ਭਗਤ ਰਾਮਾਨੰਦ

ਗੁਰਨਾਮ ਕੌਰ ਕੈਨੇਡਾ
ਹਿੰਦੂ ਧਰਮ ਦਾ ਧੁਰਾ ਵਰਣ-ਆਸ਼੍ਰਮ ਧਰਮ ਹੈ, ਜਿਸ ਦੇ ਦੁਆਲੇ ਸਾਰਾ ਤਾਣਾ-ਬਾਣਾ ਬੁਣਿਆ ਹੋਇਆ ਹੈ। ਇਸ ਵਰਣ-ਆਸ਼੍ਰਮ ਵੰਡ ਕਾਰਨ ਧਰਮ ਕਰਮ ਦਾ ਸਾਰਾ ਹੱਕ ਵਰਣ-ਵੰਡ ਦੇ ਸਭ ਤੋਂ ਉਪਰਲੇ ਵਰਣ ਬ੍ਰਾਹਮਣ ਨੂੰ ਪ੍ਰਾਪਤ ਸੀ ਅਤੇ ਰਾਜ ਕਰਨ ਦਾ ਅਧਿਕਾਰ ਖੱਤਰੀ ਵਰਣ ਨੂੰ ਪ੍ਰਾਪਤ ਸੀ। ਇਨ੍ਹਾਂ ਦੋਵਾਂ ਵਰਣਾਂ ਨੂੰ ਹਰ ਤਰ੍ਹਾਂ ਦੇ ਹੱਕ ਪ੍ਰਾਪਤ ਸਨ ਅਤੇ ਦੋਵਾਂ ਦੀ ਮਿਲੀ-ਭੁਗਤ ਨਾਲ ਬਾਕੀ ਵਰਣ ਬਹੁਤ ਸਾਰੇ ਹੱਕਾਂ ਤੋਂ ਵਾਂਝੇ ਰੱਖੇ ਹੋਏ ਸਨ। ਅੱਗੋਂ ਇਹ ਵਰਣ ਛੋਟੀਆਂ ਛੋਟੀਆਂ ਉਪ-ਜਾਤੀਆਂ ਵਿਚ ਵੰਡੇ ਹੋਏ ਸਨ। ਸਮਾਜ ਦਾ ਏਨੀ ਤਰ੍ਹਾਂ ਨਾਲ ਵੰਡੇ ਹੋਣਾ ਹੀ ਜਿੱਥੇ ਇਸ ਦੀ ਸਮਾਜਿਕ ਅਤੇ ਧਾਰਮਿਕ ਅਧੋਗਤੀ ਦਾ ਕਾਰਨ ਸੀ ਉਥੇ ਹੀ ਇਹ ਵੰਡ ਭਾਰਤ ਉਤੇ ਬਾਹਰੋਂ ਆਏ

ਹਮਲਾਵਰਾਂ ਦੇ ਰਾਜ ਸਥਾਪਤ ਹੋਣ ਦਾ ਕਾਰਨ ਵੀ ਬਣਿਆ। ਇਹ ਵਰਣ-ਆਸ਼ਰਮ ਵੰਡ ਏਨਾ ਗਹਿਰਾ ਅਤੇ ਗੰਭੀਰ ਰੂਪ ਧਾਰਨ ਕਰ ਚੁੱਕੀ ਸੀ ਕਿ ਸਮਾਜ ਵਿਚ ਇੱਕ ਵਰਗ ਜਾਂ ਵਰਣ ਦੀਆ ਵਲਗਣਾਂ ਨੂੰ ਤੋੜ ਸਕਣਾ ਬਿਲਕੁਲ ਅਸੰਭਵ ਹੋ ਗਿਆ ਸੀ। ਧਾਰਮਿਕ ਤੌਰ `ਤੇ ਪੁਰੋਹਿਤ ਜਮਾਤ ਦਾ ਗਲਵਾ ਏਨਾ ਤਕੜਾ ਹੋ ਗਿਆ ਸੀ ਕਿ ਧਰਮ ਕਿਸੇ ਕਿਸਮ ਦੀ ਮੁਕਤੀ ਪ੍ਰਾਪਤੀ ਦਾ ਸਾਧਨ ਨਾ ਹੋ ਕੇ ਮਹਿਜ ਕਰਮ-ਕਾਂਡ ਵਿਚ ਫਸ ਕੇ ਰਹਿ ਗਿਆ ਸੀ। ਇਸ ਕਿਸਮ ਦੀ ਧਾਰਮਿਕ ਅਤੇ ਸਮਾਜਿਕ ਖੜੋਤ, ਉਚ-ਵਰਣਾਂ ਹੱਥੋਂ ਨਿਚਲੇ ਵਰਣਾਂ ਨੂੰ ਦਬਾਉਣ ਅਤੇ ਉਨ੍ਹਾਂ ਦੇ ਹਰ ਤਰ੍ਹਾਂ ਨਾਲ ਸੋ਼ਸ਼ਣ ਦੇ ਵਿਰੋਧ ਵਿਚ ਹੀ ਭਾਰਤ ਦੀ ਭਗਤੀ ਲਹਿਰ ਪੈਦਾ ਹੋਈ ਜੋ ਦੱਖਣ ਦੇ ਅਲਵਾਰ ਸੰਤਾਂ ਤੋਂ ਸ਼ੁਰੂ ਹੋ ਕੇ ਉੱਤਰੀ ਭਾਰਤ ਤੱਕ ਫੈਲੀ ਜਿਸ ਤਹਿਤ ਵੱਖ-ਵੱਖ ਭਗਤਾਂ ਨੇ ਆਪਣੇ-ਆਪਣੇ ਖੇਤਰ ਵਿਚ ਪ੍ਰਚਾਰ ਰਾਹੀਂ ਆਮ ਲੋਕਾਂ ਵਿਚ ਜਾਗ੍ਰਤੀ ਪੈਦਾ ਕਰਨ ਦੇ ਯਤਨ ਕੀਤੇ।
ਭਗਤਾਂ ਨੇ ਲੋਕਾਂ ਨੂੰ ਵਰਣ-ਵੰਡ ਦੀ ਪੀੜਾ ਸਮਝਾਉਣ ਅਤੇ ਧਾਰਮਿਕ ਕਰਮ-ਕਾਂਡਾਂ ਰਾਹੀਂ ਆਮ ਲੋਕਾਈ ਦੇ ਸ਼ੋਸ਼ਣ ਪ੍ਰਤੀ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ। ਹਿੰਦੂ ਤ੍ਰੈ-ਮੂਰਤੀ ਦੇ ਤਿੰਨ ਦੇਵ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਜਾਂ ਸ਼ਿਵ ਮੰਨੇ ਜਾਂਦੇ ਹਨ; ਸੰਸਾਰ ਨੂੰ ਪੈਦਾ ਕਰਨ ਵਾਲਾ ਬ੍ਰਹਮਾ, ਪਾਲਣ ਵਾਲਾ ਵਿਸ਼ਨੂੰ ਅਤੇ ਸੰਹਾਰ ਕਰਨ ਵਾਲਾ ਮਹੇਸ਼ ਜਾਂ ਸ਼ਿਵਜੀ ਨੂੰ ਮੰਨਿਆ ਜਾਂਦਾ ਹੈ। ਇਨ੍ਹਾਂ ਵਿਚੋਂ ਵੀ ਬ੍ਰਹਮਾ ਨੂੰ ਉਸ ਕਿਸਮ ਦੀ ਮਾਨਤਾ ਪ੍ਰਾਪਤ ਨਹੀਂ ਹੈ ਜੋ ਵਿਸ਼ਨੂੰ ਅਤੇ ਸ਼ਿਵਜੀ ਨੂੰ ਹੈ। ਵਿਸ਼ਨੂੰ ਦੇ ਆਮ ਤੌਰ `ਤੇ ਚੌਵੀ ਅਵਤਾਰ ਮੰਨੇ ਗਏ ਹਨ, ਜਿਨ੍ਹਾਂ ਵਿਚੋਂ ਰਾਮ ਅਤੇ ਕ੍ਰਿਸ਼ਨ ਦਾ ਅਵਤਾਰ ਬਹੁਤ ਮਹੱਤਵਪੂਰਨ ਹਨ। ਸ਼ਿਵਜੀ ਦੀ ਮਾਨਤਾ ਭਾਰਤ ਦੇ ਮੂਲ ਕਬੀਲਿਆਂ ਅਰਥਾਤ ਗੈਰ-ਆਰੀਅਨ ਕਬੀਲਿਆਂ ਵਿਚ ਜ਼ਿਆਦਾ ਪਾਈ ਗਈ ਹੈ। ਭਗਤੀ ਲਹਿਰ ਦੇ ਬਹੁਤੇ ਭਗਤ ਵੈਸ਼ਨਵ ਭਗਤੀ ਨਾਲ ਜੁੜੇ ਹੋਏ ਸਨ, ਜੋ ਸਰਗੁਣ ਭਗਤੀ ਤੋਂ ਨਿਰਗੁਣ ਭਗਤੀ ਵੱਲ ਆਏ।
ਉੱਤਰੀ ਭਾਰਤ ਵਿਚ ਭਗਤੀ ਲਹਿਰ ਦਾ ਪ੍ਰਚਾਰ ਅਤੇ ਪਾਸਾਰ ਕਰਨ ਵਿਚ ਭਗਤ ਰਾਮਾਨੰਦ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਭਗਤ ਰਾਮਾਨੰਦ ਦਾ ਸਮਾਂ 1300 ਈਸਵੀ ਤੋਂ 1410 ਈਸਵੀ ਤੱਕ ਦਾ ਮੰਨਿਆ ਜਾਂਦਾ ਹੈ ਜੋ ਕਿ ਵੈਸ਼ਨਵ ਭਗਤੀ ਲਹਿਰ ਦੇ ਮੋਢੀਆਂ ਵਿਚੋਂ ਹੋਏ ਹਨ; ਉਨ੍ਹਾਂ ਨੇ ਉੱਤਰੀ ਭਾਰਤ ਵਿਚ ਵੈਸ਼ਨਵ ਭਗਤੀ ਨੂੰ ਅੱਗੇ ਵਧਾਇਆ ਅਤੇ ਇਸ ਦਾ ਪਾਸਾਰ ਕੀਤਾ। ‘ਸਿੱਖ ਇਨਸਾਈਕਲੋਪੀਡੀਆ’ ਅਨੁਸਾਰ ਉਹ ਸੰਨਿਆਸੀਆਂ ਦੇ ਬੈਰਾਗੀ ਫਿਰਕੇ ਦੇ ਬਾਨੀ ਸੀ। ਭਗਤ ਰਾਮਾਨੰਦ ਦਾ ਜਨਮ ਪਰਿਆਗ (ਅਲਾਹਾਬਾਦ) ਵਿਚ ਕਾਨਕੁਬਜ ਬ੍ਰਾਹਮਣ ਪਰਿਵਾਰ ਵਿਚ ਹੋਇਆ। ਉਨ੍ਹਾਂ ਨੇ ਵਿੱਦਿਆ ਦੇ ਪੁਰਾਤਨ ਕੇਂਦਰ ਕਾਸ਼ੀ (ਬਨਾਰਸ) ਤੋਂ ਵਿੱਦਿਆ ਪ੍ਰਾਪਤ ਕੀਤੀ ਅਤੇ ਇੱਥੇ ਹੀ ਉਹ ਰਾਘਵਨੰਦ ਦੇ ਚੇਲੇ ਬਣੇ। ਰਾਘਵਨੰਦ ਰਾਮਾਨੁਜ, ਜਿਨ੍ਹਾਂ ਨੂੰ ਭਾਰਤੀ ਦਰਸ਼ਨ ਦੇ ਵਸ਼ਿਸ਼ਟ ਅਦਵੈਤਵਾਦ ਦਾ ਜਨਮ ਦਾਤਾ ਕਿਹਾ ਜਾਂਦਾ ਹੈ, ਦੀ ਸੰਪਰਦਾ ਦੇ ਚੌਥੇ ਅਚਾਰੀਆ ਸਨ। ਭਗਤ ਰਾਮਾਨੰਦ ਆਪਣੇ ਗੁਰੂ ਨਾਲੋਂ ਜਾਤ-ਪ੍ਰਬੰਧ ਦੇ ਸਬੰਧ ਵਿਚ ਆਮ ਕਰਕੇ ਅਤੇ ਛੂਤ-ਛਾਤ ਦੇ ਸਬੰਧ ਵਿਚ ਖਾਸ ਕਰਕੇ ਜ਼ਿਆਦਾ ਉਦਾਰ ਖਿਆਲਾਂ ਦੇ ਸਨ। ਆਪਣੇ ਇਨ੍ਹਾਂ ਉਦਾਰ ਖਿਆਲਾਂ ਕਰਕੇ ਹੀ ਉਨ੍ਹਾਂ ਨੇ ਆਪਣਾ ਨਵਾਂ ਫਿਰਕਾ, ਰਾਮਾਵਤ ਜਾਂ ਰਾਮਾਨੰਦੀ ਸੰਪਰਦਾ ਨਾਮ ਦਾ ਬਣਾ ਲਿਆ ਜਿਸ ਦਾ ਕੇਂਦਰੀ ਦੇਵਤਾ, ਸ੍ਰੀ ਸੰਪਰਦਾ ਦੇ ਚੇਲਿਆ ਵੱਲੋਂ ਪੂਜੇ ਜਾਣ ਵਾਲੇ ਚਤੁਰਭੁਜ ਨਰਾਇਣ ਅਤੇ ਲੱਛਮੀ ਦੀ ਥਾਂ ਰਾਮ ਅਤੇ ਸੀਤਾ ਨੂੰ ਮੰਨਿਆ ਗਿਆ।
ਭਗਤ ਰਾਮਾਨੰਦ ਨੇ ਕਾਸ਼ੀ ਵਿਚ ਆਪਣੇ ਆਪ ਨੂੰ ਅਚਾਰੀਆ (ਅਧਿਆਪਕ) ਵਜੋਂ ਸਥਾਪਤ ਕੀਤਾ, ਜਿੱਥੇ ਅੱਜ ਤੱਕ ਪੰਚਗੰਗਾ ਘਾਟ ਨੂੰ ਉਨ੍ਹਾਂ ਦੇ ਨਾਮ ਨਾਲ ਜੋੜਿਆ ਜਾਂਦਾ ਹੈ। ਇੱਥੋਂ ਹੀ ਉਨ੍ਹਾਂ ਦੇ ਚੇਲਿਆਂ ਨੇ, ਜਿਨ੍ਹਾਂ ਨੂੰ ਰਾਮਾਨੰਦੀ ਬੈਰਾਗੀ ਕਿਹਾ ਜਾਂਦਾ ਹੈ, ਰਾਮ ਦੀ ਪੂਜਾ ਦਾ ਸੁਨੇਹਾ ਸਾਰੇ ਭਾਰਤ ਵਿਚ ਪ੍ਰਚਾਰਿਆ ਪ੍ਰੰਤੂ ਬਹੁਤਾ ਕਰਕੇ ਉਨ੍ਹਾਂ ਨੇ ਇਹ ਪ੍ਰਚਾਰ ਕੇਂਦਰੀ ਗੰਗਾ ਦੇ ਮੈਦਾਨ ਤੱਕ ਹੀ ਕੀਤਾ ਸੀ। ਭਗਤ ਰਾਮਾਨੰਦ ਦੇ ਵਰਣ-ਵੰਡ ਪ੍ਰਤੀ ਵਿਚਾਰ ਬਹੁਤ ਉਦਾਰ ਸਨ ਅਤੇ ਉਨ੍ਹਾਂ ਦੇ ਜਾਤ-ਵੰਡ ਦੇ ਵਖਰੇਵਿਆਂ ਪ੍ਰਤੀ ਉਦਾਰ ਵਿਚਾਰਾਂ ਕਰਕੇ ਹੀ ਉਨ੍ਹਾਂ ਦੀ ਭਗਤੀ ਪ੍ਰੰਪਰਾ ਸਥਾਪਤ ਹੋਈ, ਜਿਸ ਦੇ ਛੋਟੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਲੋਕ ਚੇਲੇ ਬਣੇ ਜਿਵੇਂ ਭਗਤ ਕਬੀਰ ਜੀ ਜੋ ਜਾਤ ਪੱਖੋਂ ਬੁਣਕਰ ਸਨ, ਭਗਤ ਰਵਿਦਾਸ ਜੋ ਚਮੜੇ ਦਾ ਕੰਮ ਕਰਦੇ ਸੀ, ਭਗਤ ਸੈਣ ਜੋ ਨਾਈ ਦਾ ਕਿੱਤਾ ਕਰਦੇ ਸੀ, ਧੰਨਾ ਜੱਟ; ਇਹ ਸਭ ਸਮੇਂ ਦੀਆਂ ਸਾਰੀਆਂ ਅਸੰਭਵਤਾਵਾਂ ਦੇ ਬਾਵਜੂਦ ਵਾਪਰਿਆ। ਭਾਈ ਗੁਰਦਾਸ ਨੇ ਭਗਤ ਕਬੀਰ ਅਤੇ ਰਾਮਾਨੰਦ ਦੇ ਸਬੰਧ ਵਿਚ ਦਸਵੀਂ ਵਾਰ ਦੀ 15ਵੀਂ ਪਉੜੀ ਵਿਚ ਇਸ ਤਰ੍ਹਾਂ ਜ਼ਿਕਰ ਕੀਤਾ ਹੈ:
ਹੋਇ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ।
ਅੰਮ੍ਰਿਤੁ ਵੇਲੇ ਉਠਿ ਕੈ ਜਾਂਦਾ ਗੰਗਾ ਨ੍ਹਾਵਣ ਤਾਈਂ।
ਅਗੋ ਹੀ ਦੇ ਜਾਇ ਕੈ ਲੰਮਾ ਪਿਆ ਕਬੀਰ ਤਿਥਾਈਂ।
ਪੈਰੀ ਟੁੰਬਿ ਉਠਾਲਿਆਂ ‘ਬੋਲਹੁ ਰਾਮ’ ਸਿਖ ਸਮਝਾਈ।
ਜਿਉ ਲੋਹਾ ਪਾਰਸੁ ਛੁਹੇ ਚੰਦਨ ਵਾਸੁ ਨਿੰਮੁ ਮਹਕਾਈ।
ਪਸੂ ਪਰੇਤਹੁ ਦੇਵ ਕਰਿ ਪੂਰੇ ਸਤਿਗੁਰ ਦੀ ਵਡਿਆਈ।
ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਮਿਲਾਈ।
ਝਰਣਾ ਝਰਦਾ ਨਿਝਰਹੁ ਗੁਰਮੁਖਿ ਬਾਣੀ ਅਘੜ ਘੜਾਈ।
ਰਾਮ ਕਬੀਰੈ ਭੇਦੁ ਨ ਭਾਈ॥15॥
ਭਾਈ ਗੁਰਦਾਸ ਅਨੁਸਾਰ ਗੁਸਾਈਂ ਰਾਮਾਨੰਦ ਬਨਾਰਸ ਵਿਖੇ ਵਿਰਕਤ ਹੋ ਕੇ ਰਹਿੰਦਾ ਸੀ, ਜੋ ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਕਰਨ ਜਾਂਦਾ ਹੁੰਦਾ ਸੀ। ਉਥੇ ਪਹਿਲਾਂ ਹੀ ਪਹੁੰਚ ਕੇ ਕਬੀਰ ਲੰਮਾ ਪਿਆ ਹੋਇਆ ਸੀ (ਕਬੀਰ ਦੇ ਮਨ ਵਿਚ ਤੌਖਲਾ ਸੀ ਕਿ ਵਰਣ-ਵੰਡ ਵਿਚ ਨੀਵਾਂ ਹੋਣ ਕਰਕੇ ਸ਼ਾਇਦ ਰਾਮਾਨੰਦ ਦੀਖਿਆ ਉਪਦੇਸ਼ ਨਾ ਦੇਣ)। ਰਾਮਾਨੰਦ ਦਾ ਪੈਰ ਜਦੋਂ ਕਬੀਰ ਨੂੰ ਛੂਹਿਆ ਤਾਂ ਉਨ੍ਹਾਂ ਨੇ ਆਪਣੇ ਪੈਰ ਦੇ ਅੰਗੂਠੇ ਨਾਲ ਉਠਾ ਕੇ ਕਿਹਾ ਕਿ ਭਾਈ ਉੱਠ ਕੇ ਪਰਮਾਤਮਾ ਦਾ ਸਿਮਰਨ ਕਰੋ। ਭਾਈ ਗੁਰਦਾਸ ਕਹਿੰਦੇ ਜਿਸ ਤਰ੍ਹਾਂ ਪਾਰਸ ਨਾਲ ਛੂਹ ਕੇ ਲੋਹਾ ਸੋਨਾ ਬਣ ਜਾਂਦਾ ਹੈ ਅਤੇ ਚੰਦਨ ਦੇ ਨਾਲ ਉੱਗੀ ਹੋਈ ਨਿੰਮ ਵਿਚੋਂ ਚੰਦਨ ਦੀ ਖੁਸ਼ਬੋ ਆਉਣ ਲੱਗ ਪੈਂਦੀ ਹੈ; ਇਸੇ ਤਰ੍ਹਾਂ ਸਤਿਗੁਰ ਦੀ ਇਹ ਵਡਿਆਈ ਹੈ ਕਿ ਉਹ ਪਸ਼ੂ-ਪ੍ਰੇਤਾਂ ਨੂੰ ਵੀ ਦੇਵਤਿਆਂ ਵਾਲੇ ਗੁਣਾਂ ਵਾਲੇ ਬਣਾ ਦਿੰਦਾ ਹੈ। ਅਚਰਜ (ਗੁਰੂ) ਨਾਲ ਸਿੱਖ ਮਿਲ ਕੇ ਅਚਰਜ ਰੂਪ ਹੋ ਜਾਂਦਾ ਹੈ ਅਤੇ ਵਿਸਮਾਦ ਸਰੂਪ ਪਰਮਾਤਮਾ ਨਾਲ ਮਿਲ ਜਾਂਦਾ ਹੈ। ਫਿਰ ਆਤਮਾ ਵਿਚੋਂ ਅੰਮ੍ਰਿਤ ਦਾ ਝਰਨਾ ਝਰਦਾ ਹੈ ਅਰਥਾਤ ਫਿਰ ਪਰਉਪਕਾਰ ਦਾ ਇੱਕ ਪ੍ਰਵਾਹ ਚੱਲ ਪੈਂਦਾ ਹੈ ਅਤੇ ਸਤਿ ਦਾ ਉਪਦੇਸ਼ ਅੱਗੇ ਤੋਂ ਅੱਗੇ ਚੱਲਦਾ ਹੈ। ਗੁਰਮੁਖਾਂ ਦੀ ਬਾਣੀ ਵਿਚ ਇਹ ਸ਼ਕਤੀ ਹੁੰਦੀ ਹੈ ਕਿ ਉਹ ਅਘੜ ਨੂੰ ਵੀ ਘੜ ਦੇਂਦੀ ਹੈ। ਕਬੀਰ ਜੀ ਅਜਿਹੇ ਹੋ ਗਏ ਕਿ ਰਾਮ ਅਤੇ ਕਬੀਰ ਵਿਚ ਕੋਈ ਫਰਕ ਨਹੀਂ ਰਿਹਾ। ਕਹਿਣ ਤੋਂ ਭਾਵ ਹੈ ਕਿ ਪਰਮਾਤਮਾ ਦਾ ਭਗਤ ਵੀ ਪਰਮਾਤਮਾ ਵਿਚ ਮਿਲ ਕੇ ਉਸ ਦਾ ਸਰੂਪ ਹੋ ਜਾਂਦਾ ਹੈ। ਭਾਈ ਗੁਰਦਾਸ ਅੱਗੇ ਹੋਰ ਕਹਿੰਦੇ ਹਨ ਕਿ ਕਬੀਰ ਦਾ ਪ੍ਰਤਾਪ ਸੁਣ ਕੇ ਰਾਮਾਨੰਦ ਦਾ ਦੂਸਰਾ ਸਿੱਖ ਸੈਣ ਭਗਤ ਹੋਇਆ, ਜਿਸ ਦੀ ਜਾਤਿ ਨਾਈ ਸੀ। ਅਸੀਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਵਰਣ-ਵੰਡ ਵਿਚ ਧਰਮ-ਕਰਮ ਦੇ ਹੱਕਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ ਉਨ੍ਹਾਂ ਵਰਣਾਂ ਨੂੰ ਭਗਤੀ ਲਹਿਰ ਨੇ ਪਰਮਾਤਮਾ ਦੇ ਭਗਤ ਬਣਾਇਆ ਅਤੇ ਇੱਕ ਨਵੀਂ ਸੋਚ ਪੈਦਾ ਕੀਤੀ।
ਭਗਤ ਰਾਮਾਨੰਦ ਨੂੰ ਮੰਨਣ ਵਾਲਿਆਂ ਵੱਲੋਂ ਸੰਸਕ੍ਰਿਤ ਅਤੇ ਹਿੰਦੀ ਵਿਚ ਉਨ੍ਹਾਂ ਦੇ ਰਚੇ ਬਹੁਤ ਸਾਰੇ ਕੰਮ ਦੱਸੇ ਜਾਂਦੇ ਹਨ ਪ੍ਰੰਤੂ ਆਧੁਨਿਕ ਵਿਦਵਾਨ ਸਿਰਫ ਦੋ ‘ਵੈਸ਼ਨਵਮਤਾਬਜ ਭਾਸਕਰ’ ਅਤੇ ‘ਰਾਮਅਰਚਨਾ ਪੱਧਤੀ’ ਨੂੰ ਹੀ ਪਰਮਾਣਿਕ ਮੰਨਦੇ ਹਨ। ਹਿੰਦੀ ਦੇ ਦੋ ਪਦੇ ਰਜਬ ਵੱਲੋਂ ਸੰਪਾਦਿਤ ‘ਸਰਬਾਂਗੀ’ ਵਿਚ ਭਗਤ ਰਾਮਾਨੰਦ ਦੇ ਮੰਨੇ ਜਾਂਦੇ ਹਨ। ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ, ਜਿਸ ਤੋਂ ਨਿਰਗੁਣ ਭਗਤੀ ਪ੍ਰੰਪਰਾ ਵੱਲ ਉਨ੍ਹਾਂ ਦੇ ਝੁਕਾਅ ਦਾ ਇਸ਼ਾਰਾ ਮਿਲਦਾ ਹੈ। ਭਗਤ ਰਾਮਾਨੰਦ ਜੀ ਦਾ ਇਹ ਸ਼ਬਦ ਰਾਗੁ ਬਸੰਤੁ ਵਿਚ ਹੈ ਅਤੇ ਇਸ ਸ਼ਬਦ ਵਿਚ ਮੂਰਤੀ ਪੂਜਾ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਗਿਆ ਹੈ, ਬ੍ਰਹਮ ਨੂੰ ਸਰਵ-ਵਿਆਪਕ ਹਸਤੀ ਮੰਨਿਆ ਗਿਆ ਹੈ, ਜਿਸ ਦਾ ਅਨੁਭਵ ਸਤਿਗੁਰੂ ਦੇ ਸ਼ਬਦ `ਤੇ ਧਿਆਨ ਧਰ ਕੇ ਕੀਤਾ ਜਾ ਸਕਦਾ ਹੈ ਜਦਕਿ ਵੇਦਾਂ ਅਤੇ ਪੁਰਾਣਾਂ ਦਾ ਕੋਈ ਫਾਇਦਾ ਨਹੀਂ:
ਕਤ ਜਾਈਐ ਰੇ ਘਰ ਲਾਗੋ ਰੰਗੁ॥
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥1॥ਰਹਾਉ॥
ਏਕ ਦਿਵਸ ਮਨ ਭਈ ਉਮੰਗ॥
ਘਸਿ ਚੰਦਨ ਚੋਆ ਬਹੁ ਸੁਗੰਧ॥
ਪੂਜਨ ਚਾਲੀ ਬ੍ਰਹਮ ਠਾਇ॥
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ॥1॥
ਜਹਾ ਜਾਈਐ ਤਹ ਜਲ ਪਖਾਨ॥
ਤੂ ਪੂਰਿ ਰਹਿਓ ਹੈ ਸਭ ਸਮਾਨ॥
ਬੇਦ ਪੁਰਾਨ ਸਭ ਦੇਖੇ ਜੋਇ॥
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥2॥
ਸਤਿਗੁਰ ਮੈ ਬਲਿਹਾਰੀ ਤੋਰ॥
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ॥
ਰਾਮਾਨੰਦ ਸੁਆਮੀ ਰਮਤ ਬ੍ਰਹਮ॥
ਗੁਰ ਕਾ ਸਬਦੁ ਕਾਟੈ ਕੋਟਿ ਕਰਮ॥3॥1॥
(ਪੰ.1195)
ਭਗਤ ਰਾਮਾਨੰਦ ਜੀ ਇਸ ਸ਼ਬਦ ਵਿਚ ਦੱਸਦੇ ਹਨ ਕਿ ਹੁਣ ਕਿਧਰੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਤਾਂ ਘਰ ਦੇ ਵਿਚ ਹੀ ਰੰਗ ਲੱਗ ਗਿਆ ਹੈ, ਮੌਜ ਬਣ ਗਈ ਹੈ ਕਿਉਂਕਿ ਪਰਮਾਤਮਾ ਤਾਂ ਮਨੁੱਖ ਦੇ ਮਨ ਦੇ ਅੰਦਰ ਹੀ ਵੱਸਦਾ ਹੈ। ਹੁਣ ਜਦੋਂ ਉਸ ਦਾ ਅਨੁਭਵ ਅੰਦਰ ਹੀ ਹੋ ਗਿਆ ਹੈ ਤਾਂ ਮਨ ਕਿਸੇ ਪਾਸੇ ਨਹੀਂ ਡੋਲਦਾ, ਮਨ ਅਡੋਲ ਹੋ ਗਿਆ ਹੈ। ਭਗਤ ਜੀ ਕਹਿੰਦੇ ਮੇਰੇ ਮਨ ਵਿਚ ਵੀ ਇੱਕ ਦਿਨ ਇਹ ਤਾਂਘ ਪੈਦਾ ਹੋ ਗਈ ਸੀ ਅਤੇ ਮੈਂ ਚੰਦਨ ਘਸਾ ਕੇ, ਅਤਰ ਅਤੇ ਹੋਰ ਸੁਗੰਧੀਆਂ ਪੂਜਾ ਆਦਿ ਦੀ ਸਮੱਗਰੀ ਲੈ ਕੇ ਮੰਦਰ ਵਿਚ ਪੂਜਾ ਕਰਨ ਤੁਰ ਪਿਆ ਸੀ। ਪ੍ਰੰਤੂ ਹੁਣ ਉਹ ਪਰਮਾਤਮਾ ਜਿਸ ਨੂੰ ਮੰਦਰ ਵਿਚ ਵਸਦਾ ਸਮਝ ਰਿਹਾ ਸੀ, ਮੇਰੇ ਗੁਰੂ ਨੇ ਮੈਨੂੰ ਆਪਣੇ ਅੰਦਰ ਹੀ ਦਿਖਾ ਦਿੱਤਾ ਹੈ। ਭਗਤ ਜੀ ਅਨੁਸਾਰ ਭਾਵੇਂ ਤੀਰਥਾਂ ਉਤੇ ਜਾਈਏ ਜਾਂ ਮੰਦਰਾਂ ਵਿਚ, ਜਿੱਥੇ ਵੀ ਜਾਈਏ ਉਥੇ ਸਿਰਫ਼ ਪਾਣੀ ਹੈ ਜਾਂ ਫਿਰ ਪੱਥਰ ਹਨ। ਉਹ ਪਰਮਾਤਮਾ ਅੱਗੇ ਅਰਜ਼ ਕਰਦੇ ਹਨ ਕਿ ਹੇ ਪਰਮਾਤਮਾ ਤੂੰ ਤਾਂ ਪ੍ਰੰਤੂ ਹਰ ਥਾਂ ਵਿਆਪਕ ਹੈਂ, ਹਰ ਥਾਂ ਭਰਪੂਰ ਹੋ ਕੇ ਵੱਸ ਰਿਹਾ ਹੈਂ, ਵੇਦ, ਪੁਰਾਣ ਆਦਿ ਧਾਰਮਿਕ ਪੁਸਤਕਾਂ ਵੀ ਖੋਜ ਦੇਖ ਲਈਆਂ ਹਨ। ਤੀਰਥਾਂ ਅਤੇ ਮੰਦਰਾਂ ਵਿਚ ਤਾਂ ਜਾਣ ਦੀ ਜ਼ਰੂਰਤ ਹੈ ਜੇ ਪਰਮਾਤਮਾ ਇੱਥੇ ਆਪਣੇ ਮਨ ਦੇ ਅੰਦਰ ਨਹੀਂ ਵੱਸ ਰਿਹਾ ਹੋਵੇ। ਜਦੋਂ ਉਹ ਮਨੁੱਖੀ ਮਨ ਦੇ ਅੰਦਰ ਵੱਸ ਰਿਹਾ, ਫਿਰ ਬਾਹਰ ਜਾਣ ਦੀ ਕੀ ਜ਼ਰੂਰਤ ਹੈ। ਭਗਤ ਜੀ ਆਪਣੇ ਸਤਿਗੁਰੂ ਤੋਂ ਸਦਕੇ ਜਾਂਦੇ ਹਨ, ਜਿਸ ਨੇ ਉਨ੍ਹਾਂ ਦੇ ਸਾਰੇ ਭਰਮ ਅਤੇ ਭੁਲੇਖੇ ਦੂਰ ਕਰ ਦਿੱਤੇ ਹਨ। ਉਹ ਪਰਮਾਤਮਾ ਹਰ ਥਾਂ ਵੱਸਦਾ ਹੈ ਅਤੇ ਉਸ ਦੀ ਪ੍ਰਾਪਤੀ, ਉਸ ਨਾਲ ਮੇਲ ਗੁਰੂ ਰਾਹੀਂ ਹੁੰਦਾ ਹੈ। ਗੁਰੂ ਦੇ ਸ਼ਬਦ ਵਿਚ ਏਨੀ ਬਰਕਤ ਹੈ ਕਿ ਉਹ ਕਰੋੜਾਂ ਕੀਤੇ ਹੋਏ ਮੰਦੇ ਕਰਮਾਂ ਦਾ ਨਾਸ ਕਰ ਦਿੰਦਾ ਹੈ।
ਇਸ ਤੋਂ ਅਸੀਂ ਸਹਿਜੇ ਹੀ ਇਸ ਨਤੀਜੇ `ਤੇ ਪਹੁੰਚ ਸਕਦੇ ਹਾਂ ਕਿ ਭਗਤ ਰਾਮਾਨੰਦ ਜੀ ਵੀ ਨਿਰਗੁਣ ਭਗਤੀ ਦੇ ਸਮਰਥਕ ਸਨ। ਉਨ੍ਹਾਂ ਦੀ ਵਿਚਾਰਧਾਰਾ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ।