੱਪਾਂ ਸੇਕਣੀਆਂ ਤੇ ਕਿੱਥੇ ਇਹ ਕਮਰਿਆਂ ਦੀ ਕੈਦ? ਸੱਚੀਂ ਰੇਨੂੰ ਕਈ ਵਾਰ ਸੋਚਦੀ ਆਂ ਜਿਸ ਬੰਦੇ ਨੇ ਬਰਫਾਂ ਲੱਦੀ ਇਸ ਧਰਤੀ ਨੂੰ ਪਹਿਲਾਂ ਈਜਾਦ ਕੀਤਾ ਹੋਵੇਗਾ ਉਸ ਨੂੰ ਵੀ ਭਲਾ ਕੀ ਸੁੱਝੀ ਹੋਵੇਗੀ! ਹੈਂ ਦੱਸ? ਇੱਡੀ ਵੱਡੀ ਧਰਤੀ ਛੱਡ…ਲੱਭ ਲਈ ਆਹ ਥਾਂ…ਤੇ ਇਸਨੇ ਕਰਤੀ ਸਾਰੀ ਦੁਨੀਆ ਕਮਲੀ!”
ਰੇਨੂੰ ਨੇ ਝੱਟ ਜਵਾਬ ਦਿੱਤਾ, “ਹਾਅ ਕੀ ਗੱਲ ਕੀਤੀ ਤੂੰ? ਆਪਣੇ ਉਥੇ ਤਾਂ ਤਕਰੀਬਨ ਹਰ ਆਦਮੀ ਹੀ ਬੋਰੀਆ-ਬਿਸਤਰਾ ਬੰਨ੍ਹੀਂ ਬੈਠਾ ਹੈ ਕੈਨੇਡਾ ਨੂੰ!”
“ਤਾਂ ਹੋਰ…! ਆ ਲੈਣ ਦਿਉ ਇਕ ਵਾਰੀ, ਸਾਡੇ ਵਾਂਗੂੰ ਆ ਕੇ ਈ ਪਤਾ ਲੱਗੂ, ਕੈਨੇਡਾ ਕਿਹੜੇ ਭਾਅ ਵਿੱਕਦੀ ਐ!” ਸਾਵੀ ਨੇ ਹੱਸ ਕੇ ਜਵਾਬ ਦਿੱਤਾ।
ਸਾਵੀ ਗੱਲਾਂ ਤਾਂ ਰੇਨੂੰ ਨਾਲ ਕਰ ਰਹੀ ਸੀ ਪਰ ਧਿਆਨ ਉਸਦਾ ਫੇਸਬੁੱਕ ਵੱਲ ਸੀ! ਜਦੋਂ ਤੋਂ ਫੇਸਬੁੱਕ ‘ਤੇ ਜੁਗਨੂੰ ਦਾ ਨਾਂ ਵੇਖਿਆ ਸੀ, ਉਹ ਉਖੜੀ ਉਖੜੀ ਜਿਹੀ ਸੀ। ਕੀ ਹੋਵੇਗੀ ਉਹ ਖਬਰ? ਉਸਨੂੰ ਆਲੇ-ਦੁਆਲੇ ਸਾਰਾ ਕੁਝ ਅਸਤ-ਵਿਅਸਤ ਹੋਇਆ ਲੱਗੀ ਜਾ ਰਿਹਾ ਸੀ। ਬੇਬੱਸੀ ਜਿਹੀ ‘ਚ ਜਾ ਕੇ ਖਿੜਕੀ ਮੂਹਰੇ ਖੜੀ ਹੋ ਗਈ, ਬਰਫ਼ ਪੈਣ ਕਰਕੇ ਹਾਈਵੇਅ ‘ਤੇ ਹੋਏ ਕਿੰਨੇ ਸਾਰੇ ਐਕਸੀਡੈਂਟ ਅਤੇ ਥਾਂ-ਥਾਂ ‘ਤੇ ਪੁਲੀਸ ਦੀਆਂ ਗੱਡੀਆਂ ਦੀਆਂ ਲਾਲ ਬੱਤੀਆਂ ਵੇਖ ਹੋਰ ਬੁੱਝ ਗਈ ਅਤੇ ਮਨ ਵਿਚ ਹੀ ਬੁੜਬੁੜਾਉਣ ਲੱਗੀ,“ਹਾਇ, ਹਾਇ! ਆਹ ਵ੍ਹਾਈਟ ਥਿੰਗ! ਕਦੋਂ ਮੁੱਕਣੈ ਇਹ ਮੌਸਮ?”
ਕੁਝ ਚਿਰ ਰੁਕ ਕੇ ਉਸਨੇ ਕਿਹਾ, “ਰੇਨੂੰ ਕਈ ਵਾਰ ਸੋਚਦੀ ਹਾਂ, ਦੇਸ ਵਿਚ ਮੈਂ ਤੇ ਤੇਰੇ ਵੀਰ ਜੀ ਦੋਨੋਂ ਲੈਕਚਰਾਰ ਲੱਗੇ ਹੋਏ ਸਾਂ ! ਚੰਗੀ-ਚੋਖੀ ਤਨਖਾਹ ਮਿਲਦੀ ਸੀ…ਹਜ਼ਾਰਾਂ ਲੋਕਾਂ ਨਾਲ ਮਿਲਣਾ-ਜੁਲਣਾ…ਪਤਾ ਨਹੀਂ ਕਿਹੜਾ ਸੁਪਨਾ ਸਾਕਾਰ ਕਰਨ ਨੂੰ ਆ ਗਏ ਇਸ ਜੇਲ੍ਹ ਅੰਦਰ…?”
“ਨਾ! ਨਾ! ਨਾ! ਇਹ ਗੱਲ ਨਹੀਂ ਹੈ…ਇੱਥੇ ਇਕ ਸਿਸਟਮ ਹੈ…ਅਸੀਂ ਸਾਰੇ ਆਪਣੇ ਸੁਪਨੇ ਪੂਰੇ ਕਰਨ ਲਈ ਆਏ ਇੱਥੇ…ਬੱਚਿਆਂ ਦਾ ਭਵਿੱਖ ਸਕਿਓਰ ਕਰਨ ਵਾਸਤੇ ਵੀ…ਪਰ ਅੱਜ ਤੂੰ ਬਹੁਤ ਉਦਾਸ ਏਂ ਸਾਵੀ…ਤੂੰ ਯਾਰ ਆਪਣਾ ਮੂਡ ਠੀਕ ਕਰ, ਫੇਰ ਕਿਸੇ ਦਿਨ ਗੱਲ ਕਰਦੇ ਆਂ…”
ਫੋਨ ਰੱਖਿਆ ਹੀ ਸੀ ਕਿ ਸਾਵੀ ਨੂੰ ਬੱਚਿਆਂ ਦੀਆਂ ਆਵਾਜ਼ਾਂ ਸੁਣਨ ਲੱਗੀਆਂ। ਪਿੱਛੇ ਮੁੜ ਕੇ ਵੇਖਿਆ ਤਾਂ ਉਸਦੇ ਦੋਵੇਂ ਬੇਟੇ ਲੈਪਟੌਪ ਪਿੱਛੇ ਲੜ ਰਹੇ ਸਨ।
“ਮੈਂ ਹੋਮ ਵਰਕ ਕਰਨੈ, ਪਹਿਲਾਂ ਮੈਨੂੰ ਚਾਹੀਦਾ ਹੈ ਲੈਪਟੌਪ!”
“ਮੇਰੇ ਦੋਸਤ ਨੇ ਮੇਰੇ ਇੰਡੀਆ ਦੇ ਸਕੂਲ ਦੀਆਂ ਫੋਟੋਆਂ ਭੇਜੀਆਂ ਨੇ, ਦੇਖ ਕੇ ਇਕ ਮਿੰਟ ‘ਚ ਵਾਪਸ ਕਰ ਦੇਵਾਂਗਾ।” ਉਸਦੀ ਰੋਣੀ ਆਵਾਜ਼ ਸਾਵੀ ਦੇ ਕੰਨ ਪਾੜ ਗਈ।
ਉਹ ਗੁੱਸੇ ਵਿਚ ਭੜਕ ਪਈ, “ਕੀ ਤੁਸੀਂ ਐਵੇਂ ਆਪਣੀ ਕਾਂਵਾਂ-ਰੌਲੀ ਪਾਈ ਹੋਈ ਐ? ਅੱਗੇ ਕਿਹੜੀਆਂ ਘੱਟ ਮੁਸੀਬਤਾਂ ਨੇ ਇੱਥੇ? ਤੁਸੀਂ ਹੁਣ ਬੱਚੇ ਤਾਂ ਨਹੀਂ ਰਹੇ, ਆਰਾਮ ਨਾਲ ਸੌਲਵ ਕਰਨੀਆਂ ਸਿੱਖੋ ਆਪਣੀਆਂ ਪਰੌਬਲਮਜ਼।”
“ਮਾਂ, ਨਵੀ ਨੂੰ ਆਖੋ ਸਿਰਫ਼ ਇਕ ਮਿੰਟ ਮੈਨੂੰ ਆਪਣੀ ਫੇਸਬੁੱਕ ਚੈਕ ਕਰ ਲੈਣ ਦੇਵੇ। ਮੇਰੇ ਫਰੈਂਡਸ ਨੇ ਨਵੀਆਂ ਪਿਕਚਰਜ਼ ਭੇਜੀਆਂ ਨੇ ਤੇ ਕੋਈ ਜ਼ਰੂਰੀ ਮੈਸਜ ਵੀ।”
“ਆਪਣਾ ਪ੍ਰੌਜੈਕਟ ਖਤਮ ਕਰ ਕੇ ਦਊਂਗਾ…ਵਿਚੋਂ ਨਹੀਂ ਦੇ ਸਕਦਾ…ਇਹਨੂੰ ਕਹੋ ਇੰਤਜ਼ਾਰ ਕਰੇ…ਫੇਸਬੁੱਕ ਜ਼ਰੂਰੀ ਐ ਕਿ ਕੰਮ?” ਨਵੀ ਬੋਲਿਆ।
‘ਹੱਅ…ਆ! ਇਹ ਫੇਸਬੁੱਕ ਵੀ ਬੱਸ…!” ਭਾਵੇਂ ਉਤਾਵਲੀ ਤਾਂ ਉਹ ਵੀ ਉਨੀ ਹੀ ਸੀ ਪਰ ਬੱਚਿਆਂ ਨੂੰ ਦੱਸ ਨਹੀਂ ਸੀ ਸਕਦੀ। ਬੰਟੀ ਨੂੰ ਮੁਖਾਤਿਬ ਹੋਈ,
“ਬੰਟੀ ਤੂੰ ਵੱਡਾ ਏਂ ਸਬਰ ਕਰ, ਕਰ ਲੈਣ ਦੇ ਹੋਮ ਵਰਕ ਉਸਨੂੰ, ਦੇ ਦਿੰਦੈ ਥੋੜੀ ਦੇਰ ਬਾਅਦ ਤੈਨੂੰ…! ਥੋੜਾ ਸੈੱਟ ਹੋ ਲਈਏ, ਲੈ ਦੇਵਾਂਗੇ ਦੋਹਾਂ ਨੂੰ ਵੱਖਰੇ ਵੱਖਰੇ … ਕੇ…।” ਸਾਵੀ ਉਨ੍ਹਾਂ ਦਾ ਝਗੜਾ ਨਿਬੇੜਣ ਦੀ ਕੋਸ਼ਿਸ਼ ਕਰ ਰਹੀ ਸੀ।
“ਤੁਸੀਂ ਹਮੇਸ਼ਾ ਹੀ ਨਵੀ ਦੀ ਫੇਵਰ ਕਰਦੇ ,” ਬੰਟੀ ਰੁਆਂਸਾ ਜਿਹਾ ਹੋ ਕੇ ਦੌੜ ਕੇ ਬੈਡਰੂਮ ਵਿਚ ਚਲਾ ਗਿਆ ਤੇ ਆਪਣੀ ਪੀ.ਐਸ.ਪੀ. ਖੇਡਣ ਵਿਚ ਗੁਆਚ ਗਿਆ।
ਨਵੀ ਕੰਪਿਊਟਰ ਦੀ ਦੁਨੀਆ ਵਿਚ ਗੁੰਮਿਆ ਹੋਇਆ ਸੀ। ਸਾਵੀ ਕਦੇ ਅੰਦਰ ਆ ਜਾਂਦੀ ਅਤੇ ਕਦੇ ਬਾਰੀ ਕੋਲ ਪਈ ਕੁਰਸੀ ‘ਤੇ ਬੈਠ ਜਾਂਦੀ। ਉਹ ਤਾਂ ਖੈਰ ਬੱਚੇ ਸਨ ਪਰ ਸੱਚੀ ਗੱਲ ਇਹ ਸੀ ਕਿ ਅੰਦਰੋਂ ਅੱਚਵੀ ਤਾਂ ਸਾਵੀ ਨੂੰ ਵੀ ਲੱਗੀ ਹੋਈ ਸੀ; ਉਹ ਵੀ ਇੰਤਜ਼ਾਰ ਵਿਚ ਸੀ ਕਿ ਕਦੋਂ ਲੈਪਟੌਪ ਵਿਹਲਾ ਹੋਵੇ ਤੇ ਕਦੋਂ ਉਹ ਵੀ ਆਪਣੀ ਫੇਸਬੁਕ ਚੈੱਕ ਕਰੇ। ਜਦੋਂ ਉਸਦੀ ਇਸ ਅਡਿਕਸ਼ਨ ਬਾਰੇ ਕੋਈ ਉਸਨੂੰ ਟੋਕਦਾ ਤਾਂ ਉਹ ਅਕਸਰ ਦਲੀਲ ਦਿੰਦੀ ਕਿ ਹੁਣ ਇਸ ਬਰਫ਼ੀਲੇ ਰੇਗਿਸਤਾਨ ਵਿਚ ਇਕ ਫੇਸਬੁੱਕ ਦਾ ਹੀ ਤਾਂ ਸਹਾਰਾ ਹੈ…ਨਹੀਂ ਤਾਂ ਬਿਲਕੁਲ ਹੀ ਜਹਾਨ ਨਾਲੋਂ ਟੁੱਟ ਜਾਈਏ, ਨਾਲੇ ਅੱਜ ਤਾਂ ਉਸ ਦੇ ਉਤਾਵਲੇਪਨ ਦੀ ਵਜਾਹ ਜੁਗਨੂੰ ਸੀ।
ਸਾਵੀ ਕਮਰੇ ਦੀਆਂ ਖਿੱਲਰੀਆਂ ਹੋਈਆਂ ਚੀਜ਼ਾਂ ਸਾਂਭਦੀ ਸੋਚ ਰਹੀ ਸੀ ਕਿ ਇਹ ਇੱਕੀਵੀਂ ਸਦੀ ਕਾਹਦੀ ਚੜ੍ਹੀ, ਫੇਸਬੁੱਕ ਨੇ ਤਾਂ ਲੋਕ ਕਮਲੇ ਹੀ ਕਰ ਦਿੱਤੇ। ਕਾਲਜ ਦੇ ਸਟਾਫ਼ ਰੂਮ ਵਿਚ ਵੀ ਇਹੀ ਕੁਝ ਹੁੰਦਾ ਹੁੰਦੈ; ਲੈਕਚਰਾਰ ਆਉਂਦੇ ਹੀ ਬੈਠ ਜਾਂਦੇ ਆਪੋ-ਆਪਣੇ ਲੈਪਟੌਪ ‘ਤੇ। ਆਪਸ ਵਿਚ ਕੋਈ ਗੱਲ ਹੀ ਨਹੀਂ ਸੀ ਕਰਦਾ; ਸਟਾਫ਼ ਰੂਮ ਵਿਚ ਬੈਠੇ ਆਪਸ ਵਿਚ ਹੀ ਫੇਸਬੁੱਕ `ਤੇ ਚੈਟ ਕਰੀ ਜਾਂਦੇ। ਅੱਜ-ਕੱਲ ਤਾਂ ਜਿਨ੍ਹਾਂ ਲੋਕਾਂ ਨੂੰ ਲੈਪਟੌਪ ਖੋਲ੍ਹਣਾ ਵੀ ਨਹੀਂ ਆਉਂਦਾ, ਉਨ੍ਹਾਂ ਨੇ ਵੀ ਮਾੜਾ ਮੋਟਾ ਇੱਧਰ ਉਧਰ ਹੱਥ ਮਾਰਨਾ ਸਿਖ ਕੇ ਫੇਸਬੁੱਕ `ਤੇ ਆਪਣਾ ਆਪਣਾ ਘਰ ਪਾ ਲਿਆ ਹੋਇਐ…।

ਅਜੇ ਨਿੱਕੇ ਨਿੱਕੇ ਕੰਮ ਕਰ ਹੀ ਰਹੀ ਸੀ ਕਿ ਦੇਵ ਆ ਗਿਆ।
“ਚਾਹ ਬਣਾਵਾਂ?” ਪੁੱਛ ਕੇ ਉਹ ਕਿਚਨ ਵਿਚ ਚਲੀ ਗਈ। ਚਾਹ ਦਾ ਕੱਪ ਲਿਆ ਕੇ ਮੇਜ ‘ਤੇ ਰੱਖਦਿਆਂ ਉਸਨੂੰ ਅਗਲਾ ਸਵਾਲ ਕੀਤਾ, “ਕਿਵੇਂ ਮਿਲਿਆ ਕੋਈ ਕੰਮ?”
“ਹਾਂ ਇਕ ਨਿਊਜ਼ ਪੇਪਰ ਦੇ ਆਫ਼ਿਸ ‘ਚ ਮਿਲਿਆ ਤਾਂ ਹੈ…ਪਰ ਹੈ ‘ਪਾਰਟ ਟਾਈਮ’…” ਕਹਿੰਦਿਆਂ ਦੇਵ ਉਹਦੇ ਮੂੰਹ ਵੱਲ ਵੇਖਣ ਲੱਗਾ।
“ਮੇਰੇ ਤਾਂ ਢਿੱਡ ਵਿਚ ਹੌਲ ਪੈਂਦੈ ਇਹ ਸੋਚ ਕੇ ਕਿ ਤੁਸੀਂ ਕਿਵੇਂ…”
“ਲੈ ਐਂਵੇ ਨਾ ਸੋਚਿਆ ਕਰ ਫਜ਼ੂਲ ‘ਚ! ਸ਼ੁਰੂ ਸ਼ੁਰੂ ਵਿਚ ਇਵੇਂ ਹੀ ਹੁੰਦੈ ਸਾਰਿਆਂ ਨਾਲ.. ਇਹ ਤਾਂ ‘ਸਰਵਾਈਵਲ ਜੌਬ’ ਹੈ…ਕਿਹੜਾ ਹਮੇਸ਼ਾ ਇਹੀ ਕਰਦੇ ਰਹਿਣੈ।”
ਦੇਵ ਨਾਲ ਗੱਲਾਂ ਕਰਦਿਆਂ ਵੀ ਸਾਵੀ ਲੈਪਟੌਪ ਵੱਲ ਬਾਰ ਬਾਰ ਦੇਖ ਰਹੀ ਸੀ। ਉਹ ਜੁਗਨੂੰ ਦੀ ਖਬਰ ਪੜ੍ਹਨਾ ਚਾਹੁੰਦੀ ਸੀ। ਦੇਵ ਚਾਹ ਪੀ ਕੇ ਅੰਦਰ ਚਲੇ ਗਿਆ। ਉਹ ਭਾਂਡੇ ਧੋਣ ਲੱਗੀ। ਪਿਛਲੇ ਸਾਲ ਜਦੋਂ ਉਹ ਕੈਨੇਡਾ ਨਵੇਂ ਨਵੇਂ ਆਏ ਸਨ ਤਾਂ ਸਾਰਾ ਦਿਨ ਘਰ ਇਕੱਲੀ ਹੁੰਦੀ। ਉਦੋਂ ਦੇਵ ਨੂੰ ਆਉਂਦਿਆਂ ਹੀ ‘ਵੇਅਰਹਾਊਸ’ ਦੀ ਜੌਬ ਮਿਲ ਗਈ ਸੀ ਤੇ ਬੱਚੇ ਸਕੂਲ ਜਾਣ ਲੱਗ ਪਏ ਸਨ। ਉਹ ਅਕਸਰ ਹੇਠਾਂ ਬਿਲਡਿੰਗ ਦੀ ਲੌਬੀ ਵਿਚ ਆ ਕੇ ਬੈਠ ਜਾਂਦੀ। ਇਥੇ ਆਉਂਦੇ-ਜਾਂਦੇ ਲੋਕ ਦਿਸਦੇ ਸਨ ਤਾਂ ਮਨ ਲੱਗਿਆ ਰਹਿੰਦਾ। ਇਕ ਦਿਨ ਉਸਨੂੰ ਆਪਣੀ ਬਿਲਡਿੰਗ ਵਿਚ ਰਹਿੰਦੀ ਸੰਗੀਤਾ ਮਿਲ ਪਈ ਤੇ ਉਸਨੂੰ ਪੁੱਛਣ ਲੱਗੀ,
“ਮੈਂ ਆਪਕੋ ਰੋਜ਼ ਦੇਖਤੀ ਹੂੰ, ਯਹਾਂ ਪੇ…ਲਗਤਾ ਹੈ ਆਪ ਨਏ ਆਏ ਹੈਂ ਔਰ ਅਭੀ ਆਪਕਾ ਦਿਲ ਭੀ ਨਹੀਂ ਲਗਤਾ।”
ਸਾਵੀ ਨੇ ਹਾਂ ਵਿਚ ਸਿਰ ਹਿਲਾ ਦਿੱਤਾ। ਐਧਰ-ਓਧਰ ਦੀਆਂ ਗੱਲਾਂ ਹੋਈਆਂ ਤੇ ਸੰਗੀਤਾ ਨੇ ਉਸਨੂੰ ਸਲਾਹ ਦਿੱਤੀ, “ਆਪ ਮੇਰੇ ਸਾਥ ਇੰਗਲਿਸ਼ ਕਲਾਸ ਮੇਂ ਕਿਉਂ ਨਹੀਂ ਚਲਤੇ? ਆਪਕਾ ਦਿਲ ਭੀ ਲਗ ਜਾਏਗਾ, ਵੋਹ ਕੰਪਿਊਟਰ ਭੀ ਸਿਖਾਤੇ ਹੈਂ ਔਰ ਆਪ ਕੋ ਵਹਾਂ ਕੁਛ ਦੋਸਤ ਭੀ ਮਿਲ ਜਾਂਏਂਗੇ।”

ਉੁਸਨੇ ਦੱਸਿਆ ਕਿ ਇੱਥੇ ਨਵੇਂ ਇਮੀਗਰਾਂਟਾਂ ਨੂੰ ਮੁਫ਼ਤ ਇੰਗਲਿਸ਼ ਦੀਆਂ ਕਲਾਸਾਂ ਦਿੰਦੇ ਹਨ। ਅੰਗ੍ਰੇਜ਼ੀ ਬੋਲਣਾ ਤਾਂ ਉਹ ਵੀ ਸਿੱਖਣਾ ਚਾਹੁੰਦੀ ਸੀ। ਉਸਨੂੰ ਇਹ ‘ਆਈਡੀਆ’ ਚੰਗਾ ਲੱਗਿਆ ਤੇ ਉਸਨੇ ਸੰਗੀਤਾ ਨਾਲ ਇਕ ‘ਸੈਟਲਮੈਂਟ ਏਜੰਸੀ’ ਵਿਚ ਅੰਗ੍ਰੇਜ਼ੀ ਬੋਲਣੀ ਅਤੇ ਕੰਪਿਊਟਰ ਸਿੱਖਣਾ ਸ਼ੁਰੂ ਕਰ ਦਿੱਤਾ ਸੀ।
ਇੰਡੀਆ ਤੋਂ ਦੋਸਤਾਂ ਦੇ ਫੋਨ ਆਉਂਦੇ ਤੇ ਕਹਿੰਦੇ ਫੇਸਬੁੱਕ `ਤੇ ਆਪਣੀਆਂ ਕੈਨੇਡਾ ਦੀਆਂ ਫੋਟੋਆਂ ਪਾਓ। ਜਿਸਦੇ ਨਾਲ ਗੱਲ ਕਰੋ ਉਹੀ ਫੇਸਬੁੱਕ ਦੀ ਗੱਲ ਕਰਦਾ, ਕੰਪਿਊਟਰ ਸਿੱਖਦਿਆਂ ਸਿੱਖਦਿਆਂ ਇਕ ਦਿਨ ਦੋਸਤਾਂ ਦੀ ਮਦਦ ਨਾਲ ਉਸਨੇ ਵੀ ਕੰਪਿਊਟਰ ‘ਤੇ ਆਪਣਾ ਫੇਸਬੁੱਕ ਅਕਾਊਂਟ ਖੋਲ੍ਹ ਲਿਆ…ਫੇਸਬੁੱਕ ਕੀ ਖੋਲ੍ਹੀ ਇਕ ਨਵੀਂ ਦੁਨੀਆਂ ਉਸਦੇ ਅੱਗੇ ਖੁੱਲ੍ਹ ਗਈ…ਦੋਸਤੀਆਂ ਦੇ ਨਵੇਂ ਨਵੇਂ ਸਿਰਨਾਵੇਂ ਲੱਭ ਪਏ… ਇੱਥੇ ਹੀ ਸਾਹਿਤਕ ਚਰਚਾਵਾਂ ਛਿੜਣ ਲੱਗੀਆਂ…ਨਿਤ ਨਵੀਆਂ ਨਵੀਆਂ ਕਵਿਤਾਵਾਂ ਇਕ ਦੂਜੇ ਦੀ ਕੰਧ `ਤੇ ਥੱਪੀਆਂ ਹੋਈਆਂ ਵੇਖ ਕੇ ਉਹ ਖੁਸ਼ ਹੋਣ ਲੱਗੀ…ਇਕ ਕਵਿਤਾ `ਤੇ ਕਿੰਨੇ ਕਿੰਨੇ ‘ਕੁਮੈਂਟਸ’ ਆਉਂਦੇ ਵੇਖ ਹੈਰਾਨੀ ਵੀ ਹੁੰਦੀ…ਆਪਣੇ ਲਈ ਲਿਖੇ ‘ਕੁਮੈਂਟਸ’ ਪੜ੍ਹ ਕੇ ਦਿਲ ਬਾਗ ਬਾਗ ਹੁੰਦਾ…ਨਿੱਕੀ ਨਿੱਕੀ ਗੱਲ `ਤੇ ਦੋਸਤ ‘ਧੰਨਵਾਦ’, ‘ਮਿਹਰਬਾਨੀ’, ਵਧਾਈ ਅਤੇ’ ਥੈਂਕਯੂ ਦੋਸਤੋ’, ਕਹਿੰਦੇ ਨਾ ਥੱਕਦੇ। ਕਈ ਤਾਂ ਦੇਖਦਿਆਂ ਦੇਖਦਿਆਂ ‘ਫੇਸਬੁੱਕ ‘ਸਿਲੇਬ੍ਰਿਟੀ’ ਬਣ ਗਏ ਤੇ ਕਈ ਸੁਪ੍ਰਸਿੱਧ ਕਵੀ। ਉਸਨੇ ਵੀ ਦੋ ਚਾਰ ਲਾਈਨਾਂ ਝਰੀਟਣੀਆਂ ਸ਼ੁਰੂ ਕਰ ਦਿਤੀਆਂ। ਹੁਣ ਕੀ ਜ਼ਰੂਰਤ ਸੀ ਫੇਸਬੁੱਕੀਆਂ ਨੂੰ ਮੈਗਜ਼ੀਨਾਂ ਤੇ ਅਖਬਾਰਾਂ ਦੀ? ਹੁਣੇ ਕੱਚੀ-ਪਿੱਲੀ ਰਚਨਾ ਲਿਖਦੇ ਤੇ ਸਿੱਧੀ ਫੇਸਬੁੱਕ ‘ਤੇ ਆਪਣੀ ਕੰਧ `ਤੇ ਥੱਪ ਦਿੰਦੇ, ਜਿਵੇਂ ਦੇਸ ਵਿਚ ਕੰਧਾਂ ‘ਤੇ ਪਾਥੀਆਂ ਥੱਪਦੇ ਨੇ…ਠਾਹ ਕਰਦੇ ‘ਕੁਮੈਂਟਸ’ ਤੇ ‘ਕੁਮੈਂਟਸ’ ਅਤੇ ਲਾਈਕ ਤੇ ਲਾਈਕ ਆਉਣੇ ਸ਼ੁਰੂ-‘ਵਾਹ ਜੀ, ਖੂਬਸੂਰਤ, ਕਮਾਲ ਆ ਜੀ, ਤੁਹਾਡੀ ਕਲਮ ਨੂੰ ਸਲਾਮ ਐ ਜੀ, ਅੱਤ ਆ ਜੀ…’ ਆਦਿ ਆਦਿ। ਸਾਵੀ ਪੜ੍ਹ ਪੜ੍ਹ ਨਿਹਾਲ ਹੁੰਦੀ।
ਫੇਸਬੁੱਕ ਖੋਲ੍ਹਦੀ ਤਾਂ ਸਾਰੀ ਦੁਨੀਆਂ ਦੀਆਂ ਖਬਰਾਂ ਇਕ ਮਿੰਟ ਵਿਚ ਪਹੁੰਚ ਜਾਂਦੀਆਂ। ਦੇਸ ਤੋਂ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਾਂ-ਬਾਤਾਂ ਹੋਣ ਲੱਗੀਆਂ। ਫੋਟੋਆਂ ਦਾ ਆਦਾਨ-ਪ੍ਰਦਾਨ ਹੋਣ ਲੱਗਾ। ਸਮਕਾਲੀ ਸਾਹਿਤ ਪੜ੍ਹਿਆ ਜਾਣ ਲੱਗਾ। ਲੋਕਾਂ ਨੇ ‘ਫੇਸਬੁੱਕ ਗਰੁੱਪ’ ਬਣਾ ਲਏ ਤੇ ਸਾਵੀ ਨੂੰ ਵੀ ‘ਐਡ’ ਕਰਨਾ ਸ਼ੁਰੂ ਕਰ ਦਿਤਾ। ਆਪਣਾ ਆਪ ‘ਇੰਪੌਰਟੈਂਟ’ ਲੱਗਣ ਲੱਗਾ। ‘ਨੋਟੀਫਿਕੇਸ਼ਨਾਂ’ ਨਾਲ ਈਮੇਲਾਂ ਭਰਨ ਲੱਗੀਆਂ। ਲੋਕ ਆਪਣੀ ਕਵਿਤਾ ਲਿਖ ਉਸਨੂੰ ‘ਟੈਗ’ ਕਰਨ ਲੱਗੇ। ਸਿਲਸਿਲਾ ਚੱਲਦਾ ਰਿਹਾ ਅਤੇ ਹੌਲੀ ਹੌਲੀ ਕੁਛ ਲੋਕ ਇਨ੍ਹਾਂ ‘ਨੋਟੀਫਿਕੇਸ਼ਨਾਂ’ ਅਤੇ ‘ਟੈਗਸ’ ਤੋਂ ਦੁਖੀ ਵੀ ਹੋ ਗਏ। ਇਕ ਦਿਨ ਇਕ ਸੱਜਣ ਨੇ ਆਪਣੀ ਕੰਧ `ਤੇ ਲਿਖ ਦਿੱਤਾ, ‘ਰੱਬ ਦਾ ਵਾਸਤਾ ਮੈਨੂੰ ਕੋਈ ਟੈਗ ਨਾ ਕਰੇ, ਮੈਨੂੰ ਕਿਸੇ ਗਰੁੱਪ ਵਿਚ ਐਡ ਨਾ ਕੀਤਾ ਜਾਵੇ।’ ਕਈ ਦੂਜਿਆਂ ਦੀ ਵਾਲ ਤੋਂ ਪੋਸਟਾਂ ਚੋਰੀ ਕਰ ਕੇ ਆਪਣੀ ਵਾਲ ‘ਤੇ ਪਾ ਦਿੰਦੇ। ਬਹਿਸਾਂ, ਲੜਾਈਆਂ ਤੇ ਕਈ ਮਸਲੇ ਭਖਣ ਲਗੇ; ਕੋਰਟ ‘ਚ ਲਿਜਾਣ ਤੱਕ ਦੀਆਂ ਧਮਕੀਆਂ ਮਿਲਣ ਲੱਗੀਆਂ। ਕਈਆਂ ਦੇ 5000 ਤੋਂ ਉਪਰ ਦੋਸਤ ਹੋ ਗਏ ਤੇ ਉਨ੍ਹਾਂ ਲਿਖ ਦਿਤਾ-‘ਪਲੀਜ਼ ਮੈਨੂੰ ਹੋਰ ਫਰੈਂਡ ਰਿਕੁਐਸਟ ਨਾ ਭੇਜੀ ਜਾਵੇ।’ ਪੂਰਾ ਮਨੋਰੰਜਨ ਹੋ ਰਿਹਾ ਸੀ ਘਰ ਬੈਠਿਆਂ ਉਸਦਾ ਤਾਂ! ਬੜਾ ਮਜ਼ਾ ਆ ਰਿਹਾ ਸੀ। ਫੇਸਬੁੱਕ ਦਾ ਸੁਆਦ ਹੀ ਅਨੋਖਾ ਸੀ। ਨਾ ਫੋਨ ਕਰੋ, ਨਾ ਖਤ ਲਿਖੋ, ਸੈਆਂ ਦੋਸਤਾਂ ਨਾਲ ਗੱਲਾਂ-ਬਾਤਾਂ ਕਰੋ। ਬਸ ਆਪਣੀ ਕੰਧ `ਤੇ ਦੋ ਕੁ ਝਰੀਟਾਂ ਮਾਰ ਦਿਉ ਤੇ ਕੰਮ ਹੋ ਗਿਆ! ਤੁਸੀਂ ਵੀ ਕਿਸੇ ਨੂੰ ਦੱਸੇ ਬਿਨਾਂ ਉਸਦੇ ਘਰ ਜਾ ਕੇ ਉਸ ਦੀ ਕੰਧ ‘ਤੇ ਝਾਤੀ ਮਾਰ ਆਓ।
ਫਿਰ ਉਸਦਾ ਧਿਆਨ ਲੈਪਟੌਪ ਵੱਲ ਚਲਾ ਗਿਆ…ਅੱਜ ‘ਸਨੋਅ ਸਟੌਰਮ’ ਆਇਆ ਹੋਣ ਕਰਕੇ ਸਾਰੇ ਘਰ ਹਨ ਤੇ ਲੈਪਟੌਪ ਉਸਦੀ ਪਹੁੰਚ ਤੋਂ ਬਾਹਰ ਸੀ…ਇਸ ਲਈ ਬਾਰ ਬਾਰ ਖਿੜਕੀ ਕੋਲ ਜਾ ਕੇ ਬੈਠ ਜਾਂਦੀ ਪਰ ਨਵੀ ਨੂੰ ਪੂਰਾ ਘੰਟਾ ਹੋ ਗਿਆ ਸੀ ਤੇ ਉਹ ਛੱਡ ਹੀ ਨਹੀਂ ਸੀ ਰਿਹਾ।
ਉਹ ਦਿਨ ਯਾਦ ਆ ਗਿਆ ਜਿਸ ਦਿਨ ਫੇਸਬੁੱਕ ‘ਤੇ ਇਕ ਨਵਾਂ ਗਰੁੱਪ ਬਣਿਆ- ‘ਅੱਜ ਦੀ ਕਵਿਤਾ- ਹਾਇਕੂ’। ਉਸ ਦਿਨ ਉਸਨੇ ‘ਹਾਇਕੂ’ ਦਾ ਨਾਂ ਪਹਿਲੀ ਵਾਰ ਸੁਣਿਆ ਸੀ। ਇਹ ਵੀ ਫੇਸਬੁੱਕ ਦੀ ਹੀ ਦੇਣ ਸੀ ਉਸਨੂੰ…ਰੋਜ਼ ‘ਹਾਇਕੂ’ ਪੜ੍ਹਣੇ। ਪਹਿਲਾਂ ਤਾਂ ਇਨ੍ਹਾਂ ਦੀ ਸਮਝ ਨਾ ਆਈ; ਇੰਝ ਲੱਗੇ ਜਿਵੇਂ ਬੱਸ ਕੋਈ ਵੀ ਤਿੰਨ ਸਤਰਾਂ ਲਿਖ ਦਿਉ ਤੇ ‘ਹਾਇਕੂ’ ਬਣ ਗਿਆ। ਉਹ ਸੋਚਦੀ ਇਹ ਤਾਂ ਇੰਝ ਹੈ ਜਿਵੇਂ ਨਿੱਕੇ ਹੁੰਦੇ ਅੰਗ੍ਰੇਜ਼ੀ ਦੇ ਸ਼ਬਦ ਨਾ ਸੁੱਝਣੇ ਤਾਂ ਪੰਜਾਬੀ ਦੇ ਸ਼ਬਦਾਂ ਨੂੰ ‘ਇੰਗ’ ਲਾ ਕੇ ਸਾਰ ਲਈਦਾ ਸੀ ਜਿਵੇਂ ‘ਪੀਈਂਗ, ਖਾਈਇੰਗ, ਸੌਇੰਗ’ ਆਦਿ। ਬਿਲਕੁਲ ਇਸੇ ਤਰ੍ਹਾਂ ਉਸਨੇ ਤੇ ਦੇਵ ਨੇ ਘਰ ਬਹਿ ਕੇ ਹਾਇਕੂ ਦਾ ਮਜ਼ਾਕ ਉਡਾਉਣਾ ਤੇ ਹੱਸਦਿਆਂ ਹੱਸਦਿਆਂ ਗੱਲ ਗੱਲ `ਤੇ ਹਾਇਕੂ ਬਣਾਉਣੇ,
ਸਵੇਰ ਵੇਲਾ
ਚਾਹ ਦੇ ਦੋ ਕੱਪ
ਇਕ ਡੁੱਲ੍ਹ ਗਿਆ
ਦੇਵ ਨੇ ਕਹਿਣਾ, “ਨਹੀਂ, ਵਿਚ ਮੱਖੀ ਪੈ ਗਈ”। “ਮੱਖੀਆਂ ਤਾਂ ਕੈਨੇਡਾ ‘ਚ ਹੈ ਹੀ ਨਹੀਂ…”, ਸਾਵੀ ਨੇ ਆਖਣਾ ਅਤੇ ਦੋਵਾਂ ਨੇ ਹੱਸ ਹੱਸ ਲੋਟ-ਪੋਟ ਹੋ ਜਾਣਾ।
ਪਰ ਹੌਲੀ ਹੌਲੀ ‘ਹਾਇਕੂ’ ਦੀ ਗੰਭੀਰਤਾ ਦੀ ਸਮਝ ਆਉਣ ਲੱਗੀ। ਇਸ ‘ਗਰੁੱਪ’ ਦੇ ‘ਐਡਮਿਨਜ਼’ ਉਸਦੇ ਫੇਸਬੁੱਕ ਦੋਸਤ ਬਣ ਗਏ। ‘ਗਰੁੱਪ’ ਨਾਲ ਗੂੜ੍ਹੀ ਸਾਂਝ ਪੈ ਗਈ। ‘ਹਾਇਕੂ’ ਕਿਵੇਂ ਲਿਖੀਦਾ ਹੈ, ਬਾਰੇ ਬਹੁਤ ਜਾਣਕਾਰੀ ਭਰਪੂਰ ਲੇਖ ਇਸੇ ‘ਗਰੁੱਪ’ ਦੇ ‘ਡੌਕਸ’ ‘ਚੋਂ ਉਸਨੇ ਪੜ੍ਹੇ ਸਨ।
ਅਚਾਨਕ ਇਸ ‘ਗਰੁੱਪ’ ਵਿਚ ਇਕ ਨਵਾਂ ਨਾਂ ਚਮਕਣ ਲੱਗਿਆ-‘ਜੁਗਨੂੰ’। ਕਿਸੇ ਕੁੜੀ ਦਾ ਇਹ ਨਾਂ ਤਾਂ ਸੁਣਿਆ ਨਹੀਂ ਸੀ ਪਹਿਲਾਂ ਕਦੇ। ਪਰ ਫਿਰ ਵੀ ਨਾਂ ਵਿਚ ਕੋਈ ਖਿੱਚ ਜ਼ਰੂਰ ਸੀ। ਉਸਨੇ ‘ਗਰੁੱਪ’ ਵਿਚ ਬੜੇ ਹੀ ਖੂਬਸੂਰਤ ‘ਹਾਇਕੂ’ ਲਿਖਣੇ ਤੇ ਦੂਜਿਆਂ ਦੇ ਹਾਇਕੂਆਂ ‘ਤੇ ਵੀ ਬੜੇ ਵਧੀਆ ‘ਕੁਮੈਂਟਸ’ ਕਰਨੇ। ਕੁਛ ਲੋਕਾਂ ਦੇ ਗਲਤ ‘ਹਾਇਕੂ’ ਉਸਨੇ ਦਰੁਸਤ ਵੀ ਕਰਨੇ ਤੇ ਵਧੀਆ ਸੁਝਾਅ ਦੇਣੇ। ਫਿਰ ਉਹ ਵੀ ਇਸ ‘ਗਰੁੱਪ’ ਦੀ ‘ਐਡਮਿਨ’ ਬਣਾ ਦਿਤੀ ਗਈ। ਉਸ ਦੀ ਭਾਸ਼ਾ ਸਾਵੀ ਨੂੰ ਭਾਉਣ ਲੱਗੀ। ਕੋਈ ਗੈ਼ਬੀ ਖਿੱਚ ਉਸਨੂੰ ਉਸ ਵੱਲ ਖਿੱਚਣ ਲੱਗੀ। ਇਕ ਦਿਨ ਡਰਦਿਆਂ ਡਰਦਿਆਂ ਸਾਵੀ ਨੇ ਵੀ ਆਪਣਾ ਪਹਿਲਾ ਹਾਇਕੂ ਇਸ ‘ਗਰੁੱਪ’ਦੀ ‘ਵਾਲ’ `ਤੇ ਥੱਪ ਹੀ ਦਿੱਤਾ,
ਸੰਝ ਵੇਲਾ
ਉਦਾਸ ਘਰ
ਇਕ ਮੋਮਬੱਤੀ ਜਲੇ
ਪਸੰਦ ਕਰਨ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ। ਸਾਵੀ ਨੂੰ ਤਾਂ ਜਿਵੇਂ ਨਸ਼ਾ ਹੀ ਚੜ੍ਹ ਗਿਆ। ਉਸਨੂੰ ਲੱਗਿਆ ਆਪਣੀ ਇਕੱਲਤਾ ਦੀ ਵਿਥਿਆ ਮੈਂ ਬੜੀ ਸੁਹਣੀ ਬਿਆਨ ਕੀਤੀ ਹੈ। ਆਪਣੇ `ਤੇ ਮਾਣ ਜਿਹਾ ਹੋਇਆ। ਜੁਗਨੂੰ ਨੇ ਲਿਖਿਆ, “ਦੀਦੀ ਤੁਹਾਡਾ ਪਹਿਲਾ ਹਾਇਕੂ ਹੀ ਬੜਾ ਸੁਹਣਾ ਹੈ, ਹੋਰ ਲਿਖਿਆ ਕਰੋ।” ਸਾਵੀ ਇਕੋ ਦਿਨ ਵਿਚ ਹੀ ਹਾਇਕੂ ਲੇਖਕਾਂ ਦੀ ਕਤਾਰ ਵਿਚ ਆ ਖੜ੍ਹੀ ਹੋਈ ਸੀ। ਇਹ ਸੀ ਫੇਸਬੁੱਕ ਦਾ ਕਮਾਲ!
ਹੌਲੀ ਹੌਲੀ ਕੁਛ ਦੋਸਤੀਆਂ ‘ਹਾਇਕੂ ਗਰੁੱਪ’ ਤੋਂ ਵਧ ਕੇ ‘ਇਨ ਬਾਕਸ’ ਵਿਚ ਆ ਗਈਆਂ, ਜਿਨ੍ਹਾਂ ਵਿਚੋਂ ਜੁਗਨੂੰ ਵੀ ਇਕ ਸੀ। ਅੰਗ੍ਰੇਜ਼ੀ ਕਲਾਸਾਂ ਤਿੰਨ ਮਹੀਨਿਆਂ ਬਾਅਦ ਖਤਮ ਹੋ ਗਈਆਂ। ਉਸਨੇ ਬੱਸ ਲੈਪਟੌਪ ਔਨ ਕਰ ਲੈਣਾ, ਘਰ ਦਾ ਕੰਮ ਵੀ ਕਰੀ ਜਾਣਾ ਤੇ ਆਉਂਦੇ ਜਾਂਦੇ ਫੇਸਬੁੱਕ `ਤੇ ਨਜ਼ਰ ਵੀ ਮਾਰ ਲੈਣੀ। ਫੇਸਬੁੱਕ ਜਿਵੇਂ ਸ਼ੁਗਲ ਹੀ ਬਣ ਗਿਆ ਸੀ, ਇੰਝ ਲਗਦਾ ਸੀ ਫੇਸਬੁੱਕ ਦੇ ਦੋਸਤਾਂ ਦਾ ਇਕ ਵੱਡਾ ਸਾਰਾ ਪਰਿਵਾਰ ਹੈ; ਇਕ ਅੰਤਰਰਾਸ਼ਟਰੀ ਸਮਾਜ! ਕੋਈ ਵੀ ਦੂਰ ਜਾਂ ਓਪਰਾ ਨਹੀਂ ਸੀ ਲੱਗਦਾ।
ਜੁਗਨੂੰ ਅਕਸਰ ‘ਇਨ ਬਾਕਸ ਚੈਟ’ ‘ਤੇ ਆ ਜਾਂਦੀ ਤੇ ਉਹ ਇਕ ਦੂਜੇ ਦਾ ਹਾਲ-ਚਾਲ ਪੁੱਛਦੀਆਂ ਰਹਿੰਦੀਆਂ। ਉਸਨੇ ਦੱਸਿਆ ਕਿ ਉਹ ਅਮਰੀਕਾ ਦੇ ‘ਲਾਸ ਏਂਜਲਸ’ ਸ਼ਹਿਰ ਵਿਚ ਰਹਿੰਦੀ ਸੀ। ਸਾਵੀ ਨੇ ਉਹ ਸ਼ਹਿਰ ਦੇਖਿਆ ਹੋਇਆ ਸੀ ਉਸਦੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉੱਥੇ ਉਹ ‘ਔਰੈਂਜ ਕਾਊਂਟੀ’ ਵਿਚ ਰਹਿੰਦੀ ਸੀ। ਵਾਇਦੇ ਹੋਏ ਕਿ ਸਾਵੀ ਜਦ ਵੀ ‘ਲਾਸ ਏਂਜਲਸ’ ਜਾਵੇਗੀ ਉਸ ਨੁੰ ਜ਼ਰੂਰ ਮਿਲੇਗੀ।
ਜੁਗਨੂੰ ਨਾਲ ਸੱਚਮੁਚ ਹੀ ਉਸਨੂੰ ਪਿਆਰ ਹੋ ਗਿਆ ਸੀ। ਉਹ ਉਸਨੂੰ ਆਪਣੇ ਬੱਚਿਆਂ ਵਾਂਗ ਜਾਪਦੀ ਸੀ। ਉਸਨੂੰ ਲੱਗਦਾ ਜਿਵੇਂ ਉਹ ਉਸਦੀ ਦੂਰ ਵਿਆਹੀ ਹੋਈ ਧੀ ਹੋਵੇ। ਘਰ ਵੀ ਅਕਸਰ ਉਸ ਦੀਆਂ ਗੱਲਾਂ ਕਰਦੀ ਰਹਿੰਦੀ। ਦੇਵ ਤੇ ਬੱਚੇ ਅਕਸਰ ਉਸਨੂੰ ਛੇੜਦੇ ਕਿ ਉਹ ‘ਫੇਸਬੁੱਕੀਆ’ ਹੋ ਗਈ ਸੀ। ਪਹਿਲਾਂ ਉਹ ਬੱਚਿਆਂ ਨੂੰ ਫੇਸਬੁੱਕ ਤੋਂ ਵਰਜਦੀ, ਹੁਣ ਬੱਚੇ ਉਸਨੂੰ ਕਹਿੰਦੇ,‘ਮਾਂ ਫੇਸਬੁੱਕ ਨਾਲ ਇੰਨਾ ‘ਐਡਿਕਟ’ ਨਾ ਹੋਵੋ। ਧਿਆਨ ਰੱਖਿਆ ਕਰੋ। ਸਾਈਬਰ ਕਰਾਈਮ ਵੀ ਬਹੁਤ ਹੁੰਦੈ ਇੱਥੇ।’ ਸਾਵੀ ਖਿਝ ਜਾਂਦੀ ਤੇ ਸੋਚਦੀ ਦੱਸੋ ਭਲਾ ਫੇਸਬੁੱਕ `ਤੇ ਕਾਹਦਾ ਖਤਰਾ? ਇਹ ਤਾਂ ਆਪਣੇ ‘ਤੇ ਹੈ ਨਾ, ਤੁਸੀਂ ਸਮੁੰਦਰ ਵਿਚੋਂ ਕੀ ਚੁਣਨਾ ਹੈ। ਮੈਂ ਤੇ ਬੜੇ ਵਧੀਆ ਦੋਸਤ ਚੁਣੇ ਨੇ, ਮੈਨੂੰ ਉਨ੍ਹਾਂ ‘ਤੇ ਮਾਣ ਹੈ …ਤੇ ਨਾ ਹੀ ਮੈਂ ਕਿਸੇ ਵਾਦ-ਵਿਵਾਦ ਵਿਚ ਪੈਂਦੀ ਹਾਂ। ਮੈਨੂੰ ਕਾਹਦਾ ਡਰ?
ਸਿਲਸਿਲਾ ਇਵੇਂ ਹੀ ਚਲਦਾ ਰਿਹਾ। ਸਹੇਲੀਆਂ ਨੂੰ ਫੋਨ ਕਰਨੇ ਬੰਦ ਹੋ ਗਏ। ਕਿਤਾਬਾਂ ਅਲਮਾਰੀਆਂ ਵਿਚ ਪਈਆਂ ਉਡੀਕਦੀਆਂ ਰਹੀਆਂ। ਬਸ ‘ਫੇਸਬੁੱਕੀਏ’ ਦੋਸਤ ਹੀ ਰਹਿ ਗਏ ਸਨ ਹੁਣ ਤਾਂ!
ਇਕ ਵਾਰੀ ਕਈ ਦਿਨ ਜੁਗਨੂੰ ‘ਫੇਸਬੁੱਕ’ `ਤੇ ਨਾ ਦਿਸੀ। ਸਾਵੀ ਨੂੰ ਫਿਕਰ ਹੋਇਆ। ਉਸਨੇ ਉਸਨੂੰ ਕਿੰਨੇ ਹੀ ‘ਮੈਸੇਜਸ’ ਘੱਲੇ। ਕਾਫ਼ੀ ਦਿਨਾਂ ਬਾਅਦ ‘ਇਨ ਬਾਕਸ’ ਉਸਦਾ ‘ਮੈਸੇਜ’ ਚਮਕ ਪਿਆ,
“ਕਿਵੇਂ ਹੋ ਦੀਦੀ?”
“ਮੈਂ ਤਾਂ ਠੀਕ ਹਾਂ, ਤੂੰ ਦੱਸ? ਇੰਨੇ ਦਿਨਾਂ ਤੋਂ ਆਈ ਨੀ?”
“ਬਸ ਐਵੇਂ ਹੀ! ਜ਼ਰਾ ਠੀਕ ਨਹੀਂ ਸੀ!”
“ਕੀ ਹੋਇਆ?”
“ਬਸ ਗਲਾ ਖਰਾਬ ਸੀ…”
“ਧਿਆਨ ਰੱਖਿਆ ਕਰ ਆਪਣਾ…!” ਕਿੰਨਾ ਕੁਛ ਹੋਰ ਸਾਂਝਾ ਹੋ ਹੀ ਰਿਹਾ ਸੀ ਕਿ ਅਚਾਨਕ ਬਾਹਰ ਖੜਾਕ ਹੋਇਆ। ਬੱਚੇ ਸਕੂਲੋਂ ਆ ਗਏ ਸਨ। ਸਾਵੀ ਨੇ ਜਲਦੀ ਦੇਣੀ ਫੇਸਬੁੱਕ ਬੰਦ ਕਰ ਦਿਤੀ ਕਿ ਉਹ ਫਿਰ ਉਸਨੂੰ ‘ਫੇਸਬੁੱਕੀਆ’ ਕਹਿ ਕਹਿ ਕੇ ਉਸਦਾ ਮਜ਼ਾਕ ਉਡਾਉਣਗੇ। ਕਈ ਦਿਨ ਫੇਰ ਜੁਗਨੂੰ ਨਾਲ ਗੱਲ ਹੀ ਨਾ ਹੋ ਸਕੀ। ਇਕ ਦਿਨ ਜਦੋਂ ਫੇਸਬੁੱਕ ਖੋਲ੍ਹੀ ਤਾਂ ਸਭ ਤੋਂ ਉਪਰ ਜੁਗਨੂੰ ਦੀ ਕਵਿਤਾ ਆਵਾਜ਼ਾਂ ਮਾਰ ਰਹੀ ਸੀ। ਉਸਦੀ ਕਵਿਤਾ ਪੜ੍ਹਦਿਆਂ ਸਾਵੀ ਦਾ ਮਨ ਭਰ ਆਇਆ, ਕਵਿਤਾ ਦੀ ਸੁਰ ਬੇਹੱਦ ਉਦਾਸ ਸੀ। ਉਸਨੇ ਜੁਗਨੂੰ ਨੂੰ ਮੈਸੇਜ ਬਾਕਸ ਵਿਚ ਲਿਖਿਆ,
“ਜੁਗਨੂੰ ਕਿਵੇਂ ਆਂ?”
ਉੁਹ ਝੱਟ ‘ਔਨ ਲਾਈਨ’ ਆ ਗਈ।
“ਹਾਂ ਜੀ ਦੀਦੀ!”
“ਕੀ ਗੱਲ ਐਡੀ ਉਦਾਸ ਕਵਿਤਾ ਕਿਉਂ ਲਿਖੀ?”
“ਬੱਸ ਦੀਦੀ ਐਵੈਂ ਹੀ!”
“ਇਥੇ ਵਿਆਹ ਕਰਵਾ ਕੇ ਆਈ ਸੀ?” ਸਾਵੀ ਨੇ ਉਸਦੀ ਮਾਨਸਿਕਤਾ ਨੂੰ ਸਮਝਣਾ ਚਾਹਿਆ।
“ਜੀ ਦੀਦੀ”
“ਘਰ ਵਾਲਾ ਚੰਗਾ ਨਹੀਂ ਨਿਕਲਿਆ?”
“ਦੀਦੀ, ਮੈਂ ‘ਕੱਲੀ ਰਹਿੰਦੀ ਹਾਂ।”
ਨਾਜ਼ੁਕ ਮਸਲਾ, ਸਾਵੀ ਅੱਗੇ ਨਹੀਂ ਵਧਾਉਣਾ ਚਾਹੁੰਦੀ ਸੀ ਤੇ ਚੁੱਪ ਹੋ ਗਈ।
“ਤੇਰੇ ਮੰਮੀ-ਡੈਡੀ ਕਿੱਥੇ ਨੇ?”
“ਡੈਡੀ ਹੈ ਨੀਂ ਦੀਦੀ”
“ਉਫ! ਵੈਰੀ ਸੌਰੀ, ਤੇ ਮੰਮੀ?”
“ਉਹ ਇੰਡੋਨੇਸ਼ੀਆ ਕਿਸੇ ਦੇ ਘਰ ‘ਡੌਮੈਸਟਿਕ ਹੈਲਪ’ ਦੀ ਜੌਬ ਕਰਨ ਗਏ ਹੋਏ ਨੇ”
“…ਆਈ ਸੀਅ!”
ਉੁਸਨੇ ਆਪ ਹੀ ਲਿਖ ਦਿੱਤਾ,
“ਮੇਰਾ ਹਸਬੈਂਡ ਸਾਰੀ ਸਾਰੀ ਰਾਤ ਗੇਅ ਬਾਰਾਂ ਵਿਚ ਘੁੰਮਦਾ ਰਹਿੰਦਾ ਸੀ! ਸਾਡਾ ਆਪਸ ਵਿਚ ਕਦੇ ਕੋਈ ਸੰਬੰਧ ਬਣਿਆ ਈ ਨਹੀਂ। ਧੋਖਾ ਹੋਇਆ ਮੇਰੇ ਨਾਲ…ਅਸੀਂ ਚੈਟ ਰੂਮ ਵਿਚ ਗੱਲ ਕਰਦੇ ਕਰਦੇ ਵਿਆਹ ਤੱਕ ਪਹੁੰਚ ਗਏ ਤੇ ਉਸਨੇ ਮੈਨੂੰ ਇੱਥੇ ਬੁਲਾ ਲਿਆ।”
“ਹੂੰ…!”
ਇੱਥੇ ਕੀ ਕੰਮ ਕਰਦੀ ਏਂ?
“ਮੈਂ ਸਾਈਕੈਟਰਿਸਟ ਹਾਂ।”
‘ਵੈਰੀ ਗੁੱਡ! ਚਲੋ ਇਕ ਗੱਲ ਤਾਂ ਚੰਗੀ ਹੈ…।’ ਸਾਵੀ ਨੂੰ ਤਸੱਲੀ ਹੋਈ ਕਿ ਉਹ ਪੈਸੇ-ਧੇਲੇ ਦੀ ਮੁਹਤਾਜ ਨਹੀਂ ਸੀ।
‘ਜੇ ਕਦੇ ਕਿਸੇ ਮਦਦ ਦੀ ਜ਼ਰੂਰਤ ਪਵੇ ਤਾਂ ਦੱਸੀਂ… ਤੈਨੂੰ ਪਤੈ ਮੇਰੇ ਰਿਸ਼ਤੇਦਾਰ ਰਹਿੰਦੇ ਨੇ ਤੇਰੇ ਸ਼ਹਿਰ।’
“ਜੀ ਦੀਦੀ।”
ਅਚਾਨਕ ਫ਼ੋਨ ਦੀ ਘੰਟੀ ਵੱਜੀ ਦੂਜੇ ਪਾਸੇ ਸੰਗੀਤਾ ਸੀ। ਜਲਦੀ ਜਲਦੀ ਜੁਗਨੂੰ ਨੂੰ ਮੈਸੇਜ ਲਿਖਿਆ, “ਚੱਲ ਜੁਗਨੂੰ ਫਿਰ ਕੱਲ੍ਹ ਗੱਲ ਕਰਦੇ ਹਾਂ, ਅੱਜ ਮੈਂ ਕਿਤੇ ਜਾਣੈ” ਕਹਿ ਉਹ ਸੰਗੀਤਾ ਨਾਲ ਗੱਲਾਂ ਕਰਨ ਲੱਗੀ ਤੇ ਅਚਾਨਕ ਜੁਗਨੂੰ ਦਾ ਜ਼ਿਕਰ ਛਿੜ ਪਿਆ,
“ਯਾਰ ਇਕ ਕੁੜੀ ਹੈ ਵਿਚਾਰੀ…ਉਸ ਨਾਲ ਬੜਾ ਧੋਖਾ ਹੋਇਆ! ਬੜੇ ਚਿਰਾਂ ਤੋਂ ਉਸੇ ਨਾਲ ਹੀ ਗੱਲ ਕਰ ਰਹੀ ਸੀ, ਟਾਈਮ ਦਾ ਪਤਾ ਹੀ ਨਹੀਂ ਲੱਗਿਆ।”
“ਯਿਹ ਕੌਨਸੀ ਨਈ ਬਾਤ ਹੈ ਸਾਵੀ …ਦੇਸ਼ ਸੇ ਅਕਸਰ ਢੇਰੋਂ ਲੜਕੀਆਂ ਬਾਹਰ ਆਨੇ ਕੇ ਲੀਏ ਕਿਆ ਕਿਆ ਪਾਪੜ ਬੇਲਤੀ ਹੈਂ…ਆਪਕੋ ਮਾਲੂਮ ਨਹੀਂ ਕਿਆ? ਬੁੱਢੋਂ ਸੇ ਸ਼ਾਦੀ ਕਰਕੇ ਆ ਜਾਤੀ ਹੈਂ ਯਹਾਂ! ਅਮਰੀਕਾ ਆਨਾ ਥਾ, ਆ ਗਈ। ਕੈਸੀ ਹਮਦਰਦੀ? ਬੇਕਾਰ ਮੇਂ ਹੀ ਨਾ ਲੋਗੋਂ ਪੇ ਯਕੀਨ ਕਰ ਲੀਆ ਕਰੋ।”
ਸਾਵੀ ਨੂੰ ਜੁਗਨੂੰ ਨਾਲ ਹਮਦਰਦੀ ਸੀ ਤੇ ਉਹ ਉਸ ਬਾਰੇ ਇਸ ਤਰ੍ਹਾਂ ਨਹੀਂ ਸੀ ਸੋਚਦੀ। ਉਸਨੂੰ ਸੰਗੀਤਾ ਦੇ ਬੋਲਾਂ ਦਾ ਖਰਵਾਂਪਨ ਚੰਗਾ ਨਹੀਂ ਸੀ ਲੱਗਿਆ।
ਪੁਰਾਣੀਆਂ ਸੋਚਾਂ ਦੀ ਤੰਦ ਟੁੱਟੀ ਤਾਂ ਉਸਦਾ ਧਿਆਨ ਮੁੜ ਲੈਪਟੌਪ ਵੱਲ ਚਲਾ ਗਿਆ, ਰੋਹਬ ਨਾਲ ਨਵੀ ਨੂੰ ਮੁਖਾਤਿਬ ਹੋਈ, ‘ਨਵੀ ਲੈਪਟੌਪ ਖਾਲੀ ਹੋਇਆ ਕਿ ਨਹੀਂ?’
“ਬਸ ਦਸ ਮਿੰਟ ਠਹਿਰੋ, ਥੋੜ੍ਹਾ ਜਿਹਾ ਕੰਮ ਰਹਿ ਗਿਐ।” ਉਹ ਚੁੱਪ ਕਰ ਕੇ ਬੈਠ ਗਈ ਇਕ ਘੰਟਾ ਪਹਾੜ ਬਣ ਗਿਆ ਸੀ। ਕੀ ਖਬਰ ਸੀ ਅੱਜ ਜੁਗਨੂੰ ਦੀ? ਇਹ ਖਿਆਲ ਉਸਦੇ ਦਿਲ ਵਿਚ ਤੀਰਾਂ ਵਾਂਗ ਚੁੱਭ ਰਿਹਾ ਸੀ ਅਤੇ ਉਹ ਇਨ੍ਹਾਂ ਦੀ ਥਾਹ ਤੱਕ ਜਾਣ ਲਈ ਛਟਪਟਾ ਰਹੀ ਸੀ।
ਉਦੋਂ ਸਾਵੀ ਅਤੇ ਜੁਗਨੂੰ ਵਿਚਾਲੇ ਅਕਸਰ ਦੁਖ-ਸੁਖ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਉਹ ਸੋਚਦੀ ਰਹਿੰਦੀ, ਵਿਚਾਰੀ ਇਕੱਲੀ ਜੁਗਨੂੰ ! …ਇੰਨੀ ਜ਼ਹੀਨ ਕੁੜੀ…ਖੌਰੇ ਕਿੰਨਾ ਸਾਰਾ ਬੋਝ ਆਪਣੀ ਰੂਹ `ਤੇ ਚੁੱਕੀ ਫਿਰਦੀ ਹੋਵੇਗੀ… ਉਹ ਅਕਸਰ ਉਸ ਦੀਆਂ ਫੋਟੋਆਂ ਖੋਲ੍ਹ ਕੇ ਬੈਠ ਜਾਂਦੀ। ਇਕ ਦੋ ਹੀ ਫੋਟੋਆਂ ਸਨ ਉਸ ਦੀਆਂ ਉਸਦੇ ਪ੍ਰੋਫਾਈਲ ’ਤੇ, ਬੜੀ ਸੁਹਣੀ ਭੋਲੀ ਜਿਹੀ ਮੁਟਿਆਰ ਜਾਪਦੀ ਸੀ।
…ਤੇ ਜੁਗਨੂੰ ਅਚਾਨਕ ਇਕ ਵੇਰ ਫੇਸਬੁਕ ਤੋਂ ਫਿਰ ਗੈਰ-ਹਾਜ਼ਰ ਹੋ ਗਈ ਸੀ। ਇਕ ਦਿਨ ਸਾਵੀ ਦੀ ਇਕ ਹੋਰ ਫੇਸਬੁੱਕ ਦੋਸਤ ਦਾ ਫੋਨ ਆਇਆ, ਉਹ ਕਹਿੰਦੀ,
“ਇਕ ਬੁਰੀ ਖਬਰ ਆ।”
“ਕੀ?”
“ਜੁਗਨੂੰ ਨੂੰ ਗਲੇ ਦਾ ਕੈਂਸਰ ਆ…ਲਾਸਟ ਸਟੇਜ’ ’ਤੇ!”
“ਕੈਂਸਰ? ਕਦੋਂ ਤੋਂ?”
“ਹਾਂ …! ਉਦੋਂ ਤੋਂ ਹੀ ਜਦੋਂ ਤੋਂ ਉਹ ਫੇਸਬੁੱਕ `ਤੇ ਹੈ। ਡਾਕਟਰ ਨੇ ਕਿਹਾ ਬਹੁਤ ਥੋੜ੍ਹਾ ਸਮਾਂ ਹੈ ਉਸ ਕੋਲ…।”
ਸਾਵੀ ਕੋਲੋਂ ਕੁਛ ਕਹਿ ਨਾ ਹੋਇਆ। ਉਸ ਦੀਆਂ ਅੱਖਾਂ ਆਪ ਮੁਹਾਰੇ ਭਰ ਆਈਆਂ ਜਿਵੇਂ ਕਿਸੇ ਨੇ ਉਸਦੀ ਜਾਨ ਕੱਢ ਲਈ ਹੋਵੇ। ਰਾਤ ਨੂੰ ਨੀਂਦ ਨਾ ਆਉਂਦੀ। ਦਿਲ ਵਿਚ ਹੌਲ ਪੈਂਦੇ। ਹਰ ਵੇਲੇ ਉਸਦਾ ਖਿਆਲ ਆਉਂਦਾ ਰਹਿੰਦਾ। ਫੇਸਬੁੱਕ `ਤੇ ਉਸ ਦੀਆਂ ਫੋਟੋਆਂ ਅਨੁਸਾਰ ਉਹ 25/26 ਸਾਲਾਂ ਦੀ ਨੌਜੁਆਨ ਕੁੜੀ ਸੀ …ਸਾਵੀ ਸੋਚਦੀ ਰਹਿੰਦੀ ਵਿਚਾਰੀ ਦੀ ਬੱਸ ਇੰਨੀ ਹੀ ਕਹਾਣੀ ਸੀ? ਇੰਨੀ ਛੋਟੀ ਉਮਰ?
ਕੀ ਕਰ ਸਕਦੀ ਸੀ ਉਹ? ਬਸ ਉਸ ਲਈ ਦੁਆਵਾਂ ਕਰਦੀ ਰਹਿੰਦੀ। ਇਕ ਦਿਨ ਮਨ ਵਿਚ ਸੋਚਿਆ ਕਿ ਅਰਦਾਸ ਵਿਚ ਬਹੁਤ ਤਾਕਤ ਹੁੰਦੀ ਐ, ਸਾਰੇ ਮਿਲ ਕੇ ਅਰਦਾਸ ਕਰਦੇ ਹਾਂ ਤੇ ਉਸਨੇ ਫੇਸਬੁੱਕ `ਤੇ ਉਸ ਲਈ ‘ਪ੍ਰੇਅ ਫਾਰ ਜੁਗਨੂੰ’ ਗਰੁੱਪ ਬਣਾ ਦਿੱਤਾ।
ਉਹ ਉਸ ‘ਗਰੁੱਪ’ ਵਿਚ ਜਾ ਕੇ ਰੋਜ਼ ਇਕ ਪ੍ਰੇਅਰ ਲਿਖਦੀ ਅਤੇ ਜੁਗਨੂੰ ਲਈ ਫੰਡ ਰੇਜ਼ ਕਰਨ ਤੱਕ ਦੀਆਂ ਸਲਾਹਾਂ ਕਰਦੀ। ਕਿੰਨੇ ਹੀ ਦੋਸਤਾਂ ਨੂੰ ਸੱਦਾ ਦਿੱਤਾ ਹੋਇਆ ਸੀ ਉਸ ਨੇ, ਉਹ ਵੀ ਸੁਹਿਰਦਤਾ ਨਾਲ ਰੋਜ਼ ਉਸ ਨੂੰ ਲੰਮੀ ਉਮਰ ਦੀਆਂ ਦੁਆਵਾਂ ਦਿੰਦੇ। ਕਿੰਨਿਆਂ ਨੇ ਉਸਨੂੰ ਕੈਂਸਰ ਦਾ ਸ਼ਰਤੀਆ ਇਲਾਜ ਕਰਨ ਵਾਲੇ ਦੇਸੀ ਤੇ ਹੋਮਿਉਪੈਥਿਕ ਡਾਕਟਰਾਂ ਦੇ ਨੰਬਰ ਵੀ ਭੇਜੇ। ਹੋਰ ਬਹੁਤ ਸਾਰੇ ਸੁਝਾਅ ਆਏੇ।
ਉਹ ਸੋਚਦੀ ‘ਪਤਾ ਨਹੀਂ ਜੁਗਨੂੰ ਵਿਚਾਰੀ ਕਦੇ ਗਰੁੱਪ ਨੂੰ ਵੇਖ ਵੀ ਸਕੀ ਕਿ ਨਾ…ਨਹੀਂ ਤਾਂ ਉਹ ਸਭ ਦਾ ਧੰਨਵਾਦ ਜ਼ਰੂਰ ਕਰਦੀ। ਪਤਾ ਨਹੀਂ ਵੇਖਣ ਜੋਗੀ ਹੈ ਵੀ ਕਿ ਨਹੀਂ ਕਿ ਉਸ ਲਈ ਕਿੰਨੇ ਲੋਕ ਦੁਆਵਾਂ ਕਰਦੇ ਸਨ… ਕਿ ਕੁੜੀਆਂ ਭਾਵੁਕ ਹੋ ਕੇ ਉਸ ਨੂੰ ਹਾਕਾਂ ਮਾਰਦੀਆਂ ਸਨ, “ਜੁਗਨੂੰ ਦੀਦੀ ਵਾਪਸ ਆ ਜਾਉ ਪਲੀਜ਼”… ਕਿ ਕਈ ਰੋਜ਼ ਉਸਨੂੰ ਫੁੱਲਾਂ ਦੇ ਗੁਲਦਸਤਿਆਂ ਦੀਆਂ ਤਸਵੀਰਾਂ ਭੇਜਦੀਆਂ ਸਨ…ਕਿ ਕਈ ਕੁੜੀਆਂ ਜੁਗਨੂੰ ਦੀਦੀ ਲਈ ਕਵਿਤਾਵਾਂ ਲਿਖਦੀਆਂ ਸਨ। ਗਰੁੱਪ ਦੀ ਵਾਲ ਤਾਂ ਲੋਕਾਂ ਦੇ ਹੰਝੂਆਂ ਤੇ ਹਮਦਰਦੀਆਂ ਨਾਲ ਭਰੀ ਪਈ ਸੀ’।
ਇਨ੍ਹਾਂ ਦਿਨਾਂ ਵਿਚ ਸਾਵੀ ਨੂੰ ਉਦਾਸ ਵੇਖ ਕੇ ਘਰ ਦੇ ਪੁੱਛਦੇ ਰਹਿੰਦੇ ਸਨ ਕਿ ਤੈਨੂੰ ਕੀ ਹੋਇਐ ਤੇ ਉਹ ਹੱਸ ਕੇ ਆਖ ਦਿੰਦੀ ‘ਕੁਛ ਵੀ ਤਾਂ ਨਹੀਂ’। ਪਰ ਅੰਦਰ ਕੁਛ ਕੁਤਰ ਕੁਤਰ ਹਰ ਵੇਲੇ ਹੁੰਦੀ ਰਹਿੰਦੀ ਸੀ।… ਅਚਾਨਕ ਜੁਗਨੂੰ ਇਕ ਵਾਰ ਫੇਰ ਫਿਲਮਾਂ ’ਚ ਦਿਖਾਏ ਜਾਂਦੇ ਦੇਵਤੇ ਵਾਂਗ ਪ੍ਰਗਟ ਹੋ ਗਈ ਸੀ। ਸਾਵੀ ਦੇ ਸਾਹ ਵਿਚ ਸਾਹ ਆਇਆ।
‘ਜੁਗਨੂੰ ਕਿਵੇਂ ਐਂ ਹੁਣ?”
“ਠੀਕ ਹਾਂ ਹੁਣ, ਦੀਦੀ।”
“ਬੇਟਾ, ਮੈਨੂੰ ਆਪਣਾ ਟੈਲੀਫੂਨ ਨੰਬਰ ਦੇ, ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹਾਂ।”
“ਦੀਦੀ! ਦੀਦੀ! ਮੇਰੀ ਪਿਆਰੀ ਦੀਦੀ! ਮੈਂ ਬੋਲ ਨਹੀਂ ਸਕਦੀ। ਤੁਸੀਂ ਪਹਿਲਾਂ ਵੀ ਇਕ ਵਾਰ ਨੰਬਰ ਮੰਗਿਆ ਸੀ ਤੇ ਮੈਂ ਇਸੇ ਲਈ ਤੁਹਾਡੀ ਗੱਲ ਇਗਨੋਰ ਕਰ ਦਿੱਤੀ ਸੀ।”
ਸਾਵੀ ਮਾਯੂਸ ਹੋ ਗਈ। ਉਨ੍ਹਾਂ ਦਿਨਾਂ ਵਿਚ ਜੁਗਨੂੰ ਨੇ ਫੇਸਬੱਕੁ ‘ਤੇ ਬੜੇ ਖੂਬਸੂਰਤ ਹਾਇਕੂ ਤੇ ਕਵਿਤਾਵਾਂ ਲਿਖੇ। ਉਨ੍ਹਾਂ ਵਿਚੋਂ ਕੁਛ ਇੰਝ ਸਨ,
ਘੱਟਦਾ ਚੰਨ
ਮੇਰੇ ਸਿਰਾਹਣੇ ‘ਤੇ
ਵਾਲਾਂ ਦਾ ਗੁੱਛਾ
ਸਾਵੀ ਨੂੰ ਕੈਂਸਰ ਨਾਲ ਝੜ ਰਹੇ ਉਸਦੇ ਵਾਲ ਦਿਸਦੇ।
ਥੱਕਿਆ ਰਾਹੀ
ਬਲਦ ਦੇ ਸਿੰਗਾਂ ‘ਤੇ
ਸ਼ਾਮ ਦਾ ਸੂਰਜ
ਉੁਸਨੂੰ ਉਸਦਾ ਥੱਕਿਆ ਚਿਹਰਾ ਨਜ਼ਰ ਆਉਂਦਾ।
ਹੱਟ ਲਲਾਰੀ
ਚੁੰਨੀਆਂ ਰੰਗ ਬਰੰਗੀਆਂ ‘ਚੋਂ
ਮੈਂ ਚੁਣਿਆ ਰੰਗ ਮਜੀਠੜਾ

ਹਾਇ ਨੀ ਕੁੜੀਏ ਤੇਰੀ ਕਿਸਮਤ? ਸਾਵੀ ਹਉਕਾ ਭਰਦੀ।

ਉਸ ਦੀਆਂ ਰਚਨਾਵਾਂ ਵਿਚੋਂ ਉਸਦੇ ਅੰਦਰ ਦਾ ਦੁੱਖ ਡੁੱਲ੍ਹ ਡੁੱਲ੍ਹ ਪੈਂਦਾ ਸੀ। ਸਾਰੇ ਉਸ ਲਈ ਅਰਦਾਸਾਂ ਕਰਦੇ ਰਹੇ ਤੇ ਜੁਗਨੂੰ ਇਕ ਵਾਰ ਫੇਰ ਚੁੱਪ ਹੋ ਗਈ ਸੀ। ਸਾਵੀ ਨੂੰ ਲੱਗਿਆ ਕਿ ਇਸਦਾ ਨਾਂ ਜੁਗਨੂੰ ਨਹੀਂ ਹੋਣਾ ਚਾਹੀਦਾ ਸੀ। ਜੁਗਨੂੰ ਦੀ ਉਮਰ ਬਹੁਤ ਛੋਟੀ ਹੁੰਦੀ ਹੈ- ਬੱਸ ਇਕ ਝਲਕਾਰਾ ਜਿਹਾ। ਸੋ ਉਹ ਉਸਨੂੰ ਅਰਦਾਸ ਗਰੁੱਪ ਵਿਚ ਜੁਗਨੰਦਨ ਕਹਿ ਕੇ ਮੁਖਾਤਿਬ ਹੋਣ ਲਗੀ। ਉਸਦੇ ਕਿਸੇ ਹੋਰ ਦੋਸਤ ਨੇ ਲਿਖਿਆ ਕਿ ਉਸਦਾ ਅਸਲ ਨਾਮ ਤਾਂ ਮਨਵੀਰ ਕੌਰ ਸਿੱਧੂ ਹੈ, ਸਾਵੀ ਇਹ ਵੀ ਲਿਖ ਸਕਦੀ ਸੀ।
ਲੰਮੀ ਚੁਪ ਪਸਰ ਗਈ ਸੀ। ਫੇਸਬੁੱਕ ਤੋਂ ਜੁਗਨੂੰ ਗਾਇਬ ਸੀ ਤੇ ਜੁਗਨੂੰ ਦੀ ਕਨਸੋਅ ਵੀ! ਸਹਿਜ ਤੋਰ ਚੱਲਦੀ ਜ਼ਿੰਦਗੀ ‘ਚੋਂ ਜੁਗਨੂੰ ਦਾ ਖਿਆਲ ਕਦੇ ਰੁਖਸਤ ਨਾ ਹੋ ਸਕਿਆ। ਉਹ ਕਦੇ ਉਸਦੇ ਫੇਸਬੁੱਕ ਦੋਸਤਾਂ ਨੂੰ ਪੁੱਛਦੀ ਅਤੇ ‘ਗੂਗਲ’ `ਤੇ ਜਾ ਕੇ ‘ਸਰਚ’ ਕਰਨ ਦੀ ਕੋਸ਼ਿਸ਼ ਕਰਦੀ ਪਰ ਜੁਗਨੂੰ ਦਾ ਕੋਈ ਪਤਾ ਨਾ ਲੱਗਿਆ। ਫਿਰ ਉਸਦਾ ਅਸਲੀ ਨਾਂ ਵੀ ਵੇਖਿਆ, ਉਹ ਵੀ ਨਾ ਲੱਭਿਆ। ਉੱਡਦੀ ਉਡਦੀ ਇਹ ਵੀ ਗੱਲ ਪਹੁੰਚੀ ਕਿ ਉਹ ਅਮਰੀਕਾ ਵਿਚ ਇਮੀਗਰੇਸ਼ਨ ਤੋਂ ਬਿਨਾਂ ਰਹਿ ਰਹੀ ਸੀ। ਕੋਈ ਕਹੇ ਉਸਦੇ ਹਸਬੈਂਡ ਨੇ ਕੋਈ ਵੱਡਾ ਘੁਟਾਲਾ ਕੀਤਾ ਹੋਇਆ ਸੀ ਇਸ ਲਈ ਉਹ ਲੁਕ ਛਿਪ ਕੇ ਇਕ ਫਰਜ਼ੀ ਨਾਮ ਟੀਨਾ ਤਹਿਤ ਅਮਰੀਕਾ ਵਿਚ ਰਹਿੰਦੀ ਹੈ। ਪਰ ਜੁਗਨੂੰ, ਬਨਾਮ ਮਨਵੀਰ ਕੌਰ ਸਿੱਧੂ, ਬਨਾਮ ਟੀਨਾ ਕਿਸੇ ਸਰਚ ਵਿਚੋਂ ਕਿਤੇ ਵੀ ਨਾ ਲੱਭ ਸਕੀ।
‘ਪ੍ਰੇਅ ਫੌਰ ਜੁਗਨੂੰ’ ਵਿਚ ਕਿਸੇ ਨੇ ਸਟੇਟਸ ਪਾਇਆ, “ਜੁਗਨੂੰ ‘ਕੋਮਾ’ ਵਿਚ ਹੈ” ਪਰ ਸਾਵੀ ਨੂੰ ਆਸ ਸੀ ਕਿ ਪਿਛਲੀ ਵਾਰੀ ਵਾਂਗ ਇਕ ਦਿਨ ਅਚਾਨਕ ਜੁਗਨੂੰ ਫਿਰ ਆ ਜਾਏਗੀ। ਕੈਂਸਰ ਦਾ ਅੱਜ-ਕੱਲ੍ਹ ਇਲਾਜ ਹੋ ਜਾਂਦਾ ਹੈ। ਉਹ ਉਡੀਕ ਰਹੀ ਸੀ। ਕਾਸ਼! ਕਿਸੇ ਦਾ ਫ਼ੋਨ ਹੁੰਦਾ ਤੇ ਜੁਗਨੂੰ ਦਾ ਪਤਾ ਲੈ ਲੈਂਦੀ। ਫੇਸਬੁੱਕ ਦੇ ਬਹੁਤ ਸਾਰੇ ਦੋਸਤਾਂ ਨੇ ਉਸਨੂੰ ਕਈ ਵਾਰ ਪੁੱਛਿਆ ਕਿ ‘ਜੁਗਨੂੰ ਕਿਵੇਂ ਹੈ?’ ਸਾਰੇ ਜਣੇ ਉਸਦੀ ਖਬਰ ਉਡੀਕਦੇ ਰਹੇ ਤੇ ਅੱਜ ਉਸੇ ਜੁਗਨੂੰ ਦੀ ਕੋਈ ਖਬਰ ਉਸਨੇ ਮਾੜੀ ਜਿਹੀ ਵੇਖੀ ਸੀ। ਸਾਵੀ ਦੇ ਸਿਰ ‘ਤੇ ਜਿਵੇਂ ਆਸਮਾਨੀ ਬਿਜਲੀ ਆਣ ਡਿੱਗੀ ਸੀ ਪਰ ਵੇਖੇ ਕਿਵੇਂ ਲੈਪਟੌਪ `ਤੇ ਤਾਂ ਨਵੀ ਕਬਜ਼ਾ ਕਰੀ ਬੈਠਾ ਹੈ। ਹੁਣ ਉਸਦਾ ਦਿਲ ਨਹੀਂ ਸੀ ਖਲੋਅ ਰਿਹਾ ਅਤੇ ਉਸਨੇ ਨਵੀ ਨੂੰ ਤਰਲੇ ਵਾਂਗ ਕਿਹਾ,“ਨਵੀ ਬੱਸ ਇਕੋ ਮਿੰਟ ਪਲੀਜ਼!”

ਉਸਨੇ ਬੇਸਬਰੀ ਨਾਲ ਫੇਸਬੁੱਕ ਖੋਲ੍ਹੀ। ਵੇਖਿਆ ਤਾਂ ਸਾਰੀ ਫੇਸਬੁੱਕ ਜੁਗਨੂੰ ਦੀਆਂ ਖਬਰਾਂ ਨਾਲ ਭਰੀ ਪਈ ਸੀ। ਸਾਵੀ ਦੀਆਂ ‘ਨੋਟੀਫਿਕੇਸ਼ਨਜ਼’ ਵਿਚ ਕੁਛ ਨਵੇਂ ਗਰੁੱਪਾਂ ਦੇ ਨਵੇਂ ਸਿਰਨਾਵੇਂ ਦਿਸ ਰਹੇ ਸਨ, ‘ਜੁਗਨੂੰ ਰੈਸਟ ਇਨ ਪੀਸ’, ‘ਆਰ. ਆਈ. ਪੀ ਜੁਗਨੂੰ’…! ਸਾਵੀ ਨਾਲੇ ਹੰਝੂ ਪੂੰਝ ਰਹੀ ਸੀ ਤੇ ਨਾਲੇ ਕਾਹਲੀ ਕਾਹਲੀ ਇੱਧਰ ਉੱਧਰ ਦੇ ‘ਪ੍ਰੋਫਾਈਲਜ਼’ ਖੋਲ੍ਹ ਕੇ ਵੇਖੀ ਜਾ ਰਹੀ ਸੀ..ਸਾਰੇ ਹੀ ਸੋਗ ਮਨਾ ਰਹੇ ਸਨ… ਲੋਕ ਉਸਦੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਕਰ ਰਹੇ ਸਨ। ਸਾਵੀ ਖਬਰ ਦਾ ਪੂਰਾ ਸੱਚ ਜਾਨਣਾ ਚਾਹੁੰਦੀ ਸੀ ਪਰ ਹੱਥ ਪੱਲੇ ਕੁਝ ਨਹੀਂ ਸੀ ਪੈ ਰਿਹਾ।
ਸਾਵੀ ਕਿ ਜਿਸ ਦੀ ਜੁਗਨੂੰ ਨਾਲ ਦਿਲੀ ਸਾਂਝ ਸੀ, ਹਾਰ ਕੇ ‘ਪ੍ਰੇਅਰ ਗਰੁੱਪ’ ‘ਚ ਐਨਾ ਹੀ ਲਿਖ ਸਕੀ, ‘ਹਾਇ ਜੁਗਨੂੰ ਜੇ ਤੂੰ ਐਨੀ ਛੇਤੀ ਤੁਰ ਜਾਣਾ ਸੀ ਤੇ ਇੰਨਾ ਮੋਹ ਹੀ ਕਿਉਂ ਪਾਇਆ ਕਮਲੀਏ! ਐਨੀ ਛੇਤੀ? ਰੈਸਟ ਇਨ ਪੀਸ ਬੱਚੀਏ! ਮੈਂ ਤੇਰੇ ਬਿਨਾ ਕਿੰਨਾ ’ਕੱਲੀ ਹੋ ਜਾਵਾਂਗੀ?’
‘ਅਜਾਈਂ ਚਲੀ ਗਈ ਵਿਚਾਰੀ ਜੁਗਨੂੰ…!” ਸਾਵੀ ਨੇ ਅੱਖਾਂ ਪੂੰਝਦਿਆਂ ਹਉਕਾ ਲਿਆ ਅਤੇ ਥੱਕਿਆ ਸਿਰ ਪਿੱਛੇ ਨੂੰ ਸੁੱਟ ਕੇ ਸੋਚਣ ਲੱਗੀ ‘ਮੇਰੀ ਤੇ ਜੁਗਨੂੰ ਦੀ ਗੂੜ੍ਹੀ ਸਾਂਝ ਇਸ ਖਬਰ ਨਾਲ ਹੀ ਖਤਮ ਹੋ ਗਈ। ਕੋਈ ਨਹੀਂ ਜਾਣਦਾ ਕਿ ਜੁਗਨੂੰ ਤੇ ਮੇਰਾ ਕੀ ਰਿਸ਼ਤਾ ਸੀ?’ ਉਸਨੇ ਕੁਦਰਤ ਦੀ ਇਸ ਮਰਜ਼ੀ ਅੱਗੇ ਸਿਰ ਝੁਕਾ ਕੇ ‘ਪ੍ਰੇਅਰ ਗਰੁੱਪ’ ਬੰਦ ਕਰਨ ਦੀ ਸੋਚੀ। ਫੇਸਬੁੱਕ ‘ਫੇਕਬੁੱਕ’ ਲੱਗਣ ਲੱਗੀ ਪਈ। ਕਹਾਣੀ ਖਤਮ!
ਸਾਵੀ ਨੇ ਲੈਪਟੌਪ ਬੰਦ ਕਰ ਦਿੱਤਾ ਤੇ ਚੁੱਪ ਕਰ ਕੇ ਬੈਠ ਗਈ। ਸਭ ਕੁਝ ਸੁੰਨਾ ਸੁੰਨਾ ਲੱਗ ਰਿਹਾ ਸੀ। ਹੁਣ ਭਰੇ ਮਨ ਨਾਲ ਸਾਵੀ ਨੇ ਸੋਚਿਆ ਕਿ ਜੁਗਨੂੰ ਤਾਂ ਗਈ ਹੁਣ ਫੇਸਬੁੱਕ ਨੂੰ ਵੀ ਮੈਂ ਕੀ ਕਰਨੈ? ਉਸਨੇ ਫੇਸਬੁੱਕ ਬੰਦ ਕਰਨ ਲਈ ਕੰਪਿਊਟਰ ਦੁਬਾਰਾ ਖੋਲ੍ਹਿਆ ਤਾਂ ਆਪਣੇ ਸਾਹਮਣੇ ਪਈਆਂ ਇਨ੍ਹਾਂ ਸਤਰਾਂ ਨੂੰ ਵੇਖ ਕੇ ਤ੍ਰਭਕ ਗਈ। ਕਿਸੇ ਨੇ ਲਿਖਿਆ ਹੋਇਆ ਸੀ,
“ਦੋਸਤੋ ਜੁਗਨੂੰ ਇਕ ‘ਫ਼ੇਕ ਆਈ. ਡੀ.’ ਸੀ ਜੋ ਸਾਰਿਆਂ ਦੇ ਜਜ਼ਬਾਤਾਂ ਨਾਲ ਖੇਡ ਗਈ…। ਦਿੱਤੇ ਹੋਏ ਇਸ ਲਿੰਕ ‘ਤੇ ਕਲਿੱਕ ਕਰ ਕੇ ਵੇਖੋ… ਜੁਗਨੂੰ ਦੀ ਆਈ.ਡੀ. ਬਣਾਉਣ ਲਈ ਸਾਰੀਆਂ ਤਸਵੀਰਾਂ ਇਸ ਗਲਤ ਜਿਹੀ ਸਾਈਟ ਤੋਂ ਲਈਆ ਗਈਆਂ ਹਨ।”
ਸਾਵੀ ਨੇ ਕਾਹਲੀ-ਕਾਹਲੀ ਉਸ ਲਿੰਕ ’ਤੇ ਕਲਿੱਕ ਕੀਤਾ। ਉੱਥੇ ਉਹੀ ਫੋਟੋਆਂ ਪਈਆਂ ਸਨ ਜਿਨ੍ਹਾਂ ਨੂੰ ਵੇਖ ਕੇ ਸਾਵੀ ਦੇ ਸਾਹਮਣੇ ਉਸ ਭੋਲੀ-ਭਾਲੀ ਕੁੜੀ, ਜੁਗਨੂੰ ਦਾ ਅਕਸ ਉੱਭਰਦਾ ਹੁੰਦਾ ਸੀ। ਹੁਣ ਉਹ ਹੱਕੀ ਬੱਕੀ ਉਨ੍ਹਾਂ ਤਸਵੀਰਾਂ ਵੱਲ ਵੇਖੀ ਜਾ ਰਹੀ ਸੀ…ਮੱਥੇ `ਤੇ ਰੋਹ ਦੀ ਇਕ ਸ਼ਿਕਨ ਉੱਭਰੀ…ਇਕ ਲੰਮਾ ਸਾਹ ਲੈਂਦਿਆਂ ਉਸ ਨੇ ਤੇਜ਼ ਤੇਜ਼ ਲਿਖਣਾ ਸ਼ੁਰੂ ਕੀਤਾ ‘ਹਾਇ ! ਨੀ ਜੁਗਨੀਏ…ਆਖਿਰ ਕਿਉਂ ? ਕਿਉਂ??
ਤੂੰ ਫੇਕ ਆਈ ਡੀ…?”
ਖਿੜਕੀ ਤੋਂ ਬਾਹਰ ਸ਼ਹਿਰ ਹਨੇਰੇ ਵਿਚ ਡੁੱਬ ਚੁੱਕਾ ਸੀ ਅਤੇ ਕੰਪਿਊਟਰ `ਤੇ ਤੇਜ਼ ਤੇਜ਼ ਚੱਲਦੀਆਂ ਸਾਵੀ ਦੀਆਂ ਉਂਗਲੀਆਂ ਦੀ ਅਵਾਜ਼ ਵਾਤਾਵਰਨ ਵਿਚ ਘੁਲਦੀ ਜਾ ਰਹੀ ਸੀ।