ਨੂਪੁਰ ਸ਼ਰਮਾ ਦੀ ‘ਬੇਲਗਾਮ ਜ਼ਬਾਨ` ਨੇ ਪੂਰੇ ਦੇਸ਼ ਨੂੰ ਅੱਗ ਵਿਚ ਧੱਕ ਦਿੱਤਾ: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀਆਂ ਕਰਨ ਵਾਲੀ ਮੁਅੱਤਲਸ਼ੁਦਾ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਝਾੜ-ਝੰਬ ਕਰਦਿਆਂ ਕਿਹਾ ਕਿ ਉਸ ਦੀ ‘ਬੇਲਗਾਮ ਜ਼ਬਾਨ` ਨੇ ‘ਪੂਰੇ ਦੇਸ਼ ਨੂੰ ਅੱਗ ਵਿਚ ਧੱਕ ਦਿੱਤਾ ਹੈ।`

ਸੁਪਰੀਮ ਕੋਰਟ ਨੇ ਕਿਹਾ ਕਿ ‘ਦੇਸ਼ ਵਿਚ ਜੋ ਕੁਝ ਹੋ ਰਿਹੈ, ਉਸ ਲਈ ਸਿਰਫ ਤੇ ਸਿਰਫ ਉਹੀ ਜ਼ਿੰਮੇਵਾਰ ਹੈ।` ਸੁਪਰੀਮ ਕੋਰਟ ਨੇ ਇਨ੍ਹਾਂ ਵਿਵਾਦਿਤ ਟਿੱਪਣੀਆਂ ਲਈ ਉਸ ਖਿਲਾਫ ਵੱਖ-ਵੱਖ ਰਾਜਾਂ ਵਿਚ ਦਰਜ ਐਫ.ਆਈ.ਆਰ`ਜ ਨੂੰ ਇਕੱਠਿਆਂ ਕਰਨ ਦੀ ਸ਼ਰਮਾ ਦੀ ਅਰਜ਼ੀ `ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ।
ਬੈਂਚ ਨੇ ਹਾਲਾਂਕਿ ਸ਼ਰਮਾ ਨੂੰ ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦੇ ਦਿੱਤੀ। ਬੈਂਚ ਨੇ ਕਿਹਾ ਕਿ ਨੂਪੁਰ ਵੱਲੋਂ ਕੀਤੀਆਂ ਟਿੱਪਣੀਆਂ ਸਸਤੀ ਸ਼ੌਹਰਤ, ਸਿਆਸੀ ਏਜੰਡੇ ਜਾਂ ਫਿਰ ਨਾਪਾਕ ਸਰਗਰਮੀਆਂ ਲਈ ਕੀਤੀਆਂ ਹੋ ਸਕਦੀਆਂ ਹਨ। ਬੈਂਚ ਨੇ ਕਿਹਾ ਕਿ ਨੂਪੁਰ ਸ਼ਰਮਾ ਨੂੰ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ.ਬੀ.ਪਾਰਦੀਵਾਲਾ ਦੇ ਬੈਂਚ ਨੇ ਕਿਹਾ, ‘’ਅਸਲ ਵਿਚ ਉਸ (ਨੂਪੁਰ ਸ਼ਰਮਾ) ਦੀ ਜੁਬਾਨ ਬੇਲਗਾਮ ਹੈ ਤੇ ਉਸ ਨੇ ਟੈਲੀਵਿਜਨ `ਤੇ ਹਰ ਤਰ੍ਹਾਂ ਦੇ ਗੈਰਜ਼ਿੰਮੇਵਾਰਾਨਾ ਬਿਆਨ ਦਿੱਤੇ ਹਨ ਤੇ ਪੂਰੇ ਦੇਸ਼ ਨੂੰ ਅੱਗ ਵਿਚ ਝੋਕ ਦਿੱਤਾ ਹੈ। ਇਸ ਦੇ ਬਾਵਜੂਦ ਉਹ ਦਾਅਵਾ ਕਰਦੀ ਹੈ ਕਿ ਉਹ ਪਿਛਲੇ ਦਸ ਸਾਲਾਂ ਤੋਂ ਵਕੀਲ ਹੈ…ਉਸ ਨੂੰ ਆਪਣੀਆਂ ਵਿਵਾਦਿਤ ਟਿੱਪਣੀਆਂ ਬਾਰੇ ਫੌਰੀ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।“ ਸ਼ਰਮਾ ਵੱਲੋਂ ਇਕ ਟੀਵੀ ਬਹਿਸ ਦੌਰਾਨ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਰਕੇ ਨਾ ਸਿਰਫ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਕ ਪ੍ਰਦਰਸ਼ਨ ਹੋਏ ਬਲਕਿ ਕਈ ਖਾੜੀ ਮੁਲਕਾਂ ਨੇ ਵੀ ਇਨ੍ਹਾਂ ਟਿੱਪਣੀਆਂ ਲਈ ਭਾਰਤ ਦੀ ਤਿੱਖੀ ਨੁਕਤਾਚੀਨੀ ਕੀਤੀ। ਇਸ ਮਗਰੋਂ ਭਾਜਪਾ ਨੇ ਸ਼ਰਮਾ ਨੂੰ ਪਾਰਟੀ `ਚੋਂ ਹੀ ਮੁਅੱਤਲ ਕਰ ਦਿੱਤਾ।
ਬੈਂਚ ਨੇ ਕਿਹਾ, ‘’ਟਿੱਪਣੀਆਂ ਪਰੇਸ਼ਾਨ ਕਰਨ ਵਾਲੀਆਂ ਹਨ ਤੇ ਇਸ ਵਿਚੋਂ ਹੰਕਾਰ ਝਲਕਦਾ ਹੈ। ਅਜਿਹੀਆਂ ਟਿੱਪਣੀਆਂ ਕਰਨ ਦੀ ਕੀ ਤੁਕ ਹੈ? ਇਨ੍ਹਾਂ ਟਿੱਪਣੀਆਂ ਕਰਕੇ ਦੇਸ਼ ਵਿਚ ਕਈ ਮੰਦਭਾਗੀਆਂ ਘਟਨਾਵਾਂ ਵਾਪਰੀਆਂ… ਇਹ ਲੋਕ ਧਾਰਮਿਕ ਨਹੀਂ ਹਨ। ਉਹ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਨਹੀਂ ਜਾਣਦੇ। ਇਹ ਟਿੱਪਣੀਆਂ ਸਸਤੀ ਸ਼ੌਹਰਤ ਹਾਸਲ ਕਰਨ ਜਾਂ ਸਿਆਸੀ ਏਜੰਡੇ ਲਈ ਜਾਂ ਫਿਰ ਨਾਪਾਕ ਇਰਾਦਿਆਂ ਨਾਲ ਕੀਤੀਆਂ ਹੋ ਸਕਦੀਆਂ ਹਨ।“ ਬੈਂਚ ਨੇ ਵੱਖ-ਵੱਖ ਰਾਜਾਂ ਵਿਚ ਦਰਜ ਕੇਸਾਂ ਨੂੰ ਇਕੱਠਿਆਂ ਕਰਨ ਨਾਲ ਜੁੜੀ ਸ਼ਰਮਾ ਦੀ ਅਪੀਲ `ਤੇ ਸੁਣਵਾਈ ਤੋਂ ਨਾਂਹ ਕਰਦਿਆਂ ਪਟੀਸ਼ਨ ਵਾਪਸ ਲੈਣ ਦੀ ਖੁੱਲ੍ਹ ਦੇ ਦਿੱਤੀ। ਸ਼ਰਮਾ ਵੱਲੋਂ ਪੇਸ਼ ਵਕੀਲ ਮਨਿੰਦਰ ਸਿੰਘ ਨੇ ਜਦੋਂ ਅਦਾਲਤ ਨੂੰ ਦੱਸਿਆ ਕਿ ਉਸ ਦੀ ਮੁਵੱਕਿਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਤਾਂ ਬੈਂਚ ਨੇ ਕਿਹਾ, ‘’ਉਸ ਨੂੰ ਖਤਰਾ ਦਰਪੇਸ਼ ਹੈ ਜਾਂ ਫਿਰ ਉਹ ਖੁਦ ਸੁਰੱਖਿਆ ਲਈ ਵੰਗਾਰ ਬਣ ਗਈ ਹੈ? ਜਿਸ ਤਰ੍ਹਾਂ ਉਸ ਨੇ ਦੇਸ਼ ਭਰ ਵਿਚ ਭਾਵਨਾਵਾਂ ਨੂੰ ਤੀਲ ਲਾਈ ਹੈ…ਦੇਸ਼ ਵਿਚ ਜੋ ਕੁਝ ਹੋ ਰਿਹੈ, ਉਸ ਲਈ ਸਿਰਫ ਤੇ ਸਿਰਫ ਇਹੀ ਮਹਿਲਾ ਜ਼ਿੰਮੇਵਾਰ ਹੈ।“ ਬੈਂਚ ਨੇ ਕਿਹਾ, ‘’ਜਿਸ ਤਰੀਕੇ ਨਾਲ ਉਸ ਨੇ ਭਾਵਨਾਵਾਂ ਨੂੰ ਭੜਕਾਇਆ, ਪੂਰੇ ਦੇਸ਼ ਵਿਚ ਮੰਦਭਾਗੀ ਘਟਨਾਵਾਂ ਵਾਪਰੀਆਂ। ਦੇਸ਼ ਵਿਚ ਜੋ ਕੁਝ ਹੋ ਰਿਹੈ, ਉਸ ਲਈ ਇਹ ਇਕੱਲੀ ਹੀ ਜ਼ਿੰਮੇਵਾਰ ਹੈ। ਅਸੀਂ ਟੀਵੀ ਡਿਬੇਟ ਵੇਖੀ ਹੈ।“
ਕੇਂਦਰ ਸਰਕਾਰ ਨੇ ਨਫਰਤ ਦਾ ਮਾਹੌਲ ਸਿਰਜਿਆ: ਰਾਹੁਲ
ਵਾਇਨਾਡ (ਕੇਰਲਾ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਦੇਸ਼ ਵਿਚ ‘ਗੁੱਸੇ ਤੇ ਨਫਰਤ ਦਾ ਮਹੌਲ‘ ਸਿਰਜਣ ਦਾ ਦੋੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਅਤੇ ਇਥੋਂ ਦੇ ਲੋਕਾਂ ਦੇ ਹਿੱਤਾਂ ਖਿਲਾਫ ਹੈ। ਗਾਂਧੀ ਨੇ ਕਿਹਾ ਕਿ ਸਿਖਰਲੀ ਅਦਾਲਤ ਨੇ ਜੋ ਕੁਝ ਕਿਹਾ ਹੈ, ਉਹ ਸਭ ਸੱਚ ਹੈ, ਪਰ ਦੇਸ਼ ਵਿਚ ਜੋ ਅੱਜ ਮਾਹੌਲ ਬਣਿਆ ਹੈ, ਉਹ ਟਿੱਪਣੀਆਂ ਕਰਨ ਵਾਲੇ ਵਿਅਕਤੀ ਨੇ ਨਹੀਂ ਸਿਰਜਿਆ। ਉਨ੍ਹਾਂ ਕਿਹਾ ਕਿ ਇਹ ਮਹੌਲ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਸਿਰਜਿਆ ਹੈ।