ਰਾਸ਼ਟਰਪਤੀ ਚੋਣ: ਭਾਜਪਾ ਦੀ ਹਮਾਇਤ ਵਿਚ ਨਿੱਤਰਿਆ ਅਕਾਲੀ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਦਰੋਪਦੀ ਮੁਰਮੂ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਬੀਤੇ ਦਿਨੀਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਮੁਰਮੂ ਲਈ ਹਮਾਇਤ ਮੰਗੀ ਸੀ। ਸੂਤਰਾਂ ਮੁਤਾਬਕ ਅਕਾਲੀ ਦਲ

ਅੰਦਰੋ-ਅੰਦਰੀ ਭਾਜਪਾ ਪ੍ਰਧਾਨ ਵੱਲੋਂ ਮੰਗੀ ਗਈ ਹਮਾਇਤ ਤੋਂ ਬਾਗੋ-ਬਾਗ ਹੈ ਕਿਉਂਕਿ ਭਾਜਪਾ ਨਾਲੋਂ ਤੋੜ-ਵਿਛੋੜੇ ਮਗਰੋਂ ਉਸ ਨੇ ਅਕਾਲੀ ਦਲ ਵੱਲ ਕਦੇ ਨਹੀਂ ਦੇਖਿਆ ਸੀ।
ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਥੇ ਕੇਂਦਰ ਸ਼ਾਸਿਤ ਪ੍ਰਦੇਸ ਦੇ ਗੈਸਟ ਹਾਊਸ ਵਿਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਨਾਲ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਅਟਵਾਲ ਵੀ ਹਾਜਰ ਸਨ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਇਥੇ ਮੀਟਿੰਗ ਹੋਈ ਜਿਸ ਵਿਚ ਫੈਸਲਾ ਲਿਆ ਗਿਆ ਕਿ ਦਰੋਪਦੀ ਮੁਰਮੂ ਦੇ ਘੱਟ ਗਿਣਤੀਆਂ, ਦੱਬੇ-ਕੁਚਲਿਆਂ, ਕਬਾਇਲੀਆਂ ਅਤੇ ਪੱਛੜੇ ਵਰਗਾਂ ਦੇ ਨਾਲ-ਨਾਲ ਮਹਿਲਾਵਾਂ ਦੀ ਪ੍ਰਤੀਨਿਧਤਾ ਦੀ ਪ੍ਰਤੀਕ ਹੋਣ ਕਰਕੇ ਪਾਰਟੀ ਉਨ੍ਹਾਂ ਦੀ ਹਮਾਇਤ ਕਰੇਗੀ।
ਕੋਰ ਕਮੇਟੀ ਦੀ ਮੀਟਿੰਗ ਵਿਚ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਵੰਡਪਾਊ ਅਤੇ ਫਿਰਕਾਪ੍ਰਸਤ ਧਰੁਵੀਕਰਨ ਖਾਸ ਤੌਰ ‘ਤੇ ਮੌਜੂਦਾ ਐਨ.ਡੀ.ਏ. ਸਰਕਾਰ ਦੇ ਰਾਜ ਵਿਚ ਘੱਟ ਗਿਣਤੀਆਂ ਦੇ ਮਨਾਂ ਵਿਚ ਪੈਦਾ ਹੋਈ ਅਸੁਰੱਖਿਆ ਸਮੇਤ ਚੱਲ ਰਹੇ ਮਾਹੌਲ ਨੂੰ ਲੈ ਕੇ ਭਾਵੇਂ ਭਾਜਪਾ ਨਾਲ ਮੱਤਭੇਦ ਹਨ ਪਰ ਅਕਾਲੀ ਦਲ ਨੇ ਸਿਧਾਂਤਕ ਤੌਰ ‘ਤੇ ਫੈਸਲਾ ਲੈ ਕੇ ਸ੍ਰੀਮਤੀ ਮੁਰਮੂ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਦੱਬੇ-ਕੁਚਲੇ ਤੇ ਘੱਟ ਗਿਣਤੀਆਂ ਦੇ ਪ੍ਰਤੀਕ ਹਨ ਜਿਨ੍ਹਾਂ ਵਾਸਤੇ ਸਾਡੇ ਮਹਾਨ ਗੁਰੂਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਮਨੁੱਖੀ ਅਧਿਕਾਰਾਂ ਨੂੰ ਦਰਪੇਸ਼ ਖਤਰਿਆਂ ਖਾਸ ਤੌਰ ‘ਤੇ ਧਾਰਮਿਕ ਸਹਿਣਸ਼ੀਲਤਾ ਅਤੇ ਬੋਲਣ ਦੀ ਆਜ਼ਾਦੀ ‘ਤੇ ਪਾਬੰਦੀ, ਪੰਜਾਬ ਖਾਸ ਤੌਰ ‘ਤੇ ਸਿੱਖਾਂ ਨਾਲ ਅਨਿਆਂ ਵਰਗੇ ਮਾਮਲਿਆਂ ‘ਤੇ ਗੰਭੀਰ ਤੇ ਲੰਬੀ ਚਰਚਾ ਵੀ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਕਦੇ ਵੀ ਆਪਣੇ ਪੰਜਾਬ, ਘੱਟ ਗਿਣਤੀ, ਕਿਸਾਨ ਅਤੇ ਗਰੀਬ ਪੱਖੀ ਏਜੰਡੇ ਨਾਲ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਸਵਾਲ ‘ਤੇ ਪਾਰਟੀ ਕੋਲ ਜੋ ਬਦਲ ਮੌਜੂਦ ਸਨ, ਉਨ੍ਹਾਂ ਵਿਚੋਂ ਜਾਂ ਤਾਂ ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਉਮੀਦਵਾਰ ਦੀ ਹਮਾਇਤ ਕੀਤੀ ਜਾਂਦੀ ਜਾਂ ਫਿਰ ਮਹਾਨ ਗੁਰੂ ਸਾਹਿਬਾਨ ਦੇ ਦਰਸਾਏ ਰਾਹ ‘ਤੇ ਚੱਲਣਾ ਸ਼ਾਮਲ ਸੀ। ‘ਅਸੀਂ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਬਦਲ ਚੁਣਿਆ ਹੈ।‘
ਪਹਿਲਾਂ ਦੱਸਿਆ ਹੁੰਦਾ ਤਾਂ ਮੁਰਮੂ ਨੂੰ ਹਮਾਇਤ ਦੇਣ ਬਾਰੇ ਵਿਚਾਰ ਕਰਦੇ: ਮਮਤਾ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਭਾਜਪਾ ਨੇ ਉੜੀਸਾ ਨਾਲ ਸਬੰਧਤ ਕਬਾਇਲੀ ਆਗੂ ਦਰੋਪਦੀ ਮੁਰਮੂ ਨੂੰ ਚੋਣ ਮੈਦਾਨ ਵਿਚ ਉਤਾਰਨ ਤੋਂ ਪਹਿਲਾਂ ਇਕ ਵਾਰ ਉਨ੍ਹਾਂ ਨਾਲ ਉਸ ਦੇ ਦੇ ਨਾਂ ‘ਤੇ ਵਿਚਾਰ ਚਰਚਾ ਕੀਤੀ ਹੁੰਦੀ ਤਾਂ ਵਿਰੋਧੀ ਪਾਰਟੀਆਂ ਐਨ.ਡੀ.ਏ. ਦੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨੂੰ ਹਮਾਇਤ ਦੇਣ ਬਾਰੇ ਲਾਜ਼ਮੀ ਵਿਚਾਰ ਕਰਦੀਆਂ। ਬੈਨਰਜੀ ਨੇ ਕਿਹਾ ਕਿ ਮਹਾਰਾਸ਼ਟਰ ਦੀ ਸੱਤਾ ਵਿਚ ਫੇਰ-ਬਦਲ ਮਗਰੋਂ ਐਨ.ਡੀ.ਏ. ਦੇ ਅੰਕੜਿਆਂ ਨੂੰ ਮਿਲੇ ਹੁਲਾਰੇ ਨਾਲ ਮੁਰਮੂ ਦੇ ਜਿੱਤਣ ਦੇ ਆਸਾਰ ਵਧ ਗਏ ਹਨ।