ਜੱਜਾਂ /ਮੈਜਿਸਟਰੇਟਾਂ ਦੀ ਜਿੰ਼ਦਗੀ ਦਾ ਦਰਦ – ‘ਕਾਲੇ ਕੋਟ ਦਾ ਦਰਦ’

ਗੁਰਮੀਤ ਕੜਿਆਲਵੀ
ਫੋਨ: 98726-40994
ਨਿੰਦਰ ਘੁਗਿਆਣਵੀ ਨੇ ਆਪਣੀ ਉਮਰ ਨਾਲੋਂ ਵੀ ਵੱਧ ਪੁਸਤਕਾਂ ਲਿਖੀਆਂ ਹਨ। ਉਸਦੀ ਰਸਦਾਇਕ ਵਾਰਤਕ ਨੇ ਬਹੁਤ ਸਾਰੇ ਨਵੇਂ ਪਾਠਕ ਪੈਦਾ ਕੀਤੇ ਹਨ। ਉਹ ਪੰਜਾਬੀ ਵਾਰਤਕ ਦਾ ਸ਼ੈਲੀਕਾਰ ਹੈ ਜਿਸਦੀ ਆਪਣੀ ਨਿਵੇਕਲੀ ਸ਼ੈਲੀ ਹੈ। ਉਸਦੀ ਵਾਰਤਕ ਤਿੱਖੀ ਤੇ ਕਰਾਰੀ ਵੀ ਹੁੰਦੀ ਹੈ ਤੇ ਗੰਢ ਦੇ ਤੱਤੇ-ਤੱਤੇ ਗੁੜ ਵਰਗੀ ਵੀ। ਉਸਨੂੰ ਗੱਲ ਕਹਿਣੀ ਵੀ ਆਉਂਦੀ ਹੈ ਤੇ ਗੱਲ ਬਣਾਉਣੀ ਵੀ। ਸਿਰੇ ‘ਤੇ ਲਿਜਾ ਕੇ ਤੋੜਾ ਝਾੜਨ ਵਾਲਾ ਗੁਣ ਉਸਦੀ ਵਾਰਤਕ ਨੂੰ ਕਥਾ ਰਸ ਨਾਲ ਭਰ ਦਿੰਦਾ ਹੈ। ਪਾਠਕ ਦੇ ਮੂੰਹੋਂ ‘ਵਾਹ’ ਨਿਕਲਦੀ ਹੈ ਤੇ ਉਹ ਇਕੱਲਾ ਬੈਠਾ ਆਪ-ਮੁਹਾਰੇ ਹੱਸਣ ਵੀ ਲੱਗਦਾ ਹੈ।

ਨਿੰਦਰ ਦੀ ਵਾਰਤਕ ਉਸਦੇ ਆਪਣੇ ਲਹੂ ‘ਚੋਂ ਕਸ਼ੀਦ ਕੇ ਬਣੀ ਹੈ ਇਸੇ ਕਰਕੇ ਵਾਰਤਕ ਵਿਚੋਂ ਨਿੰਦਰ ਦੇ ਹੱਢੀਂ ਹੰਢਾਏ ਦੁੱਖ-ਦਰਦ ਸਾਹ ਲੈਂਦੇ ਪ੍ਰਤੀਤ ਹੁੰਦੇ ਹਨ। ਉਹ ਪਾਠਕਾਂ ਦਾ ਹਰਮਨ ਪਿਆਰਾ ਵਾਰਤਕ ਲੇਖਕ ਹੈ। ਉਸ ਦੀਆਂ ਪੁਸਤਕਾਂ ਦੇ ਕਈ ਕਈ ਅਡੀਸ਼ਨ ਛਪਦੇ ਹਨ ਤੇ ਦੂਜੀਆਂ ਭਾਸ਼ਾਵਾਂ ‘ਚ ਧੜਾਧੜ ਅਨੁਵਾਦ ਹੁੰਦੇ ਹਨ। ‘ਮੈਂ ਸਾਂ ਜੱਜ ਦਾ ਅਰਦਲੀ’ ਦੇ 12 ਐਡੀਸ਼ਨ ਛਪ ਚੁੱਕੇ ਨੇ ਤੇ ਜਿਹੜੇ ਹਿਸਾਬ ਨਾਲ ਪੜ੍ਹੀ ਜਾ ਰਹੀ ਹੈ ਘੱਟ ਤੋਂ ਘੱਟ 12 ਐਡੀਸ਼ਨ ਹੋਰ ਛਾਪੇ ਚੜ੍ਹ ਜਾਣਗੇ। ਵੱਧ ਵੀ ਹੋ ਸਕਦੇ। ਪ੍ਰਿੰਸੀਪਲ ਸਰਵਣ ਸਿੰਘ ਤੋਂ ਬਾਅਦ ਨਿੰਦਰ ਮੇਰਾ ਮਹਿਬੂਬ ਵਾਰਤਕ ਲੇਖਕ ਹੈ।
‘ਕਾਲੇ ਕੋਟ ਦਾ ਦਰਦ’ ਉਸਦੀ ਜੱਜਾਂ/ ਮੈਜਿਸਟ੍ਰੇਟਾਂ ਦੀ ਨੀਰਸ ਜਿ਼ੰਦਗੀ, ਉਨ੍ਹਾਂ ਅੰਦਰਲੇ ਖਾਲੀਪਨ, ਉਨ੍ਹਾਂ ਦੇ ਦੁਖਾਂ-ਦਰਦਾਂ ਦੀ ਕਲਾਤਮਿਕ ਪੇਸ਼ਕਾਰੀ ਹੈ। ਜੱਜ ਸਮਾਜ ਦਾ ਅਹਿਮ ਅੰਗ ਹੋਣ ਦੇ ਬਾਵਜੂਦ, ਸਮਾਜ ਨਾਲੋਂ ਅਲੱਗ-ਥਲੱਗ ਪੈ ਜਾਂਦੇ ਹਨ। ਆਪਣੇ ਕਿੱਤੇ ਕਰਕੇ ਉਨ੍ਹਾਂ ਨੂੰ ਸਮਾਜ ਤੋਂ ਦੂਰੀ ਬਣਾ ਕੇ ਰੱਖਣੀ ਪੈਂਦੀ ਹੈ। ਆਪਣੇ ਅਤਿ ਨੇੜਲੇ ਰਿਸ਼ਤੇਦਾਰਾਂ ਦੇ ਖੁਸ਼ੀ-ਗਮੀ ਦੇ ਸਮਾਗਮਾਂ ‘ਚ ਵੀ ਹਾਜ਼ਰੀ ਨਹੀਂ ਲਵਾ ਹੁੰਦੀ। ਹੋਰ ਤਾਂ ਹੋਰ ਆਏ ਰਿਸ਼ਤੇਦਾਰਾਂ ਤੋਂ ਵੀ ਬਹੁਤੀ ਵਾਰ ਪਾਸਾ ਵੱਟਣਾ ਪੈਂਦਾ ਹੈ। ਲੋਕ ਵੀ ਜੱਜ ਨੂੰ ਕੋਈ ਅਲੰਕਾਰ ਪ੍ਰਾਣੀ ਸਮਝਦੇ ਹਨ। ਆਪਣੇ ਰੁਤਬੇ ਦੀ ਮਰਿਆਦਾ ਦੀ ਚੱਕੀ ਵਿਚ ਪਿਸਦਾ ਉਹ ਸਕੇ ਧੀ-ਪੁੱਤ ਦੇ ਵਿਆਹ/ਜਨਮ ਦਿਨ ‘ਤੇ ਵੀ ਯਾਰਾਂ ਜੁੱਟਾਂ ਨਾਲ ਖਾ ਕੇ ਆਨੰਦ ਮੰਗਲ ਨਹੀਂ ਕਰ ਸਕਦਾ। ਤਰ੍ਹਾਂ ਤਰ੍ਹਾਂ ਦੀਆਂ ਵਲਗਣਾਂ ‘ਚ ਘਿਰਿਆ ਜੱਜ ਜਿ਼ੰਦਗੀ ਤੋਂ ਹੀ ਉਕਤਾ ਜਾਂਦਾ ਹੈ। ਉਹ ਆਪਣੇ ਅੰਦਰ ਦੱਬੀ ਪਈ ਚੀਕ ਮਾਰਨੋਂ ਵੀ ਅਸਮਰੱਥ ਹੁੰਦਾ ਹੈ।
ਜੇ ਤੁਸੀਂ ਕਚਹਿਰੀਆਂ ਦਾ ਰੱਬ ਸਮਝੇ ਜਾਂਦੇ ਜੱਜਾਂ ਦੀ ਘਰੋਗੀ ਜਿੰ਼ਦਗੀ ਅੰਦਰ ਝਾਤੀ ਮਾਰ ਕੇ ਉਨ੍ਹਾਂ ਅੰਦਰਲੇ ਆਮ ਇਨਸਾਨ ਨੂੰ ਫੜਨਾ ਚਾਹੁੰਨੇ ਓਂ ਤਾਂ ਨਿੰਦਰ ਘੁਗਿਆਣਵੀ ਦੀ ਵਾਰਤਕ ਪੁਸਤਕ ‘ਕਾਲੇ ਕੋਟ ਦਾ ਦਰਦ’ ਪੜ੍ਹ ਲੈਣੀ ਚਾਹੀਦੀ ਹੈ। ਨਿਆਂਪਾਲਿਕਾ ਦੀ ਮਸ਼ੀਨਰੀ ਕਿਵੇਂ ਕੰਮ ਕਰਦੀ ਹੈ ਤੇ ਇਸ ਮਸ਼ੀਨਰੀ ਦੇ ਕੱਲਪੁਰਜ਼ੇ ਕਿਹੋ ਜਿਹੀ ਨੀਰਸ ਤੇ ਰੁੱਖੀ ਜਿੰ਼ਦਗੀ ਜਿਉਂਦੇ ਹਨ, ਇਸਦਾ ਬੜਾ ਮਾਰਮਿਕ ਵਰਣਨ ਨਿੰਦਰ ਨੇ ਇਸ ਪੁਸਤਕ ਵਿਚ ਕੀਤਾ ਹੈ। ਨਿਆਂ ਮੰਗਦੇ ਰਿਸ਼ਤੇ ਅਤੇ ਮਾਂ, ਮੈਂ ਜੱਜ ਨਾ ਬਣਦਾ ਵਰਗੇ ਆਰਟੀਕਲ ਪੜ੍ਹਦਿਆਂ ਇੰਜ ਜਾਪਦਾ ਹੈ ਜਿਵੇਂ ਅੰਦਰੋਂ ਕੁੱਝ ਟੁੱਟ ਰਿਹਾ ਹੈ। ਨਿੰਦਰ ਤੁਹਾਡੇ ਅੰਦਰੋਂ ਰੁੱਗ ਭਰ ਲੈਂਦਾ ਹੈ। ਕਈ ਵਾਰ ਤਾਂ ਅੱਖਾਂ ਸਿੱਲੀਆਂ ਹੁੰਦੀਆਂ ਹਨ। ਜਿੰਨਾ ਦਾ ਕੋਈ ਨੇੜਲਾ ਜੱਜ ਹੈ ਤੇ ਉਨ੍ਹਾਂ ਨੂੰ ਉਸ ਉਪਰ ਇਤਰਾਜ਼ ਹਨ ਕਿ ਜੱਜ ਬਣ ਕੇ ਉਸਦੀ ਹਵਾ ਖਰਾਬ ਹੋ ਗਈ ਹੈ ਤੇ ਉਹ ਹੁਣ ਮਿਲਦਾ ਗਿਲਦਾ ਨਹੀਂ, ਜੇ ਉਹ ਇਹ ਪੁਸਤਕ ਪੜ੍ਹ ਲੈਣਗੇ ਤਾਂ ਉਨ੍ਹਾਂ ਦੇ ਆਪਣੇ ਜੱਜ ਰਿਸ਼ਤੇਦਾਰ ਪ੍ਰਤੀ ਸਾਰੇ ਸ਼ਿਕਵੇ ਦੂਰ ਹੋ ਜਾਣਗੇ।
ਨਿੰਦਰ ਦੀ ਇਹ ਪੁਸਤਕ ਨਿਆਂ ਪਾਲਿਕਾ ਖਾਸ ਕਰ ਜਿ਼ਲ੍ਹਾ ਪੱਧਰ ਦੀ ਨਿਆਂਇਕ ਮਸ਼ੀਨਰੀ ਨੂੰ ਸਮਝਣ ਲਈ ਇਕ ਦਸਤਾਵੇਜੀ ਮਹੱਤਵ ਵਾਲੀ ਪੁਸਤਕ ਹੈ।