ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗਾਇਕ-ਗੀਤਕਾਰ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕੇਸ ਵਿਚ ਦੋ ਹੋਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਮੂਸੇਵਾਲਾ ਨੂੰ ਕਥਿਤ ਤੌਰ ‘ਤੇ ਬਿਲਕੁਲ ਨੇੜਿਓਂ ਗੋਲੀ ਮਾਰਨ ਵਾਲਾ ‘ਸ਼ੂਟਰ‘ ਵੀ ਸ਼ਾਮਲ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਮਾਮਲੇ ਵਿਚ ਹੁਣ ਤੱਕ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਅੰਕਿਤ ਤੇ ਸਚਿਨ ਭਿਵਾਨੀ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਹੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗਰੋਹ ਦੇ ‘ਵਾਂਟੇਡ` ਅਪਰਾਧੀ ਹਨ। ਪੁਲੀਸ ਮੁਤਾਬਕ ਅੰਕਿਤ ਪੰਜਾਬੀ ਗਾਇਕ ਦੀ ਹੱਤਿਆ ਵਿਚ ਸ਼ਾਮਲ ‘ਸ਼ੂਟਰਾਂ` ਵਿਚੋਂ ਇਕ ਹੈ। ਜਦਕਿ ਭਿਵਾਨੀ ਨੇ ਇਨ੍ਹਾਂ ਸ਼ੂਟਰਾਂ ਨੂੰ ਸ਼ਰਨ ਤੇ ਹੋਰ ਸਹਾਇਤਾ ਮੁਹੱਈਆ ਕਰਵਾਈ ਸੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਦਾ ਰਹਿਣ ਵਾਲਾ ਭਿਵਾਨੀ ਰਾਜਸਥਾਨ ਵਿਚ ਲਾਰੈਂਸ ਬਿਸ਼ਨੋਈ ਗਰੋਹ ਦਾ ਕੰਮ ਦੇਖਦਾ ਹੈ। ਉਹ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਇਕ ਹੋਰ ਮਾਮਲੇ ‘ਚ ਵੀ ਲੋੜੀਂਦਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਸ਼ੇਸ਼ ਪੁਲਿਸ ਕਮਿਸ਼ਨਰ (ਸਪੈਸ਼ਲ ਸੈੱਲ) ਐਚ.ਜੀ.ਐਸ. ਧਾਲੀਵਾਲ ਨੇ ਦੱਸਿਆ ਕਿ ਮਾਮਲੇ ਵਿਚ ਸ਼ੁਰੂਆਤੀ ਗ੍ਰਿਫਤਾਰੀਆਂ ਤੋਂ ਬਾਅਦ ਕਈ ਟੀਮਾਂ ਇਨ੍ਹਾਂ ਅਪਰਾਧੀਆਂ ਨੂੰ ਰਸਦ ਸਹਾਇਤਾ, ਹਥਿਆਰ ਤੇ ਲੁਕਣ ਦੇ ਟਿਕਾਣੇ ਮੁਹੱਈਆ ਕਰਾਉਣ ਵਾਲੇ ਲੋਕਾਂ ਨੂੰ ਫੜਨ ਲਈ ਵੱਡੇ ਪੱਧਰ ਉਤੇ ਕੰਮ ਕਰ ਰਹੀਆਂ ਸਨ।
ਧਾਲੀਵਾਲ ਨੇ ਕਿਹਾ, ‘ਸਾਡੀ ਟੀਮ ਨੇ ਮੱਧ ਪ੍ਰਦੇਸ਼, ਝਾਰਖੰਡ, ਉੱਤਰ ਪ੍ਰਦੇਸ਼, ਹਰਿਆਣਾ, ਗੁਜਰਾਤ ਤੇ ਦਿੱਲੀ ਵਿਚ ਛਾਪੇ ਮਾਰੇ ਹਨ। ਉਨ੍ਹਾਂ ਪ੍ਰਾਪਤ ਸੁਰਾਗਾਂ ਉਤੇ ਕੰਮ ਕਰਨਾ ਜਾਰੀ ਰੱਖਿਆ। ਰਾਤ ਕਰੀਬ 11 ਵਜੇ ਸਾਡੀ ਟੀਮ ਨੇ ਮੂਸੇਵਾਲਾ ਨੂੰ ਨੇੜਿਓਂ ਗੋਲੀ ਮਾਰਨ ਵਾਲੇ ਅੰਕਿਤ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਨਾਲ ਹੀ ਭਿਵਾਨੀ ਨੂੰ ਵੀ ਕਾਬੂ ਕੀਤਾ ਗਿਆ।` ਧਾਲੀਵਾਲ ਮੁਤਾਬਕ ਭਿਵਾਨੀ ਨੇ ਹੱਤਿਆ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਸਾਰੇ ਸ਼ੂਟਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਅੰਕਿਤ ਹਰਿਆਣਾ ਦੇ ਸੇਰਸਾ ਪਿੰਡ ਦਾ ਰਹਿਣ ਵਾਲਾ ਹੈ ਤੇ ਰਾਜਸਥਾਨ ਵਿਚ ਉਸ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿਚ ਦੋ ਕੇਸ ਦਰਜ ਹਨ। ਪੁਲਿਸ ਮੁਤਾਬਕ ਅੰਕਿਤ ਤੇ ਭਿਵਾਨੀ ਤੋਂ 9 ਐਮ.ਐਮ. ਦਾ ਇਕ ਪਿਸਤੌਲ ਤੇ ਉਸ ਦੇ 10 ਕਾਰਤੂਸ, 30 ਐਮ.ਐਮ. ਦਾ ਇਕ ਪਿਸਤੌਲ ਤੇ ਉਸ ਦੇ ਨੌਂ ਕਾਰਤੂਸ, ਪੰਜਾਬ ਪੁਲਿਸ ਦੀਆਂ ਤਿੰਨ ਵਰਦੀਆਂ, ਦੋ ਮੋਬਾਈਲ ਫੋਨ, ਇਕ ਡੌਂਗਲ ਤੇ ਸਿਮ ਕਾਰਡ ਬਰਾਮਦ ਕੀਤਾ ਗਿਆ ਹੈ।
ਪੰਜਾਬ ਪੁਲਿਸ ਨੂੰ ਚਾਰ ਮੁਲਜ਼ਮਾਂ ਦਾ ਟਰਾਂਜਿਟ ਰਿਮਾਂਡ ਮਿਲਿਆ
ਮਾਨਸਾ: ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਦੋ ਸੂਟਰਾਂ ਸਮੇਤ ਚਾਰ ਮੁਲਜ਼ਮਾਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜਿਟ ਰਿਮਾਂਡ ਹਾਸਲ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਵਿਚ ਪ੍ਰਿਯਵਰੱਤ ਉਰਫ ਫੌਜੀ, ਕਸ਼ਿਸ਼, ਦੀਪਕ ਤੇ ਕੇਸ਼ਵ ਕੁਮਾਰ ਸ਼ਾਮਲ ਹਨ। ਅਦਾਲਤ ਨੇ ਇਸ ਗੱਲ ਉਤੇ ਗੌਰ ਕੀਤਾ ਕਿ ਗ੍ਰਿਫਤਾਰ ਬੰਦਿਆਂ ‘ਤੇ ਅਪਰਾਧਕ ਦੋਸ਼ ਹਨ ਤੇ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਸਬੰਧਤ ਅਦਾਲਤ ਵਿਚ ਪੇਸ਼ ਕਰਨ ਲਈ ਟਰਾਂਜਿਟ ਰਿਮਾਂਡ ਦਿੱਤਾ ਜਾਂਦਾ ਹੈ।
ਮੂਸੇਵਾਲਾ ਦੀ ਫੋਟੋ ਪਾਕਿਸਤਾਨ ਵਿਚ ਚੋਣ ਪੋਸਟਰਾਂ `ਤੇ
ਇਸਲਾਮਾਬਾਦ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਉਸ ਦੇ ਗੀਤ ‘295` ਦੇ ਜ਼ਿਕਰ ਨਾਲ ਪਾਕਿਸਤਾਨ ਦੇ ਚੋਣਾਂ ਨਾਲ ਸਬੰਧਤ ਪੋਸਟਰਾਂ ਉਤੇ ਜਾ ਪਹੁੰਚੀਆਂ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਜਿਮਨੀ ਚੋਣਾਂ ਹਨ ਤੇ ਉਮੀਦਵਾਰ ਮੁਲਕ ਵਿਚ ਸਿੱਧੂ ਦੀ ਮਕਬੂਲੀਅਤ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਲਤਾਨ ਖੇਤਰ ਦੀ ਪੀਪੀ 217 ਸੀਟ ਉਤੇ ਹੋਣ ਵਾਲੀ ਚੋਣ ਲਈ ਪ੍ਰਚਾਰ ਦੇ ਮੰਤਵ ਨਾਲ ਪੋਸਟਰਾਂ ਉਤੇ ਸਿੱਧੂ ਦੀਆਂ ਫੋਟੋਆਂ ਛਾਪੀਆਂ ਗਈਆਂ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਉਮੀਦਵਾਰ ਜੈਨ ਕੁਰੈਸ਼ੀ ਦੇ ਪੋਸਟਰਾਂ `ਤੇ ਸਿੱਧੂ ਦੀਆਂ ਫੋਟੋਆਂ ਦੇਖੀਆਂ ਜਾ ਸਕਦੀਆਂ ਹਨ।