ਦਰਸ਼ਨ ਖਟਕੜ
ਫੋਨ: +91-98151-29130
1974 ਦੇ ਕਿਸੇ ਮਹੀਨੇ ਦੀ ਗੱਲ ਹੈ। ਮੈਨੂੰ ਜੇਲ੍ਹ ਵਿਚੋਂ ਆਏ ਕੁਝ ਮਹੀਨੇ ਹੀ ਹੋਏ ਸਨ। ਕਿਤੇ ਕੋਈ ਕਵੀ ਦਰਬਾਰ ਸੀ। ਪਾਸ਼, ਪਾਤਰ ਵਰਗੇ ਨਾਮਵਰ ਸ਼ਾਇਰ ਵੀ ਪਹੁੰਚੇ ਸਨ। ਉਥੇ ਅਮਿਤੋਜ ਨੇ ਆਪਣੀ ਪ੍ਰਸਿੱਧ ਕਵਿਤਾ ‘ਬੁੱਢਾ ਬਲਦ’ ਜਾਂ ‘ਬੱਗਾ ਬਲਦ’ ਪੇਸ਼ ਕੀਤੀ ਸੀ। ਬਹੁਤ ਹੀ ਸ਼ਾਨਦਾਰ-ਜਾਨਦਾਰ ਕਾਵਿ-ਰਚਨਾ ਹੈ ਉਹ।
ਪੰਜਾਬੀ ਦੀ ਕਿਸੇ ਵੀ ਬੋਲੀ ਦੀਆਂ ਕਵਿਤਾਵਾਂ ਨਾਲ ਤੁਲਨਾ ਕਰੀਏ ਤਾਂ ਉਹ ਉੱਚਤਮ ਕਾਵਿ-ਕਿਰਤਾਂ ਵਿਚ ਗਿਣੀ ਜਾ ਸਕਦੀ ਹੈ। ਕਿਵੇਂ ਖੇਤੀਬਾੜੀ ਕਰਦਾ ਕੋਈ ਸਾਧਾਰਨ ਪੇਂਡੂ ਪਰਿਵਾਰ ਆਪਣੀ ਸਖਤ ਕਮਾਈ ਨਾਲ ਆਪਣੇ ਬੱਚਿਆਂ ਨੂੰ ਵਿਸ਼ਵ-ਵਿਦਿਆਲੇ ‘ਚ ਪੜ੍ਹਨ ਲਈ ਭੇਜਦਾ ਹੈ ਜਿਸ ਵਿਚ ਮਾਨਵ ਦੀ ਭੂਮਿਕਾ ਨਹੀਂ ਸਗੋਂ ਉਸ ਬੇਜ਼ੁਬਾਨੇ ਪਸ਼ੂ ਦੀ ਘਾਲਣਾ ਵੀ ਅਹਿਮ ਭੂਮਿਕਾ ਹੈ ਜਿਹੜੀ ਉਸ ਬੱਚੇ ਨੂੰ ਨਵੇਂ ਬੋਲ ਬਖਸ਼ਦੀ ਹੈ, ਜਿਹੜੀ ਉਸ ਨੂੰ ਸਾਰਥਕ ਤੇ ਸਿਰਜਕ ਮਨੁੱਖ ਬਣਾਉਂਦੀ ਹੈ ਅਤੇ ਕਿਵੇਂ ਵਿਸ਼ਵ-ਵਿਦਿਆਲੇ ਦੀ ਬੇਗਾਨਗੀ, ਦਿਖਾਵਾ, ਕਿਰਤ ਤੋਂ ਦੂਰੀ ਉਸ ਨੂੰ ਬੇਲਾਗਤਾ ਵੱਲ ਧੱਕਦੀ ਹੈ। ਇਹ ਅਮਿਤੋਜ ਦੀ ਅਮਰ ਰਚਨਾ ਹੈ।
ਫੇਰ ਕਦੇ-ਕਦੇ ਉਸ ਦੀਆਂ ਕਵਿਤਾਵਾਂ ਪੜ੍ਹਨ-ਸੁਣਨ ਦਾ ਮੌਕਾ ਮਿਲਦਾ ਰਿਹਾ ਪਰ ਇਹ ਜਾਣ-ਪਛਾਣ ਵਧੇਰੇ ਨੇੜਤਾ ਵੱਲ ਨਹੀਂ ਵਧ ਸਕੀ।
ਕਾਫੀ ਚਿਰ ਮਗਰੋਂ ਅਮਿਤੋਜ ‘ਕੱਚ ਦੀਆਂ ਮੁੰਦਰਾਂ’ ਰਾਹੀਂ ਜਲੰਧਰ ਦੂਰਦਰਸ਼ਨ ਤੋਂ ਦਿਸਿਆ। ਉਸ ਦਾ ਇਹ ਟੀ.ਵੀ. ਪ੍ਰੋਗਰਾਮ ਬਹੁਤ ਚਰਚਿਤ ਤੇ ਹਰਮਨ ਪਿਆਰਾ ਬਣਿਆ। ਬੋਲ ਇਉਂ ਸਨ ਕਿ ਜਿਵੇਂ ਠੋਸ ਰੂਪ ਧਾਰਨ ਕਰਦੇ ਜਾਂਦੇ ਹੋਣ। ਜਿਵੇਂ ਬੋਲ ਨਾ ਹੋਣ ਸਗੋਂ ਚਿੱਤਰ ਹੋਣ। ਉਸ ਨੇ ਪਾਤਰ ਸਾਹਿਬ ਦੇ ਤਾਇਆ ਜੀ ਜਾਂ ਚਾਚਾ ਜੀ ਦੇ ਬੇਟੇ ਪ੍ਰਦੇਸੀ ਹੋਰਾਂ ਨੂੰ ਪੇਸ਼ ਕੀਤਾ ਤਾਂ ਬਹੁਤ ਸਲਾਹਿਆ ਗਿਆ। ਮੈਂ ਅਮਿਤੋਜ ਨੂੰ ਵਧਾਈ ਭੇਜੀ।
ਫੇਰ ਇਕ ਲੰਮਾ ਵਕਫਾ…। ਬੱਸ ਖਬਰਾਂ, ਸੋਆਂ…।
ਇਸ ਤੋਂ ਪਹਿਲਾਂ ਇਕ ਅਜੀਬ ਯਾਦਗਾਰ ਬਣ ਗਈ। ਉਹ ਮਿਲਣੀ ਜੋ ਐਮਰਜੈਂਸੀ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਕਿਸੇ ਹੋਸਟਲ ਵਿਚ ਵਾਪਰੀ। ਮੈਂ ਐਮਰਜੈਂਸੀ ਕਾਰਨ ਅੰਡਰ-ਗਰਾਊਂਡ ਸਾਂ। ਕਿਸੇ ਕੰਮ ਲਈ ਭਗਵਾਨ ਜੋਸ਼ ਅਤੇ ਸਾਥੀ ਸਤਪਾਲ ਗੌਤਮ ਨੂੰ ਮਿਲਣ ਜਾਣਾ ਸੀ। ਜਸਵੰਤ ਖਟਕੜ ਰਾਹੀਂ ਕਈ ਸੁਨੇਹੇ ਸਨ ਕਿ ਕਦੇ ਪੜ੍ਹਨਾ-ਲਿਖਣਾ ਜਾਂ ਠਹਿਰਨਾ ਹੋਵੇ ਤਾਂ ਆ ਸਕਦੇ ਹੋ। ਸ਼ਾਮ ਸੀ, ਅਕਤੂਬਰ-ਨਵੰਬਰ 1975 ਦੇ ਦਿਨ। ਮੈਂ ਅਮਿਤੋਜ ਦੇ ਕਮਰੇ ‘ਚ ਰੁਕਿਆ। ਹਾਲਾਂ ਚਾਹ ਵੀ ਨਹੀਂ ਪੀਤੀ ਕਿ ਅਮਿਤੋਜ ਮੈਨੂੰ ਬਿਠਾ ਕੇ ਕਿਸੇ ਪਾਸੇ ਕਿਸੇ ਕੰਮ ਚਲਾ ਗਿਆ। ਗੌਤਮ ਨੂੰ ਪਤਾ ਲੱਗਾ ਤਾਂ ਉਹ ਆ ਗਏ। ਕਹਿੰਦੇ, ਚਲ ਚਾਹ ਪੀਂਦੇ ਹਾਂ, ਮੇਰੇ ਕਮਰੇ ‘ਚ ਚੱਲੀਏ। ਅਸੀਂ ਚਲੇ ਗਏ। ਚਾਹ ਖਤਮ ਕੀਤੀ ਹੀ ਸੀ ਕਿ ਅਮਿਤੋਜ ਆ ਧਮਕਿਆ, ਗੁੱਸੇ ‘ਚ ਉਬਲਦਾ। ਆਉਂਦੇ ਹੀ ਗੌਤਮ ‘ਤੇ ਵਰ੍ਹ ਪਿਆ। ਗਾਲ੍ਹ ‘ਤੇ ਗਾਲ੍ਹ। ਰੁਕਣ ਦਾ ਨਾਂ ਹੀ ਨਾ ਲਵੇ। ਮੈਂ ਵੀ ਸਪਸ਼ਟੀਕਰਨ ਦਿੱਤਾ ਕਿ ਗੌਤਮ ਮੈਨੂੰ ਮੱਲੋ-ਮੱਲੀ ਨਹੀਂ ਲਿਆਇਆ, ‘ਕੱਲਾ ਦੇਖ ਕੇ ਲੈ ਆਇਆ, ਚਾਹ ਪੀਵਾਂਗੇ, ਤੇਰੀ ਉਡੀਕ ਕਰਾਂਗੇ। ਕੁਝ ਵਿਚਾਰ ਚਰਚਾ ਕਰ ਰਹੇ ਸੀ ਤੇ ਇੰਨੇ ਨੂੰ ਤੂੰ ਆ ਈ ਜਾਣਾ ਸੀ। ਗੌਤਮ ਹੋਰਾਂ ਵੀ ਬੜੇ ਸਪਸ਼ਟੀਕਰਨ ਦਿੱਤੇ ਪਰ ਲਾਵਾ ਠੰਢਾ ਹੋਣ ਦਾ ਨਾਂ ਨਹੀਂ ਸੀ ਲੈਂਦਾ। ਮੈਂ ਵੀ ਬਹੁਤ ਕਸੂਤਾ ਫਸਿਆ ਮਹਿਸੂਸ ਕੀਤਾ। ਆਖਰ ਇਸ ਸਿੱਟੇ ‘ਤੇ ਪੁੱਜਾ ਸਾਂ, ਅਮਿਤੋਜ ਨੇ ਮੰਨ ਲਿਆ ਕਿ ਜਿਵੇਂ ਗੌਤਮ ਮੈਨੂੰ, ਅਮਿਤੋਜ ਦੇ ਮਹਿਮਾਨ ਨੂੰ ਅਗਵਾ ਕਰਕੇ ਲੈ ਗਿਆ ਹੋਵੇ।
ਬੜੀ ਮੁਸ਼ਕਿਲ ਨਾਲ ਰੋਹ ਦੀ ਅੱਗ ਸੀਤ ਹੋਈ। ਕਹਿੰਦਾ- ‘ਮੈਂ ਟੇਪ-ਰਿਕਾਰਡ ਲੈ ਆਇਆਂ। ਅੱਜ ਪੰਜਾਬੀ ਕਵਿਤਾ ਦਾ ਮੁਲਾਂਕਣ ਹੋਊਗਾ ਇਸ ਵਿਸ਼ੇਸ਼ ਸਭਾ ਵਿਚ। ਮਾਧਿਅਮ ਰਹੇਗਾ ਪੰਜਾਬੀ ਦੀਆਂ ਠੋਸ, ਠੁੱਕਦਾਰ ਤੇ ਮੁਹਾਵਰੇਦਾਰ ਗਾਲ੍ਹਾਂ। ਸਭ ਹੈਰਾਨ… ਪਰ ਥੋੜ੍ਹਾ ਚਿਰ ਪਹਿਲਾਂ ਹੀ ਸਭ ਨੇ ਅਮਿਤੋਜ ਦੀ ਇੱਛਾ ਦੀ ਨਾਬਰੀ ਕਰਨ ਦਾ ਹੰਗਾਮਾ ਤੱਕਿਆ ਤੇ ਹੰਢਾਇਆ ਸੀ। ਹੁਣ ਨਾਬਰੀ ਕੌਣ ਕਰੇ? ਮੈਂ ਅਤੇ ਭਗਵਾਨ ਜੋਸ਼ ਸਭ ਤੋਂ ਵੱਧ ਫਸੇ ਮਹਿਸੂਸ ਕਰਦੇ ਸਾਂ। ਆਖਰ ਮੁਲਾਂਕਣ ਆਰੰਭ ਹੋਇਆ, ਸਭ ਨੂੰ ਨਕਲੀ ਨਾਮ ਪ੍ਰਦਾਨ ਕੀਤੇ ਗਏ। ਮੇਰੇ ਹਿੱਸੇ ਡੀ.ਪੀ. ਬੈਨਰਜੀ ਨਾਮ ਆਇਆ। ਹੁਣ ਆਰੰਭ ਸੀ, ਭੂਮਿਕਾ ਅਮਿਤੋਜ ਨੇ ਬੰਨ੍ਹੀ। ਭੂਮਿਕਾ ਵਿਚੋਂ ਹੀ ਉਸ ਦਰਸਾ ਦਿੱਤਾ ਕਿ ਉਥੇ ਉਸ ਨਾਲ ਪੁੱਗਣ-ਮੜਿੱਕਣ ਵਾਲਾ ਕੋਈ ਨਹੀਂ ਸੀ।
ਮੈਂ ਕਾਫੀ ਸੋਚ-ਵਿਚਾਰ ਵਿਚ ਰਿਹਾ, ਇਹ ਅਮਿਤੋਜ ਦੀ ਕਰੂਪਤ ਤੇ ਭਟਕੀ ਸਿਰਜਣਾਤਮਕਤਾ ਹੈ, ਇਹ ਉਸ ਦੀ ਮਰਦਊ-ਸੁਪਰ ਈਗੋ ਹੈ, ਇਹ ਮੱਧਵਰਗੀ ਆਕ੍ਰੋਸ਼ ਹੈ ਜਾਂ ਸਿਰਜਣਾ ਦਾ ਸ਼ਰਾਰਤੀਕਰਨ ਹੈ ਅਤੇ ਜਾਂ ਫਿਰ ਇਹ ਸਭ ਕੁਝ ਹੀ ਹੈ। ਮੈਨੂੰ ਲੱਗਾ ਕਿ ਇਹ ਇਨ੍ਹਾਂ ਸਾਰੇ ਤੱਤਾਂ ਦਾ ਸਮੂਹ ਹੈ ਜਿਹੜਾ ਸਕਾਰਥ ਹੋਣ ਤੋਂ ਸੱਖਣਾ ਰਹਿ ਜਾਵੇਗਾ।
ਫੇਰ ਲੰਮਾ ਪਾੜਾ ਖਬਰਾਂ, ਸੋਆਂ…।
1983 ਦਾ ਫਰਵਰੀ ਮਹੀਨਾ। ਮੈਂ 14 ਮਹੀਨੇ ਦੀ ਵਿਦੇਸ਼ ਯਾਤਰਾ ਮਗਰੋਂ ਪਰਤਿਆ ਸੀ। ਪੰਜਾਬ ਦਾ ਮਾਹੌਲ ਅਤਿਅੰਤ ਸਰਾਪਿਆ ਹੋਇਆ ਸੀ। ਮੈਂ ਰੋਜ਼ ਵਾਂਗ ਆਪਣੇ ਘਰ ਤੋਂ ਖੂਹ ਵੱਲ ਆਇਆ। ਜਸਵੰਤ ਖਟਕੜ ਤੇ ਉਸ ਦਾ ਪਰਿਵਾਰ ਇਥੇ ਵੱਸਦਾ ਸੀ, ਮੇਰੇ ਛੋਟੇ ਭਰਾ ਦਾ ਪਰਿਵਾਰ ਸਾਡੇ ਪਿੰਡ ਵਾਲੇ ਘਰ। ਮੈਂ ਸਵੇਰੇ ਜੰਗਲ ਪਾਣੀ ਲਈ ਖੂਹ ਵੱਲ ਆਉਂਦਾ ਪਰ ਪਹਿਲਾਂ ਜਸਵੰਤ ਖਟਕੜ ਕੋਲ ਗੋਤੀ ਲਾਉਂਦਾ, ਚਾਹ ਪੀਂਦਾ ਤੇ ਉਸ ਦੇ ਵਿਅੰਗ ਸੁਣਦਾ। ਜਸਵੰਤ ਦੀ ਪਤਨੀ ਨਰਿੰਦਰ ਵਿਹੜੇ ਵੱਲ ਆਈ ਤਾਂ ਪੁੱਛਿਆ, “ਕਿਧਰ ਹੈ?” ਉਸ ਦਲਾਨ ਵੱਲ ਇਸ਼ਾਰਾ ਕਰ ਦਿੱਤਾ। ਮੈਂ ਆਦਤਨ ਨਿਰਸੰਕੋਚ ਜਾ ਪੁੱਛਿਆ, “ਕਿੱਦਾਂ ਬਈ ਨੌਜੁਆਨਾ?”
“ਆ ਜਾਉ”, ਸੁਣਨ ਦੇ ਨਾਲ ਹੀ ਮੈਂ ਬੂਹਾ ਖੋਲ੍ਹ ਅੰਦਰ ਜਾ ਵੜਿਆ। ਉਹ ਤਿੰਨੇ ਜਣੇ ਰਜ਼ਾਈਆਂ ‘ਚ ਗੁੱਛ-ਮੁੱਛ ਹੋਏ ਪਏ ਸਨ। ਅੱਧੇ ਕੁ ਸਿੱਧੇ ਹੋਏ। “ਆ ਜਾਓ, ਆ ਜਾਓ ਭਾਊ ਜੀ।” ਜਸਵੰਤ ਖਟਕੜ ਦੇ ਨਾਲ ਪਾਸ਼ ਅਤੇ ਅਮਿਤੋਜ ਸਨ।
ਮੈਂ ਅਮਿਤੋਜ ਦੀ ਸ਼ਾਇਰੀ ਦੀ ਕਦਰਦਾਨੀ ਵਜੋਂ ਉਸ ਨੂੰ ਨਿੱਘ ਨਾਲ ਮਿਲਿਆ। ਜੇਲ੍ਹ ਜੀਵਨ ਦੇ ਸੰਖੇਪ ਸਮੇਂ ਦੌਰਾਨ ਪਾਸ਼ ਨਾਲ ਪਈ ਦੋਸਤੀ ਤੇ ਅਪਣੱਤ ਨਾਲ ਹੱਥ-ਘੁੱਟਣੀ ਹੋਈ। ਜੇਲ੍ਹ ਵਾਲੇ ਵਾਰਤਾਲਾਪ ਦੁਹਰਾ ਕੇ ਉਹ ਮਾਹੌਲ ਸਿਰਜਣ ਦੀ ਤਾਂਘ ਲਰਜ਼ਦੀ ਰਹੀ।
ਅਚਾਨਕ ਜਸਵੰਤ ਬੋਲਿਆ- “ਰਾਤ ਕਹਿੰਦੇ ਸਿਵਿਆਂ ਵੱਲ ਢੋਲਕੀਆਂ ਛੈਣੇ ਵੱਜਦੇ ਰਹੇ। ਕਹਿੰਦੇ ਭੂਤ ਸੈ…।”
“ਲੋਕਾਂ ਦਾ ਵਹਿਮ ਆ, ਕੰਨ ਵੱਜਦੇ ਰਹਿੰਦੇ ਆ।” ਮੈਂ ਜਵਾਬ ਦਿੱਤਾ।
ਅਮਿਤੋਜ ਸ਼ਾਮਲ ਹੋ ਗਿਆ, “ਭਾਅ ਜੀ, ਮਈ ਦਿਵਸ ਕਿਵੇਂ ਰਹੂ, ਸ਼ਿਕਾਗੋ ਦੇ ਝੰਡੇ।”
ਮੈਨੂੰ ਸਭ ਸਮਝ ਤਾਂ ਆ ਹੀ ਪਈ ਪਰ ਚਿੰਤਾ ਦਾ ਤੱਤਾ ਬੁੱਲਾ ਜ਼ਿਹਨ ‘ਚੋਂ ਗੁਜ਼ਰ ਗਿਆ। ਕੁਝ ਮਿੰਟ ਪਹਿਲਾਂ ਦੇ ਵਾਰਤਾਲਾਪ ਜ਼ਿਹਨ ‘ਚ ਆ ਗਏ।
ਘਰੋਂ ਨਿਕਲ ਕੇ ਮੰਦਰ ਆਇਆ ਤਾਂ ਉਥੇ ਪੰਦਰਾਂ-ਵੀਹ ਜਣੇ ਖੜ੍ਹੇ ਸਨ। ਕਹਿੰਦੇ, ਭਾਅ ਜੀ, ਰਾਤੀਂ ਕੋਈ ਮੰਦਰ ਦੇ ਝੰਡੇ ਲਾਹ ਕੇ ਲੈ ਗਿਆ। ਜਿਨ੍ਹਾਂ ਦੀਆਂ ਮੜ੍ਹੀਆਂ ਤੋਂ ਝੰਡੇ ਗਾਇਬ ਸਨ, ਉਹ ਵੀ ਬੋਲ ਪਏ।
ਮੰਦਰ ਦੇ ਝੰਡਿਆਂ ਦਾ ਮਸਲਾ ਗੰਭੀਰ ਸੀ। ਪਿੰਡ ਨਕਸਲੀ ਪਿੰਡ ਵਜੋਂ ਮਸ਼ਹੂਰ ਸੀ। ਤਿੰਨ ਸਾਥੀ ਸ਼ਹੀਦ ਹੋ ਚੁੱਕੇ ਸਨ। ਕੋਈ ਸ਼ਰਾਰਤ ਕਰ ਸਕਦਾ ਹੈ। ਪਿੰਡ ਵਿਚ ਕੋਈ ਖਾਲਿਸਤਾਨੀ ਸਮਰਥਕ ਰੜਕਦਾ ਨਹੀਂ, ਕਾਂਗਰਸੀ ਅਨਸਰ ਢਿੱਲ ਨਹੀਂ ਕਰ ਸਕਦਾ।
ਮੈਂ ਐਲਾਨ ਕਰ ਦਿੱਤਾ, “ਸਾਡੀ ਪਾਰਟੀ ਤੁਹਾਡੇ ਨਾਲ ਆ। ਰਾਤ ਨੂੰ ਤੁਹਾਡੇ ਨਾਲ ਹਥਿਆਰਬੰਦ ਪਹਿਰੇ ‘ਤੇ ਖੜ੍ਹਾਂਗੇ। ਜਿਹੜਾ ਸ਼ੱਕੀ ਦਿਸਦਾ, ਵੱਢ ਦਿਉ ਕਮੀਨੇ ਨੂੰ।” ਕਿਸੇ ਨੇ ਮੇਰੇ ਐਲਾਨ ਦੀ ਖੁੱਲ੍ਹ ਕੇ ਹਮਾਇਤ ਨਹੀਂ ਸੀ ਕੀਤੀ।
ਹੁਣ ਜਦੋਂ ਖੂਹ ‘ਤੇ ਆ ਕੇ ਮਿੱਤਰਾਂ ਦੇ ਬੋਲ ਸੁਣੇ ਤਾਂ ਸਪਸ਼ਟ ਹੋ ਗਿਆ ਸੀ ਕਿ ਸਾਰੀ ਰਾਤ ਭੂਤ ਕੀ-ਕੀ ਕਰਦੇ ਰਹੇ ਸਨ।
ਫਿਰ ਅਮਿਤੋਜ ਦੇ ਵਿਆਹ ਦੀ ਖਬਰ ਮਿਲੀ ਤੇ ਵਿਆਹ ਨੇਪਰੇ ਚੜ੍ਹਨ ਦੇ ਸਾਕੇ ਦੀ ਸੂਚਨਾ ਵੀ।
ਫੇਰ ਲੰਮਾ ਪਾੜਾ… ਖਬਰਾਂ, ਸੋਆਂ…।
ਆਪਣੇ ਜਲੰਧਰ ਦਫਤਰ ਗਿਆ ਤਾਂ ਮਿੱਤਰ ਜਸਵੰਤ ਵਿਰਲੀ ਨੇ ਅਮਿਤੋਜ ਦੀ ਬਿਮਾਰੀ ਤੇ ਗੰਭੀਰ ਦਸ਼ਾ ਦੀ ਦੁਖਦਾਈ ਖਬਰ ਦਿੱਤੀ। ਵਿਰਲੀ ਸਿਵਲ ਹਸਪਤਾਲ ਜਲੰਧਰ ‘ਚ ਐਕਸ-ਰੇਅ ਕਰਮਚਾਰੀ ਸੀ। ਅਸੀਂ ਦੋਵੇਂ ਖਬਰ ਨੂੰ ਗਏ। ਮੰਜੇ ਕੋਲ ਅਮਿਤੋਜ ਦੀ ਪਤਨੀ ਹਾਜ਼ਰ ਸੀ। ਹਾਲ-ਚਾਲ ਪੁੱਛਿਆ। ਅਮਿਤੋਜ ਸੁੱਤਾ ਪਿਆ ਸੀ ਜਾਂ ਨੀਮ-ਬੇਹੋਸ਼ੀ ‘ਚ ਸੀ, ਇਹ ਜਾਨਣਾ ਔਖਾ ਸੀ। ਇਸ ਕਰਕੇ ਕੁਝ ਚਿਰ ਹੋਰ ਉਡੀਕਣਾ ਉਚਿਤ ਲੱਗਾ। ਚਾਹ ਦੇ ਬਹਾਨੇ ਕੁਝ ਹੋਰ ਸਮਾਂ ਗੁਜ਼ਰ ਰਿਹਾ ਸੀ।
ਵਿਰਲੀ ਨੇ ‘ਵਾਜਾਂ ਮਾਰੀਆਂ, “ਭਾਅ ਜੀ ਆਏ।” ਅਮਿਤੋਜ ਨੇ ਕੁਝ ਸੁਰਤ ਕੀਤੀ। ਮੈਂ ਭੂਤਕਾਲ ਨੂੰ ਥੋੜ੍ਹਾ ਜਿਹਾ ਛੋਹਿਆ, ਧਰਵਾਸ ਦਿੱਤਾ ਅਤੇ ਆਪਣੇ ਸਾਥੀਆਂ ਵੱਲੋਂ ਕਿਸੇ ਦੀ ਮਦਦ ਦਾ ਭਰੋਸਾ ਦਿੱਤਾ। ਹੁਣ ਤੁਰਨ ਲੱਗੇ ਸਾਂ, ਪਤਾ ਨਹੀਂ ਕੋੜ੍ਹੀ ਨੂੰ ਕੀ ਸੁੱਝਿਆ, ਉਸ ਹੱਥ ਜੋੜੇ, ਬੁੱਲ੍ਹਾਂ ਤੱਕ ਮੁਸਕਾਨ ਖਿੱਚ ਲਿਆਂਦੀ ਅਤੇ ਕਿਹਾ, “ਭਾਅ ਜੀ ਮਾਫ ਕਰਿਉ।” ਮੈਂ ਹੈਰਾਨ ਰਹਿ ਗਿਆ, ਝੰਜੋੜਿਆ ਗਿਆ, ਮਨ ਭਰ ਆਇਆ। ਮਨ ਹੀ ਮਨ ‘ਚ ਕਹਿਣ ਲੱਗਾ, “ਅਮਿਤੋਜ ਤੂੰ ਠੀਕ ਤਾਂ ਹੋ, ਤੇਰੇ ਤਾਂ ਸੱਤ ਖੂਨ ਵੀ ਮਾਫ! ਤੂੰ ਮੇਰੇ ਨਾਲ ਕੁਝ ਵੀ ਅਜਿਹਾ ਨਹੀਂ ਕੀਤਾ ਜਿਸ ਦੀ ਮਾਫੀ ਤੈਨੂੰ ਇਸ ਪਲ ਮੰਗਣੀ ਪਵੇ।”
ਅਮਿਤੋਜ ਬਾਰੇ ਕਹਿ ਰਹੇ ਹਨ ਕਿ ਉਸ ਦੀ ਸੁਰਤੀ-ਸੋਝੀ ਟਿਕਾਣੇ ਨਹੀਂ ਪਰ ਇਹ ਸ਼ਬਦ ਕਿਸ ਤਹਿ ਵਿਚੋਂ ਫੁੱਟ ਰਹੇ ਨੇ? ਕੀ ਉਸ ਨੂੰ ਉਹ ਘਟਨਾਵਾਂ ਅਤੇ ਉਨ੍ਹਾਂ ਦੇ ਗਲਤ ਹੋਣ ਦਾ ਅਹਿਸਾਸ ਇਨ੍ਹਾਂ ਪਲਾਂ ਵਿਚ ਵੀ ਹੈ? ਇਹ ਬੋਲ ਤਾਂ ਇਹੋ ਗਵਾਹੀ ਭਰਦੇ ਹਨ? ਕੀ ਉਹ ਇੰਨਾ ਸੰਵੇਦਨਸ਼ੀਲ ਵੀ ਹੈ? ਇੰਨਾ ਜ਼ਿੰਮੇਵਾਰ ਵੀ? ਜਾਂ ਕੀ ਆਖਰੀ ਪਲਾਂ ਦੇ ਢੁੱਕਣ ਦਾ ਅਹਿਸਾਸ ਉਹ ਕਰ ਚੁੱਕਾ ਹੈ ਅਤੇ ਹੁਣ ਆਮ ਆਦਮੀ ਵਾਂਗ ਕੀਤੇ ਕਰਮਾਂ ਦੀਆਂ ਭੁੱਲਾਂ ਬਖਸ਼ਾ ਰਿਹਾ ਹੈ। ਇਹ ਸਾਰਾ ਸੰਵਾਦ ਮੇਰੇ ਅੰਦਰ ਹੋ ਰਿਹਾ ਸੀ ਪਰ ਤੁਰਨ ਲੱਗੇ ਮੈਂ ਇਹ ਹੀ ਕਿਹਾ, “ਅਮਿਤੋਜ ਵੀਰ, ਤੁਸੀਂ ਕੁਝ ਵੀ ਅਜਿਹਾ ਨਹੀਂ ਕੀਤਾ। ਛੱਡ ਯਾਰ, ਇਹ ਗੱਲਾਂ, ਤੂੰ ਠੀਕ ਹੋ। ਸਾਡੇ ਲਈ ਸੇਵਾ ਦੱਸ।”
ਮੈਂ ਅਤੇ ਜਸਵੰਤ ਵਿਰਲੀ ਉਥੋਂ ਰੁਖਸਤ ਹੋਏ। ਇਕ ਹਸਤੀ ਮਿੱਟੀ ਹੋਣ ਜਾ ਰਹੀ ਸੀ। ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਸ ਦਾ ਆਖਰੀ ਸਮਾਂ ਇੰਨਾ ਦੁਖਦਾਈ ਹੋਵੇਗਾ।
ਚਾਰ ਦਿਨਾਂ ਮਗਰੋਂ ਜਸਵੰਤ ਵਿਰਲੀ ਨੇ ਫੋਨ ਕੀਤਾ ਕਿ ਹਸਤੀ ਮਿੱਟੀ ਹੋ ਗਈ ਹੈ। ਪੰਛੀ ਉੱਡ ਗਿਆ ਸੀ।