ਸੰਗਰੂਰ: ਸਾਂਝੇ ਮੋਰਚੇ ਵਿਚ ਸ਼ਾਮਲ ਸਿਆਸੀ ਪਾਰਟੀਆਂ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 28ਵੀਂ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਦੌਰਾਨ ਕੌਮੀ ਆਗੂਆਂ ਨੂੰ ਬੁਲਾ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸਮਾਗਮ ਦੌਰਾਨ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਹੱਥ ਖੜ੍ਹੇ ਕਰਕੇ ਮਤੇ ਪਾਸ ਕਰਦਿਆਂ ਜਿਥੇ ਘੱਟ ਗਿਣਤੀਆਂ ਦੇ ਕਾਤਲਾਂ ਤੇ ਕੱਟੜਪੰਥੀ ਲੋਕਾਂ ਨੂੰ ਹਾਰ ਦੇਣ ਲਈ ਦੇਸ਼ ਦੇ ਸਾਰੇ ਧਰਮ ਨਿਰਪੱਖ ਲੋਕਾਂ ਨੂੰ ਇਕ ਮੰਚ ‘ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਉਥੇ ਪੰਥ ਤੇ ਪੰਜਾਬ ਦਾ ਭਲਾ ਚਾਹੁਣ ਵਾਲੀਆਂ ਸਾਰੀਆਂ ਧਿਰਾਂ ਨੂੰ ਇਕਜੁੱਟ ਹੋ ਕੇ ਸਾਂਝੇ ਮੋਰਚੇ ਦਾ ਸਾਥ ਦੇਣ ਦੀ ਅਪੀਲ ਕੀਤੀ।
ਸਮਾਗਮ ਵਿਚ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਵੀ ਮੌਜੂਦ ਸਨ। ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਖੇਤਰੀ ਪਾਰਟੀਆਂ ਦੀ ਸਰਕਾਰ ਬਣੇਗੀ ਜਦੋਂਕਿ ਕਾਂਗਰਸ ਤੇ ਭਾਜਪਾ ਦੋਵੇਂ ਪਾਰਟੀਆਂ ਸਿਰਫ ਸੌ-ਸੌ ਸੀਟਾਂ ਤੱਕ ਹੀ ਸਿਮਟ ਕੇ ਰਹਿ ਜਾਣਗੀਆਂ ਤੇ ਇਨ੍ਹਾਂ ਦੋਵੇਂ ਪਾਰਟੀਆਂ ਦੇ ਸੱਤਾ ‘ਤੇ ਕਾਬਜ਼ ਹੋਣ ਦੇ ਸੁਪਨੇ ਪੂਰੇ ਨਹੀਂ ਹੋਣਗੇ।
ਸ੍ਰੀ ਯਾਦਵ ਨੇ ਕਿਹਾ ਕਿ ਖੇਤਰੀ ਪਾਰਟੀਆਂ ਲੋਕ ਸਭਾ ਚੋਣਾਂ ਆਪਣੇ ਪੱਧਰ ‘ਤੇ ਲੜਨਗੀਆਂ ਪਰ ਤੀਜਾ ਮੋਰਚਾ ਆਮ ਚੋਣਾਂ ਤੋਂ ਬਾਅਦ ਬਣੇਗਾ ਜੋ ਦੇਸ਼ ਦੀ ਸੱਤਾ ‘ਤੇ ਕਾਬਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਹਾਲਤ ਬਦਤਰ ਹੋ ਚੁੱਕੀ ਹੈ। ਸ੍ਰੀ ਯਾਦਵ ਨੇ ਕਿਹਾ ਕਿ ਉਹ ਅਨਾਜ ਸੁਰੱਖਿਆ ਬਿੱਲ ਦੇ ਹੱਕ ਵਿਚ ਹਨ ਪਰ ਬਿੱਲ ਵਿਚ ਕੁਝ ਤਬਦੀਲੀਆਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਦੀਆਂ ਨਵੀਆਂ ਦੁਕਾਨਾਂ ਤੇ ਨਵੇਂ ਸਟੋਰ ਖੋਲ੍ਹਣੇ ਪੈਣਗੇ।
ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਪੰਜਾਬ ਵਿਚ ਵਿੱਤੀ ਐਂਮਰਜੈਂਸੀ ਲਾਉਣ ਦੀ ਮੰਗ ਦੀ ਹਮਾਇਤ ਕਰਦਿਆਂ ਕਿਹਾ ਕਿ ਬਦਨੀਤੀ, ਬਦਨਾਮੀ ਤੇ ਭ੍ਰਿਸ਼ਟਾਚਾਰ ਬਾਦਲ ਸਰਕਾਰ ਦੀ ਸ਼ਨਾਖ਼ਤ ਬਣ ਚੁੱਕੀ ਹੈ, ਪੰਜਾਬ ਆਰਥਿਕ ਸੰਕਟ ਵਿਚ ਡੁੱਬ ਰਿਹਾ ਹੈ ਜਿਸ ਦੀ ਹੁਕਮਰਾਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਸ਼ ਬਾਦਲ ਨੇ ਕਿਹਾ ਕਿ ਉਹ 25 ਸਾਲ ਰਾਜ ਕਰਨ ਦੀਆਂ ਫੜ੍ਹਾਂ ਮਾਰਨ ਵਾਲਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਸਰਕਾਰਾਂ ਢਹਿੰਦੀਆਂ ਵਿਖਾ ਦੇਵਾਂਗੇ।
ਪੰਥਕ ਸੇਵਾ ਲਹਿਰ ਦੇ ਆਗੂ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਨੂੰ ਸਮੇਂ ਦੇ ਜਾਬਰਾਂ ਤੇ ਰਜਵਾੜਿਆਂ ਤੋਂ ਬਚਾਉਣ ਲਈ ਪੰਥ ਤੇ ਪੰਜਾਬ ਦਾ ਭਲਾ ਚਾਹੁਣ ਵਾਲੀਆਂ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਕਿਉਂਕਿ ਪੰਜਾਬ ਇਕ ਪਰਿਵਾਰ ਦੀ ਜਾਗੀਰ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਹੈ ਜਿਥੇ ਇਮਾਨਦਾਰਾਂ ਲਈ ਕੋਈ ਥਾਂ ਨਹੀਂ, ਹੁਕਮਰਾਨ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ‘ਤੇ ਤੁਲੇ ਹੋਏ ਹਨ ਤੇ ਗੁਰੂ ਘਰਾਂ ਦੇ ਪ੍ਰਬੰਧਾਂ ਤੇ ਜਥੇਦਾਰਾਂ ਦਾ ਮਾੜਾ ਹਾਲ ਕਰ ਦਿੱਤਾ ਹੈ।
ਸ਼ ਦਾਦੂਵਾਲ ਨੇ ਸਾਂਝੇ ਮੋਰਚੇ ਦੀ ਹਮਾਇਤ ਕਰਦਿਆਂ ਕਿਹਾ ਕਿ ਅੱਜ ਹਥਿਆਰਾਂ ਦੇ ਸੰਘਰਸ਼ ਦੀ ਬਜਾਏ ਸਿਧਾਂਤਕ ਵਿਚਾਰਾਂ ਦੇ ਸੰਘਰਸ਼ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਸਿੱਖਾਂ ਦਾ ਉਜਾੜਾ ਕਰਨ ਵਾਲਿਆਂ ਨਾਲ ਪੰਜਾਬ ਦੇ ਹਾਕਮ ਘਿਓ-ਖਿਚੜੀ ਹੋਏ ਪਏ ਹਨ। ਜੇ ਅਜੇ ਵੀ ਨਾ ਸੰਭਲਿਆ ਗਿਆ ਤਾਂ ਗੁਜਰਾਤ ਤੋਂ ਇਲਾਵਾ ਹੋਰ ਰਾਜਾਂ ਵਿਚ ਵੀ ਸਿੱਖਾਂ ਦੇ ਉਜਾੜੇ ਹੋਣਗੇ। ਅਸਾਮ ਦੇ ਸਾਬਕਾ ਮੁੱਖ ਮੰਤਰੀ ਪ੍ਰਫੁੱਲਤ ਕੁਮਾਰ ਮਹੰਤਾ ਨੇ ਕਿਹਾ ਕਿ ਸੰਤ ਲੌਂਗੋਵਾਲ ਨੇ ਉਸ ਸਮੇਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਮਹਾਨ ਕੁਰਬਾਨੀ ਕੀਤੀ ਜਦੋਂ ਪੰਜਾਬ ਵਿਚ ਲੋਕ ਹਿੰਸਾ ਦੀ ਭੇਟ ਚੜ੍ਹ ਰਹੇ ਸਨ।
ਪੀਪਲਜ਼ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਭੱਟੀ ਨੇ ਸਾਂਝੇ ਮੋਰਚੇ ਵੱਲੋਂ 11 ਮਤੇ ਪੇਸ਼ ਕੀਤੇ ਜਿਨ੍ਹਾਂ ਵਿਚ ਅਹਿਮ ਮਤੇ ਰਾਹੀਂ ਮੰਗ ਕੀਤੀ ਗਈ ਕਿ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕੀਤਾ ਜਾਵੇ, ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਕੇ ਤੁਰੰਤ ਰਿਹਾਅ ਕੀਤਾ ਜਾਵੇ, ਪੰਜਾਬ ਸਰਕਾਰ ਸੇਵਾ ਮੁਕਤੀ ਦੀ ਉਮਰ 60 ਸਾਲ ਕਰਨ ਦੇ ਫੈਸਲੇ ਨੂੰ ਵਾਪਸ ਲਵੇ। ਲੋਕਾਂ ਦੇ ਵਿਸ਼ਾਲ ਇਕੱਠ ਨੇ ਹੱਥ ਖੜ੍ਹੇ ਕਰਕੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ।
Leave a Reply