ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬਾਈ ਪੁਲਿਸ ਪ੍ਰਸ਼ਾਸਨ ਵਿਚ ਵੱਡੀ ਤਬਦੀਲੀ ਕਰਦਿਆਂ 1992 ਬੈਚ ਦੇ ਆਈ.ਪੀ.ਐਸ. ਅਧਿਕਾਰੀ ਗੌਰਵ ਯਾਦਵ ਨੂੰ ਸੂਬੇ ਦੇ ਡੀ.ਜੀ.ਪੀ. ਦਾ ਚਾਰਜ ਦੇਣ ਸਬੰਧੀ ਹੁਕਮ ਜਾਰੀ ਕੀਤੇ ਹਨ। ਗ੍ਰਹਿ ਵਿਭਾਗ ਦੇ ਸੂਤਰਾਂ ਅਨੁਸਾਰ ਨਿਯੁਕਤੀ ਨੂੰ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਸੂਬੇ ਦੇ ਮੌਜੂਦਾ ਡੀ.ਜੀ.ਪੀ. ਵੀਰੇਸ਼ ਕੁਮਾਰ ਭਾਵੜਾ 5 ਜੁਲਾਈ ਤੋਂ 2 ਮਹੀਨਿਆਂ ਲਈ ਛੁੱਟੀ ‘ਤੇ ਚਲੇ ਗਏੇ ਹਨ। ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਸੰਗਰੂਰ ਸੰਸਦੀ ਹਲਕੇ ਤੋਂ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨ ਉਪਰੰਤ ‘ਆਪ‘ ਸਰਕਾਰ ਨੇ ਸ੍ਰੀ ਭਾਵੜਾ ਨੂੰ ਅਹੁਦਾ ਛੱਡਣ ਦੀ ਬੇਨਤੀ ਕਰਨ ਜਾਂ ਛੁੱਟੀ ‘ਤੇ ਜਾਣ ਸਬੰਧੀ ਜਬਾਨੀ ਫੁਰਮਾਨ ਜਾਰੀ ਕਰ ਦਿੱਤਾ ਸੀ।
ਇਸੇ ਦੌਰਾਨ ਸ੍ਰੀ ਭਾਵੜਾ ਨੇ ਕੇਂਦਰ ਸਰਕਾਰ ਵਿਚ ਡੈਪੂਟੇਸ਼ਨ ‘ਤੇ ਜਾਣ ਸਬੰਧੀ ਵੀ ਅਪਲਾਈ ਕਰ ਦਿੱਤਾ ਸੀ ਪਰ ਸਰਕਾਰ ਵੱਲੋਂ ਕਾਨੂੰਨ ਪ੍ਰਬੰਧ ਦੇ ਮੁੱਦੇ ‘ਤੇ ਡੀ.ਜੀ.ਪੀ. ਉਤੇ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਾਉਂਦਿਆਂ ਇਸ ਵੱਡੀ ਤਬਦੀਲੀ ਦਾ ਫੈਸਲਾ ਕੀਤਾ ਗਿਆ ਸੀ। 1987 ਬੈਚ ਦੇ ਪੁਲਿਸ ਅਧਿਕਾਰੀ ਵੀਰੇਸ਼ ਕੁਮਾਰ ਭਾਵੜਾ ਇਸ ਸਮੇਂ ਪੰਜਾਬ ਪੁਲਿਸ ਵਿਚ ਸਭ ਤੋਂ ਸੀਨੀਅਰ ਪੁਲਿਸ ਅਧਿਕਾਰੀ ਹਨ ਅਤੇ ਉਨ੍ਹਾਂ ਦੀ ਸੇਵਾਮੁਕਤੀ 2024 ਵਿਚ ਹੋਣੀ ਹੈ। ਇਸ ਪੁਲਿਸ ਅਧਿਕਾਰੀ ਦੀ ਨਿਯੁਕਤੀ 6 ਜਨਵਰੀ ਨੂੰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੱਲੋਂ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਦੇ ਪੈਨਲ ਦੇ ਆਧਾਰ ‘ਤੇ ਦੋ ਸਾਲਾਂ ਦੇ ਸਮੇਂ ਲਈ ਕੀਤੀ ਗਈ ਸੀ। ਤਕਨੀਕੀ ਤੌਰ ‘ਤੇ ਡੀ.ਜੀ.ਪੀ. ਨੂੰ ਸਰਕਾਰ ਤਬਦੀਲ ਨਹੀਂ ਸੀ ਕਰ ਸਕਦੀ ਜਿਸ ਕਰਕੇ ਸ੍ਰੀ ਭਾਵੜਾ ਦੇ ਛੁੱਟੀ ‘ਤੇ ਜਾਣ ਦੀ ਸੂਰਤ ਵਿਚ ਹੀ ਬਦਲਵੇਂ ਪ੍ਰਬੰਧ ਕੀਤੇ ਜਾ ਸਕਦੇ ਹਨ।
ਨਵੇਂ ਬੰਦੋਬਸਤ ਬਾਰੇ ਦੇਖਿਆ ਜਾਵੇ ਤਾਂ ਸਰਕਾਰ ਨੇ 1987, 1988, 1989 ਅਤੇ 1992 ਬੈਚ ਦੇ 5 ਪੁਲਿਸ ਅਧਿਕਾਰੀਆਂ ਦੀ ਸੀਨੀਆਰਤਾ ਨੂੰ ਨਜ਼ਰ ਅੰਦਾਜ਼ ਕਰਦਿਆਂ ਸ੍ਰੀ ਯਾਦਵ ਨੂੰ ਇਸ ਅਹੁਦੇ ਦਾ ਕਾਰਜਭਾਰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਇਸ ਅਹਿਮ ਅਹੁਦੇ ਦਾ ਕੰਮ ਸੰਭਾਲਣ ਲਈ ਸੰਜੀਵ ਕਾਲੜਾ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਨਾਮ ਦੀ ਵੀ ਚਰਚਾ ਚੱਲ ਰਹੀ ਸੀ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨੀ ਸਲਾਹ ਮਸ਼ਵਰੇ ਤੋਂ ਬਾਅਦ ਹੀ ਸਰਕਾਰ ਵੱਲੋਂ ਸੂਬੇ ਦੇ ਅਗਲੇ ਡੀ.ਜੀ.ਪੀ. ਦੀ ਨਿਯੁਕਤੀ ਲਈ ਯੂ.ਪੀ.ਐਸ.ਸੀ. ਨੂੰ ਪੈਨਲ ਭੇਜਿਆ ਜਾਵੇਗਾ। ਸਰਕਾਰ ਦੇ ਸੂਤਰਾਂ ਮੁਤਾਬਕ ‘ਆਪ` ਲੀਡਰਸ਼ਿਪ ਵੱਲੋਂ ਸ੍ਰੀ ਯਾਦਵ ਦੀ ਸੂਬੇ ਦੇ ਅਗਲੇ ਡੀ.ਜੀ.ਪੀ. ਵਜੋਂ ਇਕ ਤਰ੍ਹਾਂ ਨਾਲ ਚੋਣ ਕਰ ਲਈ ਹੈ ਤੇ ਯੂ.ਪੀ.ਐਸ.ਸੀ. ਦੀ ਮੋਹਰ ਲਵਾਉਣੀ ਹੀ ਬਾਕੀ ਹੈ। ਗੌਰਵ ਯਾਦਵ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਕਰੀਬੀ ਮੰਨਿਆ ਜਾਂਦਾ ਹੈ। ਇਸ ਲਈ ਦੇਖਿਆ ਜਾਵੇ ਤਾਂ ਸ੍ਰੀ ਯਾਦਵ ਪਹਿਲੇ ਅਜਿਹੇ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਦੀ ਨਿਯੁਕਤੀ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੀਤੀ ਗਈ ਸੀ।