ਤਰਲੋਚਨ ਸਿੰਘ ‘ਦੁਪਾਲ ਪੁਰ’
ਫੋਨ: 001-408-915-1268
ਸਾਡੇ ਨਾਲ ਸਕੇ-ਸੋਧਰੇ ਰਿਸ਼ਤੇਦਾਰਾਂ ਵਾਂਗ ਮਿਲਦੇ-ਵਰਤਦੇ ਪੰਜਾਬ ਰਹਿੰਦੇ ਜਾਣੂਆਂ ਦੇ ਘਰੇ ਵਿਆਹ ਸਮਾਗਮ ਹੋ ਰਿਹਾ ਸੀ। ਅਸੀਂ ਵਿਦੇਸ਼ ਵਿਚ ਬੈਠੇ ‘ਲਾਈਵ’ ਤਕਨੀਕ ਰਾਹੀਂ ਉਸਦਾ ਅਨੰਦ ਮਾਣ ਰਹੇ ਸਾਂ। ਉਸ ਟੱਬਰ ਦੇ ਸਾਰੇ ਅੰਗਾਂ-ਸਾਕਾਂ ਨਾਲ ਵੀ ਗੂੜ੍ਹੀ ਜਾਣ-ਪਛਾਣ ਹੋਣ ਕਰਕੇ ਅਸੀਂ ਸਾਰਾ ਪਰਿਵਾਰ ਟੀ.ਵੀ ਸਕਰੀਨ ’ਤੇ ਉਨ੍ਹਾਂ ਨੂੰ ਘੁੰਮਦਿਆਂ-ਫਿਰਦਿਆਂ ਦੇਖ ਦੇਖ, ਸਾਰਿਆਂ ਦੇ ਨਾਂ ਲੈ ਲੈ ਕੇ ਇੱਕ ਦੂਜੇ ਨੂੰ ਦੱਸ ਰਹੇ ਸਾਂ ਕਿ ‘ਔਹ ਫਲਾਣਾ ਐ…ਔਹ ਢਿਮਕਾ ਐ।’ ਜਾਣੋ ਸਾਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਅਸੀਂ ਦੂਰ ਪ੍ਰਦੇਸ ’ਚ ਨਾ ਹੋ ਕੇ ਪੰਜਾਬ ਵਿਚ ਹੋ ਰਹੇ ਉਸ ਵਿਆਹ ਵਿਚ ਹੀ ਸ਼ਾਮਲ ਹੋਈਏ।
ਪ੍ਰਾਹੁਣਿਆਂ ਦੇ ਚਾਹ-ਪਾਣੀ ਛਕਦਿਆਂ ਅਤੇ ਮਗਰੋਂ ਭੋਗ ਉਪਰੰਤ ਸ਼ਬਦ ਕੀਰਤਨ ਸੁਣਦਿਆਂ ਨੂੰ, ਅਸੀਂ ਹੋਰ ਤਾਂ ਸਭ ਨੂੰ ਨਾਲੋ-ਨਾਲ ਸਿਆਣਦੇ ਪਛਾਣਦੇ ਰਹੇ ਪਰ ਇੱਕ ਬਜੁ਼ਰਗ ਮਾਤਾ ਜੋ ਪਰਿਵਾਰ ਦੇ ਮੁਖੀਏ ਕੋਲ ਕੁਰਸੀ ਉਤੇ ਬੈਠੀ ਸੀ, ਸਿਰਫ ਉਹੀ ਸਾਡੇ ਪਛਾਣ ’ਚ ਨਾ ਆਈ। ਅਸੀਂ ਇਹ ਦੇਖ ਵੀ ਹੈਰਾਨ ਹੋ ਰਹੇ ਸਾਂ ਕਿ ਉਸ ਮਾਤਾ ਨੂੰ, ਪਰਿਵਾਰ ਦੇ ਨਿਆਣੇ-ਸਿਆਣੇ ਝੁਕ-ਝੁਕ ਸਤਿਕਾਰ ਦੇ ਰਹੇ ਸਨ। ਕੋਈ ਉਸਨੂੰ ਬੈਠੀ ਨੂੰ ਖਾਣ-ਪੀਣ ਦੀਆਂ ਚੀਜ਼ਾਂ ਲਿਆ-ਲਿਆ ਕੇ ਦੇ ਰਿਹਾ ਸੀ ਤੇ ਕੋਈ ਚਾਹ ਦੇ ਗਿਲਾਸ। ਗੱਲ ਕੀ ਉਸ ਮਾਈ ਬਾਰੇ ਜਾਨਣ ਲਈ ਸਾਡੇ ਸਾਰਿਆਂ ’ਚ ਉਤਸੁਕਤਾ ਜਿਹੀ ਹੋ ਗਈ ਕਿ ਇਹਦਾ ਉਸ ਪਰਿਵਾਰ ਨਾਲ ਕੀ ਰਿਸ਼ਤਾ ਹੋਵੇਗਾ ਤੇ ਕਦੋਂ ਜੁੜਿਆ ਹੋਵੇਗਾ?
ਗੱਲ ਤਾਂ ਭਾਵੇਂ ਇਹ ਮਾਮੂਲੀ ਸੀ ਪਰ ਮੈਂ ਦੂਜੇ-ਤੀਜੇ ਦਿਨ ਉਸ ਪਰਿਵਾਰ ਦੇ ਮੁਖੀਏ ਨੂੰ ਫੋਨ ’ਤੇ ਵਿਆਹ ਦੀਆਂ ਵਧਾਈਆਂ ਦੇਣ ਵੇਲੇ ਉਸ ਮਾਤਾ ਬਾਰੇ ਪੁੱਛ ਲਿਆ ਕਿ ਉਹ ਕੌਣ ਸੀ? ਮੇਰਾ ਸਵਾਲ ਸੁਣ ਕੇ ਜ਼ੋਰ ਦੀ ਹੱਸਦਿਆਂ ਕਹਿੰਦਾ ਕਿ ਵਿਆਹ ਵਿਚ ਵੀ ਸਾਨੂੰ ਕਈ ਜਣੇ ਇਹੋ ਸਵਾਲ ਪੁੱਛਦੇ ਰਹੇ ਭਰਾਵਾ। ਆਪ ਕੁੱਝ ਦੱਸਣ ਦੀ ਬਜਾਏ ਉਸਨੇ ਆਪਣੇ ਮੁੰਡੇ ਨੂੰ ਫੋਨ ਫੜਾਉਂਦਿਆਂ ਮੈਨੂੰ ਕਿਹਾ ਕਿ ਲੈ ਆਪਣੇ ਪੁਲਸੀਏ ਭਤੀਜੇ ਤੋਂ ਹੀ ਪੁੱਛ ਲੈ ਉਸ ਮਾਈ ਬਾਰੇ। ਇਹ ਗੱਲ ਸੁਣ ਕੇ ਉਸ ਮਾਤਾ ਪ੍ਰਤੀ ਮੇਰੀ ਜਗਿਆਸਾ ਹੋਰ ਵਧ ਗਈ। ਵਰ੍ਹਿਆਂ ਤੋਂ ਪੁਲੀਸ ’ਚ ਨੌਕਰੀ ਕਰਦੇ ਉਸ ਮੁੰਡੇ ਨੇ ਮਾਤਾ ਬਾਰੇ ਵੇਰਵਾ ਇੰਜ ਸੁਣਾਇਆ:
ਪੁਲੀਸ ਵਿਚ ਨੌਕਰੀ ਕਰਦਿਆਂ ਇਹ ਨੌਜਵਾਨ ਨਵੇਂ ਬਣਾਏ ਜਾ ਰਹੇ ਪਾਸਪੋਰਟਾਂ ਦੀ ਵੈਰੀਫਿਕੇਸ਼ਨ ਵਾਸਤੇ ਪਿੰਡਾਂ ਸ਼ਹਿਰਾਂ ਵਿਚ ਜਾਂਦਾ ਹੁੰਦਾ ਸੀ। ਰੁਟੀਨ ਅਨੁਸਾਰ ਇਹ ਰਾਹੋਂ ਲਾਗੇ ਪਿੰਡ ਛੋਕਰਾਂ ਗਿਆ, ਜਿੱਥੇ ਉਹ ਇਸ ਮਾਤਾ ਦੇ ਘਰੇ ਪਹੁੰਚਿਆ। ਪੁਲ਼ਸੀਆ ਅੰਦਾਜ਼ ਵਿਚ ਮਾਤਾ ਨੂੰ ਕਹਿਣ ਲੱਗਾ ਕਿ ਮਾਈ ਤੈਂ ਏਸ ਉਮਰ ਵਿਚ ਪਾਸਪੋਰਟ ਬਣਾ ਕੇ ਕਿੱਥੇ ਸੈਰ ਕਰਨ ਜਾਣਾ ਐਂ? ਮਾਤਾ ਕਹਿੰਦੀ ਵੇ ਪੁੱਤ ਮਸਾਂ ਮਸਾਂ ਤਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਐ… ਮੈਂ ਸੋਚਿਆ ਕਿ ਜਿਊਂਦੇ-ਜੀਅ ਮੈਂ ਵੀ ਸਿਰ ਨਿਵਾ ਆਵਾਂ ਸੱਚੇ ਪਾਤਸ਼ਾਹ ਦੇ ਦਰਬਾਰ ਵਿਚ।
ਕਾਗਜ਼ ਪੱਤਰਾਂ ‘ਤੇ ਦਸਤਖਤ ਵਗੈਰਾ ਕਰਵਾ ਕੇ ਜਦ ਇਹ ਪੁਲਸੀਆ ਮਾਤਾ ਕੋਲੋਂ ਉਠਿਆ ਤਾਂ ਮਾਈ ਨੇ ਖੀਸੇ ’ਚੋਂ ਕੁੱਝ ਨੋਟ ਉਹਦੇ ਵੱਲ ਵਧਾਉਂਦਿਆਂ ਕਿਹਾ-“ਲੈ ਪੁੱਤ, ਜਿਹਨੂੰ ਤੁਸੀਂ ‘ਚਾਹ-ਪਾਣੀ’ ਕਹਿੰਦੇ ਹੁੰਨੇ ਆਂ?”
ਨੋਟ ਮੋੜਦਿਆਂ ਪੁਲਸੀਆ ਬੋਲਿਆ-“ਮਾਤਾ ਜੀ, ਉਹ ਹੋਰ ਹੋਣਗੇ ਰਿਸ਼ਵਤਾਂ ਖਾਣ ਵਾਲੇ। ਆਪਾਂ ਤਾਂ ਕਾਨੂੰਨ ਅਨੁਸਾਰ ਸਰਕਾਰ ਦੀ ਇਮਾਨਦਾਰੀ ਨਾਲ ਨੌਕਰੀ ਕਰਦੇ ਹਾਂ।”
ਇਹ ਗੱਲ ਸੁਣ ਕੇ ਮਾਈ ਨੇ ਇਸ ਪੁਲ਼ਸੀਏ ਨੂੰ ਬਾਹੋਂ ਫੜ ਕੇ ਮੁੜ ਆਪਣੇ ਕੋਲ ਬਹਾ ਲਿਆ। ਬੜੇ ਮੋਹ ਅਤੇ ਅਪਣੱਤ ਨਾਲ ਉਹਦੀ ਪਿੱਠ ਪਲੋਸਦਿਆਂ ਕਹਿਣ ਲੱਗੀ, “ਪੁੱਤ ਮੇਰਿਆ! ਬਹੁਤ ਖੁਸ਼ੀ ਦੀ ਗੱਲ ਹੈ ਕਿ ਤੂੰ ਸਰਕਾਰ ਦੀ ਨੌਕਰੀ ਇਮਾਨਦਾਰੀ ਨਾਲ ਕਰ ਰਿਹਾ ਐਂ, ਤੇਰੇ ਸ਼ਾਬਾਸ਼ੇ। ਪਰ ਸੋਹਣਿਆਂ ਤੇਰੇ ਸਿਰ ਉਤੇ ਦਸਤਾਰ ਹੈ ਤੇ ਕੇਸਾਂ ਦਾ ਜੂੜਾ ਵੀ ਦਿਸਦਾ ਹੈ ਪਰ ਤੂੰ ਆਪਣੀ ਦਾਹੜੀ ਕਿਉਂ ਕਤਰਦਾ ਐਂ? ਕਿੰਨਾ ਚੰਗਾ ਹੋਵੇ ਜੇ ਤੂੰ ਆਪਣੇ ਸਤਿਗੁਰੂ ਵਾਸਤੇ ਵੀ ਇਮਾਨਦਾਰ ਹੋ ਜਾਵੇਂ।”
‘ਲਓ ਚਾਚਾ ਜੀ…’ ਉਪਰੋਕਤ ਜਾਣਕਾਰੀ ਦੇਣ ਉਪਰੰਤ ਮੁੰਡਾ ਮੈਨੂੰ ਮੁਖਾਤਿਬ ਹੋਇਆ,
‘ਕਬੀਰ ਸਤਿਗੁਰ ਸੂਰਮੇਂ ਬਾਹਿਆ ਬਾਣ ਜੋ ਏਕ’ ਵਾਲ਼ੀ ਗੱਲ ਹੋ ਗਈ। ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ, ਮਾਤਾ ਦੇ ਚਰਨ ਪਰਸਦਿਆਂ ਉਸ ਦਿਨ ਵਾਅਦਾ ਕਰ ਲਿਆ ਸੀ ਕਿ ਮੈਂ ਮੁੜ ਕੇ ਕੇਸਾਂ ਨੂੰ ਕੈਂਚੀ ਨਹੀਂ ਲਾਵਾਂਗਾ। ਹੁਣ ਅਸੀਂ ਵੀ ਮਾਤਾ ਦੇ ਘਰੇ ਹਰ ਕਾਰਜ ’ਤੇ ਜਾਂਦੇ-ਆਉਂਦੇ ਹਾਂ ਤੇ ਉਹ ਵੀ ਸਾਡੇ ਨਾਲ ਮਿਲ਼ਦੇ ਵਰਤਦੇ ਆ ਰਹੇ ਨੇ। ਫਿਰ ਇੱਕ ਦਿਨ ਉਸਨੇ ਪੋਤਿਆਂ-ਦੋਹਤਿਆਂ ਵਾਲੇ ਭਰੇ-ਭਕੁੰਨੇ ਪਰਿਵਾਰ ਵਾਲ਼ੀ ਉਸ ਸਤਿਕਾਰਤ ਮਾਤਾ ਦੀ ਮੇਰੇ ਨਾਲ ਵੀ ਫੋਨ ’ਤੇ ਗੱਲ ਕਰਵਾਈ।
‘ਹਮਨਸ਼ੀਨੀਂ ਆਰਿਫੋਂ ਸੇ ਮਿਲਤੀ ਹੀ ਜ਼ਿੰਦਗੀ ਅਬਦ
ਸੋਹਬਤੇਂ ਨਾਦਾਨ ਗ਼ੋਇਆ ਮੌਤ ਕਾ ਪੈਗਾਮ ਹੈ।’