ਪੰਜਾਬ ਵਜ਼ਾਰਤ ਵਿਚ ਵਾਧਾ: ਪੰਜ ਨਵੇਂ ਚਿਹਰੇ ਸ਼ਾਮਲ

ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਾਢੇ ਤਿੰਨ ਮਹੀਨਿਆਂ ਮਗਰੋਂ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ਪੰਜ ਨਵੇਂ ਚਿਹਰਿਆਂ ਨੂੰ ਮੰਤਰੀ ਬਣਾਇਆ ਹੈ। ਇਨ੍ਹਾਂ ‘ਚ ਅਮਨ ਅਰੋੜਾ, ਡਾ. ਇੰਦਰਬੀਰ ਸਿੰਘ ਨਿੱਝਰ, ਚੇਤਨ ਜੌੜੇਮਾਜਰਾ, ਫੌਜਾ ਸਿੰਘ ਸਰਾਰੀ ਤੇ ਅਨਮੋਲ ਗਗਨ ਮਾਨ ਸ਼ਾਮਲ ਹਨ।

ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿਚ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਾਰੇ ਵਿਧਾਇਕਾਂ ਨੇ ਪੰਜਾਬੀ ਵਿਚ ਹਲਫ ਲਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ। ਕੈਬਨਿਟ ਵਿਚ ਮੁੱਖ ਮੰਤਰੀ ਤੋਂ ਇਲਾਵਾ ਮੰਤਰੀਆਂ ਦੀ ਕੁੱਲ ਗਿਣਤੀ 14 ਹੋ ਗਈ ਹੈ। ਹਾਲੇ ਵੀ ਤਿੰਨ ਮੰਤਰੀਆਂ ਦੀ ਥਾਂ ਖਾਲੀ ਹੈ। ਦੂਜੀ ਵਾਰ ਚੋਣ ਜਿੱਤੇ ਅਮਨ ਅਰੋੜਾ ਸਮੇਤ ਤਿੰਨ ਵਿਧਾਇਕਾਂ ਨੂੰ ਕੈਬਨਿਟ ‘ਚ ਥਾਂ ਮਿਲੀ ਹੈ ਜਦਕਿ 11 ਮੰਤਰੀ ਪਹਿਲੀ ਵਾਰ ਵਿਧਾਇਕ ਬਣੇ ਹਨ। ਰਾਜ ਭਵਨ ‘ਚ ਨਵੇਂ ਬਣੇ ਗੁਰੂ ਨਾਨਕ ਆਡੀਟੋਰੀਅਮ ਵਿਚ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਗੁਰੂ ਹਰ ਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ, ਸਮਾਣਾ ਤੋਂ ਚੇਤਨ ਸਿੰਘ ਜੌੜੇਮਾਜਰਾ ਅਤੇ ਖਰੜ ਤੋਂ ਅਨਮੋਲ ਗਗਨ ਮਾਨ ਨੇ ਹਲਫ ਲਿਆ।
ਮੰਤਰੀ ਮੰਡਲ ਵਿਚ ਮਾਲਵਾ, ਮਾਝਾ ਅਤੇ ਦੁਆਬਾ ਖਿੱਤਿਆਂ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਬਨਿਟ ‘ਚ ਮਾਲਵਾ ਖੇਤਰ ਦੇ 9, ਮਾਝਾ ਦੇ ਪੰਜ ਅਤੇ ਦੁਆਬਾ ਦੇ ਸਿਰਫ ਇਕ ਵਿਧਾਇਕ ਨੂੰ ਥਾਂ ਮਿਲ ਸਕੀ ਹੈ। ਹਲਫਦਾਰੀ ਸਮਾਗਮ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਲਾਲ ਚੰਦ ਕਟਾਰੂਚੱਕ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸੰਕਰ ਜਿੰਪਾ ਅਤੇ ਹਰਜੋਤ ਸਿੰਘ ਬੈਂਸ ਵੀ ਹਾਜਰ ਸਨ। ਉਨ੍ਹਾਂ ਤੋਂ ਇਲਾਵਾ ਰਾਜ ਸਭਾ ਲਈ ਚੁਣੇ ਗਏ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵੱਡੀ ਗਿਣਤੀ ਵਿਚ ਹੋਰ ਵਿਧਾਇਕ ਵੀ ਮੌਜੂਦ ਸਨ।