ਹਾਈ ਕੋਰਟ ਵੱਲੋਂ ‘ਨਕਲੀ` ਰਾਮ ਰਹੀਮ ਵਾਲੀ ਅਰਜ਼ੀ ਰੱਦ

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ ਨੇ ਕੁਝ ਡੇਰਾ ਪ੍ਰੇਮੀਆਂ ਵੱਲੋਂ ਦਾਖਲ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ‘ਚ ਦੋਸ਼ ਲਾਇਆ ਗਿਆ ਸੀ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਪੈਰੋਲ ‘ਤੇ ਰਿਹਾਅ ਕੀਤਾ ਗਿਆ ਹੈ।

ਹਰਿਆਣਾ ਸਰਕਾਰ ਅਤੇ ਹੋਰਾਂ ਖਿਲਾਫ ਦਾਖਲ ਪਟੀਸ਼ਨ ‘ਚ ਅਸ਼ੋਕ ਕੁਮਾਰ ਤੇ 18 ਹੋਰ ਪਟੀਸ਼ਨਰਾਂ ਨੇ ਡੇਰਾ ਮੁਖੀ ਦੀ ਪਛਾਣ ਲਈ ਦਿਸ਼ਾ-ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਸੀ ਕਿ ‘ਡਮੀ‘ (ਨਕਲੀ) ਵਿਅਕਤੀ ਪਟੀਸ਼ਨਰਾਂ ਅਤੇ ਹੋਰ ਡੇਰਾ ਪ੍ਰੇਮੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ। ਪਟੀਸ਼ਨਰਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਕੁਝ ਗੈਰ-ਪੁਖਤਾ ਸਰੋਤਾਂ ਰਾਹੀਂ ਪਤਾ ਲੱਗਾ ਹੈ ਕਿ ਅਸਲ ਡੇਰਾ ਮੁਖੀ ਨੂੰ ਅਗਵਾ ਕਰ ਕੇ ਰਾਜਸਥਾਨ ਦੇ ਉਦੈਪੁਰ ਵਿਚ ਰੱਖਿਆ ਗਿਆ ਹੈ ਅਤੇ ਹੁਣ ਉਹ ਅਸਲ ਡੇਰਾ ਮੁਖੀ ਦੀ ਥਾਂ ‘ਤੇ ਇਸ ਨਕਲੀ ਵਿਅਕਤੀ ਨੂੰ ਰੱਖਣਾ ਚਾਹੁੰਦੇ ਹਨ। ਪਟੀਸ਼ਨ ਵਿਚ ਇਹ ਗੱਲ ਵੀ ਆਖੀ ਗਈ ਸੀ ਕਿ ਡੇਰਾ ਮੁਖੀ ਦੇ ਕੱਦ-ਕਾਠ ਤੇ ਵਿਅਕਤੀਤਵ ਆਦਿ ‘ਚ ਕਈ ਬਦਲਾਅ ਦੇਖੇ ਗਏ ਹਨ। ਉਸ ਦਾ ਕੱਦ ਇਕ ਇੰਚ ਵੱਧ ਹੈ ਜਦਕਿ ਉਸ ਦੀਆਂ ਉਂਗਲਾਂ ਤੇ ਪੈਰਾਂ ਦਾ ਆਕਾਰ ਵੀ ਵਧ ਗਿਆ ਹੈ। ਡੇਰਾ ਮੁਖੀ/ਨਕਲੀ ਵਿਅਕਤੀ ਵੱਲੋਂ ਪੈਰੋਲ ਦੌਰਾਨ ਜਾਰੀ ਵੀਡੀਓਜ ਅਤੇ ਤਸਵੀਰਾਂ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਉਸ ਦੇ ਚਿਹਰੇ ਅਤੇ ਹੱਥਾਂ ‘ਤੇ ਮੇਕਅਪ ਜਾਂ ਕਿਸੇ ਕਿਸਮ ਦਾ ਮਾਸਕ ਲਾਇਆ ਹੋਇਆ ਹੈ ਜੋ ਦੂਜੀ ਵੀਡੀਓ ‘ਚ ਵੱਖਰਾ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ, ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਦੌਰਾਨ ਕਥਿਤ ਡੇਰਾ ਮੁਖੀ ਆਪਣੇ ਪੁਰਾਣੇ ਦੋਸਤਾਂ ਨੂੰ ਪਛਾਣਨ ‘ਚ ਵੀ ਅਸਫਲ ਰਿਹਾ ਹੈ।