ਚੰਡੀਗੜ੍ਹ: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਚ ਸਾਲ 2015 ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਇਨ੍ਹਾਂ ਘਟਨਾਵਾਂ ਲਈ ਡੇਰਾ ਸਿਰਸਾ ਮੁਖੀ ਤੇ ਕਈ ਹੋਰ ਡੇਰਾ ਪ੍ਰੇਮੀਆਂ ਨੂੰ ਕਥਿਤ ਸਾਜ਼ਿਸ਼ਕਾਰ ਕਰਾਰ ਦਿੱਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਸ ਦੀ ਪੈਰਵੀ ਕਰ ਰਹੀਆਂ ਸਿੱਖ ਜਥੇਬੰਦੀਆਂ ਨੂੰ ਰਿਪੋਰਟ ਦੀਆਂ ਕਾਪੀਆਂ ਸੌਂਪ ਦਿੱਤੀਆਂ ਹਨ। ਸਿੱਖ ਜਥੇਬੰਦੀਆਂ ਦੇ ਆਗੂ ਮੇਜਰ ਸਿੰਘ ਪੰਡੋਰੀ, ਚਮਕੌਰ ਸਿੰਘ, ਭਾਈ ਰੂਪਾ, ਰੇਸ਼ਮ ਸਿੰਘ ਖੁਖਰਾਣਾ ਅਤੇ ਬਲਦੇਵ ਸਿੰਘ ਜੋਗੇਵਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਰਿਪੋਰਟ ਜਨਤਕ ਕਰਦਿਆਂ ਇਸ ਦੀ ਇਕ ਕਾਪੀ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸੌਂਪੀ। ਉਂਜ ਫਰੀਦਕੋਟ ਦੀ ਅਦਾਲਤ ਵਿਚ ਉਕਤ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਰੱਖੀ ਗਈ ਹੈ। ਉਸੇ ਦਿਨ ਮੁਲਜ਼ਮਾਂ ‘ਤੇ ਦੋਸ਼ ਆਇਦ ਕੀਤੇ ਜਾਣਗੇ।
ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ‘ਤੇ 4 ਅਪਰੈਲ 2021 ਨੂੰ ਆਈ.ਜੀ. ਐਸ.ਪੀ.ਐਸ. ਪਰਮਾਰ ਦੀ ਅਗਵਾਈ ਹੇਠ ਬਣਾਈ 5 ਮੈਂਬਰੀ ਟੀਮ ਨੇ ਤਿਆਰ ਕੀਤੀ ਹੈ। ਟੀਮ ਨੇ ਇਕ ਸਾਲ ਪੁੱਛ-ਪੜਤਾਲ ਕਰਨ ਉਪਰੰਤ 467 ਸਫਿਆਂ ਦੀ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਵਿਚ ਬੇਅਦਬੀ ਦੀਆਂ ਘਟਨਾਵਾਂ ਲਈ ਡੇਰਾ ਸਿਰਸਾ ਮੁਖੀ ਅਤੇ ਕਈ ਡੇਰਾ ਪ੍ਰੇਮੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਚੇਤੇ ਰਹੇ ਕਿ ਸਾਲ 2015 ਵਿਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ, ਹੱਥ ਲਿਖਤ ਪੋਸਟਰ ਚਿਪਕਾਉਣ ਨਾਲ ਸਬੰਧਤ ਘਟਨਾਵਾਂ ਅਤੇ ਬਰਗਾੜੀ ਵਿਚ ਗੁਰਦੁਆਰੇ ਦੇ ਬਾਹਰ ਅਤੇ ਪਿੰਡ ਦੀਆਂ ਗਲੀਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿੱਲਰੇ ਮਿਲੇ ਸਨ। ਸਿਟ ਦੀ ਰਿਪੋਰਟ ਅਨੁਸਾਰ ਉਕਤ ਮਾਮਲਿਆਂ ਵਿਚ ਮੁਲਜ਼ਮ ਸੁਖਜਿੰਦਰ ਸਿੰਘ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ ਅਤੇ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਸ਼ਾਮਲ ਹਨ। ਜਦੋਂ ਕਿ ਘਟਨਾ ਵਿਚ ਕਥਿਤ ਤੌਰ ‘ਤੇ ਸ਼ਾਮਲ ਡੇਰਾ ਪੈਰੋਕਾਰ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਜਾਂਚ ਟੀਮ ਨੇ ਰਿਪੋਰਟ ਵਿਚ ਕਿਹਾ ਕਿ ਇਨ੍ਹਾਂ ਘਟਨਾਵਾਂ ਪਿਛਲਾ ਮਕਸਦ ਫਿਲਮ ‘ਐਮ.ਐਸ.ਜੀ-2‘ ਨਾਲ ਜੁੜਿਆ ਹੋਇਆ ਸੀ। ਡੇਰੇ ਦੇ ਪੈਰੋਕਾਰ ਰਾਮ ਰਹੀਮ ਦੀ ਫਿਲਮ ਰਿਲੀਜ਼ ਨਾ ਹੋਣ ਕਰਕੇ ਨਾਰਾਜ਼ ਚੱਲ ਰਹੇ ਸਨ, ਜਿਸ ਕਰਕੇ ਬੇਅਦਬੀ ਦੀਆਂ ਉਪਰੋਕਤ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ।
‘ਜਾਂਚ ਦੌਰਾਨ ਡੇਰਾ ਮੁਖੀ ਨੇ ਨਹੀਂ ਦਿੱਤਾ ਸਹਿਯੋਗ`
ਚੰਡੀਗੜ੍ਹ: ਐਸ.ਆਈ.ਟੀ. ਦੀ ਟੀਮ ਨੇ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਵੱਖ-ਵੱਖ ਕੇਸਾਂ ਤਹਿਤ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਸਿੰਘ ਕੋਲੋਂ ਉਥੇ ਜਾ ਕੇ ਵੀ ਪੁੱਛ-ਪੜਤਲ ਕੀਤੀ ਸੀ, ਪਰ ਡੇਰਾ ਮੁਖੀ ਨੇ ਜਾਂਚ ਵਿਚ ਸਹਿਯੋਗ ਦੇਣ ਤੋਂ ਇਨਕਾਰੀ ਸੀ। ਬੇਅਦਬੀ ਮਾਮਲਿਆਂ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸੀ.ਬੀ.ਆਈ. ਨੇ ਵੀ ਜਾਂਚ ਕੀਤੀ, ਜੋ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਸੀ.ਬੀ.ਆਈ. ਨੂੰ ਉਦੋਂ ਡੇਰਾ ਸਿਰਸਾ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ ਸੀ। ਕੇਂਦਰੀ ਏਜੰਸੀ ਨੇ ਅਦਾਲਤ ਵਿਚ ਕਲੋਜ਼ਰ ਰਿਪੋਰਟ ਤੱਕ ਦਾਇਰ ਕਰ ਦਿੱਤੀ ਸੀ। ਜਦੋਂ ਕਿ ਸਿਟ ਨੇ ਆਪਣੀ ਜਾਂਚ ਰਿਪੋਰਟ ਵਿਚ ਸੀ.ਬੀ.ਆਈ. ਵੱਲੋਂ ਕੀਤੀ ਜਾਂਚ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਇਹ ਰਿਪੋਰਟ ਪਹਿਲਾਂ ਫਰੀਦਕੋਟ ਦੀ ਅਦਾਲਤ ਵਿਚ ਚਲਾਨ ਦੇ ਰੂਪ ਵਿਚ ਪੇਸ਼ ਕੀਤੀ ਜਾ ਚੁੱਕੀ ਹੈ।