ਤਾਹਿਰ ਮਹਿਮੂਦ
ਪਾਕਿਸਤਾਨ ਨੇ 14 ਅਗਸਤ ਨੂੰ ਨਵੇਂ ਆਜ਼ਾਦ ਮੁਲਕ ਦੇ ਰੂਪ ਵਿਚ ਆਪਣੀ ਸ਼ਨਾਖ਼ਤ ਬਣਾਈ, ਪਰ ਪਾਕਿਸਤਾਨ ਦੀ ਆਜ਼ਾਦੀ ਦਾ ਸੋਹਣਾ ਸੁਪਨਾ, ਡਰਾਉਣੇ ਖਵਾਬ ਦੀ ਹੈਸੀਅਤ ਅਖ਼ਤਿਆਰ ਕਰ ਗਿਆ ਹੈ। ਅਤਿਵਾਦੀਆਂ ਹੱਥੋਂ ਇਸ ਮੁਲਕ ਅਤੇ ਇਸ ਮੁਲਕ ਵਿਚ ਰਹਿਣ ਵਾਲਿਆਂ ਦੀ ਤਬਾਹੀ-ਓ-ਬਰਬਾਦੀ ਸਿਖ਼ਰ Ḕਤੇ ਪਹੁੰਚ ਗਈ ਹੈ। ਅਤਿਵਾਦੀਆਂ ਨੇ ਇਸ ਮੁਲਕ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਹੈ।
ਸਭ ਤੋਂ ਅਫ਼ਸੋਸ ਵਾਲੀ ਗੱਲ ਤਾਂ ਇਹ ਹੈ ਕਿ ਪਾਕਿਸਤਾਨ ਦੇ ਸਾਰੇ ਤਬਕੇ ਇਨ੍ਹਾਂ ਖੂਨੀ ਭੇੜੀਆਂ ਨਾਲ ਨਿਬੜਨ ਲਈ ਕਿਸੇ ਇਕ ਪਲੇਟ ਫਾਰਮ Ḕਤੇ ਇਕੱਠੇ ਨਹੀਂ ਹਨ ਅਤੇ ਨਾ ਹੀ ਕਿਸੇ ਇਕ ਨੀਤੀ Ḕਤੇ ਸਹਿਮਤ ਹਨ। ਸੁਰੱਖਿਆ ਅਦਾਰਿਆਂ ਵਿਚ ਵੀ ਬਹੁਤ ਸਾਰੇ ਅਫਸਰ ਤੇ ਜਵਾਨ ਇਨ੍ਹਾਂ ਦਹਿਸ਼ਤਗਰਦਾਂ ਲਈ ਨਰਮ ਦਿਲ ਰੱਖਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕੁਝ ਕੱਟੜਪੰਥੀ ਮਜ਼ਹਬੀ ਤਬਕੇ ਇਨ੍ਹਾਂ ਅਤਿਵਾਦੀਆਂ ਦੇ ਹਾਮੀ ਵੀ ਹਨ। ਅਜਿਹੀ ਸੋਚ ਰੱਖਣ ਵਾਲੇ ਧਾਰਮਿਕ ਤਬਕੇ ਤੇ ਜ਼ਿੰਮੇਵਾਰ ਅਹੁਦਿਆਂ Ḕਤੇ ਬੈਠੇ ਵਿਅਕਤੀਆਂ ਤੇ ਖੂਨ ਨਾਲ ਹੋਲੀ ਖੇਡਣ ਵਾਲਿਆਂ ਨੂੰ ਸ਼ਿਕਸਤ ਦੇਣਾ ਹਾਲ ਦੀ ਘੜੀ ਪਾਕਿਸਤਾਨ ਲਈ ਸੰਭਵ ਨਜ਼ਰ ਨਹੀਂ ਆਉਂਦਾ। ਪਾਕਿਸਤਾਨ ਅੰਦਰ ਅਤਿਵਾਦ ਤੇ ਅਤਿਵਾਦੀਆਂ ਨੂੰ ਖ਼ਤਮ ਕਰਨ ਲਈ ਕੋਈ ਕੌਮੀ ਨੀਤੀ ਨਹੀਂ।
ਜੋ ਲਸ਼ਕਰ ḔਜਥੇਬੰਦੀਆਂḔ ਤੇ ਤਨਜ਼ੀਮਾਂ ਪਾਕਿਸਤਾਨ ਦੇ ਨੀਤੀ ਘਾੜਿਆਂ ਅਤੇ ਸੁਰੱਖਿਆ ਅਦਾਰਿਆਂ ਦੇ ਮੁਖੀਆਂ ਨੇ ਅਫ਼ਗਾਨਿਸਤਾਨ ਅੰਦਰ ਲੜਨ ਲਈ ਬਣਾਈਆਂ ਸਨ, ਪਾਕਿਸਤਾਨੀ ਸਰਕਾਰਾਂ ਵੱਲੋਂ ਅਮਰੀਕਾ ਦਾ ਅੰਨ੍ਹੇਵਾਹ ਸਾਥ ਦੇਣ ਤੇ ਕਬਾਇਲੀ ਇਲਾਕਿਆਂ ਵਿਚ ਅਮਰੀਕੀ ਡਰੋਨ ਹਮਲਿਆਂ ਕਾਰਨ ਇਹ ਲਸ਼ਕਰ ਤੇ ਜਥੇਬੰਦੀਆਂ ਕੇਵਲ ਪਾਕਿਸਤਾਨ ਦੇ ਕਾਬੂ ਵਿਚੋਂ ਹੀ ਬਾਹਰ ਨਹੀਂ ਹੋਈਆਂ, ਬਲਕਿ ਪਾਕਿਸਤਾਨੀ ਫ਼ੌਜ ਤੇ ਸੁਰੱਖਿਆ ਅਦਾਰਿਆਂ ਵਿਰੁੱਧ ਵੀ ਖੜ੍ਹੀਆਂ ਹੋ ਗਈਆਂ ਹਨ। ਪਾਕਿਸਤਾਨੀ ਫ਼ੌਜ ਤੇ ਸੁਰੱਖਿਆ ਅਦਾਰਿਆਂ ਦੇ ਸੈਂਕੜੇ ਅਫਸਰ ਤੇ ਜਵਾਨ ਇਨ੍ਹਾਂ ਦਹਿਸ਼ਤਗਰਦਾਂ ਨੇ ਹਲਾਕ ਕਰ ਦਿੱਤੇ ਹਨ। ਇਹ ਅਤਿਵਾਦੀ ਪਾਕਿਸਤਾਨ ਦੇ ਸੁਰੱਖਿਆ ਅਦਾਰਿਆਂ ਦੇ ਖਿਲਾਫ਼ ਹੁਣ ਖੁੱਲ੍ਹੀ ਜੰਗ ਲੜ ਰਹੇ ਹਨ।
ਦੂਜੀ ਅਹਿਮ ਗੱਲ ਇਹ ਹੈ ਕਿ ਜੋ ਪਾਕਿਸਤਾਨੀ ਜਥੇਬੰਦੀਆਂ ਹਿੰਦੁਸਤਾਨੀ ਕਸ਼ਮੀਰ ਵਿਚ ਲੜ ਰਹੀਆਂ ਸਨ, ਹਿੰਦੁਸਤਾਨੀ ਕਸ਼ਮੀਰੀਆਂ ਦੀ ਕਿਸੇ ਹੱਦ ਤੱਕ ਸਹਾਇਤਾ ਖ਼ਤਮ ਹੋਣ ਕਾਰਨ ਅਤੇ ਸੰਸਾਰ ਦੇ ਬਹੁਤੇ ਮੁਲਕਾਂ ਦੇ ਦਬਾਅ ਹੇਠ ਪਾਕਿਸਤਾਨੀ ਫ਼ੌਜ ਵੱਲੋਂ ਇਨ੍ਹਾਂ ਜਥੇਬੰਦੀਆਂ ਦੀ ਹਮਾਇਤ ਤੋਂ ਹੱਥ ਵਾਪਸ ਖਿੱਚ ਲੈਣ ਕਾਰਨ, ਅਜਿਹੀਆਂ ਜਥੇਬੰਦੀਆਂ ਦਾ ਨਿਸ਼ਾਨਾ ਵੀ ਪਾਕਿਸਤਾਨ ਬਣ ਗਿਆ ਹੈ। ਅਜਿਹੀਆਂ ਤਨਜ਼ੀਮਾਂ ਦਾ ਤਾਂ ਕੰਮ ਹੀ ਲੜਨਾ-ਭਿੜਨਾ ਹੈ। ਹਿੰਦੁਸਤਾਨੀ ਕਸ਼ਮੀਰ ਵਿਚ ਨਾ ਸਹੀ, ਪਾਕਿਸਤਾਨ ਅੰਦਰ ਸਹੀ। ਹੁਣ ਇਹ ਤਨਜ਼ੀਮਾਂ ਪਾਕਿਸਤਾਨ ਅੰਦਰ ਅੱਗ ਤੇ ਖੂਨ ਦੀ ਖੇਡ ਖੇਡ ਰਹੀਆਂ ਹਨ। ਇਹ ਜਥੇਬੰਦੀਆਂ ਪਾਕਿਸਤਾਨ-ਤਹਿਰੀਕੇ-ਤਾਲਿਬਾਨ ਦੀਆਂ ਵੀ ਹਾਮੀ ਅਤੇ ਮਦਦਗਾਰ ਹਨ।
ਪਾਕਿਸਤਾਨ-ਤਹਿਰੀਕੇ-ਤਾਲਿਬਾਨ ਅਤੇ ਇਨ੍ਹਾਂ ਦੀਆਂ ਹਾਮੀ ਜਮਾਤਾਂ ਦਰਅਸਲ ਪਾਕਿਸਤਾਨ ਦੀਆਂ ਦੁਸ਼ਮਣ ਬਣ ਗਈਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਤਿਵਾਦੀਆਂ ਹੱਥੋਂ ਪਾਕਿਸਤਾਨ ਦਾ ਬਰਬਾਦ ਤੇ ਟੁੱਕੜੇ-ਟੁੱਕੜੇ ਹੋ ਜਾਣਾ ਹਿੰਦੁਸਤਾਨ ਦੀ ਸਲਾਮਤੀ ਲਈ ਵੀ ਵੱਡਾ ਖ਼ਤਰਾ ਹੈ। ਖ਼ੁਦ ਹਿੰਦੁਸਤਾਨ ਦੇ ਕਈ ਸੂਬਿਆਂ ਅੰਦਰ ਨਕਸਲਵਾਦੀ ਅਤੇ ਵੱਖਵਾਦੀ ਤਨਜ਼ੀਮਾਂ ਸਰਗਰਮ ਹਨ। ਪਾਕਿਸਤਾਨ ਦੀ ਤਬਾਹੀ ਕਾਰਨ ਅਜਿਹੀਆਂ ਨੂੰ ਤਾਕਤ ਫੜਨ ਦਾ ਸੁਨਹਿਰੀ ਮੌਕਾ ਮਿਲ ਜਾਏਗਾ। ਇਹ ਸਥਿਤੀ ਹਿੰਦੁਸਤਾਨ ਦੀ ਅਖੰਡਤਾ ਨੂੰ ਢਾਹ ਲਾ ਸਕਦੀ ਹੈ। ਹਿੰਦੁਸਤਾਨ ਬਹੁਤ ਵੱਡੀ ਰਿਆਸਤ ਹੈ। ਇਹ ਮਜ਼ਬੂਤ ਰਿਆਸਤ ਅਤੇ ਅਤਿਵਾਦ ਤੋਂ ਮੁਕਤ ਪਾਕਿਸਤਾਨ ਇਸ ਖਿੱਤੇ ਦੀ ਡੇਢ ਅਰਬ ਤੋਂ ਵੱਧ ਆਬਾਦੀ ਦੀ ਸਲਾਮਤੀ ਦੀ ਜ਼ਮਾਨਤ ਹੈ। ਹਿੰਦੁਸਤਾਨ-ਦੁਸ਼ਮਣੀ ਪਾਕਿਸਤਾਨ ਦੀ ਕਿਸੇ ਵੀ ਸਿਆਸੀ ਜਮਾਤ ਦੀ ਵਿਦੇਸ਼ ਨੀਤੀ ਦਾ ਹਿੱਸਾ ਨਹੀਂ। ਪਾਕਿਸਤਾਨ ਅੰਦਰ ਹੋਈਆਂ ਚੋਣਾਂ ਵਿਚ ਜਿੱਤਣ ਵਾਲੀਆਂ ਸਿਆਸੀ ਜਮਾਤਾਂ ਨੇ ਜਨਤਾ ਕੋਲੋਂ ਵੋਟ ਹੀ ਇਸ ਬੁਨਿਆਦ Ḕਤੇ ਲਏ ਸਨ ਕਿ ਹਿੰਦੁਸਤਾਨ ਨਾਲ ਦੋਸਤੀ, ਤਿਜ਼ਾਰਤ ਤੇ ਦੋ-ਪਾਸੜ ਮਸਲਿਆਂ ਦੇ ਹੱਲ ਨੂੰ ਪਹਿਲ ਦਿੱਤੀ ਜਾਏਗੀ।
ਪਾਕਿਸਤਾਨ ਦੀ 18 ਕਰੋੜ ਜਨਤਾ ਵਿਚੋਂ 85 ਫ਼ੀਸਦੀ ਲੋਕ ਹਿੰਦੁਸਤਾਨ ਨਾਲ ਦੋਸਤੀ ਤੇ ਆਪਸੀ ਮਸਲਿਆਂ ਦੇ ਹੱਲ ਦੇ ਚਾਹਵਾਨ ਹਨ। ਪਾਕਿਸਤਾਨੀ ਬਹੁ ਗਿਣਤੀ ਲੋਕਾਂ ਅੰਦਰ ਹਿੰਦੁਸਤਾਨ ਖਿਲਾਫ਼ ਕੋਈ ਜੰਗੀ-ਜਨੂੰਨ ਨਹੀਂ ਹੈ, ਪਰ ਪਾਕਿਸਤਾਨ ਦੀ ਬਰਬਾਦੀ ਦਾ ਸਬੱਬ ਬਣਨ ਵਾਲੀਆਂ ਦਹਿਸ਼ਤਗਰਦ ਜਥੇਬੰਦੀਆਂ ਇੰਨੀਆਂ ਸ਼ਕਤੀਸ਼ਾਲੀ ਹੋ ਚੁੱਕੀਆਂ ਹਨ ਕਿ ਇਹ ਸਰਹੱਦ ਪਾਰ ਹਿੰਦੁਸਤਾਨ ਦੀ ਧਰਤੀ Ḕਤੇ ਜਾ ਕੇ ਕੋਈ ਵੀ ਭਿਆਨਕ ਵਾਰਦਾਤ ਕਰ ਸਕਦੀਆਂ ਹਨ। ਇੰਜ ਇਹ ਹਿੰਦੁਸਤਾਨ ਤੇ ਪਾਕਿਸਤਾਨ ਦਰਮਿਆਨ ਜੰਗ ਦੇ ਹਾਲਾਤ ਪੈਦਾ ਕਰ ਸਕਦੀਆਂ ਹਨ। ਇਹ ਅਤਿਵਾਦੀ ਤਨਜ਼ੀਮਾਂ ਤਾਂ ਬਹੁਤ ਦੇਰ ਤੋਂ ਚਾਹੁੰਦੀਆਂ ਹਨ ਕਿ ਦੋਵਾਂ ਮੁਲਕਾਂ ਵਿਚਕਾਰ ਜੰਗ ਦੀ ਅੱਗ ਭੜਕੇ ਤਾਂ ਕਿ ਪਾਕਿਸਤਾਨ ਦੀਆਂ ਮਜ਼ਹਬੀ ਕੱਟੜਪੰਥੀ ਜਮਾਤਾਂ, ਅਤਿਵਾਦੀ ਜਥੇਬੰਦੀਆਂ, ਫ਼ੌਜ, ਸਿਆਸੀ ਜਮਾਤਾਂ ਤੇ 18 ਕਰੋੜ ਪਾਕਿਸਤਾਨੀ ਅਵਾਮ ਇਹ ਸਭ ਇਕੋ ਲਾਈਨ ਵਿਚ ਖੜ੍ਹੇ ਹੋ ਜਾਣ। ਇਹ ਹੀ ਇਨ੍ਹਾਂ ਅਤਿਵਾਦੀਆਂ ਦੇ ਦਿਲ ਦੀ ਪਹਿਲੀ ਤੇ ਆਖਰੀ ਤਮੰਨਾ ਹੈ। ਇੰਜ ਦੀਆਂ ਚਾਲਾਂ ਦੀ ਸਫ਼ਲਤਾ ਇਸ ਖਿੱਤੇ ਲਈ ਭਿਆਨਕ ਤੇ ਅਮਨ ਦੀ ਮੌਤ ਹੋਵੇਗੀ। ਅਜਿਹੇ ਹਾਲਾਤ ਖ਼ੁਦ ਹਿੰਦੁਸਤਾਨ ਲਈ ਤਬਾਹਕੁਨ ਬਣ ਜਾਣਗੇ।
ਪਾਕਿਸਤਾਨ ਦੀ ਫ਼ੌਜ ਤੇ ਸੁਰੱਖਿਆ ਅਦਾਰੇ ਅਤਿਵਾਦੀ ਜਥੇਬੰਦੀਆਂ ਵਿਰੁੱਧ ਅਜਿਹੀ ਜੰਗ ਵਿਚ ਉਲਝੇ ਹੋਏ ਹਨ ਜਿਸ ਨੂੰ ਇਨ੍ਹਾਂ ਨਾਲ ਲੜਨ ਦਾ ਕੋਈ ਤਜਰਬਾ ਨਹੀਂ ਹੈ। ਨਾ ਹੀ ਫ਼ੌਜੀ ਜਵਾਨਾਂ ਨੂੰ ਅਜਿਹੀ ਜੰਗ ਲੜਨ ਦੀ ਮੁਢਲੀ ਸਿਖਲਾਈ ਦਿੱਤੀ ਗਈ ਹੈ। ਇਸੇ ਕਾਰਨ ਪਾਕਿਸਤਾਨੀ ਫ਼ੌਜ ਤੇ ਦੂਜੇ ਸੁਰੱਖਿਆ ਅਦਾਰਿਆਂ ਦਾ ਨੁਕਸਾਨ ਹੋ ਰਿਹਾ ਹੈ। ਦਹਿਸ਼ਤਗਰਦੀ ਦੇ ਤੂਫ਼ਾਨ ਵਿਚ ਫਸੀ ਫ਼ੌਜ ਨਵਾਂ ਜੰਗੀ ਮੁਹਾਜ਼ ਖੋਲ੍ਹਣ ਦੀ ਸੋਚ ਭਲਾ ਕਿਵੇਂ ਅਪਣਾ ਸਕਦੀ ਹੈ? ਇਹ ਤਾਂ ਆਪਣੇ ਹੱਥੀਂ ਆਪਣੇ-ਆਪ ਨੂੰ ਤਬਾਹੀ ਦੇ ਘਾਟ ਉਤਾਰਨ ਵਾਲੀ ਗੱਲ ਹੈ। ਕਿਸੇ ਵੀ ਮੁਲਕ ਦੀ ਫ਼ੌਜ ਦੋ ਵੱਖ-ਵੱਖ ਮੁਹਾਜ਼ਾਂ Ḕਤੇ ਲੜਨਾ ਨਹੀਂ ਚਾਹੁੰਦੀ।
ਉਧਰ, ਪਾਕਿਸਤਾਨ ਨਾਲ ਜੰਗ ਕਰਨ ਦੀ ਸੋਚ ਰੱਖਣ ਵਾਲਾ ਹਿੰਦੁਸਤਾਨ ਅੰਦਰ ਖਾਸ ਤਬਕਾ ਹੈ। ਪਾਕਿਸਤਾਨ ਅੰਦਰ ਅਮਨ ਦੇ ਸੁਪਨੇ ਦੇਖਣ ਵਾਲਾ ਵੱਡਾ ਤਬਕਾ ਇਸ ਸੋਚ Ḕਤੇ ਹੈਰਾਨ ਹੈ ਕਿਉਂਕਿ ਅਤਿਵਾਦੀਆਂ ਦੇ ਬਾਰੂਦ ਦੀ ਅੱਗ ਵਿਚ ਸੜਦੇ ਹੋਏ ਪਾਕਿਸਤਾਨ ਤੇ ਪਾਕਿਸਤਾਨੀਆਂ ਨੂੰ ਤਾਂ ਪਾਕਿਸਤਾਨੀ ਫ਼ੌਜ ਬਚਾਉਣ ਵਿਚ ਸਫ਼ਲ ਨਹੀਂ ਹੋ ਰਹੀ, ਉਹ ਹਿੰਦੁਸਤਾਨ ਨਾਲ ਅਜਿਹੇ ਵਾਤਾਵਰਨ ਵਿਚ ਜੰਗ ਕਰਨ ਦਾ ਖ਼ਤਰਾ ਕਿਵੇਂ ਮੁੱਲ ਲੈ ਸਕਦੀ ਹੈ? ਪਾਕਿਸਤਾਨ ਅੰਦਰ ਹਿੰਦੁਸਤਾਨ ਤੇ ਹਿੰਦੁਸਤਾਨੀ ਸੱਭਿਆਚਾਰ, ਹਿੰਦੁਸਤਾਨੀਆਂ ਬਾਰੇ ਜੋ ਫਿਜ਼ਾ ਤੇ ਮੂਡ ਹੈ, ਉਸ ਨੂੰ ਮੈਂ ਕੁਝ ਮਿਸਾਲਾਂ ਰਾਹੀਂ ਸਪੱਸ਼ਟ ਕਰਦਾ ਹਾਂ। ਪਾਕਿਸਤਾਨ ਦੇ 80 ਫ਼ੀਸਦੀ ਸਿਨੇਮਾ ਘਰਾਂ ਵਿਚ ਹਿੰਦੁਸਤਾਨੀ ਫ਼ਿਲਮਾਂ ਚੱਲਦੀਆਂ ਹਨ। ਕੀ ਹਿੰਦੁਸਤਾਨੀ ਸਿਨੇਮਾ ਘਰਾਂ ਵਿਚ ਪਾਕਿਸਤਾਨੀ ਫ਼ਿਲਮਾਂ ਚਲਾਉਣ ਦੀ ਖੁੱਲ੍ਹੀ ਇਜਾਜ਼ਤ ਹੈ? ਹਿੰਦੁਸਤਾਨ ਦੇ ਸਾਰੇ ਟੀæਵੀæ ਚੈਨਲ ਕੇਬਲ ਨੈੱਟਵਰਕ ਰਾਹੀਂ ਸਾਰੇ ਪਾਕਿਸਤਾਨ ਵਿਚ ਦੇਖੇ ਜਾਂਦੇ ਹਨ। ਕੀ ਹਿੰਦੁਸਤਾਨ ਅੰਦਰ ਪਾਕਿਸਤਾਨੀ ਟੀæਵੀæ ਚੈਨਲ ਹਿੰਦੁਸਤਾਨੀ ਭਾਈਚਾਰੇ ਨੂੰ ਦੇਖਣ ਦੀ ਸਰਕਾਰ ਵੱਲੋਂ ਇਜਾਜ਼ਤ ਹੈ? ਪਾਕਿਸਤਾਨ ਦਾ ਹਰ ਬੰਦਾ ਬਿਨਾਂ ਕਿਸੇ ਖੌਫ਼ ਤੋਂ ਹਿੰਦੁਸਤਾਨੀਆਂ ਨੂੰ ਆਪਣੇ ਮੋਬਾਈਲ ਤੋਂ, ਲੈਂਡ ਲਾਈਨ ਕੁਨੈਕਸ਼ਨ ਤੋਂ ਫੋਨ ਕਰ ਸਕਦਾ ਹੈ। ਪਾਕਿਸਤਾਨ ਅੰਦਰ ਕਿਸੇ ਵੀ ਪੀæਸੀæਓæ ਤੋਂ ਹਿੰਦੁਸਤਾਨ ਫ਼ੋਨ ਕਰਨ ਬਾਰੇ ਕੋਈ ਡਰ ਵਾਲਾ ਮਸਲਾ ਨਹੀਂ। ਕੀ ਹਰ ਹਿੰਦੁਸਤਾਨੀ, ਹਿੰਦੁਸਤਾਨ ਵਿਚ ਬਣਿਆ ਹਰ ਪੀæਸੀæਓæ ਇਸ ਖੌਫ਼ ਤੋਂ ਆਜ਼ਾਦ ਹੈ? ਕੀ ਹਿੰਦੁਸਤਾਨ ਤੋਂ ਪਾਕਿਸਤਾਨ ਫ਼ੋਨ ਕਰਨ ਵਾਲਾ ਕੋਈ ਡਰ ਜਾਂ ਹਕੂਮਤੀ ਦਬਾਅ ਮਹਿਸੂਸ ਨਹੀਂ ਕਰਦਾ?
ਪਾਕਿਸਤਾਨ ਦੇ 90 ਫ਼ੀਸਦੀ ਟੀæਵੀæ ਚੈਨਲ ਰਾਤ 8 ਤੋਂ 9 ਵਜੇ ਦੌਰਾਨ ਹਿੰਦੁਸਤਾਨ ਨਾਲ ਅਮਨ-ਦੋਸਤੀ ਬਾਰੇ ਠੋਸ ਤੇ ਖੁੱਲ੍ਹ ਕੇ ਗੱਲਬਾਤ ਕਰਦੇ ਹਨ। ਪਾਕਿਸਤਾਨ ਦਾ ਸਭ ਤੋਂ ਪ੍ਰਸਿੱਧ ਜੀਓ ਟੀæਵੀæ ਚੈਨਲ ਬਾਕਾਇਦਾ ਹਿੰਦੁਸਤਾਨ ਨਾਲ ਅਮਨ-ਦੋਸਤੀ ਤੇ ਦੋਵਾਂ ਮੁਲਕਾਂ ਦੇ ਜਨਤਕ ਰਾਬਤਿਆਂ ਬਾਰੇ Ḕਅਮਨ ਕੀ ਆਸ਼ਾḔ ਪ੍ਰੋਗਰਾਮ ਚਲਾ ਰਿਹਾ ਹੈ। ਕੀ ਦੋਵਾਂ ਮੁਲਕਾਂ ਵਿਚ ਦੋਸਤੀ, ਅਮਨ ਦੀ ਫਿਜ਼ਾ ਬਣਾਉਣ ਲਈ ਹਿੰਦੁਸਤਾਨ ਦਾ 40 ਫ਼ੀਸਦੀ ਬਿਜਲਈ ਮੀਡੀਆ ਵੀ ਮੁਨਾਸਿਬ ਢੰਗ ਨਾਲ ਅਜਿਹੀ ਫਿਜ਼ਾ ਬਣਾ ਰਿਹਾ ਹੈ? ਇਹ ਸਾਰੇ ਸਵਾਲ ਕਰਨ ਦਾ ਮਤਲਬ ਸਵਾਲ-ਜਵਾਬ ਦੀ ਬਹਿਸ ਨਹੀਂ ਹੈ, ਬਲਕਿ ਹਿੰਦੁਸਤਾਨੀ ਭਾਈਚਾਰੇ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਦਾ ਨਾਗਰਿਕ ਸਮਾਜ ਤੇ ਮੀਡੀਆ ਹਿੰਦੁਸਤਾਨ ਨਾਲ ਅਮਨ ਦੀ ਹਕੀਕੀ ਤੇ ਦਿਲੀ ਖਾਹਿਸ਼ ਰੱਖਦਾ ਹੈ।
ਅਸਲ ਵਿਚ ਦੋਵਾਂ ਪਾਸਿਆਂ ਦਾ ਭਾਈਚਾਰਾ ਅਮਨ, ਦੋਸਤੀ ਤੇ ਖੁਸ਼ਹਾਲੀ ਦੀ ਜ਼ਿੰਦਗੀ ਚਾਹੁੰਦਾ ਹੈ। ਹੁਣ ਸਾਨੂੰ ਪੰਜਾਬੀਆਂ ਨੂੰ ਡੇਢ ਅਰਬ ਆਬਾਦੀ ਵਾਲੇ ਇਸ ਖਿੱਤੇ ਦੀ ਅਗਵਾਈ ਕਰਦੇ ਹੋਏ, ਇਸ ਖਿੱਤੇ ਨੂੰ ਭਿਆਨਕ ਜੰਗ ਤੋਂ ਬਚਾਉਣ ਤੇ ਅਮਨ ਕਾਇਮ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਅਸੀਂ ਪੰਜਾਬੀ ਤਾਂ ਕੱਚੇ ਠਿੱਲ੍ਹ ਕੇ, ਜ਼ਹਿਰ ਪਿਆਲਾ ਪੀ ਕੇ ਤੇ ਕਦੀ ਜੰਡ ਥੱਲੇ ਯਾਰ ਦੇ ਪੱਟ Ḕਤੇ ਸਿਰ ਰੱਖ ਕੇ ਮੌਤ ਨੂੰ ਗਲ਼ ਲਾ ਚੁੱਕੇ ਹਾਂ। ਅਸੀਂ ਕਦੀ ਭਗਤ ਸਿੰਘ ਬਣ ਕੇ ਤੇ ਕਦੀ ਊਧਮ ਸਿੰਘ ਦਾ ਰੂਪ ਧਾਰੀ ਫਾਂਸੀ ਦੇ ਰੱਸਿਆਂ ਨੂੰ ਚੁੰਮ ਕੇ ਮੌਤ ਨੂੰ ਮਹਿਬੂਬ ਸਮਝਦਿਆਂ ਗਲ਼ ਲਾ ਚੁੱਕੇ ਹਾਂ। ਅਸਾਂ ਮਰ-ਮਰ ਕੇ ਤਾਂ ਦੇਖ ਲਿਆ ਪਰ ਹੁਣ ਅਸੀਂ ਜਿਉਣਾ ਚਾਹੁੰਦੇ ਹਾਂ। ਸਾਨੂੰ ਮੌਤ ਨਹੀਂ, ਜ਼ਿੰਦਗੀ ਚਾਹੀਦੀ ਹੈ। ਸਾਨੂੰ ਜੰਗ ਨਹੀਂ, ਅਮਨ ਚਾਹੀਦਾ ਹੈ। ਆਓ ਆਪਾਂ ਜੰਗ ਲਈ ਨਹੀਂ, ਅਮਨ ਲਈ ਖੜ੍ਹੇ ਹੋਈਏ। ਅਸੀਂ ਬਾਰੂਦੀ ਨਹੀਂ, ਗੁਰਬਤ ਤੇ ਅਨਪੜ੍ਹਤਾ ਵਿਰੁੱਧ ਜੰਗ ਲੜਨੀ ਹੈ। ਅਸੀਂ ਨਫ਼ਰਤ ਨਹੀਂ, ਮੁਹੱਬਤ ਕਰਨੀ ਹੈ ਕਿਉਂਕਿ ਮੁਹੱਬਤ ਹੀ ਜ਼ਿੰਦਗੀ ਹੈ। ਆਓ ਮੁਹੱਬਤ ਕਰੀਏ।
Leave a Reply